ਬੁੱਧ ਦੇ ਦਰਸ਼ਨ ਦਾ ਸਾਰ ਅਤੇ ਭਾਰਤੀ ਦਰਸ਼ਨ ਦੀ ਆਮ ਰੂਪ ਰੇਖਾ •ਡਾ. ਸੁਖਦੇਵ ਹੁੰਦਲ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

(ਲੜੀ ਜੋੜਨ ਲਈ ਦੇਖੋ- ਲਲਕਾਰ ਅੰਕ 2, 1 ਤੋਂ 15 ਮਾਰਚ, 2017)

“ਕੀ ਹਰੀਸ ਆਦਿ ਸਾਰੇ ਰੱਥ ਹਨ?”

“ਨਹੀਂ  ਭੰਤੇ”

“ਮਹਾਰਾਜ ਮੈਂ ਤੁਹਾਨੂੰ ਪੁੱਛਦਾ ਪੁੱਛਦਾ ਥੱਕ ਗਿਆ ਹਾਂ, ਪਰ ਇਹ ਪਤਾ ਨਹੀਂ ਲੱਗ ਸਕਿਆ ਰਥ ਕਿੱਥੇ ਹੈ ? ਕੀ ਰੱਥ  ਇੱਕ ਸ਼ਬਦ ਮਾਤਰ ਹੈ, ਅਖੀਰ ਇਹ ਰੱਥ ਹੈ ਕੀ? ਤੁਸੀਂ ਝੂਠ ਬੋਲਦੇ ਹੋ ਕਿ ਰੱਥ ਨਹੀਂ, ਮਹਾਰਾਜ ਸਾਰੇ ਜੰਬੂ ਦੀਪ (ਭਾਰਤ) ਦੇ ਆਪ ਸਭ ਤੋਂ ਵੱਡੇ ਰਾਜਾ ਹੋ, ਭਲਾ ਕਿਸ ਤੋਂ ਡਰਕੇ ਆਪ ਝੂਠ ਬੋਲਦੇ ਹੋ ?”

“ਭੰਤੇ ਨਾਗਸੇਨ! ਮੈਂ ਝੂਠ ਨਹੀਂ ਬੋਲਦਾ।  ਹਰੀਸ ਆਦਿ ਰਥ ਦੇ ਅੰਗਾਂ ਦੇ ਅਧਾਰ ‘ਤੇ, ਕੇਵਲ ਵਿਚਾਰ ਦੇ ਲਈ ਰੱਥ ਹੈ, ਐਸਾ ਇੱਕ ਨਾਮ ਬੋਲਿਆ ਜਾਂਦਾ ਹੈ।”

“ਮਹਾਰਾਜ ! ਬਹੁਤ ਠੀਕ, ਤੁਸਾਂ ਜਾਣ  ਲਿਆ ਕਿ ਰੱਥ ਕੀ ਹੈ। ਇਸ ਤਰਾਂ ਮੇਰੇ ਕੇਸ ਆਦਿ ਦੇ ਅਧਾਰ ‘ਤੇ ਕੇਵਲ ਵਿਚਾਰ ਦੇ ਲਈ ‘ਨਾਗਸੇਨ’ ਐਸਾ ਇੱਕ ਨਾਮ ਬੋਲਿਆ ਜਾਂਦਾ  ਹੈ।  ਪਰ ਪਰਮਾਰਥ ਵਿੱਚ ‘ਨਾਗਸੇਨ’ ਕੋਈ ਇੱਕ ਪੁਰਖ ਮੌਜੂਦ ਨਹੀਂ ਹੈ।  ਭਿਖਸ਼ੂਣੀ ਵਜਰਾ ਨੇ ਭਗਵਾਨ ਦੇ ਸਾਹਮਣੇ ਇਸ ਲਈ ਕਿਹਾ ਸੀ,

“ਜਿਵੇਂ ਅੰਗਾ ਦੇ ਅਧਾਰ ‘ਤੇ ‘ਰੱਥ ਸੰਗਿਆ ਹੁੰਦੀ ਹੈ ਉਸੇ ਤਰਾਂ (ਰੂਪ ਆਦਿ) ਸਕੰਧਾਂ ਦੇ ਹੋਣ ਤੇ ਇੱਕ ਸੱਤਵ (ਜੀਵ) ਸਮਝਿਆ ਜਾਂਦਾ  ਹੈ।”
“ਮਹਾਰਾਜ! ਜਾਣ ਲੈਣਾ ਵਿਗਿਆਨ ਦੀ ਪਛਾਣ ਹੈ, ਠੀਕ ਤਰਾਂ ਸਮਝ ਲੈਣਾ, ਸਿਆਣਪ (ਪ੍ਰੱਗਿਆ) ਦੀ ਪਛਾਣ ਹੈ।”

“ਭੰਤੇ, ਜਿਵੇਂ ਜੀਵ ਕੋਈ ਚੀਜ ਹੀ ਨਹੀਂ ਹੈ ਤਾਂ ਸਾਡੇ ਲੋਕਾਂ ਵਿੱਚ ਇਹ ਕੀ ਹੈ ਜੋ ਅੱਖਾਂ ਰਾਹੀਂ ਰੂਪ ਨੂੰ ਵੇਖਦਾ ਹੈ, ਸਰੀਰ ਨਾਲ਼ ਸੰਘਰਸ਼ ਕਰਦਾ ਹੈ, ਕੰਨਾਂ ਨਾਲ਼ ਸ਼ਬਦਾਂ ਨੂੰ ਸੁਣਦਾ ਹੈ, ਨੱਕ ਨਾਲ ਗੰਧ ਨੂੰ ਸੁੰਘਦਾ ਹੈ, ਜੀਭ ਨਾਲ਼ ਸਵਾਦਾਂ ਨੂੰ ਚੱਖਦਾ ਹੈ,   ਮਨ ਨਾਲ਼ ਧਰਮਾਂ ਨੂੰ ਜਾਣਦਾ ਹੈ।”

“ਮਹਾਰਾਜ! ਜੇ ਸਰੀਰ ਤੋਂ ਵੱਖ ਕੋਈ ਜੀਵ ਹੈ, ਜੋ ਸਾਡੇ ਲੋਕਾਂ ਦੇ ਅੰਦਰੋਂ, ਅੱਖ ਨਾਲ਼ ਰੂਪ ਨੂੰ ਵੇਖਦਾ ਤਾਂ ਅੱਖ ਕੱਢ  ਦੇਣ ਤੇ ਵੱਡੇ ਛੇਕ ਵਿਚੋਂ ਉਸਨੂੰ ਹੋਰ ਵੀ ਚੰਗੀ ਤਰਾਂ ਵੇਖਣਾ ਚਾਹੀਦਾ ਹੈ।  ਕੰਨ ਕੱਟ ਦੇਣ ਤੇ ਵੱਡੇ ਛੇਕ ਵਿਚੋਂ, ਉਸਨੂੰ ਹੋਰ ਵੀ  ਚੰਗੀ ਤਰਾਂ ਸੁਣਨਾ ਚਾਹੀਦਾ ਹੈ। ਨੱਕ ਕੱਟ ਦੇਣ ਤੇ ਉਸਨੂੰ ਹੋਰ ਵੀ ਚੰਗੀ ਤਰਾਂ ਸੁੰਘਣਾ ਚਾਹੀਦਾ ਹੈ।  ਜੀਭ ਕੱਟ ਦੇਣ ਤੇ ਉਸਨੂੰ ਹੋਰ ਵੀ ਚੰਗੀ ਤਰਾਂ ਸਵਾਦ ਲੈਣਾ ਚਾਹੀਦਾ ਹੈ ਅਤੇ ਸਰੀਰ ਕੱਟ ਦੇਣ ਤੇ ਉਸਨੂੰ ਹੋਰ ਵੀ ਚੰਗੀ ਤਰਾਂ ਸੱਪਰਸ਼ ਕਰਨਾ ਚਾਹੀਦਾ ਹੈ।”

“ਨਹੀਂ ਭੰਤੇ, ਐਸੀ ਗੱਲ ਨਹੀਂ ਹੈ।”

“ਮਹਾਰਾਜ! ਤਾਂ ਸਾਡੇ ਲੋਕਾਂ ਦੇ ਅੰਦਰ ਕੋਈ ਜੀਵ ਵੀ ਨਹੀਂ ਹੈ।”

ਆਤਮਾ ਦੇ ਨਾ ਮੰਨਣ ‘ਤੇ ਕੀਤੇ ਗਏ ਭਲੇ ਬੁਰੇ ਕਰਮਾਂ ਦੀ ਜਿੰਮੇਵਾਰੀ ਅਤੇ ਉਸ ਦੇ ਅਨੁਸਾਰ ਪ੍ਰਲੋਕ ਵਿੱਚ  ਸੁੱਖ ਦੁੱਖ ਭੋਗਣਾ ਕਿਵੇਂ ਹੋਵੇਗਾ, ਮਿਨਾਂਦਾਰ ਨੇ ਇਸਦੀ ਚਰਚਾ ਚਲਾਉਂਦੇ ਹੋਏ ਕਿਹਾ, 

“ਭੰਤੇ! ਕੌਣ ਜਨਮ ਗ੍ਰਹਿਣ ਕਰਦਾ ਹੈ?”

“ਮਹਾਰਾਜ ! ਨਾਮ (=ਵਿਗਿਆਨ) ਅਤੇ ਰੂਪ।”

“  ਕੀ ਇਹੋ ਨਾਮ – ਰੂਪ ਜਨਮ ਗ੍ਰਹਿਣ ਕਰਦਾ ਹੈ?”

“ਮਹਾਰਾਜ! ਇਹੋ ਨਾਮ ਅਤੇ ਰੂਪ ਜਨਮ ਗ੍ਰਹਿਣ ਨਹੀਂ ਕਰਦਾ ਹੈ। ਮਨੁੱਖ ਇਸ ਨਾਮ ਅਤੇ ਰੂਪ ਨਾਲ਼ ਪਾਪ ਜਾਂ ਪੁੰਨ ਕਰਦਾ ਹੈ, ਉਸ ਕਰਮ ਦੇ ਕਰਨ ਨਾਲ ਦੂਸਰਾ ਨਾਮ ਰੂਪ ਜਨਮ ਗ੍ਰਹਿਣ ਕਰਦਾ ਹੈ।”

“ਭੰਤੇ! ਤਦ ਤਾਂ ਪਹਿਲਾ ਨਾਮ ਤੇ ਰੂਪ ਆਪਣੇ ਕਰਮਾਂ ਤੋਂ ਮੁਕਤ ਹੋ ਗਿਆ।”

“ਮਹਾਰਾਜ! ਫਿਰ ਵੀ ਜਨਮ ਨਾ ਗ੍ਰਹਿਣ ਕਰੇ, ਤਾਂ ਮੁਕਤ ਹੋ ਗਿਆ, ਪਰ ਕਿਉਂਕਿ ਉਹ ਫਿਰ ਵੀ ਜਨਮ ਗ੍ਰਹਿਣ ਕਰਦਾ ਹੈ, ਇਸ ਲਈ ਮੁਕਤ ਨਹੀਂ ਹੁੰਦਾ।”

“ਉਪਮਾਂ ਦੇ ਕੇ ਸਮਝਾਓ!”

ਅੰਬ ਦੀ ਚੋਰੀ – ਕੋਈ ਆਦਮੀ ਕਿਸੇ ਦਾ ਅੰਬ ਚੁਰਾ ਲਵੇ ਉਸ ਅੰਬ ਦਾ ਮਾਲਕ ਫੜ ਕੇ ਉਸਨੂੰ ਰਾਜੇ ਕੋਲ਼ ਲੈ ਜਾਵੇ ਅਤੇ ਕਹੇ, “ਇਸ ਨੇ ਮੇਰਾ ਅੰਬ ਚੁਰਾਇਆ ਹੈ।” ਉਹ ਕਹੇ, “ਨਹੀਂ, ਮੈਂ ਇਸ ਦੇ ਅੰਬਾਂ ਨੂੰ ਨਹੀਂ ਚੁਰਾਇਆ।  ਇਸ ਨੇ ਜੋ ਅੰਬ ਚੁਰਾਇਆ ਸੀ ਉਹ ਦੂਸਰਾ ਸੀ, ਮੈਂ ਜੋ ਅੰਬ ਲਏ ਉਹ ਦੂਸਰੇ ਹਨ। …ਮਹਾਰਾਜ, ਹੁਣ ਦੱਸੋ ਇਸ ਨੂੰ ਸਜਾ ਮਿਲਣੀ ਚਾਹੀਦੀ ਹੈ ਜਾਂ ਨਹੀਂ।

“ …ਸਜਾ ਮਿਲਣੀ ਚਾਹੀਦੀ ਹੈ।”

“ ਕਿਉਂ?”

“ਭੰਤੇ! ਉਹ ਐਸਾ ਭਾਂਵੇ ਕਹਿੰਦਾ ਹੈ ਪਰ ਪਹਿਲੇ ਅੰਬ ਨੂੰ ਛੱਡ ਕੇ, ਦੂਜੇ ਨੂੰ ਚੁਰਾਉਣ ‘ਤੇ ਵੀ ਉਸਨੂੰ ਜਰੂਰ ਸਜ਼ਾ ਮਿਲਣੀ ਚਾਹੀਦੀ ਹੈ!”

“ਮਹਾਰਾਜ ਇਸੇ ਤਰਾਂ ਇਸ ਨਾਮ ਅਤੇ ਰੂਪ ਨਾਲ਼ ਪਾਪ ਜਾਂ ਪੁੰਨ ਕਰਦਾ ਹੈ।  ਉਹਨਾਂ ਕਰਮਾਂ ਨਾਲ ਦੂਸਰਾ ਨਾਮ ਰੂਪ ਜਨਮਦਾ ਹੈ।  ਇਸ ਲਈ ਉਹ ਆਪਣੇ ਕਰਮਾਂ ਤੋਂ ਮੁਕਤ ਨਹੀਂ ਹੋਇਆ।”

“ਅੱਗ ਦਾ ਪ੍ਰਵਾਸ – ਮਹਾਰਾਜ। .. ਕੋਈ ਆਪਣੇ ਸਿਆਲ ਵਿੱਚ ਅੱਗ ਬਾਲਕੇ ਸੇਕੇ ਅਤੇ ਉਸ ਨੂੰ ਬਿਨਾ ਬੁਝਾਏ ਛੱਡ ਕੇ ਚਲਾ ਜਾਏ।  ਉਹ ਅੱਗ ਕਿਸੇ ਦੂਸਰੇ ਆਦਮੀ ਦੇ  ਖੇਤ ਨੂੰ ਜਲਾ ਦੇਵੇ। …(ਫੜ ਕੇ ਰਾਜੇ ਕੋਲ ਲਿਜਾਣ ਤੇ ਉਹ ਆਦਮੀ ਬੋਲੇ।…) “ਮੈਂ ਖੇਤ ਨੂੰ ਨਹੀਂ ਜਲਾਇਆ।

ਉਹ ਦੂਸਰੀ ਹੀ ਅੱਗ ਸੀ ਜਿਹੜੀ ਮੈਂ ਬਾਲੀ ਸੀ ਅਤੇ ਉਹ ਦੂਸਰੀ ਹੈ ਜਿਸ ਨਾਲ ਖੇਤ ਜਲਿਆ ਹੈ। ਮੈਨੂੰ ਸਜਾ ਨਹੀਂ ਮਿਲਣੀ ਚਾਹੀਦੀ।”

“… ਮਹਾਰਾਜ! ਉਸ ਨੂੰ ਸਜਾ ਮਿਲਣੀ ਚਾਹੀਦੀ ਹੈ ਜਾਂ ਨਹੀਂ।”

“…ਮਿਲਣੀ ਚਾਹੀਦੀ ਹੈ। .. ਉਸ ਦੀ  ਅੱਗ ਨੇ ਹੀ ਵਧਦੇ ਵਧਦੇ, ਖੇਤ ਸਾੜ ਦਿੱਤਾ।”

“ਦੀਵੇ ਨਾਲ ਅੱਗ ਲੱਗਣੀ – ਕੋਈ ਆਦਮੀ ਦੀਵਾ  ਲੈਕੇ ਆਪਣੇ ਘਰ ਦੀ ਛੱਤ ‘ਤੇ ਜਾਵੇ ਤੇ ਭੋਜਨ ਕਰੇ। ਉਸ ਬਲਦੇ ਦੀਵੇ ਨਾਲ, ਕੁਝ ਤੀਲੀਆਂ ਨੂੰ ਅੱਗ ਲੱਗ ਜਾਏ।  ਉਹ ਤੀਲੇ ਘਰ ਨੂੰ (ਅੱਗ) ਲਗਾ ਦੇਣ, ਉਹ ਘਰ ਸਾਰੇ ਪਿੰਡ ਨੂੰ ਅੱਗ ਲਗਾ ਦੇਵੇ।  ਪਿੰਡ ਵਾਲ਼ੇ ਉਸ ਆਦਮੀ ਨੂੰ ਫੜਕੇ ਕਹਿਣ। … ਤੂੰ ਪਿੰਡ ਨੂੰ ਕਿਉਂ ਅੱਗ ਲਗਾਈ ? ਇਸਤੇ ਉਹ ਕਹੇ – ਮੈਂ ਪਿੰਡ ਨੂੰ ਅੱਗ ਨਹੀਂ ਲਗਾਈ। ਉਸ ਦੀਵੇ ਦੀ ਅੱਗ ਦੂਸਰੀ ਹੀ ਸੀ ਜਿਸਨੇ ਪਿੰਡ ਜਲਾਇਆ।  ਇਸ ਤਰਾਂ ਝਗੜਾ ਕਰਦੇ ਉਹ ਤੁਹਾਡੇ ਕੋਲ ਆਉਣ, ਤੁਸੀਂ ਕੀ ਫੈਸਲਾ ਦਿਓਗੇ?”

“ਭੰਤੇ! ਪਿੰਡ ਵਾਲ਼ਿਆਂ ਵਲ। …”

“ਮਹਾਰਾਜ! ਇਸੇ ਤਰਾਂ ਜੇ ਮੌਤ ਦੇ ਨਾਲ ਨਾਮ ਅਤੇ ਰੂਪ ਦਾ ਲੈ ਹੁੰਦਾ ਹੈ ਅਤੇ ਜਨਮ ਦੇ ਨਾਲ ਦੂਸਰਾ ਨਾਮ ਅਤੇ ਰੂਪ ਉਠ ਖੜਾ ਹੁੰਦਾ ਹੈ, ਪਰ ਇਹ ਵੀ ਉਸੇ ਨਾਲ ਹੁੰਦਾ ਹੈ।  ਇਸ ਲਈ ਉਹ ਆਪਣੇ ਕਰਮਾਂ ਤੋਂ ਮੁਕਤ ਨਹੀਂ ਹੁੰਦਾ।”

“ਵਿਆਹੀ ਕੰਨਿਆ – ਮਹਾਰਾਜ ਕੋਈ ਆਦਮੀ ਰੁਪਏ ਦੇ ਕੇ ਇੱਕ  ਛੋਟੀ ਲੜਕੀ ਨਾਲ ਵਿਆਹ ਕਰਾਕੇ ਦੂਰ ਚਲਾ ਜਾਵੇ।  ਕੁਝ ਦਿਨਾਂ ਬਾਦ ਵਧ ਕੇ ਉਹ ਜਵਾਨ ਹੋ ਜਾਏ।  ਫਿਰ ਕੋਈ ਦੂਸਰਾ ਆਦਮੀ ਰੁਪਏ ਦੇ ਕੇ ਉਸ ਨਾਲ਼ ਵਿਆਹ ਕਰ ਲਏ।  ਬਾਦ ਵਿੱਚ ਪਹਿਲਾ ਆਦਮੀ ਆਕੇ ਕਹੇ, “ਤੂੰ ਮੇਰੀ ਇਸਤਰੀ ਨੂੰ ਕਿਉਂ ਭਜਾ ਕੇ ਲੈ ਗਿਆ “ਇਸ ਤੇ ਉਹ ਜਵਾਬ ਦੇਵੇ “ਮੈਂ ਤੁਹਾਡੀ ਇਸਤਰੀ ਨੂੰ ਨਹੀਂ  ਕੱਢਿਆ ਉਹ ਛੋਟੀ ਲੜਕੀ ਦੂਸਰੀ ਹੀ ਸੀ, ਜਿਸ ਨਾਲ ਤੂੰ ਵਿਆਹ  ਕੀਤਾ ਸੀ ਅਤੇ ਜਿਸ ਲਈ ਪੈਸੇ ਦਿੱਤੇ ਸਨ।  ਇਹ ਸਿਆਣੀ ਜਵਾਨ ਔਰਤ ਦੂਸਰੀ ਹੀ ਹੈ ਜਿਸ ਨਾਲ ਮੈ ਵਿਆਹ ਕੀਤਾ ਹੈ।  ਇਸ ਤਰਾਂ ਜੇ ਦੋਵੇਂ ਝਗੜਦੇ ਹੋਣ, ਤੁਹਾਡੇ ਕੋਲ਼ ਆਉਣ ਤਾਂ ਤੁਸੀਂ ਕਿੱਧਰ ਫੈਸਲਾ ਦਿਉਂਗੇ।”

“ਪਹਿਲੇ ਆਦਮੀ ਵੱਲ!… ਕਿਉਂਕਿ ਉਹੀ ਲੜਕੀ ਵਧ ਕੇ ਸਿਆਣੀ ਹੋਈ ਹੈ।”

“ਭੰਤੇ! ਜੋ ਪੈਦਾ ਹੁੰਦਾ ਹੈ, ਉਹ ਉਹੋ ਵਿਅਕਤੀ ਹੈ ਜਾਂ ਦੂਸਰਾ?”

ਨਾ ਉਹੋ ਅਤੇ ਨਾ ਹੀ ਦੂਸਰਾ ਹੈ। ਜਦੋਂ ਤੁਸੀਂ ਬੱਚੇ ਸੋ ਅਤੇ ਮੰਜੇ ਤੇ ਪੁੱਠੇ ਲੇਟਦੇ ਸੋ, ਕੀ ਹੁਣ ਤੱਕ ਵੱਡੇ ਹੋ ਕੇ ਵੀ ਉਹੀ ਹੋ?”

“ਨਹੀਂ ਭੰਤੇ, ਹੁਣ ਮੈਂ ਦੂਸਰਾ ਹੋ ਗਿਆ ਹਾਂ।”

“ਮਹਾਰਾਜ ! ਜੇ ਤੁਸੀਂ ਉਹੋ ਬੱਚਾ ਨਹੀਂ ਹੋ, ਤਾਂ ਹੁਣ ਤੁਹਾਡੀ ਕੋਈ ਮਾਂ ਵੀ ਨਹੀਂ ਹੈ, ਕੋਈ ਪਿਤਾ ਵੀ ਨਹੀਂ ਹੈ, ਕੋਈ ਗੁਰੂ ਵੀ ਨਹੀਂ।  ਕਿਉਂਕਿ ਇਹ ਤਾਂ ਗਰਭ ਦੀਆਂ ਭਿੰਨ ਭਿੰਨ ਮਾਤਾਵਾਂ ਹੋਣਗੀਆਂ। ਵੱਡੇ ਹੋਣ ‘ਤੇ ਮਾਤਾ ਵੀ ਹੋਰ ਹੋ ਜਾਏਗੀ।  ਸ਼ਿਲਪ ਸਿੱਖਣ ਵਾਲਾ (ਵਿਦਿਆਰਥੀ) ਦੂਸਰਾ ਅਤੇ ਸਿੱਖ ਕੇ ਤਿਆਰ (ਹੋ ਜਾਣ ਤੇ) … ਦੂਸਰਾ ਹੋਏਗਾ। ਅਪਰਾਧ ਕਰਨ ਵਾਲ਼ਾ ਦੂਸਰਾ ਹੋਵੇਗਾ ਅਤੇ (ਉਸਦੇ ਲਈ) ਹੱਥ ਪੈਰ ਕਿਸੇ ਦੂਸਰੇ ਦੇ ਕੱਟੇ ਜਾਣਗੇ।”

“ਭੰਤੇ! ਤੁਸਾਂ ਕੀ ਦੱਸਣਾ ਚਾਹੁੰਦੇ ਹੋ?”

“ਮਹਾਰਾਜ ! ਮੈਂ ਬਚਪਨ ਵਿੱਚ ਦੂਸਰਾ ਸੀ ਅਤੇ ਇਸ ਸਮੇਂ ਵੱਡਾ ਹੋਕੇ ਦੂਸਰਾ ਹੋ ਗਿਆ ਹਾਂ ,  ਵੱਖ ਵੱਖ ਅਵਸਥਾਵਾਂ ਇਸ ਸਰੀਰ ‘ਤੇ ਹੀ ਘਟਣ ਨਾਲ ਇੱਕ ਹੀ ਵਿੱਚ ਲੈ ਲਈਆਂ ਜਾਂਦੀਆਂ ਹਨ।”

“ਜੇ ਕੋਈ ਆਦਮੀ ਦੀਵਾ  ਬਾਲੇ ਤਾਂ ਉਹ ਰਾਤ ਭਰ ਬਲਦਾ ਰਹੇਗਾ ਨਾਂ?”

“ਰਾਤ ਭਰ ਬਲਦਾ ਰਹੇਗਾ!”

“ਮਹਾਰਾਜ! ਰਾਤ ਦੇ  ਪਹਿਲੇ ਪਹਿਰ ਦੀਵੇ ਦੀ ਜੋ ਲੋਅ  ਸੀ ਕੀ ਉਹ ਦੂਜੇ ਜਾਂ ਤੀਜੇ ਪਹਿਰ ਵੀ ਬਣੀ ਰਹਿੰਦੀ ਹੈ?”

“ਨਹੀ ਭੰਤੇ!”

“ਮਹਾਰਾਜ ! ਤਾਂ ਕੀ ਦੀਵਾ ਪਹਿਲੇ ਪਹਿਰ ਵਿੱਚ ਹੋਰ, ਦੂਸਰੇ  ਤੇ ਤੀਸਰੇ  ਪਹਿਰ ਵਿੱਚ ਹੋਰ ਹੋ ਜਾਂਦਾ  ਹੈ।”  

“ਨਹੀਂ ਭੰਤੇ ! ਉਹੋ ਦੀਵਾ ਸਾਰੀ ਰਾਤ ਬਲਦਾ ਰਹਿੰਦਾ ਹੈ।”

“ਮਹਾਰਾਜ ਠੀਕ ਇਸੇ  ਤਰਾਂ ਕਿਸੇ ਵਸਤੂ ਦੀ ਹੋਂਦ ਦੇ ਸਿਲਸਿਲੇ ਵਿੱਚ ਇੱਕ ਅਵਸਥਾ ਉਤਪੰਨ ਹੁੰਦੀ ਹੈ, ਇੱਕ ਲੋ  (ਖਤਮ) ਹੁੰਦੀ ਹੈ…..ਅਤੇ ਇਸ  ਤਰਾਂ ਪ੍ਰਵਾਹ ਜਾਰੀ ਰਹਿੰਦਾ ਹੈ। ਇੱਕ ਪ੍ਰਵਾਹ ਦੀਆਂ ਦੋ ਅਵਸਥਾਵਾਂ ਵਿੱਚ ਇੱਕ ਛਿਨ ਦਾ ਵੀ ਫਰਕ ਨਹੀਂ ਹੁੰਦਾ, ਕਿਉਂਕਿ ਇੱਕ ਦੇ ਲੈ ਹੋਣ ‘ਤੇ ਹੀ ਦੂਸਰੀ ਉਤਪੰਨ ਹੋ ਜਾਂਦੀ ਹੈ। ਇਸੇ ਕਾਰਨ ਨਾ (ਉਹ) ਉਹੋ ਜੀਵ ਹੈ ਅਤੇ ਨਾ ਦੂਸਰਾ ਹੀ ਹੋ ਜਾਂਦਾ  ਹੈ। ਇੱਕ ਜਨਮ ਦੇ ਅੰਤਮ ਵਿਗਿਆਨ (=ਚੇਤਨਾ ) ਦੇ ਲੈ ਹੁੰਦੇ ਹੀ ਦੂਸਰੇ ਜਨਮ ਦਾ ਪ੍ਰਥਮ ਵਿਗਿਆਨ ਉਠ ਖੜਾ ਹੁੰਦਾ ਹੈ।  

“ਭੰਤੇ ! ਜਦੋਂ  ਇੱਕ ਨਾਮ ਰੂਪ ਨਾਲ ਚੰਗੇ ਜਾਂ ਬੁਰੇ ਕੰਮ ਕੀਤੇ ਜਾਂਦੇ ਹਨ, ਤਾਂ ਉਹ ਕਰਮ ਕਿੱਥੇ ਠਹਿਰਦੇ ਹਨ?”

“ਮਹਾਰਾਜ ਕਦੀ ਵੀ ਪਿੱਛਾ ਨਾ ਛੱਡਣ  ਵਾਲੇ  ਪ੍ਰਛਾਵੇਂ ਦੀ ਤਰਾਂ ਉਹ  ਕਰਮ ਉਸਦਾ ਪਿੱਛਾ ਕਰਦੇ ਹਨ।”

“ਭੰਤੇ ! ਕੀ ਉਹ ਕਰਮ ਵਿਖਾਏ ਜਾ ਸਕਦੇ ਹਨ (ਕਿ) ਉਹ ਉੱਥੇ ਠਹਿਰੇ ਹਨ ?”

“ਮਹਾਰਾਜ ! ਉਹ ਇਸ ਤਰਾਂ ਨਹੀਂ ਵਿਖਾਏ ਜਾ ਸਕਦੇ।…ਕੀ ਕੋਈ ਦਰਖ਼ਤ ਦੇ ਉਹਨਾਂ ਫਲ਼ਾਂ ਨੂੰ ਵਿਖਾ ਸਕਦਾ ਹੈ ਜੋ ਅਜੇ ਲੱਗੇ ਹੀ ਨਹੀਂ…?”

ਬੁੱਧ ਨੇ ਵਿਸ਼ਵ ਦੇ ਮੂਲ ਤੱਤ ਨੂੰ ਵਿਗਿਆਨ (=ਨਾਮ ) ਅਤੇ ਪਦਾਰਥਕ ਤੱਤ (=ਰੂਪ ) ਵਿੱਚ ਵੰਡਿਆ ਹੈ, ਇਸ ਬਾਰੇ ਮਿਨਾਂਦਰ ਨੇ ਪੁੱਛਿਆ –

            “ਭੰਤੇ ! ਨਾਮ ਕੀ ਚੀਜ ਹੈ ਅਤੇ ਰੂਪ ਕੀ ਚੀਜ?”

“ਮਹਾਰਾਜ ! ਜਿੰਨੀਆਂ ਸਥੂਲ ਚੀਜਾਂ ਹਨ, ਸਾਰੀਆਂ ਰੂਪ ਹਨ। ਜੋ ਸੂਖਮ ਮਾਨਸਿਕ ਧਰਮ ਹਨ, ਸਾਰੀਆਂ ਨਾਮ ਦੋਨੋਂ ਇੱਕ ਦੂਜੇ ‘ਤੇ ਨਿਰਭਰ ਹਨ। ਇੱਕ, ਦੂਸਰੇ ਦੇ ਬਿਨਾਂ ਠਹਿਰ ਨਹੀਂ ਸਕਦਾ।  ਦੋਵੇਂ ਸਦਾ ਸਾਥ ਹੀ ਹੁੰਦੇ ਹਨ। …ਕਿਉਂਕਿ ਜੇ ਮੁਰਗੀ ਦੇ ਪੇਟ ਵਿੱਚ (ਬੀਜ ਰੂਪ ਵਿੱਚ) ਬੱਚਾ  ਨਾ ਹੋਵੇ ਤਾਂ ਅੰਡਾ ਵੀ  ਨਹੀਂ ਹੋ ਸਕਦਾ, ਕਿਉਂਕਿ ਬੱਚਾ ਅਤੇ ਅੰਡਾ ਇੱਕ ਦੂਜੇ ‘ਤੇ ਨਿਰਭਰ ਹਨ।  ਦੋਵੇਂ ਇੱਕ ਸਾਥ ਹੀ ਹੁੰਦੇ ਹਨ। ਇਹ (ਸਦਾ ਤੋਂ)… ਹੁੰਦਾ ਆਇਆ ਹੈ।…

ਮਿਨਾਂਦਰ  ਨੇ ਨਿਰਵਾਣ ਬਾਰੇ ਪੁੱਛਦੇ ਹੋਏ ਕਿਹਾ –

“ਭੰਤੇ! ਕੀ ਨਿਰੋਧ ਹੋ ਜਾਣਾ ਹੀ ਨਿਰਵਾਣ ਹੈ ?”

“ਹਾਂ ਮਹਾਰਾਜ ! ਨਿਰੋਧ ਹੋ ਜਾਣਾ ਹੀ ਨਿਰਵਾਣ ਹੈ।  …… ਸਾਰੇ ਅਗਿਆਨੀ….. ਵਿਸ਼ਿਆਂ ਦੇ ਉਪਭੋਗ ਵਿੱਚ ਲੱਗੇ ਰਹਿੰਦੇ ਹਨ। ਉਹ ਉਸ ਧਾਰਾ ਵਿੱਚ ਪਏ ਰਹਿੰਦੇ ਹਨ ; ਬਾਰ ਬਾਰ ਜਨਮ ਲੈਂਦੇ, ਬੁਢੇ ਹੁੰਦੇ, ਮਰਦੇ, ਸ਼ੋਕ ਕਰਦੇ, ਰੋਂਦੇ ਪਿੱਟਦੇ, ਦੁਖ ਬੇਚੈਨੀ ਤੇ ਪ੍ਰੇਸ਼ਾਨੀ ਤੋਂ ਨਹੀਂ ਛੁੱਟਦੇ। (ਉਹ) ਦੁੱਖ ਹੀ ਦੁੱਖ ਵਿੱਚ ਪਏ ਰਹਿੰਦੇ ਹਨ। ਮਹਾਰਾਜ ! ਪ੍ਰੰਤੂ ਗਿਆਨੀ……. ਵਿਸ਼ਿਆਂ ਤੇ ਭੋਗ (=ਉਪਾਦਾਨ ) ਵਿੱਚ ਨਹੀਂ ਲੱਗੇ ਰਹਿੰਦੇ।   ਇਸ  ਲਈ ਉਹਨਾਂ ਦੀ ਤ੍ਰਿਸ਼ਨਾ ਦਾ ਨਿਰੋਧ ਹੋ ਜਾਂਦਾ  ਹੈ। ਉਪਾਦਾਨ ਦੇ ਨਿਰੋਧ ਨਾਲ ਭਵ (=ਆਵਾਗਮਨ ) ਦਾ ਨਿਰੋਧ ਹੋ ਜਾਂਦਾ  ਹੈ। ਭਵ ਦੇ ਨਿਰੋਧ ਨਾਲ ਜਨਮ ਲੈਣਾ ਬੰਦ ਹੋ ਜਾਂਦਾ  ਹੈ।… .(ਫਿਰ) ਬੁੱਢਾ ਹੋਣਾ, ਮਰਨਾ… ਸਾਰੇ ਦੁਖ ਬੰਦ (ਨਿਰੁੱਧ) ਹੋ ਜਾਂਦੇ ਹਨ। ਮਹਾਰਾਜ ! ਇਸ ਤਰਾਂ ਨਿਰੋਧ ਹੋ ਜਾਣਾ ਹੀ ਨਿਰਵਾਣ ਹੈ…?

“ਬੁੱਧ ਕਿੱਥੇ ਹਨ?”

“ਮਹਾਰਾਜ ! ਭਗਵਾਨ ਪਰਮ ਨਿਰਵਾਣ ਨੂੰ ਪ੍ਰਾਪਤ ਹੋ ਗਏ ਹਨ, ਜਿਸ ਦੇ ਬਾਦ ਉਹਨਾਂ ਦੀ ਸਖਸ਼ੀਅਤ ਨੂੰ ਬਣਾਈ ਰੱਖਣ ਦੇ ਲਈ ਕੁਛ ਵੀ ਨਹੀਂ ਰਹਿ ਜਾਂਦਾ…”

“ਭੰਤੇ ! ਉਪਮਾ ਦੇ ਕੇ ਸਮਝਾਓ”

“ਮਹਾਰਾਜ ! ਕੀ ਹੋ ਕੇ ਬੁਝ੍ਹ ਗਈ ਬਲਦੀ ਅੱਗ ਦੀ ਲਾਟ ਦਿਖਾਈ  ਜਾ ਸਕਦੀ ਹੈ?”

“ ਨਹੀਂ ਭੰਤੇ ! ਉਹ ਲਾਟ ਤਾਂ ਬੁਝ ਗਈ।”

ਇਹ ਵਾਰਤਾਲਾਪ ਜੋ ਬੋਧੀ ਗ੍ਰੰਥਾਂ ਵਿੱਚ ਮਿਲਿੰਦ ਪ੍ਰਸ਼ਨ  ਦੇ ਨਾਂ ਨਾਲ  ਮਸ਼ਹੂਰ ਹੈ, ਬੁੱਧ ਦਰਸ਼ਨ  ਦੇ  ਸਾਰ ਨੂੰ ਸਮਝਣ ਵਿੱਚ ਸਾਡੀ ਸਹਾਇਤਾ ਕਰਦੀ ਹੈ।

      ਦਰਸ਼ਨ, ਸਮਾਜਕ ਚੇਤਨਾ ਦੇ ਹੋਰ ਰੂਪਾਂ ਵਾਂਗ,  ਬੁਨਿਆਦੀ ਪੈਦਾਵਾਰੀ ਸਬੰਧਾਂ ਦੇ ਅਧਾਰ ‘ਤੇ ਬਣਨ ਵਾਲ਼ੇ ਉੱਚ ਉਸਾਰ ਦਾ ਹੀ ਹਿੱਸਾ ਹੁੰਦਾ ਹੈ। ਇਹ  ਆਪਣੇ ਸਮੇਂ ਦੀਆਂ ਬਾਹਰਮੁਖੀ ਹਾਲਤਾਂ ਦਾ ਹੀ ਪ੍ਰਤੀਬਿੰਬ ਹੁੰਦਾ ਹੈ। ਸਾਨੂੰ ਇਸੇ ਪ੍ਰਸੰਗ ਵਿੱਚ ਹੀ ਬੁੱਧ ਦਰਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

        ਤੇਜ ਤਬਦੀਲੀਆਂ ਜੋ ਬੁੱਧ ਦੀਆਂ ਅੱਖਾਂ ਸਾਹਮਣੇ ਵਾਪਰ ਰਹੀਆਂ ਸਨ ਉਹਨਾ ਕਾਰਨ ਉਹ ਮਹਾਂਨ ਵਿਦਵਾਨ ਪਲ ਪਲ ਬਦਲਣ ਦਾ ਇਨਕਲਾਬੀ ਸਿਧਾਂਤ ਦੇ ਸਕਣ ਦੇ ਸਮਰਥ ਹੋ ਸਕਿਆ।  ਦੂਜੇ ਪਾਸੇ  ਬੁੱਧ ਦਰਸ਼ਨ ਦੇ ਅਪਦਾਰਥਵਾਦੀ ਜਾਂ ਵਿਚਾਰਵਾਦੀ ਪੱਖ ਦੀਆਂ ਜੜ੍ਹਾਂ, ਉਸ ਵੇਲੇ ਦੇ ਜਮਾਤੀ ਪ੍ਰਬੰਧ  ਵਿੱਚ ਹਨ।

-17-9-14

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements