ਕਨੇਡਾ ਵਿੱਚ ਵੀ ਮਜ਼ਦੂਰ ਸੁਰੱਖਅਿਤ ਨਹੀਂ •ਰਣਬੀਰ

Canada-Fireworks-Warehouse-Explosion

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਜ਼ਦੂਰ ਦੁਨੀਆਂ ਵਿੱਚ ਕਿਤੇ ਵੀ ਸੁਰੱਖਅਿਤ ਨਹੀਂ ਹਨ। ਕਿਤੇ ਇਹ ਅਸੁਰੱਖਿਆ ਮੁਕਾਬਲਤਨ ਘੱਟ ਹੈ ਅਤੇ ਕਤੇ ਵੱਧ। ਪਰ ਮਜ਼ਦੂਰਾਂ ਨੂੰ ਸੰਸਾਰ ਦੇ ਕੋਨੇ-ਕੋਨੇ ਵਿੱਚ ਕੰਮ ਦੀਆਂ ਬੁਰੀਆਂ ਹਾਲਤਾਂ ਦਾ ਸਾਹਮਣਾ ਕਰਨਾ ਪੈ ਰਹਾ ਹੈ। ਆਮ ਭਾਰਤੀਆਂ, ਖਾਸਕਰ ਪੰਜਾਬੀਆਂ ਦੇ ਸੁਪਨਆਿਂ ਦੇ ਦੇਸ਼ ਕਨੇਡਾ ਵਿੱਚ ਵੀ ਇਹੋ ਹਾਲ ਹੈ।

ਮਜ਼ਦੂਰਾਂ ਲਈ ਮੁਆਵਜੇ ਸਬੰਧੀ ਕਨੇਡਾ ਦੀ ਸਰਕਾਰੀ ਸੰਸਥਾ ‘ਐਸੋਸੀਏਸ਼ਨ ਆਫ਼ ਵਰਕਰਜ਼ ਕੰਪਨਸੇਸ਼ਨ ਬੋਰਡਜ਼ ਆਫ਼ ਕਨਾਡਾ’ ਦੇ ਅੰਕੜਿਆਂ ਮੁਤਾਬਿਕ ਸੰਨ 2015 ਵਿੱਚ ਕੰਮ ਦੀਆਂ ਥਾਵਾਂ ‘ਤੇ ਹੋਏ ਹਾਦਸਿਆਂ ਵਿੱਚ 852 ਮਜ਼ਦੂਰਾਂ ਨੂੰ ਜਾਨ ਗਵਾਉਣੀ ਪਈ ਸੀ। ਇਹ ਅੰਕੜੇ ਤਾਂ ਸਿਰਫ਼ ਉਹਨਾਂ ਹਾਦਸਿਆਂ ਸਬੰਧੀ ਹਨ ਜਿਹਨਾਂ ਦੀ ਜਾਣਕਾਰੀ ਇਸ ਸਰਕਾਰੀ ਸੰਸਥਾ ਕੋਲ਼ ਪਹੁੰਚੀ ਹੈ ਤੇ ਇਹਨਾਂ ‘ਚੋਂ ਵੀ ਉਹਨਾਂ ਹਾਦਸਿਆਂ ਸਬੰਧੀ ਇਹ ਅੰਕੜੇ ਹਨ ਜਿਹਨਾਂ ਨੂੰ ਇਸ ਸਰਕਾਰੀ ਸੰਸਥਾਂ ਨੇ ਕੰਮ ਦੌਰਾਨ ਹਾਦਸਾ ਮੰਨਿਆ ਹੈ। ਅਸਲ ਵਿੱਚ ਇਸ ਤੋਂ ਕਿਤੇ ਵਧੇਰੇ ਮਜ਼ਦੂਰ ਕੰਮ ਦੌਰਾਨ ਮੌਤ ਦਾ ਸ਼ਿਕਾਰ ਹੋਏ ਹਨ। ਇਸ ਤੋਂ ਬਾਅਦ ਦੇ ਸਮੁੱਚੇ ਅੰਕੜੇ ਉਪਲੱਬਧ ਨਹੀਂ ਹਨ ਪਰ ਕੰਮ ਥਾਵਾਂ ‘ਤੇ ਹਾਦਸਿਆਂ ਦੌਰਾਨ ਮਜ਼ਦੂਰਾਂ ਦੇ ਮਾਰੇ ਜਾਣ ਦੀਆਂ ਖ਼ਬਰਾਂ ਨਿਯਮਿਤ ਆਉਂਦੀਆਂ ਰਹੀਆਂ ਹਨ। ਕੁੱਝ ਦਿਨ ਪਹਿਲਾਂ ਹੀ 18 ਜੁਲਾਈ ਨੂੰ ਟੋਰੋਂਟੋ ਦੇ ਇੱਕ ਕਾਰਖ਼ਾਨੇ ਵਿੱਚ ਮਸ਼ੀਨ ਵਿੱਚ ਫਸ ਜਾਣ ਕਾਰਨ ਇੱਕ ਮਜ਼ਦੂਰ ਦੀ ਮੌਤ ਹੋ ਗਈ ਹੈ। ਸੰਨ 2015 ਵਿੱਚ ਕਨੇਡਾ ਵਿੱਚ ਕੰਮ ਨਾਲ਼ ਸਬੰਧੀ ਹਾਦਸਿਆਂ ਜਾਂ ਬਿਮਾਰੀਆਂ ਦੀਆਂ 2,32,629 ਘਟਨਾਵਾਂ ਹੋਈਆਂ ਹਨ, ਜਿਹਨਾਂ ਵਿੱਚ ਮਜ਼ਦੂਰਾਂ ਨੂੰ ਖਾਸਾ ਨੁਕਸਾਨ ਝੱਲਣਾ ਪਿਆ ਹੈ। ਜਿਵੇਂ ਕਿ ਮੌਤਾਂ ਦੇ ਸਬੰਧ ਵਿੱਚ ਜਿਕਰ ਕੀਤਾ ਜਾ ਚੁੱਕਾ ਹੈ, ਇਹ ਅੰਕੜੇ ਵੀ ਪੂਰੀ ਸੱਚਾਈ ਪੇਸ਼ ਨਹੀਂ ਕਰਦੇ। ਪਰ ਇਹਨਾਂ ਅੰਕੜਿਆਂ ਨੂੰ ਵੇਖ ਕੇ ਇਹ ਅੰਦਾਜਾ ਤਾਂ ਲਗਾਇਆ ਹੀ ਜਾ ਸਕਦਾ ਹੈ ਕਿ ਕਨੇਡਾ ਵਿੱਚ ਕੰਮ ਦੌਰਾਨ ਮਜ਼ਦੂਰਾਂ ਨੂੰ ਕਿਸ ਪੱਧਰ ਦੀ ਅਸੁਰੱਖਿਆ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੇਸ਼ਾਗਤ ਸਿਹਤ ਅਤੇ ਸੁਰੱਖਿਆ ਸਬੰਧੀ ‘ਓ.ਐਚ.ਐਸ. ਕਨਾਡਾ’ ਨਾਂ ਦੀ ਇੱਕ ਮੈਗਜ਼ੀਨ ਵਿੱਚ ਮਾਰਚ 2015 ਵਿੱਚ ਇੱਕ ਰਿਪੋਰਟ ਛਪੀ ਸੀ ਜਿਸ ਵਿੱਚ ਬੇਹੱਦ ਚਿੰਤਾਜਨਕ ਅੰਕੜੇ ਪੇਸ਼ ਕੀਤੇ ਗਏ ਸਨ।।ਇਸ ਰਿਪੋਰਟ ਮੁਤਾਬਿਕ ਕਨੇਡਾ ਵਿੱਚ ਹਰ ਸਾਲ ਕੰਮ ਥਾਵਾਂ ਉੱਤੇ ਸਾਲਾਨਾ 40 ਹਜਾਰ ਮਜ਼ਦੂਰ ਤਿਲਕਣ ਕਾਰਨ ਸੱਟਾਂ ਦਾ ਸ਼ਿਕਾਰ ਹੁੰਦੇ ਹਨ। ਇਹਨਾਂ ਵਿੱਚੋਂ ਅਨੇਕਾਂ ਮੌਤ ਦੇ ਮੂੰਹ ਵਿੱਚ ਜਾ ਡਿੱਗਦੇ ਹਨ। ਇਹਨਾਂ ਹਾਦਸਿਆਂ ਕਾਰਨ ਮਜ਼ਦੂਰਾਂ ਨੂੰ ਸਰੀਰਕ ਅਤੇ ਆਰਥਿਕ ਨੁਕਸਾਨ ਝੱਲਣਾ ਪੈਂਦਾ ਹੈ। ਕਨੇਡਾ ਦੇ ਕਿਰਤ ਕਨੂੰਨਾਂ ਮੁਤਾਬਿਕ ਕੰਮ ਥਾਵਾਂ ਸੁਰੱਖਿਆ ਦੇ ਪ੍ਰਬੰਧ ਕਰਨੇ ਮਾਲਕਾਂ ਦੀ ਜਿੰਮੇਵਾਰੀ ਹੈ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹਨਾਂ ਲਈ ਸਜਾਵਾਂ ਤੈਅ ਕੀਤੀਆਂ ਗਈਆਂ ਹਨ। ਪਰ ਜਿਆਦਾਤਰ ਮਾਮਲਿਆਂ ਵਿੱਚ ਅਨੇਕਾਂ ਚੋਰ-ਮੋਰੀਆਂ ਰਾਹੀਂ ਮਾਲਕ ਬਚ ਨਿੱਕਲ਼ਦੇ ਹਨ।

ਉਪਰੋਕਤ ਮੈਗਜ਼ੀਨ ਦਾ ਕਹਿਣਾ ਹੈ ਕਿ ਮਜ਼ਦੂਰ ਤਿਲਕਣ ਕਾਰਨ ਹਾਦਸਿਆਂ ਦਾ ਸ਼ਿਕਾਰ ਇਸ ਕਰਕੇ ਨਹੀਂ ਹੁੰਦੇ ਕਿ ਉਹ ਲਾਹਪ੍ਰਵਾਹ ਹਨ ਸਗੋਂ ਇਸ ਲਈ ਹੁੰਦੇ ਹਨ ਕਿਉਂ ਕਿ ਕੰਮ ਥਾਵਾਂ ‘ਤੇ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਨਹੀਂ ਹਨ। ਜੇਕਰ ਫਰਸ਼, ਪੌੜੀਆਂ, ਪੈਦਲ-ਰਾਹ, ਟਰੱਕਾਂ-ਕਾਰਾਂ ਆਦਿ ਗੱਡੀਆਂ ਲਈ ਰਾਹ, ਆਦਿ ਠੀਕ ਤਰਾਂ ਬਣਾਏ ਜਾਣ, ਸਮੇਂ ਸਿਰ ਨਿਯਮਿਤ ਮੁਰੰਮਤ ਦਾ ਕੰਮ ਹੋਵੇ, ਹਾਦਸਿਆਂ ਦੇ ਕਾਰਨਾਂ ਬਾਰੇ ਅਤੇ ਇਹਨਾਂ ਨੂੰ ਦੂਰ ਕਰਨ ਬਾਰੇ ਗੰਭੀਰਤਾ ਨਾਲ਼ ਸੋਚਿਆ ਵਿਚਾਰਿਆ ਜਾਵੇ ਅਤੇ ਢੁੱਕਵੇਂ ਕਦਮ ਪੁੱਟੇ ਜਾਣ ਤਾਂ ਹਾਦਸਿਆਂ ਤੋਂ ਬਚਿਆ ਜਾ ਸਕਦਾ ਹੈ। ਮਜ਼ਦੂਰ ਤਾਂ ਹਾਦਸਿਆਂ ਤੋਂ ਬਚਣ ਦੀ ਪੂਰੀ ਕੋਸ਼ਿਸ਼ ਕਰਦੇ ਹਨ ਪਰ ਸਰਮਾਏਦਾਰਾਂ ਵੱਲੋਂ ਸੁਰੱਖਿਆ ਦੇ ਪ੍ਰਬੰਧ ਨਹੀਂ ਕੀਤੇ ਜਾਂਦੇ।

ਕਨੇਡਾ ਵਿੱਚ ਮਜ਼ਦੂਰਾਂ ਦੀ ਅਸੁਰੱਖਿਆ ਦਾ ਘੇਰਾ ਹੋਰ ਵੀ ਵੱਡਾ ਹੈ। ਉਦਾਹਰਣ ਦੇ ਤੌਰ ‘ਤੇ ਬਸ ਆਪਰੇਟਰਾਂ ਨੂੰ ਸਵਾਰੀਆਂ ਵੱਲੋਂ ਅਕਸਰ ਹਿੰਸਾ, ਉਹਨਾਂ ਉੱਤੇ ਥੁੱਕ-ਕੌਫੀ ਆਦਿ ਸੁੱਟੇ ਜਾਣ, ਗਾਲੀ-ਗਲੋਚ, ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਉੱਤੇ ਹਥਿਆਰਾਂ ਨਾਲ਼ ਹਮਲੇ ਕਰ ਦਿੱਤੇ ਜਾਂਦੇ ਹਨ। ਵਿਨੀਪੈੱਗ ਵਿੱਚ, 14 ਫਰਵਰੀ 2015 ਨੂੰ, ਸ਼ਿਫਟ ਦੇ ਅੰਤ ਵਿੱਚ ਇਰਵਾਈਨ ਫਰੇਸਰ ਨਾਂ ਦੇ ਇੱਕ ਅਪਰੇਟਰ ਨੇ ਬਸ ਵਿੱਚ ਸੁੱਤੇ ਪਏ ਵਿਅਕਤੀ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਉੱਤੇ ਚਾਕੂ ਨਾਲ਼  ਹਮਲਾ ਕਰ ਦਿੱਤਾ ਗਿਆ। ਫਰੇਸਰ ਦੀ ਇਸ ਕਾਰਨ ਥੋੜੇ ਸਮੇਂ ਬਾਅਦ ਹੀ ਮੌਤ ਹੋ ਗਈ। ਬਸ ਆਪਰੇਟਰ ਅਜਿਹੇ ਹਾਦਸਿਆਂ ਕਾਰਨ ਡਰ ਦੀ ਹਾਲਤ ਵਿੱਚ ਹਨ। ਮਾਲਕਾਂ ਵੱਲੋਂ ਉਹਨਾਂ ਦੀ ਸੁਰੱਖਿਆ ਲਈ ਕੋਈ ਕਦਮ ਚੁੱਕੇ ਜਾ ਰਹੇ ਹੋਣਗੇ ਇਸਦਾ ਅਪਰੇਟਰਾਂ ਨੂੰ ਕੋਈ ਯਕੀਨ ਨਹੀਂ ਹੈ।

ਕਨੇਡਾ ਵਿੱਚ ਸਰਮਾਏਦਾਰ ਮਜ਼ਦੂਰਾਂ ਤੋਂ ਕਿਸ ਪ੍ਰਕਾਰ ਕੰਮ ਲੈਣਾ ਚਾਹੁੰਦੇ ਹਨ ਇਹ ਇੱਕ ਦਿਲ-ਕੰਬਾਊ ਘਟਨਾ ਤੋਂ ਸਮਝਿਆ ਜਾ ਸਕਦਾ ਹੈ। ਇੱਕ ਔਰਤ ਕਾਰ-ਡਰਾਈਵਰ ਨੂੰ ਜਨੇਪੇ ਲਈ ਹਸਪਤਾਲ ਵਿੱਚ ਦਾਖਲ ਹੋਣ ਤੋਂ ਐਨ ਪਹਿਲਾਂ ਸਵਾਰੀ ਨੂੰ ਉਸਦੀ ਮੰਜ਼ਲ ਤੱਕ ਪਹੁੰਚਾਉਣਾ ਪਿਆ ਸੀ। ‘ਲਿਫ਼ਟ’ ਨਾਂ ਦੀ ਰਾਈਡ-ਸ਼ੇਅਰ ਕੰਪਨੀ ਨੇ ਆਪਣੀ ਇਸ ਡਰਾਈਵਰ ਦੀ ”ਬਹਾਦਰੀ”, ”ਕੰਮ ਭਾਵਨਾ” ਦੀ ਪ੍ਰਸ਼ੰਸਾ ਦੇ ਪੁਲ਼ ਬੰਨਣ ਵਿੱਚ ਕੋਈ ਕਸਰ ਨਹੀਂ ਛੱਡੀ। ਪਰ ਇਹ ਕੋਈ ਬਹਾਦਰੀ ਜਾਂ ਕੰਮ-ਭਾਵਨਾ ਨਹੀਂ ਸੀ। ਇਹ ਉਸਦੀ ਮਜ਼ਬੂਰੀ ਸੀ, ਆਪਣੀ ਨੌਕਰੀ ਬਚਾਉਣ ਦੀ ਮਜ਼ਬੂਰੀ। ਆਪਣਾ ਗੁਜਾਰਾ ਚਲਾਉਣ ਦੀ ਮਜ਼ਬੂਰੀ,।ਆਪਣੇ ਆਉਣ ਵਾਲੇ ਬੱਚੇ ਦਾ ਢਿੱਡ ਭਰਨ ਦੀ ਮਜ਼ਬੂਰੀ। ਉਸਦੀ ਇਸ ਮਜ਼ਬੂਰੀ ਕਾਰਨ ਉਸਨੂੰ ਜਾਂ ਉਸਦੇ ਬੱਚੇ ਨੂੰ ਕੋਈ ਨੁਕਸਾਨ ਹੋ ਜਾਂਦਾ ਇਸਦੀ ਕੰਪਨੀ ਨੂੰ ਕੋਈ ਪਰਵਾਹ ਨਹੀਂ ਹੈ। ਉਸਨੂੰ ਤਾਂ ਬੱਸ ”ਕੰਮ-ਭਾਵਨਾ” ਤੋਂ ਮਤਲਬ ਹੈ, ਭਾਵ ਮਜ਼ਦੂਰ ਕਿਵੇਂ ਵੀ, ਕੋਈ ਵੀ ਮੁਸੀਬਤ, ਤਕਲੀਫ ਝੱਲ ਕੇ, ਜ਼ਿੰਦਗੀ ਨੂੰ ਦਾਅ ‘ਤੇ ਲਾ ਕੇ, ਸੱਟਾਂ ਖਾ ਕੇ, ਬਸ ਮੁਨਾਫ਼ਾ ਪੈਦਾ ਕਰਦੇ ਰਹਿਣ, ਬਸ ਮੁਨਾਫ਼ਾ ਪੈਦਾ ਕਰਦੇ ਰਹਿਣ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 12, 1 ਅਗਸਤ 2017 ਵਿੱਚ ਪ੍ਰਕਾਸ਼ਿਤ

 

Advertisements