ਚਾਕਲੇਟ ਸੱਨਅਤ ਦਾ ਗੁਲਾਮ ਬਚਪਨ •ਨਮਿਤਾ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਾਰਲ ਮਾਰਕਸ ਨੇ ਕਿਹਾ ਸੀ, “ਸਰਮਾਏਦਾਰਾ ਸ਼ਾਨੋ-ਸ਼ੌਕਤ ਦਾ ਪੂਰਾ ਅੰਬਾਰ ਔਰਤਾਂ ਅਤੇ ਬੱਚਿਆਂ ਦੇ ਖੂਨ ਵਿੱਚ ਲਿੱਬੜਿਆ ਹੁੰਦਾ ਹੈ, ਉਸਦਾ ਇੱਕ ਵੱਡਾ ਹਿੱਸਾ ਉਨ੍ਹਾਂ ਦੀ ਸਸਤੀ ਕਿਰਤ ਨੂੰ ਨਿਚੋੜਕੇ ਤਿਆਰ ਕੀਤਾ ਜਾਂਦਾ ਹੈ।” ਇਹ ਸਰਮਾਏਦਾਰੀ ਦਾ ਇੱਕ “ਖੁੱਲ੍ਹਾ ਰਹੱਸ” ਹੈ, ਇੱਕ “ਜੱਗ ਜ਼ਾਹਰੀ ਜਿਹੀ ਗੁਪਤ ਗੱਲ” ਹੈ, ਜਿਸ ਉੱਤੇ ਅਨੇਕਾਂ ਸਵੈ-ਸੇਵੀ ਸੰਸਥਾਵਾਂ ਅਤੇ ਕੌਮਾਂਤਰੀ ਕਿਰਤ ਜਥੇਬੰਦੀ ਵੀ ਪਰਦਾ ਪਾਉਣ ਦੀ ਲਗਾਤਾਰ, ਹਰ ਹੀਲੇ ਕੋਸ਼ਿਸ਼ ਕਰਦੇ ਹਨ।

ਚਾਕਲੇਟ ਦਾ ਨਾਮ ਸੁਣਦੇ ਹੀ ਸਭਨਾਂ ਲੋਕਾਂ ਦੇ ਮਨਾਂ ਵਿੱਚ ਮਿਠਾਸ ਘੁਲ਼ ਜਾਂਦੀ ਹੈ। ਕੀ ਤੁਸੀਂ ਕਦੇ ਚਾਕਲੇਟ ਨੂੰ ਗਹੁ ਨਾਲ਼ ਦੇਖਿਆ ਹੈ? ਜੇਕਰ ਨਹੀਂ ਤਾਂ ਇੱਕ ਵਾਰ ਉਸ ਨੂੰ ਉਠਾਓ। ਉਸਦੇ ਚਿਕਨੇ, ਮੁਲਾਇਮ, ਚਮਕਦਾਰ ਟੁਕੜਿਆਂ ਨੂੰ ਟਟੋਲੋ। ਸ਼ਾਇਦ ਉਸਦੇ ਅੰਦਰ ਤੁਹਾਨੂੰ ਉਨ੍ਹਾਂ ਬੱਚਿਆਂ ਦੀਆਂ ਚੀਕਾਂ ਸੁਣਾਈ ਦੇਣ ਜਿਨ੍ਹਾਂ ਨੇ ਇਸ ਨੂੰ ਤਿਆਰ ਕਰਨ ਵਿੱਚ ਆਪਣੇ ਹੱਥ, ਪੈਰ, ਮੋਢੇ ਆਦਿ ਜ਼ਖਮੀ ਕਰ ਲਏ ਹਨ, ਤੁਹਾਡੀ ਜੀਭ ਸਵਾਦੀ ਚਾਕਲੇਟ ਦਾ ਲੁਤਫ਼ ਲੈ ਸਕੇ ਇਸ ਲਈ ਆਪਣਾ ਬਚਪਨ ਗੁਆਇਆ ਹੈ।

ਜਿਸ ਚਾਕਲੇਟ ਨੂੰ ਖਾ ਕੇ ਲੋਕ ਮਾਨਸਿਕ ਸਕੂਨ ਹਾਸਲ ਕਰਦੇ ਹਨ, ਉਸ ਨੂੰ ਬਣਾਉਣ ਵਾਲ਼ੇ ਬਾਲ ਮਜ਼ਦੂਰਾਂ ਦਾ ਜੀਵਨ ਕਿਸ ਭਿਅੰਕਰ ਜ਼ਬਰ ਅਤੇ ਪੀੜਾ ਨੂੰ ਝੱਲਦਾ ਹੈ, ਇਸ ਨੂੰ ਜਾਨਣ ਲਈ ਪੱਛਮੀ ਅਫਰੀਕਾ ਅਤੇ ਆਈਵਰੀ ਕੋਸਟ ਦੇ ਜੰਗਲ਼ਾਂ ਵਿੱਚ ਚੱਲਦੇ ਹਾਂ।

ਚਾਕਲੇਟ ਕੋਕੋਆ ਦੀਆਂ ਫ਼ਲ਼ੀਆਂ ਤੋਂ ਬਣਿਆ ਇੱਕ ਉਤਪਾਦ ਹੈ ਜੋ ਪੱਛਮੀ ਅਫਰੀਕਾ, ਏਸ਼ੀਆ ਅਤੇ ਲਾਤੀਨੀ ਅਮਰੀਕਾ ਦੇ ਗਰਮ-ਖੰਡੀ ਮੁਲਕਾਂ ਵਿੱਚ ਪੈਦਾ ਹੁੰਦਾ ਹੈ। ਕੋਕੋਆ ਦੀਆਂ ਫ਼ਲ਼ੀਆਂ ਤੋਂ ਹੀ ਕੋਕੋਆ ਬਣਦਾ ਹੈ। ਪੱਛਮੀ ਅਫਰੀਕਾ ਦੇ ਮੁਲਕ, ਖ਼ਾਸ ਤੌਰ ਉੱਤੇ ਘਾਨਾ ਅਤੇ ਆਈਵਰੀ ਕੋਸਟ ਪੂਰੇ ਸੰਸਾਰ ਵਿੱਚ ਕੋਕੋਆ ਫ਼ਲੀਆਂ ਦਾ 70% ਤੋਂ ਵੀ ਜ਼ਿਆਦਾ ਹਿੱਸਾ ਸਪਲਾਈ ਕਰਦੇ ਹਨ। ਚਾਕਲੇਟ ਸੱਨਅਤ ਬਹੁਤ ਹੀ ਗੁਪਤ ਤਰੀਕੇ ਨਾਲ਼ ਕੰਮ ਕਰਦੀ ਹੈ। ਉੱਥੋਂ ਦੇ ਬਾਲ-ਮਜ਼ਦੂਰਾਂ ਦੀ ਭਿਅੰਕਰ ਲੁੱਟ ਅਤੇ ਗੁਲਾਮੀ ਦੀਆਂ ਤਸਵੀਰਾਂ ਜਲਦ ਸਾਹਮਣੇ ਨਹੀਂ ਆ ਪਾਉਂਦੀਆਂ ਕਿਉਂਕਿ ਜੋ ਪੱਤਰਕਾਰ ਸਰਕਾਰੀ ਭ੍ਰਿਸ਼ਟਾਚਾਰ ਨੂੰ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕਰਦਾ ਹੈ ਉਸਨੂੰ ਜਾਂ ਤਾਂ ਅਗਵਾ ਕਰ ਲਿਆ ਜਾਂਦਾ ਹੈ ਜਾਂ ਮਾਰ ਦਿੱਤਾ ਜਾਂਦਾ ਹੈ। 2010 ਦੇ ਇੱਕ ਮਾਮਲੇ ਵਿੱਚ ਆਈਵਰੀ ਕੋਸਟ ਦੀ ਸਰਕਾਰ ਨੇ ਤਿੰਨ ਪੱਤਰਕਾਰਾਂ ਨੂੰ ਉਹ ਰਿਪੋਰਟ ਨਾ ਛਾਪਣ ਦੀ ਧਮਕੀ ਦਿੱਤੀ ਜੋ ਕੋਕੋਆ ਸੈਕਟਰ ਦੇ ਅਣ-ਮਨੁੱਖੀ ਹਾਲਤਾਂ ਨੂੰ ਉਜਾਗਰ ਕਰਦੀ ਸੀ।

ਪੱਛਮੀ ਅਫਰੀਕਾ ਕੌਮਾਂਤਰੀ ਪੱਧਰ ‘ਤੇ ਕੋਕੋਆ ਸਪਲਾਈ ਕਰਦਾ ਹੈ। ਵੱਡੀਆਂ-ਵੱਡੀਆਂ ਕੰਪਨੀਆਂ (ਜਿਵੇਂ ਕਿ ਹਰਸ਼ਲੇ, ਨੈਸਲੇ, ਮਾਰਕ ਆਦਿ) ਵੀ ਏਥੋਂ ਹੀ ਕੋਕੋਆ ਖਰੀਦਦੀਆਂ ਹਨ। ਅਮਰੀਕਾ ਦੀ ਸਭ ਤੋਂ ਵੱਡੀ ਕੰਪਨੀ ਹਰਸ਼ਲੇ ਸਲਾਨਾ 40 ਕਰੋੜ ਕਿੱਲੋ ਚਾਕਲੇਟ ਦੀ ਪੈਦਾਵਾਰ ਕਰਦੀ ਹੈ। ਇੱਕ ਰਿਪੋਰਟ ਅਨੁਸਾਰ 2010 ਵਿੱਚ ਚਾਕਲੇਟ ਦੀ ਮੰਡੀ 4,244 ਕਰੋੜ ਡਾਲਰ ਸੀ ਜੋ 2016 ਵਿੱਚ ਵਧਕੇ 5,014 ਕਰੋੜ ਹੋ ਗਈ। ਪੱਛਮੀ ਅਫਰੀਕਾ ਵਿੱਚ ਕੋਕੋਆ ਅਜਿਹੀ ਫ਼ਸਲ ਹੈ ਜੋ ਮੁੱਖ ਤੌਰ ਉੱਤੇ ਮੰਡੀ ਲਈ ਹੀ ਪੈਦਾ ਕੀਤੀ ਜਾਂਦੀ ਹੈ ਅਤੇ ਆਈਵਰੀ ਕੋਸਟ ਦਾ 60% ਮਾਲੀਆ ਕੋਕੋਆ ਦੀ ਬਰਾਮਦ ਤੋਂ ਹੀ ਆਉਂਦਾ ਹੈ। ਕਿਉਂਕਿ ਚਾਕਲੇਟ ਸੱਨਅਤ ਵਿੱਚ ਲਗਭਗ ਹਰ ਸਾਲ ਹੀ ਵਾਧਾ ਹੁੰਦਾ ਹੈ, ਇਸ ਲਈ ਕੋਕੋਆ ਦੀ ਮੰਗ ਵੀ ਵਧਦੀ ਜਾਂਦੀ ਹੈ। ਜੋ ਕਿਸਾਨ ਸਿਰਫ਼ ਕੋਕੋਆ ਪੈਦਾ ਕਰਦੇ ਹਨ ਉਹ ਰੋਜ਼ਾਨਾ 2 ਡਾਲਰ ਤੋਂ ਵੀ ਘੱਟ ਕਮਾ ਪਾਉਂਦੇ ਹਨ। ਇਸ ਲਈ ਉਹ ਗਰੀਬੀ ਰੇਖਾ ਤੋਂ ਵੀ ਕਿਤੇ ਹੇਠਾਂ ਰਹਿਣ ਲਈ ਮਜ਼ਬੂਰ ਹੁੰਦੇ ਹਨ। ਇਸ ਲਈ ਖ਼ੁਦ ਨੂੰ ਜਿਉਂਦਾ ਰੱਖਣ ਲਈ ਉਹ ਬੱਚਿਆਂ ਤੋਂ ਕੰਮ ਕਰਵਾਉਂਦੇ ਹਨ।

ਪੱਛਮੀ ਅਫਰੀਕਾ ਦੇ ਜ਼ਿਆਦਾਤਰ ਬੱਚੇ ਭਿਅੰਕਰ ਗਰੀਬੀ ਦੀ ਹਾਲਤ ਵਿੱਚ ਹਨ, ਇਸ ਲਈ ਆਪਣੇ ਪਰਿਵਾਰਾਂ ਦਾ ਆਸਰਾ ਬਣਨ ਲਈ ਉਹ ਛੋਟੀ ਉਮਰ ਤੋਂ ਹੀ ਕੰਮ ਕਰਨ ਲੱਗ ਜਾਂਦੇ ਹਨ। ਕੁੱਝ ਬੱਚੇ ਤਸਕਰਾਂ ਰਾਹੀਂ ਕੋਕੋਆ ਫਾਰਮਾਂ ਵਿੱਚ ਲਿਆਏ ਜਾਂਦੇ ਹਨ ਕਿਉਂਕਿ ਉਹਨਾਂ ਨੂੰ ਕੰਮ ਦੀ ਲੋੜ ਹੁੰਦੀ ਹੈ ਅਤੇ ਤਸਕਰ ਉਹਨਾਂ ਦੇ ਰਿਸ਼ਤੇਦਾਰਾਂ ਅਤੇ ਪਰਿਵਾਰ ਵਾਲ਼ਿਆਂ ਨੂੰ ਚੰਗੀ ਤਨਖ਼ਾਹ ਦਾ ਵਾਅਦਾ ਕਰਕੇ ਲੈ ਆਉਂਦੇ ਹਨ ਅਤੇ ਅੱਗੇ ਫਾਰਮ ਮਾਲਕਾਂ ਕੋਲ਼ ਵੇਚ ਦਿੰਦੇ ਹਨ। ਕਿਉਂਕਿ ਬੱਚਿਆਂ ਦੇ ਪਰਿਵਾਰ ਵਾਲ਼ੇ ਕੰਮ ਦੀਆਂ ਖ਼ਤਰਨਾਕ ਹਾਲਤਾਂ ਤੋਂ ਬੇਖ਼ਬਰ ਹੁੰਦੇ ਹਨ ਅਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਉੱਥੇ ਪੜ੍ਹਾਈ ਦਾ ਪ੍ਰਬੰਧ ਨਹੀਂ ਹੈ, ਇਸ ਲਈ ਉਹ ਤਸਕਰਾਂ ਦੇ ਝਾਂਸੇ ਵਿੱਚ ਆ ਕੇ ਬੱਚਿਆਂ ਨੂੰ ਭੇਜ ਦਿੰਦੇ ਹਨ। ਇਹ ਤਸਕਰ ਇਹਨਾਂ ਬੱਚਿਆਂ ਨੂੰ ਅਫਰੀਕਾ ਦੇ ਆਸ-ਪਾਸ ਦੇ ਛੋਟੇ-ਛੋਟੇ ਮੁਲਕਾਂ, ਜਿਵੇਂ ਕਿ ਬੁਰਕਿਨਾ ਫਾਸੋ ਅਤੇ ਮਾਲੀ ਆਦਿ (ਜੋ ਸੰਸਾਰ ਦੇ ਸਭ ਤੋਂ ਗਰੀਬ ਮੁਲਕਾਂ ਵਿੱਚੋਂ ਹਨ) ਵਿੱਚ ਲੈ ਜਾਂਦੇ ਹਨ। ਇੱਕ ਵਾਰ ਕੋਕੋਆ ਫਾਰਮ ਵਿੱਚ ਲੱਗ ਜਾਣ ਤੋਂ ਬਾਅਦ ਇਹਨਾਂ ਬੱਚਿਆਂ ਨੂੰ ਕਈ-ਕਈ ਸਾਲਾਂ ਤੱਕ ਪਰਿਵਾਰ ਵਾਲ਼ਿਆਂ ਨਾਲ਼ ਮਿਲਣ ਨਹੀਂ ਦਿੱਤਾ ਜਾਂਦਾ। ਇਹਨਾਂ ਬੱਚਿਆਂ ਦੀ ਔਸਤ ਉਮਰ 12-16 ਸਾਲ ਹੁੰਦੀ ਹੈ, ਪਰ ਕਈ ਤਾਂ 5-5 ਸਾਲਾਂ ਦੇ ਵੀ ਹੁੰਦੇ ਹਨ। ਇਹਨਾਂ ਬੱਚਿਆਂ ਦਾ 40% ਹਿੱਸਾ ਕੁੜੀਆਂ ਹੁੰਦੀਆਂ ਹਨ।

ਜਿਸ ਚਾਕਲੇਟ ਨਾਲ਼ ਮੁਨਾਫ਼ਾਖੋਰਾਂ ਦੀਆਂ ਤਿਜੋਰੀਆਂ ਭਰਦੀਆਂ ਹਨ, ਉਹਨਾਂ ਦੇ ਕਰੋੜਾਂ ਦੇ ਵਾਰੇ-ਨਿਆਰੇ ਹੁੰਦੇ ਹਨ, ਉਸ ਚਾਕਲੇਟ ਨੂੰ ਬਣਾਉਣ ਵਾਲ਼ੇ ਬੱਚਿਆਂ ਨੂੰ ਮਜ਼ਦੂਰੀ ਤਾਂ ਕੌਡੀ ਭਰ ਵੀ ਨਹੀਂ ਮਿਲ਼ਦੀ ਅਤੇ ਨਾਲ਼ ਹੀ ਉਹਨਾਂ ਨੂੰ ਗੁਲਾਮਾਂ ਵਾਂਗੂ ਹੀ ਕੰਮ ਕਰਨਾ ਪੈਂਦਾ ਹੈ। ਇਹਨਾਂ ਦੇ ਦਿਨ ਦੀ ਸ਼ੁਰੂਆਤ ਸਵੇਰੇ 6 ਵਜੇ ਤੋਂ ਹੋ ਜਾਂਦੀ ਹੈ ਜੋ 12-14 ਘੰਟੇ ਲਗਾਤਾਰ ਚਲਦੀ ਹੈ। ਇਹਨਾਂ ਛੋਟੇ-ਛੋਟੇ ਬੱਚਿਆਂ ਵਿੱਚੋਂ ਕੁੱਝ ਆਰਿਆਂ ਨਾਲ਼ ਪਹਿਲਾਂ ਜੰਗਲ਼ਾਂ ਨੂੰ ਸਾਫ਼ ਕਰਦੇ ਹਨ, ਕੁੱਝ ਕੋਕੋਆਂ ਦੇ ਰੁੱਖਾਂ ਉੱਤੇ ਚੜ੍ਹ ਕੇ ਬੀਜ ਤੋੜਦੇ ਹਨ (ਗੌਰਤਲਬ ਹੈ ਕਿ ਕੋਕੋਆ ਫ਼ਾਰਮਾਂ ਵਿੱਚ ਵਰਤੇ ਜਾਂਦੇ ਛੁਰੇ ਬੇਹੱਦ ਭਾਰੇ, ਲੰਬੇ ਅਤੇ ਤੇਜ਼ਧਾਰੀ ਹਥਿਆਰ ਹੁੰਦੇ ਹਨ)। ਬੀਜ ਤੋੜਨ ਤੋਂ ਮਗਰੋਂ ਉਨ੍ਹਾਂ ਨੂੰ ਲੰਬੇ ਬੋਰੇ ਵਿੱਚ ਭਰਕੇ ਜ਼ੰਗਲਾਂ ਤੋਂ ਬਾਹਰ ਲਿਜਾਇਆ ਜਾਂਦਾ ਹੈ। ਇੱਕ ਕੋਕੋਆ ਬਾਲ ਮਜ਼ਦੂਰ ਏਲੀ ਡਾਏਬੇਟ ਦੇ ਦੱਸਣ ਮੁਤਾਬਕ ਕੁੱਝ ਬੈਗ ਤਾਂ ਸਾਡੇ ਤੋਂ ਵੀ ਵੱਡੇ ਹੁੰਦੇ ਹਨ ਜਿਨ੍ਹਾਂ ਨੂੰ ਦੋ ਵਿਅਕਤੀ ਮਿਲ਼ਕੇ ਸਾਡੇ ਸਿਰ ਉੱਤੇ ਰੱਖ ਦਿੰਦੇ ਹਨ ਅਤੇ ਥੋੜ੍ਹੀ ਜਿਹੀ ਦੇਰੀ ਹੋਣ ਉੱਤੇ ਵੀ ਬੁਰੀ ਤਰਾਂ ਕੁੱਟਿਆ ਜਾਂਦਾ ਹੈ। ਸਿਰ ਉੱਤੇ ਭਾਰੀ ਬੋਝ ਰੱਖਣ ਤੋਂ ਇਲਾਵਾ ਇੱਕ ਹੱਥ ਵਿੱਚ ਬੀਜਾਂ ਦਾ ਵੱਡਾ ਗੁੱਛਾ ਵੀ ਫੜ੍ਹਨਾ ਪੈਂਦਾ ਹੈ।

ਅਤੇ ਇਹ ਕੰਮ ਐਥੇ ਹੀ ਖ਼ਤਮ ਨਹੀਂ ਹੋ ਜਾਂਦਾ। ਰੁੱਖਾਂ ਤੋਂ ਬੀਜ ਲਾਹੁਣ ਤੋਂ ਮਗਰੋਂ ਛੁਰੇ ਦੀ ਮਦਦ ਨਾਲ਼ ਉਹਨਾਂ ਦਾ ਉੱਪਰੀ ਹਿੱਸਾ ਖੋਲ੍ਹਣਾ ਹੁੰਦਾ ਹੈ ਜਿਸ ਤੋਂ ਕਿ ਚਾਕਲੇਟ ਬਣਦਾ ਹੈ। ਵਾਰ-ਵਾਰ ਭਾਰੀ ਛੁਰੇ ਦੇ ਵਾਰ ਬੀਜਾਂ ਉੱਤੇ ਕਰਨੇ ਪੈਂਦੇ ਹਨ ਜਿਸ ਕਰਕੇ ਮਾਸ ਕੱਟ ਜਾਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਜ਼ਿਆਦਾਤਰ ਬੱਚਿਆਂ ਦੇ ਹੱਥ, ਪੈਰ, ਬਾਹਾਂ, ਮੋਢਿਆਂ ਉੱਤੇ ਛੁਰੇ ਦੇ ਡੂੰਘੇ ਜ਼ਖਮ ਅਕਸਰ ਹੁੰਦੇ ਹਨ। ਇਸ ਤੋਂ ਇਲਾਵਾ, ਘਾਨਾ ਅਤੇ ਆਈਵਰੀ ਕੋਸਟ ਗਰਮ-ਖੰਡੀ ਖ਼ੇਤਰ ਹੋਣ ਕਾਰਨ ਬੀਜਾਂ ਉੱਤੇ ਬਹੁਤ ਸਾਰੇ ਕੀੜੇ ਲੱਗ ਜਾਂਦੇ ਹਨ ਜਿਨ੍ਹਾਂ ਨੂੰ ਖ਼ਤਮ ਕਰਨ ਲਈ ਜ਼ਿਆਦਾ ਮਾਤਰਾ ਵਿੱਚ ਰਸਾਇਣ ਦਾ ਇਸਤੇਮਾਲ ਕਰਨਾ ਪੈਂਦਾ ਹੈ। ਘਾਨਾ ਵਿੱਚ 10-10 ਸਾਲਾਂ ਦੇ ਇਹ ਬੱਚੇ ਬਿਨਾਂ ਕਿਸੇ ਸੁਰੱਖਿਆ ਇੰਤਜ਼ਾਮਾਂ ਤੋਂ ਇਹਨਾਂ ਖ਼ਤਰਨਾਕ ਰਸਾਇਣਾਂ ਦਾ ਛਿੜਕਾਅ ਕਰਦੇ ਹਨ। 12-14 ਘੰਟੇ ਹੱਡ-ਭੰਨਵੀਂ ਮਿਹਨਤ ਤੋਂ ਮਗਰੋਂ ਵੀ ਇਹਨਾਂ ਬੱਚਿਆਂ ਨੂੰ ਫ਼ਾਰਮ ਮਾਲਕ ਖਾਣੇ ਦੇ ਵਿੱਚ ਕੇਲੇ ਅਤੇ ਮੱਕ ਦਾ ਪੇਸਟ ਆਦਿ ਜਿਹਾ ਥੋੜਾ ਅਤੇ ਘਟੀਆ ਖਾਣਾ ਹੀ ਦਿੰਦੇ ਹਨ। ਨਾਲ਼ ਹੀ, ਇਹਨਾਂ ਬੱਚਿਆਂ ਨੂੰ ਅਜਿਹੀਆਂ ਇਮਾਰਤਾਂ ਵਿੱਚ ਰਹਿਣਾ ਪੈਂਦਾ ਹੈ ਜਿੱਥੇ ਕੋਈ ਬਾਰੀਆਂ ਵੀ ਨਹੀਂ ਹੁੰਦੀਆਂ ਅਤੇ ਪੀਣ ਵਾਲ਼ੇ ਸਾਫ਼ ਪਾਣੀ ਜਾਂ ਗੁਸਲਖਾਨੇ ਦਾ ਇੰਤਜਾਮ ਵੀ ਨਹੀਂ ਹੁੰਦਾ। ਇਹਨਾਂ ਨੂੰ ਸੌਣਾ ਵੀ ਲੱਕੜ ਦੇ ਸਖ਼ਤ ਤਖਤਿਆਂ ਉੱਤੇ ਹੀ ਪੈਂਦਾ ਹੈ।

ਜੇਕਰ ਕੋਈ ਬੱਚਾ ਹੌਲ਼ੀ ਗਤੀ ਨਾਲ਼ ਕੰਮ ਕਰਦਾ ਹੈ ਜਾਂ ਕੰਮ ਵਿੱਚ ਸੁਸਤੀ ਦਿਖਾਉਂਦਾ ਹੈ ਤਾਂ ਉਸ ਨੂੰ ਬੁਰੀ ਤਰਾਂ ਕੁੱਟਿਆ-ਮਾਰਿਆ ਜਾਂਦਾ ਹੈ। ਉਹਨਾਂ ਦੇ ਜਬਰ ਤੋਂ ਤੰਗ ਆ ਕੇ ਬੱਚੇ ਭੱਜ ਨਾ ਜਾਣ ਇਸ ਲਈ ਰਾਤ ਨੂੰ ਉਹਨਾਂ ਦੇ ਕਮਰਿਆਂ ਨੂੰ ਬਾਹਰੋਂ ਤਾਲੇ ਲਾ ਦਿੱਤੇ ਜਾਂਦੇ ਹਨ। ਘਾਨਾ ਦੇ ਕੋਕੋਆ ਫ਼ਾਰਮਾਂ ਵਿੱਚ 10% ਅਤੇ ਆਈਵਰੀ ਕੋਸਟ ਦੇ 40% ਬੱਚੇ ਸਕੂਲ ਨਹੀਂ ਜਾਂਦੇ। ਸਿੱਖਿਆ ਦੀ ਘਾਟ ਕਰਕੇ ਇਹਨਾਂ ਬੱਚਿਆਂ ਕੋਲ਼ ਗਰੀਬੀ ਹਟਾਉਣ ਦਾ ਵੀ ਕੋਈ ਹੋਰ ਰਾਹ ਨਹੀਂ ਬਚਦਾ। ਇੱਕ ਕੋਕੋਆ ਗੁਲਾਮ ਨੇ ਦੱਸਿਆ ਕਿ ਮਾਰ-ਕੁਟਾਈ ਉਹਨਾਂ ਦੀ ਜ਼ਿੰਦਗੀ ਦਾ ਇੱਕ ਅੰਗ ਬਣ ਚੁੱਕੀ ਹੈ। ਦ੍ਰਿਸ਼ਾ, ਜੋ ਹੁਣੇ-ਹੁਣੇ ਕੋਕੋਆ ਫ਼ਾਰਮ ਦੀ ਗੁਲਾਮੀ ਤੋਂ ਮੁਕਤ ਹੋਇਆ ਹੈ, ਨੇ ਕਦੇ ਚਾਕਲੇਟ ਖਾ ਕੇ ਨਹੀਂ ਦੇਖੀ। ਉਸਨੇ ਕਿਹਾ ਕਿ ਜੋ ਲੋਕ ਸਾਨੂੰ ਮੁਸੀਬਤਾਂ ਵਿੱਚ ਪਾ ਕੇ ਆਨੰਦ ਲੈਂਦੇ ਹਨ, ਜੋ ਲੋਕ ਚਾਕਲੇਟ ਖਾਂਦੇ ਹਨ, ਉਹ ਸਾਡਾ ਮਾਸ ਖਾਂਦੇ ਹਨ।

ਪੂਰੇ ਸੰਸਾਰ ਨੂੰ ਇੱਕ ਮੰਡੀ ਵਿੱਚ ਤਬਦੀਲ ਕਰਕੇ ਜਿੱਥੇ ਵਿਕਾਸ ਦੀਆਂ ਸਿਖਰਾਂ ਛੂਹਣ ਦੇ ਦਾਅਵੇ ਕੀਤੇ ਜਾ ਰਹੇ ਹਨ, ਉੱਥੇ ਇਹਨਾਂ ਬੱਚਿਆਂ ਨੂੰ ਨਰਕਾਂ ਦੇ ਹਨ੍ਹੇਰੇ ਵਿੱਚ ਸੁੱਟਣ ਵਾਲ਼ੇ ਹੱਥਾਂ ਦੀ ਵੀ ਸ਼ਨਾਖਤ ਕੀਤੀ ਜਾਣੀ ਚਾਹੀਦੀ ਹੈ। ਮੁਨਾਫ਼ੇ ਦੀ ਅੰਨ੍ਹੀ ਹਵਸ ਕਰਕੇ ਸਰਮਾਏਦਾਰ ਸਸਤੇ ਤੋਂ ਸਸਤਾ ਖ਼ਰੀਦਣ ਅਤੇ ਉਸ ਨੂੰ ਮਹਿੰਗੇ ਤੋਂ ਮਹਿੰਗਾ ਵੇਚਣ ਦੇ ਲਈ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਰਹਿੰਦੇ ਹਨ ਅਤੇ ਉਹਨਾਂ ਨੂੰ ਸਸਤੀ ਕਿਰਤ ਔਰਤਾਂ ਅਤੇ ਬੱਚਿਆਂ ਤੋਂ ਮਿਲ਼ ਜਾਂਦੀ ਹੈ, ਇਸ ਲਈ ਉਹ ਅਨੇਕਾਂ ਮਾਸੂਮ ਜ਼ਿੰਦਗੀਆਂ ਨੂੰ ਦਾਅ ਉੱਤੇ ਲਾ ਕੇ ਖੁੱਲ੍ਹੇ ਮੁਨਾਫ਼ੇ ਕਮਾ ਰਹੇ ਹਨ। ਲੁੱਟ, ਜਬਰ ਅਤੇ ਮੁਨਾਫ਼ੇ ਉੱਤੇ ਟਿਕੇ ਇਸ ਆਦਮਖ਼ੋਰ ਢਾਂਚੇ ਨੂੰ ਤਬਾਹ ਕੀਤੇ ਬਿਨਾਂ ਅਸੀਂ ਬੱਚਿਆਂ ਨੂੰ ਬਚਾ ਨਹੀਂ ਸਕਦੇ ਕਿਉਂਕਿ ਜੋ ਢਾਂਚਾ ਹਰ ਹੱਥ ਨੂੰ ਕੰਮ ਦੇਣ ਦੀ ਥਾਂ ਬੇਰੁਜ਼ਗਾਰਾਂ ਦੀ ਫੌਜ ਖੜ੍ਹੀ ਕਰ ਰਿਹਾ ਹੈ, ਜੋ ਢਾਂਚਾ ਸਿੱਖਿਆ ਨੂੰ ਖਰੀਦ-ਵੇਚ ਦਾ ਸਮਾਨ ਬਣਾ ਰਿਹਾ ਹੈ, ਉਸ ਢਾਂਚੇ ਦੇ ਅੰਦਰੋਂ ਬਾਲ ਮਜ਼ਦੂਰਾਂ ਅਤੇ ਗੁਲਾਮਾਂ ਦੀਆਂ ਕਤਾਰਾਂ ਪੈਦਾ ਹੁੰਦੀਆਂ ਰਹਿਣਗੀਆਂ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements