ਕਾਰਪੋਰੇਸ਼ਨਾਂ ਦੀ ਮੀਡੀਆ ‘ਤੇ ਵਧਦੀ ਇਜ਼ਾਰੇਦਾਰੀ: ਖਤਰੇ ਦੀ ਘੰਟੀ •ਹਰਚਰਨ ਪ੍ਰਹਾਰ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਗੱਲ ਕਨੇਡਾ ਤੋਂ ਸ਼ੁਰੂ ਕਰਦੇ ਹਾਂ। ਕਨੇਡਾ ਦੁਨੀਆਂ ਦੇ ਉਨ੍ਹਾਂ ਦੇਸ਼ਾਂ ਵਿਚੋਂ ਮੋਹਰੀ ਹੈ, ਜਿਨ੍ਹਾਂ ਵਿੱਚ ਤਕਰੀਬਨ ਸਾਰਾ ਮੁੱਖ-ਧਾਰਾ ਮੀਡੀਆ, ਸਿਰਫ ਕੁਝ ਕਾਰਪੋਰੇਸ਼ਨਾਂ ਬੈੱਲ, ਸ਼ਾਅ, ਰੌਜ਼ਰਸ, ਨਿਊ ਕੈਪ, ਕਿਊਬੈਕਰ, ਟੌਰ ਸਟਾਰ, ਪੋਸਟ ਮੀਡੀਆ ਨੈੱਟਵਰਕ, ਕੋਰਸ ਇੰਟਰਟੇਨਮੈਂਟ ਤੇ ਸੀ. ਬੀ. ਸੀ. (ਸਰਕਾਰ ਅਧੀਨ) ਦੇ ਕੰਟਰੋਲ ਵਿੱਚ ਹੈ। ਮੀਡੀਆ ਵਿੱਚ ਕਾਰਪੋਰੇਸ਼ਨਾਂ ਦੀ ਇਜ਼ਾਰੇਦਾਰੀ ਦੇ ਮਾਮਲੇ ਵਿੱਚ ਕਨੇਡਾ ਦਾ ‘ਜ਼ੀ 8’ ਦੇਸ਼ਾਂ ਵਿਚੋਂ ਸਭ ਤੋਂ ਥੱਲੇ ਨੰਬਰ ਹੈ। ਸਾਲ 1990 ਤੋਂ 2005 ਦੌਰਾਨ ਮੀਡੀਆ ਦੇ ਵੱਡੇ ਹਿੱਸੇ ਤੇ ਇਨ੍ਹਾਂ ਕਾਰਪੋਰੇਸ਼ਨਾਂ ਨੇ ਕਬਜ਼ਾ ਕਰ ਲਿਆ ਸੀ। ਇੱਕ ਰਿਪੋਰਟ ਅਨੁਸਾਰ 1990 ਤੱਕ ਕਨੇਡਾ ਵਿੱਚ 17.3% ਨਿਊਜ਼ ਮੀਡੀਆ ਅਜ਼ਾਦ ਸੀ, ਜੋ ਕਿ ਹੁਣ ਸਿਰਫ 1% ਰਹਿ ਗਿਆ ਹੈ । ਇਸੇ ਤਰ੍ਹਾਂ 1983 ਤੱਕ 50 ਦੇ ਕਰੀਬ ਕਨੇਡੀਅਨ ਕਾਰਪੋਰੇਸ਼ਨਾਂ ਦੀ ਮੀਡੀਆ ‘ਤੇ ਮਾਲਕੀ ਸੀ ਤੇ ਹੁਣ ਪਿਛਲੇ 30 ਸਾਲਾਂ ਵਿੱਚ ਵੱਡੀਆਂ ਕਾਰਪੋਰੇਸ਼ਨਾਂ ਵਲੋਂ ਛੋਟੀਆਂ ਤੋਂ ਖਰੀਦ ਕੇ ਇਹ ਮਾਲਕੀ ਸਿਰਫ 6-7 ਕਾਰਪੋਰੇਸ਼ਨਾਂ ਕੋਲ ਚਲੀ ਗਈ ਹੈ । ਮੀਡੀਆ ਬਾਰੇ ਇੱਕ ਗੱਲ ਪ੍ਰਚੱਲਤ ਹੈ ਕਿ ਜੋ ਮੀਡੀਆ ਨੂੰ ਕੰਟਰੋਲ ਕਰਦਾ ਹੈ, ਉਹੀ ਲੋਕਾਂ ਦੇ ਦਿਮਾਗ ਨੂੰ ਕੰਟਰੋਲ ਕਰਦਾ ਹੈ। ਸ਼ਾਇਦ ਇਸੇ ਕਾਰਨ ਕਾਰਪੋਰੇਸ਼ਨਾਂ ਮੀਡੀਆ ‘ਤੇ ਕਾਬਿਜ਼ ਹੋਣਾ ਚਾਹੁੰਦੀਆਂ ਹਨ ਤਾਂ ਕਿ ਲੋਕਾਂ ਦੇ ਦਿਮਾਗ ਨੂੰ ਕੰਟਰੋਲ ਕਰਕੇ ਨਾ ਸਿਰਫ ਆਪਣੇ ਸਿਆਸੀ ਆਕਾਵਾਂ ਦੇ ਹੱਕ ਵਿੱਚ ਭੁਗਤਾ ਸਕਣ, ਸਗੋਂ ਆਪਣੀ ਮਨਮਰਜ਼ੀ ਦੀਆਂ ਵਸਤਾਂ ਮੰਡੀ ਵਿੱਚ ਵੇਚ ਸਕਣ। ਹੁਣ ਕਨੇਡਾ-ਅਮਰੀਕਾ ਵਿੱਚ ਅਜ਼ਾਦ ਮੀਡੀਆ ਨਾ ਦੀ ਕੋਈ ਚੀਜ਼ ਨਹੀਂ ਹੈ। ਹੁਣ ਤੁਸੀਂ ਅਜ਼ਾਦ ਸੋਚ ਵਾਲੀ ਕੋਈ ਲਿਖਤ ਕਿਸੇ ਮੇਨ ਸਟਰੀਮ ਅਖ਼ਬਾਰ ਜਾਂ ਮੈਗਜ਼ੀਨ ਆਦਿ ਵਿੱਚ ਨਹੀਂ ਛਪਵਾ ਸਕਦੇ? ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਸਾਡੀ ਪਾਲਿਸੀ ਹੈ ਕਿ ਅਸੀਂ ਸਿਰਫ ਆਪਣੇ ਪੇਡ ਲੇਖਕਾਂ ਦੇ ਵਿਚਾਰ ਹੀ ਛਾਪਦੇ ਹਾਂ ਅਤੇ ਉਨ੍ਹਾਂ ਪੇਡ ਲੇਖਕਾਂ ਦੀ ਕਿਸੇ ਲਿਖਤ ਨੂੰ ਵੀ ਛਪਣ ਤੋਂ ਪਹਿਲਾਂ ਆਪਣੇ ਉੱਪਰਲੇ ਐਡੀਟਰਾਂ ਤੋਂ ਮਨਜ਼ੂਰੀ ਲੈਣੀ ਪਂੈਦੀ ਹੈ। ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਜੇ ਤੁਸੀਂ ਕੋਈ ਜਾਣਕਾਰੀ ਲੋਕਾਂ ਤੱਕ ਪਹੁੰਚਾਉਣੀ ਚਾਹੁੰਦੇ ਹੋ ਤਾਂ ਤੁਸੀਂ ਪੇਡ ਐਡ ਪਾ ਸਕਦੇ ਹੋ, ਉਹ ਵੀ ਪਹਿਲਾਂ ਉਨ੍ਹਾਂ ਦੇ ਐਡੀਟੋਰੀਅਲ ਬੋਰਡ ਵਲੋਂ ਮਨਜ਼ੂਰ ਕੀਤੀ ਜਾਵੇਗੀ। ਕੀ ਇਹ ਪੱਤਰਕਾਰੀ ਹੈ? ਪੱਤਰਕਾਰਤਾ ਹੁਣ ਕਾਰਪੋਰੇਸ਼ਨਾਂ ਦੀ ਮੁਨਾਫੇ ਦੀ ਹਵਸ ਪੂਰਤੀ ਦੇ ਸੰਦ ਤੋਂ ਵੱਧ ਕੁਝ ਨਹੀਂ ਹੈ। ਅਸੀਂ ਜੋ ਮੀਡੀਆ ਵਿੱਚ ਦੇਖਦੇ ਹਾਂ, ਉਸ ਵਿੱਚ ਉਹੀ ਕੁਝ ਦਿਖਾਇਆ ਜਾਂਦਾ ਹੈ, ਜੋ ਸਿਆਸਤਦਾਨਾਂ ਤੇ ਕਾਰਪੋਰੇਸ਼ਨਾਂ ਦੇ ਹਿੱਤ ਵਿੱਚ ਹੈ, ਇਸ ਲਈ ਜ਼ਰੂਰੀ ਨਹੀਂ ਕਿ ਉਹ ਸੱਚ ਹੀ ਹੋਵੇ, ਹਰ ਖ਼ਬਰ ਤੇ ਘਟਨਾ ਦਾ ਦੂਜਾ ਪੱਖ ਵੀ ਹੋ ਸਕਦਾ ਹੈ। ਜਿਸਨੂੰ ਜਾਨਣ ਲਈ ਨਿਰਪੱਖ ਤੇ ਅਜ਼ਾਦ ਮੀਡੀਆ ਦੀ ਹੋਂਦ ਜ਼ਰੂਰੀ ਹੈ, ਜਿਹੜਾ ਕਿ ਸਾਜ਼ਿਸ਼ ਅਧੀਨ ਖਤਮ ਕੀਤਾ ਜਾ ਰਿਹਾ ਹੈ। ਕਾਰਪੋਰੇਟ ਮੀਡੀਆ ਦਾ ਇੱਕ ਭਾਰੂ ਪੱਖ ਇਹ ਵੀ ਹੈ ਕਿ ਇਹ ਬੜੇ ਯੋਜਨਾਬੱਧ ਢੰਗ ਨਾਲ਼ ਖਪਤਕਾਰੀ ਸੱਭਿਆਚਾਰ ਸਿਰਜਣ ਲਈ ਆਪਣੇ ਦਰਸ਼ਕਾਂ ਦੀ ਸੋਚ ਨੂੰ ਬਦਲਣ ਲਈ ਪ੍ਰੋਗਰਾਮ ਤਿਆਰ ਕਰਦੇ ਹਨ, ਖਾਸਕਰ ਅੱਲੜ ਨੌਜਵਾਨ ਪੀੜ੍ਹੀ ਲਈ। ਇਸਦਾ ਨਤੀਜਾ ਤੁਸੀਂ ਬਲੈਕ ਫਰਾਈਡੇ ਸੇਲ ਜਾਂ ਕੁਝ ਖਾਸ ਮੌਕਿਆਂ ਤੇ ਲਾਈਆਂ ਜਾਂਦੀਆਂ ਅਖੌਤੀ ਸੇਲਾਂ ਮੌਕੇ ਦੇਖ ਸਕਦੇ ਹੋ, ਕਿਵੇਂ ਲੋਕ ਪਾਗਲ ਹੋ ਜਾਂਦੇ ਹਨ। ਬੱਚਿਆਂ ਜਾਂ ਨੌਜਵਾਨਾਂ ਦੀਆਂ ਗੇਮਾਂ ਦਾ ਕੋਈ ਨਵਾਂ ਵਰਜ਼ਨ ਆਉਂਦਾ ਹੈ  ਤਾਂ ਕਿਵੇਂ ਲੋਕ ਪਾਗਲ ਹੋ ਕੇ ਲਾਈਨਾਂ ਵਿੱਚ ਖੜ੍ਹ ਕੇ ਬੁਕਿੰਗ ਕਰਾਉਂਦੇ ਹਨ, ਜਿਵੇਂ ਉਹ ਗੇਮ ਜਾਂ ਫੋਨ ਜੇਕਰ ਕੁਝ ਦਿਨ ਨਾ ਮਿਲਿਆ ਜਾਂ ਲੇਟ ਮਿਲਿਆ ਤਾਂ ਉਨ੍ਹਾਂ ਦੀ ਜ਼ਿੰਦਗੀ ਹੀ ਖੜ੍ਹ ਜਾਵੇਗੀ। ਚੀਨ, ਬੰਗਲਾ ਦੇਸ਼, ਭਾਰਤ, ਪਾਕਿਸਤਾਨ ਜਾਂ ਹੋਰ ਏਸ਼ੀਅਨ ਤੇ ਅਫਰੀਕਨ ਪਛੜੇ ਦੇਸ਼ਾਂ ਵਿੱਚ ਸਸਤੀ ਲੇਬਰ ਰਾਹੀਂ ਤਿਆਰ ਕੀਤੇ ਮਾਲ ਉੱਪਰ ਵੱਡੀਆਂ ਕਾਰਪੋਰੇਸ਼ਨ ਜਾਂ ਬਰੈਂਡ ਨੇਮ ਦੇ ਲੇਬਲ ਲਗਾ ਕੇ ਕਿਵੇਂ ਕਈ ਸੈਂਕੜੇ ਗੁਣਾਂ ਮੁਨਾਫੇ ਤੇ ਵੇਚਣ ਲਈ ਲੋਕਾਂ ਨੂੰ ਮੀਡੀਆ ਰਾਹੀਂ ਪਹਿਲਾਂ ਹੀ ਤਿਆਰ ਕੀਤਾ ਜਾਂਦਾ ਹੈ। ਨੌਜਵਾਨ ਪੀੜ੍ਹੀ ਉਹੀ ਚੀਜ਼ ਚੀਨ ਜਾਂ ਕਿਸੇ ਹੋਰ ਤੀਸਰੀ ਦੁਨੀਆਂ ਜਾਂ ਪਛੜੇ ਦੇਸ਼ ਦਾ ਨਾਮ ਸੁਣ ਕੇ ਖਰੀਦਣ ਲਈ ਤਿਆਰ ਨਹੀਂ ਹੁੰਦੀ, ਪਰ ਉਹੀ ਮਾਲ ਨਾਈਕੀ, ਗੈੱਸ, ਬੌਸ, ਗੈਪ, ਗੂਚੀ, ਅਰਮਾਨੀ, ਰੀਬੂਕ, ਸੋਨੀ, ਐਪਲ, ਡੀਜ਼ਲ, ਐਡੀਡਾਸ, ਸਿਟੀਜ਼ਨ, ਟਾਈਮੈਕਸ ਆਦਿ ਅਨੇਕਾਂ ਬਰੈਂਡ ਨੇਮ ਕੰਪਨੀਆਂ ਦੇ ਨਾਮ ਹੇਠ ਸੈਂਕੜੇ ਗੁਣਾਂ ਵੱਧ ਮੁਨਾਫੇ ਤੇ ਮੀਡੀਆ ਦੀ ਮਾਈਂਡ ਕੰਟਰੋਲ ਗੇਮ ਰਾਹੀਂ ਵੇਚਿਆ ਜਾਂਦਾ ਹੈ। ਕਾਰਪੋਰੇਟ ਮੀਡੀਆ ਸਿਰਫ ਸਰਮਾਏਦਾਰ ਸਰਕਾਰਾਂ ਤੇ ਕਾਰਪੋਰੇਟ ਪਾਵਰ ਲਈ ਹੀ ਕੰਮ ਨਹੀਂ ਕਰਦਾ, ਸਗੋਂ ਸਮਾਲ ਤੇ ਛੋਟੇ ਤੇ ਸਥਾਨਕ ਕਾਰੋਬਾਰਾਂ ਨੂੰ ਖਤਮ ਕਰਨ ਲਈ ਵੀ ਲੋਕਾਂ ਦੀ ਮਾਈਂਡ ਸੈਟਿੰਗ ਕਰਦਾ ਹੈ। ਕਨੇਡਾ ਦੀਆਂ ਦੋਵੇਂ ਵੱਡੀਆਂ ਪਾਰਟੀਆਂ ਪੀ. ਸੀ. ਤੇ ਲਿਬਰਲ ਅਤੇ ਅਮਰੀਕਾ ਦੀਆਂ ਵੱਡੀਆਂ ਪਾਰਟੀਆਂ ਰਿਪਬਲਿਕਨ ਤੇ ਡੈਮੋਕਰੇਟ, ਇਨ੍ਹਾਂ ਕਾਰਪੋਰੇਸ਼ਨਾਂ ਦੇ ਹਿੱਤਾਂ ਲਈ ਹੀ ਕੰਮ ਕਰਦੀਆਂ ਹਨ। ਇੱਕ ਅਮਰੀਕੀ ਲੇਖਕ ਤੇ ਸੀ. ਆਈ. ਏ. ਦੇ ਸਾਬਕਾ ਅਫਸਰ, ਜੌਹਨ ਸਟਾਕਵੈਲ ਅਨੁਸਾਰ ਜੇਕਰ ਤੁਸੀਂ ਦੁਨੀਆਂ ਬਾਰੇ ਜਾਂ ਸੰਸਾਰ ਸਿਆਸਤ ਨੂੰ ਜਾਨਣਾ ਹੈ, ਆਪਣੇ ਆਪ ਨੂੰ ਐਜੂਕੇਟ ਕਰਨਾ ਹੈ ਤਾਂ ਚੰਗੇ ਲੇਖਕਾਂ ਦੀਆਂ ਕਿਤਾਬਾਂ ਤੇ ਇੰਟਰਨੈੱਟ ਦੀਆਂ ਕੁਝ ਅਜ਼ਾਦ ਵੈੱਬਸਾਈਟ ਤੇ ਛਪਦੇ ਆਰਟੀਕਲਾਂ ਰਾਹੀਂ ਹੀ ਜਾਣ ਸਕਦੇ ਹੋ, ਕਾਰਪੋਰੇਟ ਮੀਡੀਆ ਰਾਹੀਂ ਤੁਸੀਂ ਕਿਸੇ ਵੀ ਵਿਸ਼ੇ ਬਾਰੇ ਆਪਣੀ ਰਾਏ ਨਹੀਂ ਬਣਾ ਸਕਦੇ। ਇੱਥੇ ਇਹ ਵੀ ਜਾਨਣਾ ਜ਼ਰੂਰੀ ਹੈ ਕਿ ਵੱਡੀਆਂ ਬੁੱਕ ਪਬਲਿਸ਼ਰ ਕੰਪਨੀਆਂ ਤੇ ਵੀ ਹੁਣ ਵੱਡੀਆਂ ਕਾਰਪੋਰੇਸ਼ਨਾਂ ਦੀ ਹੀ ਮਾਲਕੀ ਹੈ, ਇਸ ਲਈ ਉਨ੍ਹਾਂ ਵਲੋਂ ਛਾਪੀਆਂ ਜਾਂਦੀਆਂ ਕਿਤਾਬਾਂ ਵਿੱਚ ਦਿੱਤੀ ਜਾਣਕਾਰੀ ਜ਼ਰੂਰੀ ਨਹੀਂ ਸਹੀ ਤੇ ਤੱਥਾਂ ਅਧਾਰਿਤ ਜਾਂ ਲੋਕ ਪੱਖੀ ਹੋਵੇ? ਕਿਤਾਬਾਂ ਲਿਖਣਾ ਤੇ ਉਨ੍ਹਾਂ ਨੂੰ ਵੇਚਣਾ ਵੀ ਇੱਕ ਬਹੁਤ ਵੱਡਾ ਕਾਰੋਬਾਰ ਹੈ। ਇਸ ਲਈ ਜੇਕਰ ਤੁਸੀਂ ਅੰਗਰੇਜ਼ੀ ਦੀ ਕੋਈ ਕਿਤਾਬ ਖਰੀਦੋ ਤਾਂ ਜ਼ਰੂਰ ਖਿਆਲ ਰੱਖੋ ਕਿ ਕਿਸ ਨੇ ਪ੍ਰਕਾਸ਼ਿਤ ਕੀਤੀ ਹੈ ਤੇ ਕੌਣ ਲੇਖਕ ਹੈ। ਘਟਨਾਵਾਂ ਦੇ ਦੂਜੇ ਪੱਖ ਨੂੰ ਦਿਖਾਉਣ ਲਈ ਕਈ ਦਸਤਾਵੇਜ਼ੀ ਫਿਲਮਾਂ ਦੇ ਲੇਖਕ ਤੇ ਨਿਰਮਾਤਾ ਚੰਗਾ ਕੰਮ ਕਰਦੇ ਹਨ, ਪਰ ਅਜਿਹੀਆਂ ਦਸਤਾਵੇਜ਼ੀ ਫਿਲਮਾਂ ਆਮ ਲੋਕਾਂ ਦੀ ਪਹੁੰਚ ਤੋਂ ਹੀ ਬਾਹਰ ਹਨ।

ਕਨੇਡਾ ਵਿੱਚ ਕੁਝ ਕਾਰਪੋਰੇਸ਼ਨਾਂ ਵਲੋਂ ਕਿਸ ਤਰ੍ਹਾਂ ਸਾਰੇ ਮੀਡੀਆ ਨੂੰ ਖਰੀਦ ਕੇ ਆਪਣੇ ਅਧੀਨ ਕਰ ਲਿਆ ਹੈ, ਇਸਦੀ ਮਿਸਾਲ ਇਹ ਅੰਕੜੇ ਹਨ: ‘ਟੌਰ ਸਟਾਰ ਗਰੁੱਪ’ ਵਲੋਂ ਟਰਾਂਟੋ ਸਟਾਰ, ਹਮਿਲਟਨ ਸਪੈਕਟੇਟਰ, ਵਾਟਰਲੂ ਰਿਜਨ ਰੈਕਰਡ, ਗਲਫ ਮਰਕਰੀ ਤੋਂ ਇਲਾਵਾ ‘ਮੈਟਰੋ ਨਿਊਜ਼ ਪੇਪਰ’ ਟਰਾਂਟੋ, ਔਟਵਾ, ਵਿਨੀਪੈਗ, ਕੈਲਗਰੀ, ਐਡਮਿੰਟਨ, ਵੈਨਕੂਵਰ ਵਿੱਚ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਇਸੇ ਗਰੁੱਪ ਵਲੋਂ ਕਨੇਡਾ ਭਰ ਵਿੱਚ 116 ਕਮਿਉਨਿਟੀ ਅਖਬਾਰ ਵੀ ਛਾਪੇ ਜਾਂਦੇ ਹਨ। ਇਸੇ ਤਰ੍ਹਾਂ 750 ਮਿਲੀਅਨ ਜਇਦਾਦ ਵਾਲੇ ‘ਪੋਸਟ ਮੀਡੀਆ ਨੈਟਵਰਕ’ ਕੋਲ ਕੈਲਗਰੀ ਹੈਰਲਡ, ਐਡਮਿੰਟਨ ਜਰਨਲ, ਮੌਂਟਰੀਅਲ ਗਜ਼ਟ, ਔਟਵਾ ਸਿਟੀਜ਼ਨ, ਦੀ ਰਿਜ਼ਨ ਲੀਡਰ ਪੋਸਟ, ਵੈਂਕੂਵਰ ਸੰਨ, ਵਿੰਡਸਰ ਸਟਾਰ, ਟਰਾਂਟੋ ਸੰਨ, ਕੈਲਗਰੀ ਸੰਨ, ਐਡਮਿੰਟਨ ਸੰਨ, ਔਟਵਾ ਸੰਨ, ਵਿਨੀਪੈਗ ਸੰਨ, ਵੈਨਕੂਵਰ ਸੰਨ, ਵੈਨਕੂਵਰ ਪਰੌਵਿੰਸ ਦੀ ਮਾਲਕੀ ਤੋਂ ਇਲਾਵਾ ਇਸੇ ਗਰੁੱਪ ਵਲੋਂ ਟਰਾਂਟੋ ਏਰੀਏ ਵਿੱਚ 24 ਰੋਜ਼ਾਨਾ ਮੁਫ਼ਤ ਅਖ਼ਬਾਰ, 37 ਕਮਿਉਨਿਟੀ ਅਖ਼ਬਾਰ ਵੀ ਚਲਾਏ ਜਾਂਦੇ ਹਨ। ਇਸੇ ਗਰੁੱਪ ਵਲੋਂ ਫਈਨੈਂਸ਼ਲ ਪੋਸਟ, ਕੈਨੇਡਾ ਡਾਟ ਕਾਮ ਵੈਬਸਾਈਟ, ਨੈਸ਼ਨਲ ਪੋਸਟ, ਲੀਡਰ ਪੋਸਟ ਰਿਜ਼ਾਈਨਾ, ਔਟਵਾ ਸਿਟੀਜ਼ਨ, ਸਟਾਰ ਫੀਨਿਕਸ ਸੈਸਕਾਟੂਨ ਆਦਿ ਵੀ ਛਾਪੇ ਜਾਂਦੇ ਹਨ। ਇਸੇ ਤਰ੍ਹਾਂ 29 ਬਿਲੀਅਨ ਜਇਦਾਦ ਵਾਲੇ ‘ਰੌਜ਼ਰਸ ਮੀਡੀਆ ਗਰੁੱਪ’ ਵਲੋਂ ਰੌਜ਼ਰਸ ਵਾਇਰਲੈਸ, ਰੌਜ਼ਰਸ ਕੇਬਲ, ਰੌਜ਼ਰਸ ਮੀਡੀਆ ਦੇ ਨਾਮ ਹੇਠ ਰੌਜ਼ਰ ਟੀਵੀ, ਅੋਮਨੀ ਟੀਵੀ (ਓਨਟੇਰੀਉ ਬੀ. ਸੀ., ਅਲਬਰਟਾ), ਟੀ. ਐਸ. ਸੀ. ਸ਼ਾਪਿੰਗ ਚੈਨਲ, ਓਐਲਐਨ ਚੈਨਲ, ਐਫ ਐਕਸ ਨਾਉ, ਜ਼ੀ ਫੋਰ, ਸਪੋਰਟਸਨੈਟ, ਸਿਟੀ ਟੀਵੀ, ਸ਼ੋਅ ਮੀ ਆਦਿ ਟੀਵੀ ਚੈਨਲਾਂ ਤੋਂ ਇਲਾਵਾ 53 ਰੇਡੀਓ ਸਟੇਸ਼ਨਾਂ ਅਤੇ ਕਨੇਡੀਅਨ ਬਿਜਨੈਸ, ਛੈਟੇਲੇਨ, ਮੈਕਲੀਨ, ਟੁਡੇਸ ਪੇਰੈਂਟਸ, ਫਲੇਅਰ, ਗਲੋਅ, ਹੈਲੋ ਕਨੇਡਾ ਆਦਿ ਵਰਗੇ 71 ਮੈਗਜ਼ੀਨ ਵੀ ਪ੍ਰਕਾਸ਼ਿਤ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਰੌਜ਼ਰਸ ਵਲੋਂ ‘ਟਰਾਂਟੋ ਬਲੂ ਜੇਸ ਬੇਸਬਾਲ ਕਲੱਬ’, ‘ਰੌਜ਼ਰਸ ਸੈਂਟਰ ਟਰਾਂਟੋ’, ‘ਵੈਨਕੂਵਰ ਰੌਜ਼ਰਸ ਅਰੀਨਾ’ ਦੇ ਨਾਮ ਦਾ ਹੱਕ ਵੀ ਇਨ੍ਹਾਂ ਕੋਲ ਹੈ। ਕਨੇਡਾ ਦੀ ਇੱਕ ਹੋਰ ਵੱਡੀ ਕਾਰਪੋਰੇਸ਼ਨ ‘ਬੈੱਲ ਕੈਨੇਡਾ’ ਵਲੋਂ ਬੈੱਲ ਹੋਮ ਫੋਨ ਸਰਵਿਸ, ਬੈੱਲ ਮੋਬਿਲਟੀ, ਸੋਲੋ ਮੋਬਾਈਲ, ਵਰਜ਼ਿਨ ਮੋਬਾਈਲ ਕੈਨੇਡਾ, ਬੈੱਲ ਇੰਟਰਨੈੱਟ, ਸਿਮਪੈਟੀਕੋ, ਬੈੱਲ ਟੀਵੀ, ਬੈੱਲ ਐਕਸਪ੍ਰੈਸ ਵੂ, ਵੀ. ਡੀ. ਐਸ. ਐਲ. ਟੈਲੀਵਿਜ਼ਨ, ਨਾਰਥ ਵੈਸਟ ਟੈਲੀਵਿਜ਼ਨ, ਬੈੱਲ ਐਲੀਐਂਟ, ਨਾਰਥਰਨ ਟੈੱਲ, ਟੈਲੀਬੈਕ, ਕੇ. ਐੱਮ. ਟੀ. ਸੀ., ਕੇਬਲ ਵਿਜ਼ਨ, ਟੈਲੀਸੈਟ ਕਨੇਡਾ, ‘ਸੀਐੱਲਈਸੀ ਬੈੱਲ ਵੈਸਟ’, ਸੀਜੀਆਈ (29% ਮਾਲਕੀ), ਬੈੱਲ ਕੋਲ ‘ਸੀਟੀਵੀ ਗਲੋਬਲ ਮੀਡੀਆ’ ਦੇ 15% ਸ਼ੇਅਰਾਂ ਦੀ ਵੀ ਮਾਲਕੀ ਹੈ। ਬੈੱਲ ਕੋਲ ਇਸ ਵੇਲੇ 51 ਟੀਵੀ ਸਟੇਸ਼ਨਾਂ, 33 ਰੇਡੀਓ ਸਟੇਸ਼ਨਾਂ, 6 ਅਖ਼ਬਾਰਾਂ ਤੇ ਮੈਗਜ਼ੀਨਾਂ, 7 ਇੰਟਰਨੈਸ਼ਨਲ ਟੀਵੀ ਚੈਨਲਾਂ, 5 ਪਬਲਿਸ਼ਿੰਗ ਤੇ ਪਰੋਡਕਸ਼ਨ ਹਾਊਸਾਂ ਦੀ ਮਾਲਕੀ ਵੀ ਹੈ। ਇਸੇ ਤਰ੍ਹਾਂ ‘ਸ਼ਾਅ’ ਕਾਰਪੋਰੇਸ਼ਨ ਬਾਰੇ ਆਮ ਲੋਕ ਇਹੀ ਸਮਝਦੇ ਹਨ ਕਿ ਇਹ ਸਿਰਫ ਕੇਬਲ, ਫੋਨ ਤੇ ਇੰਟਰਨੈਟ ਕੰਪਨੀ ਹੈ, ਪਰ ਅਜਿਹਾ ਨਹੀਂ ਹੈ, ਇਸ ਕੋਲ ਵੀ ਮੀਡੀਆ ਦੇ ਅਨੇਕਾਂ ‘ਆਊਟਲੈਟਸ’ ਦਾ ਕੰਟਰੋਲ ਹੈ। ਸ਼ਾਅ ਕਰਪੋਰੇਸ਼ਨ ਕੋਲ ਸ਼ਾਅ ਡਾਇਰੈਕਟ ਸੈਟੇਲਾਈਟ ਟੀਵੀ, ਸ਼ਾਅ ਬਰਾਡਕਾਸਟ ਸਰਵਿਸਿਜ਼, ਸ਼ਾਅ ਬਿਜ਼ਨੈਸ, ਸ਼ਾਅ ਵਾਇਰਲੈੱਸ ਟਰੈਕਿੰਗ, ਸ਼ਾਅ ਮੀਡੀਆ, ਸ਼ਾਅ ਬਿੱਗ ਪਾਈਪ ਇੰਕ ਤੋਂ ਇਲਾਵਾ 31 ਟੀਵੀ ਸਟੇਸ਼ਨ ਹਨ। ਜਿਨ੍ਹਾਂ ਵਿੱਚ ਗਲੋਬਲ ਟੈਲੀਵਿਜ਼ਨ (11 ਸ਼ਹਿਰਾਂ ਵਿੱਚ), ਬੀ. ਬੀ. ਸੀ.  ਕਨੇਡਾ, ਬੀ. ਬੀ. ਸੀ. ਕਿਡਸ, ਫੌਕਸ ਸਪੋਰਟਸ, ਸ਼ੋਕੇਸ, ਨੈਸ਼ਨਲ ਜੌਗਰਾਫਿਕ ਆਦਿ ਦੇ ਨਾਮ ਪ੍ਰਮੁੱਖ ਹਨ। ਤਕਰੀਬਨ 900 ਮਿਲੀਅਨ ਜਇਦਾਦ ਵਾਲੇ ‘ਕਰੋਸ ਇੰਟਰਟੇਨਮੈਂਟ’ ਮੀਡੀਆ ਗਰੁੱਪ ਕੋਲ 20 ਟੀਵੀ ਸਟੇਸ਼ਨ ਤੇ 37 ਰੇਡੀਓ ਸਟੇਸ਼ਨ ਹਨ। ਇਸੇ ਤਰ੍ਹਾਂ 1200 ਮਿਲੀਅਨ ਜਇਦਾਦ ਵਾਲੀ ‘ਕਿਊਬੈਕਰ ਮੀਡੀਆ ਗਰੁੱਪ’ ਵਲੋਂ ਕਨੇਡਾ ਦੇ ‘ਸੰਨ ਗਰੁੱਪ ਅਖ਼ਬਾਰਾਂ’ ਤੋਂ ਇਲਾਵਾ 16 ਰੋਜ਼ਾਨਾ ਅਖ਼ਬਾਰਾਂ, 178 ਹਫਤਾਵਾਰੀ ਕਮਿਉਨਿਟੀ ਅਖ਼ਬਾਰਾਂ, ਵੀਡੀਉਟਰੌਨ (ਕੇਬਲ, ਟੀਵੀ, ਇੰਟਰਨੈਟ, ਫੋਨ, ਸੈੱਲ ਫੋਨ) ਡਿਸਟਰੀਬਿਊਸ਼ਨ, 30 ਤੋਂ ਜ਼ਿਆਦਾ ਫਰੈਂਚ ਟੀਵੀ ਸਟੇਸ਼ਨਜ਼ ਤੇ ਰੇਡੀਉ ਸਟੇਸ਼ਨ ਚਲਾਏ ਜਾ ਰਹੇ ਹਨ।

ਜੇ ਹੁਣ ਗੱਲ ਅਮਰੀਕੀ ਮੀਡੀਆ ਦੀ ਕਰੀਏ ਤਾਂ ਇੱਕ ਸਰਵੇਖਣ ਅਨੁਸਾਰ 1983 ਤੱਕ 90% ਮੀਡੀਆ ਦੀ ਮਾਲਕੀ 50 ਦੇ ਕਰੀਬ ਕੰਪਨੀਆਂ ਕੋਲ ਸੀ ਤੇ ਪਿਛਲੇ 3 ਦਹਾਕਿਆਂ ਵਿੱਚ ਹਾਲਤ ਇਸ ਤੋਂ ਉਲਟ ਹੋ ਗਈ ਹੈ ਅਤੇ ਹੁਣ 90% ਤੋਂ ਜ਼ਿਆਦਾ ਮੀਡੀਆ ‘ਤੇ ਮਾਲਕੀ ਕਨੇਡਾ ਵਾਂਗ ਸਿਰਫ 6 ਮਲਟੀ ਬਿਲੀਅਨ ਕਾਰਪੋਰੇਸ਼ਨਾਂ ‘ਕੌਮ ਕਾਸਟ’ (74.5 ਬਿਲੀਅਨ ਜਇਦਾਦ), ‘ਵਾਲਟ ਡਿਜ਼ਨੀ’ (52.6 ਬਿਲੀਅਨ ਜਇਦਾਦ), ’21ਵੀ ਸੈਂਚਰੀ ਫੌਕਸ’ (28.98 ਬਿਲੀਅਨ ਜਇਦਾਦ), ‘ਟਾਈਮ ਵਾਰਨਰ’ (28.11 ਬਿਲੀਅਨ ਜਇਦਾਦ), ‘ਸੀ. ਬੀ. ਐਸ. ਕਾਰਪੋਰੇਸ਼ਨ’ (13.88 ਬਿਲੀਅਨ ਜਇਦਾਦ), ‘ਵਾਇਆ ਕੌਮ’ (13.27 ਬਿਲੀਅਨ ਜਇਦਾਦ) ਦੇ ਹੱਥਾਂ ਵਿੱਚ ਜਾ ਚੁੱਕੀ ਹੈ। ‘ਕੌਮ ਕਾਸਟ’ ਕੋਲ 32 ਟੀਵੀ ਸਟੇਸ਼ਨਾਂ ਤੇ ਕੇਬਲ ਨੈੱਟਵਰਕ ਤੇ 17 ਚੈਨਲਾਂ ਦੀ ਮਾਲਕੀ ਹੈ।ਇਸ ਤੋਂ ਇਲਾਵਾ ਦੁਨੀਆਂ ਦੇ ਤਕਰੀਬਨ ਸਾਰੇ ਪ੍ਰਮੁੱਖ ਦੇਸ਼ਾਂ ਵਿੱਚ ਇਨ੍ਹਾਂ ਦੇ ਚੈਨਲ ਡਿਸ਼ ਜਾਂ ਕੇਬਲ ਤੇ ਚਲਦੇ ਹਨ।ਹਾਲੀਵੁੱਡ ਦੀਆਂ ਕਾਫੀ ਫਿਲਮਾਂ ਦੀ ਕਾਸਟਿੰਗ ਵੀ ਇਸ ਕਾਰਪੋਰੇਸ਼ਨ ਵਲੋਂ ਕੀਤੀ ਜਾਂਦੀ ਹੈ। ਇਸ ਕਾਰਪੋਰੇਸ਼ਨ ਦੇ ਅਧੀਨ ਆਉਂਦੀਆਂ ਕੰਪਨੀਆਂ ਤੇ ਮੀਡੀਆ ਦੇ ‘ਆਊਟਲੈਟ’ ਦੇਖੇ ਜਾਣ ਤਾਂ ਇਨ੍ਹਾਂ ਦੀ ਗਿਣਤੀ 500 ਤੋਂ ਵੀ ਵੱਧ ਹੈ।’ਰੇਡੀਓ ਵੰਨ ਇੰਕ’ ਨਾਮ ਦੀ 1.4 ਬਿਲੀਅਨ ਜਇਦਾਦ ਵਾਲੀ ਇੱਕ ਛੋਟੀ ਜਿਹੀ ਕੰਪਨੀ ਕੋਲ ਅਮਰੀਕਾ ਵਿੱਚ 55 ਰੇਡੀਓ ਸਟੇਸ਼ਨ ਹਨ। ਇਸੇ ਤਰ੍ਹਾਂ ‘ਵਾਲਟ ਡਿਜ਼ਨੀ’ ਅਧੀਨ ਅਨੇਕਾਂ ਵੱਖਰੇ-ਵੱਖਰੇ ਨਾਵਾਂ ਹੇਠ ਚੈਨਲ ਹਨ, ਜਿਸਦੇ ਯਹੂਦੀ ਧਨਾਢ ਮਾਲਕ ਹਨ। ਇਸਦੇ ਸੀ. ਈ.. ਓ. ਦੀ ਤਨਖਾਹ 45 ਮਿਲੀਅਨ ਅਮਰੀਕੀ ਡਾਲਰ ਸਲਾਨਾ ਹੈ। ਜਿਵੇਂ ਡਿਜ਼ਨੀ ਦੀ ਇੱਕ ਕੰੰਪਨੀ ‘ਏ. ਬੀ. ਸੀ. ਟੈਲੀਵਿਜ਼ਨ ਨੈੱਟਵਰਕ’ ਅਧੀਨ 232 ਚੈਨਲ ਚਲਦੇ ਹਨ। ਡਿਜ਼ਨੀ ਕੋਲ 32 ਰੇਡੀਓ ਸਟੇਸ਼ਨ ਹਨ। ਇਸ ਤੋਂ ਇਲਾਵਾ ਡਿਜ਼ਨੀ ਦੇ ਅਧੀਨ ਅਨੇਕਾਂ ਅਖ਼ਬਾਰਾਂ, ਮੈਗਜ਼ੀਨ ਤੇ ਕਈ ਤਰ੍ਹਾਂ ਦੇ ਪ੍ਰਾਕਸ਼ਨ ਹਨ। ‘ਸੀ. ਬੀ. ਐਸ’ ਕਾਰਪੋਰੇਸ਼ਨ ਕੋਲ 130 ਰੇਡੀਓ ਸਟੇਸ਼ਨ ਅਤੇ 30 ਟੀਵੀ ਸਟੇਸ਼ਨ ਹਨ। ‘ਟਾਈਮ ਵਾਰਨਰ’ ਵਲੋਂ ਚਲਾਇਆ ਜਾਂਦਾ ‘ਸੀ ਐੱਨ. ਐੱਨ.’ ਅਮਰੀਕਨ ਪ੍ਰਾਪੇਗੰਡਾ ਲਈ ਦੁਨੀਆਂ ਭਰ ਵਿੱਚ ਵਰਤਿਆ ਜਾਂਦਾ ਹੈ। ਇਸ ਅਧੀਨ ਚੈਨਲ ਦੁਨੀਆਂ ਦੇ 200 ਤੋਂ ਵੱਧ ਦੇਸ਼ਾਂ ਵਿੱਚ ਚੱਲਦੇ ਹਨ। ਦੁਨੀਆਂ ਭਰ ਵਿੱਚ ਮਸ਼ਹੂਰ ਮੈਗਜ਼ੀਨ ‘ਟਾਈਮ’ ਵੀ ਇਸੇ ਗਰੁੱਪ ਦੇ ਯਹੂਦੀ ਅਰਬ ਪਤੀਆਂ ਵਲੋਂ ਚਲਾਇਆ ਜਾਂਦਾ ਹੈ। ‘ਆਈ ਹਰਟ ਮੀਡੀਆ ਇੰਕ’ ਕੋਲ ‘ਕਲੀਅਰ ਚੈਨਲ’ ਨਾਮ ਹੇਠ 103 ਵੱਡੇ ਰੇਡੀਓ ਸਟੇਸ਼ਨ ਹਨ। ਪੂਰੇ ਅਮਰੀਕਾ ਵਿੱਚ ਇਸ ਕੋਲ 1200 ਤੋਂ ਵੱਧ ਏ. ਐੱਮ. ਤੇ ਐਫ. ਐੱਮ. ਦੇ 1200 ਦੇ ਕਰੀਬ ਚੈਨਲ ਹਨ। ਇਸ ਤੋਂ ਇਲਾਵਾ ਇਸੇ ਕਾਰਪੋਰੇਸ਼ਨ ਕੋਲ ਵੱਖ-ਵੱਖ ਨਾਵਾਂ ਹੇਠ ਸੈਂਕੜੇ ਚੈਨਲ ਚੱਲਦੇ ਹਨ। ਅਮਰੀਕਾ ਵਿੱਚ ਛਪਦੀਆਂ 1500 ਦੇ ਕਰੀਬ ਰੋਜ਼ਾਨਾ ਅਖ਼ਬਾਰਾਂ ਵਿਚੋਂ 75% ਤੋਂ ਵੱਧ ਦੀ ਮਾਲਕੀ ਇਨ੍ਹਾਂ ਕਾਰਪੋਰੇਸ਼ਨਾਂ ਕੋਲ ਹੈ। ਇੱਥੇ ਇਹ ਤੱਥ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਅਮਰੀਕਾ ਦੇ ਮੀਡੀਆ ਦੇ ਬਹੁਤ ਵੱਡੇ ਹਿੱਸੇ ਦੀ ਮਾਲਕੀ ‘ਯਹੂਦੀ’ ਧਨਾਢਾਂ ਕੋਲ ਹੈ। ਅਮਰੀਕਾ ਦੀਆਂ ਸੰਸਾਰ ਪ੍ਰਸਿੱਧ ਅਖ਼ਬਾਰਾਂ ‘ਨਿਊ ਯਾਰਕ ਟਾਈਮਜ਼’, ‘ਵਾਲ ਸਟਰੀਟ ਜਰਨਲ’ ਤੇ ‘ਵਾਸ਼ਿੰਗਟਨ ਪੋਸਟ’ ਦੀ ਮਾਲਕੀ ਯਹੂਦੀ ਅਰਬ ਪਤੀਆਂ ਕੋਲ ਹੈ। ‘ਨਿਊ ਯਾਰਕ ਟਾਈਮਜ਼’ ਅਖ਼ਬਾਰ ਦੇ ਬੈਨਰ ਹੇਠ ਇਸੇ ਗਰੁੱਪ ਕੋਲ ਅਮਰੀਕਾ ਦੀਆਂ 33 ਹੋਰ ਰੋਜ਼ਾਨਾ ਵੱਡੀਆਂ ਅਖ਼ਬਾਰਾਂ ਤੇ 12 ਵੱਡੇ ਮੈਗਜ਼ੀਨ ਦੀ ਮਾਲਕੀ ਵੀ ਹੈ। ਅਮਰੀਕਾ ਦੀਆਂ ਕਿਤਾਬਾਂ ਛਾਪਣ ਵਾਲੀਆਂ 6 ਵੱਡੀਆਂ ਪਬਲਿਸ਼ਿੰਗ ਕਾਰਪੋਰੇਸ਼ਨਾਂ ਵਿੱਚੋਂ 3 ਦੀ ਮਾਲਕੀ ਵੀ ਯਹੂਦੀ ਅਰਬਪਤੀਆਂ ਕੋਲ ਹੀ ਹੈ। ਇਹ ਕਾਰਪੋਰੇਸ਼ਨਾਂ ਕਿੰਨੀਆਂ ਵੱਡੀਆਂ (ਜਾਇੰਟ) ਹੋ ਚੁੱਕੀਆਂ ਹਨ, ਇਸਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਇਨ੍ਹਾਂ 6 ਕਾਰਪੋਰੇਸ਼ਨਾਂ ਕੋਲ 300 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਦੀ ਜਇਦਾਦ ਹੈ, ਜੋ ਕਿ ਕਈ ਦੇਸ਼ਾਂ ਦੀ ਜੀ. ਡੀ. ਪੀ ਦੇ ਬਰਾਬਰ ਹੈ। ਜੇ ਕੇਬਲ ਟੀਵੀ ਦੀ ਗੱਲ ਕਰੀਏ ਤਾਂ 6 ਕਾਰਪੋਰੇਸ਼ਨਾਂ ਕੋਲ 70% ਤੋਂ ਵੱਧ ਚੈਨਲ ਹਨ ਅਤੇ ਬਾਕੀ 30% ਚੈਨਲ 3762 ਕੰਪਨੀਆਂ ਕੋਲ ਹਨ। ਜਿਨ੍ਹਾਂ ਨੂੰ ਖਰੀਦਣ ਦੀ ਤਾਕ ਵਿੱਚ ਇਹ ਕੰਪਨੀਆਂ ਰਹਿੰਦੀਆਂ ਹਨ। ਜਿੱਥੇ ਇਹ ਵੱਡੀਆਂ ਮੱਛੀਆਂ ਸਭ ਛੋਟੀਆਂ ਮੱਛੀਆਂ ਨੂੰ ਖਾਈ ਜਾ ਰਹੀਆਂ ਹਨ, ਉੱਥੇ ਮੀਡੀਆ ਦੇ ਕੁਝ ਲੋਕਾਂ ਦੇ ਹੱਥ ਵਿੱਚ ਚਲੇ ਜਾਣ ਨਾਲ਼, ਇਹ ਲੋਕਾਂ ਦੇ ਮਾਈਂਡ ਕੰਟਰੋਲ ਕਰਕੇ ਆਪਣੇ ਜਾਂ ਸਰਮਾਏਦਾਰੀ ਨਿਜ਼ਾਮ ਦੇ ਹੱਕ ਵਿੱਚ ਭੁਗਤਾ ਰਹੀਆਂ ਹਨ। ਇਨ੍ਹਾਂ ਦੀ ਇਜ਼ਾਰੇਦਾਰੀ ਸਿਰਫ ਮੀਡੀਆ ਤੱਕ ਹੀ ਸੀਮਤ ਨਹੀਂ ਹੈ, ਸਗੋਂ ਅਮਰੀਕਾ ਦੀਆਂ 10 ਕਾਰਪੋਰੇਸ਼ਨਾਂ ‘ਕੋਕਾ ਕੋਲਾ’, ‘ਕਰਾਫਟ’, ‘ਨੈਸਲੇ’, ‘ਪੈਪਸੀਕੋ’, ‘ਜਨਰਲ ਇਲੈਕਟਰਿਕ’, ‘ਕੈਲੋਗਸ’, ‘ਮਾਰਸ’, ‘ਯੂਨੀਲਿਵਰ’, ‘ਜੌਹਨਸੱਨ-ਜੌਹਨਸੱਨ’, ‘ਪੀ ਐਂਡ ਜੀ’ ਸਾਡੇ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਤੇ ਖਾਣ ਵਾਲੀਆਂ ਚੀਜ਼ਾਂ ਦੇ 90% ਤੋਂ ਵੱਧ ਦੀਆਂ ਮਾਲਿਕ ਹਨ। ਇਹ 10 ਕਾਰਪੋਰੇਸ਼ਨਾਂ ਹੀ 80% ਤੋਂ ਵੱਧ ਖਾਣ-ਪੀਣ ਵਾਲੀਆਂ ‘ਫਰੈਂਚਾਈਜ਼’ ਦੀਆਂ ਮਾਲਕ ਹਨ। ਜਿਸ ਤਰ੍ਹਾਂ ਆਮ ਸਮਝਿਆ ਜਾਂਦਾ ਹੈ ਕਿ ਕੋਕਾ ਕੋਲਾ ਵਾਲੇ ਸਿਰਫ ਕੋਕ ਹੀ ਬਣਾਉਂਦੇ ਹਨ, ਜਦਕਿ ਸਪਰਾਈਟ, ਫਰੂਟੋਪੀਆ, ਮਿਨਿਟਮੇਡ, ਫਾਈਵ ਅਲਾਈਵ, ਸਮਾਰਟ ਵਾਟਰ, ਦਾਸਾਨੀ ਵਾਟਰ, ਨੈਸਲੇ ਆਦਿ ਸੈਂਕੜੇ ਵਸਤਾਂ ਕੋਕਾ ਕੋਲਾ ਦੀਆਂ ਹੀ  ਉਪਜਾਂ ਹਨ। ਇਸੇ ਤਰ੍ਹਾਂ ਪੈਪਸੀ ਸਿਰਫ ਪੈਪਸੀ ਨਹੀਂ ਬਣਾਉਂਦਾ ਸਗੋਂ ਮਾਊਂਟੇਨ ਡਿਊ, ਬਰਿਸਕ, ਡੋਲ, ਲਿਪਟਨ, ਏ ਅਂੈਡ ਡਬਲਿਊ, ਟੈਕੋ ਬੈੱਲ, ਕੈਂਟੱਕੀ ਫਰਾਈ, ਪੀਜ਼ਾ ਹੱਟ, ਐਂਟ ਜਮੀਕਾ ਆਦਿ ਸੈਂਕੜੇ ਕੰਪਨੀਆਂ ਦੀ ਮਾਲਕ ਹੈ।

ਦੁਨੀਆਂ ਭਰ ਵਿੱਚ ਸਰਮਾਏਦਾਰੀ ਨਿਜ਼ਾਮ ਤੇ ਕਾਰਪੋਰੇਸ਼ਨਾਂ ਦੀ ਮੁਨਾਫੇ ਦੀ ਹਵਸ ਨੇ ਅਨੇਕਾਂ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ। ਪਰ ਇਹ ਸਮੱਸਿਆਵਾਂ ਪੈਦਾ ਕਰਕੇ ਉਨ੍ਹਾਂ ਵਿੱਚੋਂ ਵੀ ਮੁਨਾਫਾ ਕੱਢਣ ਦੀ ਮੁਹਾਰਤ ਰੱਖਦੀਆਂ ਹਨ। ਅੱਤਵਾਦ ਪੈਦਾ ਕਰਨਾ ਤੇ ਫਿਰ ਉਸ ਰਾਹੀਂ ਵੱਧ ਮੁਨਾਫੇ ‘ਤੇ ਹਥਿਆਰ ਵੇਚਣੇ ਇਨ੍ਹਾਂ ਦਾ ਪੁਰਾਣਾ ਹਥਿਆਰ ਹੈ। ਪਿਛਲੇ ਸਮੇਂ ਤੋਂ ਇਨ੍ਹਾਂ ਦੀਆਂ ਮਨੁੱਖਤਾ ਵਿਰੋਧੀ ਤੇ ਵਾਤਾਵਰਣ ਵਿਰੋਧੀ ਮੁਨਾਫੇ ਦੀਆਂ ਨੀਤੀਆਂ ਨੇ ਸਾਰੀ ਧਰਤੀ ਦੇ ਜੀਵਨ ਨੂੰ ਖਤਰੇ ਵਿੱਚ ਪਾ ਦਿੱਤਾ ਹੈ, ਪਰ ਮੀਡੀਆ ‘ਤੇ ਇਨ੍ਹਾਂ ਦੇ ਕੰਟਰੋਲ ਕਾਰਨ ‘ਗਲੋਬਲ ਵਾਰਮਿੰਗ’ ਵਰਗੇ ਗੰਭੀਰ ਖਤਰਿਆਂ ਬਾਰੇ ਕੋਈ ਖੋਜ਼ ਜਾਂ ਤੱਤ ਬਾਹਰ ਨਹੀਂ ਆਉਣ ਦਿੱਤੇ ਜਾ ਰਹੇ। ਜੋ ਲੋਕ ‘ਗਲੋਬਲ ਵਾਰਮਿੰਗ’ ਜਾਂ ਵਾਤਾਵਰਣ ‘ਤੇ ਕੰਮ ਕਰ ਰਹੇ ਹਨ, ਉਨ੍ਹਾਂ ਦੀਆਂ ਖੋਜਾਂ ਤੇ ਅੰਕੜੇ ਕਿਸੇ ਮੁੱਖ-ਧਾਰਾ ਮੀਡੀਆ ਰਾਹੀਂ ਆਮ ਲੋਕਾਂ ਤੱਕ ਨਹੀਂ ਪਹੁੰਚ ਰਹੇ। ਕਿਸ ਦੇਸ਼ ਵਿੱਚ, ਕਿਸ ਪਾਰਟੀ ਦੀ ਸਰਕਾਰ ਬਣਾਉਣੀ ਹੈ ਜਾਂ ਗਿਰਾਉਣੀ ਹੈ, ਇਹ ਇਨ੍ਹਾਂ ਲਈ ਬੜਾ ਸੌਖਾ ਕੰਮ ਹੁੰਦਾ ਜਾ ਰਿਹਾ ਹੈ। ਮੀਡੀਆ ਰਾਹੀਂ ਕਿਸ ਨੂੰ ਉੱਪਰ ਚੜਾਉਣਾ ਹੈ ਤੇ ਕਿਸਨੂੰ ਹੇਠਾਂ ਲਿਆਉਣਾ ਹੈ, ਇਨ੍ਹਾਂ ਲਈ ਛੋਟੀ ਜਿਹੀ ਖੇਡ ਹੈ ਕਿਉਂਕਿ ਬਾਹਰੋਂ ਵੱਖਰੇ-ਵੱਖਰੇ ਦਿਸਣ ਵਾਲੇ ਰੇਡੀਓ, ਟੀਵੀ, ਅਖ਼ਬਾਰਾਂ, ਮੈਗਜ਼ੀਨ ਆਦਿ ਨੂੰ ਪਰਦੇ ਪਿੱਛੇ ਇਹ ਕੁਝ ‘ਕ ਲੋਕ ਹੀ ਚਲਾ ਰਹੇ ਹਨ। ਇਸ ਖੇਡ ਨੂੰ ਸਮਝਣ ਲਈ ਆਮ ਵਿਅਕਤੀ ਕੋਲ ਸਮਾਂ ਨਹੀਂ ਹੈ, ਸਰਮਾਏਦਾਰੀ ਨੇ ਆਮ ਮਨੁੱਖ ਨੂੰ ਰੋਟੀ, ਕੱਪੜਾ, ਮਕਾਨ ਦੀ ਅਜਿਹੀ ਚੂਹਾ ਦੌੜ ਵਿੱਚ ਪਾਇਆ ਹੋਇਆ ਹੈ ਕਿ ਜਾਂ ਤੇ ਉਨ੍ਹਾਂ ਕੋਲ ਕੁਝ ਪੜ੍ਹਨ-ਲਿਖਣ, ਜਾਨਣ, ਖੋਜ਼ਣ ਲਈ ਸਮਾਂ ਹੀ ਨਹੀਂ ਹੈ, ਜੇ ਥੋੜਾ ਸਮਾਂ ਹੈ ਤਾਂ ਉਹ ਰੇਡੀਓ, ਟੀਵੀ, ਅਖ਼ਬਾਰਾਂ ਆਦਿ ਤੋਂ ਮਿਲਦੀ ਜਾਣਕਾਰੀ ਤੇ ਨਿਰਭਰ ਹੈ। ਇਨ੍ਹਾਂ ਵੱਡੀਆਂ ਕਾਰਪੋਰੇਸ਼ਨਾਂ ਵਲੋਂ ਜੋ ਜਾਣਕਾਰੀ ਸਾਨੂੰ ਮੀਡੀਆ ਦੇ ਵੱਖ-ਵੱਖ ਮਾਧਿਅਮਾਂ ਰਾਹੀਂ ਪਰੋਸੀ ਜਾ ਰਹੀ ਹੈ ਉਹ ਲੋਕਾਂ ਲਈ ਨਹੀਂ, ਸਗੋਂ ਲੋਕਾਂ ਨੂੰ ਲੁੱਟਣ ਜਾਂ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਤੋਂ ਲਾਂਭੇ ਲਿਜਾਣ ਲਈ ਹੈ ਤਾਂ ਕਿ ਆਮ ਵਿਅਕਤੀ ਕੁਝ ਸੋਚ ਹੀ ਨਾ ਸਕਣ। ਇੰਟਰਟੇਨਮੈਂਟ ਦੇ ਏਨੇ ਜ਼ਿਆਦਾ ਵੱਖ-ਵੱਖ ਤਰ੍ਹਾਂ ਦੇ ਚੈਨਲ ਹਨ ਕਿ ਆਮ ਮਨੁੱਖ ਨੂੰ ਸਮਾਜ ਬਾਰੇ ਕੁਝ ਗੰਭੀਰ ਸੋਚਣ ਜਾਂ ਵਿਚਾਰਨ ਲਈ ਸੋਚ ਹੀ ਪੈਦਾ ਨਹੀਂ ਹੁੰਦੀ।

ਸਮਾਜ ਪ੍ਰਤੀ ਸੁਹਿਰਦ ਤੇ ਚੇਤੰਨ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਮੀਡੀਆ ਕਰਮੀਆਂ, ਫਿਲਮਕਾਰਾਂ ਆਦਿ ਨੂੰ ਖ਼ਬਰਾਂ, ਘਟਨਾਵਾਂ, ਮਸਲਿਆਂ, ਵਰਤਾਰਿਆਂ ਆਦਿ ਬਾਰੇ ਆਮ ਲੋਕਾਂ ਨੂੰ ਦੂਜਾ ਪਾਸਾ ਵੀ ਦਿਖਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਲਈ ਅਜ਼ਾਦ ਬਦਲਵਾਂ ਮੀਡੀਆ ਖੜ੍ਹਾ ਕਰਨਾ ਜਾਂ ਇੰਟਰਨੈੱਟ ਤੇ ਸੋਸ਼ਲ ਮੀਡੀਆ ਰਾਹੀਂ ਲੋਕ ਪੱਖੀ ਅਵਾਜ਼ ਨੂੰ ਲਿਜਾਣ ਲਈ ਯਤਨਸ਼ੀਲ ਹੋਣ ਦੀ ਲੋੜ ਹੈ। ਤੱਥਾਂ ਤੇ ਖੋਜ਼ ਅਧਾਰਿਤ ਦਸਤਾਵੇਜ਼ੀ ਫਿਲਮਾਂ ਬਣਨੀਆਂ ਇਸ ਪਾਸੇ ਸਹੀ ਯਤਨ ਹੋ ਸਕਦਾ ਹੈ। ਹਾਲੀਵੁੱਡ ਦੀਆਂ ਵੱਡੇ ਬਜਟ ਦੀਆਂ ਬਹੁਤੀਆਂ ਫਿਲਮਾਂ ਪਿੱਛੇ ਵੀ ਇਨ੍ਹਾਂ ਕਾਰਪੋਰੇਸ਼ਨਾਂ ਦਾ ਹੀ ਸਰਮਾਇਆ ਲੱਗਾ ਹੁੰਦਾ ਹੈ। ਜਿਨ੍ਹਾਂ ਦਾ ਮਕਸਦ ਸਮਾਜ ਨੂੰ ਕੋਈ ਸੇਧ ਦੇਣਾ ਜਾਂ ਮਸਲਿਆਂ ਪ੍ਰਤੀ ਸੁਚੇਤ ਕਰਨਾ ਨਹੀਂ, ਸਗੋਂ ਇੰਟਰਟੇਨਮੈਂਟ ਦੇ ਨਾਮ ‘ਤੇ ਲੋਕਾਂ ਦੀ ਚੇਤੰਨਤਾ ਨੂੰ ਖੁੰਡਾ ਕਰਨਾ ਤੇ ਵੱਧ ਮੁਨਾਫਾ ਕਮਾਉਣਾ ਹੁੰਦਾ ਹੈ। ਮੀਡੀਆ ਕੰਟਰੋਲ ਕਰਕੇ ਕਾਰਪੋਰੇਸ਼ਨਾਂ ਅਜਿਹਾ ਸੁਪਨਾ ਦੇਖ ਰਹੀਆਂ ਹਨ ਕਿ ਉਹ ‘ਮਾਈਂਡ ਕੰਟਰੋਲਿੰਗ’ ਗੇਮ ਨਾਲ਼ ਜਿੱਥੇ ਆਪਣੀਆਂ ਕੰਪਨੀਆਂ ਦੇ ਮੁਨਾਫੇ ਲਈ ਬਿਨਾਂ ਸੋਚ ਵਾਲੇ ਖਪਤਕਾਰ ਪੈਦਾ ਕਰ ਲੈਣਗੀਆਂ, ਉੱਥੇ ਲੋਕਾਂ ਦੀ ਸੋਚ ਨੂੰ ਅਜਿਹੇ ਢੰਗ ਨਾਲ਼ ਬਦਲਣਗੀਆਂ ਕਿ ਉਹ ਸੋਚਣ ਲਈ ਮਜ਼ਬੂਰ ਹੋਣ ਕਿ ਉਨ੍ਹਾਂ ਦੇ ਹੱਥ ਕੁਝ ਨਹੀਂ, ਆਪਣਾ ਕੰਮ ਕਰੋ ਤੇ ਦੁਨੀਆਂ ਵਿੱਚ ਕੋਈ ਤਬਦੀਲੀ ਨਹੀਂ ਆ ਸਕਦੀ। ਇਸ ਸੋਚ ਨੂੰ ਬਦਲਣ ਲਈ ਲੋਕਪੱਖੀ ਲੋਕਾਂ ਨੂੰ ਲਾਮਬੰਦ ਹੋਣ ਦੀ ਲੋੜ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 22-23, ਸਾਲ 5, 1 ਜਨਵਰੀ ਤੇ 16 ਜਨਵਰੀ 2017 (ਸੰਯੁਕਤ ਅੰਕ)  ਵਿੱਚ ਪ੍ਰਕਾਸ਼ਤ

 

Advertisements