‘ਚੰਡੀਗੜ੍ਹ ਸਿਨੇਫ਼ਾਈਲਸ’ ਵੱਲੋਂ ਚੰਡੀਗੜ੍ਹ ਵਿਖੇ ਪਹਿਲਾ ਫ਼ਿਲਮ-ਸ਼ੋਅ : ਸੱਤਿਆਜੀਤ ਰੇ ਦੀ ਫ਼ਿਲਮ ‘ਜਨ ਅਰਾਨਿਆ’ ਦੀ ਪੇਸ਼ਕਾਰੀ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਿਨੇਮਾ ਦਾ ਵਿਕਾਸ ਮਨੁੱਖੀ ਪ੍ਰਗਤੀ ਦੇ ਰਾਹ ਵਿੱਚ ਇੱਕ ਅਹਿਮ ਪੜਾਅ ਹੈ। ਇਹ ਸਾਡੇ ਜੀਵਨ ਦਾ ਇੱਕ ਲੋੜੀਂਦਾ ਅੰਗ ਬਣ ਚੁੱਕਾ ਹੈ। ਆਧੁਨਿਕ ਯੁੱਗ ਦੀ ਸਭ ਤੋਂ ਵੱਧ ਪ੍ਰਭਾਵਸ਼ਾਲੀ ਕਲਾ, ਸਿਨੇਮਾ, ਦੀ ਸਮਾਜ ਨੂੰ ਬਦਲਣ ਵਿੱਚ ਅਹਿਮ ਭੂਮਿਕਾ ਪ੍ਰਤੀ ਸੁਚੇਤ ਕੁੱਝ ਵਿਦਿਆਰਥੀ ਨੌਜਵਾਨਾਂ ਨੇ ਚੰਡੀਗੜ੍ਹ ਵਿੱਚ ‘ਚੰਡੀਗੜ੍ਹ ਸਿਨੇਫ਼ਾਈਲਸ’ ਨਾਮਕ ਫਿਲਮ ਕਲੱਬ ਦਾ ਗਠਨ ਕੀਤਾ ਹੈ। ਇਸ ਮੰਚ ਦਾ ਮਕਸਦ ਸੰਸਾਰ ਸਿਨੇਮਾ ਦੀਆਂ ਬਿਹਤਰੀਨ ਫ਼ਿਲਮਾਂ ਨੂੰ ਆਮ ਲੋਕਾਂ ਤੱਕ ਲਿਜਾਣਾ, ਸਿਨੇਮਾ ਬਿਹਤਰ ਢੰਗ ਨਾਲ਼ ਮਾਨਣ ਲਈ ਫ਼ਿਲਮ ਸਿਧਾਂਤ ਅਤੇ ਫ਼ਿਲਮ ਇਤਿਹਾਸ ਸਬੰਧੀ ਲੈਕਚਰ ਅਤੇ ਵਿਚਾਰ-ਚਰਚਾਵਾਂ ਕਰਵਾਉਣੀਆਂ ਅਤੇ ਫ਼ਿਲਮ ਬਣਾਉਣ ਨਾਲ ਜੁੜੇ ਵਿਅਕਤੀਆਂ ਅਤੇ ਆਮ ਦਰਸ਼ਕਾਂ ਦਰਮਿਆਨ ਮਿਲਣੀਆਂ ਕਰਵਾਕੇ ਪਾਏ ਗਏ ਅਖੌਤੀ ਪਾੜਿਆਂ ਨੂੰ ਪੂਰਨਾ ਹੈ। ਇਹਨਾਂ ਉਦੇਸ਼ਾਂ ਨੂੰ ਲੈ ਕੇ ਬਣੇ ਇਸ ਮੰਚ ਨੇ ਆਪਣਾ ਪਹਿਲਾ ਪ੍ਰੋਗਰਾਮ 7 ਮਈ 2016 ਨੂੰ ਕੀਤਾ ਜਿਸ ਵਿੱਚ ਸੰਸਾਰ ਪ੍ਰਸਿੱਧ ਫਿਲਮਸਾਜ਼ ਸੱਤਿਆਜੀਤ ਰੇ ਦੀ ਫ਼ਿਲਮ ‘ਜਨ ਅਰਾਨਿਆ’ ਦਿਖਾਈ ਗਈ। ਇਸ ਫ਼ਿਲਮ-ਸ਼ੋਅ ਵਿੱਚ 20 ਦੇ ਕਰੀਬ ਦਰਸ਼ਕਾਂ ਨੇ ਸ਼ਿਰਕਤ ਕੀਤੀ। ਫ਼ਿਲਮ ਤੋਂ ਬਾਅਦ ਸਰਗਰਮ ਵਿਚਾਰ-ਚਰਚਾ ਵੀ ਹੋਈ ਜਿਸ ਵਿੱਚ ਸਭ ਨੇ ਫ਼ਿਲਮ ਦੇ ਵੱਖ-ਵੱਖ ਪੱਖਾਂ ਉੱਤੇ ਗੱਲਬਾਤ ਕੀਤੀ ਅਤੇ ਨਾਲ਼ ਹੀ ‘ਚੰਡੀਗੜ੍ਹ ਸਿਨੇਫ਼ਾਈਲਸ’ ਦੇ ਇਸ ਉੱਦਮ ਦੀ ਸ਼ਲਾਘਾ ਵੀ ਕੀਤੀ। ਦਰਸ਼ਕਾਂ ਨੇ ਮੰਨਿਆ ਕਿ ਸੱਤਿਆਜੀਤ ਰੇ ਦੀ ਇਹ ਬਿਹਤਰੀਨ ਫਿਲਮ ਇਨਸਾਨੀ ਸੰਵੇਦਨਾਵਾਂ ਨੂੰ ਜਗਾਉਂਦੀ ਹੈ ਅਤੇ ਅੱਜ ਦੇ ਆਰਥਿਕ, ਸਮਾਜਕ ਅਤੇ ਸੱਭਿਆਚਾਰਕ ਹਾਲਤਾਂ ਬਾਰੇ ਲੋਕਾਂ ਵਿੱਚ ਬੇਚੈਨੀ ਪੈਦਾ ਕਰਦੀ ਹੈ। ਉਤਸ਼ਾਹ ਨਾਲ਼ ਭਰੇ ਦਰਸ਼ਕਾਂ ਨੇ ਇਸ ਲੜੀ ਨੂੰ ਹੋਰ ਅੱਗੇ ਤੋਰਨ ਲਈ ਹੌਂਸਲਾ ਅਫਜ਼ਾਈ ਕੀਤੀ। ‘ਚੰਡੀਗੜ੍ਹ ਸਿਨੇਫ਼ਾਈਲਸ’ ਵੱਲੋਂ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਖੇਤਰਾਂ ਵਿੱਚ ਨਿਯਮਤ ਫ਼ਿਲਮ-ਸ਼ੋ, ਫ਼ਿਲਮ-ਮੇਲੇ ਅਤੇ ਜਨਤਕ ਪ੍ਰਦਰਸ਼ਨੀਆਂ ਕੀਤੀਆਂ ਜਾਣਗੀਆਂ। ਵਧੇਰੇ ਜਾਣਕਾਰੀ ਮੰਚ ਦੇ ਫੇਸਬੁੱਕ ਪੇਜ ਤੋਂ ਹਾਸਲ ਕੀਤੀ ਜਾ ਸਕਦੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements