ਚਾਰਲਸ ਡਾਰਵਿਨ ਵਿਗਿਆਨ ਦੇ ਅੰਬਰਾਂ ਦਾ ਰੌਸ਼ਨ ਸਿਤਾਰਾ •ਨਵਗੀਤ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

24 ਨਵੰਬਰ, 1859 ਨੂੰ ਇੰਗਲੈਂਡ ਵਿੱਚ ਇੱਕ ਕਿਤਾਬ “ਪ੍ਰਜਾਤੀਆਂ ਦੀ ਉਤਪਤੀ” (The Origin of Species) ਛਪਦੀ ਹੈ ਜਿਸਦੀਆਂ ਪਹਿਲੀ ਛਾਪ ਵਿੱਚ ਸਿਰਫ਼ 1250 ਕਾਪੀਆਂ ਛਪੀਆਂ, ਪਰ ਇਹ ਸਾਰੀਆਂ ਦੀਆਂ ਸਾਰੀਆਂ ਇੱਕੋ ਦਿਨ ਵਿੱਚ ਵਿਕ ਜਾਂਦੀਆਂ ਹਨ। ਇਸ ਥੋੜੀ ਗਿਣਤੀ ਵਿੱਚ ਛਪੀ ਕਿਤਾਬ ਵਿੱਚੋਂ ਇੱਕ ਕਾਪੀ ਫਰੈੱਡਰਿਕ ਏਂਗਲਜ਼ ਕੋਲ਼ ਪਹੁੰਚਦੀ ਹੈ। ਏਂਗਲਜ਼ ਪੜ੍ਹਨ ਤੋਂ ਬਾਅਦ ਜਾਣ ਜਾਂਦੇ ਹਨ ਕਿ ਇਸ ਕਿਤਾਬ ਤੋਂ ਬਾਅਦ ਵਿਗਿਆਨ ਸਦਾ ਲਈ ਬਦਲ ਗਿਆ ਹੈ, ਤਿੰਨ ਹਫ਼ਤਿਆਂ ਬਾਅਦ ਉਹ ਆਪਣੇ ਦੋਸਤ ਕਾਰਲ ਮਾਰਕਸ ਨੂੰ ਲਿਖਦੇ ਹਨ, “ਡਾਰਵਿਨ, ਜਿਸਨੂੰ ਕਿ ਮੈਂ ਪੜ੍ਹ ਰਿਹਾ ਹਾਂ, ਕਮਾਲ ਹੈ। ਉਦੇਸ਼ਵਾਦ ਦਾ ਇੱਕ ਪੱਖ ਜਿਹੜਾ ਅਜੇ ਰੱਦ ਕਰਨਾ ਬਾਕੀ ਸੀ, ਹੁਣ ਪੂਰੀ ਤਰ੍ਹਾਂ ਹੂੰਝ ਦਿੱਤਾ ਗਿਆ ਹੈ। ਕੁਦਰਤ ਵਿੱਚ ਇਤਿਹਾਸਕ ਵਿਗਾਸ ਨੂੰ ਸਿੱਧ ਕਰਨ ਲਈ ਇੰਨੀ ਵੱਡੀ ਕੋਸ਼ਿਸ਼ ਅਤੇ ਨਿਸ਼ਚਿਤ ਤੌਰ ‘ਤੇ ਇੰਨੀ ਪ੍ਰਭਾਵਕਾਰੀ ਕੋਸ਼ਿਸ਼ ਪਹਿਲਾਂ ਕਦੇ ਨਹੀਂ ਹੋਈ।” ਇਹ ਸ਼ਬਦ ਦਿਖਾਉਂਦੇ ਹਨ ਕਿ ਇਸ ਕਿਤਾਬ ਨੇ ਕਿੰਨੀ ਮਹਾਨ ਲੱਭਤ ਆਪਣੇ ਅੰਦਰ ਸਮੋਈ ਹੋਵੇਗੀ ਤੇ ਬਿਲਕੁਲ ਸਹੀ ਹੀ ਇਹ ਕਿਤਾਬ ਮਨੁੱਖੀ ਗਿਆਨ ਦੇ ਸ਼ਾਹਰਾਹ ਦਾ ਇੱਕ ਮੀਲ-ਪੱਥਰ ਨਾ ਹੋ ਕਿ ਮੀਨਾਰ ਸਾਬਿਤ ਹੋਈ। ਇਸ ਕਿਤਾਬ ਦੇ ਲੇਖਕ ਸਨ, ਅੰਗ੍ਰੇਜ਼ ਕੁਦਰਤੀ-ਵਿਗਿਆਨੀ ਚਾਰਲਸ ਡਾਰਵਿਨ ਅਤੇ ਇਹ ਕਿਤਾਬ ਉਹਨਾਂ ਦੀ ਲਗਭਗ ਤਿੰਨ ਦਹਾਕਿਆਂ ਦੀ ਮਿਹਨਤ ਦਾ ਨਿਚੋੜ ਸੀ। 12 ਫ਼ਰਵਰੀ ਨੂੰ ਚਾਰਲਸ ਡਾਰਵਿਨ ਦਾ ਜਨਮਦਿਨ ਹੈ ਜਿਸਨੂੰ 2009 ਤੋਂ ਬਾਅਦ (ਜਿਸ ਸਾਲ ਉਹਨਾਂ ਦੇ ਜਨਮ ਦੀ 200ਵੀਂ ਵਰ੍ਹੇਗੰਢ ਸੀ) ਕੌਮਾਂਤਰੀ ਡਾਰਵਿਨ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ ਹੈ। ਇਹ ਦਿਨ ਸਿਰਫ਼ ਡਾਰਵਿਨ ਦਾ ਜਨਮ ਦਿਨ ਹੀ ਨਹੀਂ ਹੈ, ਇਹ ਮਨੁੱਖ ਦੁਆਰਾ ਵਿਗਿਆਨ ਦੇ ਖੇਤਰ ਵਿੱਚ ਪੁੱਟੀਆਂ ਲਾਮਿਸਾਲ ਪੁਲਾਂਘਾਂ ਨੂੰ ਯਾਦ ਕਰਨ ਦਾ ਦਿਨ ਹੈ ਅਤੇ ਨਾਲ਼ ਹੀ ਵਿਗਿਆਨ ਦੇ ਅਦੁੱਤੀ ਵਿਕਾਸ ਦੇ ਬਾਵਜੂਦ ਅੱਜ ਵੀ ਅਗਿਆਨਤਾ ਦੇ ਹਨੇਰੇ ਵਿੱਚ ਜਿਉਂਦੀ ਬਹੁਗਿਣਤੀ ਮਨੁੱਖਤਾ ਕੋਲ਼ ਗਿਆਨ ਦਾ ਚਾਨਣ ਲੈ ਕੇ ਜਾਣ ਲਈ ਵਚਨਬੱਧ ਹੋਣ ਦਾ ਪ੍ਰਣ ਲੈਣ ਦਾ ਵੀ ਦਿਨ ਹੈ।

ਧਰਤੀ ਉੱਤੇ ਜੀਵਨ ਦੀ ਸ਼ੁਰੂਆਤ ਕਿਵੇਂ ਹੋਈ, ਇਹ ਸਵਾਲ ਸ਼ਾਇਦ ਮਨੁੱਖ ਦੇ ਮਨ ਵਿੱਚ ਉਸ ਸਮੇਂ ਹੀ ਉੱਠ ਖੜਾ ਹੋਇਆ ਹੋਵੇਗਾ ਜਿਸ ਦਿਨ ਉਸਨੂੰ ਖ਼ੁਦ ਦੇ ਜ਼ਿੰਦਾ ਹੋਣ ਦੀ ਚੇਤਨਾ ਹਾਸਲ ਹੋਈ ਹੋਵੇਗੀ। ਪਰ ਜਿਵੇਂ ਕਿ ਕੁਦਰਤ ਦੇ ਬਾਕੀ ਭੇਦਾਂ ਨੂੰ ਖੋਜਣ, ਜਾਣਨ ਦੀ ਰਫ਼ਤਾਰ ਮਨੁੱਖੀ ਇਤਿਹਾਸ ਦੇ ਉਸ ਦੌਰ ਵਿੱਚ ਆ ਕੇ ਤੇਜ਼ ਹੁੰਦੀ ਹੈ ਜਿਸ ਦੌਰ ਵਿੱਚ ਮੱਧਯੁਗੀ ਜਗੀਰੂ ਢਾਂਚਾ ਆਪਣੇ ਆਖ਼ਰੀ ਸਾਹ ਗਿਣ ਰਿਹਾ ਸੀ, ਉਸੇ ਤਰ੍ਹਾਂ ਇਸ ਸਵਾਲ ਉੱਤੇ ਵੀ ਡੂੰਘਾ ਤੇ ਵਿਗਿਆਨਕ ਚਿੰਤਨ ਇਸੇ ਦੌਰ ਵਿੱਚ ਸ਼ੁਰੂ ਹੁੰਦਾ ਹੈ। ਜਗੀਰਦਾਰੀ ਦੌਰ ਦੇ ਖ਼ਤਮ ਹੋਣ ਤੱਕ ਮਨੁੱਖੀ ਇਤਿਹਾਸ ਦੇ ਵਿਕਾਸ ਦੀ ਗਤੀ ਇੰਨੀ ਧੀਮੀ ਸੀ ਕਿ ਸਭ ਕੁਝ ਰੁਕਿਆ ਲੱਗਦਾ ਸੀ, ਇਸੇ ਦਾ ਪ੍ਰਗਟਾਵਾ ਮਨੁੱਖੀ ਚੇਤਨਾ ਵਿੱਚ ਵੀ ਹੁੰਦਾ ਹੈ। ਮਨੁੱਖ ਦਾ ਕੁਦਰਤ ਬਾਰੇ ਅਤੇ ਖੁਦ ਨੂੰ ਜਾਣਨ ਦਾ ਨਜ਼ਰੀਆ ਧਾਰਮਿਕ ਨਜ਼ਰੀਆ ਸੀ ਜੋ ਕਿ ਇਸ ਕਾਲ ਵਿੱਚ ਕਿਸੇ ਵੀ ਵਰਤਾਰੇ ਨੂੰ ਸਮਝਣ ਲਈ ਚੌਖਟਾ ਮੁਹੱਈਆ ਕਰਵਾਉਂਦਾ ਸੀ। ਧਰਤੀ ਉੱਤੇ ਜੀਵਨ ਦੀ ਉਤਪਤੀ ਸਬੰਧੀ ਮਨੁੱਖ ਦੇ ਸੰਕਲਪ ਇਸੇ ਚੌਖਟੇ ਅਧੀਨ ਸਨ ਜਿਸ ਅਨੁਸਾਰ ਧਰਤੀ ਉੱਤੇ ਜੋ ਕੁਝ ਵੀ ਮੌਜੂਦ ਹੈ ਉਹ ਆਦਿ ਕਾਲ ਤੋਂ ਅਬਦਲ ਹੈ, ਸਭ ਕੁਝ ਜਿਵੇਂ ਪੈਦਾ ਹੋਇਆ, ਉਵੇਂ ਦੀ ਉਵੇਂ ਅੱਗੇ ਚੱਲਦਾ ਆਇਆ ਹੈ ਅਤੇ ਚੱਲਦਾ ਜਾਵੇਗਾ, ਜੇ ਕੋਈ ਬਦਲਾਅ ਦਿਖਦਾ ਹੈ ਤਾਂ ਇੱਕ ਨੇਮ ਨਹੀਂ ਸਗੋਂ ਛੋਟ ਵਜੋਂ ਹੈ ਤੇ ਛਿਣਾਂ ਦਾ ਪ੍ਰਾਹੁਣਾ ਹੈ, ਧਰਤੀ ਉੱਤੇ ਜੀਵਨ ਵੀ ਇਸ ਤੋਂ ਅਲੱਗ ਨਹੀਂ ਹੈ। ਇਸ ਵਿਚਾਰ ਨੂੰ ਫਲਸਫ਼ੇ ਦੀ ਭਾਸ਼ਾ ਵਿੱਚ ਸਾਰਤੱਤਵਾਦ (Essentialism) ਕਹਿੰਦੇ ਹਨ। ਇਸ ਸਮਝ ਦਾ ਦੂਸਰਾ ਬਿੰਦੂ ਇਹ ਸੀ ਕਿ ਸਭ ਕੁਝ ਪਿੱਛੇ ਇੱਕ ਰੱਬੀ ਉਦੇਸ਼ ਹੈ, ਉਸਨੇ ਕਿਸੇ ਦੈਵੀ ਮਕਸਦ ਲਈ ਸਭ “ਲੀਲਾ ਰਚਾਈ ਹੈ” ਜਿਸਨੂੰ ਜਾਣਨਾ ਨਾ ਤਾਂ ਮਨੁੱਖ ਲਈ ਸੰਭਵ ਹੈ ਤੇ ਨਾ ਹੀ ਮਨੁੱਖ ਦਾ ਕੰਮ ਹੈ। ਫਲਸਫ਼ੇ ਦੀ ਭਾਸ਼ਾ ਵਿੱਚ ਇਸਨੂੰ ਉਦੇਸ਼ਵਾਦ (Teleology) ਕਹਿੰਦੇ ਹਨ। ਕੁੱਲ ਮਿਲ਼ਾ ਕੇ ਜੀਵਨ ਦੀ ਉਤਪਤੀ ਸਬੰਧੀ ਮਨੁੱਖ ਦੀ ਸਮਝ ਸਾਰਤੱਤਵਾਦ ਤੇ ਉਦੇਸ਼ਵਾਦ ਦਾ ਮਿਸ਼ਰਣ ਸੀ ਜਿਸ ਅਨੁਸਾਰ ਰੱਬ ਨੇ ਇਹ ਦੁਨੀਆਂ (ਤੇ ਬ੍ਰਹਿਮੰਡ) ਕਿਸੇ ਉਦੇਸ਼ ਅਧੀਨ ਆਪਣੀ ਇੱਛਾ ਅਨੁਸਾਰ ਉਪਜਾਈ ਹੈ ਤੇ ਇਹ ਅਬਦਲ ਹੈ। ਅਸਲ ਵਿੱਚ ਇਹ ਨਜ਼ਰੀਆ ਜਗੀਰੂ ਯੁੱਗ ਵਿੱਚ ਹਕੂਮਤ ਕਰ ਰਹੀਆਂ ਰਾਜਾਸ਼ਾਹੀਆਂ ਤੇ ਜਗੀਰਦਾਰਾਂ ਦੀ ਸੱਤ੍ਹਾ ਲਈ ਇੱਕ ਵਾਜਬੀਅਤ (ਲੋਕਾਈ ਦੁਆਰਾ ਹਕੂਮਤ ਕਰਨ ਲਈ ਸਹਿਮਤੀ ਦੇਣਾ) ਹਾਸਲ ਕਰਨ, ਉਸ ਢਾਂਚੇ ਦੇ ਸਦੀਵੀ ਹੋਣ ਦੇ ਵਿਚਾਰ ਨੂੰ ਲੋਕ-ਮਾਨਸਿਕਤਾ ਦਾ ਹਿੱਸਾ ਬਣਾਉਣ ਦੀ ਵਿਚਾਰਧਾਰਾ ਸੀ, ਜਦੋਂ ਜਗੀਰੂ ਢਾਂਚੇ ਅੰਦਰ ਮਨੁੱਖੀ ਵਿਕਾਸ ਦੀ ਅਗਲੀ ਮੰਜ਼ਿਲ ਸਰਮਾਏਦਾਰੀ ਦੇ ਅੰਸ਼ ਪਨਪਣ ਲੱਗੇ ਤਾਂ ਇਸ ਨਜ਼ਰੀਏ ਦਾ ਵਿਰੋਧ ਹੋਣਾ ਸ਼ੁਰੂ ਹੋਇਆ। ਸਰਮਾਏਦਾਰੀ ਲਈ ਜਿੱਥੇ ਇੱਕ ਪਾਸੇ ਪੈਦਾਵਾਰ ਦੇ ਖੇਤਰ ਵਿੱਚ ਖੜੋਤ ਮੌਤ ਬਰਾਬਰ ਹੈ, ਜਿਸ ਕਰਕੇ ਤਕਨੀਕੀ ਵਿਕਾਸ ਨੂੰ ਤੇ ਸਿੱਟੇ ਵਜੋਂ ਵਿਗਿਆਨ ਦੇ ਵਿਕਾਸ ਨੂੰ ਹੁਲਾਰਾ ਮਿਲ਼ਿਆ, ਉੱਥੇ ਹੀ ਫਲਸਫ਼ੇ ਤੇ ਵਿਚਾਰਧਾਰਾ ਦੇ ਖੇਤਰ ਵਿੱਚ ਵੀ ਸਰਮਾਏਦਾਰੀ ਨੇ ਜਗੀਰੂ ਢਾਂਚੇ ਦੇ ਵਿਚਾਰਾਂ ਨੂੰ ਟੱਕਰ ਦੇਣੀ ਸ਼ੁਰੂ ਕੀਤੀ।

ਵਿਗਿਆਨ ਦੇ ਵਿਕਾਸ ਨੇ ਨਵੇਂ ਫਲਸਫ਼ੇ ਤੇ ਵਿਚਾਰਧਾਰਾ ਨੂੰ ਕੁਦਰਤ ਦੇ ਭੇਦ ਖੋਲਦੇ ਤੱਥ ਤੇ ਪ੍ਰਮਾਣ ਮੁਹੱਈਆ ਕਰਵਾਏ ਅਤੇ ਮੋੜਵੇਂ ਰੂਪ ਵਿੱਚ ਫਲਸਫ਼ੇ ਤੇ ਵਿਚਾਰਧਾਰਾ ਨੇ ਵਿਗਿਆਨ ਨੂੰ ਸੋਚਣ ਦਾ ਚੌਖਟਾ ਪ੍ਰਦਾਨ ਕੀਤਾ, ਨਵੇਂ-ਨਵੇਂ ਸਵਾਲਾਂ ਉੱਤੇ ਸੋਚਣ, ਛਾਣਬੀਣ ਕਰਨ ਦੀ ਪ੍ਰੇਰਨਾ ਦਿੱਤੀ। ਫਿਰ ਜਦੋਂ ਸਾਰਤੱਤਵਾਦ ਤੇ ਉਦੇਸ਼ਵਾਦ ਜਿਹੇ ਮੱਧਯੁਗੀ ਵਿਚਾਰਾਂ ਉੱਤੇ ਸਵਾਲ ਉੱਠੇ ਤਾਂ ਸੁਭਾਵਿਕ ਸੀ ਕਿ ਧਰਤੀ, ਤਾਰਿਆਂ ਭਾਵ ਬ੍ਰਹਿਮੰਡ ਦੀ ਉਤਪਤੀ, ਜੀਵਨ ਦੀ ਉਤਪਤੀ ਤੇ ਮਨੁੱਖੀ ਸਮਾਜ ਦੇ ਵਿਕਾਸ ਦੇ ਸਵਾਲ ਵਿਗਿਆਨ ਸਾਹਮਣੇ ਆਉਣੇ ਹੀ ਸਨ। ਜਰਮਨੀ ਦੇ ਫ਼ਿਲਾਸਫਰ ਇਮਾਨੁਲ ਕਾਂਤ ਨੇ ਤਾਰਿਆਂ ਦੀ ਉਤਪਤੀ ਤੇ ਵਿਨਾਸ਼ ਹੋਣ ਦਾ ਸਿਧਾਂਤ ਪੇਸ਼ ਕਰਕੇ ਬ੍ਰਹਿਮੰਡ ਦੇ ਸਦਾ ਸਥਾਈ ਹੋਣ ਦੇ ਵਿਚਾਰ ਦਾ ਅੰਤ ਕਰ ਦਿੱਤਾ। ਇਸੇ ਤਰ੍ਹਾਂ 17-18ਵੀਂ ਸਦੀ ਦੌਰਾਨ ਦਿਦਰੋ, ਬੁਫੋਂ ਤੇ ਹੋਰ ਕਈ ਫਿਲਾਸਫਰਾਂ, ਲੇਖਕਾਂ ਨੇ ਧਰਤੀ ਉੱਤੇ ਜੀਵਨ ਦੇ ਵਿਕਾਸ ਨੂੰ ਲੈ ਕੇ ਸਿਧਾਂਤ ਤੇ ਵਿਚਾਰ ਪੇਸ਼ ਕੀਤੇ ਜਿਹਨਾਂ ਦਾ ਤੱਤ ਰੂਪ ਇਹ ਸੀ ਕਿ ਧਰਤੀ ਉਤਲਾ ਜੀਵਨ ਸਦਾ ਅਬਦਲ ਨਹੀਂ ਰਿਹਾ, ਸਗੋਂ ਇਹ ਬਦਲਦਾ ਆਇਆ ਹੈ ਤੇ ਅੱਗੇ ਵੀ ਬਦਲੇਗਾ। ਇਸਦਾ ਸਿੱਧਾ ਅਰਥ ਇਹ ਸੀ ਕਿ ਜਗੀਰੂ ਢਾਂਚੇ ਦੀ ਸਦੀਵਤਾ ਦਾ ਵਿਚਾਰ ਮਿੱਥ ਹੈ, ਇਹ ਢਾਂਚਾ ਜਾਵੇਗਾ ਤੇ ਨਵਾਂ ਆਵੇਗਾ। ਪਰ ਇਹਨਾਂ ਫਿਲਾਸਫਰਾਂ ਦੇ ਸਿਧਾਂਤ ਤੱਥਾਂ ਉੱਤੇ, ਕੁਦਰਤ ਦੀ ਡੂੰਘੀ ਛਾਣਬੀਣ ਉੱਤੇ ਅਧਾਰਤ ਨਹੀਂ ਸਨ। ਜੀਵਾਂ ਦੇ ਵਿਗਸਣ ਦੇ ਸਿਧਾਂਤ ਨੂੰ ਤੱਥਾਂ ਦੀ ਬੁਨਿਆਦ ਉੱਤੇ ਟਿਕਾਉਣ ਦਾ ਕੰਮ ਸਭ ਤੋਂ ਪਹਿਲਾਂ ਫਰਾਂਸੀਸੀ ਕੁਦਰਤੀ-ਵਿਗਿਆਨੀ ਜਾਂ-ਬਿਪਤਿਸਤ ਲੈਮਾਰਕ ਨੇ ਕੀਤਾ। ਉਸਨੇ ਜਿਰਾਫ਼ ਦੀ ਗਰਦਨ ਕ੍ਰਮਵਾਰ ਲੰਬੀ ਹੁੰਦੀ ਜਾਣ ਦੇ ਪ੍ਰਮਾਣ ਇਕੱਠੇ ਕੀਤੇ, ਉਸਨੇ ਦਿਖਾਇਆ ਕਿ ਹਨੇਰੀਆਂ ਥਾਵਾਂ ਵਿੱਚ ਰਹਿਣ ਵਾਲੀਆਂ ਮੱਛੀਆਂ ਦੀ ਨਜ਼ਰ ਖਤਮ ਹੋ ਗਈ। ਇਸ ਤਰ੍ਹਾਂ ਦੇ ਹੀ ਹੋਰ ਕਈ ਪ੍ਰਮਾਣਾਂ ਦੇ ਅਧਾਰ ਉੱਤੇ ਲੈਮਾਰਕ ਨੇ ਇਹ ਸਿਧਾਂਤ ਪੇਸ਼ ਕੀਤਾ ਕਿ ਚੌਗਿਰਦੇ ਦੀਆਂ ਹਾਲਤਾਂ ਜੀਵਾਂ ਨੂੰ ਬਦਲਣ, ਵਧੇਰੇ ਅਨੁਕੂਲ ਹੁੰਦੇ ਜਾਣ ਲਈ ਮਜਬੂਰ ਕਰਦੀਆਂ ਹਨ। ਇਸ ਪ੍ਰਕਿਰਿਆ ਦੌਰਾਨ ਹੀ ਜੀਵਾਂ ਦੀਆਂ ਪਹਿਲੋਂ ਮੌਜੂਦ ਪ੍ਰਜਾਤੀਆਂ ਵਿੱਚੋਂ ਨਵੀਆਂ ਪ੍ਰਜਾਤੀਆਂ ਪੈਦਾ ਹੁੰਦੀਆਂ ਹਨ ਅਤੇ ਇਸੇ ਪ੍ਰਕਿਰਿਆ ਦੇ ਸਿੱਟੇ ਵਜੋਂ ਹੀ ਘੱਟ ਗੁੰਝਲ਼ਦਾਰ ਬਣਤਰ ਵਾਲ਼ੇ ਜੀਵਾਂ ਤੋਂ ਵਧੇਰੇ ਗੁੰਝਲ਼ਦਾਰ ਬਣਤਰ ਵਾਲ਼ੇ ਜੀਵ ਵਿਗਸ ਦੇ ਗਏ। ਉਸਦੇ ਵਿਚਾਰਾਂ ਨੇ ਧਰਤੀ ਉਤਲੇ ਜੀਵਨ ਦੇ ਸਦਾ ਅਬਦਲ ਰਹਿਣ ਦੇ ਵਿਚਾਰ ਨੂੰ ਸੱਟ ਮਾਰੀ। ਸੁਭਾਵਿਕ ਸੀ ਕਿ ਲੈਮਾਰਕ ਦੇ ਇਹ ਵਿਚਾਰ ਆਪਣੇ ਸਮੇਂ ਦੀ ਇਨਕਲਾਬੀ ਜਮਾਤ, ਸਰਮਾਏਦਾਰ ਜਮਾਤ ਲਈ ਬੇਸ਼ਕੀਮਤੀ ਸਨ ਕਿਉਂਕਿ ਉਸਦੇ ਵਿਚਾਰਾਂ ਤੋਂ ਇਹ ਸਿੱਟਾ ਕੱਢਿਆ ਜਾ ਸਕਦਾ ਸੀ ਕਿ ਜੇ ਧਰਤੀ ਉਤਲਾ ਜੀਵਨ ਅਬਦਲ ਨਹੀਂ ਹੈ ਤਾਂ ਜਗੀਰੂ ਢਾਂਚਾ ਵੀ ਅਬਦਲ ਨਹੀਂ ਹੈ। 1789 ਦੇ ਫਰਾਂਸੀਸੀ ਇਨਕਲਾਬ ਤੋਂ ਤੁਰੰਤ ਬਾਅਦ ਲੈਮਾਰਕ ਨੂੰ ਵਿਗਿਆਨ ਨਾਲ਼ ਜੁੜੇ ਅਹਿਮ ਅਹੁਦਿਆਂ ਉੱਤੇ ਨਿਯੁਕਤ ਕੀਤਾ ਗਿਆ। ਲੈਮਾਰਕ ਦੇ ਸਿਧਾਂਤ ਵਿੱਚ ਕਈ ਘਾਟਾਂ, ਅਣ-ਵਿਆਖਿਅਤ ਗੱਲਾਂ ਸਨ ਜੋ ਕਿ ਉਸ ਸਮੇਂ ਸੁਭਾਵਿਕ ਹੀ ਸੀ ਜਿਸ ਕਰਕੇ ਵਿਗਿਆਨੀਆਂ ਵੱਲੋਂ ਉਸਦੇ ਸਿਧਾਂਤ ਨੂੰ ਬਹੁਤੀ ਮਾਨਤਾ ਨਹੀਂ ਮਿਲ਼ੀ, ਪਰ ਉਸਦੇ ਵਿਚਾਰਾਂ ਨੇ ਯੂਰਪ ਦੇ ਰੈਡੀਕਲ ਤੱਤਾਂ, ਸਮਾਜਵਾਦੀ ਦਾਇਰਿਆਂ ਅੰਦਰ ਚੋਖੀ ਜਗ੍ਹਾ ਬਣਾ ਲਈ ਸੀ, ਉਸਦੇ ਵਿਚਾਰ ਰਾਜਸੱਤ੍ਹਾਵਾਂ ਤੇ ਧਰਮਾਂ ਦੇ ਗੈਰ-ਜਮਹੂਰੀ ਖਾਸੇ ਦੀ ਅਲੋਚਨਾ ਦਾ ਅਧਾਰ ਬਣਨ ਲੱਗੇ।

ਬਿਲਕੁਲ ਇਸੇ ਸਮੇਂ ਹੀ ਡਾਰਵਿਨ ਦਾ ਜਨਮ ਹੁੰਦਾ ਹੈ। 1809 ਵਿੱਚ ਜਨਮੇ ਡਾਰਵਿਨ ਜਦੋਂ ਵਿਗਿਆਨ ਦੇ ਖੇਤਰ ਵਿੱਚ ਦਾਖ਼ਲ ਹੁੰਦੇ ਹਨ ਤਾਂ ਯੂਰਪ ਵਿੱਚ ਸਰਮਾਏਦਾਰੀ ਆਪਣੇ ਪੈਰ ਪੱਕੇ ਕਰ ਰਹੀ ਸੀ, ਦੂਜੇ ਪਾਸੇ ਸਰਮਾਏਦਾਰ ਜਮਾਤ ਵੱਲੋਂ ਬਰਾਬਰੀ, ਅਜ਼ਾਦੀ ਤੇ ਭਾਈਚਾਰੇ ਅਧਾਰਤ ਸਮਾਜ ਕਾਇਮ ਕਰਨ ਦੇ ਵਾਅਦੇ ਤੋਂ ਫ਼ਿਰ ਜਾਣ ਦੇ “ਇਤਿਹਾਸਕ ਛਲ-ਕਪਟ” ਦੇ ਵਿਰੋਧ ਵਿੱਚ ਮਜਦੂਰ ਜਮਾਤ ਤੇ ਦੂਜੀਆਂ ਦੱਬੀਆਂ-ਕੁਚਲੀਆਂ ਜਮਾਤਾਂ ਰੈਡੀਕਲ ਘੋਲ਼ ਖੜੇ ਕਰ ਰਹੀਆਂ ਸਨ। ਡਾਰਵਿਨ ਨੂੰ ਪਹਿਲਾਂ ਪਾਦਰੀ ਬਣਨ ਲਈ ਕਾਲਜ ਭੇਜਿਆ ਜਾਂਦਾ ਹੈ ਪਰ ਉਸਦੀ ਦਿਲਚਸਪੀ ਦਾ ਖੇਤਰ ਕੁਦਰਤੀ ਵਿਗਿਆਨ ਸਨ। ਪਾਦਰੀ ਬਣਨ ਦੀ ਪੜ੍ਹਾਈ ਦੌਰਾਨ ਉਸਦੇ ਇੱਕ ਪ੍ਰੋਫੈਸਰ ਦੀ ਨਿਗਾਹ ਉਸਦੀ ਦਿਲਚਸਪੀ ਨੂੰ ਪਛਾਣ ਲੈਂਦੀ ਹੈ ਅਤੇ ਉਹ ਪ੍ਰੋਫੈਸਰ ਡਾਰਵਿਨ ਦੀ ਮਸ਼ਹੂਰ ਸਮੁੰਦਰੀ ਯਾਤਰਾ ਦਾ ਪ੍ਰੇਰਨਾਸਰੋਤ ਬਣਦਾ ਹੈ ਤੇ ਯਾਤਰਾ ਲਈ “ਬੀਗਲ” ਜ਼ਹਾਜ ਦੇ ਕੈਪਟਨ ਤੱਕ ਸਿਫਾਰਸ਼ ਕਰਦਾ ਹੈ। ਦਸੰਬਰ, 1831 ਵਿੱਚ ਡਾਰਵਿਨ ਆਪਣੀ ਪੰਜ ਸਾਲ ਲੰਬੀ ਯਾਤਰਾ ਲਈ ਰਵਾਨਾ ਹੁੰਦੇ ਹਨ। ਇਹਨਾਂ ਪੰਜ ਸਾਲਾਂ ਵਿੱਚ ਉਹ ਵੱਖ-ਵੱਖ ਥਾਵਾਂ ਦੇ ਜੀਵਾਂ ਦੀ ਛਾਣਬੀਣ ਕਰਕੇ ਤੱਥਾਂ ਦਾ ਵਿਸ਼ਾਲ ਖਜ਼ਾਨਾ ਜਮ੍ਹਾ ਕਰ ਲੈਂਦੇ ਹਨ। ਯਾਤਰਾ ਤੋਂ ਵਾਪਸ ਆ ਕੇ ਉਹ ਆਪਣੇ ਪੁਸ਼ਤੈਨੀ ਘਰ ਜਾ ਕੇ ਆਪਣਾ ਅਧਿਐਨ ਜਾਰੀ ਰੱਖਦੇ ਹਨ। ਆਪਣੇ ਅਧਿਐਨ ਲਈ ਪੰਛੀਆਂ ਤੇ ਹੋਰ ਜੀਵਾਂ ਨੂੰ ਪਾਲ਼ਦੇ  ਦੇ ਹਨ, ਕਿੰਨੇ ਜਾਨਵਰਾਂ ਦੀ ਡਾਈਸ਼ੈਕਸ਼ਨ ਕਰਦੇ ਹਨ, ਪਸ਼ੂ ਪਾਲਣ ਵਿੱਚ ਲੱਗੇ ਲੋਕਾਂ ਦੁਆਰਾ ਦੁਧਾਰੂ ਪਸ਼ੂਆਂ ਦੀ ਨਸਲ ਸੁਧਾਰਨ ਦੀ ਪ੍ਰਕਿਰਿਆ ਨੂੰ ਬਾਰੀਕੀ ਵਿੱਚ ਦੇਖਦੇ ਹਨ। 1844 ਤੱਕ ਡਾਰਵਿਨ ਇਸ ਨਤੀਜੇ ਉੱਤੇ ਪਹੁੰਚ ਜਾਂਦੇ ਹਨ ਕਿ ਧਰਤੀ ਉੱਤੇ ਜੀਵਾਂ ਦਾ ਵਿਗਾਸ ਹੋਇਆ ਹੈ, ਇੱਕ ਸੈੱਲ ਵਾਲ਼ੇ ਸਰਲ ਜੀਵ ਤੋਂ ਹੀ ਹੁਣ ਤੱਕ ਦੇ ਸਭ ਤੋਂ ਗੁੰਝਲ਼ਦਾਰ ਜੀਵ ਮਨੁੱਖ ਤੱਕ ਦਾ ਵਿਗਾਸ ਹੋਇਆ ਹੈ। ਲੈਮਾਰਕ ਦੇ ਸਿਧਾਂਤ ਦੀਆਂ ਕਮਜ਼ੋਰੀਆਂ ਨੂੰ ਡਾਰਵਿਨ ਆਪਣੇ “ਕੁਦਰਤੀ ਚੋਣ” (Natural Selection ) ਅਤੇ “ਯੋਗਤਮ ਦੇ ਬਚਣ” ( Survival of Fittest) ਦੇ ਸਿਧਾਂਤ ਰਾਹੀਂ ਦੂਰ ਕਰਦੇ ਹਨ ਅਤੇ ਪਹਿਲੀ ਵਾਰ ਜੀਵ-ਵਿਗਾਸ ਨੂੰ ਇੱਕ ਮੁਕੰਮਲ ਵਿਗਿਆਨ ਦਾ ਦਰਜਾ ਦਵਾ ਦਿੰਦੇ ਹਨ। ਪਰ 1844 ਦਾ ਯੂਰਪ ਉਸ ਸਿਆਸੀ ਉਥਲ-ਪੁਥਲ ਵਾਲ਼ਾ ਯੂਰਪ ਸੀ ਜਿਹੜੀ 1848 ਦੇ ਇਨਕਲਾਬਾਂ ਵਿੱਚ ਫੁੱਟ ਪੈਂਦੀ ਹੈ। ਸਰਮਾਏਦਾਰ ਜਮਾਤ ਜਗੀਰਦਾਰੀ ਨਾਲ਼ ਸਮਝੌਤਾ ਕਰਕੇ ਇਨਕਲਾਬਾਂ ਨੂੰ ਖੂਨ ਵਿੱਚ ਡੁਬੋ ਦਿੰਦੀ ਹੈ। ਸਰਮਾਏਦਾਰ ਜਮਾਤ ਜਿਹੜੀ ਪਹਿਲਾਂ ਧਰਤੀ ਉੱਤੇ ਜੀਵਨ ਦੇ ਲਗਾਤਾਰ ਬਦਲਦੇ ਜਾਣ ਦੇ ਵਿਚਾਰ ਦੀ ਹਾਮੀ ਸੀ, ਹੁਣ ਅਜਿਹੇ ਵਿਚਾਰਾਂ ਦੀ ਕੱਟੜ ਵਿਰੋਧੀ ਬਣ ਚੁੱਕੀ ਸੀ ਕਿਉਂਕਿ ਜੀਵਨ ਦੇ ਲਗਾਤਾਰ ਬਦਲਣ ਦਾ ਅਰਥ ਸਰਮਾਏਦਾਰੀ ਦੇ ਵੀ ਖ਼ਤਮ ਹੋਣ ਵਿੱਚ ਨਿੱਕਲ਼ਦਾ ਹੈ ਜੋ ਕਿ ਹੁਣ ਉਸ ਲਈ ਮੌਤ ਦੀ ਘੰਟੀ ਸੀ। ਇਸ ਪੂਰੇ ਕਾਲ ਦੌਰਾਨ ਕੋਈ ਵੀ ਅਜਿਹਾ ਸਿਧਾਂਤ (ਉਸ ਤੋਂ ਬਾਅਦ ਹੁਣ ਤੱਕ ਸਰਮਾਏਦਾਰੀ ਦਾ ਇਹੀ ਪੈਂਤੜਾ ਹੈ) ਜਿਹੜਾ ਜੀਵਨ ਦੇ ਲਗਾਤਾਰ ਬਦਲਦੇ ਜਾਣ ਦੀ ਗੱਲ ਕਰਦਾ ਹੈ, ਇਕਦਮ ਰੈਡੀਕਲ, ਸਮਾਜਵਾਦੀ ਐਲਾਨੇ ਜਾਣ ਦਾ ਖਤਰਾ ਸਹੇੜੇ ਬਿਨਾਂ ਪੇਸ਼ ਨਹੀਂ ਕੀਤਾ ਜਾ ਸਕਦਾ ਸੀ, ਸਿੱਟੇ ਵਜੋਂ ਡਾਰਵਿਨ ਇਹ ਖਤਰਾ ਉਠਾਉਣਾ ਸਹੀ ਨਾ ਸਮਝ ਕੇ ਇੰਤਜ਼ਾਰ ਕਰਨਾ ਬਿਹਤਰ ਸਮਝਿਆ। ਸ਼ਾਇਦ ਡਾਰਵਿਨ ਆਪਣੇ ਜਿਉਂਦੇ ਜੀ ਆਪਣਾ ਪੂਰਾ ਸਿਧਾਂਤ ਕਦੇ ਵੀ ਨਾ ਛਪਾਉਂਦੇ, ਜੇ 1859 ਵਿੱਚ ਇੱਕ ਨੌਜਵਾਨ ਵਿਗਿਆਨੀ ਅਲਫਰੈੱਡ ਵੈਲੇਸ ਦਾ ਖੋਜ-ਪੱਤਰ ਉਹਨਾਂ ਨੂੰ ਨਾ ਮਿਲ਼ਦਾ ਜਿਸ ਵਿੱਚ ਉਹ ਬਿਲਕੁਲ ਉਹਨਾਂ ਹੀ ਸਿੱਟਿਆਂ ਉੱਤੇ ਪਹੁੰਚਿਆ ਸੀ ਜਿਹਨਾਂ ਉੱਤੇ ਡਾਰਵਿਨ 15 ਸਾਲ ਪਹਿਲਾਂ ਹੀ ਪਹੁੰਚ ਚੁੱਕੇ ਸਨ। ਆਪਣੇ ਦੋਸਤਾਂ ਦੇ ਕਹਿਣ ਉੱਤੇ ਡਾਰਵਿਨ ਨੇ “ਪ੍ਰਜਾਤੀਆਂ ਦੀ ਉਤਪਤੀ” ਕਿਤਾਬ ਲਿਖੀ ਅਤੇ ਜੀਵ-ਵਿਗਾਸ ਦੇ ਸਿਧਾਂਤ ਬਾਰੇ ਡਾਰਵਿਨ ਤੇ ਵੈਲੇਸ ਨੇ ਸਾਂਝੇ ਤੌਰ ‘ਤੇ ਖੋਜ-ਪੱਤਰ ਪੜ੍ਹਿਆ।

ਡਾਰਵਿਨ ਦੀ ਕਿਤਾਬ ਆਉਣ ਸਾਰ ਤਰਥੱਲੀ ਮੱਚ ਗਈ। ਮਨੁੱਖੀ ਸਮਾਜ ਦੇ ਬਿਹਤਰ ਭਵਿੱਖ ਤੇ ਹੋਰ ਵਿਕਸਤ ਹੁੰਦੇ ਹੋਏ ਅਗਲੀਆਂ ਮੰਜਿਲਾਂ ਵੱਲ ਵਧਣ ਦੇ ਪੱਖੀਆਂ ਨੇ ਡਾਰਵਿਨ ਦੀਆਂ ਖੋਜਾਂ ਦਾ ਖੁੱਲ੍ਹੇ ਦਿਲ ਨਾਲ਼ ਸਵਾਗਤ ਕੀਤਾ ਪਰ ਪਿਛਾਖੜੀ ਤਾਕਤਾਂ ਨੇ ਡਾਰਵਿਨ ਦੇ ਸਿਧਾਂਤ ਉੱਤੇ ਜ਼ੋਰਦਾਰ ਹਮਲੇ ਸ਼ੁਰੂ ਕੀਤੇ। ਧਰਮ-ਵਿਰੋਧੀ ਹੋਣ, ਨਾਸਤਿਕ ਹੋਣ, ਸਮਾਜਵਾਦੀ ਹੋਣ ਜਿਹੇ ਕਿੰਨੇ ਹੀ ਦੋਸ਼ ਡਾਰਵਿਨ ਉੱਤੇ ਲੱਗੇ, ਪਾਦਰੀਆਂ ਨੇ ਫਤਵੇ ਜਾਰੀ ਕੀਤੇ ਪਰ ਧਰਮ ਦੀ ਧਾਰ ਹੁਣ ਇੰਨੀ ਤਿੱਖੀ ਨਹੀਂ ਰਹੀ ਸੀ ਕਿ ਉਹ ਤੱਥਾਂ ਅਧਾਰਤ ਸਿਧਾਂਤ ਨੂੰ ਨਕਾਰਨ ਲਈ ਵਿਗਿਆਨੀਆਂ ਨੂੰ ਫਤਵੇ ਸੁਣਾ ਸਕੇ। ਵਿਗਿਆਨਕ ਹਲਕਿਆਂ ਵਿੱਚ ਡਾਰਵਿਨ ਦੇ ਸਿਧਾਂਤ ਨੂੰ ਮਾਨਤਾ ਮਿਲਣ ਲੱਗੀ ਕਿਉਂਕਿ ਜੀਵ-ਵਿਗਾਸ ਦਾ ਸਿਧਾਂਤ ਹੁਣ ਅੰਦਾਜ਼ਿਆਂ ਉੱਤੇ ਨਹੀਂ, ਸਗੋਂ ਠੋਸ ਤੱਥਾਂ ਤੇ ਤਰਕਾਂ ਉੱਤੇ ਟਿਕ ਚੁੱਕਾ ਸੀ। ਲੈਮਾਰਕ ਦੇ ਸਿਧਾਂਤ ਵਿੱਚ ਵੀ ਉਦੇਸ਼ਵਾਦ, ਰਹੱਸਵਾਦ ਦੇ ਤੱਤ ਮੌਜੂਦ ਸਨ ਕਿਉਂਕਿ ਲੈਮਾਰਕ ਦੇ ਹੱਥਾਂ ਵਿੱਚ ਜਿਰਾਫ਼ ਦੀ ਮਿਸਾਲ ਇਹ ਦਰਸਾਉਂਦੀ ਹੈ ਕਿ ਉੱਚੇ ਰੁੱਖਾਂ ਦੇ ਪੱਤੇ ਖਾਣ ਲਈ (ਉਦੇਸ਼) ਜਿਰਾਫ਼ ਦੀ ਗਰਦਨ ਲੰਬੀ ਹੋਈ ਤੇ ਗਰਦਨ ਲੰਬੀ ਕਰਨ ਵਾਲੇ ਅਮਲ ਨੂੰ ਕਿਰਿਆਸ਼ੀਲ ਕਰਨ ਵਾਲ਼ੀ ਤਾਕਤ ਕੀ ਸੀ, ਇਸਦਾ ਦਾ ਲੈਮਾਰਕ ਕੋਲ ਜਵਾਬ ਨਹੀਂ ਸੀ ਤੇ ਉਸਦਾ ਅੰਤ ਉਹੀ ਅੰਤ ਸੀ ਜਿਹੜਾ ਅਠਾਰਵੀਂ ਸਦੀ ਦੇ ਮਸ਼ੀਨੀ ਪਦਾਰਥਵਾਦ ਦਾ ਸੀ, ਕਿਸੇ ਰਹੱਸਮਈ ਤਾਕਤ ਦੁਆਰਾ ਇੱਕ “ਪਹਿਲਾ ਤੁਣਕਾ” ਜਿਸ ਤੋਂ ਬਾਅਦ ਪ੍ਰਕਿਰਿਆ ਆਪਣੇ-ਆਪ ਚੱਲਦੀ ਰਹਿੰਦੀ ਹੈ। ਉਦੇਸ਼ਵਾਦ ਦੇ ਪ੍ਰਗਟਾਵੇ ਅਜਿਹੇ ਹੀ ਹੁੰਦੇ ਹਨ ਜਿਵੇਂ ਪੰਛੀਆਂ ਕੋਲ਼ ਖੰਭ ਹਨ ਤਾਂ ਕਿ ਉਹ ਉੱਡ ਸਕਣ, ਮਨੁੱਖ ਕੋਲ਼ ਦਿਮਾਗ ਹੈ ਤਾਂ ਕਿ ਉਹ ਸੋਚ ਸਕੇ। ਇਹ ਪ੍ਰਗਟਾਵੇ ਇਤਿਹਾਸਕ ਪ੍ਰਕਿਰਿਆ ਨੂੰ ਸਹੀ ਢੰਗ ਨਾਲ਼ ਪੇਸ਼ ਨਹੀਂ ਕਰਦੇ, ਦੂਸਰਾ ਜੀਵਾਂ ਦੀਆਂ ਵਿਸ਼ੇਸ਼ ਖੂਬੀਆਂ ਵਿਕਸਤ ਹੋਣ ਪਿੱਛੇ ਕਿਸੇ ਰਹੱਸਮਈ ਸ਼ਕਤੀ ਵੱਲ ਇਸ਼ਾਰਾ ਕਰਦੇ ਹਨ ਜੋ ਕਿ ਰੱਬ ਹੀ ਹੋ ਸਕਦਾ ਹੈ। ਡਾਰਵਿਨ ਦਾ ਸਿਧਾਂਤ ਇਹਨਾਂ ਵੱਡੀਆਂ ਕਮਜ਼ੋਰੀਆਂ ਨੂੰ ਦੂਰ ਕਰਦਾ ਹੈ। ਕੁਦਰਤੀ ਚੋਣ ਅਨੁਸਾਰ ਜਿਰਾਫ਼ ਦੇ ਪੂਰਵਜਾਂ ਵਿੱਚ ਅਲੱਗ-ਅਲੱਗ ਲੰਬਾਈ ਦੀਆਂ ਗਰਦਨਾਂ ਵਾਲ਼ੇ ਜੀਵ ਸਨ, ਇਹਨਾਂ ਵਿੱਚੋਂ ਲੰਬੀ ਗਰਦਨ ਵਾਲ਼ੇ ਹੀ ਸਿਹਤਮੰਦ ਹੋ ਕੇ ਅੱਗੇ ਨਵੀਂ ਪੀੜ੍ਹੀ ਨੂੰ ਜਨਮ ਦੇ ਸਕੇ ਕਿਉਂਕਿ ਉਹ ਹੀ ਲੋੜੀਂਦੀ ਖ਼ੁਰਾਕ ਹਾਸਲ ਕਰ ਪਾਉਂਦੇ ਸਨ। ਛੋਟੀ ਗਰਦਨ ਵਾਲ਼ੇ ਹੌਲ਼ੀ-ਹੌਲ਼ੀ ਲੁਪਤ ਹੋ ਗਏ। ਇਸ ਤਰ੍ਹਾਂ ਲੈਮਾਰਕ ਦੇ ਸਿਧਾਂਤ ਵਿਚਲਾ ਉਦੇਸ਼ਵਾਦ ਖਤਮ ਹੋ ਗਿਆ ਅਤੇ ਨਾਲ਼ ਹੀ ਜੀਵਾਂ ਦੇ ਵਿਗਾਸ ਲਈ ਕਿਸੇ ਰਹੱਸਮਈ ਤਾਕਤ ਦੀ ਲੋੜ ਨਹੀਂ ਰਹੀ, ਇਹ ਇੱਕ ਕੁਦਰਤੀ ਪ੍ਰਕਿਰਿਆ ਬਣ ਗਿਆ। ਇਸੇ ਤਰ੍ਹਾਂ ਪੰਛੀਆਂ ਨੇ ਖੰਭ ਇਸ ਲਈ ਨਹੀਂ ਉਗਾ ਲਏ ਕਿ ਉਹ ਉੱਡ ਸਕਣ, ਸਗੋਂ ਉੱਡ ਸਕਣ ਵਾਲ਼ੇ ਜੀਵ ਉਹਨਾਂ ਹਾਲਤਾਂ ਵਿੱਚ ਜਿਉਂਦੇ ਰਹਿ ਸਕੇ ਜਿਹਨਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ, ਦੂਜੇ ਲੁਪਤ ਹੋ ਗਏ। ਡਾਰਵਿਨ ਦਾ ਸਿਧਾਂਤ ਜੀਵ-ਵਿਗਾਸ ਨੂੰ ਮਸ਼ੀਨੀ ਪਦਾਰਥਵਾਦ ਦੀਆਂ ਸੀਮਤਾਈਆਂ ਤੋਂ ਮੁਕਤ ਕਰਵਾਉਂਦਾ ਹੈ। ਇਹਨਾਂ ਅਰਥਾਂ ਵਿੱਚ ਹੀ ਏਂਗਲਜ਼ ਨੇ ਇਹ ਕਿਹਾ ਕਿ ਡਾਰਵਿਨ ਨੇ ਉਦੇਸ਼ਵਾਦ ਨੂੰ ਫੈਸਲਾਕੁੰਨ ਸੱਟ ਮਾਰੀ ਹੈ।

ਪਰ ਜਿਵੇਂ ਕਿ ਕਾਰਲ ਮਾਰਕਸ ਨੇ ਨੋਟ ਕੀਤਾ ਕਿ ਡਾਰਵਿਨ ਦੇ ਤਰੀਕਾਕਰ ਵਿੱਚ “ਕੱਚਘਰੜਤਾ” ਸੀ ਜਿਸ ਨੇ ਉਸ ਦੇ ਸਿਧਾਂਤ ਵਿੱਚ ਅਜਿਹੇ ਨੁਕਤੇ ਰਹਿਣ ਦਿੱਤੇ ਜਿੰਨ੍ਹਾਂ ਦੀ ਵਰਤੋਂ ਨਾਲ਼ ਡਾਰਵਿਨ ਦੇ ਸਿਧਾਂਤ ਦਾ ਇਨਕਲਾਬੀ ਤੱਤ ਮੇਸਣਾ ਸੰਭਵ ਹੋ ਸਕਦਾ ਸੀ ਅਤੇ ਇਹੀ ਹੋਇਆ ਵੀ। ਡਾਰਵਿਨ ਦਾ “ਯੋਗਤਮ ਦਾ ਬਚਾਅ” ਦਾ ਸਿਧਾਂਤ ਮਾਲਥਸ ਦੇ ਮਨੁੱਖੀ ਅਬਾਦੀ ਦੇ ਸਿਧਾਂਤ ਤੋਂ ਪ੍ਰੇਰਿਆ ਹੋਇਆ ਸੀ ਜਿਸ ਅਨੁਸਾਰ ਕੁਦਰਤੀ ਆਫਤਾਂ, ਬਿਮਾਰੀਆਂ ਵਿੱਚ ਜਿਹੜੇ ਮਨੁੱਖ ਯੋਗ ਹੋਣਗੇ, ਉਹ ਬਚ ਜਾਣਗੇ ਤੇ ਦੂਜੇ ਮਰ ਜਾਣਗੇ। ਇਹ ਸਿਧਾਂਤ ਮਨੁੱਖੀ ਸਮਾਜ ਵਿੱਚ ਗੈਰ-ਬਰਾਬਰੀ, ਗਰੀਬੀ ਤੇ ਲੁੱਟ-ਖਸੁੱਟ ਨੂੰ “ਵਿਗਿਆਨਕ ਤਰਕ” ਰਾਹੀਂ ਇੱਕ ਕੁਦਰਤੀ ਹਾਲਤ ਵਜੋਂ ਸਿੱਧ ਕਰਨ ਦਾ ਯਤਨ ਸੀ। ਡਾਰਵਿਨ ਨੇ ਇਸ ਸਿਧਾਂਤ ਤੋਂ ਪ੍ਰੇਰਨਾ ਲੈ ਕੇ ਜੀਵ-ਵਿਗਾਸ ਉੱਤੇ ਲਾਗੂ ਕਰਕੇ ਸਹੀ ਨਤੀਜੇ ਕੱਢੇ, ਇਹ ਡਾਰਵਿਨ ਦੀ ਪ੍ਰਤਿਭਾ ਸੀ, ਪਰ ਸਰਮਾਏਦਾਰੀ ਦੇ ਬੌਧਿਕ ਚਾਕਰਾਂ ਨੇ ਇਸਨੂੰ ਮਾਲਥਸਵਾਦ ਦੇ ਸਮਾਜ-ਵਿਗਿਆਨਕ ਸਿਧਾਂਤ ਦੇ ਸਹੀ “ਵਿਗਿਆਨਕ ਸਿਧਾਂਤ” ਹੋਣ ਦੇ ਸਬੂਤ ਵਜੋਂ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਅਤੇ “ਸਮਾਜਿਕ ਡਾਰਵਿਨਵਾਦ ਇੰਡਸਟਰੀ” ਸ਼ੁਰੂ ਹੋ ਗਈ। ਅੱਜ ਤੱਕ ਦਾ ਹਰ ਉਹ ਸਿਧਾਂਤ ਜਿਹੜਾ ਮਨੁੱਖੀ ਸਮਾਜ ਵਿੱਚ ਗੈਰ-ਬਰਾਬਰੀ, ਗਰੀਬੀ ਤੇ ਲੁੱਟ-ਖਸੁੱਟ ਨੂੰ “ਵਿਗਿਆਨਕ ਤਰਕ” ਰਾਹੀਂ ਇੱਕ ਕੁਦਰਤੀ ਹਾਲਤ ਵਜੋਂ ਸਿੱਧ ਕਰਦਾ ਹੈ ਤੇ ਸਮਾਜ ਨੂੰ ਬਦਲਣ ਲਈ ਕਿਸੇ ਵੀ ਸਰਗਰਮੀ ਕਰਨ ਨੂੰ ਬੇਲੋੜਾ ਦੱਸਦਾ ਹੈ, ਡਾਰਵਿਨ ਨੂੰ ਆਪਣੀ ਤਰਕ-ਪੱਧਤੀ ਵਿੱਚ ਜ਼ਰੂਰ ਘੜੀਸਦਾ ਹੈ। ਪਰ ਨਾਲ਼ ਹੀ ਇਹ ਡਾਰਵਿਨ ਦੀ ਖੋਜ ਦੀ ਮਹਾਨਤਾ ਨੂੰ ਵੀ ਦਰਸਾਉਂਦਾ ਹੈ ਕਿ ਉਸ ਦੀ ਖੋਜ ਇੰਨੀ ਯੁੱਗ-ਪਲਟਾਊ ਸੀ ਕਿ ਉਸਦਾ ਨਾਮ ਲੈਣਾ ਹੀ ਆਪਣੇ ਤਰਕ ਦੇ ਸਹੀ ਹੋਣ ਦਾ ਸਬੂਤ ਬਣ ਜਾਂਦਾ ਹੈ ਅਤੇ ਉਸਦੇ ਸਿਧਾਂਤ ਨੂੰ ਤੋੜੇ-ਮਰੋੜੇ ਬਿਨਾਂ, ਉਸਦੇ ਇਹ ਇਨਕਲਾਬੀ ਤੱਤ ਕਿ ਕੁਦਰਤ ਦਾ ਇਤਿਹਾਸ ਹੈ, ਧਰਤੀ ਉੱਤੇ ਜੀਵਨ ਬਦਲਦਾ ਤੇ ਵਿਕਸਤ ਹੁੰਦਾ ਆਇਆ ਹੈ, ਜੀਵ ਪੈਦਾ ਹੁੰਦੇ ਹਨ ਤੇ ਮਰ ਜਾਂਦੇ ਹਨ, ਨੂੰ ਲੁਕਾਏ ਬਿਨਾਂ ਆਪਣੇ ਪੱਖ ਵਿੱਚ ਭੁਗਤਾਉਣਾ ਸੰਭਵ ਨਹੀਂ ਹੈ। ਡਾਰਵਿਨ ਦੇ ਸਿਧਾਂਤ ਵਿਚਲੇ ਖੱਪੇ ਉਸ ਤੋਂ ਬਾਅਦ ਸਟੀਫ਼ਨ ਗੌਲਡ, ਅਰਨੈਸਟ ਮਾਇਰ ਆਦਿ ਕਈ ਹੋਰ ਵਿਗਿਆਨੀਆਂ ਨੇ ਪੂਰੇ ਹਨ, ਪਰ ਉਸਦੇ ਸਿਧਾਂਤ ਦੀ ਦਿੱਤੀ ਬੁਨਿਆਦ ਉੱਪਰ ਖੜੇ ਹੋ ਕੇ ਇਹ ਖੱਪੇ ਪੂਰੇ ਗਏ ਹਨ, ਨਾ ਕਿ ਉਸ ਤੋਂ ਬਾਹਰ ਜਾਕੇ। ਇਹ ਵੀ ਡਾਰਵਿਨ ਦੀ ਖੋਜ ਦੀ ਮਹਾਨਤਾ ਨੂੰ ਦਰਸਾਉਂਦਾ ਹੈ।

ਅੱਜ ਡਾਰਵਿਨ ਉਹਨਾਂ ਸਭਨਾਂ ਲਈ ਪਿਆਰਾ ਹੈ ਜਿਹੜੇ ਵਿਗਿਆਨ ਵਿੱਚ ਭਰੋਸਾ ਰੱਖਦੇ ਹਨ, ਜਿਹੜੇ ਵਿਗਿਆਨ ਨੂੰ ਝੁਠਲਾਉਣ ਲਈ ਹੋ ਰਹੇ ਯਤਨਾਂ ਦਾ ਵਿਰੋਧ ਕਰ ਰਹੇ ਹਨ, ਜਿਹੜੇ ਹਰ ਤਰ੍ਹਾਂ ਦੇ ਅੰਧਵਿਸ਼ਵਾਸ਼ ਤੇ ਅਗਿਆਨਤਾ ਖਿਲਾਫ਼ ਲੜ ਰਹੇ ਹਨ, ਜਿਹੜੇ ਇਹ ਸਮਝਦੇ ਹਨ ਕਿ ਧਰਤੀ ਉੱਤੇ ਜੀਵਨ ਦਾ ਇਤਿਹਾਸ ਹੈ ਤੇ ਮਨੁੱਖੀ ਸਮਾਜ ਦਾ ਵੀ ਇਤਿਹਾਸ ਹੈ ਅਤੇ ਦੋਵੇਂ ਕਦੇ ਨਹੀਂ ਰੁਕਦੇ, ਅੱਗੇ ਵਧਦੇ ਜਾਂਦੇ ਹਨ। ਡਾਰਵਿਨ ਦੇ ਯੋਗਦਾਨ ਨੂੰ ਸਹੀ ਤਰੀਕੇ ਨਾਲ਼ ਪੇਸ਼ ਕਰਨਾ ਜਿੱਥੇ ਅੱਜ ਧਰਮਾਂ ਦੁਆਰਾ ਫੈਲਾਈ ਧੁੰਦ ਨੂੰ ਲਾਹੁਣ ਲਈ ਜ਼ਰੂਰੀ ਹੈ, ਉੱਥੇ ਡਾਰਵਿਨ ਜੋ ਖੁਦ ਪੂਰੀ ਉਮਰ 19ਵੀਂ ਸਦੀ ਵਿੱਚ ਸਰਮਾਏਦਾਰਾਂ ਵੱਲੋਂ ਅਫਰੀਕਾ ਦੇ ਲੋਕਾਂ ਨੂੰ ਗ਼ੁਲਾਮ ਬਣਾ ਕੇ ਵੇਚਣ ਦਾ ਵਿਰੋਧੀ ਰਹੇ, ਦੇ ਇਨਕਲਾਬੀ ਸਿਧਾਂਤ ਨੂੰ ਸਰਮਾਏਦਾਰਾਂ ਦੇ ਬੌਧਿਕ ਚਾਕਰਾਂ ਵੱਲੋਂ ਸਰਮਾਏਦਾਰੀ ਨੂੰ “ਸਦੀਵੀ” ਬਣਾ ਕੇ ਪੇਸ਼ ਕਰਨ, ਮਨੁੱਖੀ ਇਤਿਹਾਸ ਦੀ ਆਖਰੀ ਮੰਜ਼ਿਲ ਦਰਸਾਉਣ ਲਈ ਵਰਤਣ ਦੇ ਯਤਨਾਂ ਦੀ ਕਾਟ ਕਰਨੀ ਵੀ ਜ਼ਰੂਰੀ ਹੈ। ਮਾਰਕਸ ਦੀ ਮੌਤ ਸਮੇਂ ਉਸਦੀ ਕਬਰ ਉੱਤੇ ਦਿੱਤੇ ਭਾਸ਼ਣ ਵਿੱਚ ਏਂਗਲਜ਼ ਦੇ ਇਹ ਸ਼ਬਦ “ਜਿਸ ਤਰ੍ਹਾਂ ਡਾਰਵਿਨ ਕਾਰਬਨਿਕ ਕੁਦਰਤ ਦੇ ਵਿਕਾਸ ਦੇ ਨਿਯਮ ਦੀ ਖੋਜ ਕੀਤੀ, ਉਸੇ ਤਰ੍ਹਾਂ ਮਾਰਕਸ ਨੇ ਮਨੁੱਖੀ ਇਤਿਹਾਸ ਦੇ ਵਿਕਾਸ ਦੇ ਨਿਯਮ ਦੀ ਖੋਜ ਕੀਤੀ” ਡਾਰਵਿਨ ਦੀਆਂ ਖੋਜਾਂ ਦੀ ਮਹਾਨਤਾ ਨੂੰ ਦਰਸਾਉਣ ਲਈ ਕਾਫ਼ੀ ਹਨ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ – ਅੰਕ 48, ਫਰਵਰੀ 2016 ਵਿਚ ਪਰ੍ਕਾਸ਼ਤ

Advertisements