ਕਾਰਪੋਰੇਟ ਹਸਪਤਾਲਾਂ ਦੀ “ਟਾਰਗੇਟ ਅਪ੍ਰੋਚ” •ਅੰਮ੍ਰਿਤ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪ੍ਰਾਈਵੇਟ ਕੰਪਨੀਆਂ ਵਾਲ਼ੇ “ਟਾਰਗੇਟ ਅਪ੍ਰੋਚ” ਭਾਵ “ਨਿਸ਼ਾਨੇ ਮਿੱਥ ਕੇ ਕੰਮ ਕਰਨ” ਦੀ ਬੜੀ ਮਹਿਮਾ ਗਾਉਂਦੇ ਹਨ। ਭਾਵੇਂ ਆਪਣੇ-ਆਪ ਵਿੱਚ ਨਿਸ਼ਾਨਾ ਮਿੱਥ ਕੇ ਕੰਮ ਕਰਨਾ ਕੋਈ ਬੁਰਾ ਨਹੀਂ, ਪਰ ਪ੍ਰਾਈਵੇਟ ਕੰਪਨੀਆਂ ਲਈ “ਟਾਰਗੇਟ ਅਪ੍ਰੋਚ” ਕੀ ਹੁੰਦੀ ਹੈ, ਇਸਦੀ ਇੱਕ ਬੇਹੱਦ “ਉੱਤਮ” ਮਿਸਾਲ ਕਰਪੋਰੇਟ ਹਸਪਤਾਲਾਂ ਨੇ ਪੇਸ਼ ਕੀਤੀ ਹੈ। ਪਿੱਛੇ ਜਿਹੇ ਹੋਏ ਇੱਕ ਅਧਿਐਨ ਤੋਂ ਇਹ ਸਾਹਮਣੇ ਆਇਆ ਹੈ ਕਿ ਕਾਰਪੋਰੇਟ ਹਸਪਤਾਲ “ਟਾਰਗੇਟ” ਪੂਰੇ ਕਰਨ ਲਈ ਧੜਾਧੜ ਬੇਲੋੜੇ ਅਪਰੇਸ਼ਨ ਕਰਦੇ ਹਨ ਅਤੇ ਅਜਿਹਾ ਕਰਨ ਲਈ ਡਾਕਟਰਾਂ ਨੂੰ ਮਜਬੂਰ ਵੀ ਕਰਦੇ ਹਨ।

ਪੂਨੇ ਦੀ ਇੱਕ ਸੰਸਥਾ ਨੇ ਕਾਰਪੋਰੇਟ ਹਸਪਤਾਲਾਂ ਵਿੱਚ ਕੰਮ ਕਰਦੇ 78 ਡਾਕਟਰਾਂ ਉੱਤੇ ਸਰਵੇਖਣ ਕੀਤਾ। ਲਗਭਗ ਸਭ ਨੇ (ਨਾਮ ਗੁਪਤ ਰੱਖਣ ਦੀ ਸ਼ਰਤ ਉੱਤੇ) ਇਹ ਮੰਨਿਆ ਕਿ ਉਹਨਾਂ ਉੱਤੇ ਹਸਪਤਾਲ ਨੂੰ “ਕਮਾਈ” ਕਰਕੇ ਦੇਣ ਲਈ ਦਬਾਅ ਬਣਾਇਆ ਜਾਂਦਾ ਹੈ ਜਾਂ “ਕਮਾਈ” ਵਿੱਚੋਂ “ਸ਼ੇਅਰ” (ਹਿੱਸਾਪੱਤੀ) ਦੇ ਕੇ ਵੱਧ ਤੋਂ ਵੱਧ ਅਪਰੇਸ਼ਨ ਕਰਨ ਲਈ ਪ੍ਰੇਰਿਆ ਜਾਂਦਾ ਹੈ। ਚੇਨੱਈ ਦੇ ਇੱਕ ਕਾਰਪੋਰੇਟ ਹਸਪਤਾਲ ਵਿੱਚ ਕੰਮ ਕਰਦੇ ਇੱਕ ਹੱਡੀਆਂ ਦੇ ਮਾਹਰ ਡਾਕਟਰ ਨੇ ਕਿਹਾ, “ਹਸਪਤਾਲ ਵੱਲੋਂ ਸਾਨੂੰ ਬਾਕਾਇਦਾ ਟਾਰਗੇਟ ਦਿੱਤਾ ਜਾਂਦਾ ਹੈ ਕਿ ਮਹੀਨੇ ਵਿੱਚ ਇੰਨੇ ਅਪਰੇਸ਼ਨ ਹੋਣੇ ਚਾਹੀਦੇ ਹਨ। ਸਾਡੇ ਵਿੱਚੋਂ ਬਹੁਤੇ (ਭਾਵ ਉੱਥੇ ਕੰਮ ਕਰਦੇ ਡਾਕਟਰ) ਹਰੇਕ ਮਰੀਜ਼ ਨੂੰ ਇੱਕ ਸੰਭਾਵਿਤ ਅਪਰੇਸ਼ਨ ਵਜੋਂ ਦੇਖਦੇ ਹਨ, ਪਰ ਸਾਰੇ ਮਰੀਜ਼ ਅਪਰੇਸ਼ਨ ਲਈ ਨਹੀਂ ਮੰਨਦੇ, ਪੰਜ ਪਿੱਛੇ ਦੋ ਮਰੀਜ਼ ਅਪਰੇਸ਼ਨ ਦਾ ਨਾਮ ਸੁਣ ਕੇ ਦੁਬਾਰਾ ਨਹੀਂ ਆਉਂਦੇ।” ਇੱਕ ਹੋਰ ਡਾਕਟਰ ਨੇ ਕਿਹਾ ਕਿ ਉਸਨੂੰ ਹਸਪਤਾਲ ਦੀ ਮੈਨੇਜਮੈਂਟ ਨੇ ਇਸ ਲਈ “ਡਾਂਟਿਆ” ਕਿ ਉਸ ਕੋਲ਼ ਆਉਣ ਵਾਲ਼ੇ ਕੁੱਲ ਮਰੀਜ਼ਾਂ ਵਿੱਚੋਂ ਉਹ ਸਿਰਫ਼ 10% ਦੇ ਹੀ ਅਪਰੇਸ਼ਨ ਕਰਦਾ ਹੈ ਅਤੇ ਉਸਨੂੰ ਤਾਕੀਦ ਕੀਤੀ ਗਈ ਕਿ ਉਹ ਆਪਣੀ “ਕਨਵਰਸ਼ਨ ਰੇਟ” ਵਧਾਵੇ, ਭਾਵ ਉਹ ਜ਼ਿਆਦਾ ਮਰੀਜ਼ਾਂ ਨੂੰ ਅਪਰੇਸ਼ਨ ਟੇਬਲ ਉੱਤੇ ਲੈ ਕੇ ਆਵੇ। ਪਰ ਇਹ ਸਿਰਫ਼ ਇੱਕ ਤਰੀਕਾ ਹੈ ਜਿਸ ਰਾਹੀਂ ਇਹ “ਵੱਡੇ” ਹਸਪਤਾਲ ਡਾਕਟਰਾਂ ਨੂੰ ਬੇਲੋੜੇ ਅਪਰੇਸ਼ਨ ਕਰਨ ਲਈ ਮਜਬੂਰ ਕਰਦੇ ਹਨ। ਇਹ ਤਰੀਕਾ ਉਹ ਜ਼ਿਆਦਾ “ਢੀਠ” ਤੇ “ਮੈਡੀਕਲ ਵਿਗਿਆਨ” ਦੀ ਵਰਤੋਂ ਕਰਦੇ ਹੋਏ ਆਪਣੀ ਮਰਜ਼ੀ ਅਨੁਸਾਰ ਚੱਲਣ ਵਾਲ਼ੇ ਡਾਕਟਰਾਂ ਉੱਤੇ ਹੀ ਲਾਗੂ ਕਰਦੇ ਹਨ, ਆਮ ਤੌਰ ‘ਤੇ ਉਹ ਇਸ ਨਾਲੋਂ ਵਧੇਰੇ ਸੌਖਾ ਭਾਵ ਡਾਕਟਰਾਂ ਨੂੰ “ਸਹਿਮਤ” ਕਰਕੇ ਕੰਮ ਚਲਾਉਂਦੇ ਹਨ। “ਸਹਿਮਤ” ਕਰਨ ਲਈ ਇਹ ਹਸਪਤਾਲ ਡਾਕਟਰਾਂ ਨੂੰ ਪ੍ਰਤੀ ਅਪਰੇਸ਼ਨ “ਹਿੱਸਾ” ਦਿੰਦੇ ਹਨ ਜਿਸਨੂੰ ਉਹ ਅੰਗਰੇਜ਼ੀ ਵਿੱਚ “ਇਨਸੈਂਟਵ” ਭਾਵ “ਹੌਂਸਲਾ ਵਧਾਉਣ ਲਈ ਲਾਲਚ” ਕਹਿੰਦੇ ਹਨ। ਇੱਕ ਡਾਕਟਰ ਅਨੁਸਾਰ ਜੇ ਉਹ 2 ਲੱਖ ਦੀ ਕੀਮਤ ਵਾਲ਼ਾ ਅਪਰੇਸ਼ਨ ਕਰਦਾ ਹੈ ਤਾਂ ਹਸਪਤਾਲ ਉਸਨੂੰ 25,000 ਰੁਪੈ ਤੱਕ ਦਾ ਹਿੱਸਾ ਦਿੰਦਾ ਹੈ।

“ਇਨਸੈਂਟਵ”, “ਟਾਰਗੇਟ ਅਪ੍ਰੋਚ”, ਸ਼ੇਅਰ, ਹਿੱਸਾਪੱਤੀ ਕਿਵੇਂ ਕੰਮ ਕਰਦੇ ਹਨ, ਇਸਦੀ ਮਿਸਾਲ ਇੱਕ ਕਾਰਪੋਰੇਟ ਹਸਪਤਾਲ-ਕਮ-ਮੈਡੀਕਲ ਕਾਲਜ ਵਿੱਚ ਰੇਡੀਓਲੋਜੀ (ਐਕਸਰੇ, ਅਲਟਰਾਸਾਊਂਡ ਤੇ ਹੋਰ ਸਕੈਨ) ਵਿੱਚ ਐਮ.ਡੀ. ਕਰਦੇ ਇੱਕ ਦੋਸਤ ਨੇ ਦਿੱਤੀ। ਉਸਨੇ ਦੱਸਿਆ ਕਿ ਕਿਵੇਂ ਉਸ ਕੋਲ਼ ਐਕਸੀਡੈਂਟ ਦੇ ਸ਼ਿਕਾਰ ਇੱਕ ਮਰੀਜ਼ ਨੂੰ ਐਕਸਰੇ ਲਈ ਭੇਜਿਆ ਗਿਆ, ਐਕਸਰੇ ਕਰਨ ਉੱਤੇ ਪਤਾ ਲੱਗਿਆ ਕਿ ਉਸਨੂੰ ਕੋਈ ਫ੍ਰੈਕਚਰ ਨਹੀਂ ਹੈ। ਜਦੋਂ ਹੱਡੀਆਂ ਦੇ ਵਿਭਾਗ ਵਿੱਚ ਕੰਮ ਕਰਦੇ ਜੂਨੀਅਰ ਡਾਕਟਰ ਨੂੰ ਇਹ ਪਤਾ ਲੱਗਿਆ ਤਾਂ ਉਹ ਹੈਰਾਨ-ਪ੍ਰੇਸ਼ਾਨ ਹੋ ਗਿਆ, ਇਸ ਲਈ ਨਹੀਂ ਕਿ ਉਸਦਾ ਅੰਦਾਜ਼ਾ ਗਲਤ ਹੋ ਗਿਆ, ਸਗੋਂ ਇਸ ਲਈ ਕਿ ਉਸਦੇ ਬੌਸ (ਪ੍ਰੋਫੈਸਰ ਡਾਕਟਰ) ਨੇ ਉਸ ਮਰੀਜ਼ ਦੇ ਚੂਲੇ ਦਾ ਅਪਰੇਸ਼ਨ ਪਹਿਲਾਂ ਹੀ ਤੈਅ ਕਰ ਰੱਖਿਆ ਸੀ ਤੇ ਜੂਨੀਅਰ ਡਾਕਟਰ ਦਾ ਕੰਮ ਅਪਰੇਸ਼ਨ ਲਈ ਮਰੀਜ਼ ਨੂੰ ਕੋਈ ਨਾ ਕੋਈ “ਸਬੂਤ” ਪੇਸ਼ ਕਰਕੇ ਮਨਾਉਣਾ ਸੀ, ਪਰ ਐਕਸਰੇ ਨੇ ਸਾਰੀ ਖੇਡ ਵਿਗਾੜ ਦਿੱਤੀ ਅਤੇ ਉਸਨੂੰ ਬੌਸ ਤੋਂ ਫਿਟਕਾਰ ਲੱਗਣੀ ਤੈਅ ਸੀ ਕਿਉਂਕਿ ਬੌਸ ਦਾ ਇੱਕ ਅਪਰੇਸ਼ਨ ਲਈ “ਇਨਸੈਂਟਵ” ਮਰ ਜਾਣਾ ਸੀ। ਇਸੇ ਤਰ੍ਹਾਂ ਇੱਕ ਹੋਰ ਡਾਕਟਰ ਦੋਸਤ ਨੇ ਦੱਸਿਆ ਕਿ ਇੱਕ ਕਾਰਪੋਰੇਟ ਹਸਪਤਾਲ ਵਿੱਚ ਨੌਕਰੀ ਲਈ ਨਿਯੁਕਤੀ ਹੋਣ ਤੋਂ ਬਾਅਦ ਉਸਦਾ ਤੇ ਹੋਰ ਨਵੇਂ ਭਰਤੀ ਡਾਕਟਰਾਂ ਦਾ ਹਫ਼ਤੇ ਭਰ ਦਾ “ਸਿਖਲਾਈ” ਕੈਂਪ ਲਗਾਇਆ ਗਿਆ ਜਿਸਦਾ ਇੱਕੋ-ਇੱਕ ਮਕਸਦ ਉਹਨਾਂ ਦੇ ਦਿਮਾਗਾਂ ਨੂੰ ਮਰੀਜ਼ ਨੂੰ ਇੱਕ ਗਾਹਕ ਵਜੋਂ ਦੇਖਣ ਲਈ ਸਿੱਖਿਅਤ ਕਰਨ ਤੇ ਉਹਨਾਂ ਦੀਆਂ ਜੇਬਾਂ ਵਿੱਚੋਂ ਵੱਧ ਤੋਂ ਵੱਧ ਪੈਸੇ ਕਢਾਉਣ ਦੇ ਗੁਰ ਸਿਖਾਉਣਾ ਸੀ।

ਸਰਵਖਣੇ ਵਿੱਚ 12,500 ਅਜਿਹੇ ਮਰੀਜ਼ਾਂ ਨਾਲ਼ ਵੀ ਗੱਲਬਾਤ ਕੀਤੀ ਗਈ ਜਿਹਨਾਂ ਨੂੰ ਅਪਰੇਸ਼ਨ ਦੀ ਸਲਾਹ ਦਿੱਤੀ ਗਈ ਸੀ। 44% ਮਰੀਜ਼ਾਂ ਨੇ ਇਹ ਮੰਨਿਆ ਕਿ ਇੱਕ “ਵੱਡੇ” ਹਸਪਤਾਲ ਵੱਲੋਂ ਅਪਰੇਸ਼ਨ ਦੀ ਸਲਾਹ ਦਿੱਤੇ ਜਾਣ ਤੋਂ ਬਾਅਦ ਉਹਨਾਂ ਨੇ ਦੂਜੇ ਡਾਕਟਰ ਦੀ ਸਲਾਹ ਲਈ ਅਤੇ ਉਹਨਾਂ ਨੂੰ ਅਪਰੇਸ਼ਨ ਨਾ ਕਰਵਾਉਣ ਲਈ ਕਿਹਾ ਗਿਆ ਤੇ ਉਹ ਬਿਨਾਂ ਅਪਰੇਸ਼ਨ ਹੀ ਠੀਕ ਹੋ ਗਏ। ਸਰਵੇਖਣ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਜ਼ਿਆਦਾਤਰ ਅਪਰੇਸ਼ਨ ਐਮਰਜੈਂਸੀ ਅਪਰੇਸ਼ਨ ਨਹੀਂ ਹੁੰਦੇ, ਸਗੋਂ “ਇਲੈਕਟਿਵ” ਅਪਰੇਸ਼ਨ ਹੁੰਦੇ ਹਨ, ਭਾਵ ਅਜਿਹੇ ਅਪਰੇਸ਼ਨ ਜਿਹਨਾਂ ਲਈ ਪੂਰੀ ਤਿਆਰੀ ਕਰਨ ਦਾ ਪੂਰਾ ਸਮਾਂ ਹੁੰਦਾ ਹੈ। ਅਜਿਹੇ ਅਪਰੇਸ਼ਨਾਂ ਵਿੱਚ “ਰਿਸਕ” ਬਹੁਤ ਹੀ ਨਿਗੂਣਾ ਹੁੰਦਾ ਹੈ ਪਰ ਕਮਾਈ ਖੂਬ ਹੁੰਦੀ ਹੈ। ਮਰੀਜ਼ ਨੂੰ ਬੇਹੋਸ਼ ਕਰਨ ਤੇ ਅਪਰੇਸ਼ਨ ਕਰਨ ਦੇ ਵਿਗਿਆਨ ਵਿੱਚ ਗਜ਼ਬ ਦੇ ਵਿਗਿਆਨਕ ਤੇ ਤਕਨੀਕੀ ਵਿਕਾਸ ਨੇ “ਇਲੈਕਟਿਵ” ਅਪਰੇਸ਼ਨਾਂ ਨੂੰ ਬਹੁਤ ਸੌਖਾਲਾ ਵੀ ਕਰ ਦਿੱਤਾ ਹੈ ਜਿਸਦਾ ਕਾਰਪੋਰੇਟ ਹਸਪਤਾਲ ਪੂਰਾ ਫਾਇਦਾ ਲੈਂਦੇ ਹਨ ਕਿਉਂਕਿ ਉਹ ਬਿਲਕੁਲ ਆਧੁਨਿਕ ਸਾਜੋ-ਸਮਾਨ ਤੇ ਤਕਨੀਕ ਅਤੇ ਉਸ ਅਨੁਸਾਰ ਮਾਹਰ ਡਾਕਟਰ ਸੌਖ ਨਾਲ਼ ਖਰੀਦ ਸਕਦੇ ਹਨ।

ਕਮਾਈ ਲਈ ਕੀਤੇ ਜਾਣ ਵਾਲ਼ੇ ਸਭ ਤੋਂ ਆਮ ਅਪਰੇਸ਼ਨਾਂ ਵਿੱਚ ਮੋਤੀਆਬਿੰਦ ਦਾ ਅਪਰੇਸ਼ਨ, ਬੱਚੇਦਾਨੀ ਕੱਢਣ, ਬੱਚੇ ਦੇ ਜਨਮ ਲਈ ਵੱਡਾ ਅਪਰੇਸ਼ਨ (ਸ਼ੀਜੇਰੀਅਨ), ਗੋਡੇ ਬਦਲਣ, ਪਿੱਤਾ ਕੱਢਣ, ਰੀੜ੍ਹ ਦੀ ਹੱਡੀ ਦੇ ਡਿਸਕ ਹਿੱਲਣ ਦੇ ਅਪਰੇਸ਼ਨ ਸ਼ਾਮਲ ਹਨ। ਬੱਚੇ ਦੇ ਜਨਮ ਲਈ ਵੱਡਾ ਅਪਰੇਸ਼ਨ (ਸ਼ੀਜੇਰੀਅਨ) ਦੀ ਇਸ ਹੱਦ ਤੱਕ ਦੁਰਵਰਤੋਂ ਹੋ ਰਹੀ ਹੈ ਕਿ ਸੰਸਾਰ ਸਿਹਤ ਸੰਗਠਨ (WHO) ਨੇ ਵੀ ਇਹ ਮੰਨਿਆ ਹੈ ਕਿ ਨਿੱਜੀ ਹਸਪਤਾਲਾਂ ਵਿੱਚ ਜਨਮ ਲੈਣ ਵਾਲੇ ਬੱਚਿਆਂ ਵਿੱਚੋਂ 50% ਤੱਕ ਇਸ ਅਪਰੇਸ਼ਨ ਰਾਹੀਂ ਜਨਮ ਲੈ ਰਹੇ ਹਨ, ਜਦਕਿ ਇਸ ਅਪਰੇਸ਼ਨ ਦੀ ਲੋੜ ਵੱਧ ਤੋਂ ਵੱਧ 15% ਮਾਮਲਿਆਂ ਵਿੱਚ ਹੁੰਦੀ ਹੈ। ਵਿਗਿਆਨ ਤੇ ਤਕਨੀਕ ਦੇ ਵਿਕਾਸ ਨੂੰ, ਕਿਸ ਤਰ੍ਹਾਂ ਵਿਗਿਆਨਕ ਗਿਆਨ ਦੀ ਕੁਝ ਲੋਕਾਂ ਕੋਮ ਅਜਾਰੇਦਾਰੀ ਆ ਜਾਣ ਨੂੰ ਕਿਸ ਤਰ੍ਹਾਂ ਮੁਨਾਫ਼ਾ ਕੁੱਟਣ ਲਈ ਵਰਤਿਆ ਜਾ ਸਕਦਾ ਹੈ, ਨਿੱਜੀ ਤੇ ਕਾਰਪੋਰੇਟ ਹਸਪਤਾਲ ਇਸਦੀ ਉੱਘੜਵੀਂ ਮਿਸਾਲ ਹਨ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements