ਚੀਨ ਦਾ ਸੁੰਗੜਦਾ ਵਪਾਰ ਸੰਕਟਗ੍ਰਸਤ ਸੰਸਾਰ ਅਰਥਚਾਰੇ ਦੀਆਂ ਮੁਸੀਬਤਾਂ ‘ਚ ਇੱਕ ਹੋਰ ਵਾਧਾ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

2007 ਤੋਂ ਅਮਰੀਕੀ ਸਬਪ੍ਰਾਈਮ ਸੰਕਟ ਤੋਂ ਸ਼ੁਰੂ ਹੋਇਆ ਆਰਥਿਕ ਸੰਕਟ ਪਿਛਲੇ ਕੁੱਝ ਸਾਲਾਂ ‘ਚ ਵਧਕੇ ਇੱਕ ਸੰਸਾਰ ਵਿਆਪੀ ਮਹਾਂਮੰਦੀ ਦੀ ਸ਼ਕਲ ਅਖਤਿਆਰ ਕਰ ਚੁੱਕਾ ਹੈ। ਸੰਸਾਰ ਸਰਮਾਏਦਾਰਾ ਅਰਥਚਾਰੇ ਦੀ ਹਾਲਤ ਦਿਨੋਂ-ਦਿਨ ਵਿਗੜਦੀ ਹੀ ਜਾ ਰਹੀ ਹੈ। ਅਮਰੀਕਾ ਤੋਂ ਬਾਅਦ ਸੰਸਾਰ ਦਾ ਦੂਸਰਾ ਵੱਡਾ ਅਰਥਚਾਰਾ ਚੀਨ ਇਸ ਸੰਕਟ ਦੇ ਭੰਵਰ ‘ਚ ਬੁਰੀ ਤਰ•ਾਂ ਫਸ ਗਿਆ ਹੈ। ਚੀਨ ਹੁਣ ਜਿਸ ਆਰਥਿਕ ਸੰਕਟ ‘ਚ ਫਸਿਆ ਹੈ ਅਤੇ ਦਿਨੋਂ-ਦਿਨ ਵਧੇਰੇ ਫਸਦਾ ਜਾ ਰਿਹਾ ਹੈ ਇਸਦੇ ਸੰਕੇਤ ਤਾਂ ਇੱਕ ਦਹਾਕਾ ਪਹਿਲਾਂ ਹੀ ਮਿਲਣ ਲੱਗੇ ਸਨ। ਚੀਨ ਜੋ ਕਿ ਅਮਰੀਕਾ ਤੋਂ ਬਾਅਦ ਸੰਸਾਰ ਦਾ ਦੂਸਰਾ ਵੱਡਾ ਇੰਜਣ ਹੈ, ਦੀ ਵਾਧਾ ਦਰ ਦਿਨੋਂ-ਦਿਨ ਘਟਦੀ ਜਾ ਰਹੀ ਹੈ। ਇਸ ਸਾਲ ਦੀ ਪਹਿਲੀ ਤਿਮਾਹੀ ‘ਚ ਚੀਨ ਦੀ ਕੁੱਲ ਘਰੇਲੂ ਪੈਦਾਵਾਰ ਦੀ ਵਾਧਾ ਦਰ 6.7 ਫੀਸਦੀ ਸੀ, ਜੋ ਕਿ ਪਿਛਲੇ 7 ਸਾਲਾਂ ‘ਚ ਸਭ ਤੋਂ ਘੱਟ ਸੀ। ਚੀਨ ਦਾ ਵਪਾਰ ਸੁੰਗੜ ਰਿਹਾ ਹੈ। ਇਸ ਸਾਲ ਅਪ੍ਰੈਲ ਮਹੀਨੇ ਵਿੱਚ ਚੀਨ ਦੀਆਂ ਬਰਾਮਦਾਂ ‘ਚ ਪਿਛਲੇ ਸਾਲ ਦੇ ਇਸੇ ਸਮੇਂ ਦੀ ਤੁਲਨਾ ਵਿੱਚ 1.8 ਫੀਸਦੀ ਦੀ ਗਿਰਾਵਟ ਆਈ ਹੈ। ਇਸੇ ਅਪ੍ਰੈਲ ਚੀਨ ਦੀਆਂ ਦਰਾਮਦਾਂ ‘ਚ 10.9 ਫੀਸਦੀ ਅਤੇ ਮਾਰਚ ਮਹੀਨੇ ‘ਚ 13.8 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਇਸਦੀ ਫੌਰੀ ਵਜਾ ਪੈਦਾਵਾਰ ਦੇ ਮੁਕਾਬਲੇ ਮੰਗ ਦਾ ਨਾ ਵਧਣਾ ਹੈ। ਚੀਨ ਦੀ ਸਰਕਾਰ ਆਪਣੇ ਡੁੱਬ ਰਹੇ ਅਰਥਚਾਰੇ ਨੂੰ ਉਤੇਜਕ ਪੈਕੇਜਾਂ ਦੇ ਸਹਾਰੇ ਬਚਾਉਣ ਲਈ ਯਨਤਸ਼ੀਲ ਹੈ। ਪਰ ਪਿਛਲੇ ਕੁੱਝ ਮਹੀਨਿਆਂ ‘ਚ ਚੀਨ ਦੀ ਆਰਥਿਕ ਵਾਧਾ ਦਰ ਅਤੇ ਵਪਾਰ ‘ਚ ਆਈ ਗਿਰਾਵਾਟ ਨੇ ਦਰਸਾ ਦਿੱਤਾ ਹੈ ਕਿ ਚੀਨੀ ਅਰਥਚਾਰੇ ਦੀ ਸਿਹਤ ‘ਤੇ ਇਹਨਾਂ ਉਤੇਜਕ ਪੈਕੇਜਾਂ ਦਾ ਕੋਈ ਅਸਰ ਨਹੀਂ ਹੋ ਰਿਹਾ।

ਆਰਥਿਕ  ਸੰਕਟ ਸਰਮਾਏਦਾਰਾ ਅਰਥਚਾਰੇ ਦਾ ਅਟੁੱਟ ਅੰਗ ਹੈ। ਆਰਥਿਕ ਸੰਕਟ ਰਹਿਤ ਕਿਸੇ ਸਰਮਾਏਦਾਰੀ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਆਰਥਿਕ ਸੰਕਟ ਕਿਰਤੀ ਲੋਕਾਂ ਲਈ ਅਥਾਹ ਮੁਸੀਬਤਾਂ ਲੈਕੇ ਆਉਂਦੇ ਹਨ। ਵਰਤਮਾਨ ਆਰਥਿਕ ਸੰਕਟ ਤਹਿਤ ਵੀ ਸੰਸਾਰ ਭਰ ‘ਚ ਗਰੀਬੀ, ਬੇਰੁਜਗਾਰੀ, ਗੈਰ-ਬਰਾਬਰੀ, ਵੇਸਵਾਗਮਨੀ, ਖੁਦਕੁਸ਼ੀਆਂ ‘ਚ ਤਿੱਖਾ ਵਾਧਾ ਹੋਇਆ ਹੈ। ਇਸੇ ਆਰਥਿਕ ਸੰਕਟ ਵਜੋਂ ਸੰਸਾਰ ਭਰ ‘ਚ ਸੱਜ-ਪਿਛਾਖੜੀ ਅਤੇ ਫਾਸੀਵਾਦੀ ਤਾਕਤਾਂ (ਇਸੇ ਲੁਟੇਰੇ ਢਾਂਚੇ ਨੂੰ ਬਚਾਉਣ ਦੇ ਆਖਰੀ ਉਪਾਅ ਵਜੋਂ) ਵੀ ਮਜ਼ਬੂਤ ਹੋ ਰਹੀਆਂ ਹਨ। ਦੂਜੇ ਪਾਸੇ ਕਿਰਤੀ ਲੋਕਾਂ ਦੇ ਸੰਘਰਸ਼ਾਂ ਦੇ ਅਖਾੜੇ ਵੀ ਭਖਣ ਲੱਗੇ ਹਨ। ਫਰਾਂਸ ਦਾ ਮੌਜੂਦਾ ਲੋਕ-ਉਭਾਰ ਇਸਦਾ ਪ੍ਰਤੱਖ ਪ੍ਰਮਾਣ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements