ਕਾਰਪੋਰੇਟਾਂ ਦੇ ਗਣਰਾਜ ‘ਚ ਸਵਾ ਸਾਲ •ਕੰਵਲਜੋਤ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ‘ਲਲਕਾਰ’ ਅੰਕ 8, 1-15 ਜੂਨ, 2017)

ਕਾਰਪੋਰੇਟ ਕੰਪਨੀ ਦਾ ਮਹੌਲ ਆਦਮੀ ਦੀਆਂ ਸਾਰੀਆਂ ਭਾਵਨਾਵਾ ਖੁਸ਼ੀਆਂ ਨੂੰ ਖੋਖਲਾ ਕਰ ਦੇਂਦਾ ਹੈ। “ਟੁੱਚਾ” ਸ਼ਬਦ ਮੇਰੇ ਦਿਮਾਗ਼ ‘ਚ ਆ ਰਿਹਾ ਹੈ। ਮੇਰੀਆਂ ਆਪਣੀਆਂ ਖੁਸ਼ੀਆਂ ਅਤੇ ਮੇਰੇ ਬੌਸ ਦੇ ਹਾਸੇ ਬਾਰੇ ਸੋਚ ਕੇ ਮੈਨੂੰ ਸ਼ਰਮ ਆਉਂਦੀ ਹੈ। ਮੇਰੀ ਖੁਸ਼ੀ ਹੁੰਦੀ ਸੀ ਮਹੀਨੇ ਕੁ ਬਾਅਦ ਪੁਣੇ ਜਾ ਕੇ ਆਪਣੇ ਦੋਸਤ ਨਾਲ਼ ਕੁਝ ਪੈਸੇ ਖਰਚ ਕਰਨੇ, ਡਾਮਿਨੋਜ਼, ਸੀਸੀਡੀ, ਕਲੱਬ, ਬਾਰ ਜਾਣਾ, ਵੱਡੇ ਮਾਲ ਵਿੱਚ ਫਿਲਮ ਦੇਖਣੀ। ਮਹਿੰਗੇ ਕੱਪੜੇ, ਜੁੱਤੀਆਂ ਖਰੀਦ ਕੇ ਵੀ ਮੈਨੂੰ ਬੜੀ ਖੁਸ਼ੀ ਹੁੰਦੀ ਸੀ। ਹੋਰ ਵੀ ‘ਘਿਨਾਉਣੇ’ ਸ਼ੌਕ ਜਿਹਨਾਂ ਬਾਰੇ ਮੈਂ ਲਿਖ ਨਹੀਂ ਸਕਦਾ, ਮੈਨੂੰ ਸਭ ਤੋਂ ਵੱਡੀ ਖੁਸ਼ੀ ਲੱਗਦੇ ਸਨ। ਪਰ ਇਸ ਸਭ ਤੋਂ ਵਾਪਸ ਫੇਰ ਫੈਕਟਰੀ ਵਿੱਚ ਆਕੇ ਨਿਰਾਸ਼ਾ ਹੋਰ ਸੰਘਣੀ ਹੋ ਜਾਂਦੀ ਤੇ ਇਸ ਗੱਲ ਦੀ ਵੀ ਮੈਨੂੰ ਬਸ ਆਦਤ ਹੋ ਗਈ।

ਜਿਹਨਾਂ ਨੂੰ ਉੱਥੇ ਕੰਮ ਕਰਦਿਆਂ ਖਾਸਾ ਵਕਤ ਹੋ ਗਿਆ ਸੀ ਉਹਨਾਂ ਨੂੰ ਮਨੁੱਖ ਨਹੀਂ ਕਿਹਾ ਜਾ ਸਕਦਾ। ਉਹ ਇੱਕ ਪੈਸਾ ਛਾਪਣ ਦੀ ਮਸ਼ੀਨ ਬਣ ਚੁੱਕੇ ਸਨ। ਇਹ ਪ੍ਰਬੰਧ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਨਹੀ ਹੋਣ ਦਿੰਦਾ ਕਿ ਉਹ ਗੁਲਾਮ ਬਣ ਚੁੱਕੇ ਹਨ। ਮਹੀਨੇ ਵਿੱਚ ਟਾਰਗੇਟ ਪੂਰੇ ਕਰ ਲੈਣ, ਪ੍ਰੋਮੋਸ਼ਨ ਤੋਂ ਵੱਧ ਵੀ ਕੋਈ ਖੁਸ਼ੀ ਹੋ ਸਕਦੀ ਹੈ ਇਸ ਦੀ ਸ਼ਾਇਦ ਉਹ ਕਲਪਨਾ ਵੀ ਨਹੀਂ ਕਰ ਸਕਦੇ। ਹਰ ਉਹ ਗੱਲ ਜੋ ਕਿਸੇ ਦੂਜੇ ਨੂੰ ਦੁੱਖ ਤਕਲੀਫ਼ ਪਹੁੰਚਾਉਂਦੀ ਹੋਵੇ ਤੇ ਇਸ ਗੱਲ ਦੀ ਤਸਦੀਕ ਕਰਦੀ ਹੋਵੇ ਕਿ ਦੁਨੀਆਂ ਬੁਰੀ ਤੇ ਤਬਾਹਕੁੰਨ ਹੈ, ਇਹਨਾਂ ਮਸ਼ੀਨ-ਮਨੁੱਖਾਂ ਨੂੰ ਖੁਸ਼ੀ ਦਿੰਦੀ ਹੈ।

ਹਰ ਛੋਟੀ ਗੱਲ ਨੂੰ ਵਧਾ-ਚੜ ਕੇ ਦੱਸਣ ਦੀ ਆਦਤ ਵੀ ਬਹੁਤ ਆਮ ਹੈ। ਛੋਟੇ ਛੋਟੇ ਕੰਮ ਜੋ ਆਮ ਜ਼ਿੰਦਗੀ ਵਿੱਚ ਬਿਲਕੁਲ ਕੁਦਰਤੀ ਲਗਦੇ ਹਨ ਕਾਰਪੋਰੇਟ ਵਿੱਚ ਮਜ਼ਾਕੀਆ ਹੱਦ ਤਕ ਵੱਡੇ ਤੇ ਮਹਾਨ ਲੱਗਦੇ ਹਨ। ਉਦਾਹਰਨ ਵਜੋਂ, ਇੱਕ ਵਾਰ ਮੋਟਰਾਂ ਵਿੱਚ ਵਰਤੇ ਜਾਂਦੇ ਗ੍ਰੀਸ, ਜੋ ਕਿ ਖੁੱਲਾ ਪਿਆ ਰਹਿੰਦਾ ਸੀ, ਨੂੰ ਢਕਣ ਲਈ ਮੈਂ ਇੱਕ ਬੰਦ ਡੱਬਾ ਲੈ ਆਇਆ ਤਾਂ ਮੇਰੇ ਬੌਸ ਨੂੰ “ਅਥਾਹ” ਖੁਸ਼ੀ ਹੋਈ। ਮੇਰੇ ਸੀਨੀਅਰ ਨੇ ਅੱਧੇ ਰਸ਼ਕ ਤੇ ਅੱਧੀ ਚੌਧਰ ਭਰੇ ਅੰਦਾਜ਼ ‘ਚ ਕਿਹਾ ਕਿ “ਯੇ ਤੋ ਤੁਮਰਾ ਪ੍ਰਾਜੈਕਟ ਹੋ ਗਿਆ” (ਸ਼ਾਇਦ ‘ਕਾਇਜ਼ਨ ਜੰਬਆ’ ਨਾਂ ਦਾ ਕੋਈ ਜਪਾਨੀ ਵਿਚਾਰ ਹੈ ਸਫਾਈ ਬਾਰੇ, ਉਸ ਬਾਰੇ ਗੱਲ ਕਰ ਰਿਹਾ ਸੀ)। ਇੱਕ ਵਾਰੀ ਹੋਰ ਮੋਟਰ ਨਾਲ਼ ਉਸਦੀ ਜਾਣਕਾਰੀ ਵਾਲ਼ੇ ਕਾਗਜ਼ ਪਾਉਣ ਲਈ ਜੋ ਪਲਾਸਟਿਕ ਦੇ ਕਵਰ ਲਗਦੇ ਸਨ, ਬਾਹਰ ਦੀ ਜਗਾ ਅੰਦਰ ਇੱਕ ਜਗਾ ਇੱਕਠੇ ਰੱਖ ਦਿੱਤੇ ਤਾਂ ਮੇਰਾ ਬੌਸ ਮੈਨੂੰ ਖਾਸ ਤੌਰ ‘ਤੇ ਵਧਾਈ ਦੇਣ ਆਇਆ। ਸ਼ੁਰੂ-ਸ਼ੁਰੂ ਵਿੱਚ ਤਾਂ ਮੈਨੂੰ ਵੀ ਇਸ ਸਭ ‘ਤੇ ਹਾਸਾ ਆਉਂਦਾ ਸੀ ਪਰ ਬਾਅਦ ਵਿੱਚ ਮੈਨੂੰ ਵੀ ਯਕੀਨ ਜਿਹਾ ਹੋਣ ਲੱਗਿਆ ਕਿ ਸ਼ਾਇਦ ਕੋਈ ਵੱਡੀ ਚੀਜ਼ ਹੀ ਹੋਵੇਗੀ, ਮੈਨੂੰ ਐਵੇਂ ਆਮ ਲਗਦੀ ਹੈ। ਕੋਈ ਵੀ ਆਮ ਜਿਹੀ ਗੱਲ ਨੂੰ ਅੰਗਰੇਜ਼ੀ ਦੇ ਔਖੇ ਤੋਂ ਔਖੇ ਸ਼ਬਦਾਂ ਵਿੱਚ ਲਿਖਣ ‘ਤੇ ਉਹ ਵੱਡੀ ਹੋ ਜਾਂਦੀ ਹੈ!

ਇਹ ਸਭ ਬਾਹਰ ਦੀ ਦੁਨੀਆਂ ਨਾਲ਼ੋਂ ਟੁੱਟੇ ਹੋਣ ਦਾ ਨਤੀਜਾ ਸੀ। ਜਿਸ ਜਗਾ ਆਪਾਂ ਦਿਨ ਦੇ 10-12 ਘੰਟੇ ਬਿਤਾਉਂਦੇ ਹੋਈਏ ਉਥੋਂ ਦੀ ਹਰ ਚੀਜ਼ ਆਪਣੀ ਸੋਚ ਨੂੰ ਪ੍ਰਭਾਵਿਤ ਕਰਦੀ ਹੈ। ਉਥੇ ਰਹਿੰਦਿਆਂ ਮੇਰੀ ਸੋਚ ਵੀ ਬੜੀ ਖਿਆਲੀ, ਹਵਾਈ ਜਿਹੀ ਹੋ ਗਈ ਸੀ। ਸਭ ਕੁਝ ਮੈਨੂੰ ਉਲ਼ਝਿਆ-ਉਲ਼ਝਿਆ ਲਗਦਾ। ਇੱਕ ਪਾਸੇ ਮੈਨੂੰ ਲਗਦਾ ਕਿ ਮੇਰੇ ਦਿਨ ਰਾਤ ਫੈਕਟਰੀ ‘ਚ ਹੀ ਲੰਘਦੇ ਹਨ ਤੇ ਦੂਜੇ ਪਾਸੇ ਫੈਕਟਰੀ ਤੋਂ ਬਾਹਰ ਆਕੇ ਮੈਂ ਇੰਝ ਮਹਿਸੂਸ ਕਰਦਾ ਕਿ ਆਪਣੀ ਸਾਰੀ ਅੱਚਵੀ ਮੈਂ ਇੱਥੇ ਹੀ ਛੱਡ ਚੱਲਾਂ ਹਾਂ। ਮੇਰਾ ਕੰਮ ਜਿਸਨੂੰ ਮੈਂ ਸਿਰਫ ਕੰਪਨੀ ਦੇ ਅੰਦਰ ਤੱਕ ਸੀਮਤ ਰੱਖਣਾ ਚਾਹੁੰਦਾ ਸੀ ਕਿਸੇ ਵੀ ਵਕਤ ਮੇਰਾ ਖਹਿੜਾ ਨਾ ਛੱਡਦਾ। ਕੰਮ ਦੀ ਚਿੰਤਾ ਵਿੱਚ ਡੁੱਬਿਆ ਹੋਣ ‘ਤੇ ਵੀ ਮੈਂ ਫੈਕਟਰੀ ਅੰਦਰਲੀ ਤੇ ਬਾਹਰਲੀ ਜ਼ਿੰਦਗੀ ਨੂੰ ਵੱਖਰਾ ਵੱਖਰਾ ਕਰਨ ਦੀ ਕੋਸ਼ਿਸ਼ ਕਰਦਾ ਪਰ ਵਿਅਰਥ। ਮੈਂ ਬੇਵਜਾ ਆਪਣੀ ਨਿਰਾਸ਼ਾ, ਉਦਾਸੀ ਵਿੱਚੋਂ ਨਿੱਕਲਣ ਲਈ ਅਜੀਬ ਅਜੀਬ ਖਿਆਲ ਸੋਚਦਾ ਰਹਿੰਦਾ। ਉਦਾਹਰਨ ਵਜੋਂ ਮੈਂ ਫੈਕਟਰੀ ਵਿੱਚ ਰਹਿੰਦੇ ਸਾਰੇ ਲੋਕਾਂ ਦੇ 3 ਵੱਡੇ ਵਰਗ ਬਣਾ ਲਏ – ਮਜ਼ਦੂਰ, ਮੈਂ ਤੇ ਉੱਚ-ਮੈਨੇਜਮੈਂਟ। ਕਦੇ ਮੈਨੂੰ ਲਗਦਾ ਕਿ ‘ਪੱਕੇ ਮਜ਼ਦੂਰਾਂ ਦੀ ਜ਼ਿੰਦਗੀ ਮੇਰੇ ਨਾਲ਼ੋਂ ਬਿਹਤਰ ਹੈ। ਇਹ 8 ਘੰਟੇ ਤੋਂ ਵੀ ਘੱਟ ਕੰਮ ਕਰਦੇ ਹਨ, ਕੰਮ ਵਿੱਚ ਰੁੱਝੇ ਰਹਿੰਦੇ ਹਨ। ਫੇਰ ਮੈਨੂੰ ਉਹਨਾਂ ਦਾ ਸੱਭਿਆਚਾਰਕ ਪੱਧਰ ਵੇਖ ਕੇ ਤੇ ਇਹ ਸੋਚ ਕੇ ਕਿ ‘ਸਾਰੀ ਉਮਰ ਇੱਕੋ ਕੰਮ ਕੋਈ ਕਿੱਦਾ ਕਰ ਸਕਦਾ ਹੈ’ ਇਸ ਵਰਗ ਨਾਲ਼ ਨਫਰਤ ਹੋ ਜਾਂਦੀ ਤੇ ਮੈਂ ਸੋਚਦਾ ਕਿ ਮੇਰੇ ਬੌਸ ਤੇ ਬੌਸ ਦੇ ਬੌਸ (ਉਚ ਮੈਨੇਜਮੈਟ) ਦੀ ਜ਼ਿੰਦਗੀ ਕਿੰਨੀ ਵਧੀਆ ਹੈ। ਫੇਰ ਮੈਨੂੰ ਉਹਨਾਂ ਦੇ ਭਿਅੰਕਰ ਮਾਨਸਿਕ ਸਰੀਰਕ ਰੋਗ ਵੇਖ ਕੇ ਹੋਰ ਵੀ ਘਬਰਾ ਜਾਂਦਾ ਤੇ ਕੁਝ ਸਾਲ ਔਖੇ ਸੌਖੇ ਕੱਟ ਕੇ “ਤਰੱਕੀ” ਦਾ ਖਿਆਲ ਵੀ ਛੱਡ ਦਿੰਦਾ, ਆਪਣੇ ਵਰਗ ਵਾਲ਼ਿਆਂ ਨੂੰ ਤਾਂ ਮੈਂ ਕਰੀਬ ਤੋਂ ਵੇਖਦਾ ਸੀ। ਉਹਨਾਂ ਦੇ ਰੋਗ ਤੇ ਸੱਭਿਆਚਾਰ ਤਾਂ ਮੈਂ ਗ੍ਰਹਿਣ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਉਲ਼ਝਨ ਨੂੰ ਮੈਂ ਇੱਕ ਹੋਰ ਪੱਧਰ ‘ਤੇ ਲੈ ਜਾਂਦਾ ਤੇ ਆਪਣੇ ਅਤੀਤ, ਵਰਤਮਾਨ ਤੇ ਭਵਿੱਖ ਬਾਰੇ ਸੋਚੀ ਜਾਂਦਾ।

ਇਹ ਬੇਵਜ•ਾ ਸੋਚੀ ਜਾਣਾ ਕਈ ਵਾਰੀ ਮੈਨੂੰ ਹੋਰ ਨਿਰਾਸ਼ਾ ਵਿੱਚ ਸੁੱਟ ਦੇਂਦਾ। ਇੱਕ ਵਾਰ 2 ਛੁੱਟੀਆਂ ਇੱਕਠੀਆਂ ਆਈਆਂ ਤਾਂ ਮੈਂ ਤੇ ਮੇਰੇ ਦੋ ਦੋਸਤ ਅਜੰਤਾ-ਅਲੋਰਾ ਦੀਆਂ ਗੁਫਾਵਾਂ ਵੇਖਣ ਗਏ। ਗੁਫਾਵਾ ਦੇ ਵਿਸ਼ਾਲ ਕਠੋਰ ਪੱਥਰਾਂ ਵਿੱਚ ਬਣੀਆਂ ਹਜ਼ਾਰਾਂ ਸਾਲ ਪੁਰਾਣੀਆਂ ਬੁੱਧ ਦੀਆਂ ਮੂਰਤੀਆਂ ਵੇਖ ਕੇ ਮੈਂ ਸੋਚਾਂ ਕਿ ਮੈਂ ਵੀ ਇੱਥੇ ਹੀ ਰਹਿਣ ਲੱਗ ਪਵਾਂ? “ਸਾਰੇ ਲੋਕ ਫੈਕਟਰੀਆਂ ਵਿੱਚ ਥੋੜਾ ਕੰਮ ਕਰਦੇ ਨੇ”, “ਇਹ ਫੈਕਟਰੀਆਂ ਹੀ ਅੱਜ ਦੀ ਹਰ ਸਮੱਸਿਆ ਦੀ ਜੜ ਹਨ”, “ਪੁਰਾਣਾ ਸਮਾਂ ਕਿੰਨਾ ਵਧੀਆ ਸੀ ਲੋਕ ਬੈਠ ਕੇ ‘ਧਿਆਨ’ ਲਾਉਂਦੇ ਸਨ ਤੇ ਨਿਰਵਾਣ ਤਕ ਪਹੁੰਚ ਜਾਂਦੇ ਸਨ”। ਫੇਰ ਉੱਥੇ ਦੇ ਪੱਥਰਾਂ ਦੀ ਬੇਜਾਨ ਠੰਡੀ ਸਥਿਰਤਾ ਮੈਨੂੰ ਡਰਾਵਣੀ ਲੱਗੀ ਤੇ ਮੈਂ ਇਹ ਖਿਆਲ ਛੱਡ ਦਿੱਤਾ ਤੇ ਇੱਕ ਬੇਚੈਨ ਉਲਝੇ ਮਨ ਨਾਲ਼ ਵਾਪਸ ਆਉਣ ਲਈ ਤੁਰ ਪਿਆ। ਅਜੰਤਾ-ਏਲੋਰਾ ਦੇ ਆਸਪਾਸ ਦਾ ਇਲਾਕਾ ਕਿਤੇ ਕਿਤੇ ਬੜਾ ਸੁਹਣਾ ਹੋ ਜਾਂਦਾ ਸੀ, ਤੇ ਮੈਂ ਸੋਚਿਆ ਕਿ ਅੰਦਰ ਬਾਰੇ ਛੱਡ ਕੇ ਬਾਹਰ ਬਾਰੇ ਸੋਚਾਂ। ਫੇਰ ਇੱਕ ਨਹਿਰ ਆਈ ਤੇ ਉਸ ਉੱਤੇ ਝੁਕਿਆ ਇੱਕ ਬੜਾ ਸੁਹਣਾ ਰੁੱਖ। ਮੈਂ ਸੋਚਿਆ ਕਿੰਨਾ ਸੁਹਣਾ ਰੁੱਖ ਹੈ। ਥੱਲੇ ਨਹਿਰ ਵੱਲੋ, ਕੰਢੇ ‘ਤੇ ਪੈਰ ਗੈਬੀ ਤਰੀਕੇ ਨਾਲ਼ ਫਿਕਸ ਕਰ ਕੇ, ਵਗਦੇ ਪਾਣੀ ਉੱਤੋਂ, ਜੇ ਫੋਨ ਵਿੱਚ ਸਿਰਫ ਰੁੱਖ ਦੀ ਤੇ ਅਸਮਾਨ ਦੀ ਫੋਟੋ ਖਿਚੀ ਜਾਵੇ ਤਾਂ ਕਿੰਨੀ ਸੁਹਣੀ ਆਵੇ। ਆਪਣੇ ਖਿਆਲ ਤੇ ਖੁਸ਼ ਹੁੰਦੇ ਹੋਏ ਮੇਰੇ ਮਨ ਵਿੱਚ ਆਇਆ ਕਿ ਕਿਉਂ ਨ ਮੈਂ ਗੈਬੀ ਤਾਕਤ ਖਤਮ ਕਰ ਕੇ, ਪੈਰ ਕਢ ਕੇ ਪਾਣੀ ਵਿੱਚ ਹੀ ਡੁੱਬ ਜਾਵਾਂ… ਕੀ ਫਰਕ ਪੈਂਦਾ ਹੈ?…

ਇਹ ਕਿਸੇ ਨੂੰ ਮੇਰਾ ਬਿਲਕੁਲ ਨਿੱਜੀ ਅਨੁਭਵ ਲਗ ਸਕਦਾ ਹੈ ਪਰ ਮੈਂ ਕਾਰਪੋਰੇਟ ਵਿੱਚ ਕੰਮ ਕਰਦੇ ਆਪਣੇ ਜਿਸ ਵੀ ‘ਮਨੁੱਖਨੁਮਾ’ ਦੋਸਤ ਨਾਲ਼ ਗੱਲ ਕਰਦਾ ਉਸਦਾ ਇਹੋ ਕਹਿਣਾ ਸੀ ਕਿ ਇਹ ਮਨੁੱਖਨੁਮਾ ਨਹੀਂ। ਸਾਰੇ ਕਾਰਪੋਰੇਟ ਨਾਵਾਂ ਦੇ ਫਰਕ ਬਿਨਾ ਇੱਕੋ ਜਿਹੇ ਹਨ। ਇਹ ਵਖਰੀਆਂ ਵਖਰੀਆਂ ਕੰਪਨੀਆਂ ‘ਕਾਰਪੋਰੇਟ ਗਣਰਾਜ’ ਦੇ ਛੋਟੇ ਵੱਡੇ ਸੂਬੇ ਹੋ ਸਕਦੇ ਹਨ ਪਰ ਇਹਨਾਂ ਵਿੱਚ ਵੱਸਦੇ ਲੋਕ ਇੱਕੋ ਜਿਹੇ ਬਣ ਜਾਂਦੇ ਹਨ। ਇਹਨਾ ਦੀਆਂ ਮੀਟਿੰਗਾ ਵਿੱਚ ਵਰਤੇ ਜਾਂਦੇ ਇੱਕ ਅਦਿਖ ਕਿਤਾਬ ਦੇ ਸ਼ਬਦ – ਗ੍ਰੋਥ (ਵਾਧਾ); ਸਕਸੈਸ (ਸਫਲਤਾ); ਟਾਰਗੇਟ (ਨਿਸ਼ਾਨਾ); ਟਰਨਓਵਰ (ਵਿਕਰੀ); ਪ੍ਰਾਫਿਟ (ਮੁਨਾਫਾ) ਸਭ ਇੱਕੋ ਅਰਥ ਰੱਖਦੇ ਹਨ ਤੇ ਇੱਕੋ ਭਾਸ਼ਾ ਦੇ ਹਨ। “ਆਉਟ ਆਫ਼ ਬਾਕਸ” ਸੋਚੋ, ਉਹ ਕਹਿਣਗੇ, ਪਰ ਬਾਕਸ ਦਾ ਸਾਇਜ਼ ਵੀ ਉਹ ਖੁਦ ਤੈਅ ਕਰ ਦਿੰਦੇ ਨੇ ਕਿ ਬਸ ਇੰਨਾ ਵੀ “ਆਉਟ ਆਫ਼ ਬਾਕਸ” ਨਾ ਜਾਉ। “ਕ੍ਰੀਏਟਿਵ ਬਣੋ” ਪਰ ਉਹਨਾਂ ਦੇ ਦਾਇਰੇ ‘ਚ ਤੇ ਇਸ ਤਰਾਂ ਦੀ ਰਚਨਾਤਮਕਤਾ ਹੀ ਦਿਖਾਉ ਜਿਸ ਨਾਲ਼ ‘ਕੰਪਨੀ’ ਨੂੰ ਫਾਇਦਾ ਹੋਵੇ ਬਸ। “ਭ੍ਰਿਸ਼ਟਾਚਾਰ ਖਿਲਾਫ਼ ਜੰਗ” ਨੂੰ ਫੰਡ ਕਰਦੀਆਂ ਇਹ ਕੰਪਨੀਆਂ ਭ੍ਰਿਸ਼ਟਾਚਾਰ ਦੀ ਉਚਤਮ ਮਿਸਾਲ ਹਨ। ਆਪਣੇ ਕਾਮਿਆਂ ਨੂੰ ਈਮਾਨਦਾਰੀ ਦੇ ਪਾਠ ਸਿਖਾ ਕੇ ਖੁਦ ਹੱਦ ਦਰਜੇ ਦਾ ਭ੍ਰਿਸ਼ਟਾਚਾਰ ਕਰਦੀਆਂ ਹਨ। ਇੱਕ ਸਾਲ ਦੇ ਵਿੱਚ ਕਈ ਮਿਸਾਲਾ ਮੈਂ ਆਪ ਵੇਖੀਆਂ ਹਨ।

ਸ਼ਾਇਦ ਮਨੁੱਖ ਦੇ ਅੰਦਰ ਕਿਤੇ ਇੱਕ ਮਨੁੱਖੀ ਚੀਜ਼ ਹਮੇਸ਼ਾ ਉਸਨੂੰ ਇਹ ਦੱਸਦੀ ਰਹਿੰਦੀ ਹੈ ਕਿ ਤੂੰ ਮਨੁੱਖ ਹੈਂ। ਇਸੇ ਤਰਾਂ ਉਹ ਸਭ ਨੂੰ ਦੱਸਦੀ ਹੋਵੇਗੀ ਕਿ ਤੂੰ ਮਸ਼ੀਨੀ ਅਕਾਊ ਜ਼ਿੰਦਗੀ ਜਿਉਂ ਲੱਗ ਪਿਆ ਹੈਂ, ਇਸੇ ਤਰਾਂ ਉਹ ਕ੍ਰਮ ਨੂੰ ਤੋੜ ਕੇ ਉਸਨੂੰ ਕੁਝ ਵੱਖਰਾ ਤੇ ਮਨੋਰੰਜਨ ਕਰਨ ਲਈ ਕਹਿੰਦੀ ਹੋਏਗੀ। ਇਸ ਤਰਾਂ ਇੱਕਸਾਰ ਜ਼ਿੰਦਗੀ ਤੋਂ ਅੱਕੇ ਹੋਏ ਲੋਕ ਇੱਕਸਾਰ ਮਨੋਰੰਜਨ ਦਾ ਆਵਿਸ਼ਕਾਰ ਕਰਦੇ ਹਨ। ‘ਵੀਕੈਂਡ-ਆਊਟਿੰਗ’ ਯਾਨੀ ਹਫਤੇ ਬਾਅਦ ਸ਼ਹਿਰ ਤੋਂ ਥੋੜਾ ਬਾਹਰ ਜਾਣਾ। ਫਿਲਮ ਵੇਖ ਲੈਣੀ, ਚੇਤਨ ਭਗਤ ਦੀ ਜਾਂ ਕੋਈ ‘ਮੋਟੀਵੇਸ਼ਨਲ’ ਕਿਤਾਬ ਪੜ ਲੈਣੀ ਮੇਰੇ ਬਹੁਤੇ ਸਾਥੀਆਂ ਦੇ ਮਨਪਸੰਦ ਮਨੋਰੰਜਨ ਸਨ। ਸ਼ਹਿਰ ਤੋਂ ਬਾਹਰ ਮੈਂ ਵੀ ਜਾਂਦਾ ਸੀ, ਤੀਜੀ ਵਾਰ ਜਾਣ ਵੇਲ਼ੇ ਮੈਨੂੰ ਇਹ ਵੀ ਫੈਕਟਰੀ ਵਾਲੇ ਰੂਟੀਨ ਦਾ ਹੀ ਹਿੱਸਾ ਲੱਗਿਆ ਤਾਂ ਮੈਂ ਛੱਡ ਦਿੱਤਾ।

ਇੱਕ ਸਾਲ ਬਾਅਦ ਕਨੂੰਨੀ ਮੰਗ ਕਰਨ ‘ਤੇ ਮੇਰੀ ਟ੍ਰੇਨਿੰਗ ਖਤਮ ਕਰ ਕੇ ਮੈਨੂੰ ‘ਐਗਜ਼ੀਕਿਉਟਿਵ ਇੰਜੀਨਿਅਰ’ ਬਣਾ ਦਿੱਤਾ ਗਿਆ ਪਰ ਕੰਮ ਉਹੋ ਪਰਚੀ ‘ਤੇ ਲਿਖ ਕੇ ਦੇਣ ਵਾਲ਼ਾ। ਪਹਿਲਾਂ ਤਾਂ ਮੈਨੂੰ ਇਹ ਹੌਂਸਲਾ ਹੁੰਦਾ ਸੀ ਕਿ ਚਲੋ ਟ੍ਰੇਨਿੰਗ ਸਾਲ ਦੀ ਹੈ ਸਾਲ ਲੰਘ ਜਾਵੇਗਾ, ਪਰ ਹੁਣ ਤਾ ਕੋਈ ਮਿਆਦ ਹੀ ਨਹੀਂ ਸੀ। ‘ਕੰਪਨੀ ਦਾ ਪੱਕਾ ਆਦਮੀ’ ਬਣਨ ਤੋਂ ਹਫਤੇ ਬਾਅਦ ਹੀ ਮੈਂ ਅਸਤੀਫਾ ਦੇ ਦਿੱਤਾ। ਮੇਰੇ ਬੌਸ ਨੇ ਮੈਨੂੰ ਕਈ ਡਰ, ਲਾਲਚ ਦਿੱਤੇ ਕਿ ਮੈਂ ਨਾ ਜਾਵਾਂ ਕਿਉਂਕਿ ਇੱਕ ਤਾਂ ਨਵਾਂ ਇੰਜੀਨਿਅਰ ਲੱਭਣ ‘ਚ ਉਸਦੀ ਵੀ ਸਿਰਦਰਦੀ ਵਧਣੀ ਸੀ, ਦੂਜਾ ਕੰਪਨੀ ਦੀ ਮੇਰੇ ਤੇ ‘ਇਨਵੈਸਟਮੈਂਟ’ (ਬੌਸ ਦੇ ਸ਼ਬਦਾਂ ‘ਚ) ਵੀ ‘ਵੇਸਟ’ ਜਾਣੀ ਸੀ। ਪਰ ਮੈਂ ਆਪਣਾ ਫੈਸਲਾ ਨਹੀ ਬਦਲਿਆ। ਮੈਂ ਉੱਥੇ ਹੋਰ ਰਹਿ ਹੀ ਨਹੀਂ ਸਕਦਾ ਸੀ, ਕਿਉਂਕਿ ਹੁਣ ਮੇਰੇ ਕੋਲ਼ ‘ਸਾਲ ਪੂਰਾ ਹੋਣ’ ਵਾਲ਼ੀ ਉਹ ਕਿਸ਼ਤੀ ਵੀ ਨਹੀ ਸੀ ਜਿਸ ਸਹਾਰੇ ਮੈਂ ਆਪਣੇ ‘ਪਹਾੜ ਜਿੱਡੇ’ ਦਿਨ ਕੱਟਦਾ। ਮੈਂ ਇੱਕ ਮਹੀਨੇ ਦਾ ਨੋਟਿਸ ਪੀਰੀਅਡ ਲਾ ਕੇ ਹਮੇਸ਼ਾ ਲਈ ਕੰਪਨੀ ਛੱਡ ਦਿੱਤੀ। ਮੈਨੂੰ ਨਹੀਂ ਸੀ ਪਤਾ ਕਿ ਅੱਗੇ ਮੈਂ ਕੀ ਕਰਾਂਗਾ, ਬੱਸ ਇੰਨਾ ਜ਼ਰੂਰ ਜਾਣਦਾ ਸੀ ਕਿ ਇਸ ਕਾਰਪੋਰੇਟਸਤਾਨ ਦੀ ਜ਼ਿੰਦਗੀ ਨੂੰ ਮੈਂ ਹੋਰ ਸਹਿ ਨਹੀਂ ਸਕਦਾ। ਹੈਰਾਨੀ ਦੀ ਗੱਲ ਕੇ ਆਖਰੀ ਦਿਨ ਕੰਪਨੀ ਦੇ ਕਈ ਲੋਕਾਂ ਨੂੰ ਮਿਲ਼ਦਿਆ-ਵਿੱਛੜਦਿਆਂ ਮੈਂ ਕੁਝ ਅਜਿਹਾ ਮਹਿਸੂਸ ਕੀਤਾ ਜਿਸ ਤਰਾਂ ਕਿ ਮੇਰੇ ਸੁੱਕ ਚੁੱਕੇ ਦਿੱਲ ਵਿੱਚ ਦੁਵਾਰਾ ਮਨੁੱਖੀ ਭਾਵਨਾਵਾ ਦਾ ਖੂਨ ਵਹਿ ਰਿਹਾ ਹੋਵੇ।

ਸਾਲ ਦੇ ਅੰਤ ਤੱਕ ਮੈਂ ਕੋਈ ਕਿਤਾਬ ਨਹੀਂ ਪੜੀ ਕਿਉਂਕਿ ਮੈਨੂੰ ਲਗਦਾ ਸੀ ਕਿ ਪਹਿਲਾਂ ਮੈਂ ਜੋ ਪੜਿਆਂ ਸਨ ਉਹਨਾਂ ਦਾ ਕੀ “ਫਾਇਦਾ” ਹੋਇਆ ਜੇ ਮੈਂ ਇਸ ਨਰਕਨੁਮਾ ਜ਼ਿੰਦਗੀ ਵਿੱਚ ਹੀ ਪਹੁੰਚਣਾ ਸੀ। ਸਭ ਕਿਤਾਬਾਂ ਮੈਨੂੰ ਝੂਠ ਵਿਅਰਥ ਲਗਦੀਆਂ ਸਨ। ਪਰ ਸਾਲ ਦੇ ਅੰਤ ਵਿੱਚ ਇੱਕ ਵਾਰ ਮੈਂ ਮੁੰਬਈ ਗਿਆ ਤਾਂ ਉੱਥੇ ਸੜਕ ਕਿਨਾਰੇ ਲੱਗੇ ਇੱਕ ਪੁਰਾਣੀਆਂ ਕਿਤਾਬਾਂ ਦੇ ਸਟਾਲ ਤੋਂ ਮੈਂ ‘ਖਾਲਿਦ ਹੁਸੈਨੀ’ ਦੀ ਇੱਕ ਕਿਤਾਬ ‘ਇੱਕ ਹਜ਼ਾਰ ਮਘਦੇ ਸੂਰਜ’ ਖਰੀਦ ਲਈ ਤੇ ਅਗਲੇ 15 ਦਿਨਾਂ ਵਿੱਚ ਪੜੀ। ਕਿਤਾਬ ਵਿੱਚ ਕੀਤੇ ਅਫਗਾਨੀ ਔਰਤਾਂ ਦੀ ਜ਼ਿੰਦਗੀ ਦੇ ਚਿਤਰਣ ਨੇ ਮੈਨੂੰ ਅਹਿਸਾਸ ਕਰਵਾਇਆ ਕਿ ਤਕਲੀਫਾਂ ਦੀ ਵੀ ਇੱਕ ਆਪਣੀ ਦਰਜੇਬੰਦੀ ਹੈ, ਉਹਨਾਂ ਔਰਤਾਂ ਦੇ ਦੁੱਖ ਤਕਲੀਫ਼ ਤੇ ਬੇਵਸੀ ਮੂਹਰੇ ਮੇਰੇ ਦੁੱਖ ਤਕਲੀਫ਼ ਤਾਂ ਜ਼ਿਕਰ ਕਰਨ ਲਾਇਕ ਵੀ ਨਹੀਂ। ਮੈਂ ਆਪਣੇ “ਦੁੱਖਾਂ ਦੇ ਨਸ਼ੇ” ‘ਚੋਂ ਬਾਹਰ ਆਇਆ ਤੇ ਕੁਝ ਆਜ਼ਾਦਾਨਾ ਤੌਰ ‘ਤੇ ਸੋਚਣ ਦੇ ਕਾਬਿਲ ਹੋਇਆ। ਹੁਣ ਇਸ ਤਰਾਂ ਦੇ ਖਿਆਲ ਮੇਰੇ ਦਿਮਾਗ ਵਿੱਚ ਆਉਂਦੇ ਕਿ “ਮਨੁੱਖ 8 ਘੰਟਿਆਂ ਨੂੰ ਹੀ ਪੂਰੀ ਸ਼ਿੱਦਤ ਨਾਲ਼ ਵਰਤੇ ਤਾਂ ਕਿੰਨਾ ਕੁਝ ਕਰ ਸਕਦਾ ਹੈ”, “ਦਿਨ ਵਿੱਚ ਕਿੰਨਾ ਕੁਝ ਹੋ ਸਕਦਾ ਹੈ”, “ਮੇਰਾ ਵਕਤ ਤੇ ਮੇਰੀ ਜ਼ਿੰਦਗੀ ਕਿੰਨੀ ਕੀਮਤੀ ਹੈ”, “ਮੈਂ ਕਿੰਨੇ ਪਸੰਦੀਦਾ ਰਚਨਾਤਮਕ ਕੰਮ ਵੀ ਕਰ ਸਕਦਾ।”

ਕਦੇ-ਕਦੇ ਮੈਂ ਸੋਚਦਾ ਹਾਂ ਕਿ ਪਹਿਲਾਂ ਪੜਿਆਂ ਕਿਤਾਬਾਂ ਦੀ ਬਦੌਲਤ ਹੀ ਸ਼ਾਇਦ ਮੈਨੂੰ ਇੰਨੀ ਤਕਲੀਫ਼ ਝੱਲਣੀ ਪਈ ਕਿਉਂਕਿ ਉਹਨਾਂ ਨੇ ਹੀ ਮੈਨੂੰ ਇੱਕ ਵੱਖਰੀ ਬਿਹਤਰ ਦੁਨੀਆਂ ਦਾ ਸੁਪਨਾ ਵਿਖਾਇਆ ਤੇ ਮੇਰੇ ਦਿਲ ਨੂੰ ਇੰਨੇ ਨਾਜ਼ੁਕ ਅਹਿਸਾਸ ਮਹਿਸੂਸ ਕਰਨ ਦੇ ਕਾਬਿਲ ਬਣਾਇਆ ਜਿਹੜੇ ਮੇਰੀ ਤਕਲੀਫ਼ ਦਾ ਕਾਰਨ ਬਣੇ। ਪਰ ਇੱਕ ਦੂਜੀ ਗੱਲ ਜੋ ਮੈਂ ਕਿਤਾਬਾਂ ਤੋਂ ਸਿੱਖੀ ਤੇ ਜ਼ਿੰਦਗੀ ਵਿੱਚ ਮਹਿਸੂਸ ਕੀਤੀ ਹੈ ਤੇ ਜੋ ਮੇਰੀ ਕਾਰਪੋਰੇਟ ਜ਼ਿੰਦਗੀ ਵਿੱਚ ਹਮੇਸ਼ਾ ਮੇਰੇ ਨਾਲ਼ ਰਹੀ ਉਹ ਇਹ ਕਿ —

“ਇਹ ਜੋ ਵੀ ਪ੍ਰਬੰਧ, ਇਹ ਜੋ ਵੀ ਕੁਝ ਹੋ ਰਿਹਾ ਹੈ ਇਹ ਸਭ ਗੈਰ-ਕੁਦਰਤੀ ਤੇ ਗੈਰ-ਮਨੁੱਖੀ ਹੈ। ਕਿ ਇਹ ਸਭ ਫੈਕਟਰੀਆਂ, ਮਸ਼ੀਨਾਂ ਤੇ ਉੱਥੇ ਬਣਦੀਆਂ ਚੀਜ਼ਾਂ ਸਭ ਮਨੁੱਖ ਨੇ ਹੀ ਬਣਾਈਆਂ ਹਨ ਤੇ ਇਹ ਸਭ ਉਸਦੇ ਸੁੱਖ-ਸਹੂਲਤਾਂ ਲਈ ਹਨ। ਇਹਨਾਂ ਦਾ ਪ੍ਰਬੰਧਨ, ਪੈਦਾਵਾਰ, ਵੰਡ ਵਰਤੋਂ ਸਭ ਮਨੁੱਖ ਹੀ ਕਰਦਾ ਹੈ ਤੇ ਮਨੁੱਖ ਲਈ ਹੈ। ਤੇ ਜੇ ਇਸ ਸਭ ਦੁੱਖ ਦੀ ਵਜਾ ਮਨੁੱਖ ਦਾ ਗੈਰ-ਕੁਦਰਤੀ ਪ੍ਰਬੰਧ ਹੈ ਤਾਂ ਮਨੁੱਖ ਇਸਨੂੰ ਖਤਮ ਕਰਕੇ ਇੱਕ ਅਜਿਹੀ ਦੁਨੀਆਂ ਵੀ ਬਣਾ ਸਕਦਾ ਹੈ ਜਿੱਥੇ ਉਹ ਕੁਦਰਤੀ ਤਰੀਕੇ ਨਾਲ਼ ਇੱਕ ਦੂਜੇ ਦੀ ਖੁਸ਼ੀ ‘ਚੋਂ ਖੁਸ਼ੀ ਲੱਭ ਕੇ ਖੁਸ਼ ਹੋ ਸਕੇ… ਜਿੱਥੇ ਉਹ ਮਨੁੱਖ ਦੀ ਮਹਾਨਤਾ, ਚੰਗਿਆਈ ਦੀ ਬੁਨਿਆਦ ਉੱਤੇ ਇੱਕ ਹਸੀਨ ਦੁਨੀਆਂ ਸਿਰਜ ਸਕਦਾ ਹੈ।”

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ

Advertisements