ਚੀਨ ਵਿੱਚ ਆਤਸ਼ਕ ਰੋਗ ’ਤੇ ਜਿੱਤ  

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਆਤਸ਼ਕ  ਇੱਕ ‘ਸਮਾਜਕ ਰੋਗ’ ਹੈ- ਯਾਨੀ ਕਿ ਅਜਿਹਾ ਰੋਗ ਜਿਸ ਦੀ ਹੋਂਦ ਅਤੇ ਪਸਾਰ ( ਅਤੇ ਜਿਵੇਂ ਅਸੀਂ ਦੇਖਾਂਗੇ, ਇਸ ਦਾ ਪਤਨ ਅਤੇ ਖਾਤਮਾ) ਸਮਾਜਕ ਅਤੇ ਸਿਆਸੀ ਕਾਰਨਾਂ ਦੇ ਮੁਥਾਜ ਹੈ। ਇਸ ਵੱਲੋਂ ਚੀਨ ਨੂੰ ਆਪਣੀ ਗਿ੍ਰਫ਼ਤ ’ਚ ਲੈਣ ਲਈ ਜ਼ੁੰਮੇਵਾਰ ਕਿਹੜੇ ਸਿਆਸੀ ਅਤੇ ਸਮਾਜਕ ਕਾਰਨ ਸਨ?

ਸਭ ਤੋਂ ਪਹਿਲਾਂ ਸਾਮਰਾਜਵਾਦ ਅਤੇ ਬਸਤੀਵਾਦ, ਹਮਲਾਵਰ ਦੇਸ਼ਾਂ ਵੱਲੋਂ ਇਸ ਦੇ ਖੇਤਰ ਦਾ ਜਬਰੀ ਕਬਜਾ, ਇਸ ਦੇ ਲੋਕਾਂ ਦੀ ਅਧੀਨਗੀ ਅਤੇ ਇਸ ਦੀ ਆਰਥਕਤਾ ਦੀ ਤਬਾਹੀ।

ਦੂਜੇ ਨੰਬਰ ’ਤੇ ਸਾਮਰਾਜਵਾਦ ਨਾਲ਼ ਅਟੁੱਟ ਜੁੜੀ ਹੋਈ ਜੰਗ ਅਤੇ ਇਸ ਦੇ ਸਿੱਟੇ ਵਜੋਂ ਚੀਨੀ ਸਮਾਜ ਦੀ ਟੁੱਟ-ਭੱਜ। ਲੁਟੇਰਿਆਂ ਅਤੇ ਜਾਲਮਾਂ ਦੀ ਸੇਵਾ ’ਚ ਲੱਗੀਆਂ ਹਮਲਾਵਰ ਤੇ ਦੇਸੀ ਫ਼ੌਜਾਂ ਦਾ ਦਸਤੂਰ, ਲੁੱਟ-ਖਸੁੱਟ, ਉਜਾੜਾ ਅਤੇ ਬਲਾਤਕਾਰ। ਚੀਨ ਦੇ ਪਿੰਡਾਂ ਵਿੱਚ ਆਤਸ਼ਕ ਦਾ ਘਟਨਾਕ੍ਰਮ ਅਮਰੀਕੀ, ਜਪਾਨੀ ਅਤੇ ਕੌਮਿਨਤਾਂਗੀ ਹਮਲਾਵਰ ਫੌਜਾਂ ਦੀ ਗਿਣਤੀ ਅਤੇ ਠਹਿਰ ਦੇ ਸਮੇਂ ਨਾਲ਼ ਸਿੱਧੇ ਅਨੁੁਪਾਤ ਵਿੱਚ ਜੁੜਿਆ ਹੋਇਆ ਸੀ।

ਤੀਜੇੇ ਨੰਬਰ ’ਤੇ  ਜਗੀਰੂ ਅਤੇ ਪੂੰਜੀਵਾਦੀ ਲੁੱਟ ਦੇ ਸਿੱਟੇ ਵਜੋਂ ਗਰੀਬੀ ਆਰਥਕ ਪਛੜਿਆਪਣ ਅਤੇ ਅਸੁਰੱਖਿਆ।

ਚੌਥੇ ਨੰਬਰ ’ਤੇ ਨਸ਼ੀਲੇ ਪਦਾਰਥਾਂ ਦੀ ਵਾਦੀ। ਨਸ਼ੀਲੇ ਪਦਾਰਥ ਅਤੇ ਵੇਸਵਾਗਮਨੀ ਬਦਕਾਰ ਹਮਜੋਲੀ ਹਨ।

ਪੰਜਵੇਂ ਨੰਬਰ ’ਤੇ ਜਮਾਤੀ ਸਮਾਜ ਦੀ ਖਾਸੀਅਤ, ਔਰਤਾਂ ਪ੍ਰਤੀ ਰਵੱਈਆ, ਜਿਹੜਾ ਔਰਤਾਂ ਨੂੰ ਮਰਦਾਂ ਨਾਲੋਂ ਘਟੀਆ ਸਮਝਦਾ ਹੈ, ਉਹਨਾਂ ਨੂੰ ਆਪਣੀਆਂ ਗੁਲਾਮ ਤੇ ਖਿਡੌਣੇ ਮਾਤਰ ਸਮਝਦਾ ਹੈ। ਬਹੁ-ਪਤਨੀ ਪ੍ਰਥਾ, ਰਖੇਲ ਪ੍ਰਥਾ ਅਤੇ ਬਾਲ ਵਿਆਹ ਵਾਲ਼ੇ  ਜਗੀਰੂ ਸਮਾਜ ਅਤੇ ਔਰਤ ਲਈ ਕਾਨੂੰਨੀ ਅਤੇ ਜਾਇਦਾਦ ਦੇ ਅਧਿਕਾਰਾਂ ਦੀ ਮੁਕੰਮਲ ਗੈਰ-ਮੌਜੂਦਗੀ ਵਿੱਚ ਮਰਦਾਂ ਔਰਤਾਂ ਵਿਚਕਾਰ ਨੰਗੀ ਚਿੱਟੀ ਦਿਖਾਈ ਦਿੰਦੀ ਨਾਬਰਾਬਰੀ।

ਚੀਨੀ ਮਜ਼ਦੂਰ ਜਮਾਤ ਵੱਲੋੋਂ ਸਿਆਸੀ ਸੱਤ੍ਹਾ ’ਤੇ ਫਤਿਹ ਪਾਉਣ ਦੇ ਕੁੱਝ ਸਾਲਾਂ ’ਚ ਹੀ ਆਤਸ਼ਕ ਰੋਗ ’ਤੇ ਜਿੱਤ, ਵਡੇਰੀਆਂ ਸਿਹਤ ਸੇਵਾਵਾਂ ਨੂੰ ਨਜਿੱਠਣ ’ਚ ਸਿਆਸਤ ਦੇ ਫੈਸਲਾਕੁੰਨ ਰੋਲ ਦੀ ਸਿਰ ਕੱੱਢ ਮਿਸਾਲ ਹੈ।

ਚੀਨ ਵਿੱਚ ਆਤਸ਼ਕ ਰੋਗ ਦੇ ਖਾਤਮੇ ਲਈ ਦੋ ਮੁੱਖ ਪੂਰਵ ਸ਼ਰਤਾਂ ਸਨ। ਪਹਿਲੀ ਸੀ ਸਮਾਜਵਾਦੀ ਢਾਂਚੇ ਦੀ ਸਥਾਪਤੀ, ਜਿਸ ਨੇ ਲੁੱਟ ਖਸੁੱਟ ਖਤਮ ਕਰ ਦਿੱਤੀ ਅਤੇ ਦੱਬੇ ਕੁਚਲੇ ਲੋਕਸਮੂਹਾਂ ਨੂੰ ਆਪਣੀ ਕਿਸਮਤ ਦੇ ਮਾਲਕ ਬਣਾ ਦਿੱਤਾ। ਦੂਜੀ ਸੀ ਇਸ ਮੁਹਿੰਮ ਵਿੱਚ ਸ਼ਾਮਲ ਉਹਨਾਂ ਸਾਰਿਆਂ ਨੂੰ, ਚਾਹੇ ਉਹ ਸਧਾਰਨ ਲੋਕ ਹਨ ਜਾਂ ਮੈਡੀਕਲ ਖੇਤਰ ਵਿਚਲੇ- ਲੋਕਾਂ ਦੀ ਸੇਵਾ ਅਤੇ ਸਮਾਜਵਾਦੀ ਦੀ ਉਸਾਰੀ ’ਚ ਮਦਦ ਕਰਨ ਦੇ ਦਿ੍ਰੜ ਇਰਾਦੇ ਨਾਲ਼ ਲੈਸ ਕਰਨਾ ਤਾਂ ਜੋ ਉਹ ਉਹਨਾਂ ਸਾਹਮਣੇ ਅੜ ਰਹੀਆਂ ਮੁਸ਼ਕਲਾਂ ਨੂੰ ਸਰ ਕਰਨ ਦੇ ਯੋਗ ਹੋ ਜਾਣ। ਇਸ ਅਨੁਸਾਰ ਹੇਠ ਲਿਖੇ ਕਦਮ ਚੁੱਕੇ ਗਏ।

ਵੇਸਵਾਗਮਨੀ ਦਾ ਖਾਤਮਾ 

ਮੁਕਤੀ ਦੇ ਕੁੱਝ ਹਫਤਿਆਂ ਦੇ ਵਿੱਚ ਹੀ ਲੋਕਾਂ ਦੀ ਸਿੱਧੀ ਕਾਰਵਾਈ ਰਾਹੀਂ ਵੇਸਵਾਘਰਾਂ ਦੀ ਵੱਡੀ ਗਿਣਤੀ ਬੰਦ ਕਰ ਦਿੱਤੀ ਗਈ। ਲੋਕਾਂ ਦੀ ਵੱਡੀ ਭਾਰੀ ਬਹੁ-ਗਿਣਤੀ ਨੇ ਪ੍ਰਵਾਨ ਕਰ ਲਿਆ ਸੀ ਕਿ ਵੇਸਵਾਗਮਨੀ ਨੁਕਸਾਨਦੇਹ ਹੈ। ਇਸ ਨਾਲ਼ ਵੇਸਵਾਵਾਂ ਦੀ ਅੰਨ੍ਹੀ ਲੁੱਟ ਹੁੰਦੀ ਹੈ, ਜਿਹੜੀਆਂ ਆਮ ਤੌਰ ’ਤੇ ਗਰੀਬੀ ਜਾਂ ਨਿਰਦਈ ਸੀਨਾਜ਼ੋਰੀ ਕਰਕੇ ਇਸ ਧੰਦੇ ’ਚ ਧੱਕੀਆਂ ਜਾਂਦੀਆਂ ਹਨ। ਰੋਹ ’ਚ ਆਈ ਲੋਕਾਂ ਨੇ ਨਸ਼ਿਆਂ ਦੇ ਤਸਕਰਾਂ, ਬਦਮਾਸ਼ਾਂ ਅਤੇ ਵੇਸਵਾਘਰਾਂ ਦੇ ਗੁੰਡੇ ਮਾਲਕਾਂ ਦੀ ਆਪਣੇ ਹੱਥੀਂ ਭੁਗਤ ਸੁਆਰੀ ਜਾਂ ਸੁਰੱਖਿਆ ਦਸਤਿਆਂ ਦੇ ਹਵਾਲੇ ਕਰ ਦਿੱਤਾ। 1951 ਵਿੱਚ ਵੇਸਵਾਗਮਨੀ ਨੂੰ ਗੈਰ-ਕਾਨੂੰਨੀ ਕਰਾਰ ਦੇ ਕੇ, ਸਰਕਾਰੀ ਹੁਕਮਾਂ ਅਨੁਸਾਰ ਬੰਦ ਕਰ ਦਿੱਤਾ ਗਿਆ।

ਵੇਸਵਾਵਾਂ ਨੂੰ ਸੱਭ ਤੋਂ ਪਹਿਲਾਂ ਲਿੰਗ ਰੋਗਾਂ ਤੋਂ ਰਾਜ਼ੀ ਕਰਨਾ ਜਰੂਰੀ ਸੀ ਜੋ 90 ਫੀਸਦੀ ਤੋਂ ਵੀ ਵੱਧ ਨੂੰ ਲੱਗੇ ਹੋਏ ਸਨ। ਇਹ ਉਹਨਾਂ ਦੇ ਸਮਾਜਕ ਮੁੜ-ਵਸੇਬੇ ਨੂੰ ਹੱਥ ਪਾਉਣਾ ਸੀ। ਵੇਸਵਾਵਾਂ ਨੂੰ ਬਦਕਾਰ ਸਮਾਜਕ ਨਿਜ਼ਾਮ ਦੀਆਂ ਸ਼ਿਕਾਰ ਹੋਈਆਂ ਸਮਝਿਆ ਗਿਆ। ਉਨ੍ਹਾਂ ਦੀ ਘਰ ਵਾਪਸ ਜਾਣ ਲਈ ਹੌਂਸਲਾ-ਅਫਜਾਈ ਕੀਤੀ ਗਈ ਅਤੇ ਕੰਮਾਂ ਦੀ ਤਲਾਸ਼ ਕੀਤੀ ਗਈ। ਉਨ੍ਹਾਂ ਦੇ ਪ੍ਰਵਾਰਾਂ ਨੂੰ ਧੀਰਜ ਨਾਲ਼ ਸਮਝਾਇਆ ਗਿਆ ਕਿ ਪੁਰਾਣੇ ਸਮਾਜ ਦੀ ਕਰੋਪੀ ਹੇਠ ਰਹੇ ਹੋਣਾ ਨਮੋਸ਼ੀ ਵਾਲ਼ੀ ਗੱਲ ਨਹੀਂ ਬਣਦੀ ਅਤੇ ਹੁਣ ਹਰ ਕੋਈ, ਜਿਹੜਾ ਵੀ ਚੰਗਾ ਕੰਮ ਕਰਦਾ ਹੈ, ਇੱਜਤ ਦਾ ਹੱਕਦਾਰ ਸੀ।

ਵੇਸਵਾਗਮਨੀ ’ਚ ਡੂੰਘੀਆਂ ਧਸੀਆਂ ਹੋਈਆਂ ਨੂੰ  ਮੁੜ-ਵਸੇਬਾ ਸੈਂਟਰਾਂ ’ਚ ਦਾਖਲ ਕੀਤਾ ਗਿਆ, ਜਿੱਥੇ ਸਰਕਾਰ ਦੀ ਉਨ੍ਹਾਂ ਪ੍ਰਤੀ ਨੀਤੀ, ਨੇ ਰਾਜ-ਪ੍ਰਬੰਧ ਦੇ ਖਾਸੇ, ਉਨ੍ਹਾਂ ਦੇ ਵੇਸਵਾ ਬਣਨ ਦੇ ਕਾਰਨ ਅਤੇ ਉਨ੍ਹਾਂ ਲਈ ਖੁੱਲ੍ਹ ਰਹੇ ਨਵੇਂ ਮੌਕੇ, ਬਸ਼ਰਤੇ ਕਿ ਉਹ ਖੁੱਦ ਯੋਗਦਾਨ ਪਾਉਣ ਲਈ ਰਾਜ਼ੀ ਹੋਣ, ਬਾਰੇ ਘੋਖਿਆ ਵਿਚਾਰਿਆ ਜਾਂਦਾ ਸੀ। ਇਸ ਦੇ ਨਾਲ਼ ਹੀ ਉਨ੍ਹਾਂ ਨੂੰ ਕਿਸੇ ਨਾ ਕਿਸੇ ਕਿੱਤੇ ਦੀ ਸਿਖਲਾਈ ਦਿੱਤੀ ਗਈ, ਪੈਦਾਵਾਰੀ ਕੰਮ ’ਚ ਲਗਾਇਆ ਗਿਆ, ਜਿਸ ਦੀ ਹੋਰਨਾਂ ਕਾਮਿਆਂ ਦੇ ਬਰਾਬਰ ਅਦਾਇਗੀ ਕੀਤੀ ਜਾਂਦੀ ਸੀ। ਪੜ੍ਹਾਈ-ਲਿਖਾਈ, ਕੰਮ ਕਾਰ, ਮਨ-ਪ੍ਰਚਾਵੇ ਲਈ ਖੁੱਦ ਆਪਣੀ ਕਮੇਟੀਆਂ ਜਥੇਬੰਦ ਕਰਨ ਲਈ ਉਨ੍ਹਾਂ ਨੂੰ ਉਤਸ਼ਾਹਤ ਕੀਤਾ ਗਿਆ ਅਤੇ ਜੱਦ ਵੀ ਚਾਹੁਣ ਉਹ ਸੈਂਟਰ ਨੂੰ ਛੱਡ ਕੇ ਜਾਣ ਲਈ ਅਜ਼ਾਦ ਸਨ। ਜਿਹੜੀਆਂ ਗਾ ਸਕਦੀਆਂ ਸਨ, ਨੱਚ ਸਕਦੀਆਂ ਸਨ, ਨਾਟਕ ਕਰ ਸਕਦੀਆਂ ਸਨ ਜਾਂ ਲਿਖ ਸਕਦੀਆਂ ਸਨ ਉਨ੍ਹਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ, ਹੋਰਨਾਂ ਸੈਂਟਰਾਂ ’ਚ ਅਭਿਨੈ ਕੀਤੇ। ਪ੍ਰਵਾਰਕ ਮੈਂਬਰਾਂ ਦੇ ਫੇਰੀਆਂ ਨੂੰ ਉਤਸ਼ਾਹਤ ਕੀਤਾ ਗਿਆ। ਜਦ ਉਨ੍ਹਾਂ ਦੇ ਮੁੜ-ਵਸੇਬੇ ਦਾ ਕਾਰਜ ਮੁਕੰਮਲ ਹੋ ਗਿਆ, ਉਨ੍ਹਾਂ ਲਈ ਸ਼ਹਿਰ ’ਚ ਕੰਮ ਲੱਭੇ ਗਏ ਜਾਂ ਵਾਪਸ ਪਿੰਡਾਂ ਨੂੰ ਭੇਜ ਦਿੱਤੀਆਂ ਗਈਆਂ। ਉਨ੍ਹਾਂ ਦੀ ਆਰਥਕ ਸੁਰੱਖਿਆ ਦੀ ਗਰੰਟੀ ਕੀਤੀ ਗਈ।

ਔਰਤਾਂ ਦੀ ਹੈਸੀਅਤ ’ਚ ਕਾਇਆਪਲਟੀ

ਬਿਨ੍ਹਾਂ ਛੱਕ, ਵੇਸਵਾਘਰਾਂ ਦਾ ਅੰਤ ਅਤੇ ਵੇਸਵਾਗਮਨੀ ’ਤੇ ਕਾਨੂੰਨੀ ਪਾਬੰਦੀ ਨੂੰ ਵੇਸਵਾਗਮਨੀ ਦੇ ਖਾਤਮੇ ਜਾਂ ਔਰਤਾਂ ਦੀ ਮੁਕੰਮਲ ਮੁਕਤੀ ਦੇ ਸਮਾਨਰੂਪੀ ਨਹੀਂ ਮੰਨਿਆ ਜਾ ਸਕਦਾ। ਇਸ ਦਾ ਇੱਕੋ-ਇੱਕ ਬੁਨਿਆਦੀ ਢੰਗ ਹੈ, ਪਹਿਲਾਂ ਸਮਾਜ ਦੇ ਢਾਂਚੇ ਨੂੰ ਬਦਲਿਆ ਜਾਵੇ, ਫਿਰ ਉਨ੍ਹਾਂ ਦੀ ਸੋਚ ਨੂੰ ਬਦਲਿਆ ਜਾਵੇ ਜਿਹੜੇ ਇਸ ਦੇ ਸਿਰਜਣਹਾਰ ਹਨ। ਲੱਖਾਂ ਲੋਕਾਂ ਦੀਆਂ ਸਦਾਚਾਰਕ ਕਦਰਾਂ-ਕੀਮਤਾਂ ਤੇ ਡੂੰਘੇ ਰਚੇ ਰੀਤੀ-ਰਿਵਾਜਾਂ ਨੂੰ ਬਦਲਣ ਲਈ ਬਹੁਤ ਲੰਮਾਂ ਸਮਾਂ ਲੱਗਦਾ ਹੈ। ਪਰ ਮੁਕਤੀ ਤੋਂ ਬਾਅਦ ਭਾਰੀ ਵਿਕਾਸ ਹੋਇਆ।…… ਇਹ ਦਾਅਵੇ ਨਾਲ਼ ਕਿਹਾ ਜਾ ਸਕਦਾ ਹੈ ਕਿ ਇਤਿਹਾਸ ਅੰਦਰ ਔਰਤਾਂ ਦੇ ਰੁਤਬੇ ’ਚ ਅਜਿਹੀ ਕਾਇਆਪਲਟੀ ਵੇਖਣ ਨੂੰ ਨਹੀਂ ਮਿਲ਼ੀ ਜੋ 1949 ਤੋਂ ਲੈ ਕੇ ਚੀਨ ਵਿੱਚ ਹੋਈ ਹੈ।

ਗਰੀਬੀ ਦਾ ਖਾਤਮਾ

ਭਾਂਵੇ ਚੀਨ ਅਜੇ ਇੱਕ ਗਰੀਬ ਦੇਸ਼ ਹੈ, ਪਰ ਗਰੀਬੀ ਦੇ ਖਾਤਮੇ ਦੀ ਗੱਲ ਕੀਤੀ ਜਾ ਸਕਦੀ ਹੈ। ਕਿਸੇ ਖਾਸ ਸਮੇਂ ਕਿਸੇ ਦੇਸ਼ ਵਿੱਚ ਸਮਾਜਕ ਢਾਂਚੇ ਅਤੇ ਪੈਦਾਵਾਰੀ ਪੱਧਰ ਦੇ ਪ੍ਰਸੰਗ ਵਿੱਚ ਹੀ ਇਸਦਾ ਕੋਈ ਅਰਥ ਹੁੰਦਾ ਹੈ। ਪਰ ਯਕੀਨਨ ਹੀ ਅਜਿਹੀ ਹਾਲਤ ਉਸਾਰੀ ਗਈ ਹੈ, ਜਿਸ ਵਿੱਚ ਗੁਲਾਮ ਕੁੜੀਆਂ ਅਤੇ ਵੇਸਵਾਵਾਂ ਦਾ ਸ਼ਹਿਰਾਂ ਅੰਦਰ ਅਟੱਲ ਪ੍ਰਵਾਹ ਮੁੜ ਨਾ ਵਾਪਰ ਸਕੇ। ਲੱਖਾਂ ਦੀ ਗਿਣਤੀ ਵਿੱਚ ਨਵੇਂ ਰੁਜ਼ਗਾਰ ਪੈਦਾ ਕਰ ਦਿੱਤੇ ਗਏ ਹਨ ਅਤੇ ਸਮਾਜਕ ਸੁਰੱਖਿਆ ਦਾ ਵਿਸ਼ਾਲ ਢਾਂਚਾ ਉਸਾਰਿਆ ਜਾ ਰਿਹਾ ਹੈ। ਚੀਨ ਵਿੱਚ ਕਿਸੇ ਨੂੰ ਗੁਜ਼ਾਰੇ ਦੇ ਘੱਟੋ-ਘੱਟ ਪੱਧਰ ਤੋਂ ਹੇਠਾਂ ਡਿੱਗ ਪੈਣ, ਭੁੱਖੇ ਰਹਿਣ, ਬੇਘਰੇ ਹੋ ਜਾਣ ਜਾਂ ਤਨ ’ਤੇ ਲੋੜੀਂਦੇ ਕੱਪੜਿਆਂ ਤੋਂ ਵਾਂਝਾ ਹੋਣ ਨਹੀਂ ਦਿੱਤਾ ਜਾਂਦਾ। ਸੰਵਿਧਾਨ ਦੀ ਇੱਕ ਧਾਰਾ ਇਉਂ ਕਹਿੰਦੀ ਹੈ, “ ਲੋਕ ਗਣਰਾਜ ਚੀਨ ਵਿੱਚ ਕਿਰਤੀ ਲੋਕਾਂ ਨੂੰ ਬੁਢਾਪੇ ਵਿੱਚ, ਬਿਮਾਰੀ ਦੀ ਹਾਲਤ ਵਿੱਚ ਅਤੇ ਅਪਾਹਜ ਹੋ ਜਾਣ ਦੀ ਹਾਲਤ ਵਿੱਚ, ਪਦਾਰਥਕ ਸਹਾਇਤਾ ਦਾ ਅਧਿਕਾਰ ਹੈ।”

ਵੇਸਵਾਗਮਨੀ ਅਤੇ ਅਪਰਾਧ ਦੀਆਂ ਜੜ੍ਹਾਂ ਹਮੇਸ਼ਾਂ ਲਈ ਵੱਢ ਦਿੱਤੀਆਂ ਗਈਆਂ ਹਨ।

 ਆਤਸ਼ਕ ਰੋਗ ਵਿਰੁੱਧ ਜਨਤਕ ਮੁਹਿੰਮਾਂ

ਅਗਸਤ 1950 ਵਿੱਚ ਪਹਿਲੀ ਕੌਮੀ ਸਿਹਤ ਕਾਨਫਰੰਸ ਨੇ 4 ਸੇਧਕ ਅਸੂਲ ਪਾਸ ਕੀਤੇ-

-ਸਿਹਤ ਸੇਵਾਵਾਂ ਦੇ ਕੰਮ ਨੂੰ ਪ੍ਰਮੁੱਖ ਤੌਰ ’ਤੇ ਕਿਰਤੀ ਲੋਕ-ਸਮੂਹਾਂ ਦੀ ਸੇਵਾ ਕਰਨੀ ਚਾਹੀਦੀ ਹੈ।

-ਮੁੱਖ ਜੋਰ ਰੋਗ ਦੀ ਰੋਕਥਾਮ ’ਤੇ ਹੋਣਾ ਚਾਹੀਦਾ ਹੈ।

-ਰਵਾਇਤੀ ਅਤੇ ਆਧੁਨਿਕ ਡਾਕਟਰਾਂ ਵਿਚਕਾਰ ਡੂੰਘੀ ਏਕਤਾ ਵਿਕਸਤ ਕਰਨੀ ਚਾਹੀਦੀ ਹੈ।

-ਸਿਹਤ ਸੇਵਾਵਾਂ ਦਾ ਕੰਮ ਜਨਤਕ ਮੁਹਿੰਮਾਂ ਰਾਹੀਂ ਚਲਾਇਆ ਜਾਣਾ ਚਾਹੀਦਾ ਹੈ।

ਆਤਸ਼ਕ ਰੋਗ ਵਿਰੁੱਧ ਘੁਲਾਟੀਆਂ ਦੀ ਫੌਜ ਲਾਮਬੰਦ

ਲੰਮੀਆਂ-ਚੌੜੀਆਂ ਅਤੇ ਵਿੱਚ-ਵਿੱਚ ਭਖ-ਭਖਾਅ ਵਾਲ਼ੀਆਂ ਬਹਿਸਾਂ ਰਾਹੀਂ ਅੰਤ ਇਹ ਸਪਸ਼ਟ ਹੋ ਗਿਆ ਕਿ ਲਿੰਗ ਰੋਗ ਦੇ ਖਾਤਮੇ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਮੈਡੀਕਲ ਕਾਮਿਆਂ ਨੂੰ ਮਾਓ-ਜ਼ੇ-ਤੁੰਗ ਦੇ ਵਿਚਾਰਾਂ ’ਤੇ ਅਧਾਰਤ ਇੱਕ ਨਵੀਂ ਫਿਲਾਸਫੀ ਨੂੰ ਅਤੇ ਕੰਮ ਕਰਨ ਦੇ ਨਵੇਂ ਢੰਗ ਨੂੰ ਪੱਲੇ ਬੰਨ੍ਹਣ ਦੀ ਮੁੱਢਲੀ ਲੋੜ ਹੈ। ਚੀਨ ਵਿੱਚ ਸਿਆਸੀ ਤੇ ਪੇਸ਼ਾਵਰ ਯੋਗਤਾਵਾਂ ਦੇ ਮੇਲ-ਜੋੜ ਨੂੰ “ਲਾਲ ਅਤੇ ਮਾਹਰ” ਬਣਨਾ ਆਖਿਆ ਜਾਂਦਾ ਹੈ। ਜਦ ਇਹਨਾਂ ਬੁਨਿਆਦੀ ਅਸੂਲਾਂ ’ਤੇ ਸਹਿਮਤੀ ਹੋ ਗਈ ਤਾਂ ਸਿਖਲਾਈ ਦੇ ਢੰਗਾਂ ਅਤੇ ਭਰਤੀ ਬਾਰੇ ਉਲਟੇ-ਪੁਲਟੇ ਸੁਆਲਾਂ ਦੇ ਜੁਆਬ ਦੇਣੇ ਸੌਖੇ ਹੋ ਗਏ।

ਅਧਿਆਪਕ, ਬਹੁਤਾ ਕਰਕੇ ਪੁਰਾਣੇ ਰਾਜ ਦੇ ਸਿੱਖਿਅਤ ਪ੍ਰਾਈਵੇਟ ਪੇਸ਼ਾਵਰ ਸਨ। ਸਿਖਿਆਰਥੀਆਂ ਨਾਲ਼ ਰਲ਼-ਮਿਲ਼ ਕੇ ਉਨ੍ਹਾਂ ਨੇ ਸਿਆਸਤ ਦੀ ਪੜ੍ਹਾਈ ਕੀਤੀ। ਖਾਸ ਕਰਕੇ ਤਿੰਨ ਪੁਰਾਣੀਆਂ ਲਿਖਤਾਂ (ਨਾਰਮਨ ਸੈਥਿਊਨ ਦੀ ਯਾਦ ਵਿੱਚ, ਲੋਕਾਂ ਦੀ ਸੇਵਾ ਕਰੋ, ਮੂਰਖ ਬੁੱਢਾ ਆਦਮੀ ਜਿਸ ਨੇ ਪਹਾੜ ਹਟਾ ਦਿੱਤੇ) ਦੀ। ਆਮ ਲੋਕਾਂ ਨਾਲ਼ ਘੁਲ਼ਣਾ-ਮਿਲ਼ਣਾ ਸਿੱਖਿਆ ਅਤੇ ਘੁਮੰਡ ਤੇ ਉਤਮਤਾ ਦੇ ਪੁਰਾਣੇ ਵਿਚਾਰਾਂ ਤੋਂ ਖਹਿੜਾ ਛੁਡਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ, ਜਿਵੇਂ ਕਿ ਮਾਓ ਕਹਿੰਦਾ ਹੈ, “ਲੋਕਾਂ ਦੇ ਅਧਿਆਪਕ ਬਣਨ ਲਈ ਪਹਿਲਾਂ ਲੋਕਾਂ ਦੇ ਸ਼ਗਿਰਦ ਬਣਨਾ ਜਰੂਰੀ ਹੈ।”

ਹੌਲ਼ੀ-ਹੌਲ਼ੀ ਇੱਕਜੁੱਟ ਸਿਆਸੀ ਨਜ਼ਰੀਏ ਦੇ ਅਧਾਰ ’ਤੇ ਅਧਿਆਪਕਾਂ ਅਤੇ ਸ਼ਗਿਰਦਾਂ ਵਿਚਕਾਰ, ਰਵਾਇਤੀ (ਦੇਸੀ) ਅਤੇ ਆਧੁਨਿਕ ਡਾਕਟਰਾਂ ਵਿਚਕਾਰ, ਲੋਕਾਂ ਅਤੇ ਮੈਡੀਕਲ ਤੇ ਪੈਰਾ ਮੈਡੀਕਲ ਕਾਮਿਆਂ ਦੇ ਕੁੱਲ ਸਮੂਹ ਵਿਚਕਾਰ ਏਕਤਾ ਸਥਾਪਤ ਹੋ ਗਈ ਅਤੇ ਚਾਲੂ ਕੰਮ ਦੌਰਾਨ ਇਹ ਹੋਰ ਵੀ ਮਜ਼ਬੂਤ ਹੋ ਗਈ।

ਕੇਸ ਤਲਾਸ਼ ਕਰਨ ਦੇ ਨਵੇਂ ਢੰਗ

ਮੁਲਕ ਭਰ ’ਚ ਥਾਂ ਥਾਂ ਬਿੱਖਰੇ ਲੁਪਤ ਆਤਸ਼ਕ ਰੋਗ ਦੇ ਲੱਖਾਂ ਰੋਗੀਆਂ ਦੀ ਤਲਾਸ਼ ਇੱਕ ਬਹੁਤ ਵੱਡਾ ਕਾਰਜ ਸੀ, ਜੋ ਰਵਾਇਤੀ ਲੀਹਾਂ ’ਤੇ ਨਜਿੱਠਿਆ ਨਹੀਂ ਜਾ ਸਕਦਾ। ਇਹ ਕਿਵੇਂ ਹੋ ਸਕੂ, ਰਾਇਆਂ ਵੱਖ-ਵੱਖ ਸਨ। ਰੂੜੀਵਾਦੀ ਅਤੇ ਕੱਟੜ ਸੋਚ ਦੇ ਧਾਰਨੀਆਂ ਨੇ ਕਾਰਜ ਕੁਸ਼ਲਤਾ ਵਧਾਉਣ, ਹੋਰ ਵੱਧ ਅਮਲੇ ਫੈਲੇ, ਟੈਸਟ ਕਰਨ ਦੇ ਬਿਹਤਰ ਅਤੇ ਫੁਰਤੀਲੇ ਢੰਗ ਅਤੇ ਵਧੇਰੇ ਖਰਚੇ ਕਰਨ ’ਤੇ ਜ਼ੋਰ ਦਿੱਤਾ। ਇਹ ਉਨ੍ਹਾਂ ਦੀ ਨਿਰੀ ਪੁਰੀ ਤਕਨੀਕੀ ਪਹੁੰਚ ਸੀ। ਜਿਹੜੇ ਜੁਅੱਰਤਮੰਦ ਸਨ ਅਤੇ ਇਨਕਲਾਬੀ ਢੰਗ ਨਾਲ਼ ਸੋਚ ਸਕਦੇ ਸਨ ਉਨ੍ਹਾਂ ਨੇ ਸਫਲਤਾ ਦੀ ਕੁੰਜੀ ਵਜੋਂ ਲੋਕਾਂ ਦੀ ਪਹਿਲਕਦਮੀ ’ਤੇ ਭਰੋਸੇ ਵਾਲ਼ੀ ਸਿਆਸੀ ਪਹੁੰਚ ’ਤੇ ਜ਼ੋਰ ਪਾਇਆ। ਸਿਆਸੀ ਪਹੁੰਚ ਦੀ ਜਿੱਤ ਹੋਈ, ਬੇਸ਼ੱਕ ਸੰਘਰਸ਼ ਤੋਂ ਬਗੈਰ ਨਹੀਂ….।

ਇਸ ਲਈ ਜੋਰਦਾਰ ਪ੍ਰਾਪੇਗੰਡਾ ਅਤੇ ਸਿੱਖਿਆ ਮੁਹਿੰਮ ਵਿੱਢੀ ਗਈ। ਪਿੰਡਾਂ ਦੀਆਂ ਗਲੀਆਂ ਵਿੱਚ ਪ੍ਰਾਪੇਗੰਡਾ ਪੋਸਟਰ ਚਿਪਕਾਏ ਗਏ, ਮਾਰਕੀਟਾਂ ਵਿੱਚ ਇਕਾਂਗੀ ਖੇਡੇ ਗਏ, ਦਿਹਾਤੀ ਰੇਡੀਓ ’ਤੇ ਚਰਚਾਵਾਂ ਚਲਾਈਆਂ ਗਈਆਂ, ਰਾਤਾਂ ਵਾਰ-ਵਾਰ ਛੋਟੀਆਂ ਵੱਡੀਆਂ ਮੀਟਿੰਗਾਂ ਕੀਤੀਆਂ ਜਾਂਦੀਆਂ ਅਤੇ ਸੁਆਲਨਾਮੇ ਦੀ ਵਿਆਖਿਆ ਕੀਤੀ ਗਈ। ਇਸ ਤਰ੍ਹਾਂ ਹੌਲ਼ੀ-ਹੌਲ਼ੀ ਕਿਸਾਨਾਂ ਦਾ ਸਾਥ ਪ੍ਰਾਪਤ ਕੀਤਾ ਗਿਆ।

ਸ਼ੁਰੂ ’ਚ ਹੁੰਗਾਰਾ ਮੱਧਮ ਸੀ, ਥੋੜ੍ਹੇ ਪਿੰਡ ਵਾਸੀਆਂ ਨੇ ਸੁਆਲਨਾਮਾ ਭਰਿਆ। ਕਈਆਂ ਨੇ ਕੋਈ ਨਾ ਕੋਈ ਸੰਕੇਤ ਛੁਪਾ ਲਏ। ਹੋਰ ਵਧੇਰੇ ਪ੍ਰਾਪੇਗੰਡਾ ਕੀਤਾ ਗਿਆ, ਹੋਰ ਮੀਟਿੰਗਾਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਮੁੱਖ ਬੁਲਾਰੇ ਉਹ ਸਨ, ਜਿਹੜੇ ਆਤਸ਼ਕ ਰੋਗੀ ਸਨ ਅਤੇ ਟੀਕੇ ਲੱਗਣ ਨਾਲ਼ ਰਾਜ਼ੀ ਹੋ ਗਏ ਸਨ। ਉਨ੍ਹਾਂ ਨੇ ਮਾਨਸਕ ਜੱਦੋ-ਜਹਿਦ ਬਾਰੇ ਵੀ ਦੱਸਿਆ ਜਿਸ ਵਿੱਚ ਦੀ (ਬਿਮਾਰੀ ਦੇ ਅਨੁ:) ਸੰਕੇਤਾਂ ਨੂੰ ਮੰਨ ਲੈਣ ਤੋਂ ਪਹਿਲਾਂ ਉਹ ਲੰਘੇ ਸਨ ਅਤੇ ਰਾਜ਼ੀ ਹੋ ਜਾਣ ਉਪਰੰਤ ਆਪਣੀਆਂ ਭਾਵਨਾਵਾਂ ਬਾਰੇ ਦੱਸਿਆ।

ਸ਼ਨਾਖਤ ਕੀਤੇ ਕੇਸਾਂ ਦੀ ਛੋਟੀ ਗਿਣਤੀ ਵਧ ਕੇ ਹੜ੍ਹ ਬਣ ਗਈ। ਜਨਤਕ ਲੀਹ ਦੇ ਰੰਗ ਦਾ ਮਹੱਤਵ ਫੈਸਲਾਕੁੰਨ ਰੂਪ ’ਚ ਸਾਬਤ ਹੋ ਗਿਆ।

ਆਤਸ਼ਕ ਰੋਗ ਪ੍ਰਤੀ ਨਵੀਂ ਪਹੁੰਚ ਰਾਜ਼ੀ ਹੋ ਜਾਣ ਦੇ ਸੰਕਲਪ ਦੀ ਮੰਗ ਕਰਦੀ ਸੀ, ਜੋ ਵਿਅਕਤੀ ਤੋਂ ਵੱਧ ਕੇ ਪੂਰੇ ਭਾਈਚਾਰੇ ਨੂੰ ਕਲਾਵੇ ਵਿੱਚ ਲੈਂਦੀ ਹੋਵੇ। ਭਾਈਚਾਰੇ ਦੀ ਅਰੋਗਤਾ ਦਾ ਮਾਪਦੰਡ ਸਖਤ ਸੀ। ਉਸ ਵਿੱਚ ਸ਼ਾਮਲ ਸੀ- ਸਾਰੇ ਮੌਜੂਦ ਕੇਸਾਂ ਦੀ ਤਲਾਸ਼ ਅਤੇ ਇਲਾਜ, ਭਾਈਚਾਰੇ ਅੰਦਰ ਨਵੇਂ ਕੇਸਾਂ ਦੀ ਗੈਰ-ਮੌਜੂਦਗੀ, ਨਵੇਂ ਜੰਮੇ ਬੱਚਿਆਂ ਵਿੱਚ ਜਮਾਂਦਰੂ ਆਤਸ਼ਕ ਦਾ ਖਾਤਮਾ, ਇਲਾਜ ਕਰਵਾ ਚੁੱਕੀਆਂ ਮਾਵਾਂ ਦੇ ਸਹੀ ਸਲਾਮਤ ਗਰਭ ਅਤੇ ਗਰਭ-ਫਲ। ਜਦ ਇਹ ਮਾਪਦੰਡ 5 ਸਾਲਾਂ ਤੱਕ ਕਾਇਮ ਰਹਿਣ ਤਾਂ ਪ੍ਰਵਾਨ ਕਰ ਲਿਆ ਜਾਂਦਾ ਸੀ ਕਿ ਭਾਈਚਾਰਾ ਅਰੋਗ ਹੈ। ਇਸ ਤਰ੍ਹਾਂ ਕਿਸੇ ਵੇਲੇ ‘ਏਸ਼ੀਆ ਦੇ ਰੋਗੀ’ ਵਜੋਂ ਜਾਣਿਆ ਜਾਂਦਾ ਚੀਨ ਆਤਸ਼ਕ ’ਤੇ ਜਿੱਤ ਪ੍ਰਾਪਤ ਕਰਨ ਵਾਲਾ ਸੰਸਾਰ ਦਾ ਪਹਿਲਾ ਦੇਸ਼ ਬਣਿਆ।

(ਡਾ. ਜੋਸ਼ੂਆ ਐਸ. ਹੌਰਨ ਦੀ ਪੁਸਤਕ ਮਹਾਂਮਾਰੀਆਂ ਨੂੰ ਅਲਵਿਦਾ ਵਿੱਚੋਂ ਸੰਖੇਪ)

•ਸੁਰਖਲੀਹ ’ਚੋਂ ਧੰਨਵਾਦ ਸਹਿਤ

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 17, 16 ਤੋਂ 31 ਅਕਤੂਬਰ 2018 ਵਿੱਚ ਪ੍ਰਕਾਸ਼ਿਤ