ਬ੍ਰਤੋਲਤ ਬ੍ਰੈਖਤ ਦੀਆਂ ਕਵਿਤਾਵਾਂ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਗਲੀ ਪੀੜ੍ਹੀ ਦੇ ਨਾਮ

(1)
ਸੱਚਮੁੱਚ ਮੈਂ ਹਨ੍ਹੇਰੇ ਯੁੱਗ ਵਿੱਚ ਜੀ ਰਿਹਾ ਹਾਂ
ਸਿੱਧੀ-ਸਾਧੀ ਗੱਲ ਦਾ ਮਤਲਬ ਬੇਵਕੂਫ਼ੀ ਹੈ
ਅਤੇ ਸਪਾਟ ਮੱਥਾ ਦਿਖਾਉਂਦਾ ਹੈ ਉਦਾਸੀਨਤਾ

ਉਹ, ਜੋ ਹੱਸ ਰਿਹਾ ਹੈ
ਸਿਰਫ਼ ਇਸ ਲਈ ਕਿ ਭਿਆਨਕ ਖ਼ਬਰਾਂ
ਹਾਲੇ ਉਸ ਤੱਕ ਨਹੀਂ ਪਹੁੰਚੀਆਂ ਹਨ।

ਕੇਹਾ ਜਨਮ ਹੈ
ਕਿ ਰੁੱਖਾਂ ਬਾਰੇ ਗੱਲਬਾਤ ਵੀ ਲਗਭਗ ਜ਼ੁਰਮ ਹੈ
ਕਿਉਂਕਿ ਇਸ ਵਿੱਚ ਬਹੁਤ ਸਾਰੇ ਕੰਮਾਂ ਬਾਰੇ ਸਾਡੀ
  ਚੁੱਪ ਵੀ ਸ਼ਾਮਲ ਹੈ।

ਉਹ ਜੋ ਚੁੱਪਚਾਪ ਸੜਕ ਪਾਰ ਕਰ ਰਿਹਾ ਹੈ
ਕੀ ਉਹ ਆਪਣੇ ਖ਼ਤਰੇ ‘ਚ ਪਏ ਹੋਏ ਦੋਸਤਾਂ
ਦੀ ਪਹੁੰਚ ਤੋਂ ਬਾਹਰ ਨਹੀਂ ਹੈ?

ਇਹ ਸੱਚ ਹੈ: ਮੈਂ ਵੀ ਆਪਣੀ ਰੋਜ਼ੀ ਕਮਾ ਰਿਹਾ ਹਾਂ
ਪਰ ਭਰੋਸਾ ਕਰੋ, ਇਹ ਮਹਿਜ਼ ਸੰਯੋਗ ਹੈ

ਇਸ ਵਿੱਚ ਅਜਿਹਾ ਕੁੱਝ ਨਹੀਂ ਹੈ
ਕਿ ਮੇਰੀ ਢਿੱਡ-ਭਰਾਈ ਜਾਇਜ਼ ਸਿੱਧ ਹੋ ਸਕੇ

ਇਹ ਇਤਫ਼ਾਕ ਹੈ ਕਿ ਮੈਨੂੰ ਬਖਸ਼ ਦਿੱਤਾ ਗਿਆ ਹੈ
(ਕਿਸਮਤ ਖੋਟੀ ਹੋਈ ਤਾਂ ਮੈਨੂੰ ਬਖਸ਼ ਦਿੱਤਾ ਜਾਵੇਗਾ)

ਉਹ ਮੈਨੂੰ ਕਹਿੰਦੇ ਹਨ: ਖਾ, ਪੀ ਅਤੇ ਮੌਜ ਕਰ
 ਕਿਉਂਕਿ ਤੇਰੇ ਕੋਲ ਹੈ

ਪਰ ਮੈਂ ਕਿਵੇਂ ਖਾ ਪੀ ਸਕਦਾ ਹਾਂ
ਜਦਕਿ ਜੋ ਮੈਂ ਖਾ ਰਿਹਾ ਹਾਂ, ਉਹ ਭੁੱਖੇ ਤੋਂ
    ਖੋਇਆ ਹੋਇਆ ਹੈ

ਅਤੇ ਮੇਰਾ ਪਾਣੀ ਦਾ ਗਿਲਾਸ ਇੱਕ ਤਿਹਾਏ
ਮਰਦੇ ਇਨਸਾਨ ਦੀ ਜ਼ਰੂਰਤ ਹੈ

ਅਤੇ ਫ਼ਿਰ ਵੀ ਮੈਂ ਖਾਂਦਾ ਅਤੇ ਪੀਂਦਾ ਹਾਂ।
ਮੈਂ ਸਿਆਣਾ ਵੀ ਹੋਣਾ ਪਸੰਦ ਕਰਦਾ ਹਾਂ
ਪੁਰਾਣੀਆਂ ਪੋਥੀਆਂ ਦੱਸਦੀਆਂ ਹਨ ਕਿ
   ਕੀ ਹੈ ਸਿਆਣਪ:
ਦੁਨੀਆਂ ਦੇ ਜੱਭਾਂ ਨੂੰ ਦੂਰ ਰੱਖਣਾ
ਅਤੇ ਛੋਟੀ ਜਿਹੀ ਜ਼ਿੰਦਗੀ ਨਿਡਰ ਜੀਣਾ
ਅਹਿੰਸਾ ਦਾ ਪਾਲਣ
ਅਤੇ ਬੁਰਾਈ ਬਦਲੇ ਭਲਾਈ
ਆਪਣੀਆਂ ਇੱਛਾਵਾਂ ਦੀ ਪੂਰਤੀ ਦੀ ਬਜਾਇ
ਉਹਨਾਂ ਨੂੰ ਭੁੱਲ ਜਾਣਾ
ਇਹੋ ਸਿਆਣਪ ਹੈ।
ਇਹੋ ਸਭ ਮੇਰੇ ਵੱਸ ‘ਚ ਨਹੀਂ
ਸੱਚਮੁੱਚ ਮੈਂ ਹਨ੍ਹੇਰੇ ਯੁੱਗ ਵਿੱਚ ਜੀ ਰਿਹਾ ਹਾਂ।

(2)
ਮੈਂ ਅਰਾਜਕਤਾ ਦੇ ਦੌਰ ‘ਚ ਆਇਆ ਸ਼ਹਿਰ ‘ਚ
ਜਦ ਭੁੱਖ ਦਾ ਸਾਮਰਾਜ ਸੀ
ਬਗਾਵਤ ਦੌਰਾਨ ਲੋਕਾਂ ਨੂੰ ਮਿਲ਼ਿਆ
ਅਤੇ ਮੈਂ ਵੀ ਉਹਨਾਂ ‘ਚ ਸ਼ਿਰਕਤ ਕੀਤੀ
ਇਸ ਤਰ੍ਹਾਂ ਲੰਘਿਆ ਮੇਰਾ ਵਕਤ
ਜੋ ਮੈਨੂੰ ਦੁਨੀਆਂ ‘ਚ ਮਿਲ਼ਿਆ ਸੀ।

ਕਤਲੇਆਮ ‘ਚ ਮੈਂ ਖਾਣਾ ਖਾਧਾ
ਸੁੱਤਾ ਕਾਤਲਾਂ ਦਰਮਿਆਨ
ਪ੍ਰੇਮ ‘ਚ ਰਿਹਾ ਪੂਰੀ ਤਰ੍ਹਾਂ ਲਾਪਰਵਾਹ
ਅਤੇ ਕੁਦਰਤ ਨੂੰ ਦੇਖਿਆ ਕਾਹਲ਼ੀ ‘ਚ
ਇਸ ਤਰ੍ਹਾਂ ਲੰਘਿਆ ਮੇਰਾ ਵਕਤ
ਜੋ ਮੈਨੂੰ ਦੁਨੀਆਂ ਵਿੱਚ ਮਿਲ਼ਿਆ ਸੀ।

ਮੇਰੇ ਜਮਾਨੇ ਦੀਆਂ ਸੜਕਾਂ
ਦਲਦਲ ਤੱਕ ਜਾਂਦੀਆਂ ਸਨ
ਭਾਸ਼ਾ ਨੇ ਮੈਨੂੰ ਕਾਤਿਲਾਂ ਦੇ ਹਵਾਲੇ ਕਰ ਦਿੱਤਾ
ਮੈਂ ਹੋਰ ਕਰ ਹੀ ਕੀ ਸਕਦਾ ਸੀ
ਫ਼ਿਰ ਵੀ ਹਾਕਮ ਹੋਰ ਵਧੇਰੇ ਚੈਨ ਨਾਲ ਟਿਕੇ ਰਹਿੰਦੇ
   ਮੇਰੇ ਬਗੈਰ
ਇਹੋ ਸੀ ਮੇਰੀ ਉਮੀਦ    
ਇਸ ਤਰ੍ਹਾਂ ਲੰਘਿਆ ਮੇਰਾ ਵਕਤ
ਜੋ ਮੈਨੂੰ ਦੁਨੀਆਂ ਵਿੱਚ ਮਿਲ਼ਆ ਸੀ।
ਤਾਕਤ ਬਹੁਤ ਥੋੜੀ ਸੀ, ਮੰਜ਼ਿਲ
   ਬਹੁਤ ਦੂਰ,

ਉਹ ਦਿਖਦੀ ਸੀ
ਸਾਫ਼, ਭਾਵੇਂ ਕਿ ਮੇਰੇ ਲਈ ਪਹੁੰਚਣਾ ਸੀ
                      ਮੁਸ਼ਕਿਲ
ਇਸ ਤਰ੍ਹਾਂ ਲੰਘਿਆ ਮੇਰਾ ਵਕਤ
ਜੋ ਮੈਨੂੰ ਦੁਨੀਆਂ ਵਿੱਚ ਮਿਲਿਆ ਸੀ।

(3)
ਤੂੰ ਜੋ ਕਿ ਇਸ ਹੜ੍ਹ ਤੋਂ ਉੱਭਰੇਂਗਾ
ਜਿਸ ਵਿੱਚ ਕਿ ਅਸੀਂ ਡੁੱਬ ਗਏ
ਜਦ ਸਾਡੀਆਂ ਕਮਜ਼ੋਰੀਆਂ ਦੀ ਗੱਲ ਕਰੇਂ
ਤਾਂ ਉਸ ਹਨ੍ਹੇਰੇ ਯੁੱਗ ਬਾਰੇ ਵੀ ਸੋਚਣਾ
ਜਿਸ ਤੋਂ ਤੂੰ ਬਚਿਆ ਰਿਹਾ
ਜੁੱਤੀਆਂ ਨਾਲ਼ੋਂ ਜ਼ਿਆਦਾ ਦੇਸ਼ ਬਦਲਦੇ ਹੋਏ
ਜਮਾਤੀ-ਘੋਲ਼ਾਂ ਵਿੱਚੋਂ ਲੰਘਦੇ ਹੋਏ
ਫ਼ਿਕਰਾਂ ‘ਚ ਡੁੱਬੇ
ਜਦੋਂ ਸਿਰਫ਼ ਅਨਿਆਂ ਸੀ ਅਤੇ ਕੋਈ
ਟਾਕਰਾ ਨਹੀਂ ਸੀ।
ਅਸੀਂ ਇਹ ਵੀ ਜਾਣਦੇ ਹਾਂ ਕਿ
ਕਮੀਨਗੀ ਪ੍ਰਤੀ ਨਫ਼ਰਤ ਵੀ
ਚਿਹਰਾ ਵਿਗਾੜ ਦਿੰਦੀ ਹੈ
ਅਨਿਆਂ ਵਿਰੱਧ ਗੁੱਸਾ ਵੀ
ਅਵਾਜ਼ ਨੂੰ ਸਖ਼ਤ ਕਰ ਦਿੰਦਾ ਹੈ
ਆਹ ਅਸੀਂ
ਜੋ ਭਾਈਚਾਰੇ ਦੀ ਜ਼ਮੀਨ ਤਿਆਰ ਕਰਨਾ ਚਾਹੁੰਦੇ ਸੀ
ਖ਼ੁਦ ਨਹੀਂ ਨਿਭਾ ਸਕੇ ਭਾਈਚਾਰਾ
ਪਰ ਤੂੰ ਜਦ ਅਜੇਹੀਆਂ ਹਾਲਤਾਂ ‘ਚ
ਆਵੇਂ
ਕਿ ਇਨਸਾਨ, ਇਨਸਾਨ ਦਾ ਮਦਦਗਾਰ ਹੋਵੇ
ਸਾਡੇ ਬਾਰੇ ਸੋਚਣਾ
ਤਾਂ ਰਿਆਇਤ ਨਾਲ਼।

ਜਲ਼ਦਾ ਹੋਇਆ ਰੁੱਖ

ਤਿਰਕਾਲ਼ ਦੇ ਧੂੜ ਨਾਲ ਲ਼ੱਥ-ਪੱਥ ਲਾਲ ਧੂੰਏ ‘ਚ
ਅਸੀਂ ਦੇਖਦੇ ਹਾਂ ਲਾਲ ਉੱਚੇ ਭਾਂਬੜਾ ਨੂੰ
ਸੁਲਗਦੇ-ਵਿੰਨ੍ਹਦੇ ਕਾਲ਼ੇ ਆਸਮਾਨ ਨੂੰ
ਹੁੰਮਸ ਭਰੇ ਸੱਨਾਟੇ ‘ਚ ਓਧਰ ਖੇਤਾਂ ‘ਚ
ਚਿੰਗਾੜੇ ਛੱਡਦਾ ਹੋਇਆ
ਜਲ਼ਦਾ ਹੈ ਰੁੱਖ।
ਡਰੀਆਂ ਹੋਈਆਂ ਇੱਕ-ਦੂਜੇ  ਨੂੰ ਘੂਰਦੀਆਂ – ਉੱਚੀਆਂ
ਤਣੀਆਂ ਟਹਿਣੀਆਂ  
ਕਾਲ਼ੀਆਂ ਲਾਲ ਚਿੰਗਾੜੀਆਂ ਦੀ ਵਾਛੜ ਦਾ
ਚੁਪਾਸੇ ਛਾਇਆ ਡੰਗਰਾਂ ਵਰਗਾ-ਉਦੰਡ ਨਾਚ।
ਧੂੰਏ ‘ਚ ਧਦਕਦਾ ਲਾਵਾ
ਕੰਬਦੇ-ਝੁਲਸਦੇ ਪੱਤਿਆਂ ਦਾ
 ਉਜੱਡ ਨਾਚ
ਰਾਖ਼ ਹੋਣ ਦੀ ਖੁਸ਼ੀ ਵਿੱਚ ਖੁੱਲ੍ਹ ਕੇ ਚੀਕਾਂ
  ਮਾਰਦੇ
ਖਿੱਲੀ ਉਡਾਉਂਦੇ ਪੁਰਾਣੇ ਤਣੇ ਦੇ ਪੋਰ।
ਰਾਤ ਵਿੱਚ ਹਾਲੇ ਵੀ ਖੜ੍ਹਾ ਅਤੇ ਚਿਰਜੀਵੀ
ਕਿਸੇ ਇਤਿਹਾਸਕ ਸੂਰਮੇ ਵਾਂਗ, ਥੱਕਿਆ-
   ਹਾਰਿਆ
ਇਸ ਮੁਸੀਬਤ ‘ਚ ਵੀ
ਸ਼ਹਿਨਸ਼ਾਹ ਦੀ ਤਰ੍ਹਾਂ
ਖੜਾ ਹੈ ਜਲ਼ਦਾ ਹੋਇਆ ਰੁੱਖ।

ਅਚਾਨਕ ਤਣ ਉੱਠਦਾ ਹੈ- ਕਾਲ਼ੀਆਂ, ਕਠੋਰ
  ਟਹਿਣੀਆਂ ਵੱਲ
ਮੂੰਹ ਤੇ ਝੱਲਦਾ ਲਾਲ-ਨੀਲੇ ਭਾਂਬੜਾਂ
 ਦੀ ਤਾਬੜਤੋੜ ਮਾਰ
ਪਲ਼ ਭਰ ਲਈ ਰੁਕਦਾ-ਕਾਲ਼ੇ ਅਕਾਸ਼
 ਦੇ ਐਨ ਵਿਚਾਲ਼ੇ
ਫ਼ਿਰ ਵਿਸਫ਼ੋਟਤ ਹੁੰਦਾ ਹੈ ਲਾਲ ਚਿੰਗਾੜੀਆਂ
   ‘ਚ
ਅਤੇ ਨੱਚਣ ਲੱਗਦਾ ਹੈ
ਸਭ ਕੁੱਝ ਨਾਲ਼ੋ-ਨਾਲ਼।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 45, ਨਵੰਬਰ 2015 ਵਿਚ ਪਰ੍ਕਾਸ਼ਤ

Advertisements