ਕਾਰਪੋਰੇਟਾਂ ਦੇ ਗਣਰਾਜ ਚ ਸਵਾ ਸਾਲ •ਕੰਵਲਜੋਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

“ਚੰਗੀ” ਸਿੱਖਿਆ ਹਾਸਲ ਕਰਕੇ “ਚੰਗਾ” ਰੁਜ਼ਗਾਰ ਪ੍ਰਾਪਤ ਕਰਨਾ ਅੱਜ ਹਰ ਇੱਕ ਨੂੰ ਆਪਣੀ ਜ਼ਿੰਦਗੀ ਦਾ ਅੰਤਮ ਮਕਸਦ ਲੱਗਦਾ ਹੈ। ਮੈਨੂੰ ਵੀ ਇੱਦਾਂ ਹੀ ਲੱਗਦਾ ਸੀ ਇਸੇ ਲਈ ਮੈਂ ਦੇਸ਼ ਦੇ ‘ਟਾਪ -30’ ਕਾਲਜਾਂ ਵਿੱਚ ਗਿਣੇ ਜਾਂਦੇ ਇੱਕ ਇੰਜੀਨਿਅਰਿੰਗ ਕਾਲਜ ਵਿੱਚੋਂ ਇਲੈਕਟ੍ਰੀਕਲ ਇੰਜੀਨਿਅਰਿੰਗ ਦੀ ਡਿਗਰੀ ਕਰਕੇ ਦੇਸ਼ ਦੀ ਇੱਕ ਮਸ਼ਹੂਰ ਬਹੁ-ਕੌਮੀ ਕਾਰਪੋਰੇਟ ਕੰਪਨੀ ਵਿੱਚ ਸਵਾ ਸਾਲ ਬਤੌਰ ਟ੍ਰੇਨੀ ਤੇ ਇੰਜੀਨੀਅਰ ਕੰਮ ਕੀਤਾ। ਇਥੇ ਮੈਂ ਆਪਣਾ ਨਿੱਜੀ ਤਜਰਬਾ ਸਾਂਝਾ ਕਰ ਰਿਹਾ ਹੈ।

ਉਸ ਦਿਨ ਜਿਸ ਦਿਨ ਕੰਪਨੀ ਸਾਡੇ ਕਾਲਜ ਵਿੱਚ ਇੰਟਰਵਿਊ ਲੈਣ ਆਈ ਸੀ, ਹੁਣ ਮੈਨੂੰ ਚੰਗੀ ਤਰਾਂ ਯਾਦ ਹੈ। ਜਿੰਨਾ ਚਿਰ ਮੈਂ ਕੰਪਨੀ ਵਿੱਚ ਕੰਮ ਕੀਤਾ ਹੈ, ਮੈਂ ਉਸ ਦਿਨ ਨੂੰ ਭੁਲਾਉਣ ਲਈ ਇਸ ਤਰਾਂ ਯਾਦ ਕੀਤਾ ਹੈ ਜਿਸ ਤਰਾਂ ਕੋਈ ਇੱਕ ਮੁਰਝਾਏ, ਝੁਲਸੇ ਕਿਸੇ ਰੁੱਖ ਨੂੰ ਪੁੱਟ ਕੇ ਸੁੱਟਣ ਲਈ ਹਰ ਰੋਜ਼ ਉਸਦੀ ਜੜ ਭੋਰਾ-ਭੋਰਾ ਕੁਰੇਦਦਾ ਰਵੇ। 5 ਸਤੰਬਰ 2014 ਨੂੰ ਮੈਂ ਕੰਪਨੀ ਦਾ ਲਿਖਤੀ ਟੈਸਟ ਤੇ ਇੰਟਰਵਿਊ ਪਾਸ ਕਰਕੇ ਕੰਪਨੀ ‘ਚ ਕੰਮ ਲਈ ਚੁਣਿਆ ਗਿਆ। ਇਹ ਸਾਡੇ ਕਾਲਜ ਦੀ ‘ਕੈਂਪਸ ਪਲੇਸਮੈਂਟ’ ਦਾ ਹਿੱਸਾ ਸੀ।

ਡਿਗਰੀ ਦੇ ਆਖਰੀ ਸਾਲ ਵਿੱਚ ‘ਮਹਾਂ-ਕਿਰਪਾਲੂ’ ਕਾਰਪੋਰੇਟ ਕੰਪਨੀਆਂ ਕਾਲਜਾਂ ਵਿੱਚ ਰੁਜ਼ਗਾਰ ਦੇ ਰੂਪ ਵਿੱਚ ਖੈਰਾਤ ਦੇ ਕੇ ਵਿਦਿਆਰਥੀਆਂ ਉੱਤੇ ‘ਕ੍ਰਿਪਾਲਤਾ, ਅਹਿਸਾਨ’ ਕਰਨ ਆਉਂਦੀਆਂ ਹਨ। ਇਹ ‘ਅਹਿਸਾਨ, ਕ੍ਰਿਪਾਲਤਾ’ ਜਿਹੇ ਸ਼ਬਦ ਮੈਂ ਇਸ ਲਈ ਵਰਤੇ ਹਨ ਕਿਓਂਕਿ ਇਹ ਕੰਪਨੀਆਂ ਇਸੇ ਤਰਾਂ ਦਾ ਵਰਤਾਵ ਕਰਦੀਆਂ ਹਨ। ਉਹਨਾਂ ਦੇ ਨੁਮਾਇੰਦੇ ਤੇ ਉਹਨਾਂ ਦੀ ਭਾਸ਼ਾ ਜੋ ਹੈਰਾਨੀ ਦੀ ਹੱਦ ਤੱਕ ਇੱਕਸਾਰ ਤੇ ਅਕਾਵੀ ਹੁੰਦੀ ਹੈ, ਇਹੋ ਦਰਸਾਉਂਦੀ ਹੈ। ਉਦਾਹਰਨ ਵਜੋਂ ਵਿਦਿਆਰਥੀ ਨੂੰ ਉਸਦੇ ਕੰਮ ਬਦਲੇ ਦਿੱਤੀ ਜਾਣ ਵਾਲ਼ੀ ਤਨਖਾਹ ਨੂੰ ‘ਕੌਸਟ ਟੂ ਕੰਪਨੀ’ ਯਾਨੀ ‘ਕੰਪਨੀ ਨੂੰ ਖਰਚਾ’ ਲਿਖਿਆ ਜਾਂਦਾ ਹੈ। ਦੂਜੇ ਪਾਸੇ ਮਹਿੰਗੀ ਸਿੱਖਿਆ, ਪਰਿਵਾਰਕ-ਸਮਾਜਕ ਦਬਾਅ ਦੇ ਭਾਰੇ ਜਾਲ਼ ਵਿੱਚ ਫਸਿਆ ਮਜ਼ਬੂਰ ਵਿਦਿਆਰਥੀ ਵੀ ਇਹਨਾਂ ਕੰਪਨੀਆਂ ਵੱਲ ਉਮੀਦ-ਭਰੀਆਂ ਤੇ ਡਰ-ਭਰੀਆਂ ਨਜ਼ਰਾਂ ਨਾਲ਼ ਵੇਖਦਾ ਹੈ। ਬਚਪਨ ਵਿੱਚ ਸਕੂਲ ਦੇ ਪਹਿਲੇ ਦਿਨ ਤੋਂ ਲੈਕੇ ਕਾਲਜ ਦੇ ਉਸ ਦਿਨ ਤੱਕ, ਮਾਂ-ਪਿਓ, ਰਿਸ਼ਤੇਦਾਰਾਂ ਤੋਂ ਲੈਕੇ ਬੱਸਾਂ ਵਿੱਚ ਮਿਲ਼ੇ ਅਜਨਬੀ ਸਲਾਹਕਾਰਾਂ ਦੀਆਂ ਗੱਲਾਂ ਸੁਣਦਿਆਂ ਮੈਨੂੰ ਇੱਕ ਤਰਾਂ ਨਾਲ਼ ਇਹ ਯਕੀਨ ਜਿਹਾ ਹੋ ਗਿਆ ਸੀ ਕਿ ਸਾਰੀ ਪੜਾਈ ਲਿਖਾਈ ਦਾ ਮਕਸਦ ਇਹੀ ਹੁੰਦਾ ਹੈ ਕਿ ਇੱਕ ਰੁਜ਼ਗਾਰ ਹਾਸਲ ਕਰ ਲਿਆ ਜਾਵੇ ਤੇ ਦੂਜਾ ਇਹ ਕਿ ਨੌਕਰੀ ਕਰਨਾ ਹੀ ਜ਼ਿੰਦਗੀ ਦਾ ਇੱਕੋ-ਇੱਕ ਆਖਰੀ ਮੰਤਵ ਹੈ। ਇੰਟਰਵਿਊ ਤੋਂ ਐਨ ਪਹਿਲਾਂ ਇਹ ਸਾਰੇ ਅਣਸੱਦੇ ਅਣਚਾਹੇ ਖਿਆਲ-ਪੰਛੀ ਆਪਣੇ ਭਿਅੰਕਰ ਡਰਾਵਨੇ ਰੂਪ ਵਿੱਚ ਡੰਗਣ ਲਈ ਆ ਜਾਂਦੇ ਹਨ।

ਖੈਰ, ਇੰਟਰਵਿਊ ਜੋ ਇਹ ਕੰਪਨੀਆਂ ਲੈਂਦੀਆਂ ਹਨ ਬੜੀਆਂ ਮਸ਼ੀਨੀ, ਇੱਕ-ਪਾਸੜ ਜਿਹੀਆਂ ਹੁੰਦੀਆਂ ਹਨ। ਦੋ ਵੱਖੋ-ਵੱਖਰੀਆਂ ਕੰਪਨੀਆ ਦੀ ਇੰਟਰਵਿਊ ਵਿੱਚ ਪੁੱਛੇ ਜਾਣ ਵਾਲ਼ੇ ਸਵਾਲ ਤੇ ਦਿੱਤੇ ਜਾਣ ਵਾਲ਼ੇ ਜਵਾਬ ਇੱਕ ਦੂਜੇ ਨਾਲ਼ ਇੰਨੇ ਮਿਲ਼ਦੇ ਜੁਲ਼ਦੇ ਹਨ ਕਿ ਇੱਦਾ ਲੱਗਦਾ ਹੈ ਕਿ ਕੈਸੇਟ ਖਰੀਦ ਕੇ ਕੰਪਨੀਆਂ ਨੇ ਖਾਲੀ ਵਕਫ਼ੇ ਵਿੱਚ ਆਪੋ ਆਪਣੇ ਨਾਂ ਭਰ ਲਏ ਹਨ। ਕੁਝ ਸਵਾਲ ਜੋ ਆਮ ਤੌਰ ‘ਤੇ ਪੁੱਛੇ ਜਾਂਦੇ ਹਨ ਉਹ ਹਨ – ‘ਆਪਣੀਆ ਖੂਬੀਆਂ ਤੇ ਕਮੀਆਂ ਬਾਰੇ ਦੱਸੋ’ (ਇਸਦੇ ਜਵਾਬ ਇੰਟਰਨੈੱਟ ਜਾਂ ‘ਸੀਨੀਅਰਾਂ’ ਤੋਂ ਵਿਦਿਆਰਥੀ ਪਹਿਲਾਂ ਹੀ ਪਤਾ ਕਰ ਲੈਂਦੇ ਹਨ ਤੇ ਫੇਰ ਉਹੋ ਇੰਟਰਵਿਊ ‘ਚ ਦੁਹਰਾ ਦਿੰਦੇ ਹਨ।) ; “ਅਸੀਂ ਤੁਹਾਨੂੰ ਕਿਉਂ ਚੁਣੀਏ?” (ਇਸਦਾ ਜਵਾਬ ਵੀ ਇੰਟਰਨੈੱਟ ‘ਤੇ ਤਫਸੀਲ ‘ਚ ਹੈ, ਸਗੋ ਕਿਤਾਬਾਂ ਵੀ ਮਿਲ਼ ਜਾਣਗੀਆਂ); “ਕੀ ਤੁਸੀਂ ਭਾਰਤ ਜਾਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕੰਮ ਕਰਨ ਲਈ ਤਿਆਰ ਹੋ?” (ਇਹ ਸਵਾਲ ਵਿਦਿਆਰਥੀ ਨੂੰ ਉਸਦੀ ਮਜ਼ਬੂਰੀ ਤੇ ਬੇਵਸੀ ਦਾ ਅਹਿਸਾਸ ਕਰਵਾਉਣ ਲਈ ਹੁੰਦਾ ਹੈ ਨਹੀਂ ਤਾਂ ਇਸਦਾ ਜਵਾਬ “ਨਾਂਹ” ਕੌਣ ਦਵੇਗਾ?)। ਇਸ ਤਰਾਂ ਦੇ ਹੋਰ ਬਹੁਤ ਸਵਾਲ ਜੋ ਇੰਨੇ ਮਸ਼ੀਨੀ ਤੇ ਦੁਹਰਾਏ ਜਾ ਚੁੱਕੇ ਹਨ ਕਿ ਨਾ ਸਿਰਫ ਵਿਦਿਆਰਥੀ ਇਹਨਾਂ ਦੇ ਜਵਾਬ ਯਾਦ ਕਰ ਲੈਂਦੇ ਹਨ ਸਗੋਂ ਉਹਨਾ ਦੇ ਜਵਾਬਾਂ ਦੇ ਪੈਣ ਵਾਲ਼ੇ ਪ੍ਰਭਾਵ ਨੂੰ ਵੀ ਉਹ ਪਹਿਲਾਂ ਹੀ ਮਹਿਸੂਸ ਕਰ ਲੈਂਦੇ ਹਨ। ਮੇਰੇ ਇੱਕ ਦੋਸਤ ਤੋਂ ਸਵਾਲ ਪੁੱਛਿਆ ਗਿਆ ਕਿ “ਜੇ ਤੁਹਾਨੂੰ ਸਿੱਕਿਮ ਵਿੱਚ ਭੇਜ ਦਿੱਤਾ ਜਾਵੇ ਤਾਂ ਉਹ ਆਪਣੇ ਬੁੱਲੇਟ ਦਾ ਕੀ ਕਰੇਗਾ?” ਇਸਦੇ ਜਵਾਬ ਵਿੱਚ ਉਸਨੇ ਕਿਹਾ ਕਿ ਉਹ ਬੁੱਲੇਟ ਨਾਲ਼ ਲੈ ਜਾਵੇਗਾ। ਇਹ ਜਵਾਬ ਸੁਣ ਕੇ ਤੁਸੀਂ ਇੰਟਰਵਿਊ ਲੈਣ ਵਾਲ਼ੇ ਦੇ ਦਿਲੋ ਦਿਮਾਗ ਤੇ ਇੱਕ ਤਸੱਲੀ-ਭਰੀ, ਰਹੱਸਮਈ ਮੁਸਕਾਨ ਦੌੜਦੀ ਵੇਖਣ ਦੀ ਕਲਪਨਾ ਕਰ ਸਕਦੇ ਹੋ ਜੋ ਤਕਰੀਬਨ ਉਸ ਮਕੈਨਿਕ ਦੀ ਮੁਸਕਾਨ ਨਾਲ਼ ਮਿਲ਼ਦੀ ਹੈ ਜਿਹੜੀ ਉਸਦੇ ਚਿਹਰੇ ‘ਤੇ ਉਦੋਂ ਆਉਂਦੀ ਹੈ ਜਦੋਂ ਉਸਨੂੰ ਮਸ਼ੀਨ ਵਿੱਚ ਫਿੱਟ ਹੋਣ ਵਾਲ਼ਾ ਲੋੜੀਂਦਾ ਨਟ ਬੋਲਟ, ਪੁਰਜਾ ਮਿਲ਼ ਜਾਂਦਾ ਹੈ। ਨਾਲ਼ੇ ਇਹ ਯਾਦ ਕੀਤਾ ਜਵਾਬ ਵਿਦਿਆਰਥੀ ਦੀ ਮਜ਼ਬੂਰੀ, ਲੋੜ ਨੂੰ ਦ੍ਰਿੜ•ਤਾ, ਜਨੂੰਨ ਦਾ ਜਾਮਾ ਪਹਿਨਾ ਦਿੰਦਾ ਹੈ ਤੇ ਇਹ ਇੰਟਰਵਿਊ ਲੈਣ ਵਾਲ਼ੇ ਦੇ ਦਿਲ ਦੇ ਉਸ ਕੋਨੇ ਨੂੰ ਵੀ ਢੱਕ ਦਿੰਦਾ ਹੈ ਜਿਸ ਵਿੱਚ ਸ਼ਾਇਦ ਅਚੇਤਨ ਤੌਰ ਤੇ ਮਾਨਸਿਕ ਮਜ਼ਬੂਰੀ ਦਾ ਨਜ਼ਾਇਜ਼ ਫਾਇਦਾ ਚੁੱਕਣ ਖਿਲਾਫ਼ ਕੋਈ ਨਿੱਕਾ ਜਿਹਾ ਵਿਚਾਰ ਉੱਠਦਾ ਹੋਵੇ। ਇੱਥੇ ਇਸ ਤਰਾਂ ਲਗਦਾ ਹੈ ਜਿਵੇਂ ਇਹ ਮੁਸਕਾਨ ਉਹ ਪਹਿਲਾਂ ਹੀ ਤਿਆਰ ਕਰੀ ਬੈਠੇ ਹੋਣ।

ਇਸ ਇੰਟਰਵਿਊ ਤੋਂ ਕੋਈ 11 ਮਹੀਨੇ ਬਾਅਦ ਅਗਸਤ 2015 ਵਿੱਚ ਮੈਂ ਪੁਣੇ ਕੋਲ਼ ਅਹਿਮਦਨਗਰ, ਮਹਾਰਾਸ਼ਟਰ ਵਿੱਚ ਕੰਪਨੀ ਦੀ ਮੋਟਰ ਫੈਕਟਰੀ ਵਿੱਚ ਕੰਮ ਸ਼ੁਰੂ ਕੀਤਾ। ਇਸ ਫੈਕਟਰੀ ਵਿੱਚ ਅਨੁਮਾਨ ਮੁਤਾਬਕ ਹਰ ਰੋਜ਼ ਕੋਈ ਇੱਕ ਹਜ਼ਾਰ ਵੱਡੀਆਂ ਛੋਟੀਆਂ ਮੋਟਰਾਂ ਬਣਦੀਆਂ ਸਨ ਤੇ ਕਰੀਬ 700 ਪੱਕੇ ਮਜ਼ਦੂਰ ਤੇ ਇੰਨੇ ਹੀ ਸਾਦੇ ਕਾਮੇ (ਕੈਸੁਅਲ ਹੈਲਪਰ) ਤੇ 150 ਇੰਜੀਨਿਅਰ ਕੰਮ ਕਰਦੇ ਸਨ। ਹੋਰ ਵੀ ਬਹੁਤ ਸਾਰੇ ਅਪਰੈਂਨਟੀਸ, ‘ਵੇਂਡਰ’ ਤੇ ਸਹਾਇਕ ਧੰਦੇ ਵਗੈਰਾ ਫੈਕਟਰੀ ਨਾਲ਼ ਜੁੜੇ ਹੋਏ ਸਨ। ਇਹ ਫੈਕਟਰੀ ਕੋਈ 100 ਏਕੜ ‘ਚ ਫੈਲੀ ਸੀ ਤੇ ਇੱਥੇ 0.44 ਤੋਂ ਲੈਕੇ 440 ਤੋਂ ਜ਼ਿਆਦਾ ਕਿਲੋਵਾਟ ਤੱਕ ਦੀਆਂ ਏਸੀ, ਡੀਸੀ ਮੋਟਰਾਂ ਤੇ ਕਈ ਪ੍ਰਕਾਰ ਦੇ ਅਲਟਰਨੇਟਰ ਬਣਦੇ ਸਨ। ਇਹ ਫੈਕਟਰੀ ਕੰਪਨੀ ਦੀ ਸਭ ਤੋਂ ਵੱਡੀ ਯੂਨਿਟ ਸੀ।

ਅਹਿਮਦਨਗਰ ਦੀ ਇਸ ਫੈਕਟਰੀ ਵਿੱਚ ਲੱਗਣ ਤੋਂ ਬਾਅਦ ਪਹਿਲੇ ਦੋ ਮਹੀਨੇ ਤਾਂ ਰਹਿਣ ਲਈ ਫਲੈਟ ਲੱਭਣ, ਖਾਣ ਪੀਣ ਦਾ ਪ੍ਰਬੰਧ ਕਰਨ, ਕੰਪਨੀ ‘ਚ ਲੱਗਣ ਦੀਆਂ ਫਾਰਮੈਲਟੀਆਂ ਪੂਰੀਆਂ ਕਰਨ ਤੇ ਹੋਰ ਛੋਟੇ-ਮੋਟੇ ਨਵੇਂ ਰੁਝੇਵਿਆਂ ‘ਚ ਲੰਘ ਗਏ। ਇਸਦੇ ਨਾਲ਼ ਨਾਲ਼ ਇੱਕ ਇਹ ਖਿਆਲ ਸੋਚ ਕੇ ਕਿ “ਮੈਂ ਆਪਣੀ ਜ਼ਿੰਦਗੀ ਦਾ ਇੱਕ ਅਹਿਮ ਮਕਸਦ ‘ਰੁਜ਼ਗਾਰ’ ਪਾ ਲਿਆ ਹੈ” ਜੋ ਭਾਵਨਾ ਪੈਦਾ ਹੁੰਦੀ ਸੀ ਉਹ ਇਸ ਸਮੇਂ ਬਦਲ ਰਹੀ ਮੇਰੀ ਜ਼ਿੰਦਗੀ ‘ਤੇ ਹਾਵੀ ਸੀ। ਇਹ ਭਾਵਨਾ ਜਦੋਂ ਕਮਜ਼ੋਰ ਪੈਣ ਲੱਗੀ ਤਾਂ ‘ਮੈਂ ਆਰਥਿਕ ਤੌਰ ਤੇ ਮਾਂ-ਪਿਉ ਤੋਂ ਅਜ਼ਾਦ ਹੋ ਗਿਆ ਹਾਂ’ ਦਾ ਖਿਆਲ ਦਿਲ ਨੂੰ ਇਹ ਭੁਲੇਖਾ ਪਾਉਂਦਾ ਸੀ ਕਿ ‘ਸਭ ਸਹੀ ਹੈ’। ਮੈਨੂੰ ਮੇਰਾ ਕੰਮ ਸਮਝਾਇਆ ਜਾ ਰਿਹਾ ਸੀ। ਨਵੇਂ ਨਵੇਂ ਲੋਕਾਂ ਨੂੰ ਮੈਂ ਮਿਲ਼ ਰਿਹਾ ਸੀ। ਮਰਾਠੀ ਦੇ ਨਵੇਂ ਨਵੇਂ ਸ਼ਬਦ ਮੇਰੀ ਸਮਝ ਆਉਣ ਲੱਗ ਪਏ ਸਨ। ਭਾਵੇਂ ਕੁਝ ਉਮਰਦਰਾਜ਼ ਮਜ਼ਦੂਰ ਕੁੱਝ ਹਰਖ, ਈਰਖਾ ਜਿਹੀ ਨਾਲ਼ ਗੱਲਬਾਤ ਕਰਦੇ ਸਨ ਬਹੁਤਿਆਂ ਦਾ ਰਵੱਈਆ ਮਿਲਣਸਾਰ ਸੀ। ਬਹੁਤੇ ਮਜ਼ਦੂਰਾਂ ਨੂੰ ਮੈਨੂੰ ਮਰਾਠੀ ਸੱਭਿਆਚਾਰ, ਰਹਿਣ ਸਹਿਣ, ਗੱਲ ਬਾਤ ਸਿਖਾਉਣ ਦਾ ਉਤਸੁਕਤਾ ਭਰਿਆ ਚਾਅ ਹੁੰਦਾ ਜਿਹੜਾ ਕਿਸੇ ਦੂਜੇ ਸੱਭਿਆਚਾਰ, ਭਾਸ਼ਾ ਦੇ ਅਣਜਾਨ ਅਜਨਬੀ ਆਦਮੀ ਨੂੰ ਆਪਣੇ ਸੱਭਿਆਚਾਰ, ਭਾਸ਼ਾ ਬਾਰੇ ਦੱਸਦਿਆਂ ਕੁਦਰਤੀ ਹੀ ਹੁੰਦਾ ਹੈ।

ਇਸਤੋਂ ਬਾਅਦ, ਹੌਲੀ-ਹੌਲੀ ਮੇਰੇ ਮਾਨਸਿਕ ਤੇ ਭੌਤਿਕ ਹਲਾਤ ਬਦਲਦੇ ਗਏ। ਅਕਤੂਬਰ ਤੋਂ ਲੈਕੇ ਦਸੰਬਰ ਤੱਕ ਦੇ ਦਿਨ ਪਰ ਮੇਰੀ ਜ਼ਿੰਦਗੀ ਦੇ ਸਭ ਤੋਂ ਮਨਹੂਸ, ਨਿਰਾਸ਼ ਭਰੇ ਰਹੇ। ਮੈਨੂੰ ਅਹਿਸਾਸ ਹੋਣਾ ਸ਼ੁਰੂ ਹੋਇਆ ਕਿ ਮੈਂ ਕਿੱਥੇ ਆਇਆ ਹਾਂ। ਕਿ ਮੈਂ ਕਿਵੇਂ ਘੜੀ ਦੀਆਂ ਸੂਈਆਂ ਨੂੰ ਵੇਖਦਾ ਵੇਖਦਾ, ਖੁਦ ਸੂਈ ਬਣ ਕੇ ਘੁੰਮਣ ਲੱਗ ਪਿਆ ਹਾਂ ਤੇ ਮੇਰੇ ਘੁੰਮਣ ਦੀ ਰਫਤਾਰ ਵੀ ਕੋਈ ਹੋਰ, ਮੇਰਾ ਬਾਸ ਤੇ ਮੇਰੇ ਉੱਤੇ ਥੋਪੇ ਝੂਠੇ ਕਾਲਪਨਿਕ ਉਦੇਸ਼ ਤੈਅ ਕਰ ਰਹੇ ਹਨ।

ਮੈਨੂੰ ਇਹ ਕਹਿਣ ਵਿੱਚ ਕੋਈ ਹਰਜ਼ ਨਹੀਂ ਕਿ ਕਾਰਪੋਰੇਟ ਜਗਤ ਦਾ ਮੇਰਾ ਅਨੁਭਵ ਬੇਹੱਦ ਘਟੀਆ, ਦੁਖਦਾਈ ਰਿਹਾ। ਇਸ ਜਗਤ ਵਿੱਚ ਦਾਖਲ ਹੋ ਕੇ ਮਨੁੱਖ ਅਸਲੀ ਇਨਸਾਨਾਂ ਵਾਲ਼ੀ ਦੁਨੀਆਂ ਤੋਂ ਟੁੱਟ ਜਾਂਦਾ ਹੈ। ਇਸ ਜਗਤ ਦੇ ਬਾਸ਼ਿੰਦੇ ਖੁਦ ਨੂੰ ਕਿਸੇ ਮਹਾਨ, ਅਜਿੱਤ ਦੇਸ਼ ਦੇ ਵਾਸੀ ਸਮਝਦੇ ਹਨ ਜਿਸਨੂੰ ‘ਕਾਰਪੋਰੇਟਸਤਾਨ ਗਣਰਾਜ’ ਦਾ ਨਾਂ ਦੇ ਸਕਦੇ ਹਨ। ਇੱਥੋਂ ਦੇ ਆਪਣੇ ਕਨੂੰਨ, ਹੱਕ, ਫਰਜ਼ ਤੇ ਆਪਣੀਆਂ ਹੀ ਕਦਰਾਂ ਕੀਮਤਾਂ ਹਨ। ਇੱਥੋਂ ਦਾ ਹਰ ਆਦਮੀ ਹਰ ਦੂਸਰੇ ਆਦਮੀ ਨੂੰ ਆਪਣਾ ਦੁਸ਼ਮਣ ਸਮਝਦਾ ਹੈ ਤੇ ਇੱਥੇ ਹਾਰ ਦਾ ਮਤਲਬ ਦੂਜੇ ਦੀ ਜਿੱਤ ‘ਤੇ ਖੁਸ਼ੀ ਦਾ ਮਤਲਬ ਦੂਜੇ ਦਾ ਦੁੱਖ ਹੈ। ਕਿਸੇ ਦੂਸਰੇ ਨੇ ਕੰਪਨੀ ਜਾਂ ਬਾਸ ਦੀ ਨਜ਼ਰ ਵਿੱਚ ਜੇ ਕੋਈ ਸ਼ਲਾਘਾਯੋਗ ਕੰਮ ਕੀਤਾ ਹੈ ਤਾਂ ਇਸ ਦਾ ਅਰਥ ਹੈ ਤੁਹਾਡੀ ਪ੍ਰੋਮੋਸ਼ਨ ਦੇ ਰਾਹ ਵਿੱਚ ਰੋੜਾ। ਕਾਰਪੋਰੇਟ ਕੰਪਨੀਆਂ ਦਾ ਪ੍ਰਬੰਧ ਇੰਨੇ ਗੈਰ-ਕੁਦਰਤੀ, ਅਣ-ਮਨੁੱਖੀ ਹੈ ਕਿ ਇਹ ਮਨੁੱਖ ਵਿੱਚੋ ਹਰ ਖੂਬੀ ਮਿਟਾ ਦਿੰਦਾ ਹੈ।

ਕੰਪਨੀ ਬਾਰੇ ਮਜ਼ਦੂਰ ਤੋਂ ਲੈ ਕੇ ਵੱਡੇ ਮੈਨੇਜਰਾਂ ਤੱਕ ਇਸ ਤਰਾਂ ਗੱਲ ਕਰਦੇ ਸਨ ਜਿਵੇਂ ਕੰਪਨੀ ਕੋਈ ਮਨੁੱਖਾਂ ਤੋਂ ਬਾਹਰੀ ਅਦਿੱਖ ਆਦਮਖੋਰ ਪ੍ਰੇਤ ਆਤਮਾ ਹੋਵੇ। “ਕੰਪਨੀ ਕਿਆ ਕਹੇਗੀ?”, “ਕੰਪਨੀ ਕੀ ਚੀਜ਼”, “ਜੋ ਕਰ ਰੇ ਹੈਂ ਕੰਪਨੀ ਕੇ ਲੀਏ ਹੈ” ਤੇ “ਕੰਪਨੀ ਕੋ ਸਬ ਮਾਲੂਮ ਰਹਿਤਾ ਹੈ” ਜਿਹੀਆਂ ਗੱਲਾਂ ਆਮ ਸਨ। ਕੋਈ ਵੀ ਇਹ ਸੋਚਣ ਦੀ ਖੇਚਲ ਨਹੀਂ ਕਰਦਾ ਕਿ ਕੰਪਨੀ ਤਾਂ ‘ਅਸੀਂ’ ਹਾਂ। ਮਜ਼ਦੂਰਾਂ ਲਈ ਕੰਪਨੀ ਕੋਈ ਦਿਆਲੂ ਮਾਂ ਵਰਗੀ ਆਤਮਾ ਰੱਖਦੀ ਚੀਜ਼ ਸੀ, ਉੱਚ-ਮੈਨੇਜਰਾਂ ਲਈ ਇਹ ਬਹੁਤ ਲਾਲਚੀ ਪਿਉ ਵਾਂਗ ਸੀ ਜਿਸਨੂੰ ਵੱਧ-ਤੋਂ-ਵੱਧ ਜਗੀਰ ਇੱਕਠੀ ਕਰਨ ਵਿੱਚ ਹੀ ਖੁਸ਼ੀ ਮਿਲ਼ਦੀ ਸੀ ਤੇ ਉਹ ਦਿਨ ਰਾਤ ਇਸ ਜਾਗੀਰ ਨੂੰ ਫੈਲਾਉਣ ਵਿੱਚ ਲੱਗੇ ਰਹਿੰਦੇ ਸਨ। ਇੰਜੀਨਿਅਰਾਂ ਲਈ ਇੱਕ ਬੇਪ੍ਰਵਾਹ ਵੱਡਾ ਭਰਾ ਸੀ ਜਿਸਨੂੰ ਉਹਨਾਂ ਦੀ ਕੋਈ ਫਿਕਰ ਨਹੀਂ ਪਰ ਜਿਸ ਤੋਂ ਪੈਸੇ ਲੈਕੇ ਬਸ ਉਹ ਉਸਦਾ ਕੰਮ ਕਰ ਦਿੰਦੇ ਹਨ।

ਮੈਂ ਆਪਣਾ ਇੱਥੇ ਇੱਕ ਆਮ ਦਿਨ ਦੱਸਣਾ ਚਾਹਾਂਗਾ। ਪਹਿਲੇ ਹੀ ਮਹੀਨੇ ਵਿੱਚ ਮੈਨੂੰ ਸਵੇਰੇ 7 ਵਜੇ ਵਾਲੀ ਸ਼ਿਫਟ ਵਿੱਚ ਪਾ ਦਿੱਤਾ ਗਿਆ। ਮੈਨੂੰ ਸਮਝਾਇਆ ਗਿਆ ਕਿ ਭਾਵੇਂ ਮੈਂ ਇੱਕ ਸਾਲ ਲਈ ਟ੍ਰੇਨੀ ਹਾਂ ਪਰ ਮੇਰੇ ਤੋਂ ਕੰਮ ਕੰਪਨੀ ਦੇ ਇੱਕ ਪੂਰੇ ਇੰਜੀਨਿਅਰ ਜਿੰਨਾ ਲਿਆ ਜਾਵੇਗਾ। 7 ਵਜੇ ਪਹੁੰਚਣ ਲਈ ਮੈਨੂੰ 6 ਵਜੇ ਉੱਠਣਾ ਪੈਂਦਾ ਸੀ। ਤੇ ਫੇਰ ਇੱਕ ਮਸ਼ੀਨੀ, ਰੋਬੋਟਿਕ ਅੰਦਾਜ਼ ਵਿੱਚ ਮੈਂ ਕਾਹਲ਼ੀ ਕਾਹਲ਼ੀ ਤਿਆਰ ਹੁੰਦਾ। ਇਹ ਸਭ ਕਿੰਨਾ ਮਸ਼ੀਨੀ ਅਤੇ ਰੋਬੋਟਿਕ ਸੀ ਸੋਚ ਕੇ ਮੈਨੂੰ ਬੜਾ ਘ੍ਰਿਣਾਮਈ, ਨਫਰਤ-ਭਰਿਆ ਹਾਸਾ ਆਉਂਦਾ ਹੈ। ਪੂਰੇ ਇੱਕ ਸਾਲ ਲਈ ਇਸ ਇੱਕ ਘੰਟੇ ਦੌਰਾਨ ਮੇਰੇ ਦਿਮਾਗ ਵਿੱਚ ਇਸ ਗੱਲ ਤੋਂ ਇਲਾਵਾ ਹੋਰ ਕੋਈ ਗੱਲ ਨਹੀਂ ਹੁੰਦੀ ਸੀ ਕਿ ਮੈਂ ਫੈਕਟਰੀ ਪਹੁੰਚ ਕੇ ‘ਬਾਇਓ-ਮੈਟ੍ਰਿਕ’ ਮਸ਼ੀਨ (ਉਂਗਲ਼ੀ ਦਾ ਨਿਸ਼ਾਨ ਪਛਾਨਣ ਵਾਲ਼ੀ ਮਸ਼ੀਨ) ‘ਤੇ ਜਾ ਕੇ ਹਾਜਰੀ ਪੰਚ ਕਰਨੀ ਹੈ। ਮੇਰੇ ਫਲੈਟ ਤੋਂ ਫੈਕਟਰੀ ਕੋਈ 5 ਕਿਲੋਮੀਟਰ ਸੀ। ਇਹ ਸਫ਼ਰ ਬੜਾ ਅਜੀਬ ਹੁੰਦਾ ਸੀ। ਇੱਕ ਪਾਸੇ ਦੇਰੀ ਹੋਣ ਕਾਰਨ ਅੱਧੇ ਦਿਨ ਦੀ ਛੁੱਟੀ ਬਚਾਉਣ ਲਈ ਕਾਹਲ ਤੇ ਦੂਜੇ ਪਾਸੇ ਫੈਕਟਰੀ ਕਦੇ ਨਾ ਆਵੇ ਦੇ ਖਿਆਲ ਵਿੱਚ ਹਰ ਰੋਜ਼ ਦਾ ਸਫ਼ਰ ਹੁੰਦਾ ਸੀ। ਇਸ ਤੋਂ ਇਲਾਵਾ ਆਪਣਾ ਅਤੀਤ, ਘਰ, ਦੋਸਤ-ਮਿੱਤਰ, ਕਾਲਜ ਦੇ ਦਿਨ, ਸਕੂਲ ਦੇ ਦਿਨ, ਆਪਣਾ ਬਚਪਨ ਜੋ ਸਭ ਮੈਨੂੰ ਹੁਣ ਇੰਨਾ ਚੰਗਾ ਲੱਗਣ ਲੱਗ ਗਿਆ ਸੀ ਕਿ ਮੈਨੂੰ ਯਕੀਨ ਨਹੀਂ ਆਉਂਦਾ ਸੀ ਕਿ ਉਹ ਸਭ ਮੇਰੀ ਹੀ ਜ਼ਿੰਦਗੀ ਦਾ ਹਿੱਸਾ ਸਨ। ਇਸ ਸਭ ਤੋਂ ਜਦੋਂ ਮੈਂ ਅੱਕ ਜਾਂਦਾ ਤਾਂ ਮੈਂ ਮੋਟਰਸਾਇਕਲ ‘ਤੇ ਬੈਠਾ ਆਪਣੇ ਖਿਆਲ ਸਿੱਧੇ ਸਾਹਮਣੇ ਸੜਕ ‘ਤੇ ਲੈ ਆਉਂਦਾ, ‘ਸੜਕ ਦੇ ਕਿਨਾਰੇ ਕੀ ਹੈ’ ,’ਕਿੰਨੇ ਵਾਹਨਾਂ ‘ਚ ਕਿੰਨੇ ਲੋਕ’, ‘ਕੌਣ ਕਿੱਥੋਂ ਆ ਰਿਹਾ ਹੋਵੇਗਾ ਤੇ ਕਿੱਥੇ ਜਾ ਰਿਹਾ ਹੋਵੇਗਾ’ ਅਤੇ ਇਸਤੋਂ ਭਿਅੰਕਰ ਕਿ ‘ਜੇ ਮੇਰਾ ਮੋਟਰਸਾਇਕਲ ਸਲਿਪ ਹੋ ਜਾਵੇ ਤੇ…’

ਹੁਣ ਇਹ ਸਭ ਬਹੁਤ ਡਰਾਵਣਾ ਲਗਦਾ ਹੈ ਪਰ ਉਦੋਂ ਮੈਨੂੰ ਚੜਦੇ ਸੂਰਜ ਤੋਂ ਤੇ ਚਹਿਕਦੇ ਪੰਛੀਆਂ ਤੋਂ ਨਫਰਤ ਸੀ ਕਿਉਂਕਿ ਇਹ ਉਹੋ ਮਨਹੂਸ ਸਵੇਰ ਨੂੰ ਫਿਰ ਕ੍ਰਮਵਾਰ ਦੁਹਰਾਉਣ ਦਾ ਸੁਨੇਹਾ ਲੈ ਕੇ ਆਉਂਦੇ ਸਨ। ਫੈਕਟਰੀ ਪਹੁੰਚ ਕੇ ਮੈਂ ਪਹਿਲਾਂ ਮੁੱਖ ਦਰਵਾਜ਼ੇ ਵਿੱਚੋਂ ਲੰਘ ਕੇ ਪਹਿਲਾਂ ਮਜ਼ਦੂਰਾਂ ਦੀ ਕੰਟੀਨ ਅੱਗੋਂ ਲੰਘਦਾ ਤਾਂ ਕੰਟੀਨ ਦੇ ਬਾਹਰ ਬਹੁਤ ਸਾਰੇ ਮਜ਼ਦੂਰ ਬੈਠੇ ਹੁੰਦੇ ਸਨ। ਪੱਕੇ ਮਜ਼ਦੂਰ ਨੀਲੀ ਵਰਦੀ ‘ਚ ਤੇ ਕੈਜ਼ੂਅਲ ਮਜ਼ਦੂਰ ਗੂਹੜੀ ਭੂਰੀ ਵਰਦੀ ‘ਚ। ਕਦੇ ਕਦੇ ਕੋਈ ਜਾਣ-ਪਛਾਣ ਵਾਲ਼ਾ ਮਜ਼ਦੂਰ ਬੈਠਾ ਹੁੰਦਾ ਤਾਂ ਉਹ ਮਰਾਠੀ ‘ਚ ਗੱਲ ਕਰਦਾ-ਕਰਦਾ ਹੱਥ ਨਾਲ਼ ਇਸ਼ਾਰਾ ਕਰਕੇ ਹਿੰਦੀ ‘ਚ ‘ਕੈਸੇ ਹੋ’, ‘ਆ ਗਏ’ ਆਦਿ ਕਹਿੰਦਾ ਹੋਇਆ ਮੇਰੇ ਵੱਲ ਸਾਰਿਆ ਦਾ ਧਿਆਨ ਦਿਵਾਉਂਦਾ ਤੇ ਮੈਂ ਵੀ ਲੰਘਦਾ ਲੰਘਦਾ ‘ਬਸ ਬੜੀਆ’, ‘ਔਰ ਕਿਆ’ ਕਹਿ ਜਾਂਦਾ ਤੇ ਫੇਰ ਉਹ ਆਪਣੇ ਸਾਥੀਆਂ ਨਾਲ਼ ਗੱਲ ਜਾਰੀ ਰੱਖਣ ਲਈ ਹਿੰਦੀ ਤੋਂ ਮਰਾਠੀ ਵਿੱਚ ਵਾਪਸ ਆ ਜਾਂਦਾ। ਇਹਨਾਂ ਵਿੱਚੋਂ ਬਹੁਤੇ ਬੀਤੇ ਦਿਨ ਦੇ ਹੋਏ ਕਿਸੇ ਘਟਨਾਕ੍ਰਮ ਬਾਰੇ ਜਾਂ ਆਪਣੇ ਸੁਪਰਵਾਈਜਰ ਨਾਲ਼ ਹੋਏ ਕਿਸੇ ਤਕਰਾਰ ਬਾਰੇ ਮਰਾਠੀ ‘ਚ ਗੱਲ ਕਰ ਰਹੇ ਹੁੰਦੇ ਤੇ ਖੁਦ ਵੀ ਆਪਸ ‘ਚ ਤਕਰਾਰ ਦਾ ਮਾਹੌਲ ਬਣਾ ਲੈਂਦੇ। ਕਈ ਅੱਧ-ਲੇਟੇ, ਕਈ ਤੰਬਾਕੂ-ਜਰਦਾ ਮਲ਼ਦੇ, ਪਾਨ ਖਾਂਦੇ, ਮੂੰਹ ਵਿੰਗੇ-ਟੇਢੇ ਕਰਕੇ ਕਿਸੇ ਘਰੇਲੂ ਮਸਲੇ ‘ਤੇ ਗੱਲ ਕਰ ਰਹੇ ਹੁੰਦੇ ਕਦੇ ਕਦੇ ਕੋਈ ਸਿਆਸੀ ਮੁੱਦਾ ਵੀ ਚੱਲ ਰਿਹਾ ਹੁੰਦਾ ਸੀ। ਇਹਨਾਂ ਸਭ ਦੇ ਉਦਾਸ ਬੇਰੰਗ ਚਿਹਰੇ ਇਸ ਗੱਲਬਾਤ ਵਿੱਚ ਇੰਨੇ ਮਗਨ ਲੱਗਦੇ ਸਨ ਕਿ ਜਿਵੇਂ ਇਹਨਾਂ ਦੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਸਮਾਂ ਕੰਟੀਨ ਸਾਹਮਣੇ ਇਹੋ ਸਵੇਰ ਦੇ 10 ਮਿੰਟ ਹੋਣ। ਜਿਵੇਂ ਪਿਛਲੇ ਸਾਰੇ ਦਿਨ ਇਹ ਇਹਨਾਂ ਦਸ ਮਿੰਟਾਂ ਦੀ ਉਡੀਕ ਕਰਦੇ ਰਹਿੰਦੇ ਹੋਣ ਤੇ ਇਹ ਸੋਚਦੇ ਰਹਿੰਦੇ ਹੋਣ ਕਿ ਇਸ ਚਰਚਾ ਵਿੱਚ ਕੀ ਕਹਿ ਸੁੱਟਣਾ ਹੈ।

ਕੰਟੀਨ ਤੋਂ ‘ਬਾਇਓ-ਮੈਟ੍ਰਿਕ ਮਸ਼ੀਨ’ ਤੱਕ ਦੀ 200 ਮੀਟਰ ਦੀ ਦੂਰੀ ਮੈਂ ਬੜੀ ਕਾਹਲ਼ੀ-ਕਾਹਲ਼ੀ ਤੈਅ ਕਰਦਾ। ਕਈ ਮਜ਼ਦੂਰ ਮੇਰੇ ਤੋਂ ਵੀ ਕਾਹਲ਼ੇ ਹੁੰਦੇ ਕਿਉਂਕਿ ਮਜ਼ਦੂਰ 7:10 ਤੱਕ ਪੰਚ ਕਰ ਸਕਦੇ ਸਨ ਜਦਕਿ ਇੰਜੀਨਿਅਰ 7:20 ਤੱਕ। ਪੰਚ ਕਰਕੇ ਹੀ ਮੈਨੂੰ ਜ਼ਰਾ ਚੈਨ ਆਉਂਦਾ ਤੇ ਮੇਰਾ ਦਿਨ ‘ਵਾਸਤਵਿਕ’, ‘ਅਧਿਕਾਰਕ’ ਤੌਰ ‘ਤੇ ਸ਼ੁਰੂ ਹੁੰਦਾ ਤੇ ਮੈਨੂੰ ਫੇਰ ਵੱਡੀਆਂ ਵੱਡੀਆਂ ਮੋਟਰਾਂ ਦਿਸਦੀਆਂ, ਪੇਂਟ-ਬੂਥਾਂ ਤੋਂ ਪੇਂਟ ਦੀ, ਤੇਜ਼ਾਬ ਦੀ, ਰਾਤ ਭਰ ਤੋਂ ਚੱਲ ਰਹੀਆਂ ਮੋਟਰਾਂ ਦੀ ਹਵਾੜ ਮਹਿਸੂਸ ਹੁੰਦੀ। ਮੈਂ ਵੇਖਦਾ ਕਿ ਆਸਪਾਸ ਮੇਰੇ ਵਰਗੇ ਮਨੁੱਖ ਦਿਨ ਦੀ ਸ਼ੁਰੂਆਤ ਕਰਨ ਲਈ ਪੈਕ ਹੋਈਆਂ ਮੋਟਰਾਂ ਉਹਲੇ ਕੱਪੜੇ ਬਦਲ ਰਹੇ ਹਨ, ਤੇ ਕਈ ‘ਪੱਕੇ ਮਜ਼ਦੂਰ’ ਰੇਡੀਓ ਸੁਣਦੇ ਹੋਏ ਕੁੱਝ ਗੱਲਬਾਤ ਕਰ ਰਹੇ ਹਨ ਤੇ ਕਈ ਮੇਰਾ ਵੀ ਮੁਸਕਾ ਕੇ ਸਵਾਗਤ ਕਰ ਰਹੇ ਹਨ। ਅਖੀਰ ਇਹਨਾਂ ਸਭ ਵਿੱਚੋਂ ਲੰਘ ਕੇ ਮੈਂ ਆਪਣੇ ਵਿਭਾਗ ‘ਡੀਸੀ ਮਸ਼ੀਨ’ ਜਿੱਥੇ ਕਿ ਡੀਸੀ ਮੋਟਰਾਂ ਤੇ ਜਨਰੇਟਰ ਬਣਦੇ ਸਨ, ਪਹੁੰਚਦਾ, ਪਿਛਲੇ ਦਿਨ ਦੀ ਸ਼ਿਫਟ ਜੋ ਰਾਤ 11 ਵਜੇ ਤੱਕ ਚਲਦੀ ਸੀ ਵਿੱਚ ਹੋਇਆ ਕੰਮ ਵੇਖਦੇ ਹੋਏ, ਗਾਰਡ ਨੂੰ ਬੁਲਵਾ ਕੇ ਦਫ਼ਤਰ ਦਾ ਜਿੰਦਰਾ ਖੁਲਵਾਉਂਦਾ। ਅੰਦਰੋਂ ਇੱਕ ਗਰਮ ਖਿਝਾਊ ਹਵਾੜ ਮੁੰਹ ‘ਤੇ ਵੱਜਦੀ। ਬਾਹਰ ਅੱਧੇ ਮਜ਼ਦੂਰ ਜਾਂ ਤਾਂ ਆਏ ਹੁੰਦੇ ਜਾਂ ਮੇਨ ਗੇਟ ਤੋਂ ਵਿਭਾਗ ਤੱਕ ਦਾ ਸਫ਼ਰ ਤੈਅ ਕਰ ਰਹੇ ਹੁੰਦੇ। ਪਰ 7:30 ਤੱਕ ਤਕਰੀਬਨ ਸਭ ਪੱਕੇ, ਕੈਜ਼ੁਅਲ, ਅਪ੍ਰੇਂਟੀਸ ਮਜ਼ਦੂਰ ਆ ਜਾਂਦੇ ਤੇ ਮੈਂ ਆਪਣਾ ਕੰਮ ਸ਼ੁਰੂ ਕਰਦਾ।

ਪਿਛਲੇ ਦਿਨ ਕਿੰਨੀਆਂ ਮੋਟਰਾਂ ਪੈਕ ਹੋਈਆਂ, ਕਿੰਨੀਆਂ ਬਾਕੀ ਹਨ, ਕਿਹੜੀ ਮੋਟਰ ਕਿਸ ਸਟੇਜ, ਅਵਸਥਾ ਵਿੱਚ ਹੈ ਦੇਖ ਕੇ ਮੈਂ ਮਜ਼ਦੂਰਾਂ ਨੂੰ ਇੱਕ ਕਾਗਜ਼ ‘ਤੇ ਲਿਖ ਕੇ ਦੇਣਾ ਹੁੰਦਾ ਸੀ ਕਿ ਅੱਜ ਕਿੰਨੀਆਂ ਮੋਟਰਾਂ ਬਣਾਉਣੀਆਂ ਹਨ। ਇਸ ਵਿਭਾਗ ਵਿੱਚ ਇੱਕ ਸ਼ਿਫਟ ਵਿੱਚ 6 ਤੋਂ 7 ਪੱਕੇ ਮਜ਼ਦੂਰ, ਇੰਨੇ ਹੀ ਕੈਜ਼ੂਅਲ ਤੇ ਇੱਕ ਜਾਂ ਦੋ ਅਪ੍ਰੇਂਟੀਸ ਆਉਂਦੇ ਸਨ। ਸਭ ਨੂੰ ਪਿਛਲੇ ਦਿਨ ਤੋਂ ਅੱਗੇ ਦਾ ਕੰਮ ਲਿਖ ਕੇ ਦੇਣਾ ਮੇਰਾ ਕੰਮ ਸੀ। ਸਵਾ ਸਾਲ ਫੈਕਟਰੀ ਵਿੱਚ ਹਰ ਦਿਨ ਮੈਂ ਇਹੋ ਕੰਮ ਕੀਤਾ। ਪਹਿਲਾਂ ਟ੍ਰੇਨੀ ਤੇ ਫੇਰ ‘ਅਗਜੀਕਿਉਟਿਵ ਇੰਜੀਨਿਅਰ’ ਦੋਵਾਂ ਪੋਸਟਾਂ ‘ਤੇ ਮੈਂ ਇਹੋ ਕੰਮ ਕੀਤਾ। ਕਈ ਵਾਰ ਪਰਚੀ ਲਿਖ ਕੇ ਦਿੰਦਿਆ ਮੈਨੂੰ ਆਪਣੇ ਕਾਲਜ ਟਾਈਮ ਵਿੱਚ ਇਲੈਕਟ੍ਰਿਕਲ ਥਿਉਰੀ ਦੀ ਕੋਈ ਔਖੀ ਜਿਹੀ ਥਿਊਰਮ ਯਾਦ ਆ ਜਾਂਦੀ ਤੇ ਮੈਨੂੰ ਲਗਦਾ ਮੈਂ ਉਹੀ ਪਰੂਫ਼ ਕਰ ਰਿਹਾ ਹਾਂ।

ਇੱਕ ਮਜ਼ਦੂਰ ‘ਤੇ ਉਸਦਾ ਹੈਲਪਰ ਔਸਤਨ ਸ਼ਿਫਟ ਵਿੱਚ ਛੋਟੀ ਫਰੇਮ ਦੀਆਂ 3 ਤੇ ਵੱਡੀ ਫਰੇਮ ਦੀ ਇੱਕ ਮੋਟਰ ਬਣਾਉਂਦਾ ਸੀ, ਉਹ ਵੀ ਤਾਂ ਜੇ ਮੋਟਰ ਲਈ ਲੋੜੀਂਦਾ ਹਰ ਪੁਰਜਾ ਉੱਥੇ ਉਪਲਬਦ ਹੋਵੇ, ਜੋ ਕਿ ਕਦੀ-ਕਦਾਈ ਹੀ ਹੁੰਦਾ ਸੀ। ਮੋਟਰ ਦੇ ਦੋ ਵੱਡੇ ਹਿੱਸੇ ਹੁੰਦੇ ਹਨ -ਰੋਟਰ (ਘੁੰਮਦਾ ਹਿੱਸਾ) ਤੇ ਸਟੇਟਰ (ਸਥਿਰ ਹਿੱਸਾ)। ਇਹਨਾਂ ਦੋਵਾਂ ਹਿੱਸਿਆ ਨੂੰ ਮੋਟਰ ਬਣਾਉਣ ਤੋਂ ਪਹਿਲਾਂ ਵਾਰਨਿਸ਼ ਵਿੱਚ ਡੁਬੋ ਕੇ 8 ਘੰਟੇ ਗਰਮ ਕੀਤਾ ਜਾਂਦਾ ਹੈ। ਫੇਰ ਕੱਢ ਕੇ ਅੱਗੇ ਇਹਨਾਂ ਦੀ ਸਫਾਈ, ਟਰਨਿੰਗ, ਬੈਲੈਂਸਿੰਗ ਆਦਿ ਪ੍ਰਕਿਰਿਆਵਾਂ ਹੁੰਦੀਆਂ ਹਨ। ਜੇ ਬਣਾਉਣ ਲਈ ਮੋਟਰਾਂ ਘੱਟ ਹੁੰਦੀਆਂ ਤਾਂ ਮਜ਼ਦੂਰਾਂ ਨੂੰ ਇਹਨਾਂ ਵਿੱਚੋ ਕਿਸੇ ਕੰਮ ਲਾਉਣਾ ਹੁੰਦਾ ਸੀ। ਜੇ ਕੋਈ ਵੀ ਕੰਮ ਨਾ ਹੁੰਦਾ ਤਾ ਕੰਮ “ਘੜਨਾ” ਹੁੰਦਾ ਸੀ ਜਿੱਥੇ ਮਜ਼ਦੂਰਾਂ ਤੋਂ ਮਜ਼ਦੂਰੀ ਕਰਵਾਈ ਜਾ ਸਕੇ।

ਪੱਕੇ ਮਜ਼ਦੂਰਾਂ ਦੀ ਆਪਣੀ ਯੂਨੀਅਨ ਸੀ। ਉਹ ਦੱਸਦੇ ਸਨ ਕਿ ਪਹਿਲਾਂ ਉਹਨਾਂ ਦੀ ਯੂਨੀਅਨ ਮਹਾਂਰਾਸ਼ਟਰ ਦੀ ਇੱਕ ਸੰਯੁਕਤ ਯੂਨੀਅਨ ਨਾਲ਼ ਸੰਬਧਤ ਸੀ, ਪਰ ਹੁਣ ਉਹਨਾਂ ਨਾਲ਼ੋਂ ਨਾਤਾ ਤੋੜਣ ਲਈ ‘ਕੰਪਨੀ’ ਨੇ ਉਹਨਾਂ ਦੀ ਤਨਖਾਹ ਦੋ-ਦੋ ਹਜ਼ਾਰ ਰੁਪਏ ਵਧਾ ਦਿੱਤੀ ਹੈ ਤੇ ਉਹ ਬਹੁਤ ਖੁਸ਼ ਹਨ, ਪਰ ਹੁਣ ‘ਢਿੱਲੇ’ ਮਜ਼ਦੂਰਾਂ ਨੂੰ ਕੰਪਨੀ ਜਲਦੀ ਕੱਢ ਦਿੰਦੀ ਹੈ। ਇਹ ਪੱਕੇ ਮਜ਼ਦੂਰ ਖੁਦ ਨੂੰ ‘ਕੰਪਨੀ ਕਾ ਆਦਮੀ’ ਦੱਸਦੇ ਸਨ ਤੇ ਕੈਜ਼ੁਅਲ ਕੱਚੇ ਮਜ਼ਦੂਰਾਂ ਪ੍ਰਤੀ ਇੱਕ ਈਰਖਾ ਤੇ ਵਿਰੋਧੀ ਭਾਵ ਰੱਖਦੇ ਸਨ। ਭਾਵੇਂ ਕੰਮ ਕੱਚੇ ਮਜ਼ਦੂਰਾਂ ਤੋਂ ਜ਼ਿਆਦਾ ਲਿਆ ਜਾਂਦਾ ਸੀ ਤੇ ਉਹ ਲਗਾਤਾਰ ਦੋ ਸ਼ਿਫਟਾਂ ਯਾਨੀ 16 ਘੰਟੇ ਵੀ ਕੰਮ ਕਰਦੇ ਸਨ। ਥੋੜਾ ਪੁਰਾਣੇ ਕੱਚੇ ਮਜ਼ਦੂਰ ਦੀ ਦਿਹਾੜੀ ਜੋ ਤਕਰੀਬਨ 300 ਰੁਪੈ ਦੇ ਕਰੀਬ ਸੀ ਵਿੱਚੋਂ 50 ਰੂਪੈ ਠੇਕੇਦਾਰ ਦੇ ਸਨ। ਇਹ ਮਜ਼ਦੂਰ ਕਈ ਵਾਰ ਪੱਕੇ ਮਜ਼ਦੂਰ ਨਾਲ਼ੋ ਜ਼ਿਆਦਾ ਹੁਨਰਮੰਦ ਹੁੰਦੇ ਸਨ। ਨਵੇਂ ਮਜ਼ਦੂਰਾਂ ਨੂੰ 200 ਹੀ ਮਿਲ਼ਦਾ ਸੀ। ਫੈਕਟਰੀ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਇਹਨਾਂ ਦੀ ਹੀ ਸੀ। ਉਂਝ ਵੀ ਮੋਟਰਾਂ ਦਾ ਜ਼ਿਆਦਾ ਕੰਮ ਬਾਹਰੋਂ ‘ਵੇਂਡਰ’ ਕਰ ਕੇ ਦੇਂਦੇ ਸਨ (ਇਸਨੂੰ ਸ਼ਾਇਦ ਆਉਟਸੋਰਸਿੰਗ ਕਹਿੰਦੇ ਨੇ) ਅੰਦਰ ਸਿਰਫ ਥੋੜਾ ਬਹੁਤ ਬਾਹਰੀ ਕੰਮ, ਸਫਾਈ, ਢੋਆ-ਢੁਆਈ ਅਤੇ ਅਸੈਂਬਲੀ ਦਾ ਕੰਮ ਹੁੰਦਾ ਸੀ।

ਇਹ ਕੰਮ ਪਰਚੀ ‘ਤੇ ਲਿਖ ਕੇ ਜਦੋਂ ਮੈਂ ਦੇ ਦਿੰਦਾ ਤਾਂ ਮੈਂ ਸਵੇਰ ਦੇ ਨਾਸ਼ਤੇ, ਜੋ ਕਿ 8:30 ਵਜੇ ਮਿਲ਼ਦਾ ਸੀ ਦਾ ਇੰਤਜ਼ਾਰ ਕਰਨ ਲੱਗ ਪੈਂਦਾ। ਮੈਂ ਵੀ ਮਜ਼ਦੂਰਾਂ ਦੀ ਉਸ ਕੰਟੀਨੀ ਮੌਜ-ਮਸਤੀ ਵਾਂਗ ਸਾਡੀ ਇੰਜੀਨਿਅਰਾਂ ਦੀ ਮੌਜ-ਮਸਤੀ ਯਾਨੀ ਨਾਸ਼ਤੇ ‘ਤੇ ਹੋਣ ਵਾਲ਼ੀ ਗੱਲਬਾਤ ਲਈ ਉਡੀਕਦਾ ਤੇ ਪਿਛਲੇ ਦਿਨ ਦੀਆਂ ਸੋਚੀਆਂ ਕੁਝ ਗੱਲਾਂ, ਜੋ ਮੈਂ ਕਹਿਣੀਆਂ ਸਨ, ਯਾਦ ਕਰਦਾ। 8:30 ਵੱਜਦੇ ਤਾਂ ਮੈਂ ਕੰਟੀਨ ਵੱਲ ਨੂੰ ਤੁਰ ਪੈਂਦਾ। ਕੰਟੀਨ ਵਿੱਚ ਉਦੋਂ ਉਹ ਲੋਕ ਵੀ ਆਉਂਦੇ ਸਨ ਜਿਹਨਾਂ ਦੀ ਸ਼ਿਫਟ 9 ਵਜੇ ਹੁੰਦੀ। ਇਹਨਾਂ ਵਿੱਚ ਮੇਰੇ ਦੋ ਖਾਸ ਦੋਸਤ, ਜਿਹਨਾਂ ਨੇ ਮੇਰੇ ਨਾਲ਼ ਹੀ ਕੰਪਨੀ ਵਿੱਚ ਸ਼ੁਰੁਆਤ ਕੀਤੀ ਸੀ, ਸੀਮਾ ਤੇ ਨਵਨੀਤ ਵੀ ਹੁੰਦੇ। ਕਈ ਵਾਰ ਅਸੀਂ ਤਿੰਨੇ ਤੇ ਕਈ ਵਾਰ ਹੋਰ ਲੋਕ ਸਾਡੇ ਨਾਲ਼ ਬਹਿੰਦੇ ਤੇ ਅਸੀਂ ਸਵੇਰ ਦਾ ਮਰਾਠੀ ਨਾਸ਼ਤਾ – ਵੜਾ-ਪਾਵ, ਦਾਲ-ਵੜਾ, ਪੋਹੇ ਆਦਿ ਤੇ ਚਾਹ ਪੀਂਦੇ। ਗੱਲਬਾਤ ਦਾ ਵਿਸ਼ਾ ਉਹੋ ਸਵੇਰ ਦੇ ਮਜ਼ਦੂਰਾਂ ਵਾਲ਼ਾ – ਕੱਲ ਦੀ ਕੰਪਨੀ ਦੀ ਕੋਈ ਗੱਲ, ਘਰੇਲੂ ਖਰੀਦੋ-ਫ਼ਰੋਖ਼ਤ ਬਾਰੇ ਹੁੰਦੀ। ਫਰਕ ਇਹ ਕਿ ਮਜ਼ਦੂਰ ਕੰਟੀਨ ਤੋਂ ਬਾਹਰ ਉੱਚੀ-ਉੱਚੀ ਤੇ ਅਸੀ ਅੰਦਰ ਕਰਦੇ ਸਾਂ ਹੌਲ਼ੀ-ਹੌਲ਼ੀ। ਫਰਕ ਇਹ ਵੀ ਕਿ ਸਾਡੀ ਗੱਲਬਾਤ ਵਿੱਚ ਕੋਈ ਬਾਕੀ ਰਹਿੰਦਾ ਕੰਮ ਤੇ ਅੰਗਰੇਜ਼ੀ ਦੇ ਸ਼ਬਦ ਜ਼ਿਆਦਾ ਹੁੰਦੇ ਤੇ ਇਹ ਵੀ ਕਿ ਪਾਨ ਤੇ ਜਰਦੇ ਤੋਂ ਬਿਨਾਂ ਹੁੰਦੇ। (ਕਈ ਲੋਕ ਬਾਹਰ ਖਾ ਕੇ ਆਉਂਦੇ ਸਨ ਕਿਉਂਕਿ ਕੰਟੀਨ ਅੰਦਰ ‘ਅਸੱਭਿਅਕ’ ਸਮਝਿਆ ਜਾਂਦਾ ਸੀ।) ਇੱਕ ਆਖ਼ਰੀ ਫਰਕ ਇਹ ਵੀ ਕਿ ਮਾਹੌਲ ਵਿੱਚ ਇੱਕ ਕਾਹਲੀ, ਚਿੰਤਾ ਜਿਹੀ ਹੁੰਦੀ ਜਦਕਿ ਮਜ਼ਦੂਰਾਂ ਦੀ ਮਿਲਣੀ ਵਿੱਚ ਠਹਿਰਾਵ, ਨਿੱਸਲਤਾ ਹੁੰਦੀ।

ਨਾਸ਼ਤੇ ਤੋਂ ਬਾਅਦ ਮੈਂ ਵਾਪਸ ਵਿਭਾਗ ਆਉਂਦਾ ਤਾਂ ਉਦੋਂ ਤਕ ਮੇਰੇ 2 ਸੀਨੀਅਰ ਤੇ ਮੇਰਾ ਬੌਸ ਆ ਚੁੱਕੇ ਹੁੰਦੇ। 9 ਵਜੇ ਅਸੀਂ ਮੀਟਿੰਗ ਕਰਦੇ ਜਿਸ ਵਿੱਚ ਜੇ ਬੌਸ ਦਾ ਮੂਡ ਠੀਕ ਹੋਵੇ ਤਾਂ ਸਭ ਚੰਗਾ ਨਹੀਂ ਤਾਂ ਗੁੱਸਾ, ਲਾਹਣਤ, ਨਿਰਾਸ਼ਾ, ਅੰਗਰੇਜ਼ੀ-ਲਾਹਣਤਾਂ, ਫਿਕਰਮੰਦੀ ਦਾ ਪ੍ਰਦਰਸ਼ਨ ਹੁੰਦਾ। ਕੁੱਲ ਮਿਲ਼ਾ ਕਿ ਇਸ ਮੀਟਿੰਗ ਵਿੱਚ ਇਹ ਹੁੰਦਾ ਸੀ – ਇੱਕ ਦੂਜੇ ਦੀ ਗਲਤੀ ਕੱਢ ਕੇ ਕਿਸੇ ਇਲਜ਼ਾਮ ਦੀ ਕਿਸੇ ਦੂਜੇ ਸਿਰ ਧਰਨੀ ਤੇ ਆਪਣੇ ਮੂੰਹ ਮੀਆਂ ਮਿੱਠੂ ਬਣ ਕੇ ਕਿਸੇ ਸਫਲਤਾ ਦਾ ਸਿਹਰਾ ਆਪਣੇ ਸਿਰ ਬੰਨਣਾ। ਬਹੁਤੀ ਵਾਰ ਇਹ ਮੀਟਿੰਗ ਨਿਰਾਸ਼ਾ, ਗੁੱਸੇ ਲੜਾਈ ਝਗੜੇ ਭਰੀ ਹੁੰਦੀ ਤੇ ਇਹ ਸਭ ਕਰਦਿਆਂ 10 ਵੱਜ ਜਾਂਦੇ ਤੇ ਅਸੀਂ ਚਾਰੇ ਇੰਜੀਨਿਅਰ ਚਾਹ ਪੀਣ ਚਲੇ ਜਾਂਦੇ।

ਇਹ ਨਾਸ਼ਤਾ, ਚਾਹ, ਲੰਚ, ਚਾਹ ਤੇ ਫੇਰ ਸ਼ਾਮ ਦਾ ਨਾਸ਼ਤਾ ਹੀ ਉਹ ਛੋਟੀਆਂ ਛੋਟੀਆ ਰਾਹਤ ਅਤੇ ਖੁਸ਼ੀ ਦੀਆਂ ਡਲ਼ੀਆਂ ਹੁੰਦੀਆਂ ਜਿੰਨੇ ਨਾਲ਼ ਨੀਰਸ ਜ਼ਹਿਰਨੁਮਾ ਦਿਨਾਂ ਵਿੱਚ ਥੋੜੀ ਮਿਠਾਸ ਘੁਲ਼ਦੀ। ਸਵੇਰ ਦੇ 7 ਵਜੇ ਦਾ ਆਇਆ ਮੈਂ ਸ਼ਾਮ ਨੂੰ 7 ਵਜੇ ਤੱਕ ਵਾਪਸ ਮੁੜਦਾ ਤੇ ਜਾ ਕੇ ਬਸ ਥੱਲੇ ਲੱਗੇ ਗੱਦੇ ‘ਤੇ ਲੇਟ ਜਾਂਦਾ, ਜਾਂ ਕਹਾਂ ਡਿੱਗ ਪੈਂਦਾ। ਥੋੜਾ ਆਰਾਮ ਕਰ ਕੇ ਫੋਨ ਲੈਕੇ ਫੇਸਬੁੱਕ ‘ਤੇ ਜਾਂ ਵਟਸਐਪ ‘ਤੇ ਬੈਠਾ ਰਹਿੰਦਾ। ਇਸ ਸਭ ਵਿੱਚ ਵੀ ਮੈਨੂੰ ਕੰਪਨੀ ਵਿੱਚੋ ਫੋਨ ਆਈ ਜਾਂਦੇ। ਡਿਨਰ ਕਰ ਕੇ ਮੈਂ 11-11:30 ਤੱਕ ਇੱਕ ਚਿੰਤਾ, ਉਦਾਸੀ ਭਰੇ ਮਨ ਨਾਲ਼ ਸੌਂਦਾ ਤੇ ਸਵੇਰੇ ਫੇਰ ਉਹੋ ਜਿਹਾ ਦਿਨ ਸ਼ੁਰੂ ਹੋ ਜਾਂਦਾ। ਹਫਤੇ ਵਿੱਚ ਇੱਕ ਦਿਨ ਸ਼ਨੀਵਾਰ ਮੈਨੂੰ ਛੁੱਟੀ ਹੁੰਦੀ (ਉਹ ਵੀ ਕਦੇ-ਕਦੇ) ਤੇ ਉਸ ਦਿਨ ਦੇਰ ਨਾਲ਼ ਉੱਠ ਕੇ ਕਿਤੇ ਬਜ਼ਾਰ ਵਿੱਚ ਘੁੰਮ ਕੇ ਵਕਤ ਬੀਤ ਜਾਂਦਾ ਤੇ ਫੇਰ ਉਹੋ ਚਿੰਤਾ ਦਿਮਾਗ਼ ਵਿੱਚ ਵੜ ਜਾਂਦੀ ਕਿ ਕੱਲ ਫੇਰ 7 ਵਜੇ ਪਹੁੰਚਣਾ ਹੈ। ਇਸ ਸਮੇਂ ਮੈਨੂੰ ਲਗਦਾ ਕਿ ਵਿਹਲੇ ਅਮੀਰ ਲੋਕ ਕਿੰਨੇ ਖੁਸ਼ਕਿਸਮਤ ਨੇ, ਵਿਹਲਾ ਰਹਿਣਾ ਕਿੰਨਾ ਵੱਡਾ ਸੁਭਾਗ ਹੈ ਤੇ ਮੈਂ ਜਦੋਂ ਇੱਥੋਂ ਨਿੱਕਲ਼ਿਆ ਤਾਂ ਬਿਲਕੁਲ ਵਿਹਲਾ ਰਹਾਂਗਾ।

ਪਹਿਲਾਂ-ਪਹਿਲਾਂ ਤਾਂ ਮੈਂ ਕੰਮ ਵਿੱਚ ਬਹੁਤ ਉਤਸੁਕਤਾ ਵਿਖਾਈ ਕਿਉਂਕਿ ਸਭ ਨਵਾਂ ਨਵਾਂ ਸੀ ਤੇ ਆਪਣੀ ਪੜ•ਾਈ ਦਾ ਪ੍ਰੈਕਟੀਕਲ ਜਿਹਾ ਲਗਦਾ ਸੀ। ਮੇਰੀ ‘ਪ੍ਰਫਾਰਮੈਂਸ’ ਨੂੰ ਦੇਖ ਕੇ ਮੈਨੂੰ ਕਈ ਪ੍ਰਾਜੈਕਟ ਦਿੱਤੇ ਗਏ। ਮੈਨੂੰ ਦੱਸਿਆ ਗਿਆ ਕਿ ਮੇਰੇ ਤੋਂ ਕਿੰਨੀਆਂ ਉਮੀਦਾਂ ਹਨ। ਮੈਨੂੰ ਕਿਹਾ ਗਿਆ ਤੁਸੀਂ “ਕੁਝ ਵੀ” ਕਰਨ ਲਈ “ਅਜ਼ਾਦ” ਹੋ ਪਰ ਹੌਲ਼ੀ-ਹੌਲ਼ੀ ਜਦੋਂ ਮੈਨੂੰ ਮੇਰਾ ਘੇਰਾ ਦਿਖਾਇਆ ਗਿਆ ਤੇ ‘ਮੇਰਾ’ ਅਸਲ ਕੰਮ ਦਿਖਾਇਆ ਗਿਆ ਤਾਂ ਸਭ ਉਤਸੁਕਤਾ ਜਾਂਦੀ ਰਹੀ। ਜਦੋਂ ਮੈਂ ਕਾਰਪੋਰੇਟ ਦੀਆਂ ਰੰਗਦਾਰ ਤੇਜ਼-ਤਰਾਰ ਤਹਿਆਂ ਹੇਠ ਵੇਖਿਆ ਸਭ ਕੁਝ ਪੁਰਾਣਾ-ਪੁਰਾਣਾ, ਠੰਡਾ-ਠੰਡਾ ਹੋ ਗਿਆ। ਫੈਕਟਰੀ ਮੈਨੂੰ ਮਾਨਸਿਕ ਤਸੀਹਾਘਰ ਲਗਦੀ। ਮਸ਼ੀਨਾਂ ਦਾ ਬੋਝ ਸਿਰ ‘ਤੇ ਭਾਰ ਬਣ ਗਿਆ। ਜਿਹੜੀਆਂ ਮਸ਼ੀਨਾਂ ਮੈਨੂੰ ਵਿਗਿਆਨਕ ਕਰਾਮਾਤ ਲਗਦੀਆਂ ਸਨ ਇੱਕ ਆਦਮਖੋਰ ਦੈਂਤ ਲੱਗਣ ਲੱਗੀਆਂ। ਹੌਲ਼ੀ-ਹੌਲ਼ੀ ਇੱਕ ਪਾਸੇ ਮੇਰੀ ਸੋਚ, ਅਹਿਸਾਸ, ਰਿਸ਼ਤੇ, ਨਾਤੇ ਮੈਨੂੰ ਮਸ਼ੀਨੀ ਲੱਗਣ ਲੱਗੇ ਤੇ ਦੂਜੇ ਪਾਸੇ ਮਸ਼ੀਨ ਸ਼ਬਦ ਨਾਲ਼ ਨਫਰਤ, ਘ੍ਰਿਣਾ ਹੋਣ ਲੱਗੀ। ਬੜੀ ਉਲਝਣ, ਨਿਰਾਸ਼ਾ, ਦੁਚਿੱਤੀ ਭਰੇ ਖਿਆਲ ਦਿਮਾਗ਼ ਵਿੱਚ ਹਮੇਸ਼ਾ ਚਲਦੇ ਰਹਿੰਦੇ। ਸਭ ਕੁਝ ਮੈਨੂੰ ਵਿਅਰਥ, ਦੁੱਖਦਾਈ ਲੱਗਦਾ। ਮੈਂ ਇੱਕ ਅਜਿਹੀ ਨਿਰਾਸ਼ਾ ਵਾਲ਼ੀ ਸਥਿਤੀ ਵਿੱਚ ਚਲਾ ਗਿਆ ਜਿੱਥੋਂ ਮੈਨੂੰ ਲਗਦਾ ਸੀ ਕਿ ਬਾਹਰ ਨਿੱਕਲ਼ ਕੇ ਵੀ ਕੋਈ ਚੈਨ, ਆਰਾਮ ਨਹੀਂ ਮਿਲਣ ਵਾਲ਼ਾ।

ਘਰੋਂ ਮੈਨੂੰ ਫੋਨ ਆਉਂਦਾ ਤਾਂ ਮੈਂ ਖਿਝੇ-ਖਿਝੇ ਰੁਖੇ ਜਿਹੇ ਜਵਾਬ ਦੇਂਦਾ, ਪੁੱਛੇ ਸਵਾਲ ਦਾ ਹਾਂ-ਨਾਂ ਵਿੱਚ ਜਵਾਬ ਦੇ ਦੇਂਦਾ। ਪਹਿਲੇ ਦੋ ਮਹੀਨੇ ਤਾਂ ਇੱਦਾਂ ਹੁੰਦਾ ਰਿਹਾ ਪਰ ਫੇਰ ਜਦੋਂ ਉਹਨਾਂ ਪੁੱਛਿਆ ਕਿ ਖਿਝਿਆ-ਖਿਝਿਆ ਕਿਉਂ ਰਹਿਨਾ ਏਂ, ਕਿ ਸਾਡੇ ਨਾਲ਼ ਤਾਂ ਚੰਗੀ ਤਰਾਂ ਗੱਲ ਕਰਿਆ ਕਰ, ਤੇ ਉਹਨਾਂ ਪੁੱਛਿਆ ਕਿ ਕੰਮ ਵਧੀਆ ਨਹੀਂ? ਮੈਂ ਡਰਦੇ ਹੋਏ ਉਦੋਂ ਤਾਂ ਸਭ ਟਾਲ਼ ਦਿੱਤਾ ਪਰ ਸੋਚਿਆ ਦਿਵਾਲੀ ‘ਤੇ ਜਦੋਂ ਘਰ ਜਾਵਾਂਗਾ ਉਦੋਂ ਗੱਲ ਕਰਾਂਗਾ। ਇਸਤੋਂ ਬਾਅਦ ਮੈਂ ਫੋਨ ‘ਤੇ ਧਿਆਨ ਨਾਲ਼ ਸੋਚ-ਸਮਝ ਕੇ ਖੁਸ਼-ਖੁਸ਼ ਗੱਲ ਕਰਨ ਲੱਗਿਆ।

ਜਦੋਂ ਦਿਵਾਲੀ ‘ਤੇ ਮੈਂ ਘਰ ਆਉਣਾ ਸੀ ਤਾਂ ਮੈਨੂੰ ਇੰਝ ਹੀ ਲੱਗ ਰਿਹਾ ਸੀ ਕਿ ਜਿਵੇਂ ਮੈਂ ਹਮੇਸ਼ਾ ਲਈ ਹੀ ਇੱਥੋਂ ਨਿੱਕਲ਼ ਰਿਹਾ ਹੋਵਾਂ। ਘਰ ਜਾਣ ਨਾਲ਼ੋਂ ਜ਼ਿਆਦਾ ਖੁਸ਼ੀ ਮੈਨੂੰ ਫੈਕਟਰੀ ਵਿੱਚੋਂ ਨਿੱਕਲਣ ‘ਤੇ ਸੀ। ਇੱਕ ਕ੍ਰਮ ਟੁੱਟਣ ਵਾਲ਼ਾ ਸੀ। ਮੈਂ ਘਰ ਆਇਆ ਤੇ ਕਿਸੇ ਤਰਾਂ 10 ਕੁ ਫੀਸਦ ਸੱਚ ਦੱਸ ਕੇ ਗੱਲ ਕੀਤੀ ਕਿ ਕੋਈ ਹੋਰ ਰੁਜ਼ਗਾਰ ਲੱਭਣਾ ਹੈ ਤੇ ਕੋਸ਼ਿਸ਼ ਵੀ ਕੀਤੀ, ਪਰ ਅਸਫਲ। ਘਰ ਵਿੱਚ ਅਜੀਬ ਜਜ਼ਬਾਤੀ ਮਹੌਲ ਵੇਖ ਕੇ ਮੈਂ ਦੂਜੀ ਵਾਰ ਅਹਿਮਦਨਗਰ ਚਲਾ ਗਿਆ। ਇਹ ਵਾਪਸ ਜਾਣ ਦਾ ਸਮਾਂ ਮੈਂ ਲਿਖ ਕੇ ਦੱਸ ਨਹੀਂ ਸਕਦਾ, ਬਸ ਇੰਨਾ ਕਿ ਪੁਣੇ ਤੋਂ ਅਹਿਮਦਨਗਰ ਜਾਂਦੇ ਹੋਏ ਬੱਸ ਵਿੱਚ ਬੈਠ ਕੇ ਬਿਨਾਂ ਚਿਹਰੇ ਦੇ ਭਾਵ ਬਦਲੇ ਮੈਂ ਆਪ-ਮੁਹਾਰੇ ਰੋਣ ਲੱਗ ਪੈਂਦਾ ਸੀ।

ਵਾਪਸ ਪਹੁੰਚ ਕੇ ਮੈਂ ਪਹਿਲਾਂ ਨਾਲ਼ੋਂ ਦੁੱਗਣੀ ਨਿਰਾਸ਼ਾ ਵਿੱਚ ਡੁੱਬ ਗਿਆ। ਇੱਕ ਬੇਵਸੀ ਤੜਪ ਜਿਹੀ ਹਰ ਸਮੇਂ ਮਨ ਵਿੱਚ ਰਹਿੰਦੀ ਤੇ ਮੈਂ ਸੋਚਦਾ ਰਹਿੰਦਾ, “ਇਹ ਕੀ ਹੋ ਗਿਆ”। ਹੌਲ਼ੀ-ਹੌਲ਼ੀ ਮੈਨੂੰ ਏਸ ਸਭ ਦੀ ਆਦਤ ਪੈਣ ਲੱਗੀ। “ਇਹ ਕੀ ਹੋ ਗਿਆ” ਦੀ ਜਗਾ ਮੇਰੇ ਮਨ ਵਿੱਚ “ਇੱਦਾਂ ਹੀ ਹੁੰਦਾ ਹੈ” ਦਾ ਖਿਆਲ ਆਉਣ ਲੱਗਾ। ਇਸ ਸਾਰੇ ਸਮੇਂ ਮੈਂ ਜਦੋਂ ਘਰ, ਦੋਸਤ ਤੇ ‘ਸਿਆਣੇ’ ਲੋਕਾਂ ਨਾਲ਼ ਗੱਲ ਕੀਤੀ ਸਭ ਨੇ ਮੈਨੂੰ ਕਿਹਾ ਕਿ “ਇੱਕ ਸਾਲ ਤਾਂ ਲਾ”, “ਟ੍ਰੇਨਿੰਗ ਤਾਂ ਪੂਰੀ ਕਰ ਲੈ”, “ਕਿੱਥੇ ਜਾਵੇਂਗਾ?” ਤੇ ਮੈਂ ਇਹ ਸੋਚਣ ਲੱਗਾ ਕਿ ਚਲੋ ਇੱਕ ਸਾਲ ਤਾਂ ਸ਼ਾਇਦ ਲੰਘ ਹੀ ਜਾਏਗਾ। ਇੱਕ ਸਾਲ ਤਾਂ ਮੈਂ ਇਹ ਸਭ ਝੱਲ ਸਕਦਾਂ ਕਿ ਨਹੀਂ? ਮੈਂ ਫੇਰ ਹਿਸਾਬ ਲਾਉਣ ਲੱਗਾ ਪਹਿਲਾਂ ਮਹੀਨਿਆਂ ਦੇ ਹਿਸਾਬ ਨਾਲ਼ ਫੇਰ ਦਿਨਾਂ ਦੇ ਹਿਸਾਬ ਨਾਲ਼ ਕਿ “ਇੰਨੇ ਦਿਨ ਹੋ ਗਏ, ਇੰਨੇ ਬਾਕੀ ਨੇ”। ਅੱਧਾ ਸਾਲ ਇਹ ਸੋਚ ਕੇ ਕੱਢਿਆ ਕਿ ਅੱਧਾ ਸਾਲ ਹੋ ਜਾਵੇ ਫੇਰ ਤਾਂ ਬੀਤੇ ਦਿਨਾਂ ਨਾਲ਼ੋਂ ਰਹਿੰਦੇ ਦਿਨ ਘੱਟ ਹੋਣਗੇ ਤੇ ਫੇਰ ਇਹ ਸੋਚ ਕੇ ਕਿ “ਹੁਣ ਤਾਂ ਥੋੜੇ ਦਿਨ ਹੀ ਨੇ।”

(ਅਗਲੇ ਅੰਕ ‘ਚ ਜਾਰੀ)

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements