ਕੁਪੋਸ਼ਨ ਕੋਈ ਬਿਮਾਰੀ ਨਹੀਂ ਸਗੋਂ ਬਿਮਾਰੀ ਇਹ ਸਰਮਾਏਦਾਰੀ ਢਾਂਚਾ ਹੈ •ਬਿੰਨੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਆਉਣ ਵਾਲ਼ੇ ਭਵਿੱਖ ਦੀ ਸਿਰਜਣਾ ਕਰਨ ਵਾਲ਼ੇ ਨੰਨ੍ਹੇ ਮਨੁੱਖ ਅਜੇ ਜੰਮੇ ਹੀ ਹੁੰਦੇ ਹਨ ਜਾਂ ਉਹਨਾਂ ਅਜੇ ਤੁਰਨਾ, ਹੱਸਣਾ ਜਾਂ ਖੇਡਣਾ ਹੀ ਸਿੱਖਿਆ ਹੁੰਦਾ ਹੈ ਕਿ ਇਹ ਅਣਮਨੁੱਖੀ ਢਾਂਚਾ ਉਹਨਾਂ ਤੋਂ ਬੜੀ ਬੇਰੁਖ਼ੀ ਨਾਲ਼ ਉਹਨਾਂ ਦਾ ਜੀਵਨ ਖੋਹ ਲੈਂਦਾ ਹੈ। ‘ਤੁਸੀਂ ਮੰਨੋਗੇ’ ਇਸ ਕਰਕੇ ਨਹੀਂ ਕਿ ਉਹਨਾਂ ਨੂੰ ਕੋਈ ਗੰਭੀਰ ਬਿਮਾਰੀ ਹੁੰਦੀ ਹੈ ਸਗੋਂ ਇਸ ਕਰਕੇ ਕਿਉਂਕਿ ਉਹਨਾਂ ਨੂੰ ਜਿਉਂਦਾ ਰੱਖਣ ਲਈ ਲੋੜੀਂਦੀ ਖੁਰਾਕ ਨਹੀਂ ਮਿਲਦੀ ਤੇ ਉਹ ਭੁੱਖ ਨਾਲ਼ ਲੜਦੇ ਹੋਏ ਹੀ ਆਪਣਾ ਜੀਵਨ ਗਵਾ ਦਿੰਦੇ ਹਨ।

ਸੰਸਾਰ ਪੱਧਰ ‘ਤੇ ਵੀ ਭਾਰਤ ਭੁੱਖਮਰੀ ਦੇ ਵੱਧਦੇ ਦਰ ਲਈ ਸੁਰਖ਼ੀਆਂ ‘ਚ ਰਿਹਾ :-

2016 ਅਕਤੂਬਰ ਦੇ ਦੂਜੇ ਹਫ਼ਤੇ ਸੰਸਾਰ ਪੱਧਰ ‘ਤੇ ਆਈ.ਐੱਫ਼.ਪੀ.ਆਰ.ਆਈ ਵੱਲੋਂ ਭੁੱਖਮਰੀ ਸਬੰਧੀ ‘ਗਲੋਬਲ ਹੰਗਰ ਇੰਡੈਕਸ’ ਦੀ ਇੱਕ ਰਿਪੋਰਟ ਜਿਸ ‘ਚ ਭੁੱਖਮਰੀ ਦੇ ਚਾਰ ਕਾਰਨ ਕੁਪੋਸ਼ਨ, ਬੱਚੇ ਦਾ ਕੱਦ ਅਨੁਸਾਰ ਭਾਰ ਬਹੁਤ ਘੱਟ ਹੋਣਾ, ਬੱਚੇ ਦਾ ਵਿਕਾਸ ਦਰ ਰੁਕ ਜਾਣਾ, ਇਕ ਮਹੀਨੇ ਤੋਂ ਪੰਜ ਸਾਲ ਦੇ ਬੱਚਿਆਂ ਦੀ ਮੌਤ ਦੀ ਦਰ ਨੂੰ ਅਧਾਰ ਬਣਾ ਕੇ ਪੇਸ਼ ਕੀਤੀ ਗਈ। ਜਿਸ ‘ਚ 118 ਦੇਸ਼ਾ ਦੀ ਸੂਚੀ ‘ਚ ਭਾਰਤ 97 ਵੇਂ ਦਰਜੇ ‘ਤੇ ਹੈ। ਇਹ ਦਰਜਾ ਵਧਦੇ ਭੁੱਖਮਰੀ ਕ੍ਰਮ ਅਨੁਸਾਰ ‘ਖ਼ਤਰਨਾਕ ਤੋ ਗੰਭੀਰ’ ਵੱਲ ਰੱਖਿਆ ਗਿਆ ਹੈ। ਭਾਰਤ ਦਾ ਹਾਲ ਆਪਣੇ ਗੁਆਂਡੀ ਮੁਲਕ ਨੇਪਾਲ, ਚੀਨ, ਮਯਾਂਮਾਰ, ਬੰਗਲਾਦੇਸ਼ ਤੇ ਸ਼੍ਰੀਲੰਕਾਂ ਤੋਂ ਵੀ ਗੰਭੀਰ ਹੈ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਭਾਰਤ ‘ਚ ਜਿਉਂਦੇ ਰਹਿਣ ਲਈ ਰੋਟੀ ਅਜੇ ਵੀ ਲੋਕਾਂ ਲਈ ਵੱਡੀ ਸਮੱਸਿਆ ਬਣੀ ਹੋਈ ਹੈ। ਇਹ ਰਿਪੋਰਟ ਉਦੋਂ ਸਾਹਮਣੇ ਆਈ ਜਦੋਂ ਉੜੀਸਾ (ਮਲਕਾਨਗਿਰੀ), ਮਹਾਰਾਸ਼ਟਰ (ਪਾਲਗੜ੍ਹ) ਤੇ ਮੱਧਪ੍ਰਦੇਸ਼ (ਸ਼ਿਓਪੁਰ) ‘ਚ ਭੁੱਖਮਰੀ ਕਾਰਨ ਵੱਧ ਰਹੀ ਮੌਤਾਂ ਦੀ ਚਰਚਾ ਦੀ ਖ਼ਬਰ ਪਿੱਛੇ ਜਿਹੇ ਮੀਡੀਆ ਨੇ ਬਾਹਰ ਕੱਢੀ।

ਭਾਰਤ ਵਿਕਾਸਸ਼ੀਲ ਦੇਸ਼ ਦੀ ਥਾਂ ਬਣਿਆ ਬਿਮਾਰੂ ਦੇਸ਼:-

ਭਾਰਤ ‘ਚ ਹਰ ਤਿੰਨ ‘ਚੋਂ ਇੱਕ ਬੱਚਾ ਕੁਪੋਸ਼ਨ ਦਾ ਸ਼ਿਕਾਰ ਹੁੰਦਾ ਹੈ। ਭਾਰਤ ਦੀ ਕੁੱਲ ਅਬਾਦੀ ‘ਚੋਂ 44% ਬੱਚੇ ਜਿਹਨਾਂ ਦੀ ਉਮਰ ਪੰਜ ਸਾਲ ਜਾਂ ਇਸ ਤੋਂ ਘੱਟ ਹੈ,72% ਬਾਲਗ ਤੇ 52% ਵਿਆਹੀਆਂ ਹੋਈਆਂ ਔਰਤਾਂ ਅਜਿਹੀਆਂ ਹਨ ਜੋ ਖੂਨ ਦੀ ਕਮੀ (ਅਨੀਮੀਆ) ਨਾਲ਼ ਗ੍ਰਸਤ ਹਨ। ਵਿਦਿਸ਼ਾ ਦੇ ਇੱਕ ਜਿਲ੍ਹਾ ਹਸਪਤਾਲ ਦੀ ਇੱਕ ਘਟਨਾ ਹੈ ਜਿੱਥੇ ਇੱਕ ਸਾਲ ਦੇ ਸੁਰੇਸ਼ ਦੇ ਬਲੱਡ ਸੈਂਪਲ ਲੈਣ ਲਈ ਉਹਦੇ ‘ਚੋਂ ਦੋ ਬੂੰਦ ਖੂਨ ਵੀ ਨਾ ਨਿਕਲਿਆ। 2016 ਦੇ ਅਧੁਨਿਕ ਤੇ ਤਕਨਾਲਜੀ ਵਾਲ਼ੇ ਵਿਕਾਸਸ਼ੀਲ ਦੇਸ਼ ਦੀ ਇਹ ਸਚਾਈ ਹੈ। ਮੈਡੀਕਲ ਸਾਇੰਸ ਮੁਤਾਬਕ ਬੱਚੇ ਦੇ ਜਨਮ ਤੋਂ ਲੈ ਕੇ 1000 ਦਿਨਾਂ ਤੱਕ ਉਸਦਾ ਵਧੀਆ ਢੰਗ ਨਾਲ਼ ਪਾਲਣ-ਪੋਸ਼ਨ ਹੋਣਾ ਚਾਹੀਦਾ ਹੈ ਜਰੂਰੀ ਹੈ ਕਿ ਪਹਿਲੇ 6 ਮਹੀਨੇ ਤੱਕ ਮਾਂ ਦਾ ਦੁੱਧ ਬੱਚੇ ਨੂੰ ਮਿਲਦਾ ਰਹੇ ਤਾਂ ਕਿ ਉਹਦੀ ਰੱਖਿਆਤਮਕ ਪ੍ਰਣਾਲੀ ਮਜ਼ਬੂਤ ਹੋ ਸਕੇ ਪਰ ਇਥੇ ਮਾਂ ਆਪ ਹੀ ਕੁਪੋਸ਼ਨ ਜਾਂ ਅਨੀਮੀਏ ਦੀ ਸ਼ਿਕਾਰ ਰਹਿੰਦੀ ਹੈ ਤਾਂ ਬੱਚਾਂ ਵੀ ਕੁਪੋਸ਼ਿਤ ਹੀ ਜੰਮਦਾ ਹੈ ਤੇ ਬਹੁਤ ਹੀ ਕਮਜ਼ੋਰ ਜਿਸ ‘ਤੇ ਪੇਚਸ, ਟੀ.ਬੀ, ਮਲੇਰੀਆ, ਜਪਾਨੀ ਇਨਫਿਲਾਈਟਸ ਆਦਿ ਹੋਰ ਬਿਮਾਰੀਆਂ ਜਲਦੀ ਹਮਲਾ ਕਰਦੀਆਂ ਹਨ ਤੇ ਉਹਨਾਂ ਦੀ ਰੱਖਿਆਕਤਮਕ ਪ੍ਰਣਾਲੀ ਕੁਪੋਸ਼ਿਤ ਹੋਣ ਕਰਕੇ ਬਿਮਾਰੀਆਂ ਨਾਲ਼ ਲੜਣ ਦੇ ਯੋਗ ਨਹੀਂ ਹੁੰਦੀ ਤੇ ਉਸ ਨੰਨ੍ਹੇ ਦਿਲ ਦੀਆਂ ਧੜਕਣਾਂ ਬੰਦ ਹੁੰਦੇ ਹੀ ਅਪਣੀ ਮੌਤ ਨਾਲ਼ ਇਸ ਸਰਮਾਏਦਾਰੀ ਦਾ ਕੌੜਾ ਸੱਚ ਬਿਆਨ ਕਰਦੀਆਂ ਹਨ।

ਭਾਰਤ ਦੇ ਉਪਰਲੇ 14 ਸੂਬੇ ਮੱਧ-ਪ੍ਰਦੇਸ਼, ਉੱਤਰ-ਪ੍ਰਦੇਸ਼, ਬਿਹਾਰ, ਅਸਾਮ, ਬੰਗਾਲ, ਝਾਰਖੰਡ, ਛਤੀਸਗੜ੍ਹ, ਉੜੀਸਾ, ਅਰੁਨਾਚਲ ਪ੍ਰਦੇਸ਼, ਤਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਗੁਜਰਾਤ ਤੇ ਰਾਜਸਥਾਨ ਜੋ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਹਨ। ਭਾਰਤ ‘ਚ ਕੁੱਲ 2,697.83 ਲੱਖ ਅਬਾਦੀ  ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ ਜਿਸ ‘ਚੋਂ 2,166.58 ਲੱਖ ਅਬਾਦੀ  ਪਿੰਡਾਂ ‘ਚ, 531.25 ਸ਼ਹਿਰਾਂ ‘ਚ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੀ ਹੈ। ਮਹਾਂਰਾਸ਼ਟਰ ਦੇ ਜਿਲ੍ਹੇ ਪਾਲਗੜ੍ਹ ਦੀ ਰਹਿਣ ਵਾਲ਼ੀ ਸੀਤਾ ਦਸਦੀ ਹੈ ਕਿ ਉਹ ਤੇ ਉਸ ਦਾ ਘਰਵਾਲਾ ਸਵੇਰ ਤੋਂ ਸ਼ਾਮ ਤੱਕ ਕੰਮ ਕਰਦੇ ਹਨ ਤੇ 100 ਜਾਂ 150 ਦੀ ਹੀ ਦਿਹਾੜੀ ਮਿਲਦੀ ਹੈ ਕਦੇ-ਕਦੇ ਤਾਂ ਕੰਮ ਹੀ ਨਹੀਂ ਮਿਲਦਾ ਤੇ ਉਹਨਾਂ ਨੂੰ ਖਾਲੀ ਹੱਥ ਵਾਪਸ ਆਉਣਾ ਪੈਂਦਾ ਹੈ। ਉਹ ਅੱਗੇ ਦਸਦੀ ਹੈ ਕਿ ਉਹ ਮਿਲ਼ ਕੇ ਵੀ ਘਰ ‘ਚ ਅਪਣੇ ਬੱਚਿਆ ਲਈ ਚੰਗਾ ਭੋਜਨ ਤੱਕ ਨਹੀਂ ਜੁਟਾ ਪਾਉਂਦੇ, ਉਸ ਦੇ ਬੱਚੇ ਸਾਗਰ ਦਾ ਕੁਪੋਸ਼ਨ ਕਾਰਨ ਭਾਰ ਕੁੱਝ ਮਹੀਨਿਆਂ ‘ਚ ਹੀ ਘੱਟਣਾ ਸ਼ੁਰੂ ਹੋ ਗਿਆ ਤੇ ਸਾਗਰ ਦੀ ਨਿਮੋਨੀਆ ਕਰਕੇ ਮੌਤ ਹੋ ਗਈ ਤੇ ਉਸਦੀ ਮੌਤ ਸਮੇਂ ਉਸ ਦਾ ਭਾਰ ਸਿਰਫ 4.5 ਕਿੱਲੋ ਹੀ ਰਹਿ ਗਿਆ ਸੀ।

ਭਾਰਤ ਦੇ ਕੁੱਝ ਸੂਬਿਆਂ ‘ਚ ਹਲਾਤ ਬਿਆਨ ਕਰਦੇ ਅੰਕੜੇ:-

ਉੜੀਸਾ ‘ਚ ਜੱਜਪੁਰ ਜਿਲ੍ਹੇ ਦੇ ਨਗਾਡਾ ਪਿੰਡ ‘ਚ ਇਸ ਸਾਲ ਤਿੰਨ ਮਹੀਨੇ ਅੰਦਰ 19 ਆਦਿਵਾਸੀ ਬੱਚਿਆਂ ਦੀ ਕੁਪੋਸ਼ਨ ਨਾਲ਼ ਅਤੇ ਮਲਕਾਨਗਿਰੀ ਜ਼ਿਲ੍ਹੇ ਆਦਿਵਾਸੀ ਇਲਾਕੇ ‘ਚ ਦੋ ਮਹੀਨੇ ‘ਚ 60 ਬੱਚਿਆਂ ਦੀ ਜਪਾਨੀ ‘ਐਨਸੀਫੀਲੀਟਿਸ’ (ਸੂਰ ਤੋਂ ਸ਼ੂਰੂ ਹੋਈ ਇਹ ਬਿਮਾਰੀ, ਮਨੁੱਖ ਤੱਕ ਫੈਲਦੀ ਹੈ,ਖਾਸਕਰ ਕੁਪੋਸ਼ਿਤ ਬੱਚਿਆਂ ਤੱਕ, ਜੋ ਕਿ ਕੁਲੈਕਸ ਨਾਂ ਦੇ ਮੱਛਰ ਤੋਂ ਹੁੰਦੀ ਹੈ,ਇਹ ਮੱਛਰ ਸੂਰ-ਖਾਨੇ ‘ਚ ਹੀ ਪਲਦੇ ਹਨ) ਨਾਲ਼ ਮੌਤ ਹੋਈ ਹੈ। ਹੈਰਾਨੀਜਨਕ ਹੈ ਕਿ ਉੱਥੇ ਏਨੀਆਂ ਮੌਤਾਂ ਹੋਣ ਤੋਂ ਬਾਅਦ ਵੀ ਪਹਿਲਾਂ ਤਾਂ ਹਸਪਤਾਲ ਦੀ,ਫਿਰ ਡਾਕਟਰਾਂ ਦੀ ਤੇ ਦਵਾਈ ਇਲਾਜ਼ ਵੀ ਇੱਕ ਗੰਭੀਰ ਸਮੱਸਿਆਂ ਬਣੀ ਰਹਿੰਦੀ ਹੈ। ਸਲਾਨਾ ਸੇਵਾ ਸਰਵਿਸ ਦੀ ਰਿਪੋਰਟ ਮੁਤਾਬਕ ਇੱਥੇ 35% ਬੱਚੇ ਕੁਪੋਸ਼ਿਤ ਹਨ ਜਿੰਨ੍ਹਾਂ ‘ਚੋਂ ਜਿਆਦਾ ਦੀ ਉਮਰ ਪੰਜ ਸਾਲ ਜਾਂ ਉਸ ਤੋਂ ਘੱਟ ਹੈ। ਇੱਥੇ ਜਦੋਂ ਹਸਪਤਾਲਾਂ ‘ਚ ਮਰੀਜਾਂ ਦੀ ਗਿਣਤੀ ਡਾਕਟਰਾਂ ਲਈ ਇੱਕ ਸਮੱਸਿਆ ਬਣ ਜਾਂਦੀ ਹੈ ਤਾਂ ਕਿਤੇ ਜਾ ਕੇ ਸਰਕਾਰ ਕੋਈ ਫੌਰੀ ਕਦਮ ਚੁੱਕਦੀ ਹੈ।

ਮਹਾਰਾਸ਼ਟਰ ਦੇ ਪਾਲਗੜ੍ਹ ਜਿਲ੍ਹੇ ‘ਚ ਕੁਪੋਸ਼ਨ ਕਰਕੇ ਅਗਸਤ ਮਹੀਨੇ ‘ਚ 82 ਤੇ ਸਤੰਬਰ ‘ਚ 47 ਮੌਤਾਂ ਹੋਈਆਂ ਹਨ ਤੇ ਇਹ ਮੌਤਾਂ ਅੱਜ ਵੀ ਹੋ ਰਹੀਆਂ ਹਨ। ਇੱਥੇ ਹਰ ਸਾਲ ਬਰਸਾਤਾਂ ਦੇ ਮੌਸਮ ‘ਚ ਲੋਕਾਂ ਦੀਆਂ ਪੇਚਸ, ਟੀ.ਬੀ ਤੇ ਨਿਮੋਨੀਆ ਕਰਕੇ ਮੌਤਾਂ ਹੁੰਦੀਆਂ ਹਨ ਜਿਨ੍ਹਾਂ ‘ਚ ਵਿਸ਼ੇਸ਼ਕਰ ਬੱਚੇ ਹੀ ਸ਼ਾਮਲ ਹੁੰਦੇ ਹਨ। 2015 ‘ਚ ਇੱਥੇ 17000 ਮੌਤਾਂ ਹੋਈਆਂ ਜਿਸ ‘ਚੋਂ 7000 ਪਾਲਗੜ੍ਹ ਜਿਲ੍ਹੇ ‘ਚ ਬੱਚੇ ਗੰਭੀਰ ਬਿਮਾਰੀਆਂ ਨਾਲ਼ ਲੜ ਰਹੇ ਸਨ ਜਿਸਦਾ ਬੁਨਿਆਦੀ ਕਾਰਨ ਕੁਪੋਸ਼ਨ ਹੀ ਸੀ।

ਮੱਧਪ੍ਰਦੇਸ਼ ‘ਚ ਕੌਮੀ ਮਨੁੱਖੀ ਅਧਿਕਾਰ ਕਮੀਸ਼ਨ ਅਨੁਸਾਰ ਸਾਲ 2016 ਦੇ ਪੰਜ ਮਹੀਨਿਆਂ ‘ਚ ਹੀ 116 ਬੱਚਿਆਂ ਦੀ ਕੁਪੋਸ਼ਨ ਕਾਰਨ ਮੌਤ ਹੋ ਚੁੱਕੀ ਹੈ। ਇੱਥੇ ਹਰ 1000 ਪਿੱਛੇ 52 ਬੱਚਿਆਂ ਦੀ ਸਾਲ ਤੋਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ। ਇੱਥੇ ਲਗਭਗ 100 ‘ਚੋਂ 40 ਬੱਚਿਆਂ ਦਾ ਵਿਕਾਸ ਸਹੀ ਢੰਗ ਨਾਲ਼ ਨਹੀਂ ਹੋ ਪਾਉਂਦਾ। ਮੱਧਪ੍ਰਦੇਸ਼ ਦੇ ਸ਼ਿਉਪੁਰ ਜਿਲ੍ਹੇ ‘ਚ ਹਲਾਤ ਸਭ ਤੋਂ ਭਿਅੰਕਰ ਹਨ।      

ਬਾਕੀ ਸੂਬਿਆਂ ਦੇ ਹਲਾਤ ਵੀ ਇਹੀ ਕਹਾਣੀ ਦਰਸਾਉਂਦੇ ਹਨ। ‘ਕਾਉਂਟਰ ਵਿਊ’ ਵੈੱਬ ਸਾਈਟ ਦੀ ਇੱਕ ਰਿਪੋਰਟ ਮੁਤਾਬਕ ਭਾਰਤ ਦੇ ਲਗਭਗ 18 ਸੂਬੇ (ਮੱਧਪ੍ਰਦੇਸ਼, ਝਾਰਖੰਡ,ਬਿਹਾਰ, ਉੜੀਸਾ, ਗੁਜਰਾਤ, ਕਰਨਾਟਕ, ਮਹਾਂਰਾਸ਼ਟਰ, ਉੱਤਰ-ਪ੍ਰਦੇਸ਼, ਪੱਛਮੀ-ਬੰਗਾਲ, ਰਾਜਸਥਾਨ, ਤਮਿਲਨਾਡੂ, ਹਰਿਆਣਾ, ਅਸਾਮ, ਆਂਧਰਾ-ਪ੍ਰਦੇਸ਼, ਕੇਰਲਾ, ਪੰਜਾਬ) ਕੁਪੋਸ਼ਨ ਨਾਲ਼ ਗ੍ਰਸਥ ਹਨ।                    
ਸਰਕਾਰ ਦੁਆਰਾ ਹੱਲ ਲਈ ਚੁੱਕੇ ਜਾ ਰਹੇ ਅਖੌਤੀ ਕਦਮ:-

ਸਰਕਾਰ ਨੇ ਵੀ ‘ਜਨਤਕ ਵੰਡ ਪ੍ਰਣਾਲੀ’ (ਪੀ.ਡੀ.ਐੱਸ), ‘ਕੌਮੀ ਖਾਦ ਸੁਰੱਖਿਆ ਐਕਟ’ (ਐੱਨ.ਐੱਫ਼.ਐੱਸ.ਏ) 2013 , ‘ਏਕੀਕਿਰਤ ਬਾਲ ਵਿਕਾਸ ਯੋਜਨਾ’ (ਆਈ.ਸੀ.ਡੀ.ਐੱਸ), ‘ਮਿਡ ਡੇ ਮੀਲ’ ਜਿਹੇ ਪ੍ਰੋਜੈਕਟ ਚਲਾ ਕੇ ਅਖੌਤੀ ਲੋਕ ਭਲਾਈ ਵਾਸਤੇ ਕੁੱਝ ਕਦਮ ਚੁੱਕੇ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਤਹਿਤ ਜੋ ਦਾਣਾ ਪਾਣੀ ਲੋਕਾਂ ਤੱਕ ਪਹੁੰਚਾਣ ਦਾ ਜਿੰਮਾਂ ਭਾਰਤੀ ਸਰਕਾਰ ਨੇ ਲਿਆ ਪਹਿਲਾਂ ਤਾਂ ਉਹ ਪੂਰਾ ਨਹੀਂ ਕਰ ਪਾਉਂਦੀ ਦੂਜਾ ਜਿੰਨ੍ਹਾਂ ਕੁ ਪਹੁੰਚਦਾ ਹੈ  ਉਹ ਭੋਜਨ ਖੁਦ ‘ਚ ਹੀ ਕੁਪੋਸ਼ਿਤ ਖੁਰਾਕ ਹੁੰਦੀ ਹੈ ਇੱਥੋਂ ਤੱਕ ਕਿ ਬਿਹਾਰ ਦੇ ਮਧੂਬਾਨੀ ਜਿਲ੍ਹੇ ਦੇ ਸਰਕਾਰੀ ਸਕੂਲ ਦੇ 50 ਬੱਚੇ ‘ਮਿਡ ਡੇ ਮੀਲ’ ਕਰਕੇ ਬਿਮਾਰ ਪੈ ਗਏ ਤੇ ਬਿਹਾਰ ਦੇ ਹੀ ਇੱਕ ਹੋਰ ਜਿਲ੍ਹੇ ਸਰਨ ਦੇ ਧਰਮਸ਼ਟੀ ਪ੍ਰਾਇਮਰੀ ਸਕੂਲ ਦੇ 22 ਬੱਚੇ ਮਿਡ ਡੇ ਮੀਲ ‘ਚ ਜ਼ਹਿਰ ਹੋਣ ਕਰਕੇ ਮੌਤ ਦੇ ਘਾਟ ਚੜ੍ਹ ਗਏ। ਭਾਰਤ ਦੀ ਸਿਹਤ ਮੰਤਰੀ ਮੇਨਿਕਾ ਗਾਂਧੀ ਨੇ ਵੀ ਇਸ ਸਮੱਸਿਆ ਨੂੰ ਹੱਲ ਕਰਨ ਲਈ ਆਂਗਨਵਾੜੀ ਖੋਲ੍ਹ ਮੁਹਿੰਮ ਚਲਾਈ ਹੋਈ ਹੈ ਪਰ ਸੱਚ ਇਹੀ ਹੈ ਕਿ ਸਰਕਾਰ ਤੇ ਪ੍ਰਸ਼ਾਸ਼ਨ ਇਸ ਨੂੰ ਲੈ ਕੇ ਪੂਰੀ ਤਰ੍ਹਾਂ ਬੇਪਰਵਾਹ ਹਨ ਕਿਉਂਕਿ ਇਹ ਅੰਕੜੇ ਸਿਰਫ਼ ਇਸ ਸਾਲ ਸਰਕਾਰ ਦੇ ਸਾਹਮਣੇ ਪੇਸ਼ ਨਹੀਂ ਕੀਤੇ ਗਏ ਸਗੋਂ ਪਿਛਲੇ ਕਈ ਸਾਲਾਂ ਤੋਂ ਇਹੀ ਸਿਲਸਿਲਾ ਬਰਕਰਾਰ ਹੈ। ਨਤੀਜਾ, ਭਾਰਤ ਦੀ ਇਹ ਤਸਵੀਰ ਦੇਖਦੇ ਹੋਏ ਵੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕੁੱਲ ਖ਼ਰਚ ‘ਚੋਂ ਸਿਹਤ ‘ਤੇ ਘਟਾ ਕੇ 15% ਕਰ ਦਿੱਤਾ ਹੈ। ਏਥੇ ਹੀ ਸਰਕਾਰ ਦਾ ਦੋਗਲਾ ਪੱਖ ਵੀ ਸਾਹਮਣੇ ਆਉਂਦਾ ਹੈ ਜਿੱਥੇ ਇੱਕ ਪਾਸੇ ਤਾਂ ਸਰਕਾਰ ਲੋਕਾਂ ਤੱਕ ਦਾਣਾ-ਪਾਣੀ ਪਹੁੰਚਾਣ ਦਾ ਢੋਂਗ ਰਚਦੀ ਹੈ ਉੱਥੇ ਦੂਜੇ ਪਾਸੇ ‘ਭਾਰਤੀ ਖਾਦ ਨਿਗਮ’  ਦੀ ਇੱਕ ਰਿਪੋਰਟ ਅਨੁਸਾਰ ਪਿਛਲੇ ਤਿੰਨ ਸਾਲਾਂ ‘ਚ 46,658 ਮਿਲੀਅਨ ਟੰਨ ਅਨਾਜ਼, ਦਾਲਾਂ, ਚਾਵਲ ਆਦਿ ਗੋਦਾਮਾਂ ‘ਚ ਸੜਦਾ ਰਿਹਾ ਤੇ ਸਰਕਾਰਾਂ ਵਲੋਂ ਵਰਤੋਂ ‘ਚ ਨਹੀਂ ਲਿਆਂਦਾ ਗਿਆ।

ਉੱਪਰ ਦਿੱਤੇ ਗਏ ਤੱਥ ਸਾਨੂੰ ਦੱਸਦੇ ਹਨ ਕਿ ਕੁਪੋਸ਼ਨ ਅਪਣੇ-ਆਪ ‘ਚ ਕੋਈ ਬਿਮਾਰੀ ਨਹੀਂ ਹੈ ਸਗੋਂ ਇਹ ਸਰਮਾਏਦਾਰੀ ਢਾਂਚਾ ਹੀ ਇਸ ਦਾ ਮੂਲ ਕਾਰਨ ਹੈ ਜੋ ਲੋਕਾਂ ਨੂੰ ਅਣਮਨੁੱਖੀ ਢੰਗ ਨਾਲ਼ ਭੁੱਖੇ ਮਰਨ ਲਈ ਵੀ ਮਜ਼ਬੂਰ ਛੱਡ ਦਿੰਦਾ ਹੈ ਤੇ ਜਿਸ ‘ਚ ਵੱਡੀ ਗਿਣਤੀ ‘ਚ ਬੱਚੇ ਸ਼ਾਮਲ ਹਨ। ਸਾਡੇ ਸਾਹਮਣੇ ਤੱਥ ਮੌਜੂਦ ਹਨ ਕਿ ਜਿਸ ਦੇਸ਼ ‘ਚ ਆਉਣ ਵਾਲ਼ੇ ਭਵਿੱਖ ਦੀ ਤਿਆਰੀ ਲਈ ਭਾਜਪਾ ਸਰਕਾਰ ਵੀ ਸਿਖ਼ਰਾਂ ਛੂਹਣ ਦੇ ਬਹੁਤ ਦਾਅਵੇ ਠੋਕ ਚੁੱਕੀ ਹੈ ਤੇ ਠੋਕ ਰਹੀ ਹੈ ਉੱਥੇ ਹਰ ਤਿੰਨ ‘ਚੋਂ ਇੱਕ ਬੱਚਾ ਕੁਪੋਸ਼ਿਤ ਹੈ ਜਿਸ ਨੇ ਆਉਣ ਵਾਲ਼ਾ ਭਵਿੱਖ ਸਿਰਜਣਾ ਤੇ ਦੇਖਣਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

 

Advertisements