ਬੁੱਧ ਦੇ ਦਰਸ਼ਨ ਦਾ ਸਾਰ ਅਤੇ ਭਾਰਤੀ ਦਰਸ਼ਨ ਦੀ ਆਮ ਰੂਪ ਰੇਖਾ •ਡਾ.ਸੁਖਦੇਵ ਹੁੰਦਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਇਸ ਲੇਖ ਵਿੱਚ ਬੁੱਧ ਦਰਸ਼ਨ ਦੇ ਸਾਰ ਨੂੰ ਥੋੜਾ ਹੋਰ ਘੋਖਾਂਗੇ। ਕਿਉਂਕਿ ਇਸ ਸਬੰਧੀ ਬਹੁਤ ਸਾਰੀਆਂ ਗਲਤ ਫਹਿਮੀਆਂ ਹਨ। ਭਾਰਤੀ ਦਰਸ਼ਨ ਅਤੇ ਇਸਦੇ ਇਤਿਹਾਸ ਨੂੰ ਸਮਝਣ ਲਈ, ਬੁੱਧ ਨੂੰ ਸਮਝਣਾ ਜਰੂਰੀ ਹੈ । ਪਿਛਲੇ ਲੇਖਾਂ (ਜਨਵਰੀ 14 ਤੋਂ ਅਗਸਤ 14 ‘ਚ ਭਾਰਤੀ ਫਲਸਫੇ ‘ਤੇ ‘ਲਲਕਾਰ’ ‘ਚ ਛਪੇ ਲੜੀਵਾਰ ਲੇਖਾਂ) ਵਿੱਚ ਵੈਦਿਕ ਦਰਸ਼ਨ, ਉਪਨਿਸ਼ਦਾਂ ਬਾਰੇ ਅਤੇ ਇਸਦੀ ਪ੍ਰਤਿਕ੍ਰਿਆ ਵਜੋਂ ਸੁਤੰਤਰ ਚਿੰਤਕਾ ਦੀ ਚਰਚਾ ਕਰਦੇ ਹੋਏ ਬੁੱਧ ਦਰਸ਼ਨ ਦੇ ਪਲ ਪਲ ਬਦਲਣ ਦੇ ਸਿਧਾਂਤ ਦੇ ਸੰਦਰਭ ਵਿੱਚ, ਪੁਰਾਤਨ ਦਵੰਦਵਾਦ ਦੀ ਗੱਲ ਕਰ ਚੁੱਕੇ ਹਾਂ। ਭਾਰਤੀ ਦਰਸ਼ਨ  ਦੀ ਵਿਸ਼ੇਸ਼ਤਾ ਹੈ ਕਿ ਹਰੇਕ ਦਾਰਸ਼ਨਿਕ ਆਪਣੇ ਪੱਖ ਨੂੰ ਸਥਾਪਤ ਕਰਨ ਲਈ ਆਪਣਾ ਪ੍ਰਤੀਪੱਖ ਜਾਂ ਪੂਰਵ ਪੱਖ ਤੈਅ ਕਰਦਾ ਹੈ । ਆਪਣੇ ਪ੍ਰਤੀਪੱਖ ਦੀ ਵਿਆਖਿਆ ਅਤੇ ਖੰਡਨ ਕਰਦੇ ਹੋਏ ਆਪਣੀਆਂ ਧਾਰਨਾਵਾਂ ਅਤੇ ਪੱਖ ਨੂੰ ਸਥਾਪਤ ਕਰਦਾ ਹੈ। ਭਾਰਤੀ ਦਰਸ਼ਨ ਦੇ ਇਤਿਹਾਸ ਵਿੱਚ ਜਿਹੜੀ ਚੀਜ਼ ਮੁੱਢ ਤੋ ਮੌਜੂਦ ਹੈ ਉਹ ਹੈ ਪਦਾਰਥਵਾਦ ਅਤੇ ਵਿਚਾਰਵਾਦ ਵਿੱਚ ਵੰਡ। ਇੱਕ ਪਾਸੇ ਵਿਚਾਰਵਾਦੀ ਚਿੰਤਕ, ਪਦਾਰਥਵਾਦ ਨੂੰ ਆਪਣਾ ਪ੍ਰਤੀਪੱਖ ਮੰਨਦੇ ਹਨ ਅਤੇ ਦੂਜੇ ਪਾਸੇ ਵਿਚਾਰਵਾਦੀ ਪੁਜੀਸ਼ਨਾਂ ਨੂੰ ਆਪਣਾ ਪ੍ਰਤੀਪੱਖ ਮੰਨਦੇ ਹੋਏ ਇਹਨਾਂ ਧਾਰਨਾਵਾਂ ਦੀਆਂ ਧੱਜੀਆਂ ਉਡਾਉਣ ਵਾਲੀਆਂ ਦਾਰਸ਼ਨਿਕ ਧਾਰਨਾਵਾਂ ਨਿਸ਼ਚਿਤ ਰੂਪ ਵਿੱਚ ਇਸ ਦਾਰਸ਼ਨਿਕ ਦੰਗਲ ਵਿੱਚ ਪਦਾਰਥਵਾਦੀ ਖੇਮੇ ਵਿੱਚ ਆਪਣਾ ਨਾਂ ਦਰਜ਼ ਕਰਵਾਉਂਦੀਆਂ ਹਨ । ਸੱਚ ਦੇ ਸਾਰ ਤੱਕ ਪਹੁੰਚਣ ਲਈ, ਦਵੰਦਵਾਦੀ ਪਦਾਰਥਵਾਦੀ ਨਜਰੀਏ ਦੀ ਜਰੂਰਤ ਹੈ । ਉਸ ਪੁਰਾਤਨ ਦੌਰ ਦੇ ਹਾਲਾਤਾਂ ਅਤੇ ਸਮੇਂ ਦੀ ਧੂੜ ਦੀਆਂ ਕਈ ਪਰਤਾਂ ਹੇਠ, ਸੱਚ ਤਕ ਪਹੁੰਚਣ ਲਈ ਵਿਗਿਆਨਿਕ ਨਜ਼ਰੀਆ ਅਪਣਾਏ ਬਿਨਾਂ ਪਹੁੰਚਣਾ  ਅਸੰਭਵ ਹੈ। ਪਦਾਰਥਵਾਦ ਅਤੇ ਵਿਚਾਰਵਾਦ ਵਿਚਲੇ ਘੋਲ ਦੇ ਇੱਕ ਸਿਰੇ ‘ਤੇ ਠੋਸ ਪਦਾਰਥਵਾਦੀ ਪੈਂਤੜੇ ‘ਤੇ ਖੜਾ ਲੋਕਾਇਤ ਜਾਂ ਚਾਰਵਾਕ ਦਰਸ਼ਨ ਅਤੇ ਦੂਜੇ ਸਿਰੇ ‘ਤੇ ਉਪਨਿਸ਼ਦਾਂ ਦਾ ਵੇਦਾਂਤੀ ਦਰਸ਼ਨ ਜੋ ਅਗਲੇ ਦੌਰਾਂ ਵਿੱਚ ਸ਼ੰਕਰ ਦੇ ਅਦਵੈਤ ਵੇਦਾਂਤ ਦੇ ਰੂਪ ਵਿੱਚ ਆਪਣੇ ਸਿਖਰ ‘ਤੇ ਪਹੁੰਚਦਾ ਹੈ। ਬਾਕੀ ਦਰਸ਼ਨ ਭਾਰਤ ਦੀ ਗੁੰਝਲਦਾਰ ਸਮਾਜਕ ਰਾਜਨੀਤਕ ਸਥਿਤੀ ਮੁਤਾਬਕ ਇਹਨਾਂ ਦੋਹਾਂ ਸਿਰਿਆਂ ਦੇ ਵਿੱਚ-ਵਿਚਾਲੇ ਦੀਆਂ ਸਥਿਤੀਆਂ ਅਪਣਾਉਂਦੇ ਹੋਏ ਵੀ ਭਾਰਤੀ ਦਰਸ਼ਨ ਵਿੱਚ ਬੇਹੱਦ ਵਡਮੁੱਲਾ ਯੋਗਦਾਨ ਪਾਉਂਦੇ ਹਨ। ਸੰਸਾਰ ਦੇ ਹਾਲਾਤ ਅਤੇ ਹੋਰ ਹਿੱਸਿਆਂ ਵਿੱਚ ਹੋਣ ਵਾਲ਼ੀਆਂ ਦਾਰਸ਼ਨਿਕ ਸਰਗਰਮੀਆਂ ਦਾ ਵੀ ਭਾਰਤੀ ਦਰਸ਼ਨ ‘ਤੇ ਅਸਰ ਪੈਂਦਾ ਹੈ।

ਅਸਲ ਵਿੱਚ ਚੀਜਾਂ ਏਨੀਆਂ ਸਰਲ ਅਤੇ ਸਾਦੇ ਰੂਪ ਵਿੱਚ ਨਹੀਂ ਹੁੰਦੀਆਂ। ਹਰੇਕ ਦਾਰਸ਼ਨਿਕ ਧਾਰਾ ਦੇ ਅੰਦਰਲੇ ਸੱਚ ਤੱਕ ਪਹੁੰਚਣ ਲਈ ਗੰਭੀਰ ਬੌਧਿਕ ਕਸਰਤ ਦੀ ਲੋੜ ਪੈਂਦੀ ਹੈ। ਭਾਵੇਂ ਦਰਸ਼ਨ ਮਨੁੱਖ ਦੀ ਬੌਧਿਕ ਉਡਾਰੀ ਹੈ ਅਤੇ ਮਨੁੱਖੀ ਦਿਮਾਗ ਬਹੁਤ ਉੱਚੀ ਉਡਾਰੀ ਮਾਰ ਸਕਦਾ ਹੈ, ਫਿਰ ਵੀ ਜੀਵਨ ਦੀ ਯਥਾਰਥਕ ਹੋਂਦ ਇਸ ਉਡਾਰੀ ਨੂੰ ਸੀਮਿਤ ਕਰਦੀ ਹੈ। ਮਨੁੱਖ ਦੇ ਵਿਚਾਰ ਉਸਦੀ ਠੋਸ ਪਦਾਰਥਕ ਹੋਂਦ ਦਾ ਹੀ ਪ੍ਰਤੀਬਿੰਬ ਹੁੰਦੇ ਹਨ। ਠੋਸ ਪਦਾਰਥਕ ਹੋਂਦ ਕੀ ਹੈ? ਇਹ ਵੇਲ਼ੇ ਦੀਆਂ ਸਮਾਜਕ ਰਾਜਸੀ ਹਾਲਤਾਂ, ਪੈਦਾਵਾਰੀ ਵਿਧੀ, ਉਸ ਦੇ ਅਨੁਸਾਰੀ ਪੈਦਾਵਾਰੀ ਸ਼ਕਤੀਆਂ ਤੇ ਪੈਦਾਵਾਰੀ ਸਬੰਧਾ ਦਵਾਰਾ ਸਿਰਜੇ ਅਧਾਰ ਉੱਪਰ ਉਸਰਿਆ ਉਸਾਰ ਹੈ।  ਸਿਆਸੀ, ਧਰਮ ਸੱਭਿਆਚਾਰ, ਨੈਤਿਕਤਾ, ਕਲਾ, ਸਾਹਿਤ ਅਤੇ ਵਿਗਿਆਨ ਇਸੇ ਉਸਾਰ ਦਾ ਹੀ ਹਿੱਸਾ ਹੁੰਦੇ ਹਨ। ਸਾਨੂੰ ਸੱਚ ਦੀ ਖੋਜ ਲਈ ਚੀਜਾਂ ਨੂੰ ਇਸੇ ਗੁੰਝਲਤਾ ਵਿੱਚ ਹੀ ਵੇਖਣਾ ਤੇ ਸਮਝਣਾ ਹੋਵੇਗਾ। ਪਰ ਜੇ ਅਸੀਂ ਸਮਾਜਕ ਵਿਕਾਸ ਦੇ ਨਿਯਮਾਂ ਨੂੰ ਸਮਝ ਲਈਏ ਤਾਂ ਸਾਨੂੰ ਇਹਨਾਂ ਵਰਤਾਰਿਆਂ ਨੂੰ ਸਮਝਣ ਦੀ ਵਿਧੀ ਮਿਲ਼ ਜਾਂਦੀ ਹੈ। ਫਿਰ ਇਹ ਬੇਹੱਦ ਗੁੰਝਲ਼ਦਾਰ ਦਿਸਣ ਵਾਲ਼ੇ ਵਰਤਾਰੇ ਕੋਈ ਰਹੱਸ ਨਹੀਂ ਰਹਿ ਜਾਂਦੇ।  ਇਹ ਵਿਧੀ ਹੈ ਦਵੰਦਵਾਦੀ ਪਦਾਰਥਵਾਦ। ਦਵੰਦਵਾਦੀ ਪਦਾਰਥਵਾਦੀ ਨਜਰੀਏ ਤੋਂ ਇਤਿਹਾਸ ਦੀ ਖੋਜ ਨੂੰ, ਇਤਿਹਾਸਕ ਪਦਾਰਥਵਾਦ ਕਿਹਾ ਜਾਂਦਾ ਹੈ। ਦਵੰਦਵਾਦੀ ਵਿਧੀ ਦੇ ਮੁੱਖ ਨਿਯਮ ਹਨ –

1. ਹਰੇਕ ਵਰਤਾਰੇ ਦੇ ਅੰਦਰੂਨੀ ਅਤੇ ਬਾਹਰੀ ਅੰਤਰ ਸਬੰਧ ਹੁੰਦੇ ਹਨ।  ਆਪਣੇ ਆਪ ਵਿੱਚ ਨਿਖੇੜੇ ਦੀ ਹਾਲਤ ਵਿੱਚ ਕਿਸੇ ਵੀ ਵਰਤਾਰੇ ਦੀ ਹੋਂਦ ਸੰਭਵ ਨਹੀਂ। ਭਾਵੇਂ ਇਹ ਕੁਦਰਤੀ ਜਗਤ ਦੇ ਵਰਤਾਰੇ ਹੋਣ, ਸਮਾਜਕ ਵਰਤਾਰੇ ਹੋਣ ਜਾਂ ਚਿੰਤਨ ਦੇ ਖੇਤਰ ਵਿੱਚ ਹੋਣ।  

2. ਹਰੇਕ ਵਰਤਾਰਾ ਇਤਿਹਾਸਕ ਹੈ। ਸਗੋਂ ਹਰੇਕ ਵਰਤਾਰਾ ਗਤੀ ਵਿੱਚ ਹੈ।  ਗਤੀ ਤੋਂ ਰਹਿਤ ਕਿਸੇ ਵੀ ਵਰਤਾਰੇ ਦੀ ਹੋਂਦ ਸੰਭਵ ਨਹੀਂ।

3. ਹਰੇਕ  ਵਰਤਾਰੇ ਦੇ ਦੋ ਬੁਨਿਆਦੀ ਵਿਰੋਧ ਜਾਂ ਉਲਟ ਹਨ। ਉਲਟਾਂ ਵਿੱਚਲਾ ਸੰਘਰਸ਼ ਤੇ ਸੰਤੁਲਨ ਉਸ ਵਰਤਾਰੇ ਦੇ ਚਰਿੱਤਰ ਨੂੰ ਤੈਅ ਕਰਦਾ ਹੈ।

ਹੁਣ ਅਸੀਂ ਦਾਰਸ਼ਨਿਕ ਵਰਤਾਰਿਆਂ ਦੀ ਗੱਲ ਕਰਦੇ ਹਾਂ।  ਮੋਟੇ ਤੌਰ ‘ਤੇ ਗੱਲ ਕਰੀਏ ਤਾਂ ਵਿਚਾਰਵਾਦ ਅਤੇ ਪਦਾਰਥਵਾਦ ਵਿਚਲੇ ਫਰਕ ਨੂੰ ਜੇ ਕੋਲ਼ ਸ਼ਬਦਾਂ ਵਿੱਚ ਦੱਸਣਾ ਹੋਵੇ ਤਾਂ ਉਹ ਹੈ – ਸੰਸਾਰ ਦੀ ਹਕੀਕਤ ਬਾਰੇ ਉਹਨਾਂ ਦੇ ਵਿਚਾਰ।  ਵਿਚਾਰਵਾਦੀ ਐਲਾਨ ਕਰਦੇ ਹਨ ਕਿ ਨਜ਼ਰ ਆ ਰਿਹਾ ਸੰਸਾਰ ਅਸਲੀ ਨਹੀਂ ਹੈ।  ਆਪਣੇ ਪੈਂਤੜੇ ਨੂੰ ਮਜਬੂਤ ਕਰਦੇ ਹੋਏ ਉਹ ਪਦਾਰਥ ਦੀ ਧਾਰਨਾ ਦਾ ਹੀ ਖੰਡਣ ਕਰਦੇ ਹਨ।  ਦੂਜੇ ਪਾਸੇ ਜਿਹੜੇ ਦਰਸ਼ਨ ਪਦਾਰਥ ਦੀ ਧਾਰਨਾ ਦੀ ਰਾਖੀ ਕਰਦੇ ਹੋਏ ਸੰਸਾਰ ਦੀ ਅਸਲੀਅਤ ਨੂੰ ਮੰਨਦੇ ਹਨ ਉਹ ਪਦਾਰਥਵਾਦੀ ਦਰਸ਼ਨ ਦੇ ਖੇਮੇ ਵਿੱਚ ਆਉਂਦੇ ਹਨ।  ਸਾਂਖ, ਨਿਆਏ, ਵੈਸ਼ੇਸ਼ਕ, ਦਰਸ਼ਨ ਭਾਵੇਂ ਲੋਕਾਇਤ ਦਰਸ਼ਨ ਵਾਂਗ, ਸਪੱਸ਼ਟ ਪਦਾਰਥਵਾਦੀ ਪੈਂਤੜਾ ਨਹੀਂ ਅਪਣਾਉਂਦੇ, ਪਰ ਫਿਰ ਵੀ ਉਹ ਸੰਸਾਰ ਦੀ ਅਸਲੀਅਤ ਨੂੰ ਮੰਨਦੇ ਹਨ, ਇਸ ਲਈ ਵਿਚਾਰਵਾਦੀਆਂ ਦੇ ਪ੍ਰਤੀਪੱਖ ਦੀ ਪ੍ਰਤੀਨਿਧਤਾ ਕਰਦੇ ਹਨ।  ਸੰਸਾਰ ਦੀ ਅਸਲੀਅਤ ਨੂੰ ਮੰਨਣ ਵਾਲੇ ਦਰਸ਼ਨ ਭਾਰਤੀ ਦਰਸ਼ਨ ਦੇ ਇਤਿਹਾਸ ਵਿੱਚ ਵਿਚਾਰਵਾਦ ਦੇ ਵਿਰੁੱਧ ਸੰਘਰਸ਼ ਵਿੱਚ ਬਹੁਤ ਵੱਡਾ ਯੋਗਦਾਨ ਪਾਉਂਦੇ ਹਨ।  ਤਰਕ ਸ਼ਾਸਤਰ, ਸਿਹਤ ਵਿਗਿਆਨ, ਖਗੋਲ ਵਿਗਿਆਨ ਅਤੇ ਵਿਗਿਆਨ ਦੀਆਂ ਹੋਰ ਪ੍ਰਾਪਤੀਆਂ ਵਿੱਚ ਇਹਨਾਂ ਦੀ ਬਹੁਤ ਵੱਡੀ ਦੇਣ ਹੈ।

ਪਿਛਲੇ ਲੇਖ ਵਿੱਚ ਅਸੀਂ ਪੁਰਾਤਨ ਦਵੰਦਵਾਦ ਦੇ ਸਬੰਧ ਵਿੱਚ ਬੁੱਧ ਦਰਸ਼ਨ ਦੀ ਚਰਚਾ ਕਰ ਚੁਕੇ ਹਾਂ। ਸਾਡੇ ਇਤਿਹਾਸ ਦੀ ਇਹ ਵੀ ਇੱਕ ਦਿਲਚਸਪ ਸਥਿਤੀ ਹੈ ਕਿ ਜਿੱਥੇ ਇੱਕ ਪਾਸੇ ਬੁੱਧ ਦਰਸ਼ਨ ਦਵੰਦਵਾਦ ਵਰਗੇ ਮਹਾਨ ਸਿਧਾਂਤ ਦਾ ਜਨਮ ਦਾਤਾ ਹੈ ਉੱਥੇ ਦੂਜੇ ਪਾਸੇ, ਬਾਅਦ ਵਾਲੇ ਦੌਰ ਵਿੱਚ, ਭਾਰਤੀ ਵਿਚਾਰਵਾਦ ਦੇ ਬੇਹੱਦ ਵਿਕਸਿਤ ਸਿਧਾਂਤਾਂ ਦੀ ਸਿਰਜਣਾ ਦਾ ਸਿਹਰਾ ਵੀ ਬੁੱਧ ਦਰਸ਼ਨ ਸਿਰ ਹੀ ਬੱਝਦਾ ਹੈ। ਇਹ ਮਹਾਯਾਨ ਬੁੱਧ ਦਰਸ਼ਨ ਦਾ ਉਹ ਦੌਰ ਹੈ ਜਿਸਨੂੰ ਭਾਰਤੀ ਦਰਸ਼ਨ ਦਾ ਸਿਖਰ ਮੰਨਿਆ ਜਾਂਦਾ ਹੈ। ਮਹਾਯਾਨ ਬੁੱਧ ਦਰਸ਼ਨ ਦੇ ਹਿੱਸੇ ਸਿਧਾਂਤ ਦੇ ਸਾਰ ਨੂੰ ਬੁੱਧ ਦਾ ਨਾਂ ਲਏ ਬਗੈਰ ਭਾਰਤੀ ਵਿਚਾਰਵਾਦ ਦੇ ਮੁੱਖ ਬੁਲਾਰੇ ‘ਸ਼ੰਕਰ’ ਨੇ ਆਪਣੇ ਅਦਵੈਤ ਵੇਦਾਂਤ ਵਿੱਚ ਸ਼ਾਮਲ ਕਰ ਲਿਆ।  ਦੂਜੇ ਪਾਸੇ ਸਾਡਾ ਇਤਿਹਾਸ ਬੋਧੀਆਂ ਅਤੇ ਸ਼ੰਕਰ ਦੇ ਪੈਰੋਕਾਰ ਹਿੰਦੁਆਂ ਦੇ ਧਾਰਮਿਕ ਪੱਧਰ ‘ਤੇ ਦੁਸ਼ਮਣੀ ਅਤੇ ਸੰਘਰਸ਼ ਨਾਲ ਭਰਿਆ ਪਿਆ ਹੈ। ਇਹ ਦੁਸ਼ਮਣੀ ਦਾ ਇਤਿਹਾਸ ਦਾਰਸ਼ਨਿਕ  ਪੱਧਰ ‘ਤੇ ਉਨ੍ਹਾਂ ਵਿਚਲੀ ਸਾਰ ਦੀ ਸਾਂਝ ਨੂੰ ਸਮਝਣ ਵਿੱਚ ਮੁਸ਼ਕਿਲ ਪੈਦਾ ਕਰਦਾ ਹੈ।  ਬੁੱਧ ਦਰਸ਼ਨ ਦੇ ਇੱਕ ਪਾਸੇ ਅਗਾਂਹਵਧੂ ਇਨਕਲਾਬੀ ਦਵੰਦਵਾਦੀ  ਪੈਂਤੜੇ ਦੇ ਬਾਵਜੂਦ ਮਹਾਯਾਨ ਦੇ ਰੂਪ ਵਿੱਚ ਭਾਰਤੀ ਵਿਚਾਰਧਾਰਾ ਦੇ ਸਿਖਰ ਤੱਕ ਪਹੁੰਚਣ ਦਾ ਸਫਰ ਅਤੇ ਅੱਗੇ ਜਾ ਕੇ ‘ਸ਼ੰਕਰ’ ਦੇ ਅਦਵੈਤ ਵੇਦਾਂਤ ਲਈ ਵਿਚਾਰਧਾਰਕ ਅਧਾਰ ਮੁਹੱਈਆ ਕਰਾਉਣ ਦੀ ਗੁੰਝਲ ਸਾਡੇ ਕਈ ਵਿਦਵਾਨਾਂ ਦੇ ਦਿਮਾਗਾਂ ਨੂੰ ਚਕਰਾ ਦਿੰਦੀ ਹੈ।  ਪਰ ਜੇ ਅਸੀਂ ਇਨ੍ਹਾਂ ਵਿਚਾਰਧਾਰਕ ਸਰਗਰਮੀਆਂ ਨੂੰ, ਉਨ੍ਹਾਂ ਸਮਿਆਂ ਦੀਆਂ ਆਰਥਿਕ ਸਿਆਸੀ ਹਾਲਤਾਂ ਦੇ ਸੰਦਰਭ ਵਿੱਚ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਇਨ੍ਹਾਂ ਵਿਚਲੇ ਰਹੱਸ ਦੇ ਅੰਦਰ ਛਿਪਿਆ ਸੱਚ ਸਾਫ਼ ਹੋ ਜਾਂਦਾ ਹੈ। ਸਾਰੇ ਇਤਿਹਾਸਕ ਦੌਰ ਵਿੱਚ ਹਾਕਮਾਂ, ਧਰਮ ਅਧਿਕਾਰੀਆਂ ਅਤੇ ਪਰਜੀਵੀ ਜਮਾਤਾਂ ਦੇ ਗੱਠਜੋੜ ਦਾ ਵਿਦਵਾਨਾਂ ਅਤੇ ਬੁੱਧੀਮਾਨ ਦਾਰਸ਼ਨਿਕਾਂ ‘ਤੇ ਭਾਰੀ ਦਬਾਅ ਸੀ।  ਇਸ ਦੇ ਬਾਵਜੂਦ, ਅੱਤ ਦੀਆਂ ਜਾਬਰ ਅਤੇ ਘ੍ਰਿਣਤ ਪ੍ਰਸਥਿਤੀਆਂ ਦੇ ਹੁੰਦੇ ਹੋਏ ਵੀ, ਭਾਰਤੀ ਦਰਸ਼ਨ ਦੇ ਇਤਿਹਾਸ ਵਿੱਚ, ਇਸ ਨਾ-ਪਾਕ ਗੱਠਜੋੜ ਦੀ ਸਰਪ੍ਰਸਤੀ ਵਿੱਚ,  ਵਧ-ਫੁਲ ਰਹੇ, ਵਿਚਾਰਵਾਦੀ ਦਰਸ਼ਨ ਨੂੰ ਵੰਗਾਰਨ ਵਾਲ਼ੇ ਦਾਰਸ਼ਨਿਕ ਸਿਧਾਂਤਾ ਦੀ, ਬੇਹੱਦ ਅਮੀਰ ਵਿਰਾਸਤ ਸਾਡੇ ਕੋਲ਼ ਮੌਜੂਦ ਹੈ। ਭਾਰਤੀ ਦਰਸ਼ਨ ਦੀ ਇਹੋ ਵਿਰਾਸਤ ਹੈ ਜੋ ਜੀਵਨ ਨਾਲ ਭਰਪੂਰ ਹੈ ਅਤੇ ਅੱਜ ਦੇ ਮੁਕਤੀ ਸੰਗਰਾਮ ਦੀ ਰਹਿਨੁਮਾਈ ਕਰ ਰਹੇ ਦਵੰਦਵਾਦੀ ਪਦਾਰਥਵਾਦੀ ਦਰਸ਼ਨ ਦੇ ਪੈਰੋਕਾਰਾਂ ਲਈ ਪ੍ਰੇਰਨਾ ਸ੍ਰੋਤ ਹੈ। ਦੂਜੇ ਪਾਸੇ ਵਿਚਾਰਵਾਦੀ ਦਰਸ਼ਨ ਹਨ ਜੋ ਜੀਵਨ ਨੂੰ ਝੂਠਾ ਐਲਾਨਦੇ ਹਨ ਅਤੇ ਮੌਤ ਦੀ ਮਹਿੰਮਾ ਕਰਦੇ ਹਨ।  ਧਰਮ ਅਤੇ ਦਰਸ਼ਨ ਦਾ ਮਿਸ਼ਰਨ ਤਿਆਰ ਕਰਦੇ ਉਨ੍ਹਾਂ ਦੇ ਆਧੁਨਿਕ ਰੂਪ ਹਾਕਮ ਜਮਾਤਾਂ ਦੇ ਵਿਚਾਰਧਾਰਕ ਦਾਬੇ ਦੇ ਮੁੱਖ ਹਥਿਆਰ ਹਨ।  ਹਾਕਮ ਜਮਾਤ ਦੇ ਵਿਚਾਰਧਾਰਕ ਦਾਬੇ ਦਾ ਮੁਕਾਬਲਾ ਕਰਨਾ ਇੱਕੀਵੀਂ ਸਦੀ ਦੇ ਮਜਦੂਰ ਇਨਕਲਾਬਾਂ ਦੇ ਕੰਮ ਦਾ, ਇੱਕ ਅਹਿਮ ਹਿੱਸਾ ਹੈ। ਭਾਰਤੀ ਵਿਚਾਰਵਾਦ ਦੇ ਮੁੱਖ ਪ੍ਰਤੀਨਿਧੀ ‘ਸ਼ੰਕਰ’ ਦੇ ਸਮੇਂ ਸਿਆਸੀ ਸਮਾਜਕ ਹਾਲਤਾਂ ਬਾਰੇ ਰਾਹੁਲ ਸਾਂਕ੍ਰਤਾਇਨ ਲਿਖਦੇ ਹਨ, “ਆਰਥਕ ਤੌਰ ‘ਤੇ ਵੇਖਣ ‘ਤੇ ਇਹ ਜਗੀਰਦਾਰਾਂ, ਮਹੰਤਾਂ ਅਤੇ ਦਾਸ ਕੰਮੀਆਂ ਦਾ ਸਮਾਜ ਸੀ। ਇਨ੍ਹਾਂ ਵਿੱਚ ਬਾਣੀਆਂ ਅਤੇ ਸ਼ਾਹੂਕਾਰ ਵੀ ਸਨ ਜਿਨ੍ਹਾਂ ਦਾ ਸਵਾਰਥ ਹਾਕਮ, ਜਗੀਰਦਾਰ, ਮਹੰਤ ਨਾਲ਼ੋਂ ਵੱਖਰਾ ਨਹੀਂ ਸੀ; ਅਤੇ ਉਨ੍ਹਾਂ ਦੀ ਤਰਾਂ ਇਹ ਵੀ ਦੋਹਰੇ  ਸਦਾਚਾਰ ਦੇ ਸ਼ਿਕਾਰ ਸਨ।  ਹਾਕਮ ਅਤੇ ਸੰਪਤੀਵਾਨ ਜਮਾਤ, ਵਿਲਾਸ ਦੇ ਨਵੇਂ ਨਵੇਂ ਸਾਧਨਾਂ ਖੋਜਾਂ ਵਿੱਚ ਅਤੇ ਦਾਸ ਕੰਮੀ ਜਮਾਤ ਆਪਣਾ ਖੂਨ ਪਸੀਨਾ ਇੱਕ ਕਰਕੇ, ਉਸਨੂੰ ਜੁਟਾਉਣ  ਵਿੱਚ ਲੱਗੀ ਸੀ।  ਇੱਕ ਖਾਂਦੇ ਖਾਂਦੇ ਮਰਦਾ ਜਾ ਰਿਹਾ ਸੀ ਦੂਜਾ ਭੁੱਖ ਨਾਲ਼ ਤੜਫਦੇ ਹੋਏ। ਇੱਕ ਪਾਸੇ ਬੇਹਿਆਬ ਅਯੱਾਸ਼ੀ – ਲਛਮੀ ਹੱਸ ਰਹੀ ਸੀ, ਦੂਜੇ ਪਾਸੇ ਭੁੱਖੀ ਨੰਗੀ ਜਨਤਾ ਕਰਾਹ ਰਹੀ ਸੀ ਅਤੇ ਇਹ ਨਾਟਕ ਦਿਲ ਰੱਖਣ ਵਾਲ਼ੇ ਬੰਦੇ ਨੂੰ ਚੋਟ ਪਹੁੰਚਾਏ ਬਿਨਾਂ ਨਹੀਂ ਰਹਿ ਸਕਦਾ ਸੀ, ਅਤੇ ਚੋਟ ਖਾਧਾ ਦਿਲ ਦਿਮਾਗ ਨੂੰ ਕੁਝ ਕਰਨ ਲਈ ਮਜਬੂਰ ਕਰ ਸਕਦਾ ਸੀ। ਇਸ ਲਈ ਦਿਲ-ਦਿਮਾਗ ਨੂੰ ਬੇਕਾਬੂ ਨਾ ਹੋਣ ਦੇਣ ਲਈ ਇੱਕ ਭੂਲ-ਭੁਲੱਈਆ ਦੀ ਜਰੂਰਤ ਸੀ, ਜਿਸ ਨੂੰ ਇਸ ਤਰਾਂ ਦੇ ਸਮਿਆਂ ਵਿੱਚ ਪਹਿਲਾਂ ਵੀ ਪੈਦਾ ਕੀਤਾ ਜਾਂਦਾ ਰਿਹਾ ਹੈ। ਗੌੜਪਾਦ ਅਤੇ ਸ਼ੰਕਰ ਵੀ ਉਸ  ਭੂਲ-ਭੁਲੱਈਆ  ਦੇ ਵਾਹਕ ਬਣੇ।

ਇੱਕ ਨਜ਼ਰ ਵਿੱਚ ਭਾਰਤ ਵਿੱਚ ਦਰਸ਼ਨ ਦੀ ਆਮ ਰੂਪਰੇਖਾ ਇਸ ਤਰਾਂ ਹੈ :

1. ਵੈਦਿਕ ਯੁੱਗ –
   ਵੇਦ – ਜਿਨ੍ਹਾਂ ਨੂੰ ਸੰਹਿਤਾ ਜਾਂ  ਮੰਤਰ ਵੀ ਕਿਹਾ ਜਾਂਦਾ ਹੈ।  
   ਬ੍ਰਾਹਮਣ ਗ੍ਰੰਥ
   ਪੁਰਾਣ
   ਉਪਨਿਸ਼ਦ
2. ਚਾਰਵਕ ਜਾਂ ਲੋਕਾਇਤ ਪੁਰਾਤਨ ਪਦਾਰਥਵਾਦੀ ਦਰਸ਼ਨ
3. ਬ੍ਰਹਸਪਤੀ ਦਾ ਜੜਵਾਦੀ – ਇਹ ਵੀ ਪੁਰਾਤਨ ਪਦਾਰਥਵਾਦੀ ਦਰਸ਼ਨ ਸੀ।
4. ਸੁਤੰਤਰ ਵਿਚਾਰਕ – ਜੋ ਸ਼ਰੁਤੀ ਯਾਨੀ ਵੇਦਾਂ ਅਤੇ ਉਪਨਿਸ਼ਦਾਂ ਨੂੰ ਪ੍ਰਮਾਣ ਵਜੋਂ ਨਹੀਂ ਮੰਨਦੇ ਸਨ। ਇਸ ਧਾਰਾ ਦੇ ਸਭ ਤੋਂ ਸਿਰਕੱਢ ਦਾਰਸ਼ਨਿਕ ਬੁੱਧ ਹੋਏ ਹਨ।  ਇਹਨਾਂ ਤੋਂ ਬਿਨਾਂ 6 ਮੁੱਖ ਦਾਰਸ਼ਨਿਕਾਂ ਦੇ ਨਾਂ ਮਸ਼ਹੂਰ ਹਨ ਜੋ ਬੁੱਧ ਦੇ ਸਮਕਾਲੀ ਸਨ।  ਇਹਨਾਂ ਦੇ ਨਾਂ ਸਨ, ਅਜੀਤ ਕੇਸ਼ਕੰਬਲ, ਮੱਖਲੀ ਗੋਸ਼ਾਲ, ਪੂਰਣ ਕਸ਼ਿਅਪ, ਪ੍ਰ੍ਰਬੁਧ ਕਾਤਆਇਕ, ਸੰਜੈ ਵੇਠਲੀਪੁੱਤ ਅਤੇ ਵਰਧਮਾਨ ਮਹਾਂਵੀਰ।
5. ਬ੍ਰਾਹਮਣਾਂ ਦੇ 6 ਮੁੱਖ ਦਰਸ਼ਨ, ਸਾਂਖ, ਵੈਸ਼ੇਸ਼ਕ, ਮੀਮਾਂਸਾ, ਨਿਆਏ, ਯੋਗ ਅਤੇ ਵੇਦਾਂਤ।  ਇਹ ਛੱਟ ਦਰਸ਼ਨ ਦੇ ਨਾਂ ਨਾਲ ਵੀ ਮਸ਼ਹੂਰ ਹਨ।

ਰਾਹੁਲ ਸਾਂਕਰਤਾਇਨ ਮੁਤਾਬਕ ਜਿਹੜੇ ਦਰਸ਼ਨ ਰੱਬ ਦੀ ਹੋਂਦ ਨੂੰ ਨਹੀਂ ਮੰਨਦੇ ਜਾਂ ਉਸ ਬਾਰੇ ਚੁੱਪ ਹਨ –

1. ਸਾਂਖ ਦਰਸ਼ਨ – ਮੁੱਖ ਸਿਧਾਂਤਕਾਰ ‘ਕਪਿਲ’.
2. ਚਾਰਵਾਕ ਜਾਂ ਲੋਕਾਇਤ ਦਰਸ਼ਨ – ਪਦਾਰਥਵਾਦੀ ਦਰਸ਼ਨ ਜੋ ਆਤਮਾ ਦੀ ਹੋਂਦ ਨੂੰ ਰੱਦ ਕਰਦੇ ਸਨ।
3. ਬੁੱਧ ਦਰਸ਼ਨ – ਅਨਾਤਮ – ਅਪਦਾਰਥਵਾਦੀ, ਇਹ ਦਰਸ਼ਨ, ਉਪਨਿਸ਼ਦਾਂ ਵਾਲ਼ੀ ਸਦੀਵੀ ਆਤਮਾ ਨੂੰ ਨਹੀਂ ਮੰਨਦਾ ਸੀ ਪਰ ਪਦਾਰਥਵਾਦ ਨੂੰ ਵੀ ਰੱਦ ਕਰਦਾ ਸੀ।
4. ਵੈਸ਼ੇਸ਼ਕ ਦਰਸ਼ਨ – ਪ੍ਰਮਾਣੂਵਾਦੀ, ਆਤਮਾਵਾਦੀ, ਇਸ ਦੇ ਮੁੱਖ ਸਿਧਾਂਤਕਾਰ ਦਾ ਨਾਂ ‘ਕਣਾਦ’ ਸੀ।
5. ਜੈਨ ਦਰਸ਼ਨ – ਅਨੇਕਾਤਵਾਦੀ (ਸਿਆਦਵਾਦ) ਮੁੱਖ ਸਿਧਾਂਤਕਾਰ ਵਰਧਮਾਨ ਮਹਾਂਵੀਰ।
6. ਮੀਮਾਂਸਾ ਦਰਸ਼ਨ – ਸ਼ਬਦਵਾਦੀ ਦਰਸ਼ਨ, ਮੁੱਖ ਸਿਧਾਂਤਕਾਰ ‘ਜੈਮਿਨੀ’ (300 ਈ ਪੂ )

ਰੱਬ ਦੀ ਹੋਂਦ ਨੂੰ ਮੰਨਣ ਵਾਲੇ ਦਰਸ਼ਨ –

1. ਨਿਆਏ – ਇਹ ਬੁੱਧੀਵਾਦੀ ਦਰਸ਼ਨ ਸੀ ਅਤੇ ਅਕਸ਼ਪਾਦ ਇਸਦੇ ਮੁੱਖ ਵਿਦਵਾਨ ਸਨ।
2. ਯੋਗ – ਇਸਦੇ ਸਿਧਾਂਤਕਾਰ ‘ਪਤੰਜਲੀ’ ਸਨ।
3. ਵੇਦਾਂਤ

(ਅਗਲੇ ਅੰਕ ਵਿੱਚ ਜਾਰੀ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 1, ਸਾਲ 6, 16 ਤੋਂ 28 ਫਰਵਰੀ, 2017 ਵਿੱਚ ਪ੍ਰਕਾਸ਼ਤ

 

Advertisements