ਡੀ. ਡੀ. ਕੋਸਾਂਬੀ : ਕੰਮ ਅਤੇ ਸਖਸ਼ੀਅਤ •ਮੀਰਾ ਕੋਸਾਂਬੀ

download (1)

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਡੀ. ਡੀ. ਕੋਸਾਂਬੀ ਦਾ ਜਨਮ 31 ਜੁਲਾਈ 1907 ਨੂੰ ਗੋਆ ਦੇ ਇੱਕ ਗੌੜ ਸਾਰਸਵਤ ਬ੍ਰਾਹਮਣ ਪਰਿਵਾਰ ਵਿੱਚ ਹੋਇਆ। ਇੱਥੇ ਹੀ ਉਹਨਾਂ ਨੇ ਆਪਣੀ ਮਾਂ-ਬੋਲੀ ਦੇ ਰੂਪ ‘ਚ ਕੋਂਕਣੀ ਬੋਲਦਿਆਂ, ਆਪਣੀ ਜ਼ਿੰਦਗੀ ਦੇ ਪਹਿਲੇ ਵਰ੍ਹੇ ਬਤੀਤ ਕੀਤੇ। ਉਹਨਾਂ ਦੀ ਮੁੱਢਲੀ ਪੜ੍ਹਾਈ ਪੂਨੇ ਵਿੱਚ ਹੋਹੀ ਹੋਈ। ਉਹਨਾਂ ਦੇ ਪਿਤਾ ਆਚਾਰੀਆ ਧਰਮਾਨੰਦ ਕੋਸਾਂਬੀ ‘ਬੋਧੀ ਗ੍ਰੰਥਾਂ ਦੇ ਬੋਧੀ ਵਿਦਵਾਨ’ ਦੇ ਰੂਪ ‘ਚ ਇੱਕ ਰਾਹ ਦਾ ਮੁੱਢ ਬੰਨਣ ਵਾਲ਼ੇ ਸਨ, ਜੋ ਪੂਨੇ ਵਿੱਚ ਰਹਿੰਦੇ ਅਤੇ ਫਾਰਗੂਸਨ ਕਾਲਜ ਵਿੱਚ ਪਾਲੀ ਪੜ੍ਹਾਉਂਦੇ ਸਨ। 1918 ਵਿੱਚ ਉਹ ਜਦ ਦੂਜੀ ਵਾਰ ਹਾਰਵਰਡ ਯੂਨੀਵਰਸਿਟੀ ਗਏ ਤਾਂ ਆਪਣੀ 19 ਵਰ੍ਹਿਆਂ ਦੀ ਵੱਡੀ ਬੇਟੀ ਮਾਣਿਕ ਨੂੰ ਅਤੇ ਆਪਣੇ ਬੇਟੇ ਦਮੋਦਰ ਨੂੰ ਵੀ ਆਪਣੇ ਨਾਲ਼ ਲੈ ਗਏ, ਜਿਸਨੂੰ ਸਾਰੇ ‘ਬਾਬਾ’ ਦੇ ਘੇਰਲੂ ਨਾਮ ਨਾਲ਼ ਹੀ ਜਾਣਦੇ ਸਨ। ਦੋ ਛੋਟੀਆਂ ਬੇਟੀਆਂ ਮਾਂ ਦੇ ਕੋਲ਼ ਗੋਆ ਹੀ ਰਹਿ ਗਈਆਂ। ਅਸਲ ਵਿੱਚ ਇਕੱਲੀ ਮਾਣਿਕ ਨੇ ਹੀ ਉਹਨਾਂ ਨਾਲ਼ ਜਾਣਾ ਸੀ ਅਤੇ ਬਾਬਾ ਨੂੰ ਆਪਣੀ ਪੜ੍ਹਾਈ ਚਾਲੂ ਰੱਖਣ ਲਈ ਪੂਨੇ ਦੇ ਇੱਕ ਹੋਸਟਲ ਵਿੱਚ ਰੱਖਿਆ ਜਾਣਾ ਸੀ। ਪਰ, ਉਹਨਾਂ ਦੀ ਖਰਾਬ ਸਿਹਤ ਕਾਰਨ ਇਹ ਸੰਭਵ ਨਹੀਂ ਰਿਹਾ ਅਤੇ ਉਹਨਾਂ ਨੂੰ ਨਾਲ਼ ਹੀ ਲੈਕੇ ਜਾਣਾ ਪਿਆ। ਮਾਣਿਕ ਨੇ ਰੈਡਕਲਿਫ ਵਿੱਚ ਦਾਖਲਾ ਲਿਆ ਜੋ ਉਸ ਵੇਲ਼ੇ ਇੱਕ ਲੜਕੀਆਂ ਦਾ ਕਾਲਜ ਸੀ (ਜੋ ਹਾਰਵਰਡ ਨਾਲ਼ ਸਬੰਧਿਤ ਸੀ, ਜੋ ਲੜਕਿਆਂ ਦਾ ਕਾਲਜ ਸੀ)। ਬਾਬਾ ਨੂੰ ਕੈਂਬ੍ਰਿਜ ਗ੍ਰਾਮਰ ਸਕੂਲ ਵਿੱਚ ਅਤੇ ਅੱਗੇ ਜਾਕੇ ਕੈਂਬ੍ਰਿਜ ਲੈਟਿਨ ਸਕੂਲ ਵਿੱਚ ਦਾਖਲ ਕਰਾਇਆ ਗਿਆ। ਚਾਰ ਸਾਲ ਬਾਅਦ, ਜਦ ਮਾਣਿਕ ਨੇ ਰੈਡਕਲਿਫ਼ ਤੋਂ ਗ੍ਰੈਜੂਏਸ਼ਨ ਕਰ ਲਈ, ਧਰਮਾਨੰਦ ਉਸਦੇ ਨਾਲ਼ ਭਾਰਤ ਮੁੜ ਆਏ। ਬਾਬਾ ਉੱਥੇ ਹੀ ਹੋਸਟਲ ਵਿੱਚ ਰਹਿਕੇ ਪੜ੍ਹਾਈ ਕਰਦੇ ਰਹੇ, ਜੱਦ ਤਕ ਕਿ 1924 ਵਿੱਚ ਉਹਨਾਂ ਦੀ ਸਕੂਲੀ ਪੜ੍ਹਾਈ ਪੂਰੀ ਨਾ ਹੋ ਗਈ। (ਧਰਮਾਨੰਦ ਉਹਨਾਂ ਦੇ ਖਰਚੇ ਲਈ ਪੈਸੇ ਭੇਜਦੇ ਸਨ। ਇਸ ਤੋਂ ਇਲਾਵਾ ਬਾਬਾ, ਗਰਮੀਆਂ ਵਿੱਚ ਖੇਤਾਂ ਅਤੇ ਬਾਗਾਂ ਵਿੱਚ ਕੰਮ ਕਰਕੇ ਵੀ ਕੁਝ ਪੈਸੇ ਕਮਾ ਲੈਂਦੇ ਸਨ।) ਸਕੂਲੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹਨਾਂ ਇੱਕ ਸਾਲ ਭਾਰਤ ਆਪਣੇ ਮਾਤਾ-ਪਿਤਾ ਦੇ ਕੋਲ਼ ਬਿਤਾਇਆ ਅਤੇ ਧਰਮਾਨੰਦ ਨੇ ਉਹਨਾਂ ਨੂੰ ਭਾਰਤ ਵਿੱਚ ਹੀ ਕਿਸੇ ਕਾਲਜ ਵਿੱਚ ਦਾਖਲਾ ਦਵਾਉਣ ਦੀ ਕੋਸ਼ਿਸ਼ ਵੀ ਕੀਤੀ। ਪਰ ਦੋਨਾਂ ਥਾਵਾਂ ਦੇ ਪੜ੍ਹਾਈ ਦੇ ਢੰਗ ਵਿੱਚ ਫਰਕ ਕਾਰਨ ਇਹ ਸੰਭਵ ਨਾ ਹੋ ਸਕਿਆ ਅਤੇ ਧਰਮਾਨੰਦ ਬਾਬਾ ਨੂੰ ਵਾਪਸ ਅਮਰੀਕਾ ਲੈ ਗਏ। 1926 ਦੀ ਜਨਵਰੀ ਵਿੱਚ ਉਹਨਾਂ ਨੂੰ ਹਾਰਵਰਡ ਕਾਲਜ ਵਿੱਚ ਦਾਖਲ ਕਰਾ ਦਿੱਤਾ ਗਿਆ।

ਸਕੂਲ ਦੇ ਦਿਨਾਂ ਵਿੱਚ ਬਾਬਾ ਆਪਣੀ ਪੜ੍ਹਾਈ ਤੋਂ ਇਲਾਵਾ ਸਿਹਤ ਦਾ ਵੀ ਧਿਆਨ ਰੱਖਦੇ ਅਤੇ ਬੁਆਏ ਸਕਾਊਟ ਵੀ ਬਣੇ। ਅੱਗੇ ਜਾਕੇ ਕਾਲਜ ਦੇ ਦਿਨਾਂ ਵਿੱਚ ਜਮਨੇਜੀਅਮ ਵਿੱਚ ਕਸਰਤ ਕਰਦੇ, ਤੈਰਦੇ, ਕਿਸ਼ਤੀ ਚਲਾਉਂਦੇ, ਲੰਬੀਆਂ ਲੰਬੀਆਂ ਯਾਤਰਾਵਾਂ ‘ਤੇ ਜਾਦੇ ਸਨ। ਉਹਨਾਂ ਦੀ ਸਿਹਤ ਬਹੁਤ ਚੰਗੀ ਸੀ। ਪੜ੍ਹਾਈ ਦੇ ਲਿਹਾਜ ਨਾਲ਼ ਹਾਰਵਰਡ ਵਿੱਚ ਉਹਨਾਂ ਦਾ ਪ੍ਰਦਰ੍ਰਸ਼ਨ ਬਹੁਤ ਚੰਗਾ ਰਿਹਾ। ਪਰ ਇੱਕ ਸਮੈਸਟਰ ਵਿੱਚ ਤਿੰਨ ਅਵੱਲ ਏ ਗ੍ਰੇਡ ਦੇ ਨਾਲ਼ ਉਹਨਾਂ ਨੂੰ ਇੱਕ ਬੀ ਗ੍ਰੇਡ ਵੀ ਮਿਲ਼ ਗਿਆ। ਇਸ ਤੋਂ ਧਰਮਨੰਦ ਐਨੇ ਗੁੱਸੇ ਹੋਏ ਕਿ ਉਹਨਾਂ ਨੇ ਵਕਤ ਬਰਬਾਦ ਕਰਨ ਲਈ ਉਹਨਾਂ ਨੂੰ ਝਿੜਕਿਆ। ਇਸਨੂੰ ਚੁਣੌਤੀ ਵਾਂਗੂੰ ਲੈਕੇ ਬਾਬਾ ਨੇ ਇਤਾਲਵੀ ਭਾਸ਼ਾ ‘ਚ (ਜੋ ਉਹਨਾਂ ਨੇ ਪਹਿਲਾਂ ਨਹੀਂ ਸੀ ਪੜ੍ਹੀ) ਗਰਮੀਆਂ ਦੇ ਕੋਰਸ ਵਿੱਚ ਦਾਖਲਾ ਲਿਆ ਅਤੇ ਏ+ ਲੈਕੇ ਵਿਖਾਇਆ, ਜੋ ਇਤਾਲਵੀ ਦੇ ਉਹਨਾਂ ਦੇ ਅਧਿਆਪਕ ਨੇ, ਜਿਵੇਂ ਕਿ ਉਸਨੇ ਖੁਦ ਬਾਬਾ ਨੂੰ ਦੱਸਿਆ, ਇਸ ਤੋਂ ਪਹਿਲਾਂ ਕਦੇ ਵੀ ਕਿਸੇ ਨੂੰ ਨਹੀਂ ਸੀ ਦਿੱਤਾ। ਉਹਨਾਂ ਨੇ ਹੱਥੋ-ਹੱਥ ਇਹ ਨੋਟ  ਬਿਨਾਂ ਕਿਸੇ ਟਿੱਪਣੀ ਦੇ ਆਪਣੇ ਪਿਤਾ ਨੂੰ ਭੇਜ ਦਿੱਤਾ।

ਆਪਣੇ ਲੇਖ ‘ਸਟੈਪਸ ਇਨ ਸਾਇੰਸ’ (ਵਿਗਿਆਨ ਵਿੱਚ ਕਦਮ) ਵਿੱਚ, ਜਿਸ ਵਿੱਚ ਕੋਸਾਂਬੀ ਨੇ ਆਪਣੀ ਬੌਧਿਕ ਜੀਵਨੀ ਦਾ ਨਕਸ਼ਾ ਪੇਸ਼ ਕੀਤਾ ਹੈ, ਉਹ ਅਮਰੀਕਾ ਵਿੱਚ ਹਾਸਲ ਹੋਈ ਸ਼ਾਨਦਾਰ ਸਕੂਲੀ ਅਤੇ ਕਾਲਜ ਦੀ ਪੜ੍ਹਾਈ ਦੀ ਸਿਫਤ ਕਰਦੇ ਹਨ। ਉਹਨਾਂ ਨੇ ਆਪਣੇ ਮੁੱਖ ਵਿਸ਼ੇ ਦੇ ਰੂਪ ਵਿੱਚ ਗਣਿਤ ਪੜ੍ਹਿਆ ਸੀ ਅਤੇ ਹੋਰ ਵਿਸ਼ਿਆਂ ਦੇ ਨਾਲ਼ ਜਰੂਰੀ ਯੂਰਪੀਅਨ ਭਾਸ਼ਾਵਾਂ ਪੜ੍ਹੀਆਂ ਸਨ, ਗ੍ਰੀਕ, ਲਾਤੀਨੀ, ਫਰਾਂਸੀਸੀ ਅਤੇ ਜਰਮਨ, ਜਿਨ੍ਹਾਂ ‘ਤੇ ਉਹਨਾਂ ਅੱਗੇ ਜਾਕੇ ਹੋਰ ਕੰਮ ਕੀਤਾ ਸੀ। ਲਾਇਬ੍ਰੇਰੀ ਵਿੱਚ ਕਿਤਾਬਾਂ ਦੇ ਅਮੀਰ ਭੰਡਾਰ ਨੇ ਉਹਨਾਂ ਦੀ ਜਾਣ-ਪਛਾਣ ਗਿਆਨ ਦੀਆਂ ਸਾਰੀਆਂ ਸ਼ਾਖਾਵਾਂ ਨਾਲ਼ ਕਰਵਾਈ। ਇਸ ਵਿੱਚ ਖਗੋਲ ਸ਼ਾਸ਼ਤਰ ਤੋਂ ਲੈਕੇ ਭੌਤਿਕ ਵਿਗਿਆਨ ਤੱਕ, ਮਨੋਵਿਗਿਆਨ ਦੀਆਂ ਡੂੰਘਾਈਆਂ ਵਿੱਚ ਉੱਤਰਨ ਤੋਂ ਲੈਕੇ ਸਮੂਹਿਕ ਮਨੁੱਖੀ ਅਤੀਤ ਦੀ ਪੜਤਾਲ ਅਤੇ ਮਨੁੱਖੀ ਸਰੀਰ ਦੀ ਬਣਤਰ, ਉਸ ਦੇ ਰੋਗਾਂ ਅਤੇ ਉਹਨਾਂ ਦੇ ਇਲਾਜ ਦੀ ਭਾਲ਼ ਤੱਕ ਸਭ ਕੁਝ ਸ਼ਾਮਲ ਸੀ। ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਉਹਨਾਂ ਨੂੰ ਅਲੈਗਜੇਂਦਰ ਵਾਨ ਹੰਬੋਲਟ, ਅਲਬਰਟ ਆਈਨਸਟਾਇਨ, ਸਿਗਮੰਡ ਫਰਾਇਡ ਅਤੇ ਐਚ. ਜੀ. ਵੇਲਸ ਦੀਆਂ ਲਿਖਤਾਂ ਨੇ ਅਤੇ ਲੂਈ ਪਾਸਚਰ ਅਤੇ ਕਲਾਡ ਬਰਨਾਰਡ ਦੇ ਜੀਵਨ ਨੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਕੀਤਾ ਸੀ। ਆਪਣੀ ਬੌਧਿਕ ਸਮਰੱਥਾ ਅਤੇ ਊਰਜਾ ਰਾਹੀਂ ਕੋਸਾਂਬੀ ਗਿਆਨ ਦੀਆਂ ਇਹਨਾਂ ਸ਼ਾਖਾਵਾਂ ਵਿੱਚੋਂ ਕਿਸੇ ਵਿੱਚ ਵੀ ਆਪਣੀ ਛਾਪ ਛੱਡਣ ਵਾਲ਼ਾ ਕੰਮ ਕਰ ਸਕਦੇ ਸਨ, ਫੇਰ ਵੀ ਉਹਨਾਂ ਨੇ ਗਣਿਤ ਦਾ ਖੇਤਰ ਚੁਣਿਆਂ ਕਿਉਂਕਿ ਉਹ, “ਉਸਦੇ ਸੰਮੋਹਨ ਵਿੱਚੋਂ ਛੁੱਟ ਨਹੀਂ ਸਕਦੇ ਸਨ। ਗਣਿਤ ਦੇ ਨਤੀਜਿਆਂ ਵਿੱਚ ਇੱਕ ਸਪੱਸ਼ਟਤਾ ਹੁੰਦੀ ਹੈ ਅਤੇ ਉਹ ਕਿਸੇ ਹੋਰ ਖੇਤਰ ਦੇ ਮੁਕਾਬਲੇ ਜ਼ਿਆਦਾ ਬੌਧਿਕ ਸੰਤੁਸ਼ਟੀ ਦਿੰਦੇ ਹਨ। ਇਸ ਨਾਲ਼ ਜੁੜੀ ਹੋਈਆਂ ਸਖਤ ਤਾਤਕਿਕ ਪ੍ਰ੍ਰਕਿਰਿਆਵਾਂ ਕਰਨ, ਜੋ ਉਂਝ ਸੁਤੰਤਰ ਪ੍ਰਯੋਗਿਕ ਸਥਾਪਨਾਵਾਂ ਤੋਂ ਅਜ਼ਾਦ ਹੁੰਦੀਆਂ ਹਨ ਜਿਨ੍ਹਾਂ ਉੱਤੇ ਭੌਤਿਕ ਵਿਗਿਆਨਾਂ ਨੂੰ ਨਿਰਭਰ ਰਹਿਣਾ ਪੈਂਦਾ ਹੈ, ਗਣਿਤ ਦੇ ਉੱਤਰਾਂ ਦੀ ਆਪਣੇ ਖੇਤਰ ਵਿੱਚ ਪੂਰੀ ਮਾਨਤਾ ਹੁੰਦੀ ਹੈ। ਜਿਵੇਂ ਰੋਜ਼ਰ ਬੈਕਨ ਨੇ ਕਿਹਾ ਸੀ, “ਗਣਿਤ ਕੁਦਰਤ ਦੀ ਭਾਸ਼ਾ ਹੈ।”

1929 ਵਿੱਚ ਹਾਰਵਰਡ ਤੋਂ ਬਹੁਤ ਸ਼ਾਨਦਾਰ ਨਤੀਜੇ ਨਾਲ਼ ਗਰੈਜੂਏਸ਼ਨ ਕਰਨ ਤੋਂ ਬਾਅਦ, ਕੋਸਾਂਬੀ ਲਈ ਅਗਾਂਹ ਦੀ ਪੜ੍ਹਾਈ ਵਿੱਚ ਸਕਾਲਰਸ਼ਿੱਪ ਹਾਸਲ ਕਰਨਾ ਮੁਸ਼ਕਲ ਹੋ ਗਿਆ। ਇੱਕ ਹੱਦ ਤੱਕ ਇਹ ਉਸ ਵੇਲ਼ੇ ਚੱਲ ਰਹੀ ਆਰਥਿਕ ਮੰਦੀ ਦਾ ਨਤੀਜਾ ਸੀ ਅਤੇ ਇੱਕ ਹੱਦ ਤੱਕ ਇਸਦਾ ਵੀ ਫਲ਼ ਸੀ ਕਿ ਕੋਸਾਂਬੀ ਦੀ ਅੱਡ-ਅੱਡ ਖੇਤਰਾਂ ਵਿੱਚ ਦੂਰ ਤੱਕ ਨਿੱਕਲ਼ ਜਾਣ ਦੀ ਆਦਤ ਨੂੰ ਦੇਖਕੇ, ਜਿਸ ਲਈ ਉਹਨਾਂ ਨੂੰ ਆਪਣੇ ਪਿਤਾ ਤੋਂ ਹੀ ਉਗਾਸਾ ਮਿਲ਼ਦਾ ਸੀ, ਕੋਸਾਂਬੀ ਦੇ ਗਣਿਤ ਦੇ ਪ੍ਰੋਫੈਸਰ ਨੂੰ ਇਸਦਾ ਪੱਕਾ ਭਰੋਸਾ ਨਹੀਂ ਸੀ ਕਿ ਉਹ ਇਸ ਵਿਸ਼ੇ ਦੇ ਹੀ ਹੋਕੇ ਰਹਿ ਜਾਣਗੇ। ਕੋਸਾਂਬੀ ਸਦਾ ਲਈ ਭਾਰਤ ਆ ਗਏ। ਅਗਲੇ ਸਮੇਂ ‘ਚ ਉਹਨਾਂ ਮੂਹਰੇ ਪੱਛਮ ਵੱਲ ਜਾਣ ਦੇ ਮੌਕੇ ਆਉਂਦੇ ਰਹੇ ਪਰ ਉਹਨਾਂ ਨੇ ਆਪਣੀਆਂ ਸੱਭਿਆਚਾਰਕ ਜੜ੍ਹਾਂ ਦੇ ਕੋਲ਼ ਅਤੇ ਆਪਣੀ ਭਾਰਤ-ਵਿੱਦਿਆ ਖੋਜ ਦੀ ਸਮੱਗਰੀ ਦੇ ਨੇੜੇ ਭਾਰਤ ਵਿੱਚ ਹੀ ਰਹਿਣ ਦਾ ਫੈਸਲਾ ਕੀਤਾ। ਇਸ ਤੋਂ ਬਾਅਦ ਉਹ ਕਦੇ ਕਦਾਈਂ ਪੱਛਮ ਘੁੰਮਣ ਜ਼ਰੂਰ ਗਏ, ਪਰ ਰਹੇ ਭਾਰਤ ਵਿੱਚ ਹੀ।
1.
ਕੋਸਾਂਬੀ ਨੇ ਉਮਰ ਭਰ ਗਣਿਤ ਪੜ੍ਹਾਇਆ ਜਦ ਤੱਕ ਕਿ ਉਹ ਸੇਵਾ ਮੁਕਤ ਨਹੀਂ ਹੋ ਗਏ। ਇਸਦੀ ਸ਼ੁਰੂਆਤ ਉਹਨਾਂ ਨੇ ਭਾਰਤ ਪਰਤਣ ਦੇ ਤੁਰੰਤ ਬਾਅਦ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਕੀਤੀ, ਜਿੱਥੇ ਉਹ 1929-31 ਦੇ ਦਰਮਿਆਨ ਰਹੇ। ਇੱਥੇ ਯੂਨੀਵਰਸਿਟੀ ਦੇ ਸੰਸਥਾਪਕ ਅਤੇ ਵਾਈਸ ਚਾਂਸਲਰ ਮਦਨ ਮੋਹਨ ਮਾਲਵੀਆ (ਜੋ ਧਰਮਾਨੰਦ ਦੇ ਦੋਸਤ ਸਨ) ਦੇ ਵਿਚਾਰਧਾਰਕ ਮਿਜ਼ਾਜ ਨਾਲ਼ ਕੋਸਾਂਬੀ ਦੀ ਨਹੀਂ ਬਣੀ, ਭਾਵੇਂ ਉਹਨਾਂ ਨੇ ਪੜ੍ਹਾਉਣ ਦੇ ਕੰਮ ਵਿੱਚ ਆਪਣੇ ਆਪ ਨੂੰ ਪੂਰੇ ਉਤਸ਼ਾਹ ਨਾਲ਼ ਝੋਕ ਦਿੱਤਾ ਸੀ ਅਤੇ ਵਿਦਿਅਰਥੀਆਂ ਲਈ ਜਰਮਨ ਭਾਸ਼ਾ ਦੀਆਂ ਵਾਧੂ ਕਲਾਸਾਂ ਲੈਂਦੇ ਸਨ। ਜਰਮਨ ਭਾਸ਼ਾ ਨੂੰ ਉਹ ਇੱਕ ਵਿਗਿਆਨ ਦੀ ਭਾਸ਼ਾ ਮੰਨਦੇ ਸਨ। ਛੇਤੀ ਹੀ ਕੋਸਾਂਬੀ ਨੂੰ ਪ੍ਰੋਫੈਸਰ ਆਂਦਰੇਵਿਲੇ ਨੇ ਬੁਲਾ ਲਿਆ। ਪੈਰਿਸ ਦੇ ਰਹਿਣ ਵਾਲ਼ੇ ਇਸ ਗਣਿਤ ਸ਼ਾਸ਼ਤਰੀ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿੱਚ ਗਣਿਤ ਵਿਭਾਗ ਦੇ ਮੁਖੀ ਦੇ ਤੌਰ ‘ਤੇ ਬੁਲਾਇਆ ਗਿਆ ਸੀ। ਇੱਥੇ ਕੋਸਾਂਬੀ ਨੇ ਆਪਣੇ ਇੱਕ ਹੋਰ ਸਹਿਕਰਮੀ, ਵਿਜੇ ਰਾਘਵਨ ਨਾਲ਼ ਮਿਲ਼ਕੇ ਗਣਿਤ ਦੇ ਖੇਤਰ ਵਿੱਚ ਖੋਜ ਦਾ ਕੰਮ ਕੀਤਾ। ਬਨਾਰਸ ਤੋਂ ਅਤੇ ਬਾਅਦ ਵਿੱਚ ਅਲੀਗੜ੍ਹ ਤੋਂ ਉਹਨਾਂ ਨੇ ਭਾਰਤੀ ਖੋਜ ਰਸਾਲਿਆਂ ਵਿੱਚ ਅਤੇ ਫਰਾਂਸੀਸੀ ਅਤੇ ਜਰਮਨੀ ਖੋਜ ਰਸਾਲਿਆਂ ਵਿੱਚ ਵੀ ਗਣਿਤ ‘ਤੇ ਖੋਜ ਪੱਤਰ ਪ੍ਰਕਾਸ਼ਿਤ ਕਰਵਾਏ। ਵਿਦਿਆਰਥੀ ਇਸ ਜਵਾਨ ‘ਮਾਸਾਹਾਰੀ ਬ੍ਰਾਹਮਣ’ ਅਧਿਆਪਕ ਤੋਂ ਬਹੁਤ ਪ੍ਰਭਾਵਿਤ ਸਨ। ਜੋ ਉਹਨਾਂ ਦੇ ਨਾਲ਼ ਹਾਕੀ ਵੀ ਖੇਡਦਾ ਸੀ (ਗੌੜ ਸਾਰਸਵਤ ਬ੍ਰਾਹਮਣ ਰਵਾਇਤੀ  ਤੌਰ ‘ਤੇ ਮੱਛੀ ਖਾਂਦੇ ਸਨ, ਮਾਸ ਨਹੀਂ ਸਨ ਖਾਂਦੇ। ਧਰਮਾਨੰਦ ਬੁੱਧ ਹੋ ਜਾਣ ਕਾਰਨ ਸ਼ਾਕਾਹਾਰੀ ਸਨ)।

1933 ਵਿੱਚ ਗਣਿਤ ਦੇ ਆਪਣੇ ਸਹਿਕਰਮੀਆਂ ਦੇ ਜਾਣ ਬਾਅਦ ਕੋਸਾਂਬੀ ਨੇ ਵੀ ਅਲੀਗੜ੍ਹ ਯੂਨੀਵਰਸਿਟੀ ਨੂੰ ਛੱਡ ਦਿੱਤਾ ਅਤੇ ਪੂਨੇ ਦੇ ਫਰਗੂਸਨ ਕਾਲਜ ਵਿੱਚ ਆ ਗਏ। ਇੱਥੇ ਉਹਨਾਂ ਨੂੰ ਇੱਕ ਬਹੁਤ ਮਿਹਨਤ ਦੀ ਮੰਗ ਕਰਨ ਵਾਲ਼ੇ ਪ੍ਰੋਫੈਸਰ ਦੀ ਪ੍ਰਸਿਧੀ ਹਾਸਿਲ ਹੋਈ, ਜਿਸ ਦੀਆਂ ਗੱਲਾਂ ਨੂੰ ਸਮਝਣਾ ਸੌਖਾ ਨਹੀਂ ਸੀ, ਜੋ ਅਜਿਹੇ ਲੋਕਾਂ ਨੂੰ ਪਸੰਦ ਨਹੀਂ ਸੀ ਜੋ ਪੱਕੇ-ਪਕਾਏ ਖਾਣੇ ਦੀ ਮੰਗ ਕਰਦੇ ਸਨ, ਪਰ ਜਿਸਦਾ ਅਜਿਹੇ ਪ੍ਰਤਿਭਾਵਾਨ ਅਤੇ ਗੰਭੀਰ ਵਿਦਿਆਰਥੀ ਬਹੁਤ ਆਦਰ ਕਰਦੇ ਸਨ ਜੋ ਪੜ੍ਹਾਈ ਵਿੱਚ ਸਖਤ ਮਿਹਨਤ ਕਰਨ ਨੂੰ ਤਿਆਰ ਸਨ। ਉਹ ਭਾਰਤੀ ਮੈਥੇਮੈਟੀਲਕ ਸੋਸਾਇਟੀ ਦੀ ਲਾਇਬ੍ਰੇਰੀ ਦੀ ਵੀ ਦੇਖਭਾਲ਼ ਕਰਦੇ ਸਨ। ਗਣਿਤ ਦੇ ਉਹਨਾਂ ਦੇ ਸਹਿਕਰਮੀ ਭਾਵੇਂ ਬਹੁਤ ਹੀ ਪੜ੍ਹੇ ਲਿਖੇ ਸਨ ਪਰ ਉਹ ਖੋਜ ਕਾਰਜ ਛੱਡ ਚੁੱਕੇ ਸਨ ਅਤੇ ਆਪਣਾ ਸਾਰਾ ਧਿਆਨ ਸੰਸਥਾਗਤ ਮਾਮਲਿਆਂ ਵਿੱਚ ਹੀ ਲਗਾਉਣ ਲੱਗੇ ਸਨ। ਕੋਸਾਂਬੀ ਦੇ ਬੌਧਿਕ ਕੰਮ ਅਤੇ ਅਖੌਤੀ ਹੰਕਾਰ ‘ਤੇ ਇਹਨਾਂ ਲੋਕਾਂ ਦੀ ਨਰਾਜ਼ਗੀ ਅਸਲ ਵਿੱਚ ਦੋ ਕਾਰਨਾਂ ਕਰਕੇ ਸੀ। ਇੱਕ, ਅਕਾਦਮਿਕ ਢੰਗ ਅਤੇ ਸੱਭਿਅਤਾਵਾਂ ਵਿੱਚ ਹਾਰਵਰਡ ਅਤੇ ਪੂਨੇ ਦੀ ਟੱਕਰ ਸੀ। ਇਹ ਅਪ੍ਰਵਾਨ ਕੀਤੇ ਸਮਤਾਵਾਦੀ ਅਮਰੀਕੀ ਮਨੁੱਖੀ ਅਤੇ ਰਵਾਇਤੀ ਦਰਜਾਬੰਦੀ ‘ਤੇ ਅਧਾਰਿਤ ਭਾਰਤੀ ਸੱਭਿਅਤਾ ਦਾ ਵੀ ਭੇੜ ਸੀ। ਨਤੀਜਾ ਜਿਵੇਂ ਕਿ ਉਹਨਾਂ ਦੇ ਸਮਕਾਲੀ ਪ੍ਰੋਫੈਸਰ ਵੀ.ਵੀ. ਗੋਖਲੇ ਨੇ (1974) ਅਫਸੋਸ ਜਾਹਿਰ ਕਰਦੇ ਹੋਏ ਲਿਖਿਆ ਸੀ “ਇਮਤਿਹਾਨ ਗ੍ਰਸਤ ਢਾਂਚੇ ਅਤੇ ਸਿੱਖਿਆ ਦੇ ਪ੍ਰੇਰਣਾਹੀਨ ਮਾਣਕਾਂ” ਕਰਕੇ ਕੋਸਾਂਬੀ ਨੂੰ ਕਾਲਜ ਛੱਡਣਾ ਪਿਆ।

ਕਾਲਜ ਅਧਿਕਾਰੀਆਂ ਨਾਲ਼ ਗੰਭੀਰ ਉਲ਼ਝਣਾਂ ਕਾਰਨ 14 ਸਾਲ ਬਾਅਦ ਇਸ ਕਾਲਜ ਨੂੰ ਕੋਸਾਂਬੀ ਨੇ ਛੱਡ ਦਿੱਤਾ ਅਤੇ 1946 ਵਿੱਚ ਬੰਬਈ ਵਿੱਚ ਟਾਟਾ ਇੰਸਟੀਚਿਊਟ ਆਫ਼ ਫੰਡਾਮੈਂਟਲ ਰਿਸਰਚ (ਟੀ.ਆਈ.ਐਸ.ਆਰ.) ਵਿੱਚ ਆ ਗਏ , ਜੋ ਨਵਾਂ ਨਵਾਂ ਸਥਾਪਿਤ ਹੋ ਰਿਹਾ ਸੀ। ਮਸ਼ਹੂਰ ਵਿਗਿਆਨਕ ਹੋਮੀ ਭਾਬਾ ਨੇ, ਜੋ ਇਸ ਇੰਸਟੀਚਿਊਟ ਦੇ ਡਾਇਰੈਕਟਰ ਸਨ (ਤਕਰੀਬਨ ਉਹਨਾਂ ਦੀ ਉਮਰ ਦੇ ਹੀ ਸਨ) ਕੋਸਾਂਬੀ ਨੂੰ ਸੱਦਾ ਦਿੱਤਾ ਸੀ। ਪਰ ਉਹਨਾਂ ਦਾ ਸ਼ੁਰੂ ਸ਼ੁਰੂ ਦਾ ਸੁਹਿਰਦ ਸਹਿਯੋਗਪੁਣਾ ਛੇਤੀ ਹੀ ਖਾਤਮੇ ਵੱਲ ਵਧਿਆ। ਅਸਲ ਵਿੱਚ ਇਹ ਵਿਅਕਤੀਤਵਾਂ ਵਿਚਲੇ ਟਕਰਾਅ ਦਾ ਨਤੀਜਾ ਸੀ। ਇਸ ਦਾ ਕਾਰਨ ਇਹ ਵੀ ਸੀ ਭਾਬਾ ਖੋਜ ਕਾਰਜ ਤੋਂ ਦੂਰ ਹੁੰਦੇ ਗਏ ਅਤੇ ਇੱਕ “ਪ੍ਰਬੰਧਕੀ ਵਿਗਿਆਨਕ” ਦੇ ਤੌਰ ‘ਤੇ ਉਹਨਾਂ ਦਾ ਧਿਆਨ ਸੰਸਥਾ ਉਸਾਰੀ ‘ਤੇ ਹੀ ਕੇਂਦਰਤ ਹੋ ਗਿਆ ਸੀ। ਦੋਨਾਂ ਵਿਚਾਲ਼ੇ ਇੱਕ ਹੋਰ ਵਿਚਾਰਧਾਰਕ ਮੱਤਭੇਦ ਸੀ, ਸਰਮਾਏਦਾਰੀ ਬਨਾਮ ਮਾਰਕਸਵਾਦੀ ਵੰਡ ਨੂੰ ਜੇ ਛੱਡ ਵੀ ਦੇਈਏ ਤਾਂ ਪ੍ਰਮਾਣੂ ਊਰਜਾ ਉੱਤੇ ਉਹਨਾਂ ਦਾ ਨਜ਼ਰੀਆ ਇੱਕ ਦੂਜੇ ਦੇ ਵਿਰੋਧੀ ਸੀ। ਜਿੱਥੇ ਭਾਬਾ ਭਾਰਤ ਵਿੱਚ ਪ੍ਰਮਾਣੂ ਊਰਜਾ ਦੇ ਵਿਕਾਸ ਵਿੱਚ ਲੱਗੇ ਹੋਏ ਸੀ, ਜਿਸ ਲਈ ਉਹਨਾਂ ਨੂੰ ਨਹਿਰੂ ਦੀ ਪੂਰੀ ਹਮਾਇਤ ਹਾਸਲ ਸੀ, ਕੋਸਾਂਬੀ ਵਾਰ ਵਾਰ ਆਪਣਾ ਇਹ ਨਜ਼ਰੀਆ ਰੱਖਦੇ ਆਏ ਸਨ ਕਿ ਭਾਰਤ ਵਰਗੇ ਵਿਕਾਸਸ਼ੀਲ ਦੇਸ਼ ਲਈ ਸੂਰਜੀ ਊਰਜਾ ਹੀ ਸਭ ਤੋਂ ਵਧੀਆ ਹੈ। ਇਸ ਤੋਂ ਬਿਨਾਂ, ਕੋਸਾਂਬੀ ਦੇ ਗਣਿਤ ਉੱਤੇ ਵੀ ਪੂਰੇ ਦਾ ਪੂਰਾ ਧਿਆਨ ਕੇਂਦਰਤ ਨਾ ਕਰਨ ਨੂੰ ਬਹਾਨਾ ਬਣਾਇਆ ਗਿਆ। 1962 ਵਿੱਚ ਟੀ.ਆਈ.ਆਈ.ਐੱਫ਼.ਆਰ. ਵਿੱਚ ਉਹਨਾਂ ਦੇ ਕੰਟਰੈਕਟ ਨੂੰ ਨਵਿਆਇਆ ਨਹੀਂ ਗਿਆ, ਭਾਵੇਂ ਕੋਸਾਂਬੀ ਪਹਿਲਾਂ ਹੀ ਇਸ ਅਹੁਦੇ ਤੋਂ ਹਟਣ ਲਈ ਤਿਆਰ ਬੈਠੇ ਸਨ। 1964 ਵਿੱਚ ਉਹਨਾਂ ਨੂੰ ਕਾਉਂਸਿਲ ਫਾਰ ਸੈਂਟੇਫ਼ਿਕ ਐਂਡ ਇੰਡਸਟਰੀਅਲ ਰਿਸਰਚ (ਸੀ.ਐਸ.ਆਈ.ਆਰ.) ਵਿੱਚ ਸਾਇੰਟਿਸਟ ਅਮੈਰਿਟਸ ਤੈਨਾਤ ਕਰ ਦਿੱਤਾ ਅਤੇ ਉਹ ਪੂਨੇ ਵਿੱਚ ਮਹਾਂਰਾਸ਼ਟਰ ਐਸੋਸੀਏਸ਼ਨ ਫਾਰ ਕਲਟੀਵੇਸ਼ਨ ਆਫ ਸਾਇੰਸ ਦੇ ਨਾਲ਼ ਜੁੜ ਗਏ। ਇਸਦੇ ਆਲ਼ੇ-ਦੁਆਲ਼ੇ ਹੀ ਉਹਨਾਂ ਨੇ ਪੂਨੇ ਦੇ ਕੋਲ਼ ਖੜਗਵਾਸਲਾ ਵਿੱਚ ਸਥਿੱਤ, ਨੈਸ਼ਨਲ ਡਿਫੈਂਸ ਅਕਾਦਮੀ ਦੇ ਕਮਾਂਡਰ ਮੇਜਰ ਜਨਰਲ ਈ.ਵੀ. ਹਬੀਉੱਲਾ ਦੇ ਸੱਦੇ ਉੱਤੇ, ਇਸ ਅਕਾਦਮੀ ਦੇ “ਸ਼ੌਕ” ਨਾਲ਼ ਸਬੰਧਿਤ ਹਿੱਸੇ ਵਿੱਚ ਇੱਕ ਆਰਕੀਓਲਾਜੀਕਲ ਸੋਸਾਇਟੀ ਨੂੰ ਸਥਾਪਿਤ ਕਰਨ ਲਈ ਸਹਿਮਤੀ ਦੇ ਦਿੱਤੀ। ਇੰਸਟ੍ਰਕਟਰਾਂ ਅਤੇ ਕੈਡਿਟਾਂ ਦੀ ਉਤਸ਼ਾਹਿਤ ਟੁਕੜੀ ਨਾਲ਼ ਉਹਨਾਂ ਨੇ ਡੈਕਨ ਪਥ ਦੇ ਨਾਲ਼ ਨਾਲ਼ ਲਘੂ ਪਾਸ਼ਾਣ ਕੁਲੀਨ ਅਤੇ ਦੀਰਘ ਪਾਸ਼ਾਣ ਕੁਲੀਨ ਅਵਸ਼ੇਸ਼ਾਂ, ਗੁਫਾ ਚਿਤਰਾਂ ਅਤੇ ਹੋਰ ਮਨੁੱਖ ਦੁਆਰਾ ਬਣਾਈਆਂ ਵਸਤੂਆਂ ਦੇ ਅਵਸ਼ੇਸ਼ਾਂ ਦੀ ਖੋਜ ਕੀਤੀ (ਜਿਵੇਂ ਕਿ ਉਹ ਆਪਣੇ ਗੈਰ-ਰਸਮੀ ਵਿਦਿਆਰਥੀਆਂ ਦੇ ਗਰੁੱਪ ਨਾਲ਼ ਕਰਦੇ ਆਏ ਸਨ)। ਇਸੇ ਪ੍ਰਕਿਰਿਆ ਵਿੱਚ ਵੈਸਟਨ ਘਾਟ ਦੇ ਪੈਰਾਂ ‘ਚ ਭਾਜੇ ਗੁਫਾਵਾਂ ਦੇ ਥੱਲੇ ਕਰਸਾਵਲਾ ਗੁਫਾਵਾਂ ਦੀ ਖੋਜ ਕੀਤੀ ਸੀ, ਜਿੰਨ੍ਹਾਂ ਦੇ ਸਬੰਧ ਵਿੱਚ ਅਬੀਉੱਲਾ ਨੇ (1974 ਵਿੱਚ) ਲਿਖਿਆ ਸੀ ਕਿ ਉਹਨਾਂ ਵਿੱਚ, “ਅਜਿਹੀ ਚਿੱਤਰਕਾਰੀ ਅਤੇ ਸਜਾਵਟਾਂ ਦੇ ਪ੍ਰਤੱਖ ਨਮੂਨੇ ਸਨ ਜਿੰਨ੍ਹਾਂ ਦੇ ਸਾਹਮਣੇ ਅਜੰਤਾ ਪੁਰਾਣੀ ਲਗਦੀ”, ਜਦਕਿ ਖਰਾਬ ਮੌਸਮ ਕਾਰਨ ਉਹ ਖਸਤਾ ਹਾਲਤ ਵਿੱਚ ਸਨ। ਉਹ ਖੋਜ ਕੋਸਾਂਬੀ ਦੇ ਇਸ ਥੀਸਸ ਦਾ ਸਬੂਤ ਸੀ ਕਿ ਬੁੱਧ ਗੁਫਾਵਾਂ ਪ੍ਰਮੁੱਖ ਵਪਾਰ ਰਸਤਿਆਂ ਦੇ ਨਾਲ਼-ਨਾਲ਼ ਰਾਹਗੀਰਾਂ ਦੀ ਇੱਕ ਦੀ ਯਾਤਰਾ ਦੀ ਦੂਰੀ ‘ਤੇ ਸਥਿਤ ਸਨ (ਨਾ ਕਿ ਸਿਰਫ ਸਨਿਆਸੀਆਂ ਲਈ ਮੌਜੂਦ ਦੁਰਲੱਭ ਥਾਵਾਂ ਦੇ ਰੂਪ ਵਿੱਚ, ਜਿਵੇਂ ਕਿ ਪਹਿਲਾਂ ਮੰਨਿਆ ਜਾਂਦਾ ਸੀ)।

ਇਸ ਸਮੇਂ ਦੌਰਾਨ ਕੋਸਾਂਬੀ ਨੂੰ ਅਨੇਕਾਂ ਸਨਮਾਨਾਂ ਨਾਲ਼ ਸਨਮਾਨਿਤ ਕੀਤਾ ਗਿਆ। ਇਹਨਾਂ ਸਨਮਾਨਾਂ ਵਿੱਚ ਦੂਸਰੇ ਇਨਾਮਾਂ ਤੋਂ ਬਿਨਾਂ 1934 ਵਿੱਚ (26 ਸਾਲ ਦੀ ਉਮਰ ਵਿੱਚ) ਮਿਲ਼ਿਆ ਪਹਿਲਾ ਰਾਮਾਨੁਜਨਮ ਯਾਦਗਾਰੀ ਪੁਰਸਕਾਰ ਅਤੇ 1947 ਵਿੱਚ ਮਿਲ਼ਿਆ ਵਿਸ਼ੇਸ਼ ਭਾਬਾ ਪੁਰਸਕਾਰ ਵੀ ਸ਼ਾਮਲ ਸੀ। ਉਹਨਾਂ ਨੂੰ ਅਨੇਕਾਂ ਵਾਰ ਦੂਜੇ ਦੇਸ਼ਾਂ ਤੋਂ ਵੀ ਮਾਣ-ਸਨਮਾਨ ਮਿਲ਼ਿਆ ਸੀ। 1948-49 ਵਿੱਚ ਉਹ ਸੰਯੁਕਤ ਰਾਸ਼ਟਰ ਸਿੱਖਿਅਕ, ਵਿਗਿਆਨਕ ਅਤੇ ਸੱਭਿਆਚਾਰਕ ਮੰਡਲ (ਯੁਨੈਸਕੋ) ਲਈ ਅਮਰੀਕਾ ਅਤੇ ਬਰਤਾਨੀਆਂ ਦੇ ਇਲੈਕਟ੍ਰਾਨਿਕ ਗਣਨਾ ਮਸ਼ੀਨ ਵਿੱਚ ਖੋਜ ਲਈ ਫੈਲੋ ਬਣਾਏ ਗਏ ਸਨ। 1949 ਦੇ ਸਰਦੀਆਂ ਦੇ ਸ਼ੈਸ਼ਨ ਵਿੱਚ ਉਹ ਸ਼ਿਕਾਗੋ ਵਿੱਚ ਪਾਥ ਜਮੈਟਰੀ ਦੇ ਵਿਜ਼ਟਰ ਪ੍ਰੋਫੈਸਰ ਸਨ ਅਤੇ ਇਸ ਤੋਂ ਬਾਅਦ ਪ੍ਰਿੰਸਟਨ ਵਿੱਚ ਇੰਸਟੀਚਿਊਟ ਆਫ਼ ਐਡਵਾਂਸਡ ਸਟੱਡੀ ਦੇ ਮਹਿਮਾਨ ਸਨ, ਜਿੱਥੇ ਕੋਸਾਂਬੀ ਨੂੰ ਅਲਬਰਟ ਆਈਨਸਟਾਈਨ ਨਾਲ਼ ਖੁੱਲੀ ਚਰਚਾ ਕਰਨ ਦਾ ਮੌਕਾ ਮਿਲ਼ਿਆ। 1955 ਵਿੱਚ ਉਹਨਾਂ ਨੂੰ ਸੋਵੀਅਤ ਅਕਾਦਮੀ ਆਫ਼ ਸਾਇੰਸਜ ਨੇ ਭਾਸ਼ਣ ਦੇਣ ਅਤੇ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਲਈ ਹੋ ਰਹੀ ਪਹਿਲੀ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਬੁਲਾਇਆ ਗਿਆ। ਚੀਨ ਵਿੱਚ ਬੀਜਿੰਗ ਸਥਿਤ ਅਕਾਦਮੀਆਂ ਸਿਨੀਕਾ ਨੇ ਖੁਰਾਕੀ ਫਸਲਾਂ ਦੇ ਪੂਰਵ ਅਨੁਮਾਨ ਅਤੇ ਸੱਨਅਤਾਂ ਦੀ ਗੁਣਵੱਤਾ ਕੰਟਰੌਲ ਕਰਨ ਲਈ ਅੰਕੜਾ ਵਿਗਿਆਨਕ ਢੰਗਾਂ ਬਾਰੇ ਸੁਝਾਅ ਦੇਣ ਲਈ ਸੱਦਿਆ ਗਿਆ ਸੀ। ਭਾਰਤੀ ਇਤਿਹਾਸ ਉੱਤੇ ਭਾਸ਼ਣ ਦੇਣ ਲਈ ਉਹਨਾਂ ਨੂੰ ਯੂਨੀਵਰਸਿਟੀ ਆਫ਼ ਲੰਦਨ ਨੇ ਅਤੇ ਸਕੂਲ ਆਫ਼ ਓਰੀਐਂਟਲ ਐਂਡ ਅਫਰੀਕਨ ਸਟੱਡੀਜ਼ ਵਿੱਚ ਬੁਲਾਇਆ ਗਿਆ ਸੀ, ਇੱਥੇ ਹੀ ਉਹਾਂ ਦੀ ਪਹਿਲੀ ਮੁਲਾਕਾਤ ਏ.ਐਲ. ਬਾਸ਼ਮ ਨਾਲ਼ ਹੋਈ ਸੀ। ਦੁਨੀਆਂ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਉਹਨਾਂ ਨੇ ਸਮਾਗਮਾਂ ਵਿੱਚ ਭਾਸ਼ਣ ਦਿੱਤੇ ਸਨ ਅਤੇ ਦੁਨੀਆਂ ਭਰ ਦੇ ਵਿਦਵਾਨਾਂ ਨਾਲ਼ ਚਿੱਠੀ-ਪੱਤਰ ਰਾਹੀਂ ਉਹਨਾਂ ਦਾ ਰਾਬਤਾ ਬਣਿਆ ਰਹਿੰਦਾ ਸੀ।

1950 ਵਿੱਚ ਕੋਸਾਂਬੀ ਵਿਸ਼ਵ ਸ਼ਾਂਤੀ ਪ੍ਰੀਸ਼ਦ ਨਾਲ਼ ਗੰਭੀਰਤਾ ਨਾਲ਼ ਜੁੜ ਗਏ ਸਨ। ਜੂਨ, 1955 ਵਿੱਚ ਫਿਨਲੈਂਡ ਵਿਖੇ ਹੇਲਸਿੰਕੀ ਵਿੱਚ ਹੋ ਰਹੇ ਵਿਸ਼ਵ ਸ਼ਾਂਤੀ ਸੰਮੇਲਨ ਵਿੱਚ ਉਹਨਾਂ ਦੀ ਅਗਵਾਈ ਵਿੱਚ ਭਾਰਤ ਤੋਂ ਸਭ ਤੋਂ ਵੱਡਾ ਨੁਮਾਇੰਦਾ ਮੰਡਲ ਗਿਆ ਸੀ। ਪ੍ਰਸਿੱਧ ਫਰਾਂਸੀਸੀ ਨੋਬਲ ਪੁਰਸਕਾਰ ਜੇਤੂ ਫਰੈਡਰਿਕ ਜੋਲੀਅਟ ਕਯੂਰੋ ਨੇ ਇਸ ਸੰਮੇਲਨ ਦੀ ਪ੍ਰਧਾਨਗੀ ਕੀਤੀ ਸੀ ਅਤੇ ਦੂਜਿਆਂ ਤੋਂ ਬਿਨਾਂ ਜੇ.ਡੀ. ਬਰਨਾਲ਼, ਜਾਨ ਪਾਲ ਸਾਰਤਰ ਵੀ ਇਸ ਸੰਮੇਲਨ ਵਿੱਚ ਸ਼ਾਮਲ ਹੋਏ ਸਨ। ਬਸ਼ਾਮ ਨੇ 1974 ਵਿੱਚ ਕੋਸਾਂਬੀ ਸਬੰਧੀ ਕਿਹਾ ਸੀ ਕਿ ਇਉਂ ਲਗਦਾ ਹੈ, “ਤਿੰਨ ਹੀ ਰੁਚੀਆਂ ਸਨ ਜਿਨ੍ਹਾਂ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਇਸ ਤਰ੍ਹਾਂ ਭਰ ਰੱਖਿਆ ਸੀ ਕਿ ਬਾਕੀ ਕਿਸੇ ਚੀਜ਼ ਲਈ ਗੁੰਜਾਇਸ਼ ਹੀ ਨਹੀਂ ਰਹੀ ਸੀ-ਆਪਣੇ ਸਾਰੇ ਪੱਖਾਂ ਤੋਂ ਪੁਰਾਤਨ ਭਾਰਤ, ਗਣਿਤ ਅਤੇ ਸ਼ਾਂਤੀ ਦੀ ਰਖਵਾਲੀ। ਇਹ ਵੀ ਕਿ ਉਹ “ਆਪਣੇ ਡੂੰਘੇ ਨਿਸ਼ਚੇ ਦੇ ਹਿਸਾਬ ਨਾਲ਼” ਇਹਨਾਂ ਤਿੰਨਾਂ ਲਈ ਪੂਰੀ ਤਨਦੇਹੀ ਅਤੇ ਲਗਨ ਨਾਲ਼ ਕੰਮ ਕੀਤਾ।

1931 ਵਿੱਚ ਕੋਸਾਂਬੀ ਦਾ ਵਿਆਹ ਬੰਬਈ ਦੀ ਨਾਲਿਨੀ ਮਡਗਾਂਵਕਰ ਨਾਲ਼ ਹੋਇਆ ਸੀ ਜਿਸਨੇ ਵ੍ਰਿਲਸਨ ਕਾਲਜ ਤੋਂ ਗਣਿਤ ਅਤੇ ਸੰਸਕ੍ਰਿਤ ਦੀ ਗ੍ਰੈਜੂਏਸ਼ਨ ਕੀਤੀ ਸੀ। ਇਹ ਵਿਆਹ ਇੱਕ ਹੀ ਉੱਪ-ਜਾਤੀ ਦੇ ਦੋ ਪਰਿਵਾਰਾਂ ਦੇ ਮੁਖੀਆਂ ਦੇ ਫੈਸਲੇ ਨਾਲ਼ ਹੋਇਆ ਸੀ ਜੋ ਕਿ ਪੱਕੇ ਮਿੱਤਰ ਸਨ। ਇਸ ਤਰਾਂ ਲਗਦਾ ਸੀ ਕਿ ਪਰਿਵਾਰ ਦੁਆਰਾ ਕੀਤੇ ਇਸ ਤਰ੍ਹਾਂ ਦੇ ਵਿਆਹ ਦੀ ਮੁੱਖ ਵਜਾਹ ਔਰਤਾਂ ਨਾਲ਼ ਸਬੰਧ ਦੇ ਮਾਮਲੇ ਵਿੱਚ ਕੋਸਾਂਬੀ ਦਾ ਬਹੁਤ ਹੀ ਸੰਗਾਊ ਹੋਣਾ ਸੀ। ਚਲਦੀ ਗੱਲ ਵਿੱਚ ਇਹ ਵੀ ਦੱਸ ਦੇਈਏ ਕਿ ਉਹਨਾਂ ਤਿੰਨਾਂ ਭੈਣਾਂ ਨੇ ਆਪਣੀ ਮਰਜ਼ੀ ਨਾਲ਼ ਵੱਖੋ-ਵੱਖਰੀਆਂ ਜਾਤਾਂ ਦੇ ਮੁੰਡਿਆਂ ਨਾਲ਼ ਵਿਆਹ ਕੀਤਾ। ਕੋਸਾਂਬੀ ਜੋੜੀ ਅੰਤ ਵਿੱਚ ਪੂਨੇ ਦੇ ਭੰਡਾਰਕਰ ਓਰੀਐਂਨਟਲ ਇੰਸਟੀਚਿਊਟ ਦੀ ਕਲੋਨੀ ਵਿੱਚ ਰਹਿਣ ਲੱਗੀ। ਇੱਥੇ ਕੋਸਾਂਬੀ ਨੇ ਹਿੰਦੂ ਸ਼ੈਲੀ ਨਾਲ਼ ਬੰਗਲਾ ਬਣਾਇਆ ਸੀ। 1936 ਵਿੱਚ ਬਣੇ ਇਸ ਬੰਗਲੇ ਦਾ ਪਲਾਟ ਉਹਨਾਂ ਦੇ ਪਿਤਾ ਨੇ ਖਰੀਦਿਆ ਸੀ ਅਤੇ ਘਰ ਬਨਾਉਣ ਲਈ ਪੈਸੇ ਸਹੁਰੇ ਨੇ ਦਿੱਤੇ ਸਨ। ਕੋਸਾਂਬੀ ਦੀਆਂ ਦੋਵੇ ਧੀਆਂ ਮਾਇਆ ਅਤੇ ਮੀਰਾ ਨੇੜੇ ਦੇ ਮਰਾਠੀ ਮਾਧਿਅਮ ਦੇ ਸਕੂਲ ਵਿੱਚ ਪੜ੍ਹਦੀਆਂ ਸਨ, ਕੋਸਾਂਬੀ ਦਾ ਪੂਰਾ ਪੱਕਾ ਵਿਸ਼ਵਾਸ ਸੀ ਕਿ ਸਕੂਲ ਸਿੱਖਿਆ ਦੇ ਲਈ ਸਭ ਤੋਂ ਵਧੀਆ ਮਾਧਿਅਮ ਮਾਤ ਭਾਸ਼ਾ ਹੀ ਹੈ। ਉਹਨਾਂ ਦੀ ਬਾਅਦ ਦੀ ਪੜ੍ਹਾਈ ਫਗੂਰਸਨ ਕਾਲਜ ਵਿੱਚ ਹੋਈ। ਮਾਇਆ ਨੇ ਮਨੋਵਿਗਿਆਨ ਵਿੱਚ ਐਮ.ਏ. ਕੀਤੀ, 1960 ਵਿੱਚ ਵਿਆਹ ਕਰਵਾਕੇ ਉਹ ਵਿਦੇਸ਼ ਚਲੀ ਗਈ। ਮੈਂ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਕੀਤੀ ਅਤੇ ਥੋੜ੍ਹੇ ਸਮੇਂ ਲਈ ਫਰਗੂਸਨ ਕਾਲਜ ਵਿੱਚ ਪੜ੍ਹਿਆ ਵੀ। ਇਸ ਤਰਾਂ ਕੋਸਾਂਬੀ ਪਰਿਵਾਰ ਦੀ ਤੀਜੀ ਪੀੜ੍ਹੀ ਨੇ ਵੀ ਇਸ ਕਾਲਜ ਵਿੱਚ ਪੜ੍ਹਾਇਆ। ਇਸ ਤੋਂ ਪਹਿਲਾਂ ਧਰਮਾਨੰਦ ਇਸ ਕਾਲਜ ਵਿੱਚ ਪਾਲੀ ਪੜ੍ਹਾਉਂਦੇ ਸਨ ਅਤੇ ਡੀ.ਡੀ., ਗਣਿਤ ਅਤੇ ਅੰਕੜਾ ਵਿਗਿਆਨ। 1966 ਵਿੱਚ ਮੈਂ ਖੁਦ ਅੱਗੇ ਪੜ੍ਹਾਈ ਕਰਨ ਲਈ ਵਿਦੇਸ਼ ਚਲੀ ਗਈ। ਪਰ ਇਹ 29 ਜੂਨ, 1966 ਨੂੰ ਆਪਣੇ 59 ਵੇਂ ਜਨਮ ਦਿਨ ਤੋਂ ਕੁਝ ਦਿਨ ਪਹਿਲਾਂ ਕੋਸਾਂਬੀ ਦੀ ਮੌਤ ਤੋਂ ਬਾਅਦ ਦੀ ਗੱਲ ਹੈ।

2.
ਕੋਸਾਂਬੀ ਦੀ ਹੈਰਾਨੀ ‘ਚ ਪਾ ਦੇਣ ਵਾਲ਼ੀ ਬੌਧਿਕ ਯਾਤਰਾ ਬਹੁਤ ਹੀ ਅਸਰਦਾਰ ਤਰੀਕੇ ਨਾਲ਼ ਇਹ ਦਿਖਾਉਂਦੀ ਹੈ ਕਿ ਅੱਡ ਅੱਡ ਵਿਸ਼ਿਆਂ ਦੀਆਂ ਸੀਮਾਵਾਂ ਕਿੰਨੀਆਂ ਨਿਰਾਰਥਕ ਹਨ ਅਤੇ ਗਿਆਨ ਦੀ ਇੱਕ ਹੀ ਨਿਸ਼ਾਨੀ ਦੇ ਰੂਪ ਵਿੱਚ ਰਸਮੀ ਸਿੱਖਿਆ ਅਤੇ ਡਿਗਰੀਆਂ ‘ਤੇ ਜ਼ੋਰ ਦੇਣਾ ਕਿੰਨਾ ਫਾਲਤੂ ਹੈ।

ਗਣਿਤ ਉਹ ਕੇਂਦਰੀ ਧੁਰਾ ਸੀ ਜਿਸਦੇ ਆਲ਼ੇ-ਦੁਆਲ਼ੇ ਕਈ ਸਾਲਾਂ ਤੱਕ ਉਹਨਾਂ ਦਾ ਜੀਵਨ ਘੁੰਮਦਾ ਰਿਹਾ ਸੀ। ਪ੍ਰਸਿੱਧ ਬਰਤਾਨਵੀ ਵਿਗਿਆਨੀ ਜੇ.ਡੀ. ਬਰਨਾਲ ਨੇ, ਜੋ ਕੋਸਾਂਬੀ ਨੂੰ “ਖਾਸ ਤੌਰ ‘ਤੇ ਭਾਰਤ ਵਿੱਚ ਸ਼ਾਂਤੀ ਲਹਿਰ ਨਾਲ਼ ਸਬੰਧਿਤ ਆਪਣੇ ਕੰਮ ਵਿੱਚ ਇੱਕ ਬਹੁਤ ਹੀ ਅਸਧਾਰਨ ਕਲਾ ਅਤੇ ਖਿੱਚ ਭਰਪੂਰ ਵਿਅਕਤੀ” ਦੇ ਰੂਪ ‘ਚ ਜਾਣਦੇ ਸਨ, (1974 ਵਿੱਚ) ਇਹ ਮੁਲਾਂਕਣ ਰੱਖਿਆ ਕਿ ਗਣਿਤ, “ਵਿਗਿਆਨ ਲਈ ਅਤੇ ਖਾਸ ਤੌਰ ‘ਤੇ ਅੰਕੜਾ ਵਿਗਿਆਨ ਅਤੇ ਸਟੋਸ਼ੈਟਿਕਸ ਥਿਉਰੀ ਦੇ ਖੇਤਰ ਵਿੱਚ ਉਹਨਾਂ ਦਾ ਪ੍ਰਮੁੱਖ ਯੋਗਦਾਨ ਸੀ। ਤਕਰੀਬਨ ਵੀਹ ਸਾਲ ਤੱਕ ਕੋਸਾਂਬੀ ਦਾ ਮੁੱਖ ਕੰਮ ਟੈਨਸਰ ਅਨੈਲਸਿਸ ਤੇ ਪਾਥ ਜੁਮੈਂਟਰੀ (ਇਹ ਨਾਮ ਉਹਨਾਂ ਦਾ ਹੀ ਦਿੱਤਾ ਹੋਇਆ ਸੀ) ਦੇ ਖੇਤਰ ਵਿੱਚ ਹੀ ਸੀ। ਜੇਕਰ ਉਹਨਾਂ ਨੇ ਖੁਦ ਨੂੰ ਗਣਿਤ ਦੇ ਖੇਤਰ ਤੱਕ ਹੀ ਸੀਮਤ ਰੱਖਿਆ ਹੁੰਦਾ ਤਾਂ ਵੀ ਉਹਨਾਂ ਦਾ ਯੋਗਦਾਨ ਜਿਕਰਯੋਗ ਹੋਣਾ ਸੀ, ਜਿਸਦਾ ਪਤਾ ਭਾਰਤੀ ਅਤੇ ਕੌਮਾਂਤਰੀ ਖੋਜ ਪੱਤਿਰਕਾਵਾਂ ਵਿੱਚ ਉਹਨਾਂ ਦੇ ਅਣਗਿਣਤ ਲੇਖਾਂ ਤੋਂ ਲਗਦਾ ਹੈ। ਪ੍ਰੰਤੂ ਉਹਨਾਂ ਦੀ ਬੌਧਿਕ ਯਾਤਰਾ ਉਹਨਾਂ ਨੂੰ ਅੱਡ-ਅੱਡ ਖੇਤਰਾਂ ਵਿੱਚ ਖਿੱਚ ਕੇ ਲੈ ਗਈ। ਉਦਾਹਰਨ ਦੇ ਤੌਰ ‘ਤੇ ਮੁੱਖ ਰੂਪ ਵਿੱਚ ਗਣਿਤ ਦੇ ਕੰਮ ਵਿੱਚ ਲੱਗੇ ਰਹਿੰਦੇ ਹੋਏ ਵੀ ਉਹਨਾਂ ਨੇ ਜੈਨੇਟਿਕਸ ਉੱਤੇ ਇੱਕ ਲੇਖ ਲਿਖਿਆ ਸੀ ਜੋ ਬਹੁਤ ਹੀ ਸਫਲ ਸੀ। “ਕ੍ਰੋਮੋਜੋਨਸ ਦੀ ਮੈਪਿੰਗ ਦਾ ਕੋਸਾਂਬੀ ਸੂਤਰ” ਦੇ ਨਾਂ ਤੋਂ ਜਾਣੇ ਗਏ ਉਹਨਾਂ ਦੇ ਕੰਮ ਦੀ ਪੇਸ਼ੇਵਰ ਜੈਨੇਟਿਕ ਵਿਗਿਆਨੀ ਵੱਡੇ ਪੱਧਰ ‘ਤੇ ਵਰਤੋਂ ਕਰਦੇ ਰਹੇ ਸਨ ਜਦੋਂ ਕਿ, ਜਿਵੇਂ ਖੁਦ ਕੋਸਾਂਬੀ ਨੇ ਲਿਖਿਆ ਸੀ, ਉਹਨਾਂ ਉੱਤੇ ਹੀ “ਕਈ ਵਾਰ ਇਸ ਗੱਲ ਦਾ ਦੋਸ਼ ਲਗਦਾ ਸੀ ਕਿ ਉਹ ਆਪਣੇ ਸੂਤਰਾਂ ਦੀ ਕਦਰ ਨਹੀਂ ਕਰਦੇ ਹਨ।”

ਇੱਕ ਗਣਿਤ ਵਿਗਿਆਨੀ ਦੇ ਨਾਤੇ ਕੋਸਾਂਬੀ ਦਾ ਅੰਕੜਾ ਵਿਗਿਆਨ ਪੜ੍ਹਾਉਣ ਦਾ ਤਰੀਕਾ ਇਹ ਸੀ ਕਿ ਉਹ ਹੱਲ ਕਰਨ ਲਈ ਕੋਈ ਵਿਹਾਰਿਕ ਸਮੱਸਿਆ ਲੈਕੇ ਚਲਦੇ ਸਨ। ਅਜਿਹਾ ਹੀ ਇੱਕ ਤਜਰਬਾ ਸੀ ਮੋਹਰ ਵਾਲ਼ੇ ਸਿੱਕਿਆਂ ਦਾ ਅਧਿਐਨ। ਇਹ ਅਧਿਐਨ ਉਹਨਾਂ ਨੇ 1940 ਦੇ ਕਰੀਬ ਹੱਥਾਂ ਵਿੱਚ ਲਿਆ ਸੀ। ਅਜਿਹੇ ਸਿੱਕਿਆਂ ਦਾ ਇੱਕੋ ਇੱਕ ਵੱਡਾ ਢੇਰ, ਤਕਸ਼ਿਲਾ ਦੇ ਸਿੱਕਿਆਂ ਦਾ ਸੀ ਅਤੇ ਕੰਟਰੌਲ ਸਮੂਹ ਦੇ ਰੂਪ ਵਿੱਚ ਉਹਨਾਂ ਨੇ ਆਧੁਨਿਕ ਸਿੱਕਿਆਂ ਦਾ ਪ੍ਰਯੋਗ ਕੀਤਾ ਸੀ। 7000 ਤੋਂ ਜ਼ਿਆਦਾ ਆਧੁਨਿਕ ਸਿੱਕਿਆਂ (ਕੁੱਲ ਮਿਲ਼ਾਕੇ ਤਕਰੀਬਨ 12000 ਸਿੱਕਿਆਂ) ਦਾ ਵਜਨ ਕਰਨ ਤੋਂ ਬਾਅਦ ਉਹਨਾਂ ਲਿਖਿਆ ਸੀ “ਪੁਰਾਲੇਖ ਵਿਗਿਆਨ ਅਤੇ ਪੁਰਾਤਤਵ ਦੀ ਇੱਕ ਸ਼ਾਖਾ ਤੋਂ ਅੱਡ ਇੱਕ ਵਿਗਿਆਨ ਦੇ ਰੂਪ ਵਿੱਚ ਸਿੱਕਾ ਸ਼ਾਸ਼ਤਰ ਦੀ ਨੀਂਹ ਰੱਖੀ ਜਾ ਸਕਦੀ ਹੈ”। ਸਿੱਕਾ ਸ਼ਾਸ਼ਤਰ ਦੇ ਰੂਪ ਵਿੱਚ ਉਹਨਾਂ ਦੇ ਲੇਖ ਇੰਨੇ ਜ਼ਿਆਦਾ ਅਹਿਮ ਸਨ ਕਿ ਉਹਨਾਂ ਦਾ ਪ੍ਰਕਾਸ਼ਨ ਇੰਡੀਅਨ ਨਿਊਮਿਸਮੈਟਿਕਸ ਦੇ ਸਿਰਲੇਖ ਹੇਠ ਇੱਕ ਅਲੱਗ ਗ੍ਰੰਥ ਦੇ ਰੂਪ ਵਿੱਚ ਹੋ ਸਕਿਆ। ਪਰ ਇਹ ਕੋਸਾਂਬੀ ਦੀ ਮੌਤ ਦੇ ਕਈ ਸਾਲਾਂ ਬਾਅਦ 1981 ਵਿੱਚ ਹੋ ਸਕਿਆ। ਕੋਸਾਂਬੀ ਦਾ ਕਹਿਣਾ ਸੀ, ਸਿੱਕਿਆਂ ਦੇ ਹਰੇਕ ਢੇਰ ਵਿੱਚ, ਉਸ ਸਮਾਜ ਦੇ ਹਸਤਾਖ਼ਰ ਮਿਲ਼ਦੇ ਹਨ। ਕੋਸਾਂਬੀ ਸਿੱਕਿਆਂ ਦੇ ਢੇਰਾਂ ਵਿੱਚ ਅਤੇ ਹੋਰ ਵੀ ਥਾਂ ਇਸੇ ਹਸਤਾਖਰ ਨੂੰ ਖੋਜਣ ਦੀ ਕੋਸ਼ਿਸ਼ ਕਰਦੇ ਸਨ। ਇਸ ਸਿਲਸਿਲੇ ਵਿੱਚ ਕੋਸਾਂਬੀ ਦੀਆਂ ਅਨੇਕਾਂ ਅਤੇ ਸੰਭਾਵਿਤ ਵਿਵਾਦਗ੍ਰਸਤ ਟਿੱਪਣਿਆਂ ਵਿੱਚੋਂ ਕੁਝ ਚੋਣਵੀਆਂ ਇਸ ਤਰਾਂ ਹਨ-ਸਿੱਕੇ ਢਾਲਣ ਦੀ ਸ਼ੁਰੂਆਤ ਵਪਾਰੀਆਂ ਨਾਲ਼ ਹੋਈ ਸੀ; ਤਕਸ਼ਿਲਾ ਵਿੱਚ ਮੋਹਰ ਵਾਲ਼ੇ ਸਿੱਕਿਆਂ ਦੀਆਂ 2 ਢੇਰੀਆਂ ਗਠਨ (ਜਿਨਾਂ ਵਿੱਚ ਮਗਧ ਸਿੱਕੇ ਹੀ ਸਭ ਤੋਂ ਜ਼ਿਆਦਾ ਹਨ) ਸਬੰਧਿਤ ਦੌਰ ਵਿੱਚ ਤਕਸ਼ਿਲਾ ਅਤੇ ਮੌਰੀਆ ਹਕੂਮਤ, ਦੋਨਾਂ ਦੇ ਆਰਥਿਕ ਇਤਿਹਾਸ ਦੀ ਮੁੜ ਰਚਨਾ ਕਰਨ ਵਿੱਚ ਮਦਦ ਕਰਦਾ ਹੈ; ਅਤੇ ਗੁਪਤ ਉੱਤਰ ਕਾਲ ਵਿੱਚ ਦੇਸੀ ਸਿੱਕਿਆਂ ਦੀ ਕਮੀ ਪਿੰਡਾਂ ਦੇ ਵਿੱਚ ਵਪਾਰ ਦੀ ਗਿਰਾਵਟ ਦਾ ਲੱਛਣ ਹੈ।

ਪੁਰਾਣੇ ਸਿੱਕਿਆਂ ਦੇ ਅਧਿਐਨ ਨੇ ਕੋਸਾਂਬੀ ਦੀ ਬੌਧਿਕ ਉਤਸੁਕਤਾ ਨੂੰ ਉਹਨਾਂ ਰਾਜਾਂ ਵੱਲ ਮੋੜਿਆ ਜਿਨ੍ਹਾਂ ਨੇ ਇਹ ਸਿੱਕੇ ਢਲ਼ਵਾਏ ਸਨ। ਉਹਨਾਂ ਦੇ ਆਪਣੇ ਸ਼ਬਦਾਂ ਵਿੱਚ ਪੁਰਾਣੇ ਰਿਕਾਰਡ ਦੇ ਅਧਿਐਨ ਦਾ ਅਰਥ ਸੀ, “ਸੰਸਕ੍ਰਿਤ ਵਿੱਚ ਕੁਝ ਮੁਹਾਰਤ, ਜਿਸਨੂੰ ਮੈਂ ਲਗਾਤਾਰ ਅਧਿਐਨ ਤੋਂ ਬਿਨਾਂ ਰੋਮਾਂ ਦੇ ਮਾਧਿਅਮ ਨਾਲ਼ ਥੋੜ੍ਹਾ ਸੋਖ ਲਿਆ ਸੀ”, ਆਪਣੇ ਪਿਤਾ ਦੇ ਨਾਲ਼ ਗੈਰ-ਵਿਹਾਰਕ ਰੂਪ ਵਿੱਚ ਕੰਮ ਕਰਦੇ ਕਰਦੇ। ਉਹਨਾਂ ਨੇ ਜਰੂਰੀ ਮੁਹਾਰਤ ਹਾਸਲ ਕੀਤੀ, ਸਮੱਸਿਆ ਹੱਲ ਕਰਨ ਦੇ ਆਪਣੇ ਆਮ ਤਰੀਕੇ ਦਾ ਸਹਾਰਾ ਲੈਕੇ। ਉਹਨਾਂ ਨੇ ਇੱਕ ਠੋਸ ਕੰਮ ਹੱਥ ਵਿੱਚ ਲਿਆ, ਜਿਸ ਵਿੱਚ ਸਭ ਤੋਂ ਆਸਾਨ ਸੀ ਭਰਤਹਰੀ ਦੀਆਂ ਅਖਾਣਾਂ (epigram) ਦੀਆਂ ਤਿੰਨ ਸਦੀਆਂ ਉੱਤੇ ਕੰਮ। ਇਸ ਵਿਸ਼ੇ ‘ਤੇ ਉਹਨਾਂ ਦਾ ਲੇਖ 1965 ਵਿੱਚ ਛਪਿਆ ਸੀ ਪਰ ਭਰਤਹਰੀ ਦਾ ਪਾਠ ਗਲਤੀ ਭਰਪੂਰ ਸੀ ਅਤੇ ਇਸ ਕਾਰਨ ਕੋਸਾਂਬੀ ਨੂੰ ਪੜਚੋਲ ਦਾ ਸਹਾਰਾ ਲੈਣਾ ਪਿਆ। ਕੋਸਾਂਬੀ ਨੇ ਤਕਰੀਬਨ 400 ਪਾਂਡੂ ਲਿੱਪੀਆਂ ਦਾ ਅਧਿਐਨ ਕਰਕੇ ਪੜਚੋਲ ਦਾ ਕੰਮ ਪੂਰਾ ਕੀਤਾ। ਇਸ ਪ੍ਰਕਿਰਿਆ ਵਿੱਚ ਜੋ ਪੰਜ ਸਾਲ ਲੱਗੇ ਉਹਨਾਂ ਦੌਰਾਨ ਕੋਸਾਂਬੀ, “ਪੰਜਾਹ ਤੋਂ ਵੱਧ ਕਵੀਆਂ ਨੂੰ ਉਸ ਅਗਿਆਤਵਾਸ ਤੋਂ ਉਭਾਰ ਚੁੱਕੇ ਸਨ ਜਿਸ ਵਿੱਚ ਸੰਸਕ੍ਰਿਤ ਪ੍ਰੇਮੀਆਂ ਨੇ ਉਹਨਾਂ ਨੂੰ ਧੱਕ ਰੱਖਿਆ ਸੀ। ਦੂਜੇ ਪਾਸੇ ਅਨੇਕ ਕਵੀਆਂ ਸਬੰਧੀ ਸਾਡੀ ਬਹੁਤ ਘੱਟ ਜਾਣਕਾਰੀ ਵਿੱਚ ਜੋ ਉਹਨਾਂ ਨੇ ਵਾਧਾ ਕੀਤਾ ਸੀ ਉਸਦੀ ਤਾਂ ਗੱਲ ਹੀ ਕੀ ਕਰਨੀ।” ਇਸ ਪ੍ਰਕਿਰਿਆ ਵਿੱਚ ਕੋਸਾਂਬੀ, ਖੁਦ ਉਹਨਾਂ ਦੇ ਸ਼ਬਦਾਂ ਵਿੱਚ, “ਜਿਵੇਂ ਛੱਤ ਫਾੜ ਕੇ ਭਾਰਤ ਵਿੱਦਿਆ ਵਿੱਚ ਕੁੱਦ ਪਏ ਸੀ।”

ਵੈਰਾਗਿਆ ਸਦੀ ਵਿੱਚ ਰਚੇ ਭਰਤਹਰੀ ਦੇ ਦਰਸ਼ਨ ਉੱਤੇ ਕੋਸਾਂਬੀ ਦੇ ਲੇਖ ‘ਦਾ ਕੁਆਲਟੀ ਆਫ਼ ਰਨਿਊਇੰਸਏਸ਼ਨ ਇਨ ਭਰਤਹਰੀਜ਼ ਪੁਆਇਟਰੀ’ ਵਿੱਚ ਉਹਨਾਂ ਦੀ ਬਹੁ-ਭਾਸ਼ੀ ਪਛਾਣ ਆਪਣੇ ਪੂਰੇ ਰੰਗ ਵਿੱਚ ਸਾਹਮਣੇ ਆਉਂਦੀ ਹੈ। ਇਸ ਵਿੱਚ ਭਰਤਹਰੀ ਦੇ ਸੰਸਕ੍ਰਿਤ ਦੇ ਪਦ ਅਤੇ ਇੱਥੇ ਉੱਥੇ ਪਾਲੀ ਦੇ ਬੋਧ ਪਦ ਤੋਂ ਬਿਨਾਂ ਜਰਮਨ ਵਿੱਚ ਲੋਲ ਫਾਰਗਾਂਗ ਗੇਟੇ ਅਤੇ ਇਤਾਲਵੀ ਵਿੱਚ ਦਾਂਤੇ ਅਲੀਘਿਏਰੀ ਦੇ ਹਵਾਲੇ ਦਿੰਦੇ ਹਨ ਅਤੇ ਬਹੁਤ ਹੀ ਸੌਖ ਨਾਲ਼ ਮੋਰੀਤਰਜ ਵਿੰਟਰਨਿਤਜ ਅਤੇ ਵਿਲੀਅਮ ਸ਼ੇਕਸਪੀਅਰ, ਪਲੈਟੋ ਅਤੇ ਐਸ਼ੀਲਜ਼ ਅਤੇ ਭਾਰਤੀ ਸੰਤ ਕਵੀਆਂ ਕਬੀਰ, ਤੁਲਸੀਦਾਸ ਅਤੇ ਤੁੱਕਾ ਰਾਮ ਦੀਆਂ ਕਿਰਤਾਂ ਵਿੱਚ ਆਉਂਦੇ ਜਾਂਦੇ ਹਨ।

ਹੁਣ ਤੱਕ ਕੋਸਾਂਬੀ ਆਪਣੀ ਪੜਚੋਲ ਦੇ ਕਾਰਨ ਇੰਨੇ ਮਸ਼ਹੂਰ ਹੋ ਚੁੱਕੇ ਸਨ ਕਿ ਉਹਨਾਂ ਨੂੰ ਹਾਰਵਰਡਰ ਓਰੀਐਂਟਲ ਸੀਰਿਜ ਦੇ ਲਈ ਵਿਦਿਆਕਰ ਦੇ ਸੁਭਾਸ਼ਤ ਰਤਨਕੋਸ਼ ਦੇ ਪਾਠ ਦੇ ਸੰਪਾਦਨ ਲਈ ਸੱਦਾ ਪੱਤਰ ਦਿੱਤਾ ਗਿਆ ਸੀ (ਉਹਨਾਂ ਦੀ ਪੜਚੋਲ ਧਰਮਾਨੰਦ ਦੇ ਪਾਲੀ ਵਿੱਚ ‘ਵਿਸ਼ੂਦਿਧਮੰਗਾ’ ਦੇ ਸੰਪਾਦਨ ਦੇ ਨਮੂਨੇ ‘ਤੇ ਘੜਿਆ ਗਿਆ ਸੀ, ਜਿਸਨੂੰ ਹਾਰਵਰਡਰ ਓਰੀਐਂਟਲ ਸੀਰਿਜ ਦੇ ਅਧੀਨ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸਨੂੰ ਤਿਆਰ ਕਰਨ ਵਿੱਚ ਸ਼ਾਇਦ ਕੋਸਾਂਬੀ ਨੇ ਉਹਨਾਂ ਦੀ ਮਦਦ ਕੀਤੀ ਸੀ।) ਇਸ ਲੜੀ ਦੇ ਸੰਪਾਦਕ ਡੇਨੀਅਲ ਐਚ.ਐਚ. ਏਂਗਾਲਜ਼ ਇਸ ਗ੍ਰੰਥ ਦੀ ਆਪਣੀ ਪ੍ਰਸਤਾਵਨਾ ਵਿੱਚ ਇਹ ਪ੍ਰਵਾਨ ਕਰਦੇ ਹਨ ਕਿ, “ਕੋਸਾਂਬੀ ਨੇ ਇੱਥੇ ਇੱਕਦਮ ਸਟੀਕ ਜਾਣਕਾਰੀਆਂ ਦਾ ਅਜਿਹਾ ਸਰਮਾਇਆ ਇਕੱਠਾ ਕੀਤੀ ਹੈ ਜੋ ਨਾ ਸਿਰਫ ਵਰਤਮਾਨ ਸੰਗ੍ਰਹਿ ਨੂੰ ਸਮਝਣ ਵਿੱਚ ਮਦਦ ਕਰਦਾ ਹੈ ਸਗੋਂ ਸੰਸਕ੍ਰਿਤ ਸਾਹਿਤ ਦੇ ਇਤਿਹਾਸਕਾਰ ਲਈ ਵੀ ਕੀਮਤੀ ਸਮੱਗਰੀ ਪ੍ਰਦਾਨ ਕਰਦੀ ਹੈ।” ਇਸਦੇ ਨਾਲ਼ ਹੀ ਏਂਗਾਲਜ਼ (ਜੋ ਪੱਕੇ ਗੈਰ ਮਾਰਕਸਵਾਦੀ ਸਨ) ਕੋਸਾਂਬੀ ਨਾਲ਼ ਆਪਣੇ ਵਖਰੇਵਿਆਂ ‘ਤੇ ਵੀ ਦਿਲਚਸਪ ਚਾਨਣ ਪਾਉਂਦੇ ਹਨ। ਉਹਨਾਂ ਨੇ ਲਿਖਿਆ ਹੈ ਕਿ, ਕੋਸਾਂਬੀ ਨਾਲ਼ ਉਹਨਾਂ ਦੇ ਮੱਤਭੇਦ, “ਸਿਰਫ ਇਸ ਲਈ ਨਹੀਂ ਹਨ ਕਿ ਮੈਂ ਕਵਿਤਾ ਦੇ ਕਲਾਤਮਿਕ ਗੁਣਾਂ ਨੂੰ ਉਹਨਾਂ ਦੇ ਮੁਕਾਬਲੇ ਉੱਚੇ ਸਥਾਨ ਉੱਤੇ ਰੱਖਦਾ ਹਾਂ ਸਗੋਂ ਇਸ ਲਈ ਹਨ ਕਿ ਮੈਨੂੰ ਇਹ ਲਗਦਾ ਹੈ ਕਿ ਜਮਾਤਾਂ ਦਾ ਸਿਧਾਂਤ ਕਿਸੇ ਹੱਦ ਤੱਕ ਸਾਹਿਤ ਦੇ ਤੱਤ ਦੀ ਵਿਆਖਿਆ ਤਾਂ ਕਰ ਸਕਦਾ ਹੈ ਪਰ ਉਸਦੀ ਚੰਗਿਆਈ ਦਾ ਬਹੁਤ ਹੀ ਫਜੂਲ ਸੰਕੇਤਕ ਹੋਵੇਗਾ।” ਸੰਸਕ੍ਰਿਤ ਦੀਆਂ ਕਿਰਤਾਂ ਨੂੰ ਹੋਰ ਅਗਾਂਹ ਜਾਕੇ ਪੁਰਾਤਨ ਮਿੱਥਾਂ ਨੂੰ ਵੀ ਵਿਸ਼ਲੇਸ਼ਣ ਤੋਂ ਪਰ੍ਹੇ ਪਵਿੱਤਰ ਸ਼ਬਦਾਂ ਦੀ ਤਰਾਂ ਨਾ ਦੇਖਕੇ, ਉਹਨਾਂ ਦੇ ਪੈਦਾ ਹੋਣ ਦੇ ਦੌਰ ਦੇ ਸਮਾਜਿਕ ਅਤੇ ਸੱਭਿਆਚਾਰਕ ਜੀਵਨ ਦਾ ਵਿਸ਼ਲੇਸ਼ਣ ਕਰਨ ਲਈ ਜਾਣਕਾਰੀਆਂ ਵਜੋਂ ਦੇਖਣ ਦੇ ਕੋਸਾਂਬੀ ਦੇ ਜ਼ੋਰ ਕਾਰਨ ਭਾਰਤ ਵਿੱਚ ਕਈ ਅਨਉਦਾਰਪੰਥੀ ਸੱਭਿਅਤਾਵਾਦੀ ਮੂਰਤੀ ਵਿਰੋਧੀ ਮੰਨਦੇ ਸਨ।

ਸੰਸਕ੍ਰਿਤ ਵਿੱਚ ਕੋਸਾਂਬੀ ਦਾ ਆਖਰੀ ਕੰਮ ਜੋ ਉਹਨਾਂ ਦੀ ਮੌਤ ਤੋਂ ਬਾਅਦ ਪ੍ਰਕਾਸ਼ਿਤ ਹੋਇਆ, ਸੰਸਕ੍ਰਿਤ ਨਾਟਕ ‘ਅਵੀਮਾਰਕ’ ਦੇ ਅਨੁਵਾਦ ਦਾ ਸੀ, ਇਹ ਨਾਟਕ ਭਾਸ ਰਚਿਤ ਮੰਨਿਆ ਜਾਂਦਾ ਹੈ। ਇਸ ਮਜ਼ੇਦਾਰ ਪਿਆਰ ਕਥਾ ਦਾ ਮੂਲ ਅਨੁਵਾਦ ਜੇ.ਐਲ. ਮੈਸਨ ਨੇ ਕੀਤਾ ਸੀ ਅਤੇ ਉਸਨੂੰ ਕੋਸਾਂਬੀ ਦੇ ਸੁਝਾਅ ਦੇ ਅਧਾਰ ‘ਤੇ ਸੋਧਿਆ ਗਿਆ ਸੀ। ਕੋਸਾਂਬੀ ਦੇ ਪ੍ਰਤੀ ਆਪਣੀ ਸ਼ਰਧਾ ਭੇਟ ਕਰਨ ਲਈ ਮੈਸਨ ਨੇ ਇਹ ਅਨੁਵਾਦ ਉਹਨਾਂ ਨੂੰ ਹੀ ਸਮਰਪਿਤ ਕੀਤਾ ਹੈ, ਇਸ ਦਿਲ ਖਿੱਚਵੀਂ ਟੂਕ ਦੇ ਨਾਲ਼ ਕਿ, “ਕੋਈ ਵਿਅਕਤੀ ਜਿਨ੍ਹਾਂ ਨੂੰ ਪਿਆਰ ਕਰਦਾ ਹੈ, ਜਦੋਂ ਤੱਕ ਉਹ ਉਸਨੂੰ ਯਾਦ ਕਰਦੇ ਹਨ, ਉਹ ਮਰਦਾ ਨਹੀਂ।”

3.
ਇਸ ਦੌਰਾਨ ਕੋਸਾਂਬੀ ਦੀ ਬੌਧਿਕ ਯਾਤਰਾ ਉਹਨਾਂ ਨੂੰ ਹੋਰ ਦੂਰ ਦੇ ਮੈਦਾਨਾਂ ਵਿੱਚ ਲੈ ਗਈ। ਸੰਸਕ੍ਰਿਤ ਤੋਂ, ਜਿਸ ਉੱਤੇ ਉਹ ਮਹਾਰਤ ਹਾਸਿਲ ਕਰ ਚੁੱਕੇ ਸਨ, ਸੁਭਾਵਿਕ ਰੂਪ ‘ਚ ਅੱਗੇ ਵਧਦੇ ਹੋਏ ਉਹ ਸੰਸਕ੍ਰਿਤ ਸਾਹਿਤ ਦੀ ਸਮਾਜਿਕ ਪਿੱਠਭੂਮੀ ਭਾਵ ਪੁਰਾਤਨ ਭਾਰਤੀ ਇਤਿਹਾਸ ਵੱਲ ਵਧ ਗਏ। ਕੋਸਾਂਬੀ ਨੂੰ ਇਸਦਾ ਮਾਣ ਦਿੱਤਾ ਜਾਂਦਾ ਹੈ ਕਿ ਇਤਿਹਾਸ ਦੀ ਪ੍ਰਕਿਰਤੀ ਅਤੇ ਉਸਦੇ ਘੇਰੇ ਨੂੰ ਦੋਬਾਰਾ ਪਰਿਭਾਸ਼ਿਤ ਕਰਨ ਕਰਕੇ ਉਹ ਇਤਿਹਾਸ ਲੇਖਣ ਵਿੱਚ ਇੱਕ ਇਨਕਲਾਬ ਲਿਆਏ ਸਨ। ਇੱਕ ਗੱਲ ਤਾਂ ਇਹ ਹੈ ਉਹਨਾਂ ਨੇ ਭਾਰਤੀ ਇਤਿਹਾਸ ਦੇ ਪੁਰਾਤਨ, ਮੱਧਕਾਲੀ ਅਤੇ ਆਧੁਨਿਕ ਯੁੱਗ ਦੇ ਅਚੱਲ ਕਾਲ ਖੰਡਾਂ ਵਿੱਚ ਵੰਡਿਆ ਹੋਣ ਦੀ ਸਥਾਪਤ ਧਾਰਨਾ ਨੂੰ ਤਹਿਸ-ਨਹਿਸ ਕਰ ਦਿੱਤਾ। ਦੂਜਾ ਉਹਨਾਂ ਨੇ ਸਮੇਕਤ ਢੰਗ ਤਿਆਰ ਕੀਤਾ ਤਾਂ ਕਿ ਅਲੱਗ-ਅਲੱਗ ਸ੍ਰੋਤਾਂ ਨੂੰ ਵਰਤੋਂ ਵਿੱਚ ਲਿਆਂਦਾ ਜਾ ਸਕੇ। “ਕੰਬਾਈਡ ਮੈਥਡ ਇਨ ਇੰਡਾਲੋਜੀ” ਸਿਰਲੇਖ ਹੇਠ ਆਪਣੇ ਪ੍ਰਸਿੱਧ ਅਤੇ ਸ਼ੁਰੂਆਤੀ ਲੇਖ ਵਿੱਚ ਜਿਸਨੂੰ ਉਹ “ਨੋਟ” ਦਾ ਨਾਮ ਦਿੰਦੇ ਹਨ, ਉਹ ਪੂਰੀ ਤਰ੍ਹਾਂ ਭਾਸ਼ਾ ਅਧਾਰਿਤ ਸਰੋਤਾਂ ਉੱਤੇ ਹੀ ਨਿਰਭਰ ਰਹਿਣ ਦੇ ਉਸ ਸਮੇਂ ਦੇ ਰੁਝਾਨ ਦੀ ਆਲੋਚਨਾ ਪੇਸ਼ ਕਰਦੇ ਹਨ। ਉਹ ਧਿਆਨ ਦਿਵਾਉਂਦੇ ਹਨ ਕਿ ਇਸਦੀ ਥਾਂ “ਪੁਰਾਤਨ ਭਾਰਤੀ ਸੱਭਿਅਤਾ ਦੀਆਂ ਸਮੱਸਿਆਵਾਂ ਦਾ ਅਧਿਐਨ ਕਰਨ ਦੀ ਥਾਂ ਕਿਤੇ ਵੱਧ ਉਪਯੋਗੀ ਹੋਵੇਗਾ ਜੇਕਰ ਇਹਨਾਂ ਨਾਲ਼ ਪੂਰਕ ਵਜੋਂ ਪੁਰਾਤਤਵ, ਤਾਰਾ ਵਿਗਿਆਨ, ਸਮਾਜ ਵਿਗਿਆਨ ਦੀ ਸੂਝ ਨਾਲ਼ ਵਰਤੋਂ ਕੀਤੀ ਜਾਵੇ ਅਤੇ ਉਸ ਨਾਲ਼ ਇਤਿਹਾਸਕ ਪਿੱਠਭੂਮੀ ਜੁੜੀ ਹੋਵੇ।” ਆਪਣੇ ਇਹਨਾਂ ਵਿਚਾਰਾਂ ਅਨੁਸਾਰ ਉਹ ਪੁਰਾਤਤਵਕ ਸਰੋਤਾਂ ਦੀ ਪੂਰਤੀ ਵਿਸਥਾਰ ਫੀਲਡ ਵਰਕ ‘ਚੋਂ ਕਰਦੇ ਸਨ।

ਪੁਰਾਤਨ ਭਾਰਤੀ ਇਤਿਹਾਸ ਸਬੰਧੀ ਕੋਸਾਂਬੀ ਦੀ ਪਹਿਲੀ ਕਿਤਾਬ ਇੱਕ ਰਾਹ ਦਰਸਾਉਣ ਵਾਲ਼ੀ ਰਚਨਾ ਸੀ। ‘ਐਨ ਇੰਟ੍ਰੋਡਕਸ਼ਨ ਟੂ ਦਾ ਸਟੱਡੀ ਆਫ਼ ਇੰਡੀਅਨ ਹਿਸਟਰੀ’ (1956) ਸਿਰਲੇਖ ਵਾਲ਼ੀ ਇੱਕ ਕਿਤਾਬ ਇੰਨੀ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋਈ ਕਿ ਇਰਫ਼ਾਨ ਹਬੀਬ ਦਾ ਕਹਿਣਾ ਹੈ ਕਿ ਆਪਣੇ ਪ੍ਰਕਾਸ਼ਨ ਦੇ ਪੰਜ ਸਾਲਾਂ ਵਿੱਚ ਹੀ ਇਸ ਨੂੰ ਦੁਨੀਆਂ ਭਰ ਦੇ ਇਤਿਹਾਸ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਲਈ ਇੱਕ ਜਰੂਰੀ ਪੜ੍ਹੀ ਜਾਣ ਵਾਲੀ ਕਿਤਾਬ ਮੰਨਿਆ ਜਾਣ ਲੱਗਿਆ ਸੀ। ਇਸ ਕਿਤਾਬ ਦਾ ਅਤੇ ਇਸ ਤੋਂ ਬਾਅਦ ਆਈਆਂ ਦੋ ਹੋਰ ਕਿਤਾਬਾਂ ‘ਮਿੱਥ ਐਂਡ ਰਿਆਲਟੀ’ (1962) ਅਤੇ ‘ਕਲਚਰ ਐਂਡ ਸਿਵਲਾਈਜੇਸ਼ਨ ਆਫ਼ ਦਾ ਏਸ਼ੀਐਂਟ ਇੰਡੀਆ ਇਨ ਹਿਟਾਰੀਕਲ ਪ੍ਰਾਸਪੈਕਟਿਵ’ ਦਾ ਭਾਰਤ ਵਿੱਚ ਅਤੇ ਭਾਰਤ ਦੇ ਬਾਹਰ ਵੀ ਅਨੇਕਾਂ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਾ ਹੈ। ਇਤਿਹਾਸਕਾਰਾਂ ਵਿੱਚ ਇਹਨਾਂ ਕਿਤਾਬਾਂ ਦਾ ਐਨਾ ਅਸਰ ਰਿਹਾ ਹੈ ਕਿ ਰੋਮਿਲਾ ਥਾਪਰ ਵਰਗੇ ਉੱਘੇ ਇਤਿਹਾਸਕਾਰ ਉਹਨਾਂ ਨੂੰ ਗੈਰ-ਰਸਮੀ ਰੂਪ ਵਿੱਚ ਆਪਣਾ ਗੁਰੂ ਮੰਨਦੇ ਹਨ, ਭਾਵੇਂ ਕਿ ਅਸਲੀਅਤ ਵਿੱਚ ਕੋਸਾਂਬੀ ਨੇ ਉਹਨਾਂ ਨੂੰ ਪੜ੍ਹਾਇਆ ਨਹੀਂ ਸੀ। ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਕੋਸਾਂਬੀ ਨੇ ਠੀਕ ਠੀਕ ਮਾਰਕਸਵਾਦ ਨੂੰ ਕਿਸ ਤਰਾਂ ਇਤਿਹਾਸ ਲਿਖਣ ਲਈ ਬੁਨਿਆਦੀ ਖਾਕੇ ਦੇ ਰੂਪ ਵਿੱਚ ਚੁਣਿਆ ਸੀ। ਹਾਂ! 20ਵੀਂ ਸਦੀ ਦੇ ਸ਼ੁਰੂ ਦੇ ਦਹਾਕਿਆਂ ਦੌਰਾਨ ਅਮਰੀਕਾ ਵਿੱਚ, ਮਾਰਕਸ ਅਤੇ ਸਮਾਜਵਾਦ ਪ੍ਰਤੀ ਬਹੁਤ ਵੱਡੀ ਦਿਲਚਸਪੀ ਦੇਖਣ ਵਿੱਚ ਆ ਰਹੀ ਸੀ। ਧਰਮਾਨੰਦ ਨੇ ਇਸਦਾ ਜ਼ਿਕਰ ਵੀ ਕੀਤਾ ਕਿ ਕਿਸ ਤਰਾਂ ਮਾਰਕਸ ਨਾਲ਼ ਪਹਿਲਾਂ-ਪਹਿਲ ਜਾਣ-ਪਛਾਣ, 1910 ਵਿੱਚ ਉਹਨਾਂ ਦੀ ਪਹਿਲੀ ਅਮਰੀਕਾ ਯਾਤਰਾ ਦੌਰਾਨ ਇੱਕ ਡਚ ਸਹਿਯਾਤਰੀ ਨੇ ਕਰਾਈ ਸੀ। ਅਮਰੀਕਾ ਦੀ ਆਪਣੀ ਇਸ ਯਾਤਰਾ ਦੌਰਾਨ ਹੀ ਉਹਨਾਂ ਨੇ ਮਾਰਕਸ ਦਾ ਅਧਿਐਨ ਕੀਤਾ ਸੀ ਅਤੇ ਸਮਾਜਵਾਦੀਆਂ ਦੇ ਇਕੱਠਾਂ ਵਿੱਚ ਭਾਸ਼ਣ ਸੁਣਨ ਲਈ ਉਹ ਲਾਜ਼ਮੀ ਤੌਰ ‘ਤੇ ਜਾਇਆ ਕਰਦੇ ਸਨ। 1912 ਵਿੱਚ ਪੂਨੇ ਵਿਖੇ ਉੱਥੋਂ ਦੀ ਪ੍ਰਸਿੱਧ ‘ਸਪਰਿੰਗ ਲੈਕਚਰ ਸੀਰੀਜ਼’ ਦੇ ਹਿੱਸੇ ਵਜੋਂ ਉਹਨਾਂ ਨੇ ਮਾਰਕਸ ਉੱਤੇ ਇੱਕ ਭਾਸ਼ਣ ਵੀ ਦਿੱਤਾ ਸੀ। ਉਹ ਬਰਾਬਰੀ ਦੇ ਸਮਾਜਵਾਦੀ ਆਦਰਸ਼ ਨੂੰ ਤਾਂ ਮੰਨਦੇ ਸਨ ਪਰ ਹਿੰਸਕ ਇਨਕਲਾਬ ਦੀ ਲੋੜ ਨੂੰ ਪ੍ਰਵਾਨ ਨਹੀਂ ਕਰਦੇ ਸਨ। ਡੀ.ਡੀ. ਕੋਸਾਂਬੀ ਨੇ ਸ਼ਾਇਦ ਮਾਰਕਸਵਾਦ ਦਾ ਗਿਆਨ ਅਤੇ ਉਸ ਵਿੱਚ ਦਿਲਚਸਪੀ ਆਪਣੇ ਪਿਤਾ ਤੋਂ ਪ੍ਰਾਪਤ ਕੀਤੀ ਸੀ ਅਤੇ ਆਪਣੇ ਵਿਸ਼ਾਲ ਅਧਿਐਨ ਦੇ ਜ਼ਰੀਏ ਉਸ ਦਾ ਹੋਰ ਵਿਸਥਾਰ ਕੀਤਾ ਸੀ।

ਆਪਣੇ ਉੱਤੇ ਮਾਰਕਸ ਦੇ, “ਇਤਿਹਾਸ ਦੇ ਸਿਧਾਂਤ, ਜਿਸਨੂੰ ਦਵੰਦਾਤਮਕ ਭੌਤਿਕਵਾਦ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ” ਜਾਂ ਮਾਰਕਸਵਾਦ ਦੇ ਕਰਜ਼ ਨੂੰ ਪ੍ਰਵਾਨ ਕਰਦੇ ਹੋਏ ਕੋਸਾਂਬੀ ਇਤਿਹਾਸ ਦੇ ਆਪਣੇ ਨਜ਼ਰੀਏ ਨੂੰ ਇਹਨਾਂ ਸ਼ਬਦਾਂ ‘ਚ ਰੱਖਦੇ ਹਨ: “ਪੈਦਾਵਾਰ ਦੇ ਸਾਧਨਾਂ ਅਤੇ ਪੈਦਾਵਾਰੀ ਸਬੰਧਾਂ ਵਿੱਚ ਲਗਾਤਾਰ ਵਿਕਾਸ ਦੀ ਕਾਲਕ੍ਰਮ ਵਿੱਚ ਪੇਸ਼ਕਾਰੀ।” ਭਾਰਤ ਦੇ ਮਾਮਲੇ ਵਿੱਚ ਇਤਿਹਾਸਿਕ ਰਿਕਾਰਡ ਜਾਂ ਰੋਜਨਾਮਚਿਆਂ ਦੀ ਘਾਟ, ਭੌਤਿਕ ਸੱਭਿਅਤਾ ਦਾ ਅਧਿਐਨ ਵਿਸ਼ੇਸ਼ ਮਹੱਤਵ ਪ੍ਰਾਪਤ ਕਰ ਲੈਂਦਾ ਹੈ। ਉਂਝ ਕੋਸਾਂਬੀ ਦਾ ਕਹਿਣਾ ਸੀ ਕਿ ਯੂਰੋਪ ਵਿੱਚ ਵੀ, ਜਿੱਥੇ ਅਜਿਹੇ ਲਿਖਤੀ ਰਿਕਾਰਡ ਦੀ ਭਰਮਾਰ ਹੈ, ਪੁਰਾਤਤਵ ਤੋਂ ਉਸਦੀ ਪੂਰਤੀ ਕੀਤੀ ਗਈ ਹੈ। ਸੋ ਮਾਰਕਸਵਾਦੀ ਸਿਧਾਂਤ ਨੂੰ ਅਪਣਾਉਂਦੇ ਹੋਏ ਵੀ ਉਹ ਸਾਨੂੰ ਇਸ ਸਬੰਧ ਵਿੱਚ ਸੁਚੇਤ ਵੀ ਕਰਦੇ ਹਨ ਕਿ “ਮਾਰਕਸ ਦੇ ਥੀਸਸ ਨੂੰ ਅਪਨਾਉਣ ਦਾ ਅਰਥ ਇਹ ਨਹੀਂ ਕਿ ਹਰ ਮਾਮਲੇ ਵਿੱਚ ਉਹਨਾਂ ਦੇ ਸਾਰੇ ਸਿੱਟਿਆਂ ਨੂੰ (ਅਤੇ ਉਸ ਤੋਂ ਵੀ ਘਟਕੇ ਆਫੀਸ਼ੀਅਲ, ਪਾਰਟੀ ਲਾਈਨ, ਖੱਬੇ-ਪੱਖੀਆਂ ਦੇ ਸਿੱਟਿਆਂ ਨੂੰ) ਅੱਖਾਂ ਬੰਦ ਕਰਕੇ ਦੁਹਰਾਈ ਜਾਵੇ, ਖੁਦ ਮਾਰਕਸ ਨੇ ਭਾਰਤ ਦੇ ਸਬੰਧ ਵਿੱਚ ਜੋ ਕਿਹਾ ਹੈ ਉਸਨੂੰ ਜਿਉਂ ਦਾ ਤਿਉਂ ਨਹੀਂ ਲਿਆ ਜਾ ਸਕਦਾ।

ਕੋਸਾਂਬੀ ਮਾਰਕਸ ਦੇ ਭਾਰਤ ਵਿੱਚ ਛੋਟੇ-ਛੋਟੇ ਖੜੋਤ ਮਾਰੇ ਆਤਮ-ਨਿਰਭਰ ਪਿੰਡਾਂ ਦੇ ਥੀਸਸ ਨਾਲ਼ ਅਤੇ ਇਸ ਤਰਕ ਨਾਲ਼ ਅਸਹਿਮਤ ਸਨ ਕਿ ਪਿੰਡ ਆਪਣੀ ਜਰੂਰਤ ਜਿੰਨਾ ਹੀ ਪੈਦਾ ਕਰਦੇ ਸਨ ਅਤੇ ਵਟਾਂਦਰੇ ਲਈ ਚੀਜਾਂ ਦੀ ਪੈਦਾਵਾਰ ਨਹੀਂ ਕਰਦੇ ਸਨ। ਕੋਸਾਂਬੀ ਇਸ ਵਿਸ਼ਲੇਸ਼ਣ ਨੂੰ “ਭਰਮਾਊ” ਮੰਨਦੇ ਹਨ ਕਿਉਂਕਿ ਇਸ ਵਿੱਚ ਭਾਰਤੀ ਪਿੰਡਾਂ ਦੀ ਆਤਮ-ਨਿਰਭਰਤਾ ਨੂੰ ਅਤਿ ਉਚਿਆਇਆ ਗਿਆ ਹੈ: “ਜ਼ਿਆਦਾਤਰ ਪਿੰਡ ਨਾ ਤਾਂ ਧਾਤ ਪੈਦਾ ਕਰਦੇ ਹਨ ਤੇ ਨਾ ਨਮਕ, ਬੁਨਿਆਦੀ ਜਰੂਰਤ ਦੀਆਂ ਇਹ ਦੋਵੇਂ ਚੀਜਾਂ ਜ਼ਿਆਦਾਤਰ ਵਟਾਂਦਰੇ ਰਾਹੀਂ ਹਾਸਲ ਕਰਨੀਆਂ ਪੈਂਦੀਆਂ ਸਨ। ਇਸ ਲਈ ਇਸ ਦਾ ਅਰਥ ਹੋਇਆ ਜਿਣਸ ਪੈਦਾਵਾਰ। ਪਿੰਡ ਕੋਈ ਮੁੱਢ-ਕਦੀਮੋਂ ਨਹੀਂ ਚੱਲੇ ਆ ਰਹੇ ਸਨ। ਆਦਿਵਾਸੀ ਭਾਰਤ ਦੇ ਮੁਕਾਬਲੇ ਹਲ਼ ਦੀ ਵਰਤੋਂ ਕਰਨ ਵਾਲ਼ੇ ਖੇਤੀ ਪ੍ਰਧਾਨ ਪੇਂਡੂ ਅਰਥਚਾਰੇ ਦਾ ਵਿਕਾਸ, ਆਪਣੇ ਆਪ ਵਿੱਚ ਇੱਕ ਜਬਰਦਸਤ ਇਤਿਹਾਸਕ ਪ੍ਰਾਪਤੀ ਸੀ। ਦੂਜੇ ਪਾਸੇ ਜਿੱਥੇ ਪੇਂਡੂ ਇਕਾਈ ਦਾ ਅਕਾਰ ਅਬਦਲ ਰਹਿੰਦਾ ਸੀ ਉੱਥੇ ਇਹਨਾਂ ਇਕਾਈਆਂ ਦੀ ਘਣਤਾ ਸਭ ਤੋਂ ਮਹੱਤਵਪੂਰਣ ਭੂਮਿਕਾ ਅਦਾ ਕਰਦੀ ਹੋਵੇਗੀ, ਇੱਕ ਹੀ ਖੇਤਰ ਦੇ ਵਿੱਚ ਜੇਕਰ ਦੋ ਪਿੰਡ ਹੋਣ ਜਾਂ 200 ਜਾਂ 20,000 ਉੱਪਰੀ ਢਾਂਚੇ ਦੇ ਇੱਕੋ ਜਿਹੇ ਰੂਪ ਦਾ ਚਲਣ ਨਹੀਂ ਕੀਤਾ ਜਾ ਸਕਦਾ ਅਤੇ ਨਾ ਹੀ ਰਾਜ ਦੇ ਇੱਕੋ ਜਿਹੇ ਤੰਤਰ ਦੇ ਜਰੀਏ ਉਹਨਾਂ ਦੀ ਲੁੱਟ ਕੀਤੀ ਜਾ ਸਕਦੀ ਹੈ।….ਅਸਲੀਅਤ ਵਿੱਚ ਭਾਰਤੀ ਇਤਿਹਾਸ ਦੇ ਸਭ ਤੋਂ ਮਹਾਨ ਸਮਿਆਂ ਮੌਰੀਆ, ਸਤਵਾਹਨ, ਗੁਪਤ ਵਿੱਚ ਹਮਲਾਵਰਾਂ ਦਾ ਕੋਈ ਰੋਲ ਨਹੀਂ ਸੀ; ਇਹ ਤਾਂ ਬੁਨਿਆਦੀ ਪੇਂਡੂ ਸਮਾਜ ਦੇ ਗਠਨ ਅਤੇ ਪ੍ਰਸਾਰ ਦਾ ਹੀ ਸੰਕੇਤ ਦਿੰਦੇ ਹਨ ਅਤੇ ਜਾਂ ਫੇਰ ਨਵੇਂ ਵਪਾਰ ਕੇਂਦਰਾਂ ਦੇ ਵਿਕਾਸ ਦਾ।”

ਭਾਰਤੀ ਜਗੀਰਦਾਰੀ ਦੇ ਸੁਭਾਅ ਨੂੰ ਕੋਸਾਂਬੀ ਦੇ ਮੌਲਿਕ ਵਿਸ਼ਲੇਸ਼ਣ ਅਤੇ ਉਹਨਾਂ ਦੇ “ਉੱਪਰੋਂ ਜਗੀਰਦਾਰੀ” ਜਾਂ “ਹੇਠਾਂ ਤੋਂ ਜਗੀਰਦਾਰੀ” ਦੀਆਂ ਧਾਰਨਾਵਾਂ ਉੱਤੇ ਭਾਰਤ ਦੇ ਇਤਿਹਾਸਕਾਰਾਂ ਵਿੱਚ ਕਾਫੀ ਬਹਿਸ ਹੋਈ ਹੈ ਅਤੇ ਕਾਫੀ ਵਿਵਾਦ ਉੱਠੇ ਹਨ।

ਕੋਸਾਂਬੀ ਦੇ “ਕੰਬਾਇੰਡ ਮੈਥਿਡ” ਦੀ ਸ਼ਾਨਦਾਰ ਉਦਾਹਰਨ ਹੈ ਉਹਨਾਂ ਦਾ ਲੇਖ “ਉਰਵਸ਼ੀ ਅਤੇ ਪੁਰਰਵਾ”। ਜਿਵੇਂ ਕਿ ਸਵਰਗੀ ਰਵਿੰਦਰ ਕੁਮਾਰ ਨੇ ਇੱਕ ਵਾਰ ਗੈਰ-ਰਸਮੀ ਗੱਲਬਾਤ ਵਿੱਚ ਕਿਹਾ ਸੀ, ਇਹ ਉਹਨਾਂ ਦੀ ਵਿਦਵਤਾ ਦਾ ਸਭ ਤੋਂ ਚਮਕੀਲਾ ਅੰਸ਼ ਹੈ। ਕੋਸਾਂਬੀ ਨੇ ਭਾਸ਼ਾਈ ਅਤੇ ਹੋਰ ਸੱਭਿਆਚਾਰਾਂ ਦੇ ਆਰ-ਪਾਰ ਜਾਣ ਵਾਲ਼ੇ ਸ੍ਰੋਤਾਂ, ਦੋਨਾਂ ਦੀ ਹੀ ਵਰਤੋਂ ਕਰਕੇ, ਇਸ ਪੁਰਾਤਨ ਮਿੱਥ ਦਾ ਅਰਥ ਸਪੱਸ਼ਟ ਕੀਤਾ ਹੈ। ਇਸ ਵਿਸ਼ੇ ਉੱਤੇ ਕਾਲੀਦਾਸ ਦੇ ਨਾਟਕ ਤੋਂ ਸ਼ੁਰੂ ਕਰਕੇ ਕੋਸਾਂਬੀ ਸਤਪਥ ਬ੍ਰਾਹਮਣ ਤੋਂ ਲੈਕੇ ਮਹਾਭਾਰਤ ਤੱਕ ਅੱਡ ਅੱਡ ਸਰੋਤਾਂ ਵਿੱਚ ਇਸੇ ਦੰਦ ਕਥਾ ਦੀ ਪੜਤਾਲ ਕਰਦੇ ਹਨ। ਇਹ ਲੇਖ ਇਸ ਮਿਥਕ ਦੇ ਆਰੀਆ ਜਾਂ ਪੂਰਵ ਆਰੀਆ ਸੋਮਿਆਂ ਵਿੱਚ ਜਾਂਦਾ ਹੈ। ਇਸ ਵਿੱਚ ਜਨਮ ਅਤੇ ਮੌਤ ਦੀ ਦੇਵੀ ‘ਤੇ ਚਰਚਾ ਕੀਤੀ ਗਈ ਹੈ ਅਤੇ ਪਾਠਕ ਨੂੰ ਭਾਰਤੀ, ਹਿੱਤੀ, ਹੜੱਪਾਈ ਅਤੇ ਭਾਰਤੀ ਗ੍ਰੀਕ ਮਨੁੱਖਾਂ ਦੁਆਰਾ ਬਣਾਈਆਂ ਵਸਤੂਆਂ ਦੇ ਸੰਧਰਭਾਂ ਅਤੇ ਉਹਨਾਂ ਦੀਆਂ ਸਪੱਸ਼ਟਤਾ ਪ੍ਰਦਾਨ ਕਰਨ ਵਾਲ਼ੀਆਂ ਪੇਂਟਿੰਗਾਂ ਤੱਕ ਲਜਾਇਆ ਜਾਂਦਾ ਹੈ। ਇਸ ਬਹੁਤ ਹੀ ਦੁਰਲੱਭ ਖਾਕੇ ਵਿੱਚ ਅਸੀਂ ਐਨਾ ਹੋਰ ਜੋੜ ਦੇਈਏ ਕਿ ਵਿਧਵਾ ਦਹਿਨ ਦੇ ਗ੍ਰੀਕ ਮਿੱਥਾਂ ਅਤੇ ਉਹਨਾਂ ਨਾਲ਼ ਮਿਲ਼ਦੀਆਂ ਭਾਰਤੀ ਰਵਾਇਤਾਂ ‘ਤੇ ਖਤਮ ਹੁੰਦਾ ਹੈ। ਇਸ ਪੂਰਨਤਾ ਨੂੰ ਇੱਕ ਤੋਂ ਬਾਅਦ ਇੱਕ ਅਜਿਹੇ ਪ੍ਰਗਟਾਵੇ : ਅਚਾਨਕ ਆਏ ਅਜਿਹੇ ਬੋਲ ਬੰਨੀ ਰੱਖਦੇ ਹਨ ਜੋ ਡੂੰਘੇ ਅਤੇ ਸ਼ੁੱਧ ਬਹੁਖੇਤਰੀ ਗਿਆਨ ਦਾ ਪਤਾ ਦਿੰਦੇ ਹਨ।

ਇੱਕ ਹੋਰ ਲੇਖ ਜਿਸ ਨੇ ਸਨਸਨੀ ਫੈਲਾ ਦਿੱਤੀ ਸੀ ਅਤੇ ਖਾਸ ਕਰਕੇ ਅਮਰੀਕਾ ਵਿੱਚ ਸਨਸਨੀ ਫੈਲਾ ਦਿੱਤੀ ਸੀ “ਲਿਵਿੰਗ ਪ੍ਰੀ ਹਿਸਟਰੀ ਇਨ ਇੰਡੀਆ” ਹੈ। ਜੋ ਡੀ. ਡੀ. ਕੋਸਾਂਬੀ ਦੀ ਮੌਤ ਤੋਂ ਬਾਅਦ ਫਰਵਰੀ 1967 ਵਿੱਚ ਸਾਂਇੰਟੇਫ਼ਿਕ ਅਮਰੀਕਨ ਵਿੱਚ ਛਪਿਆ ਸੀ। ਫੀਲਡ ਵਰਕ ਦਾ ਮਹੱਤਵ ਇਸ ਦੇ ਕੇਂਦਰ ਵਿੱਚ ਹੈ।

ਇਤਿਹਾਸ ਦੇ ਇਸ ਵਿਸਥਾਰਿਤ (ਮੁੜ) ਲੇਖਣ ਉੱਤੇ ਸੁਭਾਵਿਕ ਅਤੇ ਆਪਾ-ਵਿਰੋਧੀ ਪ੍ਰਤੀਕਿਰਿਆਵਾਂ ਆਈਆਂ। ਬੀ. ਡੀ. ਚਟੋਉਪਧਿਯਾਏ ਨੇ (ਜਿਨ੍ਹਾਂ ਨੇ ਕੋਸਾਂਬੀ ਦੇ ਸੰਗ੍ਰਹਿ ਕੰਬਾਇੰਡ ਮੈਥਡ ਇਨ ਇੰਡੋਲਾਜੀ ਐਂਡ ਅਦਰ ਰਾਈਟਿੰਗਜ਼ ਦਾ ਸੰਪਾਦਨ ਕੀਤਾ ਹੈ) ਇੱਕੋ ਸਮੇਂ ਉਹਨਾਂ ਨੂੰ ਦੇਵਤਾ ਅਤੇ ਦੈਂਤ ਬਣਾਏ ਜਾਣ ਦੀ ਪ੍ਰਵਿਰਤੀ ਨੂੰ (ਆਪਣੀ ਭੂਮਿਕਾ ਵਿੱਚ) ਇਹਨਾਂ ਸ਼ਬਦਾਂ ਵਿੱਚ ਰੱਖਿਆ ਹੈ :

“ਕੋਸਾਂਬੀ ਹੌਲ਼ੀ-ਹੌਲ਼ੀ ਇੱਕ ਚਿੰਨ੍ਹ ਬਣਕੇ ਉੱਭਰੇ ਹਨ, ਉਹਨਾਂ ਦੇ ਨਾਮ ਅਤੇ ਕੰਮ ਦਾ ਅਕਸਰ ਅਤੇ ਭਾਂਤ ਭਾਂਤ ਦੇ ਮੌਕਿਆਂ ‘ਤੇ ਸਮਾਜ ਵਿਗਿਆਨੀਆਂ ਪੱਤਰਕਾਰਾਂ ਅਤੇ ਕਦੇ ਕਦੇ ਤਾਂ ਵਿਰੋਧੀ ਸਿਆਸੀ ਵਿਚਾਰਧਾਰਾਵਾਂ ਦੇ ਮੰਨਣ ਵਾਲ਼ਿਆਂ ਦੁਆਰਾ ਵੀ ਜਿਕਰ ਕੀਤਾ ਜਾਂਦਾ ਹੈ। ਉਹਨਾਂ ਦੀ ਪਛਾਣ ਭਾਰਤ ਦੇ ਅਤੀਤ ਸਬੰਧੀ ਸੱਚੇ ਮਾਰਕਸਵਾਦੀ ਅਧਿਐਨ ਦੇ ਪੁਰੋਹਿਤ ਦੀ ਹੈ। ‘ਵਿਗਿਆਨਕ ਭਾਰਤੀ ਇਤਿਹਾਸ ਦੇ ਪਿਤਾ ਦੀ ਹੈ, ਜਿਨ੍ਹਾਂ ਨੇ ਭਾਰਤੀ ਇਤਿਹਾਸ ਦੇ ਅਧਿਐਨ ਵਿੱਚ ‘ਬਹੁਮੁੱਲੀ ਤਬਦੀਲੀ’ ਕੀਤੀ ਸੀ। ਇਸ ਦੇ ਨਾਲ਼ ਨਾਲ਼ ਹੀ ਉਹਨਾਂ ਨੂੰ ਇੱਕ ਬਦਮਾਸ਼ ਬੁੱਤ ਤੋੜ ਵਾਂਗੂੰ ਵੀ ਦੇਖਿਆ ਜਾਂਦਾ ਹੈ। ਜੋ ਇੱਕ ਬਣੀ ਬਣਾਈ ਧਾਰਨਾ ਲੈਕੇ ਚਲਦਾ ਹੈ, ਤਰਕ ਦੇ ਬਹਾਨੇ ਭਾਰਤ ਦੀ ਸੱਭਿਆਚਾਰਕ ਵਿਰਾਸਤ ਉੱਤੇ ਪਰਾਇਆ ਖਾਕਾ ਅਤੇ ਇੱਕ ਗੈਰ-ਜਰੂਰੀ ਪਰਿਪੇਖ ਥੋਪਦਾ ਹੈ।”

ਕੋਸਾਂਬੀ ਦਾ ਇਤਿਹਾਸਕ ਲੇਖਣ ਪੜ੍ਹਨ ਵਿੱਚ ਗੰਭੀਰ ਅਤੇ ਭਾਰਾ ਹੈ ਜਿਸਨੂੰ ਅਕਸਰ ਹਾਸੇ ਮਜ਼ਾਕ ਵਿੱਚ ਪੇਸ਼ ਕੀਤਾ ਜਾਂਦਾ ਹੈ। ਥੋੜੇ ਲੋਕ ਹੀ ਜਾਣਦੇ ਹਨ ਕਿ ਉਹਨਾਂ ਨੇ 1857 ਦੇ ਵਿਦਰੋਹ ਉੱਤੇ ਇੱਕ ਛੋਟੀ ਜਿਹੀ ਕਹਾਣੀ ਵੀ ਲਿਖੀ ਸੀ ਜਿਸਦਾ ਨਾਂ ਸੀ ‘ਦਾ ਰੋਡ ਟੂ ਕਾਨਪੁਰ’, ਇਹ ਕਹਾਣੀ ਬਹੁਤ ਹੀ ਸੁੰਦਰ ਸਾਹਿਤਕ ਰਚਨਾ ਹੈ। ਇਸ ਦਾ ਸ਼ੁਰੂ ਵਾਲ਼ਾ ਦੋ ਤਿਹਾਈ ਹਿੱਸਾ 1924 ਵਿੱਚ ਹਾਰਵਰਡ ਵਿੱਚ ‘ਇੰਗਲਿਸ਼ ਏ’ ਦੇ ਲਈ ਵਿਸ਼ੇ-ਵਸਤੂ ਦੇ ਤੌਰ ‘ਤੇ ਲਿਖਿਆ ਗਿਆ ਸੀ, ਬਾਅਦ ਵਿੱਚ ਇਸ ਦਾ ਵਿਸਥਾਰ ਕਰਕੇ ਉਹਨਾਂ ਨੇ 1932 ਵਿੱਚ ਫਰਗੂਸਨ ਐਂਡ ਵੇਲਿੰਗਟਨ ਕਾਲਜ ਮੈਗਜ਼ੀਨ ਵਿੱਚ ਪ੍ਰਕਾਸ਼ਿਤ ਕਰਾਇਆ ਸੀ। ਕਹਾਣੀ 1857 ਦੇ ਵਿਦਰੋਹ ਦੇ ਇੱਕ ਮਜ਼ਬੂਰ ਵੇਤਨਭੋਗੀ ਗੋਬਿੰਦ ਸਿੰਘ ਨਾਲ਼ ਲੇਖਕ ਦੀ ਕਲਪਿਤ ਮੁਲਾਕਾਤ ਦੇ ਬਿਰਤਾਂਤ ਦੇ ਰੂਪ ਵਿੱਚ ਕਹੀ ਗਈ ਹੈ। ਉਸਨੇ ਬਰਤਾਨਵੀ ਫੌਜ ਪ੍ਰਤੀ ਭਰਾ ਮਾਰੂ ਵਫਾਦਾਰੀ ਵਿੱਚ ਵਿਦਰੋਹੀਆਂ ਵੱਲੋਂ ਲੜ ਰਹੇ ਆਪਣੇ ਭਰਾ ਦਾ ਕਤਲ ਕਰ ਦਿੱਤਾ ਸੀ। ਸੋ ਕਹਾਣੀ ਵਿੱਚ ਡੂੰਘਾ ਅਰਥ ਵੀ ਸਮਾਇਆ ਹੋਇਆ ਹੈ। ਕੋਸਾਂਬੀ ਇਸ ਵਿਦਰੋਹ ਨੂੰ ਹੀ ਬਰਤਾਨਵੀ ਸੱਨਅਤੀ ਸਰਮਾਏਦਾਰੀ ਨਾਲ਼ ਭਾਰਤੀ ਜਗੀਰਦਾਰੀ ਦੀ ਮਰਨਾਊ ਮੁੱਠਭੇੜ ਦੇ ਰੂਪ ਵਿੱਚ ਦੇਖਦੇ ਹਨ। ਜਿਸ ਵਿੱਚ ਗੋਬਿੰਦ ਸਿੰਘ ਦੀ ਤਲਵਾਰ ਉਹਨਾਂ ਅਨਗਿਣਤ ਤਲਵਾਰਾਂ ‘ਚੋਂ ਹੀ ਇੱਕ ਸੀ ਜਿੰਨ੍ਹਾਂ ਨੇ “ਦੁਨੀਆਂ ਵਿੱਚ ਅਨੇਕਾਂ ਨਾਖੁਸ਼ ਕੋਨਿਆਂ ਵਿੱਚ ਬਰਮਿੰਘਮ, ਮਨਚੈਸਟਰ ਅਤੇ ਸ਼ੇਫੀਲਡ ਦੀ ਕਾਲਖ ਮਲ਼ੀ “ਸੱਭਿਅਤਾ ਲਈ ਪਹਿਲਾ ਸੁਰੱਖਿਅਤ ਰਾਹ ਖੋਲ੍ਹਿਆ ਸੀ।” ਜਿਥੋਂ ਤੱਕ ਵਫਾਦਾਰੀ ਦਾ ਸਵਾਲ ਹੈ ਕੋਸਾਂਬੀ ਕਹਾਣੀ ਦਾ ਅੰਤ ਇਸ ਤਰਾਂ ਕਰਦੇ ਹਨ :

“ਗੋਬਿੰਦ ਸਿੰਘ ਨੇ ਕਦੇ ਅੰਗਰੇਜ਼ਾਂ ਦਾ ਲੂਣ ਨਹੀਂ ਖਾਧਾ, ਸਿਰਫ ਭਾਰਤੀ ਲੂਣ ਖਾਧਾ ਸੀ ਜਿਸ ‘ਤੇ ਅੰਗਰੇਜ਼ਾਂ ਨੇ ਟੈਕਸ ਵਸੂਲਿਆ ਸੀ।”

ਆਪਣੀ ਚਕਾਚੌਂਧ ਕਰਨ ਵਾਲ਼ੀ ਤੇ ਅਤਿ ਸਾਵਧਾਨ ਵਿਦਵਤਾ ਦੇ ਬਾਵਜੂਦ ਕੋਸਾਂਬੀ ਕੋਈ ਹਾਥੀ ਦੰਦ ਦੀ ਮੀਨਾਰ ‘ਤੇ ਬੈਠ ਕੇ ਦੁਨੀਆਂ ਨੂੰ ਦੇਖਣ ਵਾਲੇ ਵਿਦਵਾਨ ਨਹੀਂ ਸਨ। ਉਹਨਾਂ ਦੀ ਪਹਿਲੀ ਚਿੰਤਾ ਆਪਣੀਆਂ ਖੋਜਾਂ ਦੀ ਵਿਹਾਰਿਕ ਉਪਯੋਗਤਾ ਤੇ ਸਮਾਜਿਕ ਪ੍ਰਸੰਗਕਤਾ ਦੀ ਸੀ। ਉਹਨਾਂ ਦਾ ਮੰਨਣਾ ਸੀ ਕਿ ਵਿਗਿਆਨ ਤੋਂ ਸਮਾਜ ਨੂੰ ਲਾਭ ਮਿਲਣਾ ਚਾਹੀਦਾ ਹੈ, ਇਸ ਲਈ ਉਹ ਭਾਰਤ ਵਰਗੇ ਵਿਕਾਸਸ਼ੀਲ ਦੇਸ ਵਿੱਚ ਸੂਰਜੀ ਊਰਜਾ ਦੀ ਵਰਤੋਂ ਦੀ ਵਕਾਲਤ ਕਰਦੇ ਸਨ, ਭਾਵੇਂ ਕਿ ਉਸ ਜ਼ਮਾਨੇ ਵਿੱਚ ਉਹਨਾਂ ਨੂੰ ਕੋਈ ਉਤਸ਼ਾਹੀ ਹਮਾਇਤ ਨਹੀਂ ਮਿਲ਼ੀ ਸੀ। ਉਹ ਪ੍ਰਮਾਣੂ ਊਰਜਾ ਦੀ ਸ਼ਾਂਤੀਪੂਰਨ ਵਰਤੋਂ ਦੇ ਲਈ ਵੀ ਦਿਲ ਤੋਂ ਪ੍ਰਤੀਬੱਧ ਸਨ ਅਤੇ ਕਰੀਬ 1950 ਤੋਂ 1962 ਤੱਕ ਵਰਲਡ ਪੀਸ ਕਾਉਂਸਿਲ ਨਾਲ਼ ਜੁੜੇ ਰਹੇ ਸਨ। ਇਹ ਦਿਲਚਸਪ ਹੈ ਕਿ ਕੋਸਾਂਬੀ ਨੇ (1957 ਵਿੱਚ ਪ੍ਰਕਾਸ਼ਿਤ) ਸ਼ੁਭਾਸ਼ਿਤਰਤਨ ਕੋਸ਼ ਸਮਰਪਿਤ ਕੀਤਾ ਸੀ “ਉਹਨਾਂ ਸਾਰਿਆਂ ਲਈ ਜੋ ਸ਼ਾਂਤੀ ਪੂਰਨ ਤਰੀਕਿਆਂ ਨਾਲ਼ ਸ਼ਾਂਤੀ ਦੇ ਲਈ ਕੰਮ ਕਰਦੇ ਹਨ।”

ਇਸ ਤੋਂ ਪਹਿਲਾਂ ਅਮਰੀਕਾ ਤੋਂ ਵਾਪਸੀ ਦੇ ਤੁਰੰਤ ਬਾਅਦ ਅਤੇ ਜਰੂਰੀ ਤੌਰ ‘ਤੇ ਕੋਸਾਂਬੀ ਕੌਮੀ ਸੰਘਰਸ਼ ਵਿੱਚ ਕੁੱਦ ਪਏ ਸਨ। ਧਰਮਾਨੰਦ ਪਹਿਲਾਂ ਹੀ ਸੰਘਰਸ਼ ਦੇ ਨਾਲ਼ ਜੁੜ ਚੁੱਕੇ ਸਨ। ਅਚਾਰਿਆ ਕ੍ਰਿਪਲਾਨੀ ਦੇ ਮਾਰਫਤ ਉਹਨਾਂ ਨੇ 1916 ਵਿੱਚ ਪੂਨੇ ਵਿੱਚ ਗਾਂਧੀ ਜੀ ਨਾਲ਼ ਪਹਿਲੀ ਵਾਰ ਆਉਣ ‘ਤੇ ਉਹਨਾਂ ਨਾਲ਼ ਮੁਲਾਕਾਤ ਕੀਤੀ। ਅਗਾਂਹ ਜਾਕੇ ਉਹਨਾਂ ਨੇ ਪੂਨੇ ਵਿੱਚ ਆਪਣੇ ਘਰ ਗਾਂਧੀ ਜੀ ਨੂੰ ਠਹਿਰਾਇਆ ਸੀ। 1922 ਵਿੱਚ ਧਰਮਾਨੰਦ ਅਹਿਮਦਾਬਾਦ ਵਿੱਚ ਗਾਂਧੀ ਜੀ ਦੇ ਗੁਜਰਾਤ ਵਿੱਦਿਆ ਪੀਠ ਦੇ ਪੁਰਾਤਤਵ ਮੰਦਿਰ ਵਿੱਚ ਆ ਗਏ ਸੀ ਅਤੇ ਤਿੰਨ ਸਾਲ ਤੱਕ ਇਥੇ ਉਹਨਾਂ ਨੇ ਪਾਲੀ ਅਤੇ ਬੋਧ ਮੱਤ ਦੀ ਸਿੱਖਿਆ ਦਿੱਤੀ ਸੀ। ਮਈ 1930 ਵਿੱਚ ਡਾਂਡੀ ਵਿਖੇ ਨਮਕ ਸੱਤਿਆਗ੍ਰਹਿ ਦੇ ਤੁਰੰਤ ਬਾਅਦ ਧਰਮਾਨੰਦ ਸ਼ਿਰੋੜੇ ਵਿੱਚ ਨਮਕ ਸੱਤਿਆਗ੍ਰਹਿ ਵਿੱਚ ਇੱਕ ਵਲੰਟੀਅਰ ਦੀ ਤਰਾਂ ਹਿੱਸਾ ਲੈਣ ਲਈ ਪਹੁੰਚੇ ਸਨ, ਪਰ ਹਾਲਾਤਾਂ ਕਾਰਨ ਉਹਨਾਂ ਨੂੰ ਬਿਲਕੁਲ ਨਾ ਚਾਹੁੰਦੇ ਹੋਏ ਵੀ ਇਥੇ ਸੱਤਿਆਗ੍ਰਹਿ ਦੀ ਅਗਵਾਈ ਕਰਨੀ ਪਈ। ਅਹਿੰਸਕ ਅੰਦੋਲਨ ਵਿੱਚ ਉਹਨਾਂ ਦੀ ਸ਼ਮੂਲੀਅਤ ਜਾਰੀ ਰਹੀ ਤੇ ਅਗਾਂਹ ਜਾਕੇ ਉਹਨਾਂ ਨੂੰ ਤਿੰਨ ਮਹੀਨਿਆਂ ਲਈ ਥਾਣੇ ਵਿਖੇ ਜੇਲ੍ਹ ‘ਚ ਰੱਖਿਆ ਗਿਆ ਸੀ।

ਰਾਸ਼ਟਰਵਾਦੀ ਸੰਘਰਸ਼ ਵਿੱਚ ਡੀ. ਡੀ. ਕੋਸਾਂਬੀ ਦੀ ਸ਼ਮੂਲੀਅਤ ਕਿਤੇ ਘੱਟ ਨਾਟਕੀ ਸੀ, ਭਾਵੇਂ ਕਿ ਉਹ ਪੱਕੇ ਰਾਸ਼ਟਰਵਾਦੀ ਬਣੇ ਰਹੇ ਅਤੇ ਸਾਲਾਂ ਤੱਕ ਖਾਦੀ ਵੀ ਪਹਿਨਦੇ ਰਹੇ ਸਨ, ਅਜ਼ਾਦੀ ਤੋਂ ਪਹਿਲਾਂ ਵਾਲ਼ੇ ਸਾਲਾਂ ਦੌਰਾਨ ਆਪਣੀਆਂ ਸਰਗਰਮੀਆਂ ਸਬੰਧੀ ਉਹਨਾਂ ਲਿਖਿਆ ਸੀ :

“ਮਹੀਨੇ ਗੈਰ-ਰਵਾਇਤੀ ਸਰਗਰਮੀਆਂ ਵਿੱਚ ਗੁਜ਼ਰੇ ਜਿਵੇਂ ਜਖ਼ਮੀਆਂ ਦੀ ਮਦਦ ਕਰਨਾ (ਬਹੁਤ ਸੰਭਾਵਨਾ ਹੈ ਕਿ 1946 ਵਿੱਚ ਬੰਬਈ ਦੀ ਗੋਦੀਆਂ ਵਿੱਚ ਭਾਰਤੀ ਸਿਪਾਹੀਆਂ ਦੇ ਵਿਦਰੋਹ ਦੌਰਾਨ, ਜਿਸ ਕਾਰਨ, ਅੰਗਰੇਜ਼ਾਂ ਨੇ ਭਾਰਤੀ ਸਿਪਾਹੀਆਂ ਅਤੇ ਨਾਗਰਿਕਾਂ ਦਾ ਕਤਲੇਆਮ ਕੀਤਾ ਸੀ); ਕਿਸੇ ਅਸਥਾਈ ਭੂਮੀਗਤ ਕਾਰਜ ਕਰਤਾਵਾਂ ਦੀ ਮਦਦ ਕਰਨਾ; ਭਾਵੇਂ ਉਹਨਾਂ ਦੀ ਯੋਜਨਾਵਾਂ ਕਿੰਨੀਆਂ ਵੀ ਬਚਕਾਨਾ ਹੋਣ ਅਤੇ ਮੇਰੇ ਕੋਲ਼ ਸਾਧਨਾਂ ਦੀ ਕਿੰਨੀ ਵੀ ਘਾਟ ਹੋਵੇ, ਵਿਦਿਆਰਥੀਆਂ ਦੇ ਕੁਝ ਗਰੁੱਪਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨਾ ਕਿ ਉਸ ਕਾਲਜ ਨੂੰ ਭੰਨਣ-ਤੋੜਨ, ਜਿੱਥੇ ਉਸ ਸਮੇਂ ਮੈਨੂੰ ਵਿਆਖਿਆਕਾਰ ਦੇ ਰੂਪ ਵਿੱਚ ਬਰਦਾਸ਼ਤ ਕੀਤਾ ਜਾ ਰਿਹਾ ਸੀ ਅਤੇ ਉਹਨਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੇ ਹੋਣ ਦੀ ਉਮੀਦ ਕੀਤੀ ਜਾਂਦੀ ਸੀ; ਅੰਗਰੇਜਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕਰਨ ਦੇ ਤਰੀਕੇ ਦੇ ਰੂਪ ਵਿੱਚ ਕਾਰਗਰ ਨਹੀਂ ਹੋਵੇਗਾ।”

ਸੱਭਿਆਚਾਰਕ ਤੌਰ ‘ਤੇ ਕੋਸਾਂਬੀ ਇੱਕ ਸੰਸਾਰ ਨਾਗਰਿਕ ਸਨ। ਦੂਜੇ ਪਾਸੇ ਆਪਣੇ ਬੌਧਿਕ ਵਿਸਥਾਰ ਅਤੇ ਗਹਿਰਾਈ, ਭਾਰਤ ਅਤੇ ਉਸਦੇ ਸੱਭਿਆਚਾਰ ਪ੍ਰਤੀ ਆਪਣੀ ਰਾਸ਼ਟਰਵਾਦੀ ਪ੍ਰਤੀਬੱਧਤਾ ਅਤੇ ਅਮਰੀਕੀ ਆਦਤਾਂ ਤੇ ਤੌਰ ਤਰੀਕਿਆਂ ਦੇ ਜੋੜ ਕਾਰਨ ਉਹ ਹਰ ਜਗ੍ਹਾ ਬੇਮੇਲ਼ ਵੀ ਸਨ। ਉਹਨਾਂ ਦਾ ਵਿਅਕਤੀਤਵ ਆਦਮ ਕੱਦ ਤੋਂ ਵੱਡਾ ਸੀ ਅਤੇ ਉਹਨਾਂ ਦਾ ਨਿੱਜੀ ਜੀਵਨ ਵੀ ਇੱਕ ਮਹੱਤਵਪੂਰਨ ਬਿਆਨ ਸੀ। ਉਹਨਾਂ ਦੀ ਇਮਾਨਦਾਰੀ – ਨਿੱਜੀ ਅਤੇ ਬੌਧਿਕ – ਸਵਾਲ ਤੋਂ ਪਰ੍ਹੇ ਸੀ। ਧਰਮ ਨਿਰਪੱਖਤਾ ਉਹਨਾਂ ਦੇ ਵਿਅਕਤੀਤਵ ਦੀ ਰੀੜ੍ਹ ਸੀ। ਉਹ ਧਰਮ, ਜਾਤ, ਨਸਲ ਜਾਂ ਲਿੰਗ ਦੇ ਅਧਾਰ ‘ਤੇ ਕੋਈ ਵੀ ਭੇਦ ਨਹੀਂ ਕਰਦੇ ਸਨ ਅਤੇ ਉਹਨਾਂ ਨੇ ਉਸੇ ਧਰਮ ਨਿਰਪੱਖ ਵਿਚਾਰਧਾਰਾ  ਨਾਲ਼ ਆਪਣੇ ਬੱਚਿਆਂ ਦਾ ਪਾਲਣ-ਪੋਸ਼ਣ ਕੀਤਾ ਸੀ। ਆਪਣੀਆਂ ਆਦਤਾਂ ਵਿੱਚ ਉਹ ਬਹੁਤ ਹੀ ਸਾਦਾ, ਕਰੀਬ-ਕਰੀਬ ਪਵਿੱਤਰਤਾਵਾਦੀ ਵਰਗੇ ਸਨ। ਉਹਨਾਂ ਨੇ ਕਦੇ ਵੀ ਸ਼ਰਾਬ, ਸਿਗਰੇਟ ਜਾਂ ਪਾਨ ਨੂੰ ਹੱਥ ਨਹੀਂ ਲਾਇਆ ਸੀ। ਦੁੱਧ ਜਾਂ ਕੋਕੋ ਤੋਂ ਇਲਾਵਾ ਦੂਸਰਾ ਕੋਈ ਪੀਣ ਯੋਗ ਉਹਨਾਂ ਨੇ ਕਦੇ ਨਹੀਂ ਪੀਤਾ ਸੀ ਅਤੇ ਕੌਫ਼ੀ (ਦੁੱਧ ਵਾਲ਼ੀ ਨੈਸਕੈਫ਼ੇ) ਪੀਣਾ ਵੀ ਬਹੁਤ ਬਾਅਦ ਵਿੱਚ ਜਾਕੇ 1950 ਦੇ ਦਹਾਕੇ ਦੇ ਵਿਚਾਲ਼ੇ ਸ਼ੁਰੂ ਕੀਤਾ ਸੀ। ਉਹ ਸਾਦਾ ਕੱਪੜੇ ਪਹਿਨਦੇ ਸਨ ਅਤੇ ਆਪਣੀ ਆਮਦਨ ਮੁੱਖ ਰੂਪ ‘ਚ ਕਿਤਾਬਾਂ ਉੱਤੇ (ਅਤੇ ਚਾਕਲੇਟ ਉੱਤੇ ਵੀ, ਕਿਉਂਕਿ ਉਹ ਮਿੱਠੇ ਦੇ ਬਹੁਤ ਸ਼ੌਕੀਨ ਸਨ) ਅਤੇ ਬੰਬਈ ਵਿੱਚ ਗੇਟ-ਵੇ ਦੇ ਨੇੜੇ ਸਥਿੱਤ ਆਪਣੇ ਪਿਆਰੇ ਚੀਨੀ ਰੈਸਟੋਰੈਂਟ ਵਿੱਚ ਜਾਕੇ ਆਪਣੇ ਮਿੱਤਰਾਂ ਨਾਲ਼ ਬੁੱਧਵਾਰ ਨੂੰ ਦੁਪਿਹਰ ਦਾ ਭੋਜਨ ਵਰਗੀ ਕਦੇ ਕਦਾਈਂ ਫਜੂਲ ਖਰਚੀਆਂ ਵਿੱਚ ਖਰਚ ਕਰਦੇ ਸਨ। ਇਸ ਤੋਂ ਇਲਾਵਾ ਉਹ ਆਪਣੇ ਜਾਣਕਾਰ ਜਰੂਰਤਮੰਦਾਂ ਦੀ ਉਧਾਰ ਦੇ ਰੂਪ ਵਿੱਚ ਜਾਂ ਇਵੇਂ ਹੀ ਮਦਦ ਕਰਦੇ ਸਨ। ਪਹਿਲੀ ਸ਼੍ਰੇਣੀ ਦੀ ਸੁਵਿਧਾ ਵਿੱਚ ਯਾਤਰਾ ਕਰਨ ਦੀ ਉਹਨਾਂ ਦੀ ਚੋਣ, ਬਹੁਤ ਸਾਰੇ ਲੋਕਾਂ ਹੈਰਾਨ ਵੀ ਕਰਦੀ ਸੀ।

ਕੋਸਾਂਬੀ ਵਿੱਚ ਦਿਨ ਹੋਵੇ ਜਾਂ ਰਾਤ, ਕਿਸੇ ਵੀ ਸਮੇਂ ਸਖਤ ਮਿਹਨਤ ਕਰਨ ਦੀ ਜਬਰਦਸਤ ਸਮਰੱਥਾ ਸੀ, ਸ਼ਾਇਦ ਇਹ ਸਿੱਖਿਆ ਉਹਨਾਂ ਨੂੰ ਆਪਣੇ ਪਿਤਾ ਤੋਂ ਮਿਲ਼ੀ ਸੀ। ਆਪਣੇ ਆਪ ਸਹੇੜੀ ਗਰੀਬੀ ਨੂੰ ਆਪਣੀ ਸਧਾਰਨ ਅਵਸਥਾ ਵਿੱਚ ਹੀ ਧਰਮਾਨੰਦ ਨੇ ਬਿਨਾਂ ਕਿਸੇ ਸ਼ਿਕਵੇ ਸ਼ਿਕਾਇਤ ਦੇ ਪੈਦਲ ਹੀ ਹਿਮਾਲਿਆ ਦੇ ਔਖੇ ਪਹਾੜੀ ਅਤੇ ਬਰਫੀਲੇ ਰਸਤੇ ਰਾਹੀਂ ਨੇਪਾਲ ਦੀ ਯਾਤਰਾ ਕੀਤੀ ਸੀ, ਇਸ ਉਮੀਦ ਨਾਲ਼ ਕਿ ਬੁੱਧ ਗ੍ਰੰਥ ਉਹਨਾਂ ਦੇ ਹੱਥ ਲੱਗਣਗੇ। ਡੀ. ਡੀ. ਕੋਸਾਂਬੀ ਐਨੀ ਅਤਿ ਤੱਕ ਤਾਂ ਨਹੀਂ ਗਏ ਫੇਰ ਵੀ ਉਹ ਲਗਾਤਾਰ ਸਖਤ ਮਿਹਨਤ ਕਰਨ ਦੇ ਸਮਰੱਥ ਸਨ, ਚਾਹੇ ਅਧਿਐਨ ਦਾ ਮਾਮਲਾ ਹੋਵੇ ਜਾਂ ਫੀਲਡ ਵਰਕ ਦਾ ਜਾਂ ਆਪਣੀ ਖੋਜ ਨਾਲ਼ ਜੁੜੇ ਦੂਸਰੇ ਕਿਸੇ ਵੀ ਕੰਮ ਦਾ।

ਕੋਸਾਂਬੀ ਉਮਰ ਭਰ ਆਪਣੀ ਸਿਹਤ ਅਤੇ ਤੰਦਰੁਸਤੀ ਪ੍ਰਤੀ ਸੁਚੇਤ ਰਹੇ ਸਨ। ਭਾਰ ਚੁੱਕਣਾ ਅਤੇ ਪੈਦਲ ਚੱਲਣਾ ਉਹਨਾਂ ਦੀ ਰੋਜ਼ਾਨਾ ਦੀ ਆਦਤ ਸੀ। ਕਿਤਾਬਾਂ ਨਾਲ਼ ਭਰੇ ਆਪਣੀ ਪਿਠ ‘ਤੇ ਲਮਕਦੇ ਝੋਲ਼ੇ ਨਾਲ਼ ਉਹ ਹਰ ਸਵੇਰ ਤਿੰਨ ਮੀਲ ਤੋਂ ਜ਼ਿਆਦਾ ਪੈਦਲ ਚੱਲਕੇ ਰੇਲਵੇ ਸਟੇਸ਼ਨ ਜਾਂਦੇ ਸਨ ਜਿੱਥੋਂ “ਡੈਕਨ ਕੁਈਨ” ਟ੍ਰੇਨ ਫੜਕੇ ਬੰਬਈ ਦੇ ਟੀ. ਆਈ.ਆਈ.ਐੱਫ਼.ਆਰ. ਵਿੱਚ ਕੰਮ ਕਰਨ ਲਈ ਪਹੁੰਚਦੇ ਸਨ (ਬੰਬਈ ਦਾ ਪੌਣ ਪਾਣੀ ਅਨੁਕੂਲ ਨਾ ਹੋਣ ਕਾਰਨ ਉਹਨਾਂ ਨੇ ਤੈਅ ਕੀਤਾ ਸੀ ਕੀ ਉਹ ਉੱਥੇ ਨਹੀਂ ਰਹਿਣਗੇ।) ਉਹ ਪੂਨੇ-ਬੰਬਈ ਵਿਚਕਾਰ ਰੋਜ ਯਾਤਰਾ ਕਰਨ ਵਾਲ਼ੇ ਮੁੱਠੀ ਭਰ ਪਹਿਲੇ ਲੋਕਾਂ ਵਿੱਚ ਸਨ। ਉਦੋਂ ਤੱਕ ਰੋਜ਼ਾਨਾ ਯਾਤਰਾ ਦਾ ਵਿਚਾਰ ਠੀਕ ਢੰਗ ਨਾਲ਼ ਆਇਆ ਵੀ ਨਹੀਂ ਸੀ। ਉਹ ਕਦੇ ਕਦੇ ਆਪਣੇ ਸਹਿਯਾਤਰੀਆਂ ਨਾਲ਼ ਬ੍ਰਿਜ ਵੀ ਖੇਡਦੇ ਸਨ, ਭਾਵੇਂ ਕਿ ਜ਼ਿਆਦਾਤਰ ਆਪਣਾ ਕੰਮ ਹੀ ਕਰਦੇ। ਅਸਲ ਵਿੱਚ ਆਪਣੀ ‘ਇੰਟ੍ਰੋਡਕਸ਼ਨ ਟੂ ਦਾ ਸਟੱਡੀ ਆਫ਼ ਇੰਡੀਅਨ ਹਿਸਟਰੀ’ ਦੀ ਭੂਮਿਕਾ ਵਿੱਚ ਉਹਨਾਂ ਨੇ ਡੈਕਨ ਕੁਈਨ ਨੂੰ ਹੀ ਆਪਣਾ ਟਿਕਾਣਾ ਦੱਸਿਆ ਹੈ।

ਅਸੀਂ ਕੋਸਾਂਬੀ ਦੀ ਕਲਪਨਾ ਇੱਕ ਕਲਾਕਾਰ ਦੇ ਰੂਪ ਵਿੱਚ ਨਹੀਂ ਕਰਦੇ ਹਾਂ, ਫੇਰ ਵੀ ਕਲਾ ਸਬੰਧੀ ਪੁਸਤਕਾਂ ਦਾ ਉਹਨਾਂ ਦਾ ਵਿਸ਼ਾਲ ਸੰਗ੍ਰਹਿ ਉਹਨਾਂ ਦੇ ਕਲਾ ਪ੍ਰੇਮੀ ਹੋਣ ਦਾ ਸਬੂਤ ਦਿੰਦਾ ਹੈ। ਫ਼ੋਟੋਗ੍ਰਾਫ਼ੀ ਦੇ ਆਪਣੇ ਸ਼ੌਕ ਨੂੰ ਉਹ ਗੰਭੀਰਤਾ ਨਾਲ਼ ਲੈਂਦੇ ਸਨ ਅਤੇ ਉਸ ਵਿੱਚ ਕਲਾਤਮਕ ਮੁਹਾਰਤ ਹਾਸਲ ਕਰਨ ਦੀ ਕੋਸ਼ਿਸ਼ ਕਰਦੇ ਸਨ। ਬਲੈਕ ਐਂਡ ਵਾਈਟ ਫ਼ੋਟੋਗ੍ਰਾਫ਼ੀ ਉਹ ਬੜੇ ਉਤਸ਼ਾਹ ਨਾਲ਼ ਕਰਦੇ ਸਨ ਅਤੇ ਆਪਣੇ ਅਧਿਐਨ ਕਮਰੇ ਵਿੱਚ ਹੀ ਆਪਣੀਆਂ ਖਿੱਚੀਆਂ ਫਿਲਮਾਂ ਨੂੰ ਡਿਵੈਲਪ ਕਰਦੇ ਸਨ। ਇਸ ਮੌਕੇ ‘ਤੇ ਉਹਨਾਂ ਦਾ ਅਧਿਐਨ ਕਮਰਾ ਉਹਨਾਂ ਦਾ ਡਾਰਕ ਰੂਮ ਬਣ ਜਾਂਦਾ ਸੀ, ਅਗਾਂਹ ਜਾਕੇ ਉਹਨਾਂ ਨੇ ਨਰਜਾਤੀ ਕੰਮ ਦੀਆਂ ਰੰਗੀਨ ਸਲਾਈਡਾਂ ਵੀ ਬਣਾਈਆਂ ਸਨ। ਉਹ ਆਮ ਤੌਰ ‘ਤੇ ਸੰਗੀਤ ਦੇ ਪ੍ਰੇਮੀ ਤਾਂ ਨਹੀਂ ਸਨ ਫੇਰ ਵੀ ਪਾਲ ਰਾਬਸਨ ਦੇ ਗੀਤ ਅਤੇ ਸੁਬੂ ਲਕਸ਼ਮੀ ਦੇ ਭਜਨ ਉਹਨਾਂ ਦੀ ਖਾਸ ਪਸੰਦ ਸਨ। ਥਕੇਵਾਂ ਉਤਾਰਨ ਲਈ ਉਹ ਆਮ ਤੌਰ ‘ਤੇ ਸਾਡੇ ਨਾਲ਼ ਜਿਨ ਰਮੀ ਖੇਡਦੇ ਸਨ। ਬ੍ਰਿਜ ਲਈ ਚਾਰ ਲੋਕ ਅਸਾਨੀ ਨਾਲ਼ ਇਕੱਠੇ ਕਰਨਾ ਮੁਸ਼ਕਿਲ ਹੁੰਦਾ ਸੀ ਅਤੇ ਸਾਡੇ ਘਰ ਵਿੱਚ ਮਾਂ ਤੋਂ ਇਲਾਵਾ ਹੋਰ ਕੋਈ ਬ੍ਰਿਜ ਨਹੀਂ ਖੇਡਦਾ ਸੀ। ਸੋ ਸ਼ਾਇਦ ਥਕੇਵਾਂ ਲਾਹੁਣ ਦਾ ਉਹਨਾਂ ਦਾ ਮਨ ਭਾਉਂਦਾ ਤਰੀਕਾ ਸੀ, ਰਹੱਸਮਈ ਕਤਲ ਵਾਲ਼ੀਆਂ ਕਹਾਣੀਆਂ ਪੜ੍ਹਨਾ।

ਕਿਸੇ ਵੀ ਵਿਅਕਤੀ ਵਿੱਚ ਵਿਰੋਧਤਾਈਆਂ ਹੁੰਦੀਆਂ ਹਨ ਅਤੇ ਗੁੰਝਲ਼ਤਾਵਾਂ ਵੀ, ਪਰ ਸ਼ਾਇਦ ਕੋਸਾਂਬੀ ਦੇ ਮਾਮਲੇ ਵਿੱਚ ਸਾਰਾ ਕੁਝ ਅਤਿ ਦੀ ਤਰਾਂ ਸੀ। ਇੱਕ ਵਿਅਕਤੀ ਦੇ ਰੂਪ ਵਿੱਚ ਉਹ ਗਰਮਜੋਸ਼ੀ ਭਰੇ ਵੀ ਹੋ ਸਕਦੇ ਅਤੇ ਰੁੱਖੇ ਵੀ, ਸਭ ਕੁਝ ਇਸਤੇ ਨਿਰਭਰ ਕਰਦਾ ਸੀ ਕਿ ਉਹਨਾਂ ਦਾ ਮਨ ਉਸ ਵੇਲ਼ੇ ਕਿਹੋ ਜਿਹਾ ਸੀ। ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਕਿਰਪਾਲਤਾ ਨੂੰ ਦਿਲ ਦੀਆਂ ਡੂੰਘਾਈਆਂ ‘ਚੋਂ ਮੈਨੂੰ ਦੱਸਿਆ ਹੈ ਤੇ ਕੁਝ ਨੇ ਉਹਨਾਂ ਨਾਲ਼ ਘ੍ਰਿਣਤ ਮੁੱਠਭੇੜਾਂ ਬਾਰੇ ਵੀ ਦੱਸਿਆ ਹੈ। ਉਹ ਖੁਸ਼ੀ-ਖੁਸ਼ੀ ਮੂਰਖਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਸਨ। ਪਰ ਉਹ ਖੁਸ਼ੀ-ਖੁਸ਼ੀ ਪ੍ਰਤਿਭਾਵਾਨ ਤੋਂ ਹੇਠਲੇ ਦਰਜੇ ਦੇ ਲੋਕਾਂ ਨੂੰ ਹੀ ਬਰਦਾਸ਼ਤ ਕਰ ਸਕਦੇ ਸਨ ਅਤੇ ਇਸ ਵਿੱਚ ਉਹਨਾਂ ਦੇ ਆਲ਼ੇ-ਦੁਆਲ਼ੇ ਦੇ ਜ਼ਿਆਦਾਤਰ ਲੋਕ ਆ ਜਾਂਦੇ ਸਨ। ਭਾਵੇਂ ਪ੍ਰਸਿੱਧ ਵਿਦਵਾਨਾਂ ਨਾਲ਼ ਉਹਨਾਂ ਦੀ ਨਹੀਂ ਬਣਦੀ ਸੀ, ਪਰ ਆਪਣੇ ਫੀਲਡ ਟਰਿੱਪਾਂ ਉੱਤੇ ਆਪਣੇ ਪਿੰਡ ਵਾਲ਼ਿਆਂ ਨਾਲ਼ ਹਮੇਸ਼ਾ ਹੀ ਉਹਨਾਂ ਦੀ ਖੂਬ ਨਿਭਦੀ ਸੀ।

ਉਹਨਾਂ ਦਾ ਸਮਾਜਿਕ ਜੀਵਨ ਆਮ ਤੌਰ ‘ਤੇ ਉਹਨਾਂ ਦੇ ਬੌਧਿਕ ਜੀਵਨ ਦਾ ਹੀ ਹਿੱਸਾ ਸੀ (ਅਤੇ ਦੋਨੋ ਹੀ ਪਰਿਵਾਰ ਦੇ ਘੇਰੇ ਤੋਂ ਬਾਹਰ ਸਨ) ਵੀ. ਵੀ. ਗੋਖਲੇ ਜੋ ਫਰਗੂਸਨ ਕਾਲਜ ਵਿੱਚ ਜਰਮਨ ਦੇ ਪ੍ਰੋਫੈਸਰ ਸਨ ਅਤੇ ਕਦੇ ਕਦੇ ਉਹਨਾਂ ਦੀ ਕੰਮ ਵਿੱਚ ਮਦਦ ਵੀ ਕਰਦੇ ਸਨ, ਉਹਨਾਂ ਦੇ ਗੂੜ੍ਹੇ ਮਿੱਤਰਾਂ ਵਿੱਚੋਂ ਇੱਕ ਸਨ ਅਤੇ ਲਗਾਤਾਰ ਸਾਡੇ ਘਰ ਆਇਆ ਕਰਦੇ ਸਨ। ਆਰ.ਪੀ. ਨੇਨੇ ਜੋ ਉਸ ਜ਼ਮਾਨੇ ਦੇ ਕਮਿਉਨਿਸਟ ਪਾਰਟੀ ਦੇ ਨੌਜਵਾਨ ਅਤੇ ਸਰਗਰਮ ਮੈਂਬਰ ਸਨ ਅਤੇ ਭਾਰਤੀ ਇਤਿਹਾਸ ਦੀ ਮਾਰਕਸਵਾਦੀ ਵਿਆਖਿਆ ਦੇ ਉਤਸਕ ਵਿਦਿਆਰਥੀ ਸਨ, ਇੱਕ ਹੋਰ ਅਜਿਹੇ ਸ਼ਖਸ਼ ਸਨ ਜੋ ਅਨੇਕਾਂ ਸਾਲ ਤੱਕ ਲਗਾਤਾਰ ਘਰ ਆਇਆ ਜਾਇਆ ਕਰਦੇ ਸਨ ਅਤੇ ਕੋਸਾਂਬੀ ਦੀ ਮੌਤ ਤੋਂ ਬਾਅਦ ਵੀ ਆਉਂਦੇ ਜਾਂਦੇ ਰਹਿੰਦੇ ਹਨ। ਕੋਸਾਂਬੀ ਦੇ ਗੈਰ-ਰਸਮੀ ਵਿਦਿਆਰਥੀਆਂ ਦਾ ਇੱਕ ਸਮਰਪਿਤ ਦਲ ਸੀ, ਜੋ ਅਕਸਰ ਘਰ ਆਇਆ ਕਰਦੇ ਸਨ ਅਤੇ ਫੀਲਡ ਟਰਿੱਪਾਂ ‘ਤੇ ਉਹਨਾਂ ਦੇ ਨਾਲ਼ ਜਾਇਆ ਕਰਦੇ ਸਨ। ਇਹ ਇੱਕ ਕੌਮਾਂਤਰੀ ਦਲ ਸੀ ਜਿਸ ਵਿੱਚ ਜਾਹਿਰ ਹੈ ਕਿ ਭਾਰਤੀ ਸ਼ਾਮਿਲ ਸਨ ਅਤੇ ਉਹਨਾਂ ਤੋਂ ਬਿਨਾਂ ਅਮਰੀਕੀ, ਜਪਾਨੀ, ਯੂਰਪੀਅਨ ਅਤੇ ਹੋਰ ਲੋਕ ਵੀ ਸ਼ਾਮਲ ਸਨ। ਕੋਸਾਂਬੀ ਉਹਨਾਂ ਨੂੰ ਬਹੁਤ ਕੁਝ ਪੜ੍ਹਾਉਂਦੇ ਸਨ ਅਤੇ ਸ਼ਾਇਦ ਬਦਲੇ ਵਿੱਚ ਉਹਨਾਂ ਤੋਂ ਵੱਡੀਆਂ ਉਮੀਦਾਂ ਵੀ ਰੱਖਦੇ ਸਨ। ਜਿਹੋ ਜਿਹੀ ਉਮੀਦ ਪ੍ਰਤੱਖ ਰੂਪ ਵਿੱਚ ਉਹ ਆਪਣੀਆਂ ਦੋਵੇਂ ਲੜਕੀਆਂ ਤੋਂ ਵੀ ਰੱਖਦੇ ਸਨ

ਇੱਕ ਪ੍ਰਤਿਭਾਸ਼ਾਲੀ, ਡੂੰਘੇ ਅਤੇ ਮੌਲਿਕ ਵਿਦਵਾਨ ਦੇ ਰੂਪ ਵਿੱਚ, ਜੋ ਗਿਆਨ ਦੇ ਅਨੇਕਾਂ ਖੇਤਰਾਂ ਵਿੱਚ ਘੁੰਮਦਾ ਫਿਰਦਾ ਸੀ, ਉਹਨਾਂ ਦੀ ਹਮੇਸ਼ਾ ਇੱਕ ਅਨੋਖੀ ਪਛਾਣ ਸੀ ਅਤੇ ਇਹ ਪਛਾਣ ਓਦੋਂ ਤੱਕ ਜਿਉਂਦੀ ਰਹੇਗੀ ਜਦੋਂ ਤੱਕ ਵਿਦਵਤਾ ਜਿਉਂਦੀ ਹੈ।

ਅਨੁਵਾਦ: ਇਕਬਾਲ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 41, ਜੁਲਾਈ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s