ਚੰਗੇ ਖ੍ਰੀਦਦਾਰ ਪੈਦਾ ਕਰਨ ਲਈ ਵਿਉਂਤੀ ਜਾ ਰਹੀ ਪ੍ਰਾਇਮਰੀ ਸਿੱਖਿਆ •ਗੁਰਪ੍ਰੀਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਿੱਖਿਆ ਦਾ ਉਦੇਸ਼ ਇੱਕ ਪੀੜੀ ਤੱਕ ਦਾ ਹਾਸਲ ਗਿਆਨ ਅਗਲੀ ਪੀੜੀ ਨੂੰ ਸੌਂਪਣਾ ਹੁੰਦਾ ਹੈ, ਪਰ ਜਮਾਤੀ ਸਮਾਜ ਵਿੱਚ ਸਿੱਖਿਆ ਖਾਸ ਜਮਾਤੀ ਨਜ਼ਰੀਏ ਤੋਂ ਦਿੱਤੀ ਜਾਂਦੀ ਹੈ। ਮੌਜੂਦਾ ਸਰਮਾਏਦਾਰਾ ਢਾਂਚੇ ਵਿੱਚ ਵੀ ਸਿੱਖਿਆ ਦੇ ਮੁੱਖ ਉਦੇਸ਼ ਹਨ : (1) ਢਾਂਚਾ ਚਲਾਉਣ ਲਈ ਪੜ੍ਹੇ-ਲਿਖੇ ਕਲਰਕ, ਨੌਕਰਸ਼ਾਹ, ਤਕਨੀਸ਼ੀਅਨ ਆਦਿ ਪੈਦਾ ਕਰਨਾ। (2) ਸਮਾਜ ਵਿੱਚ ਬਹੁਗਿਣਤੀ ਨੂੰ ਇਸ ਹੱਦ ਤੱਕ ਸਿੱਖਿਅਤ ਕਰਨਾ ਕਿ ਉਹ ਮੰਡੀ ਵਿੱਚ ਜਾ ਕੇ ਚੀਜ਼ਾਂ ਦੀ ਖ੍ਰੀਦਦਾਰੀ ਕਰ ਸਕਣ, ਸਰਮਾਏਦਾਰਾਂ ਦੇ ਮੁਨਾਫੇ ਵਧਾ ਸਕਣ ਅਤੇ (3) ਹਾਕਮ ਜਮਾਤ ਦੀ ਵਿਚਾਰਧਾਰਾ ਨੂੰ ਲੋਕਾਂ ਦੇ ਮਨਾਂ ਵਿੱਚ ਭਰਨਾ। ਪਹਿਲੇ ਦੋ ਉਦੇਸ਼ ਸਿੱਧੇ ਤੌਰ ‘ਤੇ ਮੰਡੀ ਨਾਲ ਜੁੜੇ ਹੋਏ ਹਨ। ਇਸ ਲਈ ਮੰਡੀ ਦੀਆਂ ਲੋੜਾਂ ਮੁਤਾਬਕ ਸਿੱਖਿਆ ਨੀਤੀਆਂ ਵੀ ਬਦਲਦੀਆਂ ਰਹਿੰਦੀਆਂ ਹਨ। ਮਿਸਾਲ ਵਜੋਂ, ਕਿਸੇ ਸਮੇਂ ਭਾਰਤ ਵਿੱਚ ਜਦੋਂ ਪੜ੍ਹੇ-ਲਿਖੇ ਤਕਨੀਸ਼ੀਅਨਾਂ ਦੀ ਫੌਜ ਦੀ ਲੋੜ ਸੀ ਤਾਂ ਧੜੱਲੇ ਨਾਲ਼ ਇੰਜੀ ਨਿਅਰਿੰਗ ਕਾਲਜ ਖੋਲ੍ਹੇ ਗਏ। ਇਸ ਤਰ੍ਹਾਂ ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਇੰਜਨਿਅਰ ਬਹੁਤ ਜ਼ਿਆਦਾ ਤਿਆਰ ਹੋਣ ਲੱਗੇ। ਭਾਰਤੀ ਸਿੱਖਿਆ ਪ੍ਰਣਾਲ਼ੀ ਇੰਨੀ ਨਖਿੱਧੀ ਹੈ ਕਿ ਅਜਿਹੇ “ਪੜ੍ਹੇ-ਲਿਖੇ” ਇੰਜੀਨਿਅਰ (ਸਿੱਖਿਆ ਦੇ ਬਾਕੀ ਖੇਤਰਾਂ ਵਾਂਗ) ਤਿਆਰ ਹੁੰਦੇ ਰਹੇ ਜੋ ਹਰ ਚੀਜ ਤੋਤੇ ਵਾਂਗ ਰਟੀ ਫਿਰਦੇ ਸਨ ਤੇ ਬਹੁਤ ਜ਼ਿਆਦਾ ਨੰਬਰ ਹਾਸਲ ਕਰੀ ਫਿਰਦੇ ਸਨ, ਪਰ ਅਮਲੀ ਕੰਮਾਂ ਦੀ ਜਾਣਕਾਰੀ ਉਹਨਾਂ ਦੀ ਨਾਂਹ-ਬਰਾਬਰ ਹੀ ਹੁੰਦੀ ਹੈ। ਇਸ ਕਾਰਨ ਜ਼ਿਆਦਾਤਰ ਕੰਪਨੀਆਂ ਨੂੰ ਪਹਿਲਾਂ ਤਾਂ ਇੰਜੀਨਿਅਰਾਂ ਨੂੰ ਸ਼ੁਰੂ ਤੋਂ ਸਭ ਸਿਖਾਉਣ ਲਈ 5-7 ਮਹੀਨੇ ਲਾਉਣੇ ਪੈਂਦੇ ਹਨ ਜਿਸਤੋਂ ਸਰਮਾਏਦਾਰ ਇੱਕ ਹੱਦ ਤੱਕ ਤੰਗ ਵੀ ਹਨ। ਇਹਨਾਂ ਦੀ ਇਸ ਤੰਗੀ ਨੂੰ ਰਾਜਕੁਮਾਰ ਹਿਰਾਨੀ ਦੀ ਨਿਰਦੇਸ਼ਤ ਫਿਲਮ ‘ਥ੍ਰੀ ਇਡੀਅਟਸ’ ਵਿੱਚ ਪੇਸ਼ ਕੀਤਾ ਜਿਸ ਵਿੱਚ ਆਮਿਰ ਖਾਨ “ਕਾਮਯਾਬ ਨਹੀਂ ਕਾਬਲ” ਬਣਨ ਦਾ ਸੰਦੇਸ਼ ਦਿੰਦਾ ਨਜ਼ਰ ਆਇਆ, ਜਿਸਦਾ ਮਤਲਬ ਸੀ ਕਿ ਮੰਡੀ ਨੂੰ ਤੁਹਾਡੇ ਨੰਬਰਾਂ ਦੀ ਨਹੀਂ ਸਗੋਂ ਤੁਹਾਡੇ ਕੁੱਝ ਕਰਨ ਸਕਣ ਦੇ ਹੁਨਰ ਦੀ ਵਧੇਰੇ ਲੋੜ ਹੈ। ਪੂਰੇ ਵਿੱਦਿਅਕ ਢਾਂਚੇ ਸਬੰਧੀ ਅਜਿਹੀਆਂ ਅਨੇਕਾਂ ਉਦਾਹਰਨਾਂ ਦਿੱਤੀਆਂ ਜਾ ਸਕਦੀ ਹਨ।

ਪਿਛਲੇ ਦਿਨੀਂ ਇੱਕ ਦੋਸਤ, ਜੋ ਪ੍ਰਾਇਮਰੀ ਸਕੂਲ ਵਿੱਚ ਅਧਿਆਪਕ ਹੈ, ਨਾਲ਼ ਗੱਲਬਾਤ ਤੋਂ ਪਤਾ ਲੱਗਿਆ ਕਿ ਪ੍ਰਾਇਮਰੀ ਸਿੱਖਿਆ ਨੂੰ ਵੀ ਇਸ ਤਰ੍ਹਾਂ ਵਿਉਂਤਿਆ ਜਾ ਰਿਹਾ ਹੈ ਕਿ ਪ੍ਰਾਇਮਰੀ ਸਿੱਖਿਆ ਹਾਸਲ ਕਰ ਚੁੱਕੇ ਨਾਗਰਿਕ ਟੀਵੀ, ਅਖ਼ਬਾਰਾਂ ਵਿੱਚ ਵਸਤਾਂ ਦੇ ਵਿਗਿਆਪਨ ਦੇਖ ਸਕਣ, ਉਹਨਾਂ ਦੇ ਨਾਮ ਜਾਣ ਸਕਣ, ਮੰਡੀ ਵਿੱਚ ਜਾ ਕੇ ਦੁਕਾਨਾਂ ਵਿੱਚ ਵਸਤਾਂ ਦੇ ਨਾਮ ਪੜ੍ਹ ਸਕਣ ਤੇ ਖ੍ਰੀਦ ਸਕਣ। ਇਸਦੀਆਂ ਉਸਨੇ ਦੋ ਮਿਸਾਲਾਂ ਦਿੱਤੀਆਂ। ਪਹਿਲੀ ਇਹ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਇੱਕ ਸ਼ਬਦ ਭੰਡਾਰ ਦਿੱਤਾ ਗਿਆ ਜੋ ਉਹਨਾਂ ਨੇ ਹਰ ਹਾਲ ਬੱਚਿਆਂ ਨੂੰ ਸਿਖਾਉਣਾ ਹੈ, ਭਾਵੇਂ ਉਹ ਬਾਕੀ ਭਾਸ਼ਾ, ਪੜ੍ਹਨਾ, ਲਿਖਣਾ ਜਾਣਦੇ ਵੀ ਨਾ ਹੋਣ। ਇਹਨਾਂ ਵਿੱਚੋਂ ਬਹੁਤੇ ਸ਼ਬਦ ਮੰਡੀ ਨਾਲ ਜੁੜੇ ਹੋਏ ਹਨ, ਭਾਵ ਉਹਨਾਂ ਵਸਤਾਂ ਦੇ ਅੰਗਰੇਜ਼ੀ ਤੇ ਪੰਜਾਬੀ ਨਾਮ ਹਨ ਜੋ ਉਹਨਾਂ ਨੂੰ ਆਮ ਤੌਰ ‘ਤੇ ਖਰੀਦਣੀਆਂ ਪੈਂਦੀਆਂ ਹਨ। ਇਸ ਵਿੱਚ ਵੀ ਇੱਕ ਹੈਰਾਨ ਕਰਨ ਵਾਲ਼ੀ ਗੱਲ ਇਹ ਵੀ ਹੈ ਕਿ ‘ਉਜਾਲਾ’ (ਚਿੱਟੇ ਕੱਪੜਿਆਂ ਨੂੰ ਦੇਣ ਵਾਲ਼ੇ ਇੱਕ ਨੀਲ ਦਾ ਨਾਮ) ਵੀ ਇੱਕ ਸ਼ਬਦ ਹੈ। ਇਸੇ ਤਰ੍ਹਾਂ ਸਿੱਖਿਆ ਵਿਭਾਗ ਵੱਲੋਂ ਇਹ ਵੀ ਹਦਾਇਤ ਹੈ ਕਿ ਵਿਦਿਆਰਥੀਆਂ ਨੂੰ ਖ੍ਰੀਦਦਾਰੀ ਕਰਨੀ ਸਿਖਾਈ ਜਾਵੇ। ਇਹਦੇ ਲਈ ਇੱਕ ਵਿਦਿਆਰਥੀ ਦੁਕਾਨਦਾਰ ਬਣੇਗਾ ਜੋ ਆਪਣੇ ਕੋਲ਼ ਕੁੱਝ ਵਸਤਾਂ ਰੱਖ ਕੇ ਉਹਨਾਂ ਉੱਪਰ ਉਹਨਾਂ ਦੀ ਕੀਮਤ ਦੀਆਂ ਪਰਚੀਆਂ ਲਾਏਗਾ। ਬਾਕੀ ਵਿਦਿਆਰਥੀਆਂ ਨੂੰ ਕਾਗਜ਼ ਦੇ ਨਕਲੀ ਰੁਪਏ ਬਣਾ ਕੇ ਦਿੱਤੇ ਜਾਣਗੇ ਤੇ ਵਸਤਾਂ ਖ੍ਰੀਦਣ ਲਈ ਕਿਹਾ ਜਾਵੇਗਾ। ਇਸ ਤਰ੍ਹਾਂ ਅਗਲੀਆਂ ਜਮਾਤਾਂ ਵਿੱਚ ਗਣਿਤ ਰਾਹੀਂ ਲਾਭ-ਹਾਨੀ ਆਦਿ ਜ਼ਰੀਏ ਮੰਡੀ ਵਿੱਚ ਵਿਚਰਨਾ ਸਿਖਾਉਣ ਦੇ ਨਾਲ਼ ਹੁਣ ਪ੍ਰਾਇਮਰੀ ਤੋਂ ਹੀ ਖਰੀਦਣਾ, ਵੇਚਣਾ, ਨਫ਼ਾ, ਨੁਕਸਾਨ ਆਦਿ ਸਿਖਾਇਆ ਜਾ ਰਿਹਾ ਹੈ।

ਅੱਜ ਇਸ ਢਾਂਚੇ ਨੂੰ ਜਿੰਨੇ ਪੜ੍ਹੇ ਲਿਖੇ ਤਕਨੀਸ਼ੀਅਨਾਂ, ਨੌਕਰਸ਼ਾਹਾਂ, ਅਫਸਰਾਂ ਦੀ ਲੋੜ ਹੈ ਉਹ ਤਾਂ ਅਮੀਰਾਂ ਦੀਆਂ ਮੋਟੀਆਂ ਫੀਸਾਂ ਵਾਲ਼ੀਆਂ ਸਿੱਖਿਆ ਸੰਸਥਾਵਾਂ ਵਿੱਚੋਂ ਮਿਲ਼ ਜਾਂਦੇ ਹਨ। ਇਸ ਲਈ ਬਾਕੀ ਬਹੁਗਿਣਤੀ ਆਮ ਕਿਰਤੀ ਅਬਾਦੀ ਨੂੰ ਸਿੱਖਿਆ ਸਿਰਫ ਮੰਡੀ ਵਿੱਚ ਵਸਤਾਂ ਖ੍ਰੀਦ ਸਕਣ ਦੇ ਯੋਗ ਬਣਾਉਣ ਤੱਕ ਹੀ ਸੀਮਤ ਹੋ ਗਈ ਹੈ। ਇਹਦੇ ਨਾਲ਼ ਇਹ ਢਾਂਚਾ ਆਪਣੀ ਵਿਚਾਰਧਾਰਾ ਵਿਦਿਆਰਥੀਆਂ ਦੇ ਮਨਾਂ ਵਿੱਚ ਭਰਨ, ਉਹਨਾਂ ਨੂੰ ਪੜ੍ਹੇ-ਲਿਖੇ ਮੂਰਖ ਬਣਾਉਣ ਦਾ ਕੰਮ ਤਾਂ ਬਾਖੂਬੀ ਕਰ ਰਿਹਾ ਹੈ। ਇਸ ਤਰ੍ਹਾਂ ਮੌਜੂਦਾ ਸਿੱਖਿਆ ਢਾਂਚਾ ਮੰਡੀ ਦੀਆਂ ਲੋੜਾਂ ਮੁਤਾਬਕ ਨਵੇਂ ਰੂਪ ਲੈਂਦਾ ਜਾ ਰਿਹਾ ਹੈ ਤੇ ਹੋਰ ਚਿੱਟੇ ਦਿਨ ਵਾਂਗ ਸਰਮਾਏਦਾਰਾਂ ਦੀ ਸੇਵਾ ਵਿੱਚ ਨਿੱਤਰ ਰਿਹਾ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s