ਛੱਤੀਸਗੜ੍ਹ ਦੇ ਆਦਿਵਾਸੀਆਂ, ਪੱਤਰਕਾਰਾਂ ਅਤੇ ਲੋਕ ਪੱਖੀ ਬੁੱਧੀਜੀਵੀਆਂ ‘ਤੇ ਹਕੂਮਤੀ ਜ਼ਬਰ ਦਾ ਵਿਰੋਧ ਕਰੋ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਉਂਝ ਤਾਂ ਪਿਛਲੇ ਲੰਬੇ ਸਮੇਂ ਤੋਂ ਛੱਤੀਸਗੜ੍ਹ ‘ਚ ਭਾਕਪਾ ਮਾਓਵਾਦੀ ਦੀ ਅਗਵਾਈ ਵਿੱਚ ਚੱਲ ਰਹੇ ਆਦਿਵਾਸੀਆਂ ਦੇ ਹੱਕੀ ਸੰਘਰਸ਼ ‘ਤ ਹਕੂਮਤੀ ਜ਼ਬਰ ਜ਼ਾਰੀ ਹੈ ਪਰ ਪਿਛਲੇ ਕੁਝ ਮਹੀਨਿਆਂ ਤੋਂ ਇਸ ਵਿੱਚ ਅਚਾਨਕ ਤੇਜ਼ੀ ਆ ਗਈ ਹੈ। ਅਖੌਤੀ ਮੁੱਖ-ਧਾਰਾ ਮੀਡੀਆ ਵਿੱਚ ਇਸ ਦੀ ਕਿਤੇ ਕੋਈ ਖ਼ਬਰ ਨਹੀਂ ਹੈ। ਕੁੱਝ ਇੱਕ ਕੰਮਕਾਜੀ-ਅਗਾਂਹਵਧੂ ਅਖਬਾਰਾਂ ਦੇ ਅੰਦਰਲੇ ਸਫ਼ਿਆਂ ‘ਚ ਛਪੇ ਇਸ਼ਤਿਹਾਰਾਂ ਦੀਆਂ ਨੁੱਕਰਾਂ ਵਿੱਚ ਲੁਕਵੀਂ ਜਿਹੀ ਖ਼ਬਰ ਲੱਗੀ ਹੈ, ਬਾਕੀ ਸਾਰੇ ਕਿਤੇ ਪੂਰਣ ਖ਼ਾਮੋਸ਼ੀ ਹੈ। ਛੱਤੀਸਗੜ੍ਹ ‘ਚ ਪੈਂਦੇ ਬਸਤਰ ਦੇ ਜੰਗਲਾਂ ਵਿੱਚ ‘ਆਪਰੇਸ਼ਨ ਗਰੀਨ ਹੰਟ’ ਮੁੜ ਤੋਂ ਨਵੇਂ ਨਾਮ ‘ਆਪਰੇਸ਼ਨ ਗਰੀਨ ਹੰਟ ਰੀਡਕਸ’ ਨਾਲ਼ ਸ਼ੁਰੂ ਹੋ ਚੁੱਕਿਆ ਹੈ। ਸਿਰਫ਼ ਛੱਤੀਸਗੜ੍ਹ ਦੇ ਹੀ ਜੰਗਲਾਂ ਵਿੱਚ ਅਤੇ ਉਹਨਾਂ ਦੇ ਆਸ-ਪਾਸ ਇੱਕ ਲੱਖ ਦੇ ਕਰੀਬ ਹਥਿਆਰਬੰਦ ਪੁਲਿਸ ਮੁਲਾਜ਼ਮ, ਫੌਜੀ ਅਤੇ ਅਰਧ-ਫੌਜੀ ਬਲ ਮੌਜੂਦ ਹਨ ਅਤੇ ਇਹ ਸਭ ਪਿਛਲੇ 7-8 ਮਹੀਨਿਆਂ ਤੋਂ ਚੱਲ ਰਿਹਾ ਹੈ। ਪਰ ਕਿਸੇ ਅਖੌਤੀ ਮੀਡੀਆ ਵਿੱਚ ਇਸ ਬਾਰੇ ਕੋਈ ਰਿਪੋਰਟ ਨਹੀਂ ਨਸ਼ਰ ਕੀਤੀ ਜਾ ਰਹੀ। ਹਰ ਖ਼ਬਰ ਦਾ ਪੂਰਣ ਬਲੈਕਆਊਟ ਕੀਤਾ ਜਾ ਰਿਹਾ ਹੈ। ਇੱਕ ਅਣਐਲਾਨੀ ਸੈਂਸਰਸ਼ਿਪ ਪੂਰੇ ਭਾਰਤੀ ਮੀਡੀਆ ਵਿੱਚ ਦਿਖ ਰਹੀ ਹੈ। ‘ਦੇਸ਼-ਧ੍ਰੋਹੀਆਂ’ ‘ਤੇ ਜੋ ਸਾਰੇ ਜਹਾਨ ਦੀ ਕੁੱਤੇ ਭਕਾਈ ਮਾਰਨ ਵਾਲ਼ੇ ਮੀਡੀਆ ਦੀ ਹਿੱਕ ‘ਚ ਕਿੰਨਾ ਕੁ ਜ਼ੋਰ ਹੈ, ਉਸ ਦਾ ਇਸੇ ਗੱਲ ਤੋਂ ਪਤਾ ਲਗਦਾ ਹੈ ਕਿ 19 ਤੋਂ 24 ਅਕਤੂਬਰ 2015 ਤੱਕ ਬੀਜਾਪੁਰ ਜ਼ਿਲ੍ਹੇ ਦੇ ਪੰਜ ਪਿੰਡਾਂ ਵਿੱਚ ਸੁਰੱਖਿਆ ਦਸਤਿਆਂ ਨੇ ਵਾਰ ਵਾਰ ਔਰਤਾਂ ਨਾਲ਼ ਸਮੂਹਿਕ ਬਲਾਤਕਾਰ ਕੀਤੇ, ਲੁੱਟ-ਖੋਹ ਕੀਤੀ ਅਤੇ ਹਿੰਸਾ ਕੀਤੀ ਪਰ ਬੁਰਜੂਆ ਮੀਡੀਆ ਮੂਤ ਦੀ ਝੱਗ ਵਾਂਗ ਬੈਠਾ ਰਿਹਾ। ਇਸ ਦੀ ਖ਼ਬਰ ‘ਲਿੰਗ ਹਿੰਸਾ ਤੇ ਹਕੂਮਤੀ ਜਬਰ ਵਿਰੁੱਧ ਔਰਤਾਂ’ ਨਾਂ ਦੀ ਇੱਕ ਜਥੇਬੰਦੀ ਦੀ ਟੀਮ ਨੇ ਆਪਣੀ ਰਿਪੋਰਟ ਵਿੱਚ ਬਾਹਰ ਕੱਢੀ। ਇਸੇ ਜਥਬੰਦੀ ਅਤੇ ਕੁੱਝ ਹੋਰ ਜਮਹੂਰੀ ਜਥੇਬੰਦੀਆਂ ਨੇ ਮਿਲ ਕੇ ਬੀਜਾਪੁਰ ਜ਼ਿਲ੍ਹੇ ‘ਚ ਹੋਏ ਝੂਠੇ ਪੁਲਸ ਮੁਕਾਬਲਿਆਂ ਵਿੱਚ ਨਾਬਾਲਗ ਬੱਚਿਆਂ ਦੀਆਂ ਹੱਤਿਆਵਾਂ ਨੂੰ ਵੀ ਉਜਾਗਰ ਕੀਤਾ। ਹਾਲਾਤਾਂ ਦਾ ਅੰਦਾਜ਼ਾ ਸਿਰਫ਼ ਇਸੇ ਤੱਥ ਤੋਂ ਲੱਗ ਜਾਂਦਾ ਹੈ ਕਿ ਸਿਰਫ਼ ਜਨਵਰੀ 2016 ਵਿੱਚ ਹੀ ਝੂਠੇ ਪੁਲਸ ਮੁਕਾਬਲਿਆਂ ਵਿੱਚ 23 ਮੌਤਾਂ ਹੋਈਆਂ ਅਤੇ 50 ਤੋਂ ਵਧੇਰੇ ਲੋਕਾਂ ਦੀ ਗ੍ਰਿਫ਼ਤਾਰੀ ਹੋਈ ਹੈ।

ਭਾਰਤੀ ਸੱਤ੍ਹਾ ਦੇ ਜਬਰ ਦੀ ਮੂੰਹ ਬੋਲਦੀ ਤਸਵੀਰ ਸੋਨੀ ਸੋਰੀ ‘ਤੇ ਵੀ ਇਸ ਦੌਰਾਨ ਦੁਬਾਰਾ ਹਮਲਾ ਕੀਤਾ ਗਿਆ। 20 ਫਰਵਰੀ 2016 ਨੂੰ ਉਹਦੇ ਮੂੰਹ ‘ਤੇ ਕੈਮੀਕਲ ਸੁੱਟ ਕੇ ਸਾਰਾ ਮੂੰਹ ਸਾੜ ਦਿੱਤਾ ਗਿਆ ਅਤੇ ਹੁਣ ਉਸ ਨੂੰ ਉਹਦਾ ਘਰ ਢਾਹੁਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀ ਹਨ ਬਸ਼ਰਤੇ ਕਿ ਉਹ ਛਤੀਸਗੜ੍ਹ ਛੱਡ ਜਾਵੇ। ਮੁੜ ਤੋਂ ਯਾਦਦਿਹਾਨੀ ਦਿੱਤੀ ਜਾਂਦੀ ਹੈ ਕਿ ਸੋਨੀ ਸੋਰੀ ਇੱਕ ਆਦਿਵਾਸੀ ਸਕੂਲ ਵਿੱਚ ਅਧਿਆਪਕਾ ਸੀ ਜਿਸਨੂੰ 2011 ਵਿੱਚ ਮਾਓਵਾਦੀਆਂ ਦੀ ਹਮਾਇਤੀ ਹੋਣ ਦਾ ਦੋਸ਼ ਮੜ੍ਹਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਪੁਲਸ ਜਬਰ ਦੀ ਇੰਤਹਾ ਇਹ ਸੀ ਕਿ ਉਹਦੇ ਗੁਪਤ ਅੰਗਾਂ ਵਿੱਚ ਪੱਥਰ ਭਰ ਦਿੱਤੇ ਗਏ ਸਨ। ਸਿਰਫ ਸੋਨੀ ਸੋਰੀ ਹੀ ਨਹੀਂ ਸਗੋਂ ਆਮ ਪੱਤਰਕਾਰਾਂ, ਬੁੱਧੀਜੀਵੀਆਂ ਅਤੇ ਜਮਹੂਰੀ ਹੱਕਾਂ ਦੇ ਕਾਰਕੁੰਨਾਂ ਨੂੰ ਮਾਓਵਾਦੀ ਹਮਾਇਤੀ ਬਣਾ ਕੇ ਜੇਲ੍ਹਾਂ ਵਿੱਚ ਡੱਕਣ ਦੀਆਂ ਧਮਕੀਆਂ ਦੇ ਕੇ ਛੱਤੀਸਗੜ੍ਹ ਤੋਂ ਤੜੀਪਾਰ ਹੋਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਮਸ਼ਹੂਰ ਗਾਂਧੀਵਾਦੀ ਨੇਤਾ ਅਤੇ ਆਦਿਵਾਸੀ ਹੱਕਾਂ ਦੇ ਕਾਰਕੁੰਨ ਹਿੰਮਾਸ਼ੂ ਕੁਮਾਰ ‘ਤੇ ਇੱਕ ਸੌ ਤੋਂ ਵਧੇਰੇ ਕੇਸ ਬਣਾ ਦਿੱਤੇ ਗਏ ਹਨ, ਉਹ ਜੇ ਇੱਕ ਵਾਰ ਵੀ ਛੱਤੀਸਗੜ੍ਹ ਵੜਦੇ ਹਨ ਤਾਂ ਬਾਕੀ ਸਾਰੀ ਉਮਰ ਉਹਨਾਂ ਨੂੰ ਜੇਲ੍ਹ ਵਿੱਚ ਬਿਤਾਉਣੀ ਪਵੇਗੀ। 17 ਫਰਵਰੀ ਨੂੰ ”ਨਿਊਜ਼ ਪੋਰਟਲ ਸਕਰੌਲ” ਦੀ ਪੱਤਰਕਾਰ ਮਾਲੀਨੀ ਸੁਬਰਾਮਨੀਅਮ ਨੂੰ ਉਸੇ ਦਿਨ ਇਲਾਕਾ ਛੱਡਣ ਲਈ ਮਜਬੂਰ ਕੀਤਾ ਗਿਆ। ਫਿਰ 18 ਫਰਵਰੀ ਨੂੰ ‘ਜਗਦਲਪੁਰ ਲੀਗਲ ਏਡ ਗਰੁੱਪ’ ਨਾਂ ਦੀ ਵਕੀਲਾਂ ਦੀ ਸੰਸਥਾ ਨਾਲ਼ ਜੁੜੀਆਂ ਦੋ ਨੌਜਵਾਨ ਵਕੀਲ ਕੁੜੀਆਂ ਸ਼ਾਲਨੀ ਗੇਰਾ ਅਤੇ ਈਸ਼ਾ ਖੰਡੇਵਾਲ ਦੇ ਮਕਾਨ ਮਾਲਕ ਨੂੰ ਪੁਲਸ ਨੇ ਚੁੱਕ ਲਿਆ ਅਤੇ ਇਸ ਸ਼ਰਤ ‘ਤੇ ਰਿਹਾ ਕੀਤਾ ਕਿ ਉਹ ਦੋਵਾਂ ਕੁੜੀਆਂ ਤੋਂ ਪੈਂਦੀ ਸੱਟੇ ਮਕਾਨ ਖਾਲੀ ਕਰਵਾਏਗਾ। ਪੁਲਸ ਦੇ ਡਰੋਂ ਕਿਸੇ ਹੋਰ ਨੇ ਵੀ ਇਹਨਾਂ ਕੁੜੀਆਂ ਨੂੰ ਕਮਰਾ ਨਾ ਦਿੱਤਾ ਤਾਂ ਇਹਨਾਂ ਕੁੜੀਆਂ ਨੂੰ ਛੱਤੀਸਗੜ੍ਹ ਹੀ ਛੱਡਣ ਲਈ ਮਜਬੂਰ ਹੋਣਾ ਪਿਆ। 16 ਜੁਲਾਈ 2015 ਨੂੰ ਪੁਲਸ ਨੇ ਸੋਮਾਰੂ ਨਾਗ ਨੂੰ ਮਾਓਵਾਦੀ ਹਮਾਇਤੀ ਹੋਣ ਦਾ ਦੋਸ਼ ਲਾ ਕੇ ਗ੍ਰਿਫ਼ਤਾਰ ਕਰ ਲਿਆ। ਇਸੇ ਤਰਾਂ ਸਤੰਬਰ 2015 ਸੰਤੋਸ਼ ਯਾਦਵ ਨਾਂ ਦੇ ਪੱਤਰਕਾਰ ਨੂੰ ‘ਗੈਰ ਕਾਨੂੰਨੀ ਕਾਰਵਾਈਆਂ ਰੋਕਥਾਮ ਕਨੂੰਨ’ ਅਤੇ ‘ਛੱਤੀਸਗੜ੍ਹ ਸਪੈਸ਼ਲ ਪਬਲਿਕ ਸਕਿਊਰਟੀ ਐਕਟ’ ਤਹਿਤ ਫੜ੍ਹ ਕੇ ਜੇਲ੍ਹ ਭੇਜ ਦਿੱਤਾ ਗਿਆ ਅਤੇ ਬਾਅਦ ਵਿੱਚ ਉਹਨੂੰ ਛੱਤੀਸਗੜ੍ਹ ਛੱਡਣ ਲਈ ਮਜਬੂਰ ਕਰ ਦਿੱਤਾ ਗਿਆ। ਪ੍ਰਭਾਤ ਸਿੰਘ ਅਤੇ ਦੀਪਕ ਜਾਇਸਵਾਲ ਜਿਹੇ ਪੱਤਰਕਾਰ ਵੀ ਇਸੇ ਲੜੀ ਦੀ ਅਗਲੀ ਕਿਸ਼ਤ ਬਣ ਚੁੱਕੇ ਹਨ। ਇਸ ਤਰ੍ਹਾਂ ਪੂਰੇ ਛੱਤੀਸਗੜ੍ਹ ਵਿੱਚ ਇੱਕ ਅਣਐਲਾਨੀ ਸੈਂਸਰਸ਼ਿਪ ਲਾਗੂ ਕਰ ਦਿੱਤੀ ਗਈ ਹੈ। ਟੋਡੀ ਇਲੈਕਟ੍ਰਾਨਿਕ ਮੀਡੀਆ ਤਾਂ ਪਹਿਲਾਂ ਤੋਂ ਮੂੰਹ ਵਿੱਚ ਚੁੰਘਣੀ ਪਾਈ ਬੈਠਾ ਹੈ ਅਤੇ ਜੋ ਪੱਤਰਕਾਰ ਜਾਂ ਸੰਸਥਾਵਾਂ ਸੱਤ੍ਹਾ ਅਤੇ ਸਰਮਾਏਦਾਰੀ ਦੇ ਇਹਨਾਂ ਜ਼ੁਲਮਾਂ ਦਾ ਪਰਦਾ ਚਾਕ ਕਰਦੇ ਹਨ, ਉਹਨਾਂ ਦੀ ਸੰਘੀ ਇੰਝ ਨੱਪੀ ਜਾਂਦੀ ਹੈ।

‘ਇੰਡੀਅਨ ਐਕਸਪ੍ਰੈਸ’ ਦੀ ਹੀ ਰਿਪੋਰਟ ਮੁਤਾਬਕ ਸਿਰਫ਼ ਜੂਨ ਅਤੇ ਨਵੰਬਰ 2014 ਵਿੱਚ 377 ਅਖੌਤੀ ਮਾਓਵਾਦੀ ਜਿਹਨਾਂ ਨੇ ‘ਆਤਮ-ਸਮਰਪਣ ਕੀਤਾ’, ਵਿੱਚੋਂ ਘੱਟੋ ਘੱਟ 270 ਆਮ ਪੇਂਡੂ ਸਨ ਜੋ ਕਿਸੇ ਵੀ ਮਾਓਵਾਦੀ ਗਰੁੱਪ ਜਾਂ ਅੱਤਵਾਦੀ ਜਥੇਬੰਦੀ ਨਾਲ਼ ਦੂਰ ਨੇੜੇ ਦਾ ਵਾਹ-ਵਾਸਤਾ ਨਹੀਂ ਰੱਖਦੇ ਸਨ। ਜਿੱਥੇ ਆਮ ਆਦਿਵਾਸੀ ਦਾ ਛੱਤੀਸਗੜ੍ਹ ਵਿੱਚ ਆਜ਼ਾਦ ਸਾਹ ਲੈਣਾ ਵੀ ਦੁਸ਼ਵਾਰ ਹੈ ਉੱਥੇ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਜਿਹੀਆਂ ਫਾਸੀਵਾਦੀ ਜਥੇਬੰਦੀਆਂ ਨੂੰ ਦੰਗਾ ਕਰਨ ਦੀ ਖੁੱਲ੍ਹ ਹੈ। ਇੱਕ ਜਥੇਬੰਦੀ ‘ਆਜ਼ਾਦੀ ਬਚਾਉਣ ਲਈ ਗੱਠਜੋੜ’ ਮੁਤਾਬਕ 2014 ਵਿੱਚ ਇਸਾਈਆਂ ਉੱਤੇ ਆਪਣੇ ਧਰਮ ਨੂੰ ਮੰਨਣ ਲਈ ਹਮਲਿਆਂ ਦੇ ਕੁੱਲ 147 ਮਾਮਲੇ ਹੋਏ ਜਿਹਨਾਂ ਵਿੱਚੋਂ ਛੱਤੀਸਗੜ੍ਹ ਵਿੱਚ ਸਭ ਤੋਂ ਵੱਧ ਹਮਲੇ ਹੋਏ ਅਤੇ ਖਾਸਕਰ ਬਸਤਰ ਦੇ ਇਲਾਕੇ ਵਿੱਚ। ਮਈ 2014 ਵਿੱਚ ਸਿਰਿਸਗੁਡਾ ਪਿੰਡ ਦੇ ਇਸਾਈਆਂ ਨੂੰ ਰਾਸ਼ਨ ਕਾਰਡ ਦੇਣ ਤੋਂ ਨਾਂਹ ਕਰ ਦਿੱਤੀ ਗਈ ਕਿਉਂਕਿ ਉਹਨਾਂ ਨੇ ਵਿਸ਼ਵ ਹਿੰਦੂ ਪ੍ਰੀਸ਼ਦ ਨੂੰ ਹਿੰਦੂ ਤਿਓਹਾਰਾਂ ਲਈ 200 ਰੁਪਏ ਦੇਣ ਤੋਂ ਨਾਂਹ ਕਰ ਦਿੱਤੀ ਸੀ। ਜਦ ਇਸਾਈ ਭਾਈਚਾਰੇ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਰਿਪੋਰਟ ਕੀਤੀ ਤਾਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਦੇ ਗੁੰਡਿਆਂ ਨੇ ਉਹਨਾਂ ਦਾ ਕੁਟਾਪਾ ਚਾੜ੍ਹਿਆ। ਫਿਰ ਸਿਰਿਸਗੁਡਾ ਦੀ ਗਰਾਮ ਸਭਾ ਨੇ ਇੱਕ ਮਤਾ ਪਾਸ ਕਰਕੇ ਗੈਰ ਹਿੰਦੂ ਨੂੰ ਪਿੰਡ ਵਿੱਚ ਗੈਰ-ਕਨੂੰਨੀ ਐਲਾਨ ਦਿੱਤਾ। ਪੰਚਾਇਤੀ ਰਾਜ ਐਕਟ (129 ਜੀ) ਦੇ ਇੱਕ ਸੈਕਸ਼ਨ ਦੀ ਵਰਤੋਂ ਕਰਦੇ ਹੋਏ ਉਹ ਸਾਰੀਆਂ ਧਾਰਮਕ ਸਰਗਰਮੀਆਂ ਜਿਹੜੀਆਂ ਹਿੰਦੂ ਧਰਮ ਤੋਂ ਬਾਹਰੀਆਂ ਹਨ, ਨੂੰ ਪਿੰਡ ਵਿੱਚ ਰੋਕ ਦਿੱਤਾ ਗਿਆ। ਇਸ ਤੋਂ  ਬਾਅਦ 60 ਤੋਂ ਵੀ ਵੱਧ ਪਿੰਡਾਂ ਵੱਲੋਂ ਅਜਿਹੇ ਮਤੇ ਪਾਸ ਕਰਨ ਦੀ ਖ਼ਬਰ ਹੈ। ਪਰ ਉਪਰੋਕਤ ਸਾਰੀਆਂ ਘਟਨਾਵਾਂ ਨੂੰ ਮੀਡੀਆ ਵਿੱਚ ਕਿਤੇ ਵੀ ਕਵਰੇਜ ਨਹੀਂ ਦਿੱਤੀ ਜਾ ਰਹੀ। ਕਾਂਗਰਸ ਨੂੰ ਮਾਤ ਪਾ 2014 ਵਿੱਚ ਸੱਤ੍ਹਾ ਦੇ ਗਲਿਆਰਿਆਂ ਵਿੱਚ ਆਈ ਫਾਸੀਵਾਦੀ ਆਰ.ਐਸ.ਐਸ. ਅਤੇ ਭਾਜਪਾ ਨੇ ਭਾਰਤ ਦੇ ਮੱਧ ਵਿੱਚ ਆਪਣਾ ਫਾਸੀਵਾਦੀ ਚਰਿੱਤਰ ਨੰਗੇ-ਚਿੱਟੇ ਰੂਪ ਵਿੱਚ ਦਿਖਾਇਆ ਹੈ। ਅਤੇ ਹੁਣ ਇਸ ਲੜਾਈ ਨੂੰ ਹਕੂਮਤ ਨਿਰਣਾਇਕ ਰੂਪ ਨਾਲ਼ ਲੜਦੀ ਦਿਖ ਰਹੀ ਹੈ। ਕਈ ਇਲਾਕਿਆਂ ਵਿੱਚ ਹਵਾਈ ਹਮਲੇ ਤੱਕ ਕੀਤੇ ਜਾ ਰਹੇ ਹਨ ਆਪਣੇ ਹੱਕ ਲਈ ਉੱਠਦੀ ਹਰ ਆਵਾਜ਼ ਨੂੰ ਇੱਥੇ ਮਾਓਵਾਦੀ ਕਹਿਕੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਓਵਾਦੀ ਹੋਰ ਕੋਈ ਨਹੀਂ ਹਕੂਮਤੀ ਜ਼ਬਰ ਤੋਂ ਤੰਗ ਆ ਕੇ ਹਥਿਆਰਬੰਦ ਹੋਏ ਆਮ ਆਦਿਵਾਸੀ ਹੀ ਹਨ ਜੋ ਕਿ ਸੀ. ਪੀ. ਆਈ. (ਮਾਓਵਾਦੀ) ਦੀ ਅਗਵਾਈ ਵਿੱਚ ਇਹਨਾਂ ਇਲਾਕਿਆਂ ਵਿੱਚ ਹਥਿਆਰਬੰਦ ਸੰਘਰਸ਼ ਚਲਾ ਰਹੇ ਹਨ ਜਿੱਥੇ ਆਮ ਆਦਿਵਾਸੀ ਨੂੰ ਸਿਰਫ਼ ਇਸ ਲਈ ਤੰਗ ਕੀਤਾ ਜਾ ਰਿਹਾ ਹੈ ਕਿਉਂਕਿ ਉਹ ਆਪਣੇ ਜਲ-ਜੰਗਲ-ਜ਼ਮੀਨ ਨੂੰ ਤਿਆਗਣ ਲਈ ਕਿਸੇ ਤਰ੍ਹਾਂ ਵੀ ਤਿਆਰ ਨਹੀਂ ਹੈ ਅਤੇ ਭਾਰਤੀ ਹਕੂਮਤ ਨੂੰ ਇਹ ਇਨਕਾਰ ਗਵਾਰਾ ਨਹੀਂ ਕਿਉਂਕਿ ਹਕੂਮਤ ਵੇਦਾਂਤਾ, ਅੰਬਾਨੀ, ਅਡਾਨੀ, ਬਿਰਲੇ-ਟਾਟੇ ਜਿਹਿਆਂ ਨਾਲ਼ ਅਜਿਹੇ ਕਈ ਐਮ.ਓ.ਯੂ. ਦਸਤਖ਼ਤ ਕਰ ਚੁੱਕੀ ਹੈ ਜਿਹਨਾਂ ਅਧੀਨ ਇਹ ਜਲ-ਜੰਗਲ-ਜ਼ਮੀਨ ਉਪਰੋਕਤ ਕਾਰਪੋਰੇਟ ਘਰਾਣੇ ਆਪਣੇ ਨਾਮ ਕਰਵਾ ਚੁੱਕੇ ਹਨ। ਕਿਉਂਕਿ ਇਹਨਾਂ ਜੰਗਲਾਂ ਥੱਲੇ ਟ੍ਰਿਲੀਅਨਾਂ ਡਾਲਰਾਂ ਦੀਆਂ ਕੱਚੀਆਂ ਧਾਤਾਂ ਅਤੇ ਖਣਿਜ ਦੱਬੇ ਪਏ ਹਨ ਅਤੇ ਇਹਨਾਂ ਜੰਗਲਾਂ ਵਿੱਚ ਰਹਿੰਦੇ ਆਦਿਵਾਸੀ ਸਰਾਮਾਏਦਾਰਾਂ ਨੂੰ ਆਪਣੇ ਖਜ਼ਾਨੇ ‘ਤੇ ਕੁੰਡਲੀ ਮਾਰੀ ਬੈਠੇ ‘ਨਾਗ’ ਭਾਸਦੇ ਹਨ। ਹਰ ਇਨਸਾਫ ਪਸੰਦ ਨਾਗਰਿਕ ਦਾ ਇਹ ਫਰਜ਼ ਬਣਦਾ ਹੈ ਕਿ ਉਹ ਛੱਤੀਸਗੜ੍ਹ ‘ਚ ਲੋਕਾਂ ‘ਤੇ ਢਾਹੇ ਜਾ ਰਹੇ ਇਸ ਹਕਮੂਤੀ ਜਬਰ ਵਿਰੁੱਧ ਅਵਾਜ਼ ਬੁਲੰਦ ਕਰੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 52, 16 ਅਪ੍ਰੈਲ 2016

Advertisements