ਚੇਨੱਈ ਹੜ੍ਹ ਤ੍ਰਾਸਦੀ – ਕੁਦਰਤੀ ਕਹਿਰ ਨਹੀਂ ਸਗੋਂ ਵਿਕਾਸ ਦੇ ਸਰਮਾਏਦਾਰਾ ਢੰਗ ਦਾ ਨਤੀਜਾ •ਰਣਬੀਰ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਗੁਜ਼ਰੇ ਸਾਲ 2015 ਦਾ ਅੰਤ ਦੱਖਣੀ ਭਾਰਤ, ਖਾਸਕਰ ਤਮਿਲਨਾਡੂ ਦੇ ਚੇਨਈ (ਮਦਰਾਸ) ਸ਼ਹਿਰ ਦੇ ਲੋਕਾਂ ‘ਤੇ ਹੜ੍ਹਾਂ ਦੀ ਪਈ ਭਾਰੀ ਮਾਰ ਨਾਲ਼ ਕੌੜੀਆਂ ਯਾਦਾਂ ਛੱਡ ਗਿਆ ਹੈ। ਨਵੰਬਰ-ਦਸੰਬਰ ਵਿੱਚ ਹੜ੍ਹਾਂ ਕਾਰਨ 400 ਤੋਂ ਵਧੇਰੇ ਲੋਕ ਮਾਰੇ ਗਏ ਅਤੇ 18 ਲੱਖ ਤੋਂ ਵੱਧ ਲੋਕ ਉਜਾੜੇ ਦਾ ਸ਼ਿਕਾਰ ਹੋਏ। ਇਹਨਾਂ ਹੜ੍ਹਾਂ ਕਾਰਨ ਇੱਕ ਲੱਖ ਕਰੋੜ ਰੁਪਏ ਤੱਕ ਦੇ ਮਾਲੀ ਨੁਕਸਾਨ ਦਾ ਅੰਦਾਜਾ ਲਗਾਇਆ ਗਿਆ ਹੈ। ਮੁੜਦੀ ਹੋਈ ਮਾਨਸੂਨ ਦੌਰਾਨ ਬੰਗਾਲ ਦੀ ਖਾੜੀ ਵਿੱਚ ਬਣੇ ਘੱਟ ਦਬਾਅ ਕਾਰਨ ਜ਼ੋਰਦਾਰ ਮੀਂਹ ਪਿਆ। ਤਮਿਲਨਾਡੂ, ਆਂਧਰਾਂ ਪ੍ਰਦੇਸ਼ ਦੇ ਕਈ ਸ਼ਹਿਰਾਂ ਤੇ ਜਿਲ੍ਹਿਆਂ ਅਤੇ ਕੇਂਦਰ ਸ਼ਾਸ਼ਤ ਪਾਂਡੀਚੇਰੀ ਵਿੱਚ ਲੋਕਾਂ ਨੂੰ ਹੜਾਂ ਦੀ ਮਾਰ ਝੱਲਈ ਪਈ। ਚੇਨੱਈ ਸ਼ਹਿਰ ਦਾ ਜਿਆਦਾਤਰ ਹਿੱਸਾ ਪਾਣੀ ਨਾਲ਼ ਭਰ ਗਿਆ। ਸ਼ਹਿਰ ਦੇ ਹੇਠਲੇ ਹਿੱਸਿਆਂ ਵਿੱਚ ਤਾਂ ਬੇਹੱਦ ਬੁਰੀ ਹਾਲਤ ਸੀ। ਕੁੱਝ ਦਿਨਾਂ ਲਈ ਹਸਪਤਾਲ, ਸਕੂਲ, ਆਵਜਾਈ, ਬਿਜਲੀ, ਟੈਲੀਫੋਨ ਆਦਿ ਸਭ ਠੱਪ ਹੋਏ।

ਅਚਾਨਕ ਭਾਰੀ ਮੀਂਹ ਕਾਰਨ ਆਏ ਇਹਨਾਂ ਹੜ੍ਹਾਂ ਨੂੰ ਕੁਦਰਤੀ ਕਹਿਰ ਨਹੀਂ ਕਿਹਾ ਜਾ ਸਕਦਾ। ਇਹ ਹੜ੍ਹ ਉਸ ਵਿਕਾਸ ਢੰਗ ਦਾ ਨਤੀਜਾ ਹਨ ਜੋ ਸਾਡੇ ਦੇਸ਼ ਵਿੱਚ ਲਾਗੂ ਕੀਤਾ ਜਾ ਰਿਹਾ ਹੈ।

ਚੇਨੱਈ ਜਨਸੰਖਿਆ ਘਣਤਾ ਪੱਖੋਂ ਭਾਰਤ ਦਾ ਚੌਥਾ ਵੱਡਾ ਸ਼ਹਿਰ ਹੈ। ਇਸਨੂੰ ਦੁਨੀਆਂ ਦਾ 36ਵਾਂ ਸਭ ਤੋਂ ਵੱਡਾ ਸ਼ਹਿਰੀ ਖੇਤਰ ਹੋਣ ਦਾ ਦਰਜਾ ਵੀ ਪ੍ਰਾਪਤ ਹੈ। ਇਹ ਦੱਖਣ ਭਾਰਤ ਦਾ ਸਭ ਤੋਂ ਵੱਡਾ ਸਨਅਤੀ ਤੇ ਵਪਾਰਕ ਕੇਂਦਰ ਹੈ। ਇਸਨੂੰ ਦੱਖਣ ਭਾਰਤ ਦੇ ਅਹਿਮ ਆਰਥਿਕ, ਸੱਭਿਆਚਾਰਕ ਤੇ ਸਿੱਖਿਆ ਦੇ ਕੇਂਦਰ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਇੱਥੇ ਵੱਡੇ ਪੱਧਰ ‘ਤੇ ਆਟੋਮੋਬਾਈਲ ਸੱਨਅਤ ਸਥਾਪਿਤ ਹੈ। ਸੈਰ-ਸਪਾਟੇ ਦੇ ਤੌਰ ‘ਤੇ ਵੀ ਇਸਨੂੰ ਭਾਰਤ ਤੇ ਸੰਸਾਰ ਵਿੱਚ ਅਹਿਮ ਸਥਾਨ ਮੰਨਿਆਂ ਜਾਂਦਾ ਹੈ। ਪਰ ਇਹ ਵਿਕਾਸ ਸਰਮਾਏਦਾਰਾ ਗੈਰਯੋਜਨਾਬੱਧ ਢੰਗ ਨਾਲ਼ ਹੋਇਆ ਹੈ। ਕੁਦਰਤ ਨਾਲ਼ ਭਿਆਨਕ ਕਿਸਮ ਦੀ ਨੁਕਸਾਨਦੇਹ ਛੇੜਛਾੜ ਕੀਤੀ ਗਈ ਹੈ। ਭਾਰੀ ਮੀਂਹ ਜਿਹੀਆਂ ਕੁਦਰਤੀ ਸਥਿਤੀਆਂ ਨੂੰ ਸਿਰੇ ਤੋਂ ਨਜ਼ਰਅੰਦਾਜ਼ ਕਰਕੇ ਸ਼ਹਿਰੀ ਵਿਕਾਸ ਹੋਇਆ ਹੈ। ਪਾਣੀ ਦੇ ਕੁਦਰਤੀ ਨਿਕਾਸ ਦੀਆਂ ਥਾਵਾਂ, ਨਾਲ਼ਿਆਂ, ਤਲਾਬਾਂ, ਆਦਿ ਦੀ ਥਾਂ ਕਨੂੰਨੀ-ਗੈਰਕਨੂੰਨੀ ਇਮਾਰਤਾਂ, ਸੜਕਾਂ, ਮੈਦਾਨ ਆਦਿ ਬਣਾ ਦਿੱਤੇ ਗਏ ਹਨ। ਸ਼ਹਿਰ ਵਿੱਚ ਆਮ ਹਾਲਤਾਂ ਲਈ ਵੀ ਸੀਵਰੇਜ ਨਿਕਾਸੀ ਦਾ ਲੋੜੀਂਦਾ ਪ੍ਰਬੰਧ ਨਹੀਂ ਹੈ। ਭਾਰੀ ਮੀਂਹ ਜਿਹੀ ਕੁਦਰਤੀ ਹਾਲਤ ਦੌਰਾਨ ਪਾਣੀ ਦੀ ਨਿਕਾਸੀ ਲਈ ਤਾਂ ਸ਼ਹਿਰ ਵਿੱਚ ਕੋਈ ਪ੍ਰਬੰਧ ਹੀ ਨਹੀਂ ਸੀ। ਕੁਦਰਤੀ ਨਿਕਾਸੀ ਦੇ ਰਸਤੇ ਬੰਦ ਹੋਣ ਕਰਕੇ ਅਤੇ ਲੋੜੀਂਦੀ ਸੀਵਰੇਜ ਨਿਕਾਸੀ ਦਾ ਢਾਂਚਾ ਨਾ ਉੱਸਰਨ ਕਰਕੇ ਚੇਨੱਈ ਸ਼ਹਿਰ ਦਾ ਜਿਆਦਾਤਰ ਹਿੱਸਾ ਪਾਣੀ ਵਿੱਚ ਡੁੱਬ ਗਿਆ।

ਸਵਾਲ ਹੈ ਇਸਦਾ ਜਿੰਮੇਵਾਰ ਕੌਣ ਹੈ? ਇਸ ਦਾ ਸਪੱਸ਼ਟ ਤੌਰ ‘ਤੇ ਜਿੰਮੇਵਾਰ ਸਮਾਜ ਦਾ ਉਹ ਤਬਕਾ ਹੈ ਜੋ ਅੰਨ੍ਹੇਵਾਹ ਦੌਲਤ ਇਕੱਠੀ ਕਰ ਰਿਹਾ ਹੈ। ਉਹ ਇਸ ਵਾਸਤੇ ਉਹ ਮਨੁੱਖ ਅਤੇ ਕੁਦਰਤੀ ਸ੍ਰੋਤ-ਸਾਧਨਾਂ ਦੀ ਘ੍ਰਿਣਤ ਤੋਂ ਘ੍ਰਿਣਤ ਢੰਗ ਨਾਲ਼ ਲੁੱਟ ਕਰਨ ਤੋਂ ਗੁਰੇਜ਼ ਨਹੀਂ ਕਰ ਰਿਹਾ। ਚੇਨੱਈ ਵਿੱਚ ਸਰਮਾਏਦਾਰਾਂ, ਸਰਕਾਰ ਤੇ ਅਫ਼ਸਰਾਂ ਦੇ ਗਠਜੋੜ ਨੇ ਕਨੂੰਨੀ-ਗੈਰਕਨੂੰਨੀ ਤੌਰ-ਤਰੀਕਿਆਂ ਰਾਹੀਂ ਨਾਜ਼ਾਇਜ ਤੌਰ ‘ਤੇ ਅਜਿਹੀਆਂ ਥਾਵਾਂ ‘ਤੇ ਕਬਜ਼ੇ ਕਰ ਲਏ ਜਿੱਥੋਂ ਕਿ ਪਾਣੀ ਦੀ ਨਿਕਾਸੀ ਹੋ ਸਕਦੀ ਸੀ। ਦੌਲਤ ਕਮਾਉਣ ਲਈ ਅਤੇ ਅੱਯਾਸ਼ੀ ਦੇ ਅੱਡੇ ਸਥਾਪਿਤ ਕਰਨ ਲਈ ਅੰਨ੍ਹੇਵਾਹ ਗੈਰਯੋਜਨਾਬੱਧ ਢੰਗ ਨਾਲ਼ ਧੜਾਧੜ ਉਸਾਰੀਆਂ ਕੀਤੀਆਂ ਗਈਆਂ। ਇਸ ਦੌਰਾਨ ਹੜ੍ਹ ਜਾਂ ਭੂਚਾਲ ਜਿਹੀਆਂ ਸਥਿਤੀਆਂ ਪੈਦਾ ਹੋਣ ਦਾ ਧਿਆਨ ਹੀ ਨਾ ਰੱਖਿਆ ਗਿਆ। ਨਾਜਾਇਜ਼ ਕਬਜ਼ਿਆਂ ਲਈ ਗਰੀਬਾਂ ਨੂੰ ਦੋਸ਼ ਦਿੱਤਾ ਜਾ ਰਿਹਾ ਹੈ। ਝੁੱਗੀ-ਝੌਂਪੜੀਆਂ ਵਿੱਚ ਰਹਿਣ ‘ਤੇ ਮਜ਼ਬੂਰ ਲੋਕਾਂ ਦੇ ਯੋਗ ਵਸੇਵੇਂ ਵਾਸਤੇ ਕੋਈ ਵੀ ਕਦਮ ਸਰਕਾਰ ਨੇ ਨਹੀਂ ਚੁੱਕੇ। ਇਹਨਾਂ ਕੋਲ਼ ਰਹਿਣ ਲਈ ਹੋਰ ਕੋਈ ਥਾਂ ਹੀ ਨਹੀਂ ਹੈ। ਨਜਾਇਜ਼ ਕਬਜੇ ਕਰਨ ਵਾਲ਼ੇ ਤਾਂ ਸਰਮਾਏਦਾਰ ਅਤੇ ਸਰਕਾਰੀ ਧਿਰ ਹੈ।

ਹੜ੍ਹ ਜਾਂ ਭੂਚਾਲ ਜਿਹੀ ਸਥਿਤੀ ਨਾਲ਼ ਨਜਿੱਠਣ ਲਈ ਰਾਹਤ ਕਾਰਜਾਂ ਲਈ ਲੋੜੀਂਦੇ ਪ੍ਰਬੰਧਾਂ ਦੀ ਪਹਿਲਾਂ ਤੋਂ ਹੀ ਕੋਈ ਤਿਆਰੀ ਨਹੀਂ ਸੀ। ਇਸ ਕਰਕੇ ਵੀ ਨੁਕਸਾਨ ਬਹੁਤ ਜਿਆਦਾ ਹੋਇਆ ਹੈ। ਹਾਲਤ ਵਿਗੜਨ ਤੋਂ ਬਾਅਦ ਲੋਕਾਂ ਨੂੰ ਰਾਹਤ ਪਹੁੰਚਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਗਏ। ਸੂਬਾ ਤੇ ਕੇਂਦਰ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਨੂੰ ਵਧਾ-ਚੜਾ ਕੇ ਪੇਸ਼ ਕੀਤਾ ਗਿਆ। ਪਰ ਪੀੜਤ ਲੋਕਾਂ ਨੂੰ ਨਾ ਤਾਂ ਸਮੇਂ ਸਿਰ ਹੜ੍ਹ ਚੋਂ ਬਾਹਰ ਕੱਢਿਆ ਗਿਆ, ਨਾ ਹੀ ਉਹਨਾਂ ਲਈ ਲੋੜੀਂਦੇ ਪੀਣ ਦੇ ਪਾਣੀ, ਭੋਜਨ, ਕੱਪੜੇ, ਦਵਾਈਆਂ ਆਦਿ ਸਮੱਗਰੀ ਪਹੁੰਚਾਈ ਗਈ। ਤਮਿਲਨਾਡੂ ਸਰਕਾਰ ਨੇ ਹੜ੍ਹ ਪੀੜਤਾਂ ਦੀ ਲੋੜੀਂਦੀ ਮਦਦ ਨਾ ਕਰਨ ਦਾ ਠੀਕਰਾ ਕੇਂਦਰ ਸਰਕਾਰ ‘ਤੇ ਸੁੱਟਣ ਲਈ ਹਜ਼ਾਰਾਂ ਕਰੋੜ ਰੁਪਏ ਦੀ ਮਦਦ ਮੰਗ ਲਈ ਹੈ। ਕੇਂਦਰ ਨੇ ਮੰਗੀ ਗਈ ਮਦਦ ਵਿੱਚੋਂ ਕੁੱਝ ਹਿੱਸਾ ਹੀ ਦੇਣਾ ਮੰਨਿਆ ਹੈ। ਇਸ ਵਿੱਚੋਂ ਪੀੜਤਾਂ ਤੱਕ ਕਿੰਨੇ ਕੁ ਪਹੁੰਚਣਗੇ ਇਹ ਸਮਝ ਸਕਣਾ ਮੁਸ਼ਕਿਲ ਨਹੀਂ ਹੈ। ਪਰ ਪੀੜਤਾਂ ਦੀ ਖ਼ਬਰਸਾਰ ਲੈਣ ਅਤੇ ਮਦਦ ਕਰਨ ਦੀ ਡਰਾਮੇਬਾਜ਼ੀ ਪ੍ਰਧਾਨ ਮੰਤਰੀ ਤੋਂ ਲੈ ਕੇ ਵੱਖ ਸਿਆਸੀ ਲੀਡਰਾਂ ਵੱਲੋਂ ਪੂਰੇ ਜ਼ੋਰ ਨਾਲ਼ ਕੀਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਵਾਈ ਜਹਾਜ਼ ਰਾਹੀਂ ਚੇਨੱਈ ਦਾ ਨਜ਼ਾਰਾ ਵੇਖਣ ਗਿਆ। ਇਸ ਦੌਰੇ ਦੀਆਂ ਫੋਟੋਸ਼ਾਪ ਕੀਤੀਆਂ ਤਸਵੀਰਾਂ ਪੀ.ਆਈ.ਬੀ. ਵੱਲੋਂ ਇੰਟਰਨੈਟ ‘ਤੇ ਪਾਏ ਜਾਣ ਤੋਂ ਸਰਕਾਰ ਦੀ ਲੋਕਾਂ ਪ੍ਰਤੀ ਵਿਖਾਈ ਅਸੰਵੇਦਸ਼ੀਲਤਾ ਇੱਕ ਵਾਰ ਫੇਰ ਜੱਗਜ਼ਾਹਿਰ ਹੋ ਗਈ। ਲੋਕਾਂ ‘ਤੇ ਢਹੇ ਕਹਿਰ ਨੂੰ ਆਪਣਾ ਨਾਂ ਚਮਕਾਉਣ ਲਈ ਵਰਤਣਾ ਮੋਦੀ ਸਰਕਾਰ ਦੀ ਕਮੀਨਗੀ ਦੀ ਹੱਦ ਤੱਕ ਦੀ ਅਸੰਵੇਦਨਸ਼ੀਲਤਾ ਹੈ। 

ਦੱਖਣੀ ਭਾਰਤ ਵਿੱਚ ਚੇਨੱਈ ਅਤੇ ਹੋਰ ਸ਼ਹਿਰਾਂ ਵਿੱਚ ਆਇਆ ਇਹ ਹੜ੍ਹ ਪਹਿਲੀ ਘਟਨਾ ਨਹੀਂ ਹੈ ਜਿਸ ਨੇ ਭਾਰਤ ਵਿੱਚ ਹੋ ਰਹੇ ਵਿਕਾਸ ਦੇ ਤਬਾਹਕੁੰਨ ਕਿਰਦਾਰ ਤੋਂ ਪਰਦਾ ਚੁੱਕਿਆ ਹੈ। ਪਿਛਲੇ ਸਮੇਂ ਵਿੱਚ ਜੰਮੂ, ਕੇਦਾਰਨਾਥ ਤੇ ਹੋਰ ਥਾਵਾਂ ‘ਤੇ ਆਏ ਹੜ੍ਹਾਂ ਦੌਰਾਨ ਵੱਡੇ ਪੱਧਰ ‘ਤੇ ਮੱਚੀ ਤਬਾਹੀ ਨੇ ਸਰਮਾਏਦਾਰਾ ਵਿਕਾਸ ਦੇ ਮਨੁੱਖ ਦੋਖੀ ਕਿਰਦਾਰ ਨੂੰ ਨੰਗਾ ਕੀਤਾ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ, ਸ਼ਹਿਰਾਂ ਤੇ ਸੈਰ-ਸਪਾਟੇ ਦੇ ਖੇਤਰਾਂ ਵਿੱਚ ਤਬਾਹੀ ਲਈ ਵੱਡੇ ਪੱਧਰ ‘ਤੇ ਅਧਾਰ ਤਿਆਰ ਕੀਤਾ ਹੈ ਜੋ ਭਵਿੱਖ ਵਿੱਚ ਸਮੇਂ-ਸਮੇਂ ‘ਤੇ ਤ੍ਰਾਸਦੀਆਂ ਦਾ ਕਾਰਨ ਬਣਦਾ ਰਹੇਗਾ। 

ਮੁਨਾਫੇ ‘ਤੇ ਟਿਕੇ ਸਰਮਾਏਦਾਰਾ ਪ੍ਰਬੰਧ ਵਿੱਚ ਇਹਨਾਂ ਤ੍ਰਾਸਦੀਆਂ ਤੋਂ ਛੁਟਕਾਰੇ ਅਤੇ ਮਨੁੱਖਤਾ ਨੂੰ ਕੇਂਦਰ ਵਿੱਚ ਰੱਖ ਕੇ ਯੋਜਨਾਬੱਧ ਢੰਗ ਨਾਲ਼ ਕੁਦਰਤ ਨਾਲ਼ ਤਾਲਮੇਲ ਬਿਠਾ ਕੇ ਵਿਕਾਸ ਦੀ ਆਸ ਕਰਨਾ ਮੂਰਖਤਾ ਹੋਵੇਗੀ। ਇਸ ਵਾਸਤੇ ਸਮਾਜਵਾਦੀ ਆਰਥਿਕ ਤੇ ਸਿਆਸੀ ਢਾਂਚੇ ਦੀ ਜ਼ਰੂਰਤ ਹੈ। ਚੇਨੱਈ ਜਿਹੀਆਂ ਤ੍ਰਾਸਦੀਆਂ ਵਾਰ-ਵਾਰ ਸਾਨੂੰ ਸਰਮਾਏਦਾਰਾ ਪ੍ਰਬੰਧ ਦੀ ਤਬਾਹੀ ਅਤੇ ਸਮਾਜਵਾਦੀ ਪ੍ਰਬੰਧ ਦੀ ਉਸਾਰੀ ਲਈ ਸਮਾਜਿਕ ਇਨਕਲਾਬ ਦੀ ਤਿਆਰੀ ਦੇ ਮੈਦਾਨ ਵਿੱਚ ਕੁੱਦਣ ਦੀ ਫੌਰੀ ਲੋੜ ਦਾ ਅਹਿਸਾਸ ਕਰਾਉਂਦੀਆਂ ਹਨ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 47, ਜਨਵਰੀ 2016 ਵਿਚ ਪਰ੍ਕਾਸ਼ਤ