ਬੁਰੇ ਦਿਨਾਂ ਦੀ ਇੱਕ ਹੋਰ ਦਸਤਕ – ਬਜਰੰਗ ਦਲ ਦੇ ਹਥਿਆਰਾਂ ਦੇ ਸਿਖਲਾਈ ਕੈਂਪ •ਰਣਬੀਰ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਹਿੰਦੂਤਵੀ ਕੱਟੜਪੰਥੀ ਜੱਥੇਬੰਦੀ ਬਜਰੰਗ ਦਲ ਵੱਲੋਂ ਉੱਤਰ ਪ੍ਰਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ”ਸਵੈ-ਰੱਖਿਆ ਕੈਂਪ” ਲਾਏ ਜਾ ਰਹੇ ਹਨ। ਇਹ ਕੈਂਪ ਦਹਿਸ਼ਤਗਰਦਾਂ ਨਾਲ਼ ਲੜਨ ਦੀ ਸਿਖਲਾਈ ਦੇ ਨਾਂ ਹੇਠ ਲਾਏ ਜਾ ਰਹੇ  ਹਨ, ਪਰ ਅਸਲ ਮਕਸਦ ਵੱਡੇ ਪੱਧਰ ਉੱਤੇ ਦਹਿਸ਼ਤਗਰਦੀ ਨੂੰ ਅੰਜਾਮ ਦੇਣ ਦਾ ਹੈ। ਕੈਂਪ ਵਿੱਚ ਦਹਿਸ਼ਤਗਰਦਾਂ ਨੂੰ ਮੁਸਲਮਾਨਾਂ ਦੇ ਤੌਰ ‘ਤੇ ਪੇਸ਼ ਕੀਤਾ ਜਾ ਰਿਹਾ ਹੈ। ਆਰ.ਐਸ.ਐਸ. (ਜਿਸਦੀ ਬਜਰੰਗ ਦਲ ਇੱਕ ਉਪ-ਜੱਥੇਬੰਦੀ ਹੈ) ਹਮੇਸ਼ਾਂ ਤੋਂ ਸਭਨਾਂ ਮੁਸਲਮਾਨਾਂ ਨੂੰ ਦਹਿਸ਼ਤਗਰਦਾਂ ਦੇ ਰੂਪ ਵਿੱਚ ਪੇਸ਼ ਕਰਦੀ ਆਈ ਹੈ। ਮੁਸਲਮਾਨਾਂ ਖਿਲਾਫ਼ ਫਿਰਕੂ ਨਫ਼ਰਤ ਪੈਦਾ ਕਰਕੇ ਆਮ ਹਿੰਦੂ ਨੌਜਵਾਨਾਂ ਨੂੰ ਹਿੰਦੂਤਵੀ ਦਹਿਸ਼ਤਗਰਦੀ ਦੇ ਰਾਹ ਤੋਰਨਾ ਇਸਦਾ ਮਕਸਦ ਹੈ। ਬਜਰੰਗ ਦਲ ਦੇ ਇਸ ਕੈਂਪ ਵਿੱਚ ਨੌਜਵਾਨਾਂ ਨੂੰ ਅਸਲ ਵਿੱਚ ਮੁਸਲਮਾਨਾਂ ਦੇ ਕਤਲੇਆਮ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਮੁਸਲਮਾਨਾਂ ਖਿਲਾਫ਼ ਡੂੰਘੀ ਨਫ਼ਰਤ ਪੈਦਾ ਕਰਨਾ, ਉਨ੍ਹਾਂ ਦੇ ਬੇਕਿਰਕ ਕਤਲੇਆਮ ਲਈ ਮਾਨਸਿਕ ਤੌਰ ਉੱਤੇ ਤਿਆਰ ਕਰਨਾ, ਇਸ ਕਾਰੇ ਨੂੰ ਅੰਜਾਮ ਦੇਣ ਲਈ ਹਥਿਆਰਬੰਦ ਸਿਖਲਾਈ ਦੇਣਾ ਹੀ ਇਹਨਾਂ ਕੈਂਪਾਂ ਦਾ ਮਕਸਦ ਹੈ। ਇਹਨਾਂ ਕੈਂਪਾਂ ਵਿੱਚ ਤਲਵਾਰ, ਬੰਦੂਕ, ਚਾਕੂ, ਡਾਂਗਾ ਆਦਿ ਚਲਾਉਣ ਦੀ ਸਿਖਲਾਈ ਦਿੱਤੀ ਜਾ ਰਹੀ ਹੈ। ਹੁਣ ਤੱਕ ਅਯੋਧਿਆ, ਨੋਇਡਾ, ਸਿਧਾਰਥਨਗਰ ਆਦਿ ਥਾਵਾਂ ਉੱਤੇ ਅਜਿਹੇ ਕੈਂਪ ਲਗਾਏ ਜਾ ਚੁੱਕੇ ਹਨ। 

ਮੁਸਲਮਾਨਾਂ ਤੇ ਹੋਰ ਧਾਰਮਿਕ ਘੱਟਗਿਣਤੀਆਂ ਵਿੱਚ ਦਹਿਸ਼ਤ ਪੈਦਾ ਕਰ ਰਹੇ ਇਹਨਾਂ ਕੈਂਪਾਂ ਦੇ ਮਾਮਲੇ ਵਿੱਚ ਹੁਣ ਤੱਕ ਸਿਰਫ਼ ਇੱਕ ਗ੍ਰਿਫਤਾਰੀ ਹੋਈ ਹੈ। ਉੱਤਰ ਪ੍ਰਦੇਸ਼ ਦੀ ਅਖਿਲੇਸ਼ ਸਰਕਾਰ ਸਿਰਫ਼ ਦਿਖਾਵੇ ਲਈ ਵਿਰੋਧ ਕਰ ਰਹੀ ਹੈ। ਸੂਬੇ ਦੀ ਸੱਤਾਧਾਰੀ ਸਮਾਜਵਾਦੀ ਪਾਰਟੀ ਹਿੰਦੂਤਵੀ ਕੱਟੜਪੰਥੀਆਂ ਦੀਆਂ ਕਾਲ਼ੀਆਂ ਕਰਤੂਤਾਂ ਦਾ ਫਾਇਦਾ ਮੁਸਲਮਾਨਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਲੈਂਦੀ ਰਹੀ ਹੈ। ਇਸ ਮਾਮਲੇ ਵਿੱਚ ਵੀ ਇਹੋ ਹੋ ਰਿਹਾ ਹੈ, ਅਗਲੇ ਸਾਲ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਉਂ-ਜਿਉਂ ਚੋਣਾਂ ਨੇੜੇ ਢੁੱਕ ਰਹੀਆਂ ਹਨ ਤਿਉਂ-ਤਿਉਂ ਸੂਬੇ ਵਿੱਚ ਫਿਰਕੂ ਤਣਾਅ ਪੈਦਾ ਕਰਨ ਦੀਆਂ ਸਾਜਿਸ਼ਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ।

ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਉੱਤਰ ਪ੍ਰਦੇਸ਼ ਵਿੱਚ ਵੱਡੀਆਂ ਮੱਲਾਂ ਮਾਰੀਆਂ ਸਨ। ਸੂਬੇ ਦੀਆਂ 80 ਲੋਕ ਸਭਾ ਸੀਟਾਂ ਵਿੱਚ 71 ਉੱਤੇ ਭਾਜਪਾ ਕਾਬਜ਼ ਹੋਣ ‘ਚ ਸਫ਼ਲ ਹੋਈ ਸੀ। ਆਰ.ਐਸ.ਐਸ. ਵੱਲੋਂ ਸੂਬੇ ਵਿੱਚ ”ਲਵ ਜਿਹਾਦ”, ”ਗਊ ਹੱਤਿਆ”, ”ਧਰਮ ਬਦਲੀ” ਆਦਿ ਹਊਏ ਖੜੇ ਕਰਕੇ ਵੱਡੇ ਪੱਧਰ ਉੱਤੇ ਫਿਰਕੂ ਝਗੜਿਆਂ ਨੂੰ ਅੰਜਾਮ ਦਿੱਤਾ ਗਿਆ ਸੀ।  ”ਲਵ ਜਿਹਾਦ” ਬਹਾਨੇ ਮੁਜੱਫਰਨਗਰ ਵਿੱਚ ਮੁਸਲਮਾਨਾਂ ਦਾ ਕਤਲੇਆਮ ਕੀਤਾ ਗਿਆ ਸੀ। ਆਮ ਹਿੰਦੂ ਲੋਕਾਂ ਦੇ ਮਨਾਂ ਵਿੱਚ ਮੁਸਲਮਾਨਾਂ ਖਿਲਾਫ਼ ਫਿਰਕੂ ਨਫ਼ਰਤ ਦਾ ਜ਼ਹਿਰ ਘੋਲ਼ ਕੇ ਹੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਸੀ। ਵਿਧਾਨ ਸਭਾ ਚੋਣਾਂ ਵਿੱਚ ਵੀ ਇਸੇ ਢੰਗ ਨਾਲ਼ ਭਾਜਪਾ ਜੇਤੂ ਹੋਣਾ ਚਾਹੁੰਦੀ ਹੈ। ਬਜਰੰਗ ਦਲ ਦੇ ਬੈਨਰ ਹੇਠ ਲਾਏ ਜਾ ਰਹੇ ਕੈਂਪ ਆਰ.ਐਸ.ਐਸ. ਤੇ ਭਾਜਪਾ ਦੀ ਇਸੇ ਸਾਜਿਸ਼ ਦਾ ਹਿੱਸਾ ਹਨ।

ਅਸਲ ਵਿੱਚ ਨਾ ਤਾਂ ਸਾਰੇ ਮੁਸਲਮਾਨ ਹੀ ਦਹਿਸ਼ਤਗਰਦ ਹਨ ਅਤੇ ਨਾ ਹੀ ਸਾਰੇ ਦਹਿਸ਼ਤਗਰਦ ਮੁਸਲਮਾਨ ਹੀ ਹਨ। ਸਾਰੇ ਧਰਮਾਂ ਨਾਲ਼ ਸਬੰਧਤ ਦਹਿਸ਼ਤਗਰਦ ਲੋਕਾਂ ਦੇ ਦੁਸ਼ਮਣ ਹਨ। ਹਿੰਦੂਤਵੀ ਕੱਟੜਪੰਥੀ ਜੱਥੇਬੰਦੀ ਆਰ.ਐਸ.ਐਸ. ਦੁਨੀਆਂ ਦੀਆਂ ਸਭ ਤੋਂ ਖਤਰਨਾਕ ਦਹਿਸ਼ਤਗਰਦ ਜੱਥੇਬੰਦੀਆਂ ਵਿੱਚੋਂ ਇੱਕ ਹੈ। ਇਹ ਆਮ ਹਿੰਦੂਆਂ ਨੂੰ ਹੋਰ ਧਰਮਾਂ ਦੇ ਲੋਕਾਂ ਖਿਲਾਫ਼ (ਖਾਸਕਰ ਮੁਸਲਮਾਨਾਂ ਤੇ ਇਸਾਈਆਂ) ਭੜਕਾਉਂਦੀ ਹੈ। ਯੋਜਨਾਬੱਧ ਢੰਗ ਨਾਲ਼ ਘੱਟ ਗਿਣਤੀਆਂ ਦੇ ਕਤਲੇਆਮ ਕੀਤੇ ਜਾਂਦੇ ਹਨ। ਗੁਜਰਾਤ ਤੇ ਮੁਜੱਫਰਨਗਰ ਵਿੱਚ ਮੁਸਲਮਾਨਾਂ ਦੇ ਕਤਲੇਆਮ, ਸੰਨ ਚੁਰਾਸੀ ਦੇ ਸਿੱਖਾਂ ਦੇ ਕਤਲੇਆਮ ਵਿੱਚ ਇਸਦੀ ਸ਼ਮੂਲੀਅਤ, ਉੜੀਸਾ ‘ਚ ਇਸਾਈਆਂ ਦੇ ਕਤਲੇਆਮ ਇਸਦੀਆਂ ਕੁੱਝ ਉਦਾਹਰਣਾਂ ਹਨ। ਲੱਖਾਂ ਲੋਕ ਆਰ.ਐਸ.ਐਸ. ਅਤੇ ਇਸਦੀਆਂ ਉਪ-ਜੱਥੇਬੰਦੀਆਂ ਦੀ ਦਹਿਸ਼ਤਗਰਦੀ ਦਾ ਸ਼ਿਕਾਰ ਹੋ ਚੁੱਕੇ ਹਨ। ਪਰ ਇਸ ਦੀਆਂ ਕਾਰਵਾਈਆਂ ਉੱਤੇ ਕੋਈ ਪਾਬੰਦੀ ਨਹੀਂ ਹੈ। ਇਹ ਭਾਰਤੀ ਸਰਕਾਰ ਤੋਂ ਮਨਜੂਰਸ਼ੁਦਾ ਦਹਿਸ਼ਤਗਰਦ ਹੈ!! ਇਸਨੂੰ ਖੁੱਲ੍ਹੇਆਮ ਘੱਟਗਿਣਤੀਆਂ ਦੇ ਕਤਲੇਆਮ ਦੀ ਤਿਆਰੀ ਕਰਨ ਦੇ ਹੱਕ ਪ੍ਰਾਪਤ ਹੈ। ਹਥਿਆਰਾਂ ਦੀ ਸਿਖਲਾਈ ਦੇਣ ਦੀ ਪੂਰੀ ਖੁੱਲ੍ਹ ਹੈ। ਮਾਲੇਗਾਂਵ ਬੰਬ ਧਮਾਕਿਆਂ ਦੇ ਦੋਸ਼ੀ ਆਰ.ਐਸ.ਐਸ. ਦੇ ਮੈਂਬਰ ਸਾਧਵੀ ਪ੍ਰੱਗਿਆ ਆਦਿ ਇੱਕ-ਇੱਕ ਕਰਕੇ ਛੱਡੇ ਜਾ ਰਹੇ ਹਨ। ਗੁਜਰਾਤ ‘ਚ ਹਜ਼ਾਰਾਂ ਮੁਸਲਮਾਨਾਂ ਦੀ ਨਸਲਕੁਸ਼ੀ ਦੇ ਅਸਲ ਦੋਸ਼ੀ ਅਜ਼ਾਦ ਘੁੰਮ ਰਹੇ ਹਨ (ਇੱਕ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ‘ਤੇ ਬੈਠਾ ਹੈ!)। 

ਅੱਜ ਜਿਵੇਂ ਯੋਜਨਾਬੱਧ ਢੰਗ ਨਾਲ਼ ਹਿੰਦੂਤਵੀ ਕੱਟੜਪੰਥੀਆਂ ਵੱਲੋਂ ਖੁੱਲ੍ਹੇਆਮ ਦਹਿਸ਼ਤਗਰਦ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ ਉਸਤੋਂ ਇਹ ਅੰਦਾਜਾ ਲਾਉਣਾ ਮੁਸ਼ਕਿਲ ਨਹੀਂ ਹੈ ਕਿ ਆਉਣ ਵਾਲ਼ਾ ਸਮਾਂ ਕਿੰਨਾਂ ਭਿਆਨਕ ਹੈ। ਹਿੰਦੂਤਵੀ ਕੱਟੜਪੰਥੀ ਧਾਰਮਿਕ ਘੱਟਗਿਣਤੀਆਂ ਤੋਂ ਵੀ ਵੱਡੇ ਦੁਸ਼ਮਣ ਕਮਿਊਨਿਸਟਾਂ, ਜਨਤਕ ਜਮਹੂਰੀ ਕਾਰਕੁੰਨਾਂ, ਤਰਕਸ਼ੀਲਾਂ, ਧਰਮ ਨਿਰਪੱਖ ਲੋਕਾਂ ਆਦਿ ਨੂੰ ਮੰਨਦੇ ਹਨ। ਇਸ ਵਿੱਚ ਜ਼ਰ੍ਹਾ ਵੀ ਸ਼ੱਕ ਨਹੀਂ ਕਿ ਹਿੰਦੂਤਵੀ ਕੱਟੜਪੰਥੀ ਭਾਰਤ ਵਿੱਚ ਘੱਟਗਿਣਤੀਆਂ, ਕਮਿਊਨਿਸਟਾਂ, ਜਨਤਕ ਜਮਹੂਰੀ ਕਾਰਕੁੰਨਾਂ, ਤਰਕਸ਼ੀਲਾਂ, ਧਰਮ ਨਿਰਪੱਖ ਲੋਕਾਂ ਦੇ ਵੱਡੇ ਕਤਲੇਆਮ ਦੀ ਤਿਆਰੀ ਕਰ ਰਹੇ ਹਨ। ਪਰ ਸਵਾਲ ਇਹ ਹੈ ਕਿ ਅਸੀਂ ਇਸਦੇ ਟਾਕਰੇ ਦੀ ਕੀ ਤਿਆਰੀ ਕਰ ਰਹੇ ਹਾਂ?

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements