ਚੰਗੇ ਕਾਰਨ ਲਈ ਖਦੇੜਿਆ ਗਿਆ •ਬ੍ਰਤੋਲਤ ਬ੍ਰੈਖਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਖਾਂਦੇ -ਪੀਂਦੇ ਘਰਾਂ ਦੇ ਬੱਚਿਆਂ ਵਾਂਗ
ਮੇਰਾ ਪਾਲਣ-ਪੋਸ਼ਣ ਹੋਇਆ
ਮੇਰੇ ਮਾਪਿਆ ਨੇ ਮੇਰੇ ਗਲ਼ੇ ‘ਚ
ਇੱਕ ਕਾਲਰ ਬੰਨਿਆ ਤੇ
ਖੂਬ ਲਾਡ-ਪਿਆਰ ਕਰਦੇ ਹੋਏ
ਮੈਨੂੰ ਪਾਲ਼ਿਆ-ਪੋਸਿਆ ਤੇ ਵੱਡਾ ਕੀਤਾ
ਉਨ੍ਹਾਂ ਮੈਨੂੰ ਅਜਿਹੀ ਸਿੱਖਿਆ ਦਿੱਤੀ ਤਾਂ ਕਿ
ਮੈਂ ਦੂਜਿਆਂ ‘ਤੇ ਹੁਕਮ ਜਾਂ ਰੋਹਬ ਜਮਾਂ ਸਕਾਂ
ਪਰ ਜਦ ਮੇਰੀ ਸੁਰਤ ਸੰਭਲ਼ੀ
ਤੇ ਮੈਂ ਆਪਣਾ ਆਲ਼ਾ-ਦੁਆਲ਼ਾ ਦੇਖਿਆ
ਤਾਂ ਆਪਣੇ ਤਬਕੇ ਦੇ ਲੋਕ ਮੈਨੂੰ ਜ਼ਰਾ ਵੀ ਨਾ ਜਚੇ
ਨਾ ਮੈਨੂੰ ਹੁਕਮ ਦੇਣਾ ਭਾਉਂਦਾ
ਨਾ ਆਪਣੀ ਖਿਦਮਤ
ਤੇ ਇਸ ਲਈ ਆਪਣੇ ਤਬਕੇ ਨਾਲ਼ੋਂ ਨਾਤਾ ਤੋੜ
ਮੈਂ ਤੁੱਛ ਜਮਾਤ ਦੇ ਲੋਕਾਂ ‘ਚ ਜਾ ਬੈਠਾ

ਇਸ ਤਰ੍ਹਾਂ
ਉਨ੍ਹਾਂ ਨੇ ਇੱਕ ਗੱਦਾਰ ਨੂੰ ਪਾਲ਼ਿਆ-ਪੋਸਿਆ
ਆਪਣੀਆਂ ਸਾਰੀਆਂ ਚਾਲਾਂ ਉਹਨੂੰ ਸਿਖਾਈਆਂ
ਤੇ ਉਸਨੇ ਉਹ ਸਾਰੇ ਭੇਤ ਦੁਸ਼ਮਣ ਕੋਲ਼ ਖੋਲ੍ਹ ਦਿੱਤੇ।

ਹਾਂ, ਮੈਂ ਉਨ੍ਹਾਂ ਦੀ ਪੋਲ ਖੋਲ੍ਹ ਕੇ ਰੱਖ ਦਿੰਦਾ ਹਾਂ
ਮੈਂ ਲੋਕਾਂ ‘ਚ ਜਾ ਉਨ੍ਹਾਂ ਦੀ
ਠੱਗੀ ਦਾ ਪਾਜ ਉਘੇੜਦਾ ਹਾਂ
ਮੈਂ ਪਹਿਲਾਂ ਹੀ ਦੱਸ ਆਉਂਦਾ ਹਾਂ ਕਿ ਅੱਗੇ ਕੀ ਹੋਵੇਗਾ,
ਕਿਉਂਕਿ ਮੈਂ ਉਹਨਾਂ ਦੀਆਂ ਯੋਜਨਾਵਾਂ ਦੀ
ਅੰਦਰੂਨੀ ਜਾਣਕਾਰੀ ਰੱਖਦਾ ਹਾਂ।

ਉਹਨਾਂ ਦੇ ਭ੍ਰਿਸ਼ਟ ਪੰਡਤਾਂ ਦੀ ਸੰਸਕ੍ਰਿਤ
ਮੈਂ ਬਦਲ ਦਿੰਦਾ ਹਾਂ ਸ਼ਬਦ-ਬ-ਸ਼ਬਦ
ਆਮ ਬੋਲ-ਚਾਲ ਵਿੱਚ ਤੇ ਉਹ
ਲੱਗਣ ਲੱਗਦੀ ਹੈ ਸਾਫ-ਸਾਫ ਗੱਪ ਗੀਤਾ।

ਇਨਸਾਫ ਦੀ ਤੱਕੜੀ ਨਾਲ਼
ਉਹ ਕਿਵੇਂ ਠੱਗੀ ਮਾਰਦੇ ਨੇ
ਇਹ ਪੋਲ ਵੀ ਮੈਂ ਖੋਲ੍ਹ ਦਿੰਦਾ ਹਾਂ
ਤੇ ਉਹਨਾਂ ਦੇ ਮੁਖਬਰ ਦੱਸ ਆਉਂਦੇ ਨੇ
ਉਹਨਾਂ ਨੂੰ ਕਿ ਅਜਿਹੇ ਮੌਕਿਆਂ ‘ਤੇ ਮੈਂ
ਬੇਦਖਲ ਲੋਕਾਂ ‘ਚ ਬੈਠਦਾ ਹਾਂ
ਜਦੋਂ ਉਹ ਬਗਾਵਤ ਦੀ ਯੋਜਨਾ ਬਣਾ ਰਹੇ ਹੁੰਦੇ ਹਨ !

ਉਹਨਾਂ ਨੇ ਮੇਰੇ ਲਈ ਚਿਤਾਵਨੀ ਭੇਜੀ
ਤੇ ਮੈਂ ਜੋ ਵੀ ਜੋੜਿਆ ਸੀ ਮਿਹਨਤ ਨਾਲ਼
ਉਹ ਖੋਹ ਲਿਆ
ਜਦੋਂ ਮੈਂ ਫੇਰ ਵੀ ਬਾਜ ਨਾ ਆਇਆ
ਉਹ ਮੈਨੂੰ ਫੜਣ ਲਈ ਆਏ
ਭਾਵੇਂ ਉਹਨਾਂ ਨੂੰ ਮੇਰੇ ਘਰ ‘ਚ ਕੁਝ ਵੀ ਨਾ ਮਿਲ਼ਿਆ
ਉਹਨਾਂ ਪਰਚਿਆਂ ਤੋਂ ਬਿਨਾਂ
ਜਿਨ੍ਹਾਂ ‘ਚ ਲੋਕਾਂ ਖਿਲਾਫ ਉਹਨਾਂ ਦੀਆਂ
ਕਾਲ਼ੀਆਂ ਕਰਤੂਤਾਂ ਦਾ ਖੁਲਾਸਾ ਸੀ
ਇਸ ਲਈ ਝੱਟ ਉਹਨਾਂ ਮੇਰੇ ਖਿਲਾਫ
ਇੱਕ ਵਰੰਟ ਜਾਰੀ ਕੀਤਾ
ਜਿਸ ‘ਚ ਦੋਸ਼ ਸੀ ਕਿ ਮੇਰੇ ਵਿਚਾਰ ਤੁੱਛ ਨੇ
ਭਾਵ ਤੁੱਛ ਲੋਕਾਂ ਦੇ ਤੁੱਛ ਵਿਚਾਰ।
ਮੈਂ ਜਿੱਥੇ ਵੀ ਜਾਂਦਾ
ਧਨਾਢਾਂ ਦੀ ਅੱਖ ਦਾ ਕੰਡਾ ਸਿੱਧ ਹੁੰਦਾ,
ਪਰ ਜੋ ਖਾਲੀ ਹੱਥ ਹੁੰਦੇ
ਮੇਰੇ ਖਿਲਾਫ ਜਾਰੀ ਵਰੰਟ ਪੜ੍ਹਕੇ
ਮੈਨੂੰ ਇਹ ਕਹਿੰਦੇ ਹੋਏ ਲੁਕਣ ਦੀ ਜਗ੍ਹਾ ਦਿੰਦੇ ਕਿ
“ਤੈਨੂੰ ਇੱਕ ਚੰਗੇ ਕਾਰਨ ਲਈ ਖਦੇੜਿਆ ਗਿਆ ਹੈ!”

— (1936-38)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements