ਬੁੱਧ ਦੇ ਦਰਸ਼ਨ ਦਾ ਸਾਰ ਅਤੇ ਭਾਰਤੀ ਦਰਸ਼ਨ ਦੀ ਆਮ ਰੂਪ ਰੇਖਾ •ਡਾ.ਸੁਖਦੇਵ ਹੁੰਦਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ਲਲਕਾਰ ਅੰਕ 1, 16 ਤੋਂ 28 ਫਰਵਰੀ, 2017)

ਇਨ੍ਹਾਂ ਤੋਂ ਬਿਨਾਂ ਦੋ ਦਾਰਸ਼ਨਿਕ ਧਾਰਾਵਾਂ ਜਿਨ੍ਹਾਂ ਨੂੰ ਬਾਅਦ ਵਾਲੇ ਹਿੰਦੂ ਧਰਮ ਨਾਲ਼ੋਂ ਵੱਖ ਕਰਕੇ ਵੇਖਣਾ ਮੁਸ਼ਕਲ ਲਗਦਾ ਹੈ, ਵੈਦਿਕ ਜਾਂ ਆਰੀਅਨ ਪ੍ਰੰਪਰਾ ਵਿਚੋਂ ਨਹੀਂ ਸਨ।

1. ਪਸ਼ੂਪਾਤ ਜਾਂ ਸ਼ੈਵ ਦਰਸ਼ਨ।

2. ਪਾਂਚਰਾਤਰ ਜਾਂ ਵੈਸ਼ਨਵ ਦਰਸ਼ਨ। ਸੰਭਵ ਹੈ, ਇਹ ਅਨ ਆਰੀਅਨ, ਭਾਰਤੀ ਕਬੀਲਿਆਂ ਦੇ ਮੁੱਖ ਧਾਰਾ ਵਿੱਚ ਸ਼ਾਮਲ ਹੋਣ ਦੀ ਕ੍ਰਿਆ ਨਾਲ ਸਬੰਧਤ ਹੋਣ।

ਭਾਰਤੀ ਦਰਸ਼ਨ ਦੇ ਇਸ ਆਮ ਚੌਖਟੇ ਨੂੰ ਸਮਝਦੇ ਹੋਏ, ਦਰਸ਼ਨ ਦੇ ਇਤਿਹਾਸ ਵਿੱਚ ਬੇਹੱਦ ਪ੍ਰਭਾਵਸ਼ਾਲੀ, ਬੁੱਧ ਦਰਸ਼ਨ ਨੂੰ ਥੋਹੜਾ ਗਹਿਰਾਈ ਨਾਲ ਸਮਝਣਾ ਸਾਡੇ ਇਸ ਲੇਖ ਦਾ ਮੁੱਖ ਵਿਸ਼ਾ ਹੈ।  ਪਿਛਲੇ ਲੇਖਾਂ ਵਾਂਗ ਇੱਥੇ ਦਿੱਤੀ ਜਾਣ ਵਾਲ਼ੀ ਸੰਖੇਪ ਜਾਣਕਾਰੀ ਦਾ ਸ੍ਰੋਤ ਵੀ ਰਾਹੁਲ ਸਾਂਕ੍ਰਤਾਇਨ ਅਤੇ ਡੀ.ਪੀ. ਚਟੋਪਾਧਿਆਏ ਦੀਆਂ ਲਿਖਤਾਂ ਹੀ ਹਨ।

ਬੁੱਧ ਦੇ ਜਨਮ ਤੋਂ ਪਹਿਲਾਂ ਹੀ ਆਦਮ ਸਾਮਵਾਦੀ ਕਬੀਲਿਆਂ ਦਾ ਖਿੰਡਾਅ ਸ਼ੁਰੂ ਹੋ ਚੁੱਕਾ ਸੀ।  ਵਡੇ ਰਾਜ ਹੋਂਦ ਵਿੱਚ ਆ ਚੁੱਕੇ ਸਨ, ਕਬਾਇਲੀ ਜਨਵਾਦ ਦਮ ਤੋੜ ਰਿਹਾ ਸੀ। ਛੋਟੇ ਛੋਟੇ ਕਬਾਇਲੀ ਰਾਜਤੰਤਰਾਂ ਅਤੇ ਪਰਜਾਤੰਤਰਾਂ ਨੂੰ ਮਿਲਾਕੇ ਵਡੇ ਰਾਜ ਬਣਾਉਣੇ ਨਵੇਂ ਪੈਦਾ ਹੋ ਰਹੇ ਭਾਰਤੀ ਵਰਗ ਦੀ ਜਰੂਰਤ ਵੀ ਸੀ। ਇਸ ਸਮੇਂ ਵਪਾਰੀ ਆਪਣੇ ਵਪਾਰ ਨਾਲ਼ ਅਤੇ ਰਾਜੇ ਆਪਣੀ ਸੈਨਾ ਨਾਲ਼ ਜਨਪਦਾਂ ਦੀਆਂ ਹੱਦਬੰਦੀਆਂ ਤੋੜ ਰਹੇ ਸਨ, ਉਸ ਸਮੇਂ ਜੋ ਵੀ ਦਰਸ਼ਨ ਜਾਂ ਧਾਰਮਿਕ ਵਿਚਾਰ ਇਸ ਕੰਮ ਵਿੱਚ ਸਹਾਇਕ ਹੋ ਸਕਦਾ ਸੀ, ਉਸਦਾ ਪ੍ਰਚਾਰ ਹੋਣਾ ਜਰੂਰੀ ਸੀ। ਜਾਣੇ ਜਾਂ ਅਣਜਾਣੇ, ਬੇਸ਼ੱਕ ਹਾਕਮਾਂ ਦੇ ਹੱਥਾਂ ਵਿੱਚ ਵਿਕੇ ਬਿਨਾਂ ਹੀ ਹੋਵੇ, ਬੁੱਧ ਧਰਮ ਏਕੀਕਰਣ ਦੇ ਇਸ ਕੰਮ ਨੂੰ ਸਿਰੇ ਚੜਾਉਣ ਵਿੱਚ, ਬੇਹੱਦ ਸਹਾਈ ਹੋਇਆ। ‘ਨੰਦਾਂ’ ਦੇ ਅੰਤਮ ਸਮੇਂ ਵਿੱਚ ਪੰਜਾਬ ਵਿੱਚ ਯੂਨਾਨੀਆਂ ਦਾ ਹਮਲਾ ਹੋਇਆ। ਯੂਨਾਨੀ ਸ਼ਾਸ਼ਕਾਂ ਦੇ ਨਾਲ਼ ਯੂਨਾਨੀ ਦਰਸ਼ਨ ਦਾ ਵੀ ਭਾਰਤੀ ਦਰਸ਼ਨ ਨਾਲ਼ ਮੇਲ਼ ਹੋਇਆ। ਬੁੱਧ ਦਰਸ਼ਨ ਅਤੇ ਯੂਨਾਨੀ ਦਰਸ਼ਨ ਦਾ ਅਸਰ ਬਾਅਦ ਵਾਲੇ ਦੌਰ ਵਿੱਚ ਸਾਫ਼ ਨਜਰ ਆਉਂਦਾ ਹੈ। ਪ੍ਰਸਿੱਧ ਯੂਨਾਨੀ ਰਾਜਾ ਮਿਨਾਂਦਰ ਅਤੇ ਸ਼ੱਕ ਰਾਜਾ ਕਨਿਸ਼ਕ ਦਾ ਬੁੱਧ ਧਰਮ ਨੂੰ ਅਪਣਾਉਣਾ ਵੀ ਇਸ ਵਿਚਾਰਧਾਰਕ ਮੇਲਜੋਲ ਦਾ ਸਬੂਤ ਹੈ। ਪੁਰਾਣੀਆਂ ਹੱਦਬੰਦੀਆਂ ਤੋੜਣ ਆਰੀਅਨਾਂ ਅਤੇ ਮਲੇਛਾਂ ਵਿੱਚ ਫਰਕ ਖਤਮ ਕਰਨ ਵਿੱਚ ਬੁੱਧ ਧਰਮ ਦੀ ਪਹਿਲਕਦਮੀ ਸਾਫ਼ ਨਜਰ ਆਉਂਦੀ ਹੈ।

ਬੁੱਧ ਦਰਸ਼ਨ ਪਦਾਰਥਵਾਦੀ ਦਰਸ਼ਨ ਨਹੀਂ ਹੈ ਪਰ ਰੱਬ ਦੀ ਹੋਂਦ ਨੂੰ ਨਹੀਂ ਮੰਨਦਾ। ਇਹ ਦਰਸ਼ਨ ਉਪਨਿਸ਼ਦਾਂ ਦੇ ਸਦੀਵੀ ਆਤਮਾ ਦੇ ਸਿਧਾਂਤ ਨੂੰ ਰੱਦ ਕਰਦਾ ਹੈ।  ਇਸੇ ਲਈ ਰਾਹੁਲ ਇਸਨੂੰ ਅਨਾਤਮਾਵਾਦੀ ਕਹਿੰਦੇ ਹਨ, ਪਰ ਪੁਨਰਜਨਮ ਅਤੇ ਆਵਾਗਮਨ ਦੇ ਸਿਧਾਂਤ ਨੂੰ ਮੰਨਦਾ ਹੈ। ਇਸੇ ਗੱਲ ਕਰਕੇ ਬੁੱਧ ਦਰਸ਼ਨ ਦੀਆਂ ਮਨਮਰਜੀ ਦੀਆਂ ਵਿਆਖਿਆਵਾਂ, ਕੁਝ ਬੁੱਧੀਜੀਵੀ ਗਹਿਰਾਈ ‘ਚ ਗਏ ਬਿਨਾਂ ਹੀ ਕਰ ਦਿੰਦੇ ਹਨ।
 
    ਬੁੱਧ ਦੇ ਵਿਚਾਰ ਅਨੁਸਾਰ ਚਾਰ ਆਰੀਆ ਸੱਤ ਹਨ।

1. ਦੁੱਖ, 2. ਦੁੱਖ ਹੇਤੂ ਯਾਨੀਕਿ ਦੁੱਖ ਦਾ ਕਾਰਨ, 3. ਦੁੱਖ ਵਿਨਾਸ਼, 4. ਦੁੱਖ ਵਿਨਾਸ਼ ਮਾਰਗ।

1. ਦੁੱਖ ਦੇ ਪੰਜ ਉਪਾਦਾਨ ਸਕੰਧ ਹਨ –
    1. ਰੂਪ – ਚਾਰੇ ਭੂਤ (ਪਦਾਰਥ) ਪ੍ਰਿਥਵੀ, ਜਲ, ਵਾਯੂ ਅਤੇ ਅੱਗ ਉਪਾਦਾਨ ਸਕੰਧ ਹਨ।  ਉਪਾਦਾਨ ਸਕੰਧ ਦਾ ਮਤਲਬ ਹੈ, ਪਦਾਰਥਕ ਅਧਾਰ। ਸਕੰਧ ਦਾ ਸ਼ਾਬਦਿਕ ਅਰਥ ਹੈ, ਤਣਾ ਜਾਂ ਮੋਢਾ।
    2. ਵੇਦਨਾ – ਵਸਤੂਆਂ ਜਾਂ ਉਨ੍ਹਾਂ ਦੇ ਵਿਚਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਜੋ ਸੁੱਖ, ਦੁੱਖ ਜਾਂ ਨਾ ਸੁੱਖ ਦੁੱਖ ਦੇ ਰੂਪ ਵਿੱਚ ਜੋ ਅਨੁਭਵ ਕਰਦੇ ਹਾਂ, ਉਸਨੂੰ ਵੇਦਨਾ ਸਕੰਧ ਕਹਿੰਦੇ ਹਨ।
    3. ਸੰਗਿਆ – ਵੇਦਨ ਤੋਂ ਬਾਅਦ ਦਿਮਾਗ ‘ਤੇ ਉੱਕਰੇ ਸੰਸਕਾਰਾਂ ਨਾਲ਼ ਅਸੀਂ ਪਛਾਣਦੇ ਹਾਂ, ਉਹ ਸੰਗਿਆ ਹੈ।  ਜਿਵੇਂ – ਇਹ ਉਹੋ ਦੇਵਦੱਤ ਹੈ, ਇਹ ਸੰਗਿਆ ਹੈ।
    4. ਸੰਸਕਾਰ – ਰੂਪਾਂ ਦੀਆਂ ਵੇਦਨਾਵਾਂ ਅਤੇ ਸੰਗਿਆ ਦੇ ਜੋ ਸੰਸਕਾਰ ਦਿਮਾਗ ‘ਤੇ ਪਏ ਰਹਿੰਦੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਪਛਾਣਦੇ ਹਾਂ ਕਿ ਇਹ ਉਹੋ ਦੇਵਦੱਤ ਹੀ ਹੈ, ਸੰਸਕਾਰ ਕਹਾਉਂਦੇ ਹਨ।
    5. ਚੇਤਨਾ ਜਾਂ ਮਨ ਨੂੰ ਵਿਗਿਆਨ ਕਹਿੰਦੇ ਹਨ।
ਇਹ ਪੰਜੇ ਬੁਨਿਆਦੀ ਪੱਖ ਜਦੋਂ ਵਿਅਕਤੀ ਦੀ ਤ੍ਰਿਸ਼ਨਾ ਦੇ ਵਿਸ਼ੇ ਹੋਕੇ ਕੋਲ਼ ਆਉਂਦੇ ਹਨ ਤਾਂ ਇਹਨਾਂ ਨੂੰ ਉਪਾਦਾਨ ਸਕੰਧ ਕਹਿੰਦੇ ਹਨ।  ਇਹ ਪੰਜੇ ਦੁੱਖ ਰੂਪ ਹਨ।

2. ਦੁੱਖਹੇਤੂ ਯਾਨੀ ਕਿ ਦੁੱਖ ਦਾ ਕਾਰਨ ਤ੍ਰਿਸ਼ਨਾ ਹੈ।

3. ਦੁੱਖਵਿਨਾਸ਼ ਯਾਨੀਕਿ ਦੁੱਖ ਦਾ ਖਾਤਮਾ ਕਿਵੇਂ ਹੋਵੇ? ਤ੍ਰਿਸ਼ਨਾ ਦੇ ਤਿਆਗ ਨੂੰ, ਦੁੱਖਨਿਰੋਧ ਕਹਿੰਦੇ ਹਨ।  ਦੁੱਖਨਿਰੋਧ ਦਾ ਮਤਲਬ ਹੈ, ਦੁੱਖ ਦਾ ਰੁਕਣਾ।

ਬੁੱਧ ਮੁਤਾਬਕ, “ਤ੍ਰਿਸ਼ਨਾ ਦੇ ਖਾਤਮੇ ਨਾਲ਼ ਉਪਾਦਾਨ ਦਾ ਨਿਰੋਧ ਹੁੰਦਾ ਹੈ, ਉਪਾਦਾਨ ਦੇ ਨਿਰੋਧ ਨਾਲ਼ ਭਵ (=ਲੋਕ) ਦਾ ਨਿਰੋਧ ਹੁੰਦਾ ਹੈ। ਜਨਮ ਦੇ ਨਿਰੋਧ ਨਾਲ, ਬੁਢਾਪਾ, ਮੌਤ, ਸਦਮਾ, ਰੋਣਾ, ਦੁਖ, ਮਨ ਦੀ ਖਿੰਨਤਾ ਅਤੇ ਹੈਰਾਨਗੀ ਖਤਮ ਹੋ ਜਾਂਦੀ ਹੈ। ਇਸ ਤਰਾਂ ਦੁਖਾਂ ਦਾ ਨਿਰੋਧ ਹੁੰਦਾ ਹੈ। ਦੁੱਖਨਿਰੋਧ – ਬੁੱਧ ਦੇ ਦਰਸ਼ਨ ਦਾ ਕੇਂਦਰ ਬਿੰਦੂ ਹੈ।

4. ਦੁੱਖਵਿਨਾਸ਼ ਦਾ ਮਾਰਗ ਹੈ, ਦੁੱਖਨਿਰੋਧ ਵੱਲ ਲਿਜਾਣ ਵਾਲ਼ਾ ਰਸਤਾ ਯਾਨੀਕਿ ਅਸ਼ਟਾਂਗ ਮਾਰਗ ਜੋ ਇਸ ਤਰਾਂ ਸਮਝਿਆ ਜਾ ਸਕਦਾ ਹੈ :-
     ਗਿਆਨ  – 1. ਠੀਕ ਦ੍ਰਿਸ਼ਟੀ
                 2. ਠੀਕ ਸੰਕਲਪ
         ਸ਼ੀਲ – 3. ਠੀਕ ਵਚਨ
                 4. ਠੀਕ ਕਰਮ
                 5. ਠੀਕ ਜੀਵਿਕਾ
     ਸਮਾਧੀ   – 6. ਠੀਕ ਯਤਨ
                  7. ਠੀਕ ਸਿਮ੍ਰਤੀ
                  8. ਠੀਕ ਸਮਾਧੀ

ਬੁੱਧ ਦੇ ਸਮੇਂ, ਪੁਰਾਤਨ ਕਬਾਇਲੀ ਜਮਹੂਰੀਅਤ ਤੇਜੀ ਨਾਲ ਢਹਿ ਢੇਰੀ ਹੋ ਰਹੀ ਸੀ ਅਤੇ ਨਵੇਂ ਆ ਰਹੇ ਜਮਾਤੀ ਪ੍ਰਬੰਧ ਨੇ ਪੁਰਾਣੀ ਕਬਾਇਲੀ ਭਾਈਚਾਰੇ ਵਾਲ਼ੀ ਬਰਾਬਰੀ ਅਤੇ ਮਾਨ ਸਨਮਾਨ ਨੂੰ ਹੀ ਢਾਹ ਨਹੀਂ ਲਈ ਸਗੋਂ ਮੁੱਠੀ ਭਰ ਹਾਕਮ ਜਮਾਤ ਦੇ ਲੋਕਾਂ ਦੀ ਸੇਵਾ ਵਿੱਚ ਬਹੁ ਗਿਣਤੀ ਅਬਾਦੀ ਨੂੰ ਗੁਲਾਮਾਂ ਵਰਗੀ ਜਿੰਦਗੀ ਜਿਉਣ ਲਈ ਮਜਬੂਰ ਕੀਤਾ ਜਾ ਰਿਹਾ ਸੀ। ਇੱਕ ਪਾਸੇ ਬੇਲਗਾਮ ਲਾਲਚ ਤੇ ਵਹਿਸ਼ੀਪੁਣਾ ਵਧ-ਫੁੱਲ ਰਿਹਾ ਸੀ ਦੂਜੇ ਪਾਸੇ ਲੋਕਾਂ ‘ਤੇ ਦੁੱਖਾਂ ਦੇ ਪਹਾੜ ਟੁੱਟ ਪਏ ਸਨ।  ਸਾਰਾ ਸਮਾਜ ਜਬਰਦਸਤ ਬੇਚੈਨੀ ਵਿੱਚੋਂ ਗੁਜਰ ਰਿਹਾ ਸੀ।  ਲੋਕ ਆਪਣੇ, ਬਰਾਬਰੀ ਅਤੇ ਭਾਈਚਾਰੇ ਵਾਲ਼ੇ ਕਬਾਇਲੀ ਅਤੀਤ ਨੂੰ ਅਜੇ ਭੁੱਲੇ ਨਹੀਂ ਸਨ। ਜਿੱਥੇ ਇੱਕ ਪਾਸੇ, ਸਮਾਜ ਵਿੱਚ ਪੈਦਾ ਹੋ ਰਹੀ ਅਫਰਾਤਫਰੀ ‘ਤੇ ਕਾਬੂ ਪਾਉਣਾ ਜਰੂਰੀ ਸੀ, ਉਥੇ ਦੂਜੇ ਪਾਸੇ ਆਉਣ ਵਾਲ਼ੇ ਜਮਾਤੀ ਪ੍ਰਬੰਧਾਂ ਲਈ ਆਗਿਆਕਾਰ ਗੁਲਾਮ ਦੇ ਤੌਰ ‘ਤੇ ਬਹੁਗਿਣਤੀ ਕਿਰਤੀ ਆਬਾਦੀ ਨੂੰ ਸਿਧਾਉਣ ਦਾ ਮਸਲਾ ਵੀ ਸੀ। ਕਿਉਂਕਿ ਉਦੋਂ ਤੱਕ ਬਹੁਤ ਵੱਡੀ ਗਿਣਤੀ ਵਿੱਚ ਲੋਕ ਮਨੁੱਖ ਹਥੋਂ ਮਨੁੱਖ ਦੀ ਗੁਲਾਮੀ ਦੇ ਆਦੀ ਨਹੀਂ ਹੋਏ ਸਨ। ਹਾਲਾਂਕਿ ਕੁਦਰਤ ਦੀ ਗੁਲਾਮੀ ਦਾ ਮੁਕਾਬਲਾ ਉਹ ਹਜਾਰਾਂ ਸਾਲਾਂ ਤੋਂ ਕਰਦੇ ਆ ਰਹੇ ਸਨ। ਬੁੱਧ ਉਸ ਤੇਜੀ ਨਾਲ਼ ਬਦਲ ਰਹੇ ਸੰਸਾਰ ਦੇ ਸੱਚ ਨੂੰ ਤਾਂ ਜਾਣ ਗਿਆ ਪਰ ਉਸਦਾ ਚਿੰਤਨ ਦੁੱਖਾਂ ਨੂੰ ਪੈਦਾ ਕਰਨ ਵਾਲੀਆਂ ਹਾਕਮ ਜਮਾਤਾਂ ਦਾ ਮੁਕਾਬਲਾ ਕਰਨ ਦੇ ਸਮਰੱਥ ਨਹੀਂ ਹੋ ਸਕਦਾ ਸੀ ਕਿਉਂਕਿ ਇਤਿਹਾਸ ਦਾ ਪਹੀਆ ਪਿਛੇ ਵੱਲ ਨੂੰ ਨਹੀਂ ਘੁੰਮ ਸਕਦਾ ਸੀ। ਇਤਿਹਾਸ ਆਪਣੇ ਵੇਲ਼ੇ ਦੀਆਂ ਬਾਹਰਮੁਖੀ ਹਾਲਤਾਂ ਅਨੁਸਾਰ ਅੱਗੇ ਵਧਦਾ ਹੈ।  ਪੈਦਾਵਰੀ ਤਾਕਤਾਂ ਦੇ ਵਿਕਾਸ ਨੇ ਜਮਾਤੀ ਪ੍ਰਬੰਧ ਦੇ ਪੈਦਾ ਹੋਣ ਲਈ ਪਦਾਰਥਕ ਅਧਾਰ ਤਿਆਰ ਕਰ ਦਿੱਤਾ ਸੀ।  ਇਸ ਵਾਸਤੇ ਇਤਿਹਾਸ ਦਾ ਫੈਸਲਾ ਜਮਾਤੀ ਪ੍ਰਬੰਧ ਦੇ ਹੱਕ ਵਿੱਚ ਸੀ। ਕੋਈ ਵੀ ਚਿੰਤਕ ਆਪਣੇ ਵਿਚਾਰਾਂ ਨਾਲ ਇਸ ਤਬਦੀਲੀ ਨੂੰ ਨਹੀਂ ਰੋਕ ਸਕਦਾ ਸੀ।  ਪਰ ਫਿਰ ਵੀ ਬੁੱਧ ਦਾ ਪਲ ਪਲ ਬਦਲਣ ਦਾ ਸਿਧਾਂਤ, ਪ੍ਰਤੀਤੀ ਸਮੁੱਤਪਾਦ, ਉਸ ਪੁਰਾਤਨ ਚਿੰਤਨ ਦੀ ਕੋਈ ਛੋਟੀ ਪ੍ਰਾਪਤੀ ਨਹੀਂ ਸੀ। ਜਿਸ ਅਨੁਸਾਰ ਉਨ੍ਹਾਂ ਕਿਹਾ ਕਿ ਇਹ ਸੰਸਾਰ ਜੋ ਅਸੀਂ ਵੇਖ ਰਹੇ ਹਾਂ, ਹਮੇਸ਼ਾਂ ਐਸਾ ਨਹੀਂ ਸੀ ਅਤੇ ਨਾ ਹੀ ਹਮੇਸ਼ਾਂ ਇਸ ਤਰਾਂ ਰਹੇਗਾ।  ਇਸ ਲਈ ਜਦੋਂ ਸਮਾਜ ਵਿੱਚ ਇਸਨੂੰ ਲਾਗੂ ਕਰ ਸਕਣਾ ਮੁਸ਼ਕਲ ਲੱਗਾ ਤਾਂ ਬੁੱਧ ਨੇ ਇਸਨੂੰ ਸੰਘ ਵਿੱਚ ਲਾਗੂ ਕੀਤਾ। ਉਸਨੇ ਕਿਹਾ ਕਿ ਅਸੀਂ ਸਾਰੀ ਦੁਨੀਆਂ ਵਿੱਚੋਂ ਤਾਂ ਕੰਡੇ ਨਹੀਂ ਹਟਾ ਸਕਦੇ ਪਰ ਆਪਣੇ  ਪੈਰਾਂ ਨੂੰ ਚਮੜੇ ਨਾਲ਼ ਢੱਕ ਕੇ, ਕੰਡਿਆਂ ਤੋਂ ਬਚਾ ਸਕਦੇ ਹਾਂ।

ਬੁੱਧ ਦੇ ਛਿਨਵਾਦ  ਦੇ ਸਿਧਾਂਤ ਮੁਤਾਬਕ ਕੋਈ ਵੀ ਚੀਜ ਇੱਕ ਛਿਨ ਤੋਂ ਵੱਧ ਟਿਕਣ ਵਾਲੀ ਨਹੀਂ। ਉਹ ਇਸ ਵਿਚਾਰ ਨੂੰ ਸਮਾਜ ਦੇ ਆਰਥਿਕ ਪਰਬੰਧ ‘ਤੇ ਲਾਗੂ ਕਰਨ ਵਿੱਚ  ਅਸਮਰਥ ਰਹੇ। ਪਰ  ਇਹ ਗਤੀ ਦਾ ਐਸਾ ਸਿਧਾਂਤ ਸੀ, ਜਿਸ ਵਿੱਚ  ਉਸ ਆਦਮ ਦੌਰ ਵਿੱਚ ਹੀ ਦਵੰਦਵਾਦ  ਦਾ ਭਰੂਣ ਮੌਜੂਦ ਸੀ। ਸਮਾਜ ਦੇ ਆਰਥਿਕ ਢਾਂਚੇ ਤੇ ਇਸ ਸਿਧਾਂਤ ਨੂੰ ਲਾਗੂ ਨਾ ਕਰ   ਸਕਣ ਕਾਰਨ ਸੰਪਤੀਸ਼ਾਲੀ  ਲੋਟੂ ਜਮਾਤਾਂ ਨੂੰ ਜੋ ਬੁੱਧ ਦਰਸ਼ਨ ਤੋਂ ਭੈਅ ਮਹਿਸੂਸ ਹੁੰਦਾ ਸੀ , ਛੇਤੀ ਦੂਰ ਹੋ ਗਿਆ। ਮਾਰਕਸ ਤੋਂ ਪਹਿਲਾਂ ਮਹਾਨ ਤੋਂ ਮਹਾਨ ਦਾਰਸ਼ਨਿਕ ਵੀ ਦੁਨੀਆਂ ਦੀ ਕਿੰਨੀ ਵੀ ਬੇਹਤਰ ਵਿਆਖਿਆ ਦੇ ਸਿਧਾਂਤ ਪੇਸ਼ ਕਰਨ ਦੇ ਬਾਵਜੂਦ ਦੁਨੀਆਂ ਨੂੰ ਬਦਲਣ ਦੀ ਗੱਲ ਨਹੀਂ ਕਰਦਾ ਸੀ। ਦੁਨੀਆਂ ਨੂੰ ਬਦਲਣਾ ਉਹਨਾਂ ਦੇ ਏਜੰਡੇ ਵਿੱਚ ਹੀ ਸ਼ਾਮਲ ਨਹੀਂ ਸੀ।

ਬੁੱਧ ਦਾ ਛਿਨਵਾਦ ਦਾ ਸਿਧਾਂਤ ਜਿਸ ਨੁੰ ਪਰਤੀਤੀ ਸਮੁੱਤਪਾਦ  ਵੀ ਕਿਹਾ ਜਾਣਦਾ  ਹੈ, ਕਾਰਜ ਕਾਰਨ ਨਿਯਮ ਤਹਿਤ ਗਤੀ ਨੂੰ ਅਟੁੱਟ ਪ੍ਰਵਾਹ ਨਹੀਂ ਸਗੋਂ ਟੁੱਟਵਾਂ  ਪ੍ਰਵਾਹ ਮੰਨਦਾ ਹੈ। ਇਹ ਸਦੀਵੀ ਅੱਟੁਟ ਪ੍ਰਵਾਹਮਾਨ ਆਤਮਾ ਨੂੰ ਰੱਦ ਕਰਦੇ ਹੋਣ ਕਾਰਨ, ਅਨਾਤਮਾਵਾਦੀ ਹੈ। ਦੂਜੇ ਪਾਸੇ  ਇਹ ਪਦਾਰਥ ਨੂੰ  ਬੁਨਿਆਦੀ ਕਾਰਨ ਨਹੀਂ ਮੰਨਦਾ , ਇਸ ਲਈ ਅਪਦਾਰਥਵਾਦੀ  ਯਾਨੀ ਵਿਚਾਰਵਾਦੀ ਹੈ। ਬੁੱਧ ਸਮਝਦੇ ਸਨ ਕਿ  ਪਦਾਰਥਵਾਦ ਉਹਨਾਂ ਦੇ ਬ੍ਰਹਮਚਾਰੀਪੁਣੇ  ਦਾ ਓਨਾ ਹੀ ਵਿਰੋਧੀ ਹੈ ਜਿੰਨਾ ਆਤਮਾਵਾਦ। ਉਹਨਾਂ ਨੇ ਕਿਹਾ , ‘ਇਹੋ ਹੀ ਜੀਵ ਹੈ, ਇਹੋ ਸਰੀਰ ਹੈ (ਦੋਵੇਂ  ਇੱਕ ਹਨ), ਐਸਾ ਵਿਚਾਰ ਹੋਣ ਨਾਲ ਬ੍ਰਹਮਚਾਰੀਵਾਸ  ਨਹੀਂ ਹੋ ਸਕਦਾ। ਜੀਵ ਹੋਰ ਹੈ, ਸਰੀਰ ਦੂਸਰਾ ਹੈ, ਐਸੇ ਵਿਚਾਰ ਨਾਲ਼ ਵੀ ਬ੍ਰਹਮਚਾਰੀਵਾਸ ਨਹੀਂ ਹੋ ਸਕਦਾ। ਆਦਮੀ ਬ੍ਰਹਮਚਾਰੀ ਤਾਂ ਹੀ ਬਣਦਾ ਹੈ ਜੇ ਇਸ ਜੀਵਨ ਤੋਂ ਬਾਦ ਵੀ  ਉਸ ਨੂੰ ਫਲ਼ ਮਿਲੇ, ਇਸ ਲਈ ਪਦਾਰਥਵਾਦੀ ਲਈ ਇਹ ਵਿਅਰਥ ਹੈ। ਸਰੀਰ ਤੇ ਜੀਵ ਨੂੰ ਵੱਖ ਮੰਨਣ ਵਾਲੇ ਆਤਮਾਵਾਦੀ  ਲਈ ਵੀ ਬ੍ਰਹਮਚਾਰੀਵਾਸ ਵਿਅਰਥ ਹੈ ਕਿਉਂਕਿ ਸਦੀਵੀ ਮੌਜੂਦ ਆਤਮਾ ਵਿੱਚ ਬ੍ਰਹਮਚਾਰੀਪੁਣੇ ਨਾਲ਼ ਕੋਈ ਤਬਦੀਲੀ ਸੰਭਵ ਨਹੀਂ।  ਇਹੋ ਹੈ ਉਸਦਾ ਅਨਾਤਮਾਵਾਦ ਅਤੇ ਅਪਦਾਰਥਵਾਦ  ਯਾਨੀਕਿ ਵਿਚਾਰਵਾਦ। ਇਸ ਤਰਾਂ ਬੁੱਧ ਦੇ ਦਰਸ਼ਨ ਵਿੱਚ ਰੱਬ ਅਤੇ ਆਤਮਾ ਦੀ ਕੋਈ ਗੁੰਜਾਇਸ਼ ਨਹੀਂ। ਹੌਲੀ ਹੌਲੀ ਬੁੱਧ ਦੇ ਸੰਘ ਦਾ  ਸਾਰਿਆਂ ਲਈ ਖੁੱਲ੍ਹੇ ਦਰਵਾਜਿਆਂ ਦਾ ਸਿਧਾਂਤ ਵੀ,ਉਹਨਾਂ ਦੇ ਜੀਵਨਕਾਲ ਵਿੱਚ ਹੀ ਕਮਜੋਰ ਪੈਣ ਲੱਗ ਪਿਆ। ਵਪਾਰੀਆਂ ਦੇ ਕਹਿਣ ‘ਤੇ ਕਰਜਾਈ ਦੀ ਦੀਖਿਆ ਬੰਦ ਹੋ ਗਈ, ਰਾਜੇ ਦੇ ਕਹਿਣ ‘ਤੇ ਭਗੌੜੇ ਸੈਨਿਕ ਦੀ ਦੀਖਿਆ ਬੰਦ ਹੋ ਗਈ। ਅੱਗੇ ਜਾ ਕੇ ਬੁੱਧ ਦਰਸ਼ਨ ਦਾ ਮਹਾਨ ਦਾਰਸ਼ਨਿਕ ਨਾਗਸੈਨ (150ਈ.ਪੂ.) ਅਤੇ ਯੂਨਾਨੀ ਰਾਜੇ ਮਿਨਾਂਦਰ  ਦੀ ਵਾਰਤਾਲਾਪ ਇਹਨਾਂ  ਸਿਧਾਂਤਾਂ ਨੂੰ ਸਮਝਣ ਲਈ ਬਹੁਤ ਮਹੱਤਵਪੂਰਣ ਹੈ। ਉਦੋਂ ਤੱਕ ਯੂਨਾਨੀ ਦਰਸ਼ਨ ਅਤੇ ਭਾਰਤੀ ਦਰਸਨ ਇੱਕ ਦੂਸਰੇ ਦੇ ਸੰਪਰਕ ਵਿੱਚ ਆ ਚੁੱਕੇ ਸਨ ਅਤੇ ਇੱਕ ਦੂਜੇ ਦਾ ਅਸਰ ਕਬੂਲ ਰਹੇ ਸਨ। ਇਸ ਪ੍ਰਸਿੱਧ ਵਾਰਤਲਾਪ ਵਿੱਚ ਬੁੱਧ ਦੇ ਬੁਨਿਆਦੀ ਸਿਧਾਂਤਾਂ ਵਿੱਚ ਕੋਈ ਤਬਦੀਲੀ ਕੀਤੇ ਬਗੈਰ ਉਹਨਾਂ ਦੀ ਪੁਸ਼ਟੀ ਲਈ ਨਾਗਸੈਨ ਯੂਨਾਨੀ ਤਰਕ ਸ਼ਾਸ਼ਤਰ ਨੂੰ ਵੀ ਵਰਤਦੇ  ਨਜਰ ਆਉਂਦੇ ਹਨ। ਇਸੇ ਕਰਕੇ ਮਿਨਾਂਦਰ ਵਰਗਾ ਵਿਦਵਾਨ ਰਾਜਾ ਉਹਨਾਂ ਦੇ ਪ੍ਰਭਾਵ ਵਿੱਚ ਆ ਕੇ ਬੋਧੀ  ਬਣ ਗਿਆ।

ਰਾਹੁਲ ਸਾਂਕਰਤਾਇਨ ਦਵਾਰਾ ਲਿਖੀ ਗਈ ਉਸ ਵਾਰਤਾਲਾਪ ਨੂੰ ਹੂਬਹੂ ਇੱਥੇ  ਲਿਖਣ ਦੀ ਇਜਾਜਤ ਚਾਹਾਂਗਾ। ਮਿਨਾਂਦਰ ਨੇ ਸਭ ਤੋਂ ਪਹਿਲਾਂ ਬੋਧੀਆਂ ਦੇ ਅਨਾਤਮਵਾਦ ਦੀ ਹੀ ਪ੍ਰੀਖਿਆ ਕਰਨੀ ਚਾਹੀ। ਉਸ ਨੇ ਨਾਗਸੈਨ ਨੂੰ ਪੁੱਛਿਆ, “ਭੰਤੇ! ਤੁਸੀਂ ਕਿਸ ਨਾਮ ਨਾਲ ਜਾਣੇ ਜਾਂਦੇ ਹੋ ? ਨਾਗਸੈਨ ਨਾਮ ਨਾਲ਼ (ਮੈਨੂੰ) ਬੁਲਾਉਂਦੇ ਹਨ…ਪਰ ਇਹ ਕੇਵਲ ਵਿਚਾਰ ਲਈ ਸੰਗਿਆ ਮਾਤਰ ਹੈ, ਕਿਉਂਕਿ ਯਥਾਰਥ ਵਿੱਚ  ਇਸ ਤਰਾਂ ਦਾ ਕੋਈ ਇੱਕ ਪੁਰਖ (=ਆਤਮਾ) ਨਹੀੰ ਹੈ।”

“ਭੰਤੇ! ਜੇ ਇੱਕ ਪੁਰਖ ਨਹੀਂ  ਹੈ ਤਾਂ ਕੌਣ ਤੁਹਾਨੂੰ ਬਸਤਰ …ਭੋਜਨ ਦੇਂਦਾ ਹੈ ? ਕੌਣ ਧਿਆਨ…ਦਾ ਅਭਿਆਸ ਕਰਦਾ ਹੈ? ਕੌਣ ਆਰੀਆ ਮਾਰਗ ਦੇ ਫਲ ਨਿਰਵਾਨ ਦਾ  ਸਾਖਿਆਤਕਾਰ ਕਰਦਾ ਹੈ?…ਜੇ ਐਸੀ ਗੱਲ ਹੈ  ਤਾਂ ਨਾ ਪਾਪ ਹੈ ਅਤੇ ਨਾ ਪੁੰਨ, ਨਾ ਪਾਪ ਅਤੇ ਪੁੰਨ ਦਾ ਕੋਈ ਕਰਨ ਵਾਲਾ  ਹੈ…ਨਾ ਕਰਵਾਉਣ ਵਾਲਾ ਹੈ…ਨਾ ਪਾਪ ਤੇ ਪੁੰਨ। …ਦੇ…ਫਲ  ਹੁੰਦੇ ਹਨ। …ਜੇ ਤੁਹਾਨੂੰ ਕੋਈ ਮਾਰ ਦੇਵੇ ਤਾਂ ਕਿਸੇ ਦਾ ਮਰਨਾ ਨਹੀਂ ਹੁੰਦਾ। ….(ਫਿਰ ) ਨਾਗਸੈਨ  ਕੀ ਹੈ ?…ਕੀ ਇਹ ਕੇਸ ਨਾਗਸੈਨ ਹਨ?”

“ਨਹੀਂ ਮਹਾਰਾਜ”

“ਇਹ ਲੂੰਅ (ਰੌਏੰ) ਨਾਗਸੈਨ ਹਨ ? “ਨਹੀਂ ਮਹਾਰਾਜ”

“ਇਹ ਨਖ, ਦੰਦ, ਚਮੜਾ, ਮਾਸ, ਸਨਾਯੂ , ਹੱਡੀ, ਦਿਲ, ਚਰਬੀ, ਆਂਤ… ਪੇਟ,ਪਖਾਨਾ, ਪਿੱਤ, ਕਫ਼, ਪੀਕ, ਲਹੂ , ਪਸੀਨਾ… ਅੱਥਰੂ, ਰਾਲ… ਦਿਮਾਗ ਨਾਗਸੈਨ ਹਨ?”

“ਨਹੀਂ ਮਹਾਰਾਜ”

“ਤਾਂ ਕੀ ਤੁਹਾਡਾ ਰੂਪ (=ਭੌਤਿਕ ਤੱਤ )… ਵੇਦਨਾ, ਸੰਗਿਆ, ਸੰਸਕਾਰ ਜਾਂ ਵਿਗਿਆਨ ਨਾਗਸੈਨ ਹਨ?”

“ਨਹੀਂ ਮਹਾਰਾਜ।”

“ਤਾਂ ਕੀ… ਰੂਪ… ਵਿਗਿਆਨ (=ਪੰਜ ਸਕੰਧ) ਸਾਰੇ ਇੱਕਠੇ ਨਾਗਸੈਨ ਹਨ?”

“ਨਹੀਂ ਮਹਾਰਾਜ।”

“ਭੰਤੇ ! ਮੈਂ ਆਪ ਨੂੰ ਪੁੱਛ ਪੁੱਛ ਕੇ ਥੱਕ ਗਿਆ ਹਾਂ। ਪਰ ਨਾਗਸੈਨ ਕੀ ਹੈ , ਇਸ ਦਾ ਪਤਾ ਨਹੀਂ ਲੱਗ  ਸਕਿਆ। ਤਾਂ ਕੀ ਨਾਗਸੈਨ ਕੇਵਲ ਇੱਕ ਸਬਦ ਮਾਤਰ ਹੈ ? ਆਖਿਰ ਨਾਗਸੈਨ ਹੈ ਕੌਣ?”

“ਮਹਾਰਾਜ, ਤੁਸੀਂ ਪੈਦਲ ਚੱਲ ਕੇ ਇੱਥੇ ਆਏ ਹੋ, ਜਾਂ ਕਿਸੇ ਸਵਾਰੀ ‘ਤੇ?”

“ਭੰਤੇ, ਮੈਂ ਰੱਥ ‘ਤੇ ਆਇਆ ਹਾਂ।”

“ਮਹਾਰਾਜ, ਮੈਨੂੰ ਦੱਸੋਂ ਤੁਹਾਡਾ ਰੱਥ ਕਿੱਥੇ ਹੈ, ਕੀ ਹੱਥਾ ਰੱਥ ਹੈ?”

“ਨਹੀਂ ਭੰਤੇ।”

“ ਕੀ ਅਕਸ਼ ਰਥ ਹੈ?”

“ਨਹੀਂ ਭੰਤੇ”

“ਕੀ ਚੱਕੇ ਰੱਥ ਹਨ?”

“ਨਹੀਂ  ਭੰਤੇ।”

“ਕੀ ਰੱਥ ਦਾ ਪੰਜਰ, ਰੱਸੀਆਂ, ਲਗਾਮ, ਚਾਬੁਕ, ਰਥ ਹਨ?”

“ਨਹੀਂ  ਭੰਤੇ।”

(ਅਗਲੇ ਅੰਕ ‘ਚ ਜਾਰੀ)

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 2, ਸਾਲ 6, 1 ਤੋਂ 15 ਮਾਰਚ, 2017 ਵਿੱਚ ਪ੍ਰਕਾਸ਼ਤ

Advertisements