ਚਾਹ ਬਾਗਾਂ ਦੇ ਮਜ਼ਦੂਰ ਭਿਆਨਕ ਜ਼ਿੰਦਗੀ ਜੀਣ ‘ਤੇ ਮਜ਼ਬੂਰ •ਲਖਵਿੰਦਰ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਕਾਲਜ-ਯੂਨੀਵਰਸਿਟੀ ਦੀ ਕੰਟੀਨ ‘ਤੇ ਆਪਣੇ ਦੋਸਤਾਂ ਸੰਗ ਗੱਪਸ਼ੱਪ ਦੌਰਾਨ ਚਾਹ ਦੀਆਂ ਚੁਸਕੀਆਂ ਭਰਨ ਦਾ ਖੂਬ ਅਨੰਦ ਮਿਲ਼ਦਾ ਹੈ। ਸਰਦੀ ਹੋਵੇ ਜਾਂ ਗਰਮੀ ਚਾਹ ਤੋਂ ਬਿਨਾਂ ਜ਼ਿਆਦਾਤਰ ਲੋਕਾਂ ਦਾ ਸਰਦਾ ਨਹੀਂ। ਇਸਦੇ ਸ਼ੁਦਾਈਆਂ ਦੀ ਤਾਂ ਬਿਨ ਪੀਤਿਆਂ ਨੀਂਦ ਨਹੀਂ ਲਹਿੰਦੀ। ਗਮੀ ਹੋਵੇ ਜਾਂ ਖੁਸ਼ੀ ਹੋਵੇ ਚਾਹ ਹਮੇਸ਼ਾਂ ਵਰਤਾਈ ਜਾਂਦੀ ਹੈ। ਘਰ ਆਏ ਪ੍ਰਾਹੁਣਿਆਂ ਨੂੰ ਚਾਹ ਨੂੰ ਪੁੱਛੀਏ ਤਾਂ ਪ੍ਰਾਹੁਣਾਚਾਰੀ ਪੂਰੀ ਨਹੀਂ ਪੈਂਦੀ। ਪਿੰਡਾਂ ਦੇ ਕਾਫੀ ਲੋਕਾਂ ‘ਤੇ ਤਾਂ ਚਾਹ ਦੀ ਚਾਹਤ ਏਨੀ ਭਾਰੂ ਹੈ ਕਿ ਗੜਵੀਆਂ ਭਰ-ਭਰ ਪੀਂਦੇ ਹਨ। ਜਿੱਥੇ ਗਰੀਬ ਲੋਕ ਚਾਲ਼ੀ-ਪੰਜਾਹ ਰੁਪਏ ਪਾਈਆ ਵਾਲ਼ੀ ਚਾਹ ਪੱਤੀ ਨਾਲ਼ ਕੰਮ ਚਲਾ ਲੈਂਦੇ ਹਨ ਉੱਥੇ ਅਮੀਰ ਲੋਕ ਹਜ਼ਾਰਾਂ ਰੁਪਏ ਖਰਚ ਕੇ ਉੱਚ ਗੁਣਵੱਤਾ ਦੀ ਚਾਹਪੱਤੀ ਦੀ ਚਾਹ ਦੇ ਸਵਾਦ ਚਖ਼ਦੇ ਹਨ। ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਚਾਹ ਦਾ ਇਹ ਸਵਾਦ ਲੋਕਾਂ ਦੀਆਂ ਜੀਭਾਂ ਤੱਕ ਪਹੁੰਚਦਾ ਕਰਨ ਵਾਲ਼ੇ ਚਾਹ ਬਾਗਾਂ ਦੇ ਮਜ਼ਦੂਰਾਂ ਨੂੰ ਜ਼ਿੰਦਗੀ ਵਿੱਚ ਕਿੰਨੀ ਕੁ ਖੁਸ਼ੀ ਮਿਲ਼ਦੀ ਹੈ? ਉਹ ਕਿਨ੍ਹਾਂ ਹਾਲਤਾਂ ਵਿੱਚ ਦਿਨ ਕਟੀ ਕਰਦੇ ਹਨ। ਟੀ ਮੈਨ ਮੋਦੀ, ਟੀ ਵਿਦ ਮੋਦੀ, ਟੀ ਵਿਦ ਕੇਜਰੀਵਾਲ, ਟੀ ਵਿਦ ਫਲਾਣਾ, ਟੀ ਵਿਦ ਢਿਮਕਾਣਾ, ਸਾਰਾ ਦਿਨ ਘਟੀਆ ਪੱਧਰ ਦੀਆਂ ਖ਼ਬਰਾਂ ਨਾਲ਼ ਸਾਡੇ ਕੰਨ ਪਕਾਉਣ ਵਾਲ਼ਾ, ਕਾਗਜ਼ਾਂ ਦੇ ਢੇਰ ਕਾਲ਼ੇ ਕਰਨ ਵਾਲ਼ਾ ਮੀਡੀਆ ਸਾਨੂੰ ਕਦੇ ਦੱਸਦਾ ਹੀ ਨਹੀਂ ਕਿ ਚਾਹ ਬਾਗਾਂ ਦੇ ਮਜ਼ਦੂਰ ਕਿੰਨੀ ਭੈੜੀ ਜਿੰਦਗੀ ਜਿਉਣ ‘ਤੇ ਮਜ਼ਬੂਰ ਹਨ।

ਆਓ, ਤੁਹਾਨੂੰ ਅਸਾਮ ਅਤੇ ਪੱਛਮੀ ਬੰਗਾਲ ਦੇ ਖੂਬਸੂਰਤ ਬਾਗਾਂ ਵਿੱਚ ਲੈ ਚੱਲਦੇ ਹਾਂ। ਪਹਾੜਾਂ ਦੀਆਂ ਢਲਾਣਾਂ ‘ਤੇ ਲੱਗੇ ਚਾਹ ਦੇ ਬਾਗ ਮਨਮੋਹਣਾ ਦ੍ਰਿਸ਼ ਸਿਰਜਦੇ ਹਨ। ਟਾਟਾ, ਲਿਪਟਨ, ਬਰੁੱਕ ਬੌਂਡ, ਟੈਟਲੀ ਆਦਿ ਬਰਾਂਡਾ ਲਈ ਇਹਨਾਂ ਖੂਬਸੂਰਤ ਬਾਗਾਂ ਵਿੱਚ ਕੰਮ ਕਰਦੇ ਹਨ ਬਦਸੂਰਤ ਬਸਤੀਆਂ ਵਿੱਚ ਰਹਿਣ ਵਾਲ਼ੇ ਉਹ ਮਜ਼ਦੂਰ ਜਿਨ੍ਹਾਂ ਨੂੰ 12-14 ਘੰਟੇ ਦੀ ਮਿਹਨਤ ਤੋਂ ਬਾਅਦ 80-90 ਰੁਪਏ ਦਿਹਾੜੀ ਮਿਲ਼ਦੀ ਹੈ। ਚਾਹ ਦੀਆਂ ਪੱਤੀਆਂ ਤੋੜਦਿਆਂ ਇਹਨਾਂ ਕਾਮਿਆਂ ਦੀ ਪਿੱਠ ਦੂਹਰੀ ਹੋ ਜਾਂਦੀ ਹੈ। ਸੂਰਜ ਉੱਗਣ ਤੋਂ ਪਹਿਲਾਂ ਕੰਮ ਸ਼ੁਰੂ ਹੋ ਜਾਂਦਾ ਹੈ ਅਤੇ ਸੂਰਜ ਛਿਪਣ ਤੋਂ ਪਹਿਲਾਂ ਉਹ ਕੰਮ ਬੰਦ ਨਹੀਂ ਕਰ ਸਕਦੇ।

ਨਿਗੂਣੀ ਜਿਹੀ ਤਨਖਾਹ ਨਾਲ਼ ਉਹਨਾਂ ਦਾ ਗੁਜ਼ਾਰਾ ਕਿਵੇਂ ਚੱਲਦਾ ਹੋਵੇਗਾ ਇਸ ਬਾਰੇ ਸੋਚ ਕੇ ਕੰਬਣੀ ਛਿੜ ਜਾਂਦੀ ਹੈ। ਗਰੀਬੀ ਏਨੀ ਹੈ ਕਿ ਮਾਪੇ ਆਪਣੀਆਂ ਨਾਬਾਲਿਗ ਧੀਆਂ ਨੂੰ ਨੌਕਰੀਆਂ ਦੁਆਉਣ ਵਾਲ਼ਿਆਂ ਨਾਲ਼ ਇਕੱਲਿਆਂ ਦਿੱਲੀ, ਮੁਬੰਈ ਜਿਹੇ ਸ਼ਹਿਰਾਂ ਵਿੱਚ ਭੇਜਣ ‘ਤੇ ਮਜ਼ਬੂਰ ਹੁੰਦੇ ਹਨ। ਇਹ ਲੜਕੀਆਂ ਅਕਸਰ ਧੋਖੇਬਾਜੀ ਦਾ ਸ਼ਿਕਾਰ ਹੁੰਦੀਆਂ ਹਨ। ਉਹਨਾਂ ਨੂੰ ਵੇਸ਼ਵਾਗਮਨੀ ਦੇ ਗੰਦੇ ਧੰਦੇ ਵਿੱਚ ਧੱਕ ਦਿੱਤਾ ਜਾਂਦਾ ਹੈ, ਬੰਧੂਆ ਮਜ਼ਦੂਰ ਦੇ ਤੌਰ ‘ਤੇ ਉਹਨਾਂ ਤੋਂ ਕੰਮ ਲਿਆ ਜਾਂਦਾ ਹੈ ਜਾਂ ਨਿਗੂਣੀਆਂ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਅਜਿਹੇ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ।

ਚਾਹ ਬਾਗਾਂ ਦੇ ਮਜ਼ਦੂਰ ਵੱਡੀ ਪੱਧਰ ‘ਤੇ ਕੁਪੋਸ਼ਣ ਦਾ ਸ਼ਿਕਾਰ ਹਨ। ਬਿਮਾਰੀਆਂ ਨੇ ਉਹਨਾਂ ਨੂੰ ਘੇਰ ਰੱਖਿਆ ਹੈ। ਉਨ੍ਹਾਂ ਨੂੰ ਚੰਗੇ ਭੋਜਨ, ਦਵਾ-ਇਲਾਜ ਹੀ ਨਹੀਂ ਸਗੋਂ ਅਰਾਮ ਦੀ ਵੀ ਲੋੜ ਹੈ – ਪਰ ਉਨ੍ਹਾਂ ਨੂੰ ਇਸ ਵਿੱਚੋਂ ਕੁੱਝ ਨਹੀਂ ਮਿਲ਼ਦਾ। ਸਰਕਾਰੀ ਬਾਬੂਆਂ ਦੀ ਸੇਵਾਮੁਕਤੀ ਦੀ ਉਮਰ ਤੋਂ ਪਹਿਲਾਂ ਪਹਿਲਾਂ ਬਹੁਤ ਸਾਰੇ ਮਜ਼ਦੂਰ ਤਾਂ ਸਾਹ ਛੱਡ ਜਾਂਦੇ ਹਨ। ਚਾਹ ਬਾਗਾਂ ਵਿੱਚ ਕੰਮ ਕਰਨ ਵਾਲ਼ੀਆਂ 95 ਫੀਸਦੀ ਔਰਤਾਂ ਖੂਨ ਦੀ ਕਮੀ ਦਾ ਸ਼ਿਕਾਰ ਹਨ। ਇੱਥੇ ਔਰਤਾਂ ਦੇ ਨਾਲ਼-ਨਾਲ਼ ਬੱਚਿਆਂ ਅਤੇ ਬੁੱਢਿਆਂ ਤੋਂ ਵੱਡੇ ਪੱਧਰ ਉੱਤੇ ਕੰਮ ਲਿਆ ਜਾਂਦਾ ਹੈ ਕਿਉਂਕਿ ਉਹਨਾਂ ਨੂੰ ਜ਼ਿਆਦਾ ਪੈਸਾ ਨਹੀਂ ਦੇਣਾ ਪੈਂਦਾ ਅਤੇ ਅਸਾਨੀ ਨਾਲ਼ ਦਬਾ ਕੇ ਰੱਖਿਆ ਜਾ ਸਕਦਾ ਹੈ।

ਬਿਮਾਰੀ ਦੀ ਹਾਲਤ ਵਿੱਚ ਵੀ ਚਾਹ ਕੰਪਨੀਆਂ ਮਜ਼ਦੂਰਾਂ ਨੂੰ ਛੁੱਟੀ ਨਹੀਂ ਦਿੰਦੀਆਂ। ਕੰਪਨੀ ਵਿੱਚ ਇਹ ਨਿਯਮ ਲਾਗੂ ਹੈ ਕਿ ਛੁੱਟੀ ਲੈਣ ਤੋਂ ਪਹਿਲਾਂ ਕਈ ਵਾਰ ਕੰਪਨੀ ਦੇ ਡਾਕਟਰ ਤੋਂ ਚੈਕਅਪ ਕਰਾਉਣਾ ਪਵੇਗਾ ਤੇ ਕੰਪਨੀ ਦੇ ਡਾਕਟਰ ਜਲਦੀ ਜਲਦੀ ਛੁੱਟੀ ਨਹੀਂ ਦਿੰਦੇ। ਮਜ਼ਦੂਰਾਂ ਤੋਂ ਬਿਮਾਰੀ ਦੀ ਹਾਲਤ ਵਿੱਚ ਧੱਕੇ ਨਾਲ਼ ਕੰਮ ਕਰਾਇਆ ਜਾਂਦਾ ਹੈ। ਜੇਕਰ ਬਿਮਾਰ ਮਜ਼ਦੂਰ ਕੰਮ ਕਰਨ ਤੋਂ ਨਾਂਹ ਕਰ ਦਿੰਦਾ ਹੈ ਤਾਂ ਉਸ ਨੂੰ ਕੰਪਨੀ ਕੰਮ ਤੋਂ ਜਵਾਬ ਦੇ ਦਿੰਦੀ ਹੈ। ਬੇਰੁਜ਼ਗਾਰੀ ਏਨੀ ਹੈ ਕਿ ਕੰਮ ਛੁੱਟੇ ਤੋਂ ਜਲਦੀ ਜਲਦੀ ਹੋਰ ਥਾਂ ‘ਤੇ ਕੰਮ ਨਹੀਂ ਮਿਲ਼ਦਾ… ਇਸ ਲਈ ਜ਼ਿਆਦਾਤਰ ਮਜ਼ਦੂਰ ਬਿਮਾਰੀ ਦੀ ਹਾਲਤ ਵਿੱਚ ਵੀ ਪੌਦਿਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਦਵਾਈਆਂ ਦਾ ਛਿੜਕਾਅ ਕਰਦੇ ਰਹਿੰਦੇ ਹਨ, ਕੰਪਨੀ ਮਾਲਕਾਂ ਦੀ ਐਸ਼ ਪ੍ਰਸਤੀ ‘ਤੇ ਲੱਗਣ ਵਾਲ਼ੇ ਮੁਨਾਫੇ ਖਾਤਰ ਦਰਦਨਾਕ ਹਾਲਤਾਂ ਦੀ ਮਾਰ ਝੱਲਦਿਆਂ-ਝੱਲਦਿਆਂ ਮਰਦੇ ਰਹਿੰਦੇ ਹਨ।

ਮਜ਼ਦੂਰਾਂ ਦੇ ਘਰਾਂ ਦੀ ਹਾਲਤ ਏਨੀ ਮਾੜੀ ਹੈ ਕਿ ਮੀਂਹ-ਨੇਰ੍ਹੀ ਤੋਂ ਉਹਨਾਂ ਦਾ ਬਚਾਅ ਨਹੀਂ ਹੁੰਦਾ। ਕੰਧਾਂ ਵਿੱਚ ਤਰੇੜਾਂ ਹੁੰਦੀਆਂ ਹਨ ਤੇ ਛੱਤਾਂ ਟੁੱਟੀਆਂ ਹੁੰਦੀਆ ਹਨ। ਲੈਟਰੀਨਾਂ ਬੇਹੱਦ ਬੁਰੀ ਹਾਲਤ ਵਿੱਚ ਹਨ। ਲੈਟਰੀਨਾਂ ‘ਚੋਂ ਗੰਦ ਬਾਹਰ ਵਹਿ ਤੁਰਦਾ ਹੈ, ਚਾਰੇ ਪਾਸੇ ਸੜਾਂਦ ਮਾਰਦੀ ਹੈ। ਇਹ ਬਸਤੀਆਂ ਬਿਮਾਰੀਆਂ ਦਾ ਘਰ ਹਨ। ਪਰ ਗਰੀਬੀ ਦੇ ਮਾਰੇ ਮਜ਼ਦੂਰਾਂ ਨੂੰ ਇੱਥੇ ਹੀ ਰਹਿਣਾ ਪੈਂਦਾ ਹੈ ਉਹਨਾਂ ਕੋਲ਼ ਇਸ ਤੋਂ ਬਿਨਾਂ ਹੋਰ ਰਾਹ ਨਹੀਂ। ਆਮ ਤੌਰ ‘ਤੇ ਛੋਟੇ-ਛੋਟੇ ਕਮਰਿਆਂ ਵਿੱਚ ਅਨੇਕਾਂ ਜਣੇ ਇਕੱਠੇ ਰਹਿੰਦੇ ਹਨ। ਉਹਨਾਂ ਕੋਲ਼ ਏਨੇ ਪੈਸੇ ਨਹੀਂ ਕਿ ਖੁੱਲੀ-ਡੁੱਲੀ, ਸਾਫ਼, ਸਿਹਤ ਲਈ ਚੰਗੀ, ਇਨਸਾਨਾਂ ਦੇ ਰਹਿਣ ਯੋਗ ਰਿਹਾਇਸ਼ ਦਾ ਖਰਚਾ ਚੁੱਕ ਸਕਣ।

1947 ਤੋਂ ਬਾਅਦ ਭਾਰਤ ਵਿੱਚ ਚਾਹ ਪੈਦਾਵਾਰ ਹੇਠਲਾ ਰਕਬਾ ਚਾਲ਼ੀ ਫੀਸਦੀ ਵਧਿਆ ਹੈ ਅਤੇ ਪੈਦਾਵਾਰ ਢਾਈ ਸੌ ਗੁਣਾ ਵਧੀ ਹੈ। ਭਾਰਤ ਵਿੱਚ ਦੁਨੀਆਂ ਦੀ 30 ਫੀਸਦੀ ਚਾਹ ਪੈਦਾਵਾਰ ਹੁੰਦੀ ਹੈ। ਭਾਰਤ ਚੌਥਾ ਸਭ ਤੋਂ ਵੱਡਾ ਚਾਹ ਦਾ ਬਰਾਮਦਕਾਰ ਦੇਸ਼ ਹੈ। ਇੱਥੇ ਚਾਹ ਦਾ ਸਲਾਨਾ ਕਾਰੋਬਾਰ 10 ਹਜ਼ਾਰ ਕੋਰੜ ਰੁਪਏ ਹੈ। ਚਾਹ ਸੱਨਅਤ ਵਿੱਚ ਦਸ ਲੱਖ ਤੋਂ ਵਧੇਰੇ ਮਜ਼ਦੂਰ ਕੰਮ ਕਰਦੇ ਹਨ ਜਿਨ੍ਹਾਂ ਵਿੱਚੋਂ ਅੱਧੀ ਗਿਣਤੀ ਔਰਤਾਂ ਦੀ ਹੈ। ਚਾਹ ਸੱਨਅਤ ਤਰੱਕੀ ‘ਤੇ ਹੈ, ਚਾਹ ਕੰਪਨੀਆਂ ਦੀਆਂ ਪੰਜੇ ਉਂਗਲ਼ਾਂ ਘਿਓ ‘ਚ ਹਨ, ਪਰ ਇਸ ਵਾਸਤੇ ਆਪਣਾ ਖੂਨ-ਪਸੀਨਾ ਵਹਾਉਣ ਵਾਲ਼ਿਆ ਦੀ ਹਾਲਤ ਦਰਦਨਾਕ ਹੈ, ਉਹ ਸਭ ਸੁੱਖ-ਸਹੂਲਤਾਂ ਤੋਂ ਵਾਂਝੇ ਹਨ। ਇਹ ਅਸੀਂ ਉੱਪਰ ਵੇਖ ਚੁੱਕੇ ਹਾਂ। ਮਜ਼ਦੂਰਾਂ ਦੀਆਂ ਹਾਲਤਾਂ ਕੌਣ ਸੁਧਾਰੇਗਾ? ਕੀ ਕੰਪਨੀ ਪ੍ਰਬੰਧਕ ਇਸ ਵਾਸਤੇ ਕੋਈ ਕਦਮ ਚੁੱਕਣਗੇ? ਕੀ ਸਰਕਾਰ ਮਜ਼ਦੂਰਾਂ ਦੇ ਦਰਦ ਨੂੰ ਸਮਝਦੇ ਹੋਏ ਢੁੱਕਵੀਂ ਕਾਰਵਾਈ ਕਰੇਗੀ? ਸਵਾਲ ਹੀ ਪੈਦਾ ਨਹੀਂ ਹੁੰਦਾ।

ਪ੍ਰਬੰਧਕਾਂ ਦਾ ਰਵੱਈਆ ਮਜ਼ਦੂਰਾਂ ਪ੍ਰਤੀ ਕਿੰਨਾਂ ਅਣਮਨੁੱਖੀ ਹੈ ਇਸਦਾ ਅੰਦਾਜਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਜਦੋਂ ਕੋਲੰਬੀਆ ਕਨੂੰਨੀ ਸਕੂਲ ਦੀ ਮਨੁੱਖੀ ਅਧਿਕਾਰ ਸੰਸਥਾ ਦੇ ਕਾਰਕੁੰਨ ਬੋਰਹਟ ਪਲਾਂਟ (ਤਿਬਰੂਗੜ ਜ਼ਿਲ੍ਹਾ, ਅਸਾਮ) ਵਿੱਚ ਮਜ਼ਦੂਰਾਂ ਦੀ ਹਾਲਤ ਸਬੰਧੀ ਜਾਂਚ ਪੜਤਾਲ ਕਰਨ ਜਾਂਦੇ ਹਨ ਤਾਂ ਪ੍ਰਬੰਧਕ ਉਹਨਾਂ ਨੂੰ ਮਜ਼ਦੂਰਾਂ ਨਾਲ਼ ਗੱਲ ਕਰਨ ਤੋਂ ਰੋਕਦੇ ਹੋਏ ਕਹਿੰਦੇ ਹਨ ਕਿ ਮਜ਼ਦੂਰਾਂ ਨਾਲ਼ ਗੱਲ ਨਾ ਕਰਨ ਕਿਉਂਕਿ ਉਹਨਾਂ ਦੀ ਅਕਲ ਘੱਟ ਹੈ ਅਤੇ ਉਹ ਤਾਂ ਡੰਗਰ ਹਨ!

ਅਸਾਮ ਦੇ ਪਵੱਈ ਪਲਾਂਟ ਵਿੱਚ ਇੱਕ ਮਜ਼ਦੂਰ ਬਾਗਾਂ ਵਿੱਚ ਦਵਾਈਆਂ ਦਾ ਛਿੜਕਾਅ ਕਰਦਿਆਂ ਜ਼ਹਿਰ ਚੜਨ ਨਾਲ਼ ਮਾਰਿਆ ਜਾਂਦਾ ਹੈ। ਇਲਾਕੇ ਦੇ ਮਜ਼ਦੂਰ ਮੁਆਵਜ਼ੇ, ਸੁਰੱਖਿਆ ਆਦਿ ਮੰਗਾਂ ਲਈ ਇਕੱਠੇ ਹੁੰਦੇ ਹਨ, ਮੁਜ਼ਾਹਰਾ ਕਰਦੇ ਹਨ। ਉਹਨਾਂ ਦੇ ਸ਼ਾਂਤਮਈ ਮੁਜ਼ਾਹਰੇ ਉੱਤੇ ਮਾਲਕਾਂ ਦੇ ਇਸ਼ਾਰੇ ਉੱਤੇ ਪੁਲੀਸ ਗੋਲ਼ੀਬਾਰੀ ਕਰਦੀ ਹੈ। ਦੋ ਹੋਰ ਮਜ਼ਦੂਰ ਮਾਰੇ ਜਾਂਦੇ ਹਨ। ਇਸ ਤੋਂ ਤੁਸੀਂ ਅੰਦਾਜਾ ਲਗਾ ਸਕਦੇ ਹੋ ਕਿ ਚਾਹ ਕੰਪਨੀ ਮਾਲਕ, ਪ੍ਰਬੰਧਕ ਤੇ ਰਾਜਸੱਤਾ ਮਜ਼ਦੂਰਾਂ ਪ੍ਰਤੀ ਕੀ ਰਵੱਈਆ ਰੱਖਦੇ ਹਨ। ਪਰ ਇਸ ਤਰ੍ਹਾਂ ਜ਼ਬਰ ਰਾਹੀਂ ਮਜ਼ਦੂਰਾਂ ਦੀ ਹੱਕੀ ਅਵਾਜ਼ ਨੂੰ ਹਮੇਸ਼ਾਂ ਲਈ ਦਬਾ ਸਕਣ ‘ਚ ਉਹ ਨਾਕਾਮ ਰਹੇ ਹਨ। ਮਜ਼ਦੂਰਾਂ ਦੇ ਘੋਲ਼ ਵਾਰ-ਵਾਰ ਉਠ ਖੜ੍ਹੇ ਹੁੰਦੇ ਹਨ। ਮਜ਼ਦੂਰ ਵਾਰ-ਵਾਰ ਮਾਲਕਾਂ ਵੱਲੋਂ ਉਹਨਾਂ ਦੀ ਭਿਆਨਕ ਲੁੱਟ ਨੂੰ ਚੁਣੌਤੀ ਦਿੰਦੇ ਹਨ, ਲੜਦੇ ਹਨ, ਕੁਰਬਾਨੀਆਂ ਦਿੰਦੇ ਹਨ।

ਚਾਹ ਬਾਗਾਂ ਦੇ ਮਜ਼ਦੂਰਾਂ ਦੀ ਦਰਦਨਾਕ ਸਥਿਤੀ ਸਰਮਾਏਦਾਰੀ ਪ੍ਰਬੰਧ ਖਿਲਾਫ਼ ਸਾਡੀ ਨਫ਼ਰਤ ਨੂੰ ਹੋਰ ਤਿੱਖਾ ਕਰਦੀ ਹੈ, ਇਸ ਪ੍ਰਬੰਧ ਖਿਲਾਫ਼ ਦ੍ਰਿੜਤਾ ਭਰੀ ਲੜਾਈ ਜਾਰੀ ਰੱਖਣ ਦੀ ਲੋੜ ਦੇ ਅਹਿਸਾਸ ਨੂੰ ਹੋਰ ਡੂੰਘੇਰਾ ਕਰਦੀ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 42, ਅਗਸਤ 2015 ਵਿਚ ਪਰ੍ਕਾਸ਼ਤ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

w

Connecting to %s