ਕਮਿਊਨਿਜ਼ਮ ‘ਚ ਤਬਦੀਲੀ ਦੇ ਦੌਰਾਨ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸਬੰਧਾਂ ਦੀ ਵਿਰੋਧਤਾਈ; ਜਿਣਸ ਪੈਦਾਵਾਰ ਦਾ ਅੰਤ •ਮੌਰਿਸ ਕਾਰਨਫੋਰਥ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਸਦਾ ਮਤਲਬ ਇਹ ਹੈ ਕਿ ਕਮਿਊਨਿਜ਼ਮ ਦੇ ਪਹਿਲੇ ਪੜਾਅ ਤੋਂ ਉੱਚੇਰੇ ਪੜਾਅ ‘ਚ ਤਬਦੀਲੀ ਪੈਦਾਵਾਰੀ ਸਬੰਧਾਂ, ਯਾਨੀ ਜਾਇਦਾਦ ਦੇ ਰੂਪਾਂ ‘ਚ ਤਬਦੀਲੀ ਲਿਆਉਂਦੀ ਹੈ। ਕਿਉਂਕਿ ਇਸ ‘ਚ ਸਮਾਜਵਾਦੀ ਜਾਇਦਾਦ ਦੇ ਦੋ ਰੂਪਾਂ ਦੀ ਇੱਕੋ-ਇੱਕ ਰੂਪ ‘ਚ ਤਬਦੀਲੀ ਜੁੜੀ ਹੁੰਦੀ ਹੈ।

ਇਹ ਤਬਦੀਲੀ ਮੁੱਖ ਤੌਰ ‘ਤੇ ਪੈਦਾਵਾਰੀ-ਸਬੰਧਾਂ ਨੂੰ ਪੈਦਾਵਾਰੀ ਤਾਕਤਾਂ ਦੇ ਅਨੁਸਾਰੀ ਬਣਾਉਣ ਦੀ ਲੋੜ ਕਰਕੇ ਜਰੂਰੀ ਹੁੰਦੀ ਹੈ। ਕਿਉਂਕਿ, ਜਿਵੇਂ-ਜਿਵੇਂ ਸਮਾਜਵਾਦੀ ਸਮਾਜ ਦੀਆਂ ਪੈਦਾਵਾਰੀ ਤਾਕਤਾਂ ‘ਚ ਵਿਕਾਸ ਹੁੰਦਾ ਹੈ, ਉਹਨਾਂ ਦਾ ਲੜੀਵਾਰ ਅਗਲਾ ਵਿਕਾਸ ਸਮਾਜਵਾਦੀ ਜਾਇਦਾਦ ਦੇ ਦੋ ਰੂਪਾਂ ‘ਚ ਵੰਡ, ਜੋ ਅੰਤ ‘ਚ ਪੈਦਾਵਾਰ ਦੇ ਵਿਕਾਸ ‘ਚ ਰੋਕ ਬਣਦਾ ਹੈ, ਕਾਰਨ ਰੋਕ ਬਣ ਜਾਂਦਾ ਹੈ।

ਸਮੂਹ ਦੀ ਜਾਇਦਾਦ ਅਤੇ ਜਨਤਕ ਜਾਇਦਾਦ ਦੀ ਸਹਿਹੋਂਦ, ਸਹਿਕਾਰੀ ਜਾਂ ਸਾਂਝਾ ਖੇਤੀ ਫਾਰਮ ਤਰੀਕਾਕਾਰ ਅਤੇ ਜਨਤਕ ਮਾਲਕੀ ਵਾਲ਼ੀ ਸੱਨਅਤ ਦੀ ਸਹਿਹੋਂਦ ਦਾ ਅਮਲੀ ਰੂਪ ‘ਚ ਅਰਥ ਇਹ ਹੁੰਦਾ ਹੈ ਕਿ ਸਮਾਜਵਾਦੀ ਸਮਾਜ ‘ਚ ਦੋ ਪੈਦਾਵਾਰੀ ਖੇਤਰਾਂ ਦੀ ਸਹਿਹੋਂਦ ਮੌਜੂਦ ਰਹਿੰਦੀ ਹੈ। ਜਨਤਕ ਮਾਲਕੀ ਦੇ ਖੇਤਰ ‘ਚ ਪੈਦਾਵਾਰ ਦਾ ਨਿਰਦੇਸ਼ਨ ਅਤੇ ਪ੍ਰਬੰਧਨ, ਸੰਪੂਰਨ ਸਮਾਜ ਦੀ ਨੁਮਾਇੰਦਗੀ ਕਰਨ ਵਾਲ਼ੀ ਜਨਤਕ ਅਥੌਰਿਟੀ ਦੁਆਰਾ ਹੁੰਦਾ ਹੈ। ਦੂਜੇ ਪਾਸੇ ਸਮੂਹਿਕ ਖੇਤਰ ‘ਚ ਪੈਦਾਵਾਰ ਦਾ ਨਿਰਦੇਸ਼ਨ ਅਤੇ ਪ੍ਰਬੰਧਨ ਸਮੂਹ ਦੁਆਰਾ ਕੀਤਾ ਜਾਂਦਾ ਹੈ।

ਮੁੱਢਲੇ ਪੜਾਅ ‘ਚ, ਸਮਾਜਵਾਦ ਇਸੇ ਅਧਾਰ ਤੇ ਵਿਕਾਸ ਕਰਦਾ ਹੈ। ਮਜ਼ਦੂਰ ਜਮਾਤ ਕਿਸਾਨਾਂ ਨੂੰ ਉਹਨਾਂ ਦੇ ਕਿੱਤੇ ਦੇ ਸਮੂਹੀਕਰਨ ਤੇ ਸਮਾਜਵਾਦੀ ਫਾਰਮ ਖੇਤੀ ਦੇ ਵਿਕਾਸ ਲਈ ਪ੍ਰੇਰਿਤ ਕਰਦੀ ਹੈ। ਇਹ ਉਹਨਾਂ ਦੇਸ਼ਾਂ ‘ਚ, ਜਿੱਥੇ ਕਿਸਾਨ ਜਮਾਤ ਵੱਡੀ ਗਿਣਤੀ ‘ਚ ਮੌਜੂਦ ਹੈ, ਸਮਾਜਵਾਦੀ ਪੈਦਾਵਾਰ ਦੇ ਵਿਕਾਸ ਲਈ ਲਾਜ਼ਮੀ ਅਧਾਰ ਹੈ। ਅਤੇ ਇਸ ਅਧਾਰ ‘ਤੇ ਸਮਾਜਵਾਦੀ ਪੈਦਾਵਾਰ ਦੇ ਵਿਕਾਸ ਨੂੰ ਜਾਰੀ ਰੱਖਣਾ ਲੰਬੇ ਸਮੇਂ ਤੱਕ ਲਾਜ਼ਮੀ ਹੈ, ਜਦ ਤੱਕ ਸਮੂਹਿਕ ਜਾਂ ਸਹਿਕਾਰੀ ਪੈਦਾਵਾਰ ਦੀਆਂ ਸਾਰੀਆਂ ਪੈਦਾਵਾਰੀ ਯੋਗਤਾਵਾਂ ਵੱਧ ਤੋਂ ਵੱਧ ਹੱਦ ਤੱਕ ਵਧਾ ਨਾ ਲਈਆਂ ਜਾਣ।

ਪਰ ਇਸਦੇ ਬਾਵਜੂਦ ਇੱਕ ਅਜਿਹਾ ਸਮਾਂ ਆਉਂਦਾ ਹੈ, ਜਦ ਦੋ ਪੈਦਾਵਾਰੀ ਖੇਤਰਾਂ, ਜਨਤਕ ਅਤੇ ਸਹਿਕਾਰੀ ਪੈਦਾਵਾਰ ਦੀ ਸਹਿਹੋਂਦ, ਪੈਦਾਵਾਰ ਦੇ ਅਗਲੇ ਵਿਕਾਸ ‘ਚ ਅੜਿੱਕੇ ਵਾਂਗ ਕੰਮ ਕਰਨ ਲੱਗਦੀ ਹੈ। ਅਜਿਹਾ ਕਿਉਂ ਹੁੰਦਾ ਹੈ? ਇਸ ਸਵਾਲ ਦੇ ਦੋ ਪੱਖ ਹਨ।

(1) ਪਹਿਲਾ: ਦੋ ਪੈਦਾਵਾਰੀ ਖੇਤਰਾਂ ਦੀ ਸਹਿਹੋਂਦ, ਜਿਣਸਾਂ ਦੇ ਰੂਪ ‘ਚ ਖਪਤ ਦੀਆਂ ਵਸਤੂਆਂ ਦੀ ਲਗਾਤਾਰ ਪੈਦਾਵਾਰ, ਯਾਨੀ ਮੰਡੀ ‘ਚ ਕਿਸੇ ਖਰੀਦਦਾਰ ਨੂੰ ਵੇਚਣ ਲਈ ਉਹਨਾਂ ਦੀ ਪੈਦਾਵਾਰ ਨਾਲ਼ ਬੰਨ੍ਹਿਆ ਹੁੰਦਾ ਹੈ। ਸਮਾਜਵਾਦ ‘ਚ ਕਿਰਤ ਸ਼ਕਤੀ ਵਿਕਾਊ ਨਹੀਂ ਰਹਿੰਦੀ, ਇਸ ਤਰ੍ਹਾਂ ਪੈਦਾਵਾਰ ਦੇ ਸਾਧਨ ਵੀ ਕੇਵਲ ਉਹਨਾਂ, ਜਿਹਨਾਂ ਵਿੱਚ ਉਹਨਾਂ ਦੀ ਪੈਦਾਵਾਰ ਵਿਦੇਸ਼ੀ ਵਪਾਰ ਲਈ ਹੁੰਦੀ ਹੈ – ਵਿਕਾਊ ਨਹੀਂ ਰਹਿ ਜਾਂਦੇ। ਪਰ ਖਪਤ ਦੀਆਂ ਵਸਤੂਆਂ ਦੀ ਜਿਣਸ ਪੈਦਾਵਾਰ ਉਦੋਂ ਤੱਕ ਜਾਰੀ ਰਹਿ ਸਕਦੀ ਹੈ ਅਤੇ ਲਾਜ਼ਮੀ ਹੀ ਜਾਰੀ ਰਹਿੰਦੀ ਹੈ, ਜਦ ਤੱਕ ਅਜਿਹੀਆਂ ਹਾਲਤਾਂ ਮੌਜੂਦ ਰਹਿੰਦੀਆਂ ਹਨ, ਜੋ ਇਸ ਤਰ੍ਹਾਂ ਦੇ ਵਿਕਾਊ ਮਾਲਾਂ ਲਈ ਮੰਡੀ ਤਿਆਰ ਕਰਦੀਆਂ ਹਨ।

ਅਜਿਹੀਆਂ ਹਾਲਤਾਂ ਸੱਨਅਤ ‘ਚ ਜਨਤਕ ਉੱਦਮ ਦੇ ਨਾਲ਼-ਨਾਲ਼ ਖੇਤੀ ‘ਚ ਸਮੂਹਿਕ ਜਾਂ ਸਹਿਕਾਰੀ ਉੱਦਮ ਦੀ ਸਹਿਹੋਂਦ ਕਾਰਨ ਪੈਦਾ ਹੁੰਦੀਆਂ ਹਨ। ਕਿਉਂਕਿ ਸਮੂਹਿਕ ਉੱਦਮ ਦੀਆਂ ਪੈਦਾਵਾਰਾਂ ਸਮੂਹ ਨਾਲ਼ ਸਬੰਧਿਤ ਹੁੰਦੀਆਂ ਹਨ ਅਤੇ ਉਹਨਾਂ ਦਾ ਪ੍ਰਬੰਧਨ ਸਮੂਹ ਦੁਆਰਾ ਹੁੰਦਾ ਹੈ। ਇਸਦੀ ਇੱਛਾ ਕਿ ਉਹ ਸੰਪੂਰਨ ਸਮਾਜ ਦੀਆਂ ਪੈਦਾਵਾਰਾਂ ਹੋਣ ਅਤੇ ਉਹਨਾਂ ਦਾ ਪ੍ਰਬੰਧਨ ਸੰਪੂਰਨ ਸਮਾਜ ਦੁਆਰਾ ਕੀਤਾ ਜਾਵੇ, ਸਮੂਹ ਮੁਹਰੇ ਆਪਣੀ ਪੈਦਾਵਾਰ ਨੂੰ ਜਿਣਸ ਵਾਂਗ ਵੇਚਕੇ ਨਿਪਟਾਉਣ ਤੋਂ ਬਿਨ੍ਹਾਂ ਹੋਰ ਕੋਈ ਬਦਲ ਨਹੀਂ ਹੁੰਦਾ ਅਤੇ ਬਦਲੇ ‘ਚ ਉਹ ਦੂਜੀਆਂ ਪੈਦਾਵਾਰਾਂ ਨੂੰ ਜਿਣਸ ਵਾਂਗ ਖਰੀਦਦਾ ਹੈ।

ਸਤਾਲਿਨ ਨੇ ਲਿਖਿਆ ਹੈ: “ਇਸ ਪੜਾਅ ‘ਚ ਸ਼ਹਿਰ ਤੇ ਪਿੰਡ ਵਿਚਾਲੇ, ਸੱਨਅਤ ‘ਤੇ ਖੇਤੀ ਵਿਚਾਲੇ ਆਰਥਿਕ ਗਠਜੋੜ ਚੰਗੀ ਤਰ੍ਹਾਂ ਤੈਅ ਕਰਨ ਲਈ ਜਿਣਸ-ਪੈਦਾਵਾਰ (ਖਰੀਦ ਅਤੇ ਵੇਚ ਰਾਹੀਂ ਵਟਾਂਦਰਾ) ਇੱਕ ਨਿਸ਼ਚਿਤ ਪੀਰੀਅਡ ਤੱਕ ਰਾਖਵਾਂ ਰੱਖਿਆ ਜਾਣਾ ਚਾਹੀਦਾ ਹੈ, ਸ਼ਹਿਰ ਨਾਲ਼ ਆਰਥਿਕ ਗਠਜੋੜ ਦਾ ਤਰੀਕਾ ਹੋਣ ਕਾਰਨ ਕੇਵਲ ਇਹੀ ਕਿਸਾਨਾਂ ਨੂੰ ਪ੍ਰਵਾਨ ਹੁੰਦਾ ਹੈ।… ਮੌਜੂਦਾ ਸਮੇਂ ‘ਚ ਸਮੂਹਿਕ ਫਾਰਮ ਸ਼ਹਿਰ ਦੇ ਨਾਲ਼ ਜਿਣਸ ਸਬੰਧ ਖਰੀਦ ਅਤੇ ਵੇਚ ਰਾਹੀਂ ਵਟਾਂਦਰੇ ਤੋਂ ਬਿਨਾਂ ਕਿਸੇ ਹੋਰ ਆਰਥਿਕ ਸਬੰਧ ਨੂੰ ਮਾਨਤਾ ਨਹੀਂ ਦੇਣਗੇ।”21

ਇਸ ਤੋਂ ਇਹ ਸਿੱਟਾ ਨਿੱਕਲਦਾ ਹੈ ਕਿ “ਖਪਤ ਵਸਤੂਆਂ ਦਾ, ਜਿਹਨਾਂ ਦੀ ਲੋੜ ਪੈਦਾਵਾਰ ਦੀ ਪ੍ਰਕ੍ਰਿਆ ‘ਚ ਖ਼ਰਚ ਹੋਈ ਕਿਰਤ-ਸ਼ਕਤੀ ਦੀ ਘਾਟ-ਪੂਰਤੀ ਲਈ ਹੁੰਦੀ ਹੈ” ਪੈਦਾਵਾਰ ਅਤੇ ਵਿਕਰੀ ਜਿਣਸਾਂ ਦੇ ਰੂਪ ‘ਚ ਜਾਰੀ ਰਹੇਗੀ।

ਸਮਾਜਵਾਦੀ ਸਮਾਜ ‘ਚ ਉਪਭੋਗਤਾ ਵਸਤੂਆਂ ਦੀ ਵੰਡ ਦਾ ਇਹ ਤਰੀਕਾਕਾਰ ਤਦ ਤੱਕ ਚੱਲਦਾ ਰਹਿ ਸਕਦਾ ਹੈ, ਜਦ ਤੱਕ ਕਿ ਸਮਾਜਵਾਦੀ ਸਿਧਾਂਤ “ਹਰੇਕ ਨੂੰ ਉਸਦੇ ਕੰਮ ਅਨੁਸਾਰ” ਵੰਡ ਨੂੰ ਕੰਟਰੌਲ ਕਰਨ ਵਾਲ਼ਾ ਸਿਧਾਂਤ ਰਹੇਗਾ। ਪਰ ਜਦ ਪੈਦਾਵਾਰ ਉਸ ਨੁਕਤੇ ਨੂੰ ਛੂਹਣਾ ਸ਼ੁਰੂ ਕਰ ਦਿੰਦੀ ਹੈ, ਜਿੱਥੇ ਪੈਦਾਵਾਰਾਂ ਦੀ ਵੰਡ ਲੋੜ ਅਨੁਸਾਰ ਹੋ ਸਕੇ, ਜਿਣਸਾਂ ਦੇ ਰੂਪ ‘ਚ ਪੈਦਾਵਾਰਾਂ ਦੀ ਪੈਦਾਵਾਰ ਦੇ ਅਨੁਸਾਰ ਵੰਡ ਦਾ ਸਰੂਪ ਪੈਦਾਵਾਰ ਦੀਆਂ ਲੋੜਾਂ ਨਾਲ਼ ਮੇਲ ਨਹੀਂ ਖਾਂਦਾ। ਉਹ ਰੋਕ ਬਣ ਜਾਂਦਾ ਹੈ। ਉਸ ਸਮੇਂ ਇੱਛਾ ਇਸ ਗੱਲ ਦੀ ਨਹੀਂ ਹੁੰਦੀ ਕਿ ਲੋਕਾਂ ਨੂੰ “ਪੈਦਾਵਾਰ ਦੀ ਪ੍ਰਕ੍ਰਿਆ ‘ਚ ਖ਼ਰਚ ਹੋਈ ਕਿਰਤ-ਸ਼ਕਤੀ ਦੀ ਘਾਟ-ਪੂਰਤੀ ਲਈ” ਮੰਡੀ ‘ਚੋਂ ਖਪਤਕਾਰੀ ਵਸਤੂਆਂ ਖਰੀਦਣ ਦੇ ਯੋਗ ਹੋਣਾ ਚਾਹੀਦਾ ਹੈ, ਸਗੋਂ ਇਸ ਗੱਲ ਦੀ ਹੁੰਦੀ ਹੈ ਕਿ ਸਾਰੀਆਂ ਪੈਦਾਵਾਰਾਂ ਨੂੰ ਲੋੜ ਅਨੁਸਾਰ ਵੰਡ ਲਈ ਸਮਾਜ ਦੇ ਪ੍ਰਬੰਧਨ ਦੇ ਮਤਹਿਤ ਹੋਣਾ ਚਾਹੀਦਾ ਹੈ।

ਇਸ ਤਰ੍ਹਾਂ “ਸਮਾਜਵਾਦ ਤੋਂ ਕਮਿਊਨਿਜ਼ਮ ‘ਚ ਸੰਭਾਵਿਤ ਤਬਦੀਲੀ ਦੇ ਨਾਲ਼-ਨਾਲ਼ ਜਿਣਸ-ਪ੍ਰਸਾਰ ਦਾ ਮੇਲ ਨਹੀਂ ਬੈਠਦਾ। ਸਮਾਜਵਾਦ ਤੋਂ ਕਮਿਊਨਿਜ਼ਮ ‘ਚ ਤਬਦੀਲੀ ਅਤੇ ਲੋੜ ਅਨੁਸਾਰ ਪੈਦਾਵਾਰਾਂ ਦੀ ਵੰਡ ਦਾ ਕਮਿਊਨਿਸਟ ਸਿਧਾਂਤ ਸਾਰੇ ਤਰ੍ਹਾਂ ਦੇ ਜਿਣਸ ਵਟਾਂਦਰੇ ਨੂੰ ਖ਼ਤਮ ਕਰਦਾ ਹੈ ਅਤੇ ਇਸ ਤਰ੍ਹਾਂ ਪੈਦਾਵਾਰਾਂ ਦੀ, ਜਿਣਸਾਂ ‘ਚ ਕਾਇਆਪਲਟੀ ਨੂੰ ਰੋਕਦਾ ਹੈ।”22

ਇਸ ਲਈ ਇਸ ਪੜਾਅ ‘ਚ ਉਸ ਤਰੀਕਾਕਾਰ ਦੀ ਥਾਂ ‘ਤੇ, ਜਿੱਥੇ ਸਮੂਹਿਕ, ਸਹਿਕਾਰੀ ਉੱਦਮ ਜਨਤਕ ਉੱਦਮਾਂ ਦੇ ਨਾਲ ਮੌਜੂਦ ਰਹਿੰਦੇ ਹਨ, ਆਪਣੀਆਂ ਨਿੱਜੀ ਪੈਦਾਵਾਰਾਂ ਦਾ ਪ੍ਰਬੰਧਨ ਕਰਦੇ ਹਨ ਅਤੇ ਉਹਨਾਂ ਨੂੰ ਜਿਣਸ ਦੇ ਰੂਪ ‘ਚ ਵੇਚਦੇ ਹਨ, ਅਜਿਹਾ ਤਰੀਕਾਕਾਰ ਸਥਾਪਿਤ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਸਾਰੀਆਂ ਪੈਦਾਵਾਰਾਂ ਦਾ ਪ੍ਰਬੰਧਨ ਸਾਰੇ ਲੋਕਾਂ ਦੀ ਇੱਕਜੁੱਟ ਵਿਸ਼ਾਲ ਜਥੇਬੰਦੀ ਦੁਆਰਾ ਹੁੰਦਾ ਹੈ।

(2) ਦੂਜੀ ਗੱਲ, ਸੱਨਅਤ ‘ਚ ਜਨਤਕ ਮਾਲਕੀ ਦੇ ਉੱਦਮ ਦੇ ਨਾਲ਼ ਖੇਤੀ ‘ਚ ਸਮੂਹਿਕ ਜਾਂ ਸਹਿਕਾਰੀ ਉੱਦਮ ਦੀ ਸਹਿਹੋਂਦ ਦਾ ਅਰਥ ਇਹ ਹੈ ਕਿ ਉਸ ਸਮੇਂ ਤੱਕ ਸਿਰਫ ਇੱਕ ਸਮਾਜਿਕ-ਆਰਥਿਕ ਕੇਂਦਰ ਦੁਆਰਾ ਜੋ ਸੰਪੂਰਨ ਪੈਦਾਵਾਰ ਦੀ ਪ੍ਰਤੱਖ ਵਿਉਂਤਬੰਦੀ ਕਰੇ, ਸੰਪੂਰਨ ਪੈਦਾਵਾਰ ਨਿਰਦੇਸ਼ਿਤ ਨਹੀਂ ਹੋ ਸਕਦੀ। ਇਸਦੇ ਉਲਟ ਪੈਦਾਵਾਰ ਦੀ ਵਿਉਂਤਬੰਦੀ ਨੂੰ, ਕਿਸਾਨਾਂ ਲਈ ਕਦਰਾਂ ਦੇ ਰੂਪ ‘ਚ ਢੁਕਵੇਂ ਆਰਥਿਕ ਲਾਲਚ ਦੁਆਰਾ ਸਹਿਕਾਰੀ ਖੇਤੀ-ਪੈਦਾਵਾਰ ਦੀ ਨਿਸ਼ਚਿਤ ਮਾਤਰਾ ਅਤੇ ਦਿਸ਼ਾ ਨੂੰ ਹੱਲਾਸ਼ੇਰੀ ਦੇਣ ਦੇ ਅਸਿੱਧੇ ਤਰੀਕਿਆਂ ਨਾਲ਼ ਅੱਗੇ ਵਧਾਉਣਾ ਚਾਹੀਦਾ ਹੈ।

ਇਸ ਕਾਰਨ ਤੋਂ ਮੁੜ ਉਸੇ ਅਨੁਪਾਤ ‘ਚ ਜਿਸ ਵਿੱਚ ਪੈਦਾਵਾਰ, ਬਹੁਤਾਤ ‘ਚ ਪੈਦਾਵਾਰ ਦੀ ਹੱਦ ਤੱਕ ਵਧ ਜਾਂਦੀ ਹੈ, ਸਮਾਜਵਾਦੀ ਜਾਇਦਾਦ ਦੇ ਦੋ ਰੂਪਾਂ ਅਤੇ ਦੋ ਪੈਦਾਵਾਰੀ ਖੇਤਰਾਂ ਦੇ ਤਰੀਕਾਕਾਰ, ਜੋ ਸ਼ੁਰੂ ‘ਚ ਸਮਾਜਵਾਦੀ ਪੈਦਾਵਾਰ ਵਧਾਉਣ ‘ਚ ਸਹਾਇਕ ਹੁੰਦਾ ਹੈ, ਸਮਾਂ ਪਾ ਕੇ ਅੜਿੱਕਾ ਬਣ ਜਾਂਦਾ ਹੈ।

ਸਤਾਲਿਨ ਨੇ ਲਿਖਿਆ ਹੈ: “ਇਹ ਨਾ ਦੇਖਣਾ ਇੱਕ ਨਾ-ਮਾਫ਼ੀਯੋਗ ਅੰਨ੍ਹਾਪਣ ਹੋਵੇਗਾ ਕਿ ਇਹ ਤੱਤ ਸਾਡੀਆਂ ਪੈਦਾਵਾਰੀ ਤਾਕਤਾਂ ਦੇ ਤਾਕਤਵਰ ਵਿਕਾਸ ‘ਚ ਪਹਿਲਾਂ ਹੀ ਰੋਕ ਪਾਉਣ ਲੱਗੇ ਹਨ, ਕਿਉਂਕਿ ਇਹ ਸੰਪੂਰਨ ਕੌਮੀ ਅਰਥਚਾਰੇ ਖ਼ਾਸ ਰੂਪ ‘ਚ ਖੇਤੀ ਨਾਲ਼ ਸਬੰਧਿਤ ਸਰਕਾਰੀ ਵਿਉਂਤਬੰਦੀ ਦੇ ਪੂਰਨ ਪ੍ਰਸਾਰ ‘ਚ ਰੋਕ ਪੈਦਾ ਕਰਦੇ ਹਨ।”23

ਅੰਤ ‘ਚ ਇਹ ਗੱਲ ਲਾਜ਼ਮੀ ਹੋ ਜਾਂਦੀ ਹੈ ਕਿ ਸਾਰੇ ਲੋਕਾਂ ਦੀ ਸਿਰਫ ਇੱਕ ਵਿਸ਼ਾਲ ਜਥੇਬੰਦੀ ਨੂੰ ਸਾਰੀਆਂ ਲੋੜਾਂ ਦੀ ਸੰਤੁਸ਼ਟੀ ਦੇ ਉਦੇਸ਼  ਨਾਲ਼ ਪੈਦਾਵਾਰ ਦੀਆਂ ਸਾਰੀਆਂ ਸ਼ਖ਼ਾਵਾਂ ਨੂੰ ਇੱਕ ਹੀ ਪੈਦਾਵਾਰੀ ਤਰੀਕਾਕਾਰ ਦੇ ਰੂਪ ‘ਚ ਸੰਚਾਲਤ ਕਰਨਾ ਚਾਹੀਦਾ ਹੈ।

ਇਸ ਕਾਰਨ ਸਤਾਲਿਨ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਇਹ ਸੋਚਣਾ ਗ਼ਲਤ ਹੋਵੇਗਾ ਕਿ ਸਮਾਜਵਾਦੀ ਆਰਥਿਕ ਅਧਾਰ ਸਥਾਪਤ ਹੋ ਜਾਣ ਦੇ ਨਾਲ਼ ਪੈਦਾਵਾਰੀ ਤਾਕਤਾਂ ਅਤੇ ਪੈਦਾਵਾਰੀ ਸਬੰਧਾਂ ਵਿਚਾਲੇ ਕੋਈ ਵਿਰੋਧਤਾਈ ਨਹੀਂ ਰਹਿ ਜਾਂਦੀ। ਉਲਟਾ, ਅਜਿਹੀ ਵਿਰੋਧਤਾਈ ਨਿਸ਼ਚਿਤ ਰੂਪ ‘ਚ ਰਹਿੰਦੀ ਹੈ ਅਤੇ ਇਸਦਾ ਹੱਲ ਪੈਦਾਵਾਰੀ-ਸਬੰਧਾਂ ਦੀ ਹੋਰ ਅੱਗੇ ਕਾਇਆਪਲਟੀ, ਸਾਰੀ ਜਾਇਦਾਦ ਨੂੰ ਸੰਪੂਰਨ ਸਮਾਜ ਦੀ ਜਾਇਦਾਦ ਵਿੱਚ ਤਬਦੀਲ ਕੀਤਾ ਜਾਣਾ ਚਾਹੀਦਾ ਹੈ। ਇਹੀ ਕਮਿਊਨਿਜ਼ਮ ਹੈ। ਅਤੇ ਇਹ, ਜਿਵੇਂ ਕਿ ਉਹਨਾਂ ਨੇ ਕਿਹਾ: “ਅਰਥਚਾਰੇ ਦੇ ਇੱਕ ਰੂਪ, ਸਮਾਜਵਾਦੀ ਅਰਥਚਾਰੇ ਤੋਂ, ਅਰਥਚਾਰੇ ਦੇ ਦੂਜੇ ਉੱਚੇ ਰੂਪ ਕਮਿਊਨਿਸਟ ਅਰਥਚਾਰੇ ‘ਚ ਬੁਨਿਆਦੀ ਤਬਦੀਲੀ ਹੋਵੇਗੀ।”24 ਪਰ ਇਹ ਤਬਦੀਲੀ ਅਤੀਤ ਦੀਆਂ ਬੁਨਿਆਦੀ ਤਬਦੀਲੀਆਂ ਤੋਂ ਵੱਖਰੇ ਰੂਪ, ਹੌਲ਼ੀ-ਹੌਲ਼ੀ, ਹਿੰਸਾ ਦੇ ਬਿਨਾਂ ਅਤੇ ਸਮਾਜਿਕ ਸਹਿਮਤੀ ਨਾਲ਼ ਵਾਪਰੇਗੀ। ਕਿਉਂਕਿ ਆਪਸੀ ਦੁਸ਼ਮਣ ਜਮਾਤਾਂ ਹੁਣ ਨਹੀਂ ਰਹਿ ਜਾਂਦੀਆਂ, ਇਸ ਲਈ ਇਸਦੀ ਪ੍ਰਾਪਤੀ ਬਰਾਬਰ ਰੂਪ ਨਾਲ਼ ਸਮਾਜ ਦੇ ਸਾਰੇ ਮੈਂਬਰਾਂ ਦੇ ਹਿੱਤਾਂ ਦੇ ਅਨੁਕੂਲ ਹੁੰਦੀ ਹੈ।

ਇਸ ਤਰ੍ਹਾਂ ਸਮਾਜਵਾਦੀ ਸਮਾਜ, ਕਮਿਊਨਿਜ਼ਮ ਦੇ ਪਹਿਲੇ ਪੜਾਅ ‘ਚ ਖਪਤਕਾਰੀ ਵਸਤੂਆਂ ਦੀ ਪੈਦਾਵਾਰ ਜਿਣਸਾਂ  ਦੇ ਵਾਂਗ ਹੀ ਹੋ ਸਕਦੀ ਹੈ, ਅਤੇ ਸੱਚਮੁੱਚ ਹੋਣੀ ਵੀ ਚਾਹੀਦੀ ਹੈ, ਉੱਥੇ ਕਮਿਊਨਿਜ਼ਮ ਦੇ ਉੱਚੇ ਪੜਾਅ ‘ਚ, ਜਿਣਸਾਂ ਦੇ ਰੂਪ ਵਿੱਚ ‘ਉਹਨਾਂ ਦੀ ਪੈਦਾਵਾਰ ਬੰਦ ਹੋ ਜਾਣੀ ਚਾਹੀਦੀ ਹੈ’। ਇਸ ਤਰ੍ਹਾਂ ਸਮਾਜਵਾਦੀ ਸਮਾਜ ‘ਚ ਸਰਵਜਨਕ ਜਾਇਦਾਦ ਦੇ ਨਾਲ਼-ਨਾਲ਼ ਸਮੂਹਿਕ ਅਤੇ ਸਹਿਕਾਰੀ ਜਾਇਦਾਦ, ਸਰਵਜਨਕ ਮਾਲਕੀ ਵਾਲੀ ਸੱਨਅਤ ਦੇ ਨਾਲ਼-ਨਾਲ਼ ਪੈਦਾਵਾਰ ਦਾ ਸਮੂਹਿਕ ਫਾਰਮ-ਖੇਤਰ ਅਤੇ ਨਤੀਜੇ ਵਜੋਂ ਦੋ ਜਮਾਤਾਂ, ਮਜ਼ਦੂਰ ਜਮਾਤ ਅਤੇ ਕਿਸਾਨ, ਵਿਦਮਾਨ ਰਹਿ ਸਕਦੇ ਹਨ, ਸਮਾਜਵਾਦੀ ਸਮਾਜ ‘ਚ ਸਿਰਫ ਸਰਵਜਨਕ ਜਾਇਦਾਦ ਅਤੇ ਇੱਕੋ-ਇੱਕ ਸਰਵ-ਵਿਆਪੀ ਪੈਦਾਵਾਰ ਦੀ ਜਥੇਬੰਦੀ ਦੀ ਹੋਂਦ ਹੁੰਦੀ ਹੈ ਅਤੇ ਕੋਈ ਜਮਾਤ ਨਹੀਂ ਰਹਿੰਦੀ।

ਕੀ ਸਮਾਜਵਾਦ ਦੇ ਪਹਿਲੇ ਪੜਾਅ ‘ਚ ਜਾਇਦਾਦ ਦੇ ਦੋ ਰੂਪਾਂ, ਦੋ ਜਮਾਤਾਂ ਦੀ ਹੋਂਦ ਹਮੇਸ਼ਾ ਜ਼ਰੂਰੀ ਹੁੰਦੀ ਹੈ? ਕੀ ਸਮਾਜਵਾਦ ਤੋਂ ਸਾਮਵਾਦ ਵੱਲ ਵਧਣ ਦੇ ਨਾਲ਼ ਜਾਇਦਾਦ ਦੇ ਸਬੰਧਾਂ ਚ ਤਲਬੀਦੀ ਲਾਜ਼ਮੀ ਸਮਬੱਧ ਰਹਿਣੀ ਚਾਹੀਦੀ ਹੈ?

ਨਹੀਂ, ਸਮਾਜਵਾਦੀ ਜਾਇਦਾਦ ਦੇ ਦੋ ਰੂਪ ਹੋਂਦ ‘ਚ ਨਹੀਂ ਆਉਣਗੇ ਅਤੇ ਇਸ ਲਈ ਜਾਇਦਾਦ ਸਬੰਧਾਂ ਵਿੱਚ ਅਗਲੀ ਬੁਨਿਆਦੀ ਤਬਦੀਲੀ, ਅਜਿਹੀ ਹਾਲਤ ‘ਚ ਜਿੱਥੇ “ਸਰਮਾਏਦਾਰੀ ਅਤੇ ਪੈਦਾਵਾਰ ਦਾ ਕੇਂਦਰੀਕਰਨ ਸੱਨਅਤ ਅਤੇ ਖੇਤੀ ਦੋਵਾਂ ਖੇਤਰਾਂ ਵਿੱਚ ਏਨਾ ਅੱਗੇ ਵਧ ਜਾਵੇ ਕਿ ਦੇਸ਼ ਵਿੱਚ ਪੈਦਾਵਾਰ ਦੇ ਸਾਰੇ ਸਾਧਨਾਂ ਨੂੰ ਜਬਤ ਕੀਤਾ ਜਾ ਸਕੇ ਅਤੇ ਉਹਨਾਂ ਨੂੰ ਸਰਵਜਨਕ ਜਾਇਦਾਦ ਵਿੱਚ ਤਬਦੀਲ ਕੀਤਾ ਜਾ ਸਕੇ, ਲਾਜ਼ਮੀ ਨਹੀਂ ਹੋਵੇਗਾ।”25 ਦੂਜੇ ਸ਼ਬਦਾਂ ‘ਚ ਅਜਿਹੀ ਹਾਲਤ ਜਦੋਂ ਸਰਮਾਏਦਾਰਾ ਲੁੱਟ ਦਾ ਖਾਤਮਾ ਹੋਣ ਤੋਂ ਬਾਅਦ ਸਮੂਹਿਕ ਅਤੇ ਸਰਵਜਨਕ ਸਮਾਜਵਾਦੀ ਜਾਇਦਾਦ ਕਾਇਮ ਕਰਨ ਦੀ ਜਰੂਰਤ ਨਾ ਹੋਵੇ ਤਾਂ ਇਹ ਤਬਦੀਲੀ ਜਰੂਰੀ ਨਹੀਂ ਹੁੰਦੀ।

ਅਜਿਹੀ ਹਾਲਤ ਬਰਤਾਨੀਆ ਚ ਹੋ ਸਕਦੀ ਹੈ। ਇਸੇ ਕਾਰਨ ਬਰਤਾਨੀਆ ਸਾਮਵਾਦੀ ਵਿੱਚ ਤਬਦੀਲੀ ਦੌਰਾਨ ਇਸ ਪੜਾਅ ਨੂੰ, ਜਿਸਦਾ ਦੂਜੇ ਦੇਸ਼ ਸਾਹਮਣਾ ਕਰ ਰਹੇ ਹਨ, ਛਾਲ ਮਾਰ ਕੇ ਉਲੰਘ ਸਕਣ ਵਿੱਚ ਸਮਰੱਥ ਹੈ।

ਸਮਾਜਵਾਦ ਤੋਂ ਸਾਮਵਾਦ ਵਿੱਚ ਤਬੀਦੀਲੀ ਦੀਆਂ ਸ਼ਰਤਾਂ

ਇਸ ਸਭ ਤੋਂ ਸਤਾਲਿਨ ਇਸ ਨਤੀਜੇ ‘ਤੇ ਪੁੱਜੇ ਕਿ “ਸਾਮਵਾਦ ਵਿੱਚ ਅਸਲ … ਤਬੀਦੀਲੀ ਦਾ ਰਾਹ ਸਾਫ ਕਰਨ ਲਈ ਘੱਟੋ-ਘੱਟ ਤਿੰਨ ਮੁੱਖ ਮੁੱਢਲੀਆਂ ਸ਼ਰਤਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ।”26

ਜੋ ਕੁੱਝ ਕਰਨਾ ਜਰੂਰੀ ਹੈ, ਸੰਖੇਪ ਵਿੱਚ ਉਹ ਹੈ (1) ਪੈਦਾਵਾਰ ਵਿੱਚ ਉਸ ਪੱਧਰ ਤੱਕ ਵਾਧਾ ਕਰਨਾ ਜਿੱਥੇ ਸਭ ਦੀਆਂ ਲੋੜਾਂ ਦੀ ਸੰਤੁਸ਼ਟੀ ਹੋ ਸਕੇ। (2) ਸਮੁੱਚੀ ਲੋਕਾਈ ਦੀ ਵਿਸ਼ਾਲ ਜਥੇਬੰਦੀ ਦੇ ਹੱਥਾਂ ‘ਚ ਸਮੁੱਚੀ ਪੈਦਾਵਾਰ ਅਤੇ ਸਭ ਉਪਜਾਂ ਨੂੰ ਕੇਂਦਰਤ ਕਰਨਾ ਅਤੇ (3) ਕਿਰਤ ਨੂੰ ਜੀਵਨ ਦੀ ਪ੍ਰਧਾਨ ਲੋੜ ਬਣਾਉਣ ਲਈ ਜ਼ਰੂਰੀ ਹਾਲਤਾਂ ਪੈਦਾ ਕਰਨੀਆਂ ਅਤੇ ਕਿਰਤ ਦੀ ਵੰਡ ਪ੍ਰਤੀ ਲੋਕਾਂ ਦੀ ਅਧੀਨਤਾ ਦਾ ਖਾਤਮਾ ਕਰਨਾ।

ਸਮਾਜਵਾਦ ਦੇ ਪੜਾਅ ‘ਚ ਸਮਾਜ ਦੀ ਜ਼ਿੰਮੇਵਾਰੀ ਹੈ ਕਿ ਉਹ ਸਮਾਜਵਾਦ ਵੱਲ ਅੱਗੇ ਵਧਣ ਲਈ ਹੌਲ਼ੀ-ਹੌਲ਼ੀ ਜਰੂਰੀ ਹਾਲਤਾਂ ਦੀ ਪੂਰਤੀ ਕਰੇ, ਜਿਸ ਵਿੱਚ ਪਹਿਲੀ ਵਾਰ ਸਾਰੀਆਂ ਲੋੜਾਂ ਦੀ ਸੰਤੁਸ਼ਟੀ ਦੀ ਸ਼ੁਰੂਆਤ ਅਤੇ ਸਭ ਲਈ ਆਪਣੀਆਂ ਸਮੁੱਚੀਆਂ ਸਮਰੱਥਾਵਾਂ ਦਾ ਵਿਕਾਸ ਸੰਭਵ ਹੋਵੇਗਾ।

(1) ਪਹਿਲੀ ਸ਼ਰਤ ਸਮਾਜਿਕ ਪੈਦਾਵਾਰ ਦੀਆਂ ਸਾਰੀਆਂ ਸ਼ਖਾਵਾਂ ਦਾ ਲਗਾਤਾਰ ਵਿਸਥਾਰ ਕਰਨਾ ਹੈ, ਜਿਸ ਨਾਲ ਅੰਤ ‘ਚ ਬਹੁਤੀ ਤੋਂ ਵੀ ਵੱਧ ਬਹੁਤਾਤ ‘ਚ ਪੈਦਾਵਾਰ ਕੀਤੀ ਜਾ ਸਕੇ। ਸਤਾਲਿਨ ਨੇ ਜੋਰ ਦੇਕੇ ਕਿਹਾ ਸੀ ਕਿ ਇਹ ਵਿਸਥਾਰ “ਪੈਦਾਵਾਰ ਦੇ ਸਾਧਨਾਂ ਦੀ ਪੈਦਾਵਾਰ ਦੇ ਪ੍ਰਸਾਰ ਦੇ ਮੁਕਾਬਲੇ ਉੱਚੀ ਗਤੀ ਦੀ ਮੰਗ ਕਰਦਾ ਹੈ।” ਤਾਂ ਕਿ ਲੋੜੀਂਦੀ ਤਕਨੀਕੀ ਸਮੱਗਰੀ ਉਪਲੱਬਧ ਕਰਵਾਈ ਜਾ ਸਕੇ।27

(2)  ਦੂਜੀ ਸ਼ਰਤ ਹੈ, “ਹੌਲ਼ੀ-ਹੌਲ਼ੀ ਤਬੀਦੀਲ ਰਾਹੀਂ ਜਿਣਸ ਗੇੜ ਦੀ ਥਾਂ  ਅਜਿਹੀ ਵਿਧੀ ਕਾਇਮ ਕਰਨਾ… ਜਿਸਦੇ ਅਧੀਨ  ਕੇਂਦਰੀ ਹਕੂਮਤ ਅਤੇ ਕੋਈ ਹੋਰ ਸਮਾਜਿਕ-ਆਰਥਕ ਕੇਂਦਰ ਸਮਾਜ ਦੇ ਹਿੱਤ ਵਿੱਚ ਸਮਾਜਿਕ ਪੈਦਾਵਾਰ ਦੀ ਸਮੁੱਚੀ ਉਪਜ ਦਾ ਨਿਯੰਤਰਣ ਕਰ ਸਕੇ।”28

ਜਿੱਥੇ ਨਾ ਸਿਰਫ ਸਰਵਜਨਕ ਸਗੋਂ ਸਮੂਹਿਕ ਫਾਰਮ (ਸਹਿਕਾਰੀ ਅਤੇ ਸਮੂਹਿਕ) ਜਾਇਦਾਦ ਵੀ ਮੌਜੂਦ ਹੈ, ਉੱਥੇ ਇਸਦਾ ਅਰਥ ਹੈ ਕਿ “ਸਮੂਹਿਕ ਫਾਰਮ ਦੀ ਜਾਇਦਾਦ ਨੂੰ ਸਰਵਜਨਕ ਜਾਇਦਾਦ ਦੇ ਪੱਧਰ ਤੱਕ ਵਧਾਇਆ ਜਾਵੇ।” ਅਤੇ ਸਤਾਲਿਨ ਨੇ ਪ੍ਰਸਤਾਵਿਤ ਕਰਦੇ ਹੋਏ ਸੁਝਾਅ ਦਿੱਤਾ ਸੀ ਕਿ ਇਸਨੂੰ ਹਾਸਲ ਕਰਨ ਦਾ ਰਾਹ ਇਹ ਹੈ ਕਿ ਹੌਲ਼ੀ-ਹੌਲ਼ੀ ਕਦਮ-ਬ-ਕਦਮ “ਕਿਸੇ ਖਾਸ ਜਲਦਬਾਜੀ ਤੋਂ ਬਿਨਾਂ” ਅਜਿਹੀ ਵਿਧੀ ਲਾਗੂ ਕੀਤੀ ਜਾਵੇ, ਜਿਸ ਨਾਲ਼ ਖੇਤੀ ਪੈਦਾਵਾਰ ਦੀਆਂ ਵੱਧ ਤੋਂ ਵੱਧ ਤੇ ਅੰਤ ਚ ਸਾਰੀਆਂ ਮੰਡੀਕਰਨ ਯੋਗ ਉਪਜਾ ਦਾਂ ਪ੍ਰਬੰਧਨ ਕੇਂਦਰੀ ਗਲਬੇ ਅਧੀਨ ਹੋਵੇਗਾ ਜੋ ਕਿ ਉਸਦੇ ਨਾਲ਼ ਸਭ ਕਿਸਾਨਾਂ ਨੂੰ ਉਹਨਾਂ ਦੀ ਲੋੜ ਮੁਤਾਬਕ ਮੈਨੂੰਫੈਕਚਰ ਕੀਤੀਆਂ ਹੋਈਆਂ (ਦਸਤਕਾਰੀ ਦੀਆਂ) ਵਸਤਾਂ ਦੀ ਪੂਰਤੀ ਕਰੇਗਾ। ਇਸ ਤਰ੍ਹਾਂ ਜਬਤੀ ਅਤੇ ਅੱਜ ਹੀ ਕਿਸੇ ਹੋਰ ਕਠੋਰ ਕਦਮ ਤੋਂ ਬਿਨਾਂ, ਸਮੇਂ ਨਾਲ਼ ਅਜਿਹੀ ਹਾਲਤ ਆ ਜਾਵੇਗੀ ਜਿਸ ਵਿੱਚ ਕਿਸਾਨ ਅਤੇ ਸੱਨਅਤੀ ਮਜ਼ਦੂਰ ਸਮਾਜਿਕ ਪੈਦਾਵਾਰ ਦੀ ਸਿਰਫ ਇੱਕ ਜਥੇਬੰਦੀ ਵਿੱਚ ਬਰਾਬਰ ਦੀ ਸ਼ਮੂਲੀਅਤ ਕਰ ਰਹੇ ਹੋਣਗੇ।

(3) ਤੀਜੀ ਸ਼ਰਤ ਹੈ, “ਸਮਾਜ ਦੇ ਅਜਿਹੇ ਸੱਭਿਆਚਾਰਕ ਵਿਕਾਸ ਨੂੰ ਯਕੀਨੀ ਬਣਾਉਣਾ ਜੋ ਸਮਾਜ ਦੇ ਸਾਰੇ ਮੈਂਭਰਾਂ ਨੂੰ ਉਹਨਾਂ ਦੀਆਂ ਸਰੀਰਕ ਅਤੇ ਮਾਨਸਿਕ ਸਮਰੱਥਾਵਾਂ ਲਈ ਸਰਵਪੱਖੀ ਵਿਕਾਸ ਉਪਲੱਬਧ ਕਰਵਾਏ, ਜਿਸ ਨਾਲ਼ ਸਮਾਜ ਦੇ ਮੈਂਬਰ ਅਜਿਹੀ ਸਿੱਖਿਆ ਹਾਸਲ ਕਰਨ ਦੀ ਹਾਲਤ ‘ਚ ਪਹੁੰਚ ਜਾਣ ਜੋ ਉਹਨਾਂ ਨੂੰ ਸਮਾਜਿਕ ਵਿਕਾਸ ਦਾ ਸਰਗਰਮ ਕਾਰਕੁੰਨ ਹੋਣ ਦੇ ਯੋਗ ਬਣਾਉਣ ਲਈ ਢੁਕਵੀਂ  ਹੋਵੇ, ਅਤੇ ਉਹ ਅਜਿਹੀ ਹਾਲਤ ਹਾਸਲ ਕਰ ਲੈਣ ਜਿਸ ਵਿੱਚ ਉਹ ਆਪਣੇ ਕਿੱਤਿਆਂ ਦੀ ਚੋਣ ਕਰ ਸਕਣ, ਕਿਰਤ ਦੀ ਵੰਡ ਵਿਦਮਾਨ ਰਹਿਣ ਕਾਰਨ ਸਾਰੀ ਜ਼ਿੰਦਗੀ ਇੱਕੋ ਹੀ ਕਿੱਤੇ ਵਿੱਚ ਬੰਨੀ ਨਾ ਰਹੇ।”29

ਇਸਨੂੰ ਯਕੀਨੀ ਬਣਾਉਣ ਲਈ:

(ਉ) “ਇਹ ਜ਼ਰੂਰੀ ਹੈ ਕਿ ਕੰਮ ਦੇ ਘੰਟੇ ਘਟਾ ਕੇ ਛੇ ਅਤੇ ਬਾਅਦ ਵਿੱਚ ਪੰਜ ਕਰ ਦਿੱਤੇ ਜਾਣ। ਇਹ ਇਸ ਲਈ ਜ਼ਰੂਰੀ ਹੈ ਕਿ ਸਮਾਜ ਦੇ ਮੈਂਬਰਾਂ ਨੂੰ ਸਰਵਪੱਖੀ ਸਿੱਖਿਆ ਹਾਸਲ ਕਰਨ ਲਈ ਵਿਹਲਾ ਸਮਾਂ ਮਿਲ਼ ਸਕੇ।”30

ਮਾਰਕਸ ਨੇ ਸਪੱਸ਼ਟ ਕੀਤਾ ਹੈ ਕਿ ਮਨੁੱਖਾਂ ਲਈ ਹਮੇਸ਼ਾ ਲੋੜੀਂਦਾ ਹੁੰਦਾ ਹੈ ਕਿ ਉਹ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਲਈ ਪੈਦਾਵਾਰ ਵਿੱਚ ਸਮਾਂ ਬਤੀਤ ਕਰਨ। ਉਹਨਾਂ ਲਿਖਿਆ ਹੈ ਕਿ ਜਦੋਂ ਮਨੁੱਖ ਦੁਆਰਾ ਮਨੁੱਖ ਦੀ ਲੁੱਟ ਦਾ ਖਾਤਮਾ ਹੋ ਜਾਂਦਾ ਹੈ “ਤਾਂ ਉਹ ਇਹ ਕੰਮ ਊਰਜਾ ਦੀ ਘੱਟ ਖਪਤ ਨਾਲ਼ ਅਤੇ ਉਹਨਾਂ ਹਾਲਤਾਂ ਅਧੀਨ ਨੇਪਰੇ ਚਾੜਦੇ ਹਨ ਜੋ ਉਹਨਾਂ ਦੇ ਮਨੁੱਖੀ ਖਾਸੇ ਲਈ ਸਭ ਤੋਂ ਵੱਧ ਢੁੱਕਵੀਆਂ ਅਤੇ ਉਹਨਾਂ ਦੇ ਸਭ ਤੋਂ ਵੱਧ ਯੋਗ ਹੋਣ। ਪਰ ਇਹ ਹਮੇਸ਼ਾ ਲੋੜ ਦਾ ਖੇਤਰ ਰਹਿੰਦਾ ਹੈ। ਉਸਤੋਂ ਪਰੇ ਮਨੁੱਖੀ ਤਾਕਤ ਦਾ ਉਹ ਵਿਕਾਸ ਸ਼ੁਰੂ ਹੁੰਦਾ ਹੈ ਜੋ ਖੁਦ ਇਸਦਾ ਉਦੇਸ਼ ਅਤੇ ਸੁਤੰਤਰਤਾ ਦਾ ਸੱਚਾ ਖੇਤਰ ਹੈ, ਪਰ ਜੋ ਸਿਰਫ ਲੋੜ ਦੇ ਉਸੇ ਖੇਤਰ ਨੂੰ ਅਧਾਰ ਬਣਾ ਕੇ ਵਧ-ਫੁੱਲ ਸਕਦਾ ਹੈ। ਕੰਮ-ਦਿਨ ਨੂੰ ਛੋਟਾ ਕਰਨਾ ਇਸਦਾ ਬੁਨਿਆਦੀ ਵਾਅਦਾ ਹੈ।”31

ਇਸ ਤਰ੍ਹਾਂ ਕੰਮ-ਦਿਨ ਨੂੰ ਛੋਟਾ ਕਰਨਾ ਸਮਾਜਵਾਦੀ ਪੈਦਾਵਾਰ ਵਿੱਚ ਬੁਨਿਆਦੀ ਕਦਮ ਅਤੇ ਅਜਿਹੀ ਸ਼ਰਤ ਹੈ ਜਿਸਦੀ ਅਣਹੋਂਦ ‘ਚ ਮਨੁੱਖੀ ਦੀਆਂ ਸਰੀਰਕ ਤੇ ਮਾਨਸਿਕ ਸਮਰੱਥਾਵਾਂ ਦਾ ਸਰਵਪੱਖੀ ਵਿਕਾਸ ਹਾਸਲ ਨਹੀਂ ਹੋ ਸਕਦਾ। ਮਾਰਕਸ ਜੋਰ ਦੇਕੇ ਕਹਿੰਦੇ ਹਨ ਕਿ ਉਹ ਸਰਵਪੱਖੀ ਵਿਕਾਸ “ਆਪਣੇ ਆਪ ਵਿੱਚ ਖੁਦ ਦਾ ਟੀਚਾ ਹੈ।” ਇਸਦੀ ਕੋਸ਼ਿਸ਼ ਇਹ ਉਦੇਸ਼ ਮਿੱਥ ਕੇ ਨਹੀਂ ਕੀਤੀ ਜਾਂਦੀ ਕਿ ਇਸ ਨਾਲ ਪੈਦਵਾਰ ਵਿੱਚ ਵਾਧਾ ਹੋਵੇਗਾ। ਇਸਦੇ ਉਲਟ ਕੰਮ-ਦਿਨ ਨੂੰ ਛੋਟਾ ਕਰਨ ਦੀ ਸੰਭਾਵਨਾ ਸਹਿਤ ਪੈਦਾਵਾਰ ਦੇ ਤਕਨੀਕੀ ਵਿਕਾਸ ਦੀ ਕੋਸ਼ਿਸ਼ ਇਸ ਲਈ ਕੀਤੀ ਜਾਂਦੀ ਹੈ ਕਿ ਉਸ ਨਾਲ ਇਹ ਵਿਕਾਸ ਹਾਸਲ ਹੋਵੇਗਾ। “ਮਨੁੱਖ ਸਿਰਫ ਪੈਦਾਵਾਰ ਦੇ ਉਦੇਸ਼ ਨਾਲ ਪੈਦਾਵਾਰ ਨਹੀਂ ਕਰਦੇ, ਸਗੋਂ ਆਪਣੀਆਂ ਲੋੜਾਂ ਦੀ ਸੰਤੁਸ਼ਟੀ ਲਈ ਕਰਦੇ ਹਨ।”32 ਉਸ ਹਾਲਤ ‘ਚ ਅਤੇ ਸਿਰਫ ਉਸੇ ਹਾਲਤ ਚ “ਸਮਾਜ ਦੀ ਨਜਰ ਚ ਕੰਮ ਸਿਰਫ ਜੀਵਨ ਦੇ ਨਿਰਵਾਹ ਦਾ ਸਾਧਨ ਨਾ ਰਹਿਕੇ ਜੀਵਨ ਦੀ ਮਨੁੱਖੀ ਲੋੜ ਵਿੱਚ ਤਬਦੀਲ ਹੋ ਜਾਵੇਗਾ।”33

(ਅ) “ਲਾਜ਼ਮੀ ਬਹੁ-ਤਕਨੀਕੀ ਸਿੱਖਿਆ ਲਾਗੂ ਕਰਨਾ ਲੋੜੀਂਦਾ ਹੈ।”34

ਇਸਦਾ ਮਤਲਬ ਇਹ ਹੈ ਕਿ ਬੁਨਿਆਦੀ ਸਿੱਖਿਆ ਵਿੱਚ , ਜਿਸਨੂੰ ਸਮਾਜ ਦੇ ਸਾਰੇ ਮੈਂਬਰ ਹਾਸਲ ਕਰਦੇ ਹਨ, ਸਮਾਜ ਦੀ ਪੈਦਾਵਾਰ ਤਕਨੀਕਾਂ ਦੇ ਬੁਨਿਆਦੀ ਸਿਧਾਂਤਾਂ ਦਾ ਗਿਆਨ ਹਾਸਲ ਕਰਨਾ ਬੁਨਿਆਦੀ ਅੰਗ ਦੇ ਰੂਪ ‘ਚ ਸ਼ਾਮਲ ਰਹੇਗਾ, ਜਿਸ ਨਾਲ “ਸਾਰੇ ਇਸ ਯੋਗ ਹੋ ਜਾਣ ਕਿ ਉਹ ਆਪਣਾ ਕਿੱਤਾ ਸੁਤੰਤਰ ਰੂਪ ‘ਚ ਚੁਣ ਸਕਣ ਅਤੇ ਸਾਰੀ ਜਿੰਦਗੀ ਇੱਕ ਹੀ ਕਿੱਤੇ ਨਾਲ਼ ਬੱਝੇ ਨਾ ਰਹਿਣ।” ਅਤੇ, ਇਸਤੋਂ ਬਿਨਾਂ, ਉਹ ਚੰਗੀ ਤਰ੍ਹਾਂ ਸਮਝੇ ਬਿਨਾਂ ਮਸ਼ੀਨੀ ਢੰਗ ਨਾਲ ਰਟਿਆ-ਰਟਾਇਆ ਕੰਮ ਨਹੀਂ ਕਰਨਗੇ ਸਗੋਂ ਪੈਦਾਵਾਰ ਪ੍ਰਕ੍ਰਿਆ ਵਿੱਚ ਨਿਪੁੰਨ ਹੋਣਗੇ ਜੋ ਸੱਚੀ ਰਚਨਾਤਮਕ ਕਿਰਤ ਅਤੇ ਕਿਰਤ ਵਿੱਚ ਅਨੰਦ ਹਾਸਲ ਕਰਨ ਦੀ ਸ਼ਰਤ ਹੁੰਦੀ ਹੈ।

(ਇ) “ਇਸ ਤਰ੍ਹਾਂ ਇਹ ਜ਼ਰੂਰੀ ਹੈ ਕਿ ਰਿਹਾਇਸ਼ ਦੀਆਂ ਹਾਲਤਾਂ ‘ਚ ਬੁਨਿਆਦੀ ਸੁਧਾਰ ਕੀਤਾ ਜਾਣਾ ਚਾਹੀਦਾ ਹੈ ਅਤੇ ਮਜ਼ਦੂਰਾਂ ਅਤੇ ਮੁਲਾਜ਼ਮਾਂ ਨੂੰ ਅਸਲ ਤਨਖਾਹ ਦੋ ਤਰੀਕਿਆਂ ਨਾਲ਼ ਇੱਕ ਤਾਂ ਉਜਰਤਾਂ ਤੇ ਤਨਖਾਹਾਂ ਚ ਸਿੱਧਾ ਵਾਧਾ ਕਰਕੇ ਅਤੇ ਦੂਜਾ ਖਾਸ ਤੌਰ ‘ਤੇ ਖਪਤ ਦੀਆਂ ਵਸਤਾਂ ਦੀ ਕੀਮਤ ਘਟਾਉਣਾ; ਕਟੌਤੀ ਕਰਕੇ ਜ਼ਿਆਦਾ ਨਹੀਂ ਤਾਂ ਘੱਟੋ ਘੱਟ ਦੁੱਗਣੀ ਵਧਾ ਦਿੱਤੀ ਜਾਣੀ ਚਾਹੀਦੀ ਹੈ।”35

ਜਿਵੇਂ ਕਿ ਮਾਰਕਸ ਨੇ ਕਿਹਾ ਹੈ ਜੇ ਸਭ ਨੂੰ “ਆਪਣੇ ਮਨੁੱਖੀ ਸੁਭਾਅ ਲਈ ਸਭ ਤੋਂ ਵੱਧ ਢੁੱਕਵਾਂ ਅਤੇ ਉਸਦੇ ਸਭ ਤੋਂ ਵੱਧ ਯੋਗ ਹਾਲਤਾਂ ਦੇ ਅਧੀਨ” ਜਿਉਂਦੇ ਰਹਿਣਾ ਤੇ ਕੰਮ ਕਰਨਾ ਹੈ ਤਾਂ ਇਹ ਜਰੂਰੀ ਹੈ।

ਇਹ ਸਾਰੀਆਂ ਸ਼ਰਤਾਂ ਪੂਰੀਆਂ ਹੋ ਜਾਣ ਤਾਂ ਉਸਤੋਂ ਬਾਅਦ:

“ਸਾਮਵਾਦੀ ਸਮਾਜ ਦੇ ਉਚੇਰੇ ਪੜਾਅ ‘ਚ, ਜਦੋਂ ਕਿਰਤ ਦੀ ਵੰਡ ਪ੍ਰਤੀ ਲੋਕਾਂ ਦੀ ਗੁਲਾਮੀ  ਪੂਰਨ ਅਧੀਨਤਾ ਅਤੇ ਉਸਦੇ ਨਾਲ਼ ਮਾਨਸਿਕ ਤੇ ਸਰੀਰਕ ਕਿਰਤ ਵਿੱਚਕਾਰ ਵਿਰੋਧਤਾਈਆਂ ਖਤਮ ਹੋ ਚੁੱਕੀਆਂ ਹੋਣਗੀਆਂ, ਜਦੋਂ ਕਿਰਤ ਜੀਵਨ ਦਾ ਸਿਰਫ ਸਾਧਨ ਨਾ ਰਹਿਕੇ ਜੀਵਨ ਦੀ ਮੁੱਖ ਲੋੜ ਬਣ ਜਾਵੇਗੀ, ਜਦੋਂ ਪੈਦਾਵਾਰੀ ਤਾਕਤਾਂ ਵਿੱਚ ਵਿਅਕਤੀ ਦੇ ਸਰਵਪੱਖੀ ਵਿਕਾਸ ਸਹਿਤ ਵਾਧਾ ਹੋ ਜਾਵੇਗਾ ਅਤੇ ਜਦੋਂ ਸਹਿਕਾਰੀ ਜਾਇਦਾਦ ਦੇ ਝਰਨੇ ਵਧੇਰੇ ਖੁਸ਼ਹਾਲੀ ਨਾਲ਼ ਵਹਿ ਰਹੇ ਹੋਣਗੇ ਸਿਰਫ ਉਸੇ ਹਾਲਤ ‘ਚ ਸਰਮਾਏਦਾਰਾ ਵਿਸ਼ੇਸ਼ ਹੱਕਾਂ ਦੇ ਸੰਪੂਰਨ ਸੰਕੀਰਨ ਦਿਸਹੱਦੇ ਨੂੰ ਪਾਰ ਕੀਤਾ ਜਾ ਸਕੇਗਾ ਅਤੇ ਸਮਾਜ ਆਪਣੇ ਝੰਡਿਆਂ ‘ਤੇ ਉੱਕਰੇਗਾ: ਹਰੇਕ ਤੋਂ ਉਸਦੀ ਸਮਰੱਥਾ ਅਨੁਸਾਰ, ਹਰੇਕ ਨੂੰ ਉਸਦੀ ਲੋੜ ਮੁਤਾਬਕ।”36

ਸਮਾਜਵਾਦੀ ਸਮਾਜ ਦਾ ਟੀਚਾ ਸਾਮਵਾਦ ਹਾਸਲ ਕਰਨਾ ਹੈ। ਇਸਦਾ ਅਰਥ ਹੈ ਕਿ ਸਮਾਜਿਕ ਪੈਦਾਵਾਰ ਇੰਨੀ ਵਿਸਥਾਰੀ ਹੋ ਜਾਵੇ ਕਿ ਸਮਾਜ ਦੇ ਸਾਰੇ ਮੈਂਬਰਾਂ ਦੀਆਂ ਸਾਰੀਆਂ ਲੋੜਾਂ ਦੀ ਸੰਤੁਸ਼ਟੀ ਲਈ ਬਹੁਤਾਤ ਵਿੱਚ ਪੈਦਾਵਾਰ ਹੋਣ ਲੱਗੇ; ਕਿ  ਕਿਰਤ ਦੀ ਵੰਡ ਸਾਹਮਣੇ ਮਨੁੱਖ ਦੀ ਅਧੀਨਤਾ ਦਾ ਅੰਤ ਹੋ ਜਾਵੇ ਅਤੇ ਹਰੇਕ ਵਿਅਕਤੀ ਆਪਣੀਆਂ ਸਾਰੀਆਂ ਸਰੀਰਕ ਤੇ ਮਾਨਸਿਕ ਸਮਰੱਥਾਵਾਂ ਵਿਕਸਤ ਕਰਨ ਲਈ ਅਜਾਦ ਹੋਵੇ; ਕਿ ਕੰਮ ਸਿਰਫ ਜੀਵਨ ਦੇ ਨਿਰਵਾਹ ਦਾ ਸਾਧਨ ਬਣਕੇ ਨਾ ਰਹੇ ਸਗੋਂ ਜੀਵਨ ਦੀ ਮੁੱਢਲੀ ਲੋੜ ਬਣ ਜਾਵੇ; ਕਿ ਸਮਾਜਿਕ ਜਾਇਦਾਦ ਸਮਾਜ ਦਾ ਅਧਾਰ ਬਣ ਜਾਵੇ; ਕਿ ਜੀਵਨ ਅਤੇ ਅਨੰਦ ਭੋਗਣ ਲਈ ਸਾਰੇ ਸਾਧਨ ਸਮਾਜ ਵੱਲੋਂ ਸਾਰੇ ਮਨੁੱਖਾਂ ਨੂੰ ਉਪਲੱਬਧ ਹੋਣ।

ਨੋਟ : ਲਲਕਾਰ ਅੰਕ 1 ਜੂਨ 2016 ਤੋਂ

1. ਸਤਾਲਿਨ: ਪਹਿਲੇ “ਆਲ ਯੂਨੀਅਨ ਕਾਨਫਰੈਂਸ ਆਫ ਸਤੇਖਾਨੋਵਿਸਟ”  ਵਿੱਚ ਭਾਸ਼ਣ।
2. ਲੈਨਿਨ: ਇਮੀਡੇਟ ਟਾਸਕ ਆਫ ਸੋਵੀਅਤ ਗਵਰਮੈਂਟ।
3. ਮਾਰਕਸ: ਗੋਥਾ ਪ੍ਰੋਗਰਾਮ ਦੀ ਅਲੋਚਨਾ
4. ਲੈਨਿਨ: ਰਾਜ ਅਤੇ ਇਨਕਲਾਬ, ਪਾਠ 5, ਭਾਗ 4
5. ਮਾਰਕਸ:  ਉਪਰੋਕਤ
6. ਸਤਾਲਿਨ: ਉਪਰੋਕਤ
7. ਮਾਰਕਸ: ਉਪਰੋਕਤ
8. ਏਂਗਲਜ: ਡੂਹਰਿੰਗ ਵਿਰੁੱਧ, ਭਾਗ 3, ਪਾਠ 3
9. ਆਰ. ਟ੍ਰੇਸਲ: ਦਾ ਰੈਗੇਡ ਟਰਉਜਰਡ ਫਿਲੈਥ੍ਰਾਪਿਸਟਸ, ਪਾਠ 6
10. ਡਬਲਯੂ ਮੌਰਿਸ:ਨਿਊਜ਼ ਫਰਾਮ ਨੋ ਵੇਅਰ, ਪਾਠ 15
11. ਏਂਗਲਜ: ਉਪਰੋਕਤ
12. ਮਾਰਕਸ: ਸਰਮਾਇਆ, ਖੰਡ 1, ਪਾਠ 15, ਭਾਗ 9
13. ਸਤਾਲਿਨ: ਸੋਵੀਅਤ ਯੂਨੀਅਨ ਵਿੱਚ ਸਮਾਜਵਾਦ ਦੀਆਂ ਆਰਥਿਕ ਸਮੱਸਿਆਵਾਂ
14. ਸਤਾਲਿਨ: ਉਪਰੋਕਤ
15. ਮਾਰਕਸ ਅਤੇ ਏਂਗਲਜ: ਕਮਿਊਨਿਸਟ ਪਾਰਟੀ ਦਾ ਮੈਨੀਫੈਸਟੋ
16. ਏਂਗਲਜ: ਫਰਾਂਸ ਅਤੇ ਜਰਮਨੀ ਵਿੱਚ ਕਿਸਾਨੀ ਦਾ ਸਵਾਲ
17. ਯੂ.ਐੱਸ.ਐੱਸ.ਆਰ ਦਾ ਸਵਿਧਾਨ, ਧਾਰਾ 5
18. ਸਤਾਲਿਨ: ਆਨ ਦ ਡਰਾਫਟ ਕਾਂਸਟੀfਟਯੂਸ਼ਨ ਆਫ ਦੀ ਯੂ.ਐੱਸ.ਐੱਸ.ਆਰ
19. ਓਹੀ
20. ਮਾਰਕਸ ਅਤੇ ਏਂਗਲਜ : ਉਪਰੋਕਤ
21. ਓਹੀ
22. ਓਹੀ
23. ਓਹੀ
24. ਓਹੀ
26. ਓਹੀ
27. ਓਹੀ
28. ਓਹੀ
29. ਓਹੀ
30. ਓਹੀ
31. ਮਾਰਕਸ: ਸਰਮਾਇਆ, ਖੰਡ 3, ਪਾਠ 28, ਭਾਗ 1
32. ਸਤਾਲਿਨ: ਉਪਰੋਕਤ
33. ਓਹੀ
34 ਓਹੀ
35. ਓਹੀ
36. ਮਾਰਕਸ: ਗੋਥਾ ਪ੍ਰੋਗਰਾਮ ਦੀ ਅਲੋਚਨਾ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 58, 1 ਅਗਸਤ 2016 ਵਿੱਚ ਪ੍ਰਕਾਸ਼ਤ

Advertisements