ਚੇ ਗੁਵੇਰਾ •ਕੁਲਵਿੰਦਰ ਬੱਛੋਆਣਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਉਹ ਅਰਜਨਟੀਨਾ ‘ਚ ਜੰਮਿਆ
ਕਿਊਬਾ ‘ਚ ਲੜਿਆ
ਬੋਲੀਵੀਆ ‘ਚ ਸ਼ਹੀਦ ਹੋਇਆ

ਚੇ ਦੇ ਗੁੰਦਵੇਂ ਸਰੀਰ ‘ਤੇ ਖੁੱਭੀਆਂ
ਗੋਲ਼ੀਆਂ ਦੀ ਲਿੱਪੀ                                                                                                                                     ਆਖਦੀ ਹੈ

ਜ਼ਮੀਨ ‘ਤੇ ਬਣੀਆਂ ਸਰਹੱਦਾਂ
ਸੂਰਜ ਨੂੰ ਨਹੀਂ ਦਿਸਦੀਆਂ

ਆਹਾਂ ਦੀ ਕੋਈ ਭਾਸ਼ਾ ਨਹੀਂ ਹੁੰਦੀ
ਨਾ ਚੀਕਾਂ ਦੀ ਕੋਈ ਸੁਰ ਹੁੰਦੀ ਹੈ

ਜੁਲਮ ਦਾ ਕੋਈ ਦੇਸ਼ ਨਹੀਂ ਹੁੰਦਾ
ਨਾ ਟਾਕਰੇ ਦਾ ਕੋਈ ਭੂਗੋਲ

ਇੰਗਲੈਂਡ ਹੋਵੇ ਜਾਂ ਭਾਰਤ
ਅਮਰੀਕਾ ਜਾਂ ਵੀਅਤਨਾਮ
ਧਰਤੀ ‘ਤੇ ਜਿੱਥੇ ਕਿਤੇ ਵੀ
ਵਿਚਾਰਾਂ ਲਈ ਜੇਲ੍ਹਾਂ ਉੱਸਰਦੀਆਂ ਨੇ
ਅਵਾਜਾਂ ਨੂੰ ਗੋਲ਼ੀਆਂ ਵਿੰਨ੍ਹਦੀਆਂ ਨੇ
ਦਰਿਆਵਾਂ ‘ਚ ਲਹੂ ਵਹਿੰਦਾ ਹੈ
ਓਥੇ ਚੇ ਜਨਮ ਲੈਂਦਾ ਹੈ

ਜ਼ਿੰਦਗੀ ਜਦ ਤੜਫਦੀ ਹੈ
ਖੌਫ ਦੀਆਂ ਕੰਧਾਂ ਵਿਚਕਾਰ
ਤਾਂ ਕੋਈ ਚੇ ਜਨਮ ਲੈਂਦਾ ਹੈ


”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements