‘ਕੋਮਸੋਮੋਲਸਕਾਇਆ ਪ੍ਰਾਵਦਾ’ ਪੱਤਰ ਦੇ ਸਾਹਿਤਕ ਵਿਭਾਗ ਦੇ ਪ੍ਰਬੰਧਕ ਸੇ ਤ੍ਰੇਗੁਬ ਨਾਲ਼ ਗੱਲਬਾਤ ਨਵੰਬਰ, 1936 (ਇੱਕ ਅਧੂਰਾ ਦਸਤਾਵੇਜ)

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਤ੍ਰੇਗੁਬ: ਤੁਹਾਡੇ ਸੁਪਨੇ ਕਿਸ ਤਰ੍ਹਾਂ ਦੇ ਹੁੰਦੇ ਹਨ?

ਓਸਤ੍ਰੋਵਸਕੀ: ਮੈਂ ਆਪਣੇ ਸੁਪਨਿਆਂ ‘ਤੇ ਜੇਕਰ ਦਸ ਮੋਟੇ ਮੋਟੇ ਗ੍ਰੰਥ ਵੀ ਲਿਖ ਦਿਆਂ, ਤਾਂ ਵੀ ਉਹ ਖ਼ਤਮ ਨਹੀਂ ਹੋਣਗੇ। ਮੈਂ ਹਰ ਵਕਤ ਸੁਪਨੇ ਦੇਖਦਾ ਰਹਿੰਦਾ ਹਾਂ, ਸਵੇਰੇ ਤੋਂ ਸ਼ਾਮ ਤਾਈਂ, ਹਾਂ, ਨਾਲ਼ੇ ਰਾਤ ਨੂੰ ਵੀ। ਕਿਸ ਚੀਜ਼ ਦੇ? ਇਹ ਕਹਿਣਾ ਮੁਸ਼ਕਿਲ ਹੈ। ਇਹ ਕੋਈ ਫਜ਼ੂਲ ਜਿਹਾ ਸੁਪਨਾ ਨਹੀਂ,  ਜਿਹੜਾ ਨਿਤ ਦਿਨ ਅਤੇ ਇੱਕ ਮਹੀਨੇ ਮਗਰੋਂ ਦੂਜੇ ਮਹੀਨੇ ਤੱਕ ਚਲਦਾ ਰਹੇ। ਉਹ ਹਰ ਵਕਤ ਬਦਲਦਾ ਰਹਿੰਦਾ ਹੈ — ਸੂਰਜ ਦੇ ਚੜ੍ਹਨ ਦੀ ਤਰ੍ਹਾਂ, ਜਾਂ ਛਿਪਣ ਦੀ ਤਰ੍ਹਾਂ… ਮੈਂ ਸਮਝਦਾ ਹਾਂ ਕਿ ਸੁਪਨੇ ਦੇਖਣਾ ਜੀਵਨ ‘ਚ ਫਿਰ ਤੋਂ ਤਾਜ਼ਗੀ ਲਿਆਉਣ ਦਾ ਅਦਭੁਤ ਸਾਧਨ ਹੈ। ਜਦੋਂ ਮੇਰੀ ਬਹੁਤ ਸਾਰੀ ਤਾਕਤ ਖਰਚ ਹੋ ਜਾਂਦੀ ਹੈ, ਨਾਲ਼ੇ ਮੈਂ ਇੱਕ ਖ਼ਤਮ ਬੈਟਰੀ ਵਾਂਗੂੰ ਕਮਜ਼ੋਰ ਮਹਿਸੂਸ ਕਰਨ ਲੱਗਦਾ ਹਾਂ, ਤਦ ਮੈਨੂੰ ਆਪਣੇ ‘ਚ ਨਵੀਂ ਤਾਕਤ ਪੈਦਾ ਕਰਨ ਦੇ ਸਾਧਨ ਲੱਭਣੇ ਪੈਂਦੇ ਹਨ, ਕੋਈ ਅਜਿਹੀ ਚੀਜ਼ ਜਿਸ ਨਾਲ਼ ਮੇਰੀ ਤਾਕਤ ਫਿਰ ਤੋਂ ਜੁਟ ਸਕੇ। ਮੇਰੇ ਸੁਪਨੇ – ਭਾਵੇਂ ਉਹ ਕਦੇ ਮਨਘੜ੍ਹਤ – ਕਲਪਿਤ ਲੱਗਦੇ ਹੋਣ ਉਹ ਸਦਾ ਇਸ ਧਰਤੀ ਦੇ ਹੁੰਦੇ ਹਨ, ਇਸ ਜੀਵਨ ਦੇ ਹੁੰਦੇ ਹਨ। ਮੈਂ ਅਸੰਭਵ ਦੇ ਸੁਪਨੇ ਕਦੇ ਨਹੀਂ ਦੇਖਦਾ।

…ਮੈਂ ਆਪਣੇ ਦੇਸ਼ ਦੀ, ਆਪਣੀ ਜਮਹੂਰੀਅਤ ਦੀ ਤਾਕਤ ਨੂੰ ਕਈ ਗੁਣਾ ਵਧਾ ਸਕਾਂ – ਇਹ ਇੱਛਾ ਕਦੇ ਵੀ ਇੰਨੀ ਤੀਬਰ ਨਹੀਂ ਹੁੰਦੀ ਜਿੰਨੀ ਕਿ ਸੁਪਨੇ ਦੇਖਦੇ ਸਮੇਂ। ਜੇਕਰ ਇਨਸਾਨ ਸਰਮਾਏਦਾਰਾਂ ਦੀ ਸਾਰੀ ਦੀ ਸਾਰੀ ਦੌਲਤ, ਅਰਬਾਂ ਰੂਬਲ ਲੈ ਲਵੇ, ਉਹਨਾਂ ਦੀਆਂ ਸਾਰੀਆਂ ਮਸ਼ੀਨਾਂ – ਉਹ ਸਭ ਸਮਾਨ ਜਿਹੜਾ ਅਣਉਪਯੋਗੀ ਅਤੇ ਵਿਅਰਥ ਉਹਨਾਂ ਦੇ ਹੱਥਾਂ ‘ਚ ਪਿਆ ਹੋਇਆ ਹੈ; ਜੇਕਰ ਇਨਸਾਨ ਉਹਨਾਂ ਦੇ ਮਜ਼ਦੂਰਾਂ ਨੂੰ ਲਿਆ ਸਕੇ, ਭੁੱਖੇ, ਮਿਹਨਤੀ ਅਤੇ ਥੱਕੇ ਹਾਰੇ, ਕੰਗਾਲੀ ਅਤੇ ਤਸੀਹਿਆਂ ਦੀ ਅੰਤਮ ਹੱਦ ਤੱਕ ਪਹੁੰਚੇ ਹੋਏ – ਜੇਕਰ ਇਨਸਾਨ ਉਹਨਾਂ ਨੂੰ ਇੱਥੇ ਲਿਆ ਸਕੇ ਅਤੇ ਉਹਨਾਂ ਨੂੰ ਕੰਮ ਅਤੇ ਨਵਾਂ ਜੀਵਨ ਦੇ ਸਕੇ। ਨਾਲ਼ੇ ਮੇਰੀਆਂ ਅੱਖਾਂ ਮੂਹਰੇ ਇੱਕ ਜਹਾਜ ਆ ਜਾਂਦਾ ਹੈ, ਜਿਹੜਾ ਉਹਨਾਂ ਨੂੰ ਇੱਥੇ ਸਾਡੇ ਕੋਲ਼ ਲਿਆ ਰਿਹਾ ਹੈ। ਉਸ ਨਾਲ਼ ਅਨੰਦਮਈ ਭੇਂਟ ਮੇਰੀਆਂ ਅੱਖਾਂ ਮੂਹਰੇ ਆ ਜਾਂਦੀ ਹੈ। ਲੋਕ ਅਜ਼ਾਦ ਅਤੇ ਪ੍ਰਸੰਨ ਹਨ।

ਸੁਪਨਿਆਂ ਦੀ ਕੋਈ ਹੱਦ ਨਹੀਂ ਹੁੰਦੀ… ਅਕਸਰ ਮੇਰੇ ਦਿਮਾਗ ਦੇ ਕਿਸੇ ਕੋਨੇ ‘ਚ ਇੱਕ ਛੋਟੀ-ਜਿਹੀ ਚਿੰਗਾਰੀ ਬਲ ਉੱਠਦੀ ਹੈ, ਮੇਰੀਆਂ ਅੱਖਾਂ ਮੂਹਰੇ ਇੱਕ ਦ੍ਰਿਸ਼ ਵਧਣ ਅਤੇ ਫ਼ੈਲਣ ਲੱਗਦਾ ਹੈ ਅਤੇ ਇੱਕ ਜੇਤੂ ਰਵਾਨਗੀ ਦੇ ਦ੍ਰਿਸ਼ ਦੇ ਸਿੱਟੇ ਵਜੋਂ ਪੈਦਾ ਹੁੰਦਾ ਹੈ। ਅਜਿਹੇ ਸੁਪਨਿਆਂ ਨਾਲ਼ ਮੈਨੂੰ ਬਹੁਤ ਲਾਭ ਹੁੰਦਾ ਹੈ। ਪ੍ਰੇਮ, ਨਿੱਜੀ ਸੁੱਖ- ਮੇਰੇ ਸੁਪਨਿਆਂ ‘ਚ ਇਹਨਾਂ ਲਈ ਬਹੁਤ ਘੱਟ ਜਗ੍ਹਾ ਹੈ; ਬੰਦਾ ਆਪਣੇ ਨਾਲ਼ ਕਦੇ ਝੂਠ ਨਹੀਂ ਬੋਲਦਾ। ਉਸ ਖੁਸ਼ੀ ਤੋਂ ਵੱਧ ਕੇ, ਜਿਹੜੀ ਇੱਕ ਫ਼ੌਜੀ ਨੂੰ ਮਿਲਦੀ ਹੈ, ਮੇਰੇ ਲਈ ਕੋਈ ਹੋਰ ਖੁਸ਼ੀ ਨਹੀਂ, ਜਿਹੜੀ ਬਿਲਕੁਲ ਨਿੱਜੀ ਹੈ, ਉਹ ਥੋੜ੍ਹਚਿਰੀ ਹੈ। ਉਸਦੀ ਸੰਭਾਵਨਾ ਕਦੇ ਇੰਨੀ ਵਿਸ਼ਾਲ ਨਹੀਂ ਹੋ ਸਕਦੀ, ਜਿੰਨੀ ਕਿ ਉਸ ਚੀਜ਼ ਦੀ ਜਿਹੜੀ ਸਮੁੱਚੇ ਸਮਾਜ ਨਾਲ਼ ਸਬੰਧ ਰੱਖਦੀ ਹੈ। ਮੈਂ ਇਸਨੂੰ ਆਪਣੇ ਜੀਵਨ ਦਾ ਸਭ ਤੋਂ ਸ਼ਾਨਾਮੱਤਾ ਫਰਜ ਸਮਝਦਾ ਹਾਂ, ਇੱਕ ਸ਼ਾਨਾਮਤੇ ਟੀਚੇ, ਕਿ ਮਨੁੱਖ ਦੇ ਉੱਜਲੇ ਭਵਿੱਖ ਲਈ ਜਿਹੜਾ ਸੰਘਰਸ਼ ਚੱਲ ਰਿਹਾ ਹੈ ਉਸ ‘ਚ ਇੱਕ ਸੈਨਿਕ ਬਣਾਂ, ਨਾਲ਼ੇ ਉਹ ਵੀ ਸਭ ਤੋਂ ਛੋਟਾ ਸੈਨਿਕ ਨਹੀਂ। ਮੇਰਾ ਕਰੱਤਵ ਹੈ ਕਿ ਮੈਂ ਇਸ ਸੰਘਰਸ਼ ‘ਚ ਨਾਇਕ ਦੀ ਜਗ੍ਹਾ ‘ਤੇ ਲੜਾਂ। ਮੈਂ ਆਪਣੇ ਸੁਪਨਿਆਂ ‘ਚ ਕਦੇ ਵੀ ਕੇਵਲ ਹੁਕਮ ਚਲਾਉਣ ਦੇ ਰੂਪ ‘ਚ ਖੁਦ ਨੂੰ ਨਹੀਂ ਦੇਖਦਾ।

ਮੈਂ ਇਹਨਾਂ ਸੁਪਨਿਆਂ ਨੂੰ ਕਦੇ ਸ਼ਬਦਬੱਧ ਨਹੀਂ ਕਰ ਸਕਾਂਗਾ। ਇਹਨਾਂ ਅਦਭੁਤ, ਦਿਲਖਿੱਚਵੇਂ ਵਿਚਾਰਾਂ ਨੂੰ ਠੀਕ ਤਰ੍ਹਾਂ ਨਾਲ਼ ਪ੍ਰਗਟ ਕਰਨ ਦੀ ਸਮੱਰਥਾ ਕਿਸੇ ‘ਚ ਨਹੀਂ ਹੈ।

ਕਦੇ-ਕਦੇ, ਕੋਈ ਮੂਰਖ਼ ਮੇਰੇ ਮੂਹਰੇ ਇਸ ਕਿਸਮ ਦੀ ਸ਼ਿਕਾਇਤ ਕਰਨ ਲੱਗਦਾ ਹੈ ਕਿ ਉਸਦੀ ਪਤਨੀ ਕਿਸੇ ਦੂਜੇ ਨੂੰ ਪ੍ਰੇਮ ਕਰਨ ਲੱਗੀ ਹੈ, ਨਾਲ਼ੇ ਹੁਣ ਉਸ ਲਈ ਜੀਵਨ ਨਿਸਾਰ ਹੋ ਗਿਆ ਹੈ।  ਇਸ ਤਰ੍ਹਾਂ ਦੀ ਬਕਵਾਸ। ਸਾਰਾ ਵਕਤ ਉਸਦੇ ਮੂੰਹ ਤੋਂ ਲਾਰ ਡਿੱਗਦੀ ਰਹਿੰਦੀ ਹੈ। ਮੈਂ ਦਿਲ ‘ਚ ਸੋਚਦਾ ਹਾਂ: ਜੇਕਰ ਮੈਨੂੰ ਉਹ ਸਭ ਕੁਝ ਮਿਲਿਆ ਹੁੰਦਾ ਜਿਹੜਾ ਇਸ ਕੋਲ਼ ਹੈ- ਸਿਹਤ, ਹਿਲ-ਜੁਲ ਸਕਣ ਵਾਲ਼ੇ ਹੱਥ-ਪੈਰ, ਇਸ ਅਸੀਮ ਸੰਸਾਰ ‘ਚ ਘੁੰਮ-ਫਿਰ ਸਕਣ ਦੀ ਸਮਰੱਥਾ,  (ਇਹ ਇੱਕ ਖਤਰਨਾਕ ਸੁਪਨਾ ਹੈ ਅਤੇ ਮੈਂ ਇਸਨੂੰ ਦੇਖਣ ਤੋਂ ਆਪਣੇ ਆਪ ਨੂੰ ਰੋਕਕੇ ਰੱਖਦਾ ਹਾਂ) – ਜੇਕਰ ਮੇਰੇ ਕੋਲ਼ ਉਹ ਸਭ ਕੁਝ ਹੁੰਦਾ ਤਾਂ ਮੈਂ ਕੀ ਕਰਦਾ? ਆਪਣੀ ਕਲਪਨਾ ‘ਚ ਮੈਂ ਉਠ ਖੜਾ ਹੁੰਦਾ ਹਾਂ, ਜਵਾਨ, ਸਿਹਤ, ਛਾਤੀ ਤਣੀ ਹੋਈ ਮੈਂ ਕੱਪੜੇ ਪਹਿਨਦਾ ਹਾਂ ਅਤੇ ਬਾਹਰ ਛੱਜੇ ‘ਤੇ ਆ ਖੜਾ ਹੁੰਦਾ ਹਾਂ ਅਤੇ ਜਿੰਦਗੀ ਦਾ ਵਹਾਅ ਮੇਰੇ ਮੂਹਰੇ ਵਹਿ ਰਿਹਾ ਹੁੰਦਾ ਹੈ… ਫਿਰ ਕੀ? ਮੈਂ ਤੁਰਾਂਗਾ ਨਹੀਂ, ਮੈਂ ਤਾਂ ਭੱਜਾਂਗਾ- ਭੱਜੇ ਬਗੈਰ ਮੈਂ ਰਹਿ ਨਹੀਂ ਸਕਦਾ। ਮੈਂ ਰੇਲਗੱਡੀ ਦੇ ਨਾਲ਼-ਨਾਲ਼, ਸਾਰੇ ਰਾਸਤੇ ਭੱਜਦਾ ਹੋਇਆ ਸ਼ਾਇਦ ਮਾਸਕੋ ਜਾਵਾਂਗਾ, ਲਿਖਾਚੋਵ ਮੋਟਰ-ਕਾਰਖਾਨੇ ‘ਚ ਜਾਵਾਂਗਾ ਅਤੇ ਸਿੱਧੇ ਆਪਣੇ ਸਾਥੀਆਂ ਕੋਲ਼ ਪਹੁੰਚਾਂਗਾ, ਜਾਂਦੇ ਹੀ ਇੱਕ ਭੱਠੀ ਦਾ ਮੂੰਹ ਖੋਲ ਦਿਆਂਗਾ, ਤਾਂਕਿ ਜਲਦੀ ਤੋਂ ਜਲਦੀ ਕੋਲ਼ੇ ਦੀ ਬੂ ਸੁੰਘ ਸਕਾਂ, ਨਾਲ਼ੇ ਭੱਠੀ ਨੂੰ ਕੋਲ਼ੇ ਨਾਲ਼ ਭਰ ਸਕਾਂ। ਮੈਂ ਸੱਠ੍ਹ-ਸੱਤਰ ਦਿਨ ਦਾ ਕੰਮ ਇੱਕ ਦਿਨ ‘ਚ ਕਰਾਂਗਾ। ਮੈਂ ਇੰਨਾਂ ਕੰਮ ਕਰਾਂਗਾ ਕਿ ਕੋਈ ਯਕੀਨ ਵੀ ਨਹੀਂ ਕਰ ਸਕੇਗਾ। ਮੇਰੇ ਦਿਲ ‘ਚ ਜਿੰਦਗੀ ਦੀ ਭੁੱਖ ਹੋਵੇਗੀ, ਬਿਲਕੁਲ ਪਾਗਲਾਂ ਵਰਗੀ। ਨਾਲ਼ੇ ਆਪਣੇ ਸ਼ਰੀਰ ਨੂੰ ਥਕਾਉਣ ਲਈ ਮੈਨੂੰ ਬਹੁਤ ਕੰਮ ਕਰਨਾ ਪਏਗਾ, ਬਹੁਤ ਤਾਕਤ ਲਗਾਉਣੀ ਪਏਗੀ। ਗਤੀਹੀਣਤਾ ਨਾਲ਼ੋ, ਨੌ ਵਰ੍ਹੇ ਦੀ ਗਤੀਹੀਣਤਾ ਤੋਂ ਛੁਟਕਾਰਾ ਪਾਉਣ ਮਗਰੋਂ ਮੈਂ ਕੰਮ ‘ਤੇ ਇੰਝ ਜੁਟ ਜਾਵਾਂਗਾ ਕਿ ਛੱਡਾਂਗਾ ਹੀ ਨਹੀਂ, ਜਦੋਂ ਤੱਕ ਕਿ ਜੀਅ ਨਾ ਭਰ ਜਾਵੇ।

ਇਹ ਵਿਚਾਰ ਮੇਰੇ ਮਨ ‘ਚ ਉੱਠਦੇ ਹਨ, ਜਦੋਂ ਕੋਈ ਬੇਵਕੂਫ਼, ਲਾਰ ਸੁੱਟਦਾ ਹੋਇਆ, ਮੇਰੇ ਮੂਹਰੇ ਆ ਕੇ ਰੋਂਦਾ ਹੈ ਕਿ ਉਸਦੇ ਮੂਹਰੇ ਜਿੰਦਗੀ ਦਾ ਕੋਈ ਟੀਚਾ ਨਹੀਂ। ਜੇਕਰ ਮੇਰੇ ਕੋਲ਼ ਉਹ ਸਭ ਕੁਝ ਹੁੰਦਾ ਜਿਹੜਾ ਉਸ ਕੋਲ਼ ਹੈ ਤਾਂ ਜੇਕਰ ਮੇਰੀ ਪਤਨੀ, ਇੱਕ ਵਾਰ ਨਹੀਂ, ਪੰਜਾਹ ਵਾਰੀ ਵੀ ਮੈਨੂੰ ਧੋਖਾ ਦੇਵੇਗੀ, ਤਾਂ ਵੀ ਮੈਂ ਪ੍ਰਵਾਹ ਨਹੀਂ ਕਰਾਂਗਾ। ਸਦਾ ਮਨ ‘ਚ ਇਹੀ ਜਜਬਾ ਰਹੇਗਾ ਕਿ ਜੀਵਨ ਇੱÎਕ ਵਿਲੱਖਣ ਚਮਤਕਾਰ ਹੈ।

ਸਾਡੇ ਦੇਸ਼ ਦੇ ਹਰ ਵਿਅਕਤੀ ਦਾ ਇਹ ਪਵਿੱਤਰ ਫਰਜ ਹੈ ਕਿ ਉਹ ਹਿੰਮਤੀ ਯੋਧਾ ਬਣੇ। ਸਾਡੇ ਦੇਸ਼ ‘ਚ ਹਰ ਇਨਸਾਨ ‘ਚ ਯੋਗਤਾ ਹੈ, ਬੁੱਧੀ ਹੈ — ਸਿਵਾਏ ਨਿਠੱਲੇ ਅਤੇ ਆਲਸੀ ਲੋਕਾਂ ਦੇ। ਉਹ ਯੋਗ ਬਣਨਾ ਚਾਹੁੰਦੇ ਹੀ ਨਹੀਂ। ਜ਼ੀਰੋ ਤੋਂ ਤਾਂ ਸਿਰਫ਼ ਜ਼ੀਰੋ ਹੀ ਨਿੱਕਲਦਾ ਹੈ। ਪੱਥਰ ‘ਚੋਂ ਪਾਣੀ ਨਹੀਂ ਨਿੱਕਲਦਾ। ਜਿਹੜਾ ਭਾਂਬੜ ਬਣ ਕੇ ਬਲ਼ਦਾ ਨਹੀਂ ਉਹ ਧੂੰਏ ‘ਚ ਹੀ ਆਪਣੇ ਆਪ ਨੂੰ ਭਸਮ ਕਰ ਦਿੰਦਾ ਹੈ, ਇਹ ਸਦੀਵੀਂ ਸੱਚ ਹੈ। ਹੇ ਜੀਵਨ ਦੀ ਅਮਿੱਟ ਚਿਣਗ, ਮੈਂ ਤੈਨੂੰ ਸਲਾਮ ਕਰਦਾ ਹਾਂ!

ਇਹ ਕਦੇ ਨਾ ਸੋਚਣਾ ਕਿ ਮੈਂ ਦੁੱਖੀ ਹਾਂ, ਜਾਂ ਉਦਾਸ ਹਾਂ। ਮੈਂ ਇਹ ਕਦੇ ਨਹੀਂ ਸੀ, ਜਦੋਂ ਤੱਕ ਜੀਵਨ ‘ਚ ਮੇਰੀ ਜਿੱਤ ਨਹੀਂ ਹੋਈ, ਮੇਰਾ ਸੰਕਲਪ ਨਹੀਂ ਟੁੱਟਿਆ – ਮੈਂ ਕਦੇ ਹਾਰ ਨਹੀਂ ਮੰਨੀ। ਮੈਨੂੰ ਪਤਾ ਤਾਂ ਨਹੀਂ ਸੀ ਕਿ ਜਿੰਦਗੀ ਇਹ ਰੁਖ਼ ਫੜੇਗੀ। ਮੈਂ ਨੌਜਵਾਨ ਸਟੱਡੀ-ਸਰਕਲ ਦਾ ਕੰਮ ਕਰਦੇ ਹੋਏ ਬਹੁਤ ਖੁਸ਼ ਰਿਹਾ ਕਰਦਾ ਸੀ। ਤਦ ਮੇਰੇ ਸਰੀਰ ‘ਚ ਤਾਕਤ ਸੀ। ਮੈਂ ਤਿੰਨ-ਤਿੰਨ ਘੰਟੇ ਤੱਕ ਲਗਾਤਾਰ ਬੋਲ ਸਕਦਾ ਸੀ। ਜਿੰਨੀ ਦੇਰ ਮੈਂ ਬੋਲਦਾ ਰਹਿੰਦਾ, ਸੁਣਨਵਾਲ਼ੇ ਵੀਹ ਨੌਜਵਾਨਾਂ ‘ਚੋਂ ਇÎਕ ਵੀ ਨਹੀਂ ਹਿਲਦਾ ਸੀ, ਉੱਚੀ ਸਾਂਹ ਤੱਕ ਲੈਣ ਦੀ ਅਵਾਜ਼ ਨਹੀਂ ਆਉਂਦੀ ਸੀ। … ਅੱਜ ਵੀ ਮੌਜੂਦ ਹੈ, ਨਾਲ਼ੇ ਇਹ ਗਿਆਨ ਵੀ ਕਿ ਜੀਵਨ ਦਾ ਕੋਈ ਟੀਚਾ ਹੈ, ਕਿ ਮੇਰੀ ਲੋੜ ਕਿਤੇ ਹੈ। ਜੇਕਰ ਮਨੁੱਖ ਸੈਂਕੜਿਆਂ ਨੂੰ ਨਹੀਂ ਸਿਖਾ ਸਕਦਾ ਤਾਂ ਪੰਜ ਨੂੰ ਹੀ ਸਿਖਾ ਦੇਵੇ। ਇੱਕ ਨੂੰ ਹੀ ਸਿਖਾ ਦੇਵੇ, ਇਹ ਛੋਟੀ ਚੀਜ਼ ਨਹੀਂ, ਪੰਜ ਬਾਲਸ਼ਵਿਕ ਤਿਆਰ ਕਰਨਾ ਮਮੂਲੀ ਗੱਲ ਨਹੀਂ।

ਪਰ ਜਦੋਂ ਇਨਸਾਨ ਇਹ ਮਹਿਸੂਸ ਕਰੇ ਕਿ ਉਸ ‘ਚ ਕੰਮ ਕਰਨ ਦੀ ਇੱਛਾ ਹੀ ਨਹੀਂ, ਤਦ ਉਸਦੀ ਹਾਲਤ ਚਿੰਤਾਜਨਕ ਸਮਝਣੀ ਚਾਹੀਦੀ ਹੈ।

ਹੰਕਾਰਵਾਦੀ ਸਭ ਤੋਂ ਪਹਿਲਾਂ ਡਿੱਗਦਾ ਹੈ। ਉਹ ਕੇਵਲ ਆਪਣੇ ‘ਚ ਅਤੇ ਆਪਣੇ ਲਈ ਜਿਉਂਦਾ ਹੈ। ਨਾਲ਼ੇ ਇੱਕ ਵਾਰੀ ਉਸਦੇ ਹੰਕਾਰ ਨੂੰ ਚੋਟ ਲੱਗ ਜਾਏ, ਤਾਂ ਉਸਦੇ ਜੀਵਨ ਦੇ ਅਧਾਰ ਟੁੱਟ ਜਾਂਦੇ ਹਨ। ਉਸਨੂੰ ਆਪਣੇ ਮੂਹਰੇ ਹੰਕਾਰ ਅਤੇ ਮੌਤ ਨੂੰ ਭਿਆਨਕ ਕਾਲ਼ੀ ਰਾਤ ਤੋਂ ਇਲਾਵਾ ਕੁਝ ਨਜ਼ਰ ਨਹੀਂ ਆਉਂਦਾ। ਇਸਦੇ ਉਲਟ, ਜਿਹੜਾ ਮਨੁੱਖ ਖੁਦ ਨੂੰ ਸਮਾਜ ਦੇ ਜੀਵਨ ‘ਚ ਖਪਾ ਦਿੰਦਾ ਹੈ — ਉਸਨੂੰ ਡੇਗਣਾ ਅਸਾਨ ਨਹੀਂ। ਉਸਨੂੰ ਮਾਰਨ ਤੋਂ ਪਹਿਲਾਂ ਤੁਹਾਨੂੰ ਸਮਾਜ ਨੂੰ, ਉਸਦੇ ਦੇਸ਼ ਨੂੰ ਤਬਾਹ ਬਰਬਾਦ ਕਰਨਾ ਹੋਵੇਗਾ। ਮੈਂ ਜਖ਼ਮੀ ਹੋ ਗਿਆ ਹਾਂ, ਪਰ ਮੇਰੀ ਫ਼ੌਜੀਆਂ ਦੀ ਟੁਕੜੀ ਜੀਵਿਤ ਹੈ ਅਤੇ ਉਸੇ ਤਰ੍ਹਾਂ ਕੰਮ ਕਰ ਰਹੀ ਹੈ। ਨਾਲ਼ੇ ਆਮ ਤੌਰ ‘ਤੇ ਜੰਗ-ਭੂਮੀ ‘ਚ ਪਿਆ ਹੋਇਆ ਮ੍ਰਿਤ ਫ਼ੌਜੀ, ਜਦੋਂ ਆਪਣੇ ਸਾਥੀਆਂ ਦੀ ਜੇਤੂਧੁਨੀ ਸੁਣਦਾ ਹੈ ਤਾਂ ਉਸਦਾ ਦਿਲ ਇੱਕ ਪੂਰਣਤਾ ਨਾਲ਼, ਡੂੰਘੇ ਸੰਤੋਖ਼ ਨਾਲ਼ ਭਰ ਜਾਂਦਾ ਹੈ। ਇੱਕ ਫ਼ੌਜੀ ਲਈ ਇਸ ਤੋਂ ਭਿਅੰਕਰ ਕੋਈ ਯਾਦ ਨਹੀਂ ਕਿ ਉਸਨੇ ਕਦੇ ਗੱਦਾਰੀ ਕੀਤੀ ਸੀ, ਆਪਣੀ ਟੁਕੜੀ ਨੂੰ ਤਬਾਹ ਕਰਵਾਇਆ ਸੀ। ਮਰਦੇ ਦਮ ਤਾਈਂ ਉਹ ਇਸ ਵਿਸਾਹਘਾਤ ਦੀ ਅੱਗ ‘ਚ ਬਲਦਾ ਰਹੇਗਾ।

ਕਮਿਊਨਿਜ਼ਮ ‘ਚ ਵੀ ਵਿਅਕਤੀਗਤ ਪੱਧਰ ‘ਤੇ ਭਰਮ, ਕਲ਼ੇਸ਼ ਆਦਿ ਹੋਣਗੇ। ਪਰ ਲੋਕਾਂ ਦਾ ਜੀਵਨ ਸੰਕੀਰਣ ਵਿਅਕਤੀਗਤ ਦਾਇਰੇ ‘ਚ ਫਸਿਆ ਨਹੀਂ ਰਹੇਗਾ, ਜੀਵਨ ‘ਚ ਸੁਹਜ ਦੀ ਉੱਤਪਤੀ ਹੋਵੇਗਾ।

ਸਾਡੇ ਸਾਥੀਆਂ ਦੀ ਜਿੱਤ ਨਾਸ਼ਮਾਨ ਵੀਰਤਾ ਨਹੀਂ ਹੁੰਦੀ। ਵਿਅਕਤੀਗਤ ਦੁੱਖ ਉਹਨਾਂ ਲਈ ਗੌਣ ਹੈ। ਜਦੋਂ ਮਨੁੱਖ ਸੰਘਰਸ਼ ਕਰਨਾ ਛੱਡ ਦਿੰਦਾ ਹੈ ਤਾਂ ਉਸਦੇ ਜੀਵਨ ‘ਚ ਦੁੱਖ ਆਉਣ ਲੱਗਦਾ ਹੈ।

ਜੀਵਨ ਦਾ ਹਰੇਕ ਦਿਨ ਮੇਰੇ ਲਈ ਤਸੀਹਾ ਅਤੇ ਦਰਦ ਵਿਰੁੱਧ ਔਖਾ ਸੰਘਰਸ਼ ਦਾ ਦਿਨ ਹੁੰਦਾ ਹੈ। ਮੇਰੇ ਜੀਵਨ ‘ਚ ਦਸ ਸਾਲ ਤੋਂ ਇਹੀ ਚਲਦਾ ਆ ਰਿਹਾ ਹੈ। ਜਦੋਂ ਤੁਸੀਂ ਮੇਰੇ ਬੁੱਲਾਂ ‘ਤੇ ਮੁਸਕਾਨ ਦੇਖਦੇ ਹੋ, ਤਾਂ ਇਹ ਮੁਸਕਾਨ ਸੱਚੀ ਅਤੇ ਸੱਚੇ ਸੁੱਖ ਦੀ ਸੂਚਕ ਹੁੰਦੀ ਹੈ। ਇਹਨਾਂ ਸਭ ਤਸੀਹਿਆਂ ਦੇ ਹੁੰਦੇ ਹੋਏ ਵੀ ਮੈਂ ਖੁਸ਼ ਹਾਂ ਅਤੇ ਇਸ ਖੁਸ਼ੀ ਦਾ ਸ੍ਰੋਤ ਹੈ ਉਹਨਾਂ ਨਿੱਤ ਨਵੇਂ ਮਹਾਨ ਕੰਮਾਂ ਦੀ ਸੰਪੰਨਤਾ, ਜਿਹੜੇ ਮੇਰੇ ਦੇਸ਼ ‘ਚ ਹੋ ਰਹੇ ਹਨ। ਤਸੀਹੇ ਅਤੇ ਦਰਦ ‘ਤੇ ਜਿੱਤ ਹਾਸਲ ਕਰ ਲੈਣ ਤੋਂ ਵੱਧ ਕੇ ਕੋਈ ਸੁੱਖ ਨਹੀਂ। ਇਸਦਾ ਇਹ ਅਰਥ ਨਹੀਂ ਕਿ ਮਨੁੱਖ ਸਿਰਫ਼ ਜਿਉਂਦਾ ਭਰ ਹੀ ਰਹੇ, ਬੱਸ ਸਾਹ ਹੀ ਲੈਂਦਾ ਰਹੇ (ਭਾਵੇਂ ਇਸ ਨੂੰ ਵੀ ਅਣਗੌਲ਼ਿਆ ਨਹੀਂ ਕੀਤਾ ਜਾ ਸਕਦਾ)। ਮੇਰਾ ਮਤਲਬ ਸੰਘਰਸ਼ ਅਤੇ ਜਿੱਤ ਤੋਂ ਹੈ।

ਮੈਂ ਜਦੋਂ ਮਾਸਕੋ ਤੋਂ ਇੱਥੇ ਆਇਆ ਤਾਂ ਥੱਕਿਆ ਹੋਇਆ ਅਤੇ ਬੀਮਾਰ ਸਾਂ। ਮੈਂ ਬਹੁਤ ਮਿਹਨਤ ਕਰਦਾ ਰਿਹਾ ਸਾਂ। ਪਰ ਮੇਰੀ ਬਿਮਾਰੀ ਨਾਲ਼ ਮੇਰੀ ਹਿੰਮਤ ‘ਚ ਕੋਈ ਕਮੀ ਨਹੀਂ ਆ ਸਕੀ। ਸਗੋਂ ਇਸ ਨਾਲ਼ ਉਹ ਇੱਕ ਜਗ੍ਹਾ ਸਿਮਟ ਕੇ ਇੱਕਠਾ ਹੋ ਗਿਆ ਹੈ। ਮੈਂ ਖੁਦ ਨੂੰ ਕਿਹਾ ਕਰਦਾ ਹਾਂ: ”ਯਾਦ ਰੱਖੀਂ, ਹੋ ਸਕਦਾ ਕਿ ਤੂੰ ਕੱਲ ਮਰ ਜਾਏਂ, ਜਦੋਂ ਤੱਕ ਤੇਰੇ ਕੋਲ਼ ਸਮਾਂ ਹੈ, ਕੰਮ ਕਰਦਾ ਜਾ!”

ਨਾਲ਼ੇ ਮੈਂ ਕੰਮ ‘ਚ ਜੁਟ ਗਿਆ। ਮੇਰੇ ਨੇੜੇ-ਨੇੜੇ ਦੇ ਲੋਕ ਹੈਰਾਨ ਰਹਿ ਗਏ। ਮੈਂ ਬਹੁਤ ਉਤਸਾਹ ਅਤੇ ਖੁਸ਼ੀ ਨਾਲ਼ ਕੰਮ ਕਰਦਾ ਸੀ।

ਮੈਂ ਅਜਿਹੇ ਬੰਦੇ ਨੂੰ ਨਫ਼ਰਤ ਕਰਦਾ ਹਾਂ ਜਿਹੜਾ ਉਂਗਲੀ ਦੁੱਖਣ ਨਾਲ਼ ਛਟਪਟਾਉਣ ਲੱਗਦਾ ਹੈ, ਜਿਸ ਲਈ ਪਤਨੀ ਦੀ ਸਨਕ ਇਨਕਲਾਬ ਤੋਂ ਵੱਧ ਮਹਤੱਵ ਰੱਖਦੀ ਹੈ, ਜਿਹੜਾ ਹੋਛੀ ਨਫ਼ਰਤ ‘ਚ ਘਰ ਦੀਆਂ ਖਿੜਕੀਆਂ ਅਤੇ ਪਲੇਟਾਂ ਤੱਕ ਤੋੜਨ ਲੱਗਦਾ ਹੈ। ਜਾਂ ਉਹ ਕਵੀ ਜਿਹੜਾ ਹਰ ਪਲ ਠੰਡੀਆਂ ਸਾਹਾਂ ਭਰਦਾ ਹੋਇਆ ਘਬਰਾਇਆ ਰਹਿੰਦਾ ਹੈ, ਕੁਝ ਲਿਖ ਸਕਣ ਲਈ ਵਿਸ਼ਾ ਲੱਭਦਾ-ਫਿਰਦਾ ਹੈ, ਨਾਲ਼ੇ ਜਦੋਂ ਕਦੇ ਵਿਸ਼ਾ ਮਿਲ ਜਾਂਦਾ ਹੈ ਤਾਂ ਲਿਖ ਨਹੀਂ ਪਾਉਂਦਾ, ਕਿਉਂਕਿ ਉਸਦਾ ਮੂਡ ਠੀਕ ਨਹੀਂ, ਜਾਂ ਉਸਨੂੰ ਜੁਕਾਮ ਹੋ ਗਿਆ ਹੈ ਅਤੇ ਨੱਕ ਵਗ ਰਿਹਾ ਹੈ। ਉਸ ਆਦਮੀ ਦੀ ਤਰ੍ਹਾਂ ਜਿਹੜਾ ਗਲ਼ੇ ‘ਚ ਮਫ਼ਲਰ ਲਪੇਟੇ ਡਰਦਾ-ਕੰਬਦਾ ਘਰ ਤੋਂ ਬਾਹਰ ਨਹੀਂ ਨਿੱਕਲਦਾ ਕਿ ਕਿਤੇ ਹਵਾ ਨਾ ਲੱਗ ਜਾਵੇ। ਨਾਲ਼ੇ ਉਸਨੂੰ  ਥੋੜ੍ਹਾ-ਜਿਹੀ ਤਕਲੀਫ ਚੜ੍ਹ ਜਾਏ ਤਾਂ ਡਰ ਨਾਲ਼ ਉਸਦਾ ਲਹੂ ਸੁੱਕਣ ਲੱਗਦਾ ਹੈ, ਉਹ ਵਿਰਲਾਪ ਕਰਨ ਲੱਗਦਾ ਹੈ, ਨਾਲ਼ੇ ਆਪਣੀ ਵਸੀਅਤ ਲਿਖਣ ਬਹਿ ਜਾਂਦਾ ਹੈ। ਇੰਨਾਂ ਨਾ, ਸਾਥੀ! ਆਪਣੇ ਜੁਕਾਮ ਬਾਰੇ  ਸੋਚਣਾ ਛੱਡ ਦਿਓ। ਕੰਮ ਕਰਨ ਲੱਗੋਗੇ ਤਾਂ ਜੁਕਾਮ ਠੀਕ ਹੋ ਜਾਵੇਗਾ।

ਨਾਲ਼ੇ ਉਸ ਲੇਖਕ ਨਾਲ਼ ਵੀ ਨਫ਼ਰਤ ਕਰਦਾ ਹਾਂ, ਜਿਹੜਾ ਇੱਕ ਬਲਦ ਵਾਗੂ ਰਿਸ਼ਟ-ਪੁਸ਼ਟ ਹੈ। ਪਰ ਪਿਛਲੇ ਤਿੰਨ ਸਾਲ ਤੋਂ ਆਪਣੀ ਕਿਸੇ ਅਧੂਰੀ ਪੁਸਤਕ ‘ਚੋਂ ਇੱਕ ਟੁਕੜਾ ਵਾਰੀ ਵਾਰੀ ਆਪਣੇ ਸਰੋਤਿਆਂ ਨੂੰ ਸੁਣਾ ਸੁਣਾ ਕੇ ਪੈਸੇ ਕਮਾ ਰਿਹਾ ਹੈ। ਹਰ ਵਾਰੀ ਪੜ੍ਹਨ ਦੇ ਉਸਨੂੰ ਦੋ ਸੌ ਪੰਜਾਹ ਰੂਬਲ ਮਿਲ ਜਾਂਦੇ ਹਨ। ”ਹੁਣ ਵੀ ਦੁਨੀਆ ‘ਚ ਖ਼ਾਸੇ ਬੇਵਕੂਫ਼ ਮੌਜੂਦ ਹਨ,” ਉਹ ਦਿਲ ਹੀ ਦਿਲ ‘ਚ ਕਹਿੰਦਾ ਅਤੇ ਹੱਸਦਾ ਹੈ, ”ਮੈਨੂੰ ਅਗਲੇ ਛੇ ਵਰ੍ਹੇ ਤੱਕ ਇੱਕ ਸ਼ਬਦ ਵੀ ਲਿਖਣ ਦੀ ਲੋੜ ਨਹੀਂ।” ਉਸ ਕੋਲ਼ ਲਿਖਣ ਲਈ ਵਕਤ ਹੀ ਨਹੀਂ। ਉਹ ਖਾਣ, ਸੌਣ ਅਤੇ ਔਰਤਾਂ ਮਗਰ ਭੱਜਣ ‘ਚ ਰੁੱਝਿਆ ਹੈ – ਜਿਹੋ ਜਿਹੀਆਂ ਵੀ ਔਰਤਾਂ ਹੋਣ, ਸੁੰਦਰ ਜਾਂ ਅਸੁੰਦਰ, ਸੱਤਾਰਾਂ ਵਰ੍ਹੇ ਦੀ ਹੋਵੇ ਜਾਂ ਸੱਤਰ ਵਰ੍ਹੇ ਦੀ। ਸਿਹਤ – ਹਾਂ, ਸਿਹਤ ਦਾ ਉਹ ਧਨੀ ਹੈ; ਪਰ ਉਸਦੇ ਦਿਲ ‘ਚ ਕੋਈ ਚਿੰਗਾਰੀ ਨਹੀਂ।

ਮੈਂ ਕਈ ਸ਼ਾਨਦਾਰ ਬੁਲਾਰਿਆਂ ਨੂੰ ਜਾਣਦਾ ਹਾਂ। ਉਹ ਆਪਣੇ ਸ਼ਬਦਾਂ ਨਾਲ਼ ਅਦਭੁਤ ਤਸਵੀਰ ਖਿੱਚ ਸਕਦੇ ਹਨ, ਨਾਲ਼ੇ ਆਪਣੇ ਸ੍ਰੋਤਿਆਂ ਨੂੰ ਸਦਾਚਾਰ, ਨੇਕੀ ਨਾਲ਼ ਰਹਿਣ ਦਾ ਉਪਦੇਸ਼ ਦਿੰਦੇ ਹਨ, ਪਰ ਉਹਨਾਂ ਦੇ ਜੀਵਨ ‘ਚ ਉਹ ਗੁਣ ਨਹੀਂ ਹੁੰਦੇ। ਮੰਚ ‘ਤੇ ਖੜ੍ਹੇ ਹੋ ਕੇ ਉਹ ਆਪਣੇ ਸ੍ਰੋਤਿਆਂ ਨੂੰ ਵੱਡੇ ਵੱਡੇ ਕੰਮ ਕਰਨ ਦਾ ਉਪਦੇਸ਼ ਦਿੰਦੇ ਹਨ, ਪਰ ਉਹਨਾਂ ਦਾ ਜੀਵਨ ਨਫ਼ਰਤਯੋਗ ਅਤੇ ਬਦਨਾਮ ਹੁੰਦਾ ਹੈ। ਤੁਸੀਂ ਉਸ ਚੋਰ ਦੀ ਕਲਪਨਾ ਕਰੋ, ਜਿਹੜਾ ਈਮਾਨਦਾਰੀ ਦੀ ਸਿੱਖਿਆ ਦਿੰਦਾ ਹੈ, ਜਿਹੜਾ ਉੱਚੀ ਅਵਾਜ ‘ਚ ਚੀਕ-ਚੀਕ ਕੇ ਕਹਿੰਦਾ ਹੈ ਕਿ ਚੋਰੀ ਕਰਨਾ ਪਾਪ ਹੈ – ਨਾਲ਼ੇ ਜਦੋਂ ਉਹ ਬੋਲ ਰਿਹਾ ਹੁੰਦਾ ਹੈ, ਆਪਣੇ ਸਰੋਤਿਆਂ ਨੂੰ ਧਿਆਨ ਨਾਲ਼ ਦੇਖਦਾ ਵੀ ਰਹਿੰਦਾ ਹੈ ਕਿ ਕਿਸਦੀ ਜੇਬ ਉਹ ਸਭ ਤੋਂ ਅਸਾਨੀ ਨਾਲ਼ ਕੱਟ ਸਕਦਾ ਹੈ। ਜਾਂ ਉਸ ਭਗੋੜੇ ਨੂੰ ਲਓ, ਜਿਹੜਾ ਖੁਦ ਜੰਗ ਦੇ ਮੈਦਾਨ ਤੋਂ ਭੱਜ ਆਇਆ ਹੈ, ਨਾਲ਼ੇ ਸੱਚੇ ਫ਼ੌਜੀਆਂ ਨੂੰ ਸਵੈਇੱਛਾ ਨਾਲ਼ ਅੱਗੇ ਵੱਧਣ ਦਾ ਉਪਦੇਸ਼ ਦੇ ਰਿਹਾ ਹੈ। ਸਾਡੇ ਫ਼ੌਜੀਆਂ ਨੂੰ ਉਸ ਵਰਗਿਆਂ ਨਾਲ਼ ਕੋਈ ਹਮਦਰਦੀ ਨਹੀਂ। ਜੇਕਰ ਉਹ ਉਹਨਾਂ ਨੂੰ ਕਿਤੇ ਮਿਲ ਜਾਏ, ਤਾਂ ਮਾਰ ਮਾਰ ਕੇ ਉਸਨੂੰ ਬੌਂਦਲਾ ਦਿਆਂਗੇ। ਨਾਲ਼ੇ ਸਾਡੇ ਵਿੱਚ ਅਜਿਹੇ ਲੇਖਕ ਵੀ ਮੌਜੂਦ ਹਨ ਜਿਹੜੇ ਕਹਿੰਦੇ ਕੁਝ ਹਨ ਅਤੇ ਕਰਦੇ ਕੁਝ ਹੋਰ। ਇਹ ਚੀਜ਼ ਲੇਖਕ ਦੇ ਧੰਦੇ ਨਾਲ਼ ਮੇਲ਼ ਨਹੀਂ ਖਾਂਦੀ।

ਲੇਖਕ ਦੀ ਬਦਕਿਸਮਤੀ ਤਦ ਸ਼ੁਰੂ ਹੁੰਦੀ ਹੈ, ਜਦੋਂ ਉਸਦੇ ਵਿਚਾਰ, ਬੇਹਤਰੀਨ ਅਤੇ ਸਜੀਵ, ਉਸਦੀ ਕਲਮ ‘ਤੇ ਨਹੀਂ ਆ ਪਾਉਂਦੇ; ਉਸਦੇ ਦਿਲ ‘ਚ ਤਾਂ ਅੱਗ ਦੀ ਲਾਟ ਹੁੰਦੀ ਹੈ, ਪਰ ਜਦੋਂ ਉਸਨੂੰ ਕਾਗਜ਼ ‘ਤੇ ਰੱਖਦਾ ਹੈ, ਤਾਂ ਉਹ ਅਧਬੁੱਝੀ, ਠੰਡੀ ਸੁਆਹ ਹੁੰਦੀ ਹੈ। ਜਿਸ ਸਮੱਗਰੀ ‘ਤੇ ਲੇਖਕ ਕੰਮ ਕਰਦਾ ਹੈ, ਉਸਨੂੰ ਆਪਣੀ ਲੋੜ ਮੁਤਾਬਕ ਘੜ੍ਹਨਾ ਮੁਸ਼ਕਲ ਹੁੰਦਾ ਹੈ ਕਿ ਉਸ ਤੋਂ ਵੱਧ ਕੇ ਮੁਸ਼ਕਲ ਕੰਮ ਦੁਨੀਆ ‘ਚ ਨਹੀਂ ਹੋਵੇਗਾ।

ਮੈਂ ਆਪਣੇ ਨਵੇਂ ਕਿਰਦਾਰਾਂ, ‘ਤੂਫ਼ਾਨ ਦੇ ਜਾਏ’ ਦੇ ਨੌਜਵਾਨਾਂ ਅਤੇ ਮੁਟਿਆਰਾਂ ਨਾਲ਼ ਪਿਆਰ ਕਰਨ ਲੱਗਿਆ ਹਾਂ: ਰਾਇਮੰਦ ਨਾਲ਼, ਬੇਪ੍ਰਵਾਹ ਆਂਦਰੇਈ ਨਾਲ਼, ਉਸ ਸੋਚ ਸਮਝ ਕੇ ਬੋਲਣ ਵਾਲ਼ੇ, ਨਾਜ਼ੁਕ ਨੌਜਵਾਨ ਪਸ਼ੇਨੀਚੇਕ ਨਾਲ਼, ਉਸ ਗੋਲ਼-ਮਟੋਲ਼  ਪਿਆਰੀ ਜਿਹੀ ਓਲੇਸ਼ਿਆ, ਅਤੇ ਸੁੰਦਰ ਸਾਰਾ ਨਾਲ਼ – ਜਿਹੜੀ ਮਗਰੋਂ ਇੰਨੀ ਸ਼ਾਨਦਾਰ ਇਨਕਲਾਬੀ ਨਿੱਕਲੀ। ਮੈਨੂੰ ਉਹਨਾਂ ਸਭ ਨਾਲ਼ ਪਿਆਰ ਹੈ। ਮੈਂ ਹਰ ਸਮੇਂ ਉਹਨਾਂ ਬਾਰੇ ਸੋਚਦਾ ਰਹਿੰਦਾ ਹਾਂ ਅਤੇ ਉਹਨਾਂ ‘ਚ ਕਈ ਇੱਕ ਦਾ ਭਵਿੱਖ ਤਾਂ ਹੁਣ ਤਾਂ ਮੇਰੇ ਮੂਹਰੇ ਸਪੱਸ਼ਟ ਹੋਣ ਲੱਗਾ ਹੈ।

ਓਲੇਸ਼ਿਆ ਫ਼ੌਜ ਦੇ ਕਮਾਂਡਰ ਸ਼ਾਬੇਲ ਨੂੰ, ਜਿਹੜਾ ਉਸਦੇ ਦਿਲ ‘ਚ ਆਂਦਰੇਈ ਦੀ ਜਗ੍ਹਾ ਲੈਣ ਲੱਗੇਗਾ, ਵਿਆਹ ਕਰਨ ਦਾ ਵਚਨ ਦੇ ਦੇਵੇਗੀ। ਪਰ ਉਹ ਉਸ ਨੂੰ ਕਹੇਗੀ: ”ਮੈਂ ਜੰਗ ਮਗਰੋਂ ਤੇਰੀ ਹੋ ਜਾਵਾਂਗੀ, ਪਰ ਪਹਿਲਾਂ ਨਹੀਂ।” ਉਹ ਇੱਕ ਰੋਜ਼ ਸ਼ਰਾਬ ਪੀ ਕੇ ਆਏਗਾ ਅਤੇ ਉਸਦੇ ਵਿਸ਼ਵਾਸ ਨੂੰ ਤੋੜ ਦੇਏਗਾ। ਇਸਨੂੰ ਓਲੇਸ਼ਿਆ ਕਦੇ ਮਾਫ਼ ਨਹੀਂ ਕਰੇਗੀ। ਨਾਲ਼ੇ ਫਿਰ ਉਸ ਮੂਹਰੇ ਆਂਦਰੇਈ ਆ ਖੜਾ ਹੋਵੇਗਾ – ਲੜਾਈ ‘ਚ ਤਾਂ ਅਚਾਨਕ ਬਚ ਆਇਆ, ਜਿੱਥੇ ਓਲੇਸ਼ਿਆ ਨੂੰ ਗੁਆ ਬੈਠਣ ਦੀ ਨਿਰਾਸ਼ਾ ‘ਚ ਉਹ ਜਾਣ-ਬੁਝ ਕੇ ਮਰਨ ਲਈ ਤਿਆਰ ਹੋ ਕੇ ਗਿਆ ਸੀ। ਇਹ ਦੋਨੋਂ ਜੀਵਨ ‘ਚ ਇੱਕੋ ਸਮੇਂ ਰਹਿਣਗੇ। ਪਸ਼ੇਨੀਚੇਕ ਦੀ ਕਹਾਣੀ ਅਸਧਾਰਣ ਅਤੇ ਅਤਿਅੰਤ ਰੋਚਕ ਹੋਵੇਗੀ। ਲੜਾਈ ‘ਚ ਉਸਦੀ ਇੱਕ ਲੱਤ ਵੱਡੀ ਜਾਏਗੀ ਅਤੇ ਉਹ ਆਪਣੀ ਟੁਕੜੀ ‘ਤੇ ਬੋਝ ਬਣ ਜਾਏਗਾ। ਉਹ ਸੋਚੇਗਾ ਕਿ ਜਦੋਂ ਮੈਂ ਲੜ ਨਹੀਂ ਸਕਦਾ ਤਾਂ ਜੀਵਨ ‘ਚ ਮੈਂ ਕਿਸੇ ਕੰਮ ਦਾ ਨਹੀਂ ਰਿਹਾ। ਫਿਰ, ਬਸੰਤ ਰੁੱਤ ‘ਚ, ਉਸ ਚੱਕੀ ‘ਚ ਜਿੱਥੇ ਉਹ ਕੰਮ ਕਰਦਾ ਹੈ, ਫਰਾਂਸਿਸਕਾ ਉਸਨੂੰ ਮਿਲੇਗੀ ਜਿਹੜੀ ਉਸਦੇ ਨਾਲ਼ ਨਹੀਂ ਰਹਿ ਸਕੇਗੀ। ਉਸਦੇ ਨਾਰੀ-ਗੌਰਵ ਨੂੰ ਸੱਟ ਵਜੇਗੀ ਜਦੋਂ ਲੋਕ ਤਰਸ ਭਰੀਆਂ ਨਜ਼ਰਾਂ ਨਾਲ਼ ਉਸਨੂੰ ਅਤੇ ਉਸਦੇ ਪ੍ਰੇਮੀ ਵੱਲ ਵੇਖਣਗੇ। ਉਹ ਉਸਨੂੰ ਛੱਡ ਜਾਵੇਗੀ। ਪਸ਼ੇਨੀਚੇਕ ਅੰਤ ‘ਚ ਪ੍ਰੇਰਣਾਵੱਸ਼ ਆਪਣੀ ਫ਼ੌਜੀ ਟੁਕੜੀ ਵੱਲ ਜਾਵੇਗਾ। ਉਹ ਆਪਣੇ ਸਾਥੀ ਫ਼ੌਜੀਆਂ ਨੂੰ ਬੇਨਤੀ ਕਰੇਗਾ ਕਿ ਮੈਨੂੰ ਫਿਰ ਤੋਂ ਨਾਲ਼ ਮਿਲਾ ਲੈਣ, ਪਰ ਉਹ ਕੇਵਲ ਹੱਸ ਦੇਣਗੇ। ਉਹ ਕਹਿਣਗੇ: ”ਜਾਓ ਤੇ ਬੱਤਖਾਂ ਪਾਲ਼ੋ। ਅਸੀਂ ਤਾਂ ਲੜਨਾ ਹੈ।” ਫਿਰ ਵੀ ਉਹ ਕਿਸੇ ਤਰ੍ਹਾਂ ਉਹਨਾਂ ਨੂੰ ਮਨਾ ਲਵੇਗਾ। ਨਾਲ਼ੇ ਕੁਝ ਨਹੀਂ ਤਾਂ ਉਹ ਉਹਨਾਂ ਦਾ ਬਾਵਰਚੀ ਹੀ ਬਣ ਕੇ ਰਹੇਗਾ। ਉਹਨਾਂ ਦਾ ਪੇਸ਼ਾ ਵੀ ਤਾਂ ਪੇਸਟਰੀ ਬਣਾਉਣਾ ਹੈ। ਉਹ ਉਸਨੂੰ ਆਪਣੇ ਰੱਖਿਆ ਕੈਂਪ ‘ਚ ਲੈ ਜਾਣਗੇ, ਨਾਲ਼ੇ ਉੱਥੇ ਉਹ ਉਹਨਾਂ ਦਾ ਭੋਜਨ ਬਣਾਉਣ ਲੱਗੇਗਾ, ਅਤੇ ਉਹਨਾਂ ਨੂੰ ਸੁਆਦਲਾ ਭੋਜਨ ਮਿਠਾਈਆਂ ਬਣਾ ਕੇ ਖੁਆਏਗਾ, ਜਿਹੋ ਜਿਹੀਆਂ ਉਹਨਾਂ ਨੇ ਕਦੇ ਪਹਿਲਾਂ ਨਹੀਂ ਖਾਦੀਆਂ ਹੋਣਗੀਆਂ। ਉਹ ਹਰਮਨਪਿਆਰਾ ਹੋ ਜਾਵੇਗਾ। ਪਰ ਉਸਦਾ ਦਿਲ ਤਾਂ ਇੱਕ ਫ਼ੌਜੀ ਦਾ ਦਿਲ ਹੈ। ਉਹ ਇਸ ਕਿਸਮ ਦੇ ਜੀਵਨ ਨਾਲ਼ ਕਿਉਂਕਿ ਸਤੁੰਸ਼ਟ ਹੋਵੇਗਾ। ਉਹ ਉਹਨਾਂ ਦੀਆਂ ਮਸ਼ੀਨਗੰਨਾਂ ਸਾਫ਼ ਕਰਨ ਲੱਗੇਗਾ, ਨਾਲ਼ੇ ਉਹਨਾਂ ਦੇ ਪੁਰਜੇ ਵੱਖ ਕਰਨ ਅਤੇ ਜੋੜਨ ‘ਚ ਮਦਦ ਕਰੇਗਾ। ਮਸ਼ੀਨਗੰਨਾਂ ਨੂੰ ਉਹ ਇੰਨੀ ਚੰਗੀ ਤਰ੍ਹਾਂ ਨਾਲ਼ ਜਾਣ ਜਾਏਗਾ ਕਿ ਉਹ ਅੱਖਾਂ ਬੰਦ ਕਰਕੇ ਉਹਨਾਂ ਨੂੰ ਖੋਲ੍ਹ ਸਕੇਗਾ ਅਤੇ ਉਹਨਾਂ ਦੇ ਪੁਰਜੇ ਜੋੜ ਸਕੇਗਾ। ਨਾਲ਼ੇ ਜਿਵੇਂ ਜਿਵੇਂ ਵਕਤ ਗੁਜ਼ਰਦਾ ਹੈ, ਉਹ ਮਸ਼ੀਨਗੰਨ ਚਲਾਉਣ ਲੱਗਦਾ ਹੈ, ਨਾਲ਼ੇ ਇੰਝ ਕਿ ਉਸ ਨਾਲ਼ ਦੁਸ਼ਮਣ ਦਾ ਦਿਲ ਦਹਿਲਣ ਲੱਗਦਾ ਹੈ। ਲੋਕ ਉਸ ਲੰਗੜੇ ਮਸ਼ੀਨਗੰਨ ਚਾਲਕ ਦੇ ਗੀਤ ਗਾਉਣ ਲੱਗਦੇ ਹਨ ਜਿਹੜਾ ਕਿਸੇ ਤੋਂ ਨਹੀਂ ਡਰਦਾ ਅਤੇ ਜਿਹੜਾ ਦੁਸ਼ਮਣ ਦਾ ਸਫ਼ਾਇਆ ਕੀਤੇ ਬਿਨਾਂ ਨਹੀਂ ਰਹਿੰਦਾ। ਦੋ ਵਾਰੀ ਉਸਨੂੰ ਪਦਕਾਂ ਨਾਲ਼ ਸਨਮਾਨਿਤ ਕੀਤਾ ਜਾਂਦਾ ਹੈ। ਹੁਣ ਉਹ ਫਹੁੜੀਆਂ ‘ਤੇ ਭਾਰ ਪਾ ਕੇ ਨਹੀਂ ਤੁਰਦਾ। ਉਸ ਲਈ ਇੱਕ ਲਕੜੀ ਦੀ ਟੰਗ ਬਣਾ ਦਿੱਤੀ ਗਈ ਹੈ। ਉਸਨੂੰ ਫਿਰ ਫਰਾਂਸਿਸਕਾ ਮਿਲਦੀ ਹੈ, ਨਾਲ਼ੇ ਜਿੱਤ ਦੇ ਗੌਰਵ ‘ਚ ਉਹ ਫਿਰ ਉਸ ਕੋਲ਼ ਆ ਜਾਂਦੀ ਹੈ। ਇਹ ਹਨ ਮੇਰੇ ਕਿਰਦਾਰਾਂ ਦੀ ਕਿਸਮਤ ਅਤੇ ਉਹਨਾਂ ਦੇ ਆਪਸੀ ਸਬੰਧਾਂ ਦੀ ਰੂਪਰੇਖਾ।

ਡਾਇਰੀ? ਨਹੀਂ ਮੈਂ ਡਾਇਰੀ ਨਹੀਂ ਰੱਖ ਸਕਦਾ। ਡਾਇਰੀ ‘ਚ ਸਭ ਕੁਝ ਹੋਣਾ ਚਾਹੀਦਾ ਹੈ, ਪ੍ਰੇਮ ਦੇ ਵੇਗ ਤੱਕ, ਗੁਪਤ ਤੋਂ ਗੁਪਤ ਸੁਪਨਿਆਂ ਤੱਕ। ਦਰਅਸਲ ਇਹ ਖੁਦ ਨਾਲ਼ ਵਾਰਤਾਲਾਪ ਦੀ ਤਰ੍ਹਾਂ ਹੈ, ਜਿਹੜਾ ਸਪੱਸ਼ਟ ਅਤੇ ਸੱਚਾ ਹੋਵੇ। ਇਸ ਲਈ ਬਹੁਤ ਹਿੰਮਤ ਦੀ ਲੋੜ ਹੈ। ਇਸ ਖ਼ਿਆਲ ਨਾਲ਼ ਲਿਖਣਾ ਕਿ ਉਹ ਮਗਰੋਂ ਕਦੇ ਛਪੇਗੀ, ਇਤਿਹਾਸ ਬਣੇਗੀ, ਇਹ ਮੇਰੀਆਂ ਨਜ਼ਰਾਂ ‘ਚ ਨਫ਼ਰਤਯੋਗ ਚੀਜ਼ ਹੈ। ਇਹ ਡਾਇਰੀ ਨਹੀਂ ਹੋਵੇਗੀ, ਇੱਕ ਸਾਹਿਤਕ ਕਿਰਤ ਹੋਵੇਗੀ। ਮੇਰੇ ਲਈ ਡਾਇਰੀ ਰੱਖਣਾ ਲਾਜ਼ਮੀ ਹੋ ਜਾਂਦਾ ਜੇਕਰ ਮੈਂ ਖੁਦ ਡਾਇਰੀ ਲਿਖ ਸਕਦਾ। ਪਰ ਮੈਂ ਕਦੇ ਵੀ ਆਪਣੇ ਡੂੰਘੇ ਅੰਦਰੂਨੀ ਜਜਬਿਆਂ ਨੂੰ ਕਿਸੇ ਦੂਜੇ ਦੇ ਹੱਥ ਨਾਲ਼ ਨਹੀਂ ਲਿਖਵਾ ਸਕਦਾ (ਅਜਿਹਾ ਕੋਈ ਵੀ ਵਿਅਕਤੀ ਨਹੀਂ ਕਰ ਸਕਦਾ)। ਕਈ ਗੱਲਾਂ ਅਜਿਹੀਆਂ ਹੁੰਦੀਆਂ ਹਨ ਜਿਹਨਾਂ ਨੂੰ ਖੁਦ, ਆਪਣੇ ਲਈ ਵੀ ਸਵੀਕਾਰ ਕਰਨਾ, ਮੁਸ਼ਕਲ ਹੁੰਦਾ ਹੈ। ਕਈ ਅਜਿਹੇ ਜਜ਼ਬੇ ਹੁੰਦੇ ਹਨ ਜਿਹਨਾਂ ਦਾ… ਨਹੀਂ ਕੀਤਾ ਜਾ ਸਕਦਾ, ਜਿਵੇਂ ਅਸੀਂ ਲੋਕਾਂ ਮੂਹਰੇ ਨੰਗੇ ਹੋਕੇ ਨਹੀਂ ਜਾ ਸਕਦੇ। ਸ਼ਾਇਦ ਇਸ ਨਗਨਤਾ ‘ਚ ਸੁਹਜ ਹੋਵੇ, ਪਰ ਅਜਿਹਾ ਕਰਨਾ ਅਸੰਭਵ ਹੁੰਦਾ ਹੈ। ਅਨੇਕਾਂ ਇੱਛਾਵਾਂ ਅਤੇ ਜ਼ਜਬੇ ਦਿਲ ਦੀਆਂ ਡੂੰਘਾਈਆਂ ‘ਚ ਰਹਿੰਦੇ ਹਨ, ਜਿਹਨਾਂ ਨੂੰ ਡਾਇਰੀ ਨੂੰ ਵੀ ਸੌਂਪਿਆ ਜਾ ਸਕਦਾ ਹੈ। ਪਰ – ਜੇਕਰ ਮਨੁੱਖ ਦੇ ਅੰਦਰੂਨੀ ਸੰਸਾਰ ਅਤੇ ਨੇੜੇ-ਤੇੜੇ ਦੀ ਦੁਨੀਆ ਦਾ ਆਪਸ ‘ਚ ਵਿਰੋਧ ਬਹੁਤ ਵੱਧ ਜਾਵੇ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਰੁਕ ਜਾਵੇ ਅਤੇ ਖੁਦ ਤੋਂ ਪੁੱਛੇ: ਜੇਕਰ ਮੈਂ ਆਪਣੇ ਵਿਚਾਰਾਂ ਨੂੰ ਆਪਣੇ ਮੂਹਰੇ ਵੀ ਸਵੀਕਾਰ ਕਰਨ ‘ਚ ਸ਼ਰਮ ਮਹਿਸੂਸ ਕਰਦਾ ਹਾਂ, ਤਾਂ ਮੈਂ ਆਦਮੀ ਕਿਸ ਤਰ੍ਹਾਂ ਦਾ ਹਾਂ?

ਮਨੁੱਖ ਦੇ ਜੀਵਨ ‘ਚ ਕੋਈ ਵੀ ਗੱਲ ਇੰਨੀ ਸ਼ਰਮਨਾਕ ਨਹੀਂ ਹੋਣੀ ਚਾਹੀਦੀ ਕਿ ਉਹ ਉਸਨੂੰ ਲਿਖ ਤੱਕ ਨਾ ਸਕੇ। ਅਜਿਹੀ ਡਾਇਰੀ ਬਹੁਤ ਜ਼ਰੂਰੀ ਚੀਜ਼ ਹੈ। ਇਹ ਮਨੁੱਖ ਦੀ ਆਪਣੀ ਕਿਰਦਾਰ ਉਸਾਰੀ ‘ਚ ਬਹੁਤ ਸਹਾਇਕ ਹੁੰਦੀ ਹੈ। ਫੂਰਮਾਨੋਵ ਦੀ ਡਾਇਰੀ ਅਤੇ ਉਸਦੇ ਰੇਖਾਚਿੱਤਰ ਬੇਸ਼ਕੀਮਤੀ ਸਮੱਗਰੀ ਹੈ।*

*ਦਮੀਤਰੀ ਫੂਰਮਾਨੋਵ ਦਾ ਪ੍ਰਸਿੱਧ ਨਾਵਲ ‘ਚਪਾਯੇਵ’ ਬਹੁਤ ਹੱਦ ਤੱਕ ਉਹਨਾਂ ਡਾਇਰੀਆਂ ‘ਤੇ ਅਧਾਰਿਤ ਹੈ, ਜਿਹਨਾਂ ‘ਚ ਫੂਰਮਾਨੋਵ ਨੇ ਘਰੇਲੂ-ਜੰਗ ਦੇ ਸਮੇਂ ‘ਚ ਆਪਣੇ ਵਿਚਾਰ, ਪ੍ਰਭਾਵ ਅਤੇ ਘਟਨਾਵਾਂ ਨੂੰ ਦਰਜ ਕਰ ਰੱਖਿਆ ਸੀ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 58, 1 ਅਗਸਤ 2016 ਵਿੱਚ ਪ੍ਰਕਾਸ਼ਤ

Advertisements