ਬਰਾਜ਼ੀਲ ਦੇ ਜੰਗਲਾਂ ਦੀ ਅੱਗ – ਵਾਤਾਵਰਣ ਦੋਖੀ ਦੁਸ਼ਮਣਾਂ ਨੂੰ ਪਛਾਨਣ ਦੀ ਲੋੜ •ਮਾਨਵ

10

ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ

ਬਰਾਜ਼ੀਲ ਦੇ ਜੰਗਲਾਂ ਦੀ ਅੱਗ ਇਸ ਵੇਲੇ ਸੰਸਾਰ ਪੱਧਰ ’ਤੇ ਵੱਡਾ ਮਸਲਾ ਬਣੀ ਹੋਈ ਹੈ। ਇਸ ਅੱਗ ਨੂੰ ਲੈ ਕੇ ਬਰਾਜ਼ੀਲ ਦੇ ਸਦਰ ਬੋਲਸੋਨਾਰੋ ਵੱਲੋਂ ਕੀਤੀ ਗਈ ਬਿਆਨਬਾਜ਼ੀ, ਯੂਰਪੀ ਤਾਕਤਾਂ ਵੱਲੋਂ ਇਸ ਮਸਲੇ ਸਬੰਧੀ ਦਿੱਤੀ ਗਈ ਪ੍ਰਤੀਕਿਰਿਆ ਸਭ ਇਹ ਦਿਖਾਉਂਦੇ ਹਨ ਕਿ ਕਿਸ ਤਰਾਂ ਇਹ ਪੂਰਾ ਢਾਂਚਾ ਤੇ ਇਸਦੀਆਂ ਸਰਕਾਰਾਂ ਨਾ ਸਿਰਫ਼ ਵਾਤਾਵਰਣ ਨੂੰ ਬਚਾਉਣ ਨੂੰ ਲੈ ਕੇ ਭੋਰਾ ਵੀ ਚਿੰਤਤ ਨਹੀਂ ਸਗੋਂ ਉਹ ਜਾਣਬੁੱਝ ਕੇ, ਕੰਪਨੀਆਂ ਦੇ ਮੁਨਾਫ਼ਿਆਂ ਖ਼ਾਤਰ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ, ਮਨੁੱਖੀ ਹੋਂਦ ਨੂੰ ਹੀ ਖ਼ਤਰੇ ਵੱਲ ਧੱਕ ਰਹੀਆਂ ਨੇ। ਜੋ ਵੀ ਕੋਈ ਅੱਜ ਵਾਤਾਵਰਣ ਨੂੰ ਨੁਕਸਾਨੇ ਜਾਣ ਦੀ ਪੀੜ ਸਮਝਦਾ ਹੈ, ਇਸ ਨੂੰ ਬਚਾਉਣ ਲਈ ਸੁਹਿਰਦ ਹੈ, ਉਸ ਨੂੰ ਇਸ ਦੇ ਨੁਕਸਾਨ ਦੇ ਅਸਲ ਕਾਰਨਾਂ ਨੂੰ ਲਾਜ਼ਮੀ ਸਮਝਣਾ ਪਵੇਗਾ। ਇਹ ਇਸ ਲਈ ਵੀ ਜਰੂਰੀ ਹੈ ਕਿਉਂਕਿ ਮੀਡੀਆ ਦੇ ਇੱਕ ਹਿੱਸੇ ਵੱਲੋਂ ਬਰਾਜ਼ੀਲ ਦੇ ਇਹਨਾਂ ਜੰਗਲਾਂ ਦੀ ਅੱਗ ਲਈ ਪੂਰੀ ਲੋਕਾਈ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ।

ਐਮਾਜ਼ੋਨ ਜੰਗਲ ਕਿਉਂ ਮਹੱਤਵਪੂਰਨ ਹਨ? ਐਮਾਜ਼ੌਨ ਦੇ ਜੰਗਲ ਸੰਸਾਰ ਦੇ ਸਭ ਤੋਂ ਸੰਘਣੇ ਜੰਗਲ ਹਨ ਜਿਹੜੇ ਲਗਭਗ 60 ਲੱਖ ਵਰਗ ਕਿਲੋਮੀਟਰ ਦੇ ਰਕਬੇ ਵਿੱਚ ਫ਼ੈਲੇ ਹੋਏ ਹਨ। ਇਹਨਾਂ ਦੇ ਕੁੱਲ ਅਕਾਰ ਦਾ ਐਥੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਇਹਨਾਂ ਜੰਗਲਾਂ ਦਾ ਰਕਬਾ ਪੂਰੇ ਭਾਰਤ ਦਾ ਵੀ ਡੇਢ ਗੁਣਾ ਜਾਂ ਸੌ ਭਾਰਤੀ ਪੰਜਾਬਾਂ ਦੇ ਬਰਾਬਰ ਹੈ! ਇਹ ਜੰਗਲ ਦੱਖਣੀ ਅਮਰੀਕਾ ਦੇ ਨੌਂ ਮੁਲਕਾਂ ਵਿੱਚ ਫ਼ੈਲੇ ਹੋਏ ਹਨ ਤੇ ਇਕੱਲੇ ਬਰਾਜ਼ੀਲ ਵਿੱਚ ਹੀ ਇਹਨਾਂ ਦਾ 60 ਤੋਂ 70 ਫ਼ੀਸਦੀ ਰਕਬਾ ਆਉਂਦਾ ਹੈ। ਇਹਨਾਂ ਦੀ ਅਹਿਮੀਅਤ ਲਾਜ਼ਮੀ ਹੀ ਸਿਰਫ਼ ਇਹਨਾਂ ਦੇ ਅਕਾਰ ਕਰਕੇ ਨਹੀਂ ਸਗੋਂ ਹੋਰ ਵੀ ਕਈ ਕਾਰਨਾਂ ਕਰਕੇ ਹੈ। ਇਹਨਾਂ ਜੰਗਲਾਂ ਤੋਂ ਧਰਤੀ ਦੇ ਕੁੱਲ ਤਾਜ਼ੇ ਪਾਣੀ ਅਤੇ ਕੁੱਲ ਆਕਸੀਜਨ ਦਾ 20% ਆਉਂਦਾ ਹੈ ਤੇ ਇਹ ਕਾਰਬਨ ਡਾਇਕਸਾਈਡ ਨੂੰ ਵੱਡੇ ਪੱਧਰ ’ਤੇ ਸੋਖ ਲੈਂਦੇ ਹਨ।

ਇਹਨਾਂ ਜੰਗਲਾਂ ਦੀ ਕਾਰਬਨ ਡਾਇਕਸਾਈਡ ਨੂੰ ਸੋਖਣ ਦੀ ਸਮਰੱਥਾ ਐਨੀ ਬਲਵਾਨ ਹੈ ਕਿ ਇਹ ਆਉਂਦੇ ਸੌ ਸਾਲਾਂ ਤੱਕ ਪੂਰੇ ਸੰਸਾਰ ਵੱਲੋਂ ਹਵਾ ਵਿੱਚ ਜਾਰੀ ਕੀਤੀ ਜਾਣ ਵਾਲ਼ੀ ਇਸ ਗੈਸ ਨੂੰ ਵੀ ਸੋਖ ਸਕਦੇ ਹਨ। ਇਸ ਤੋਂ ਬਿਨਾਂ ਇਹ ਜੰਗਲ ਸੰਸਾਰ ਦੇ ਸਭ ਤੋਂ ਵਿਭਿੰਨਤਾ ਵਾਲ਼ੇ ਜੰਗਲ ਨੇ ਜਿੱਥੇ ਬਨਸਪਤੀਆਂ ਅਤੇ ਜੰਗਲੀ ਜੀਵਾਂ ਦੀਆਂ ਹਜ਼ਾਰਾਂ-ਹਜ਼ਾਰ ਪ੍ਰਜਾਤੀਆਂ ਰਹਿੰਦੀਆਂ ਹਨ। 2017 ਦੀ ਰਿਪੋਰਟ ਮੁਤਾਬਕ ਇਹਨਾਂ ਜੰਗਲਾਂ ਵਿੱਚੋਂ ਔਸਤ ਹਰ ਦੂਜੇ ਦਿਨ ਇੱਕ ਨਵੀਂ ਪ੍ਰਜਾਤੀ ਖੋਜੀ ਜਾ ਰਹੀ ਸੀ ਤੇ ਮਾਹਰਾਂ ਦਾ ਇਹ ਮੰਨਣਾ ਸੀ ਕਿ ਜੰਗਲ ਘਣੇ ਹੋਣ ਕਰਕੇ ਅਜੇ ਤੱਕ ਇਹਨਾਂ ਵਿੱਚ ਮੌਜੂਦ ਕੁੱਲ ਬਨਸਪਤੀਆਂ ਦਾ ਇੱਕ ਫ਼ੀਸਦ ਵੀ ਖੋਜਿਆ ਨਹੀਂ ਗਿਆ ਹੈ। ਇਸ ਲਈ ਇਹਨਾਂ ਜੰਗਲਾਂ ਦਾ ਹੋ ਰਿਹਾ ਨੁਕਸਾਨ ਲੱਖਾਂ-ਕਰੋੜਾਂ ਸਾਲਾਂ ਤੋਂ ਬਣੇ ਇਹਨਾਂ ਜੀਵਾਂ ਦੀ ਹੋਂਦ ਲਈ ਵੀ ਖ਼ਤਰਾ ਹੈ ਜਿਹੜੀ ਸਦਾ ਲਈ ਖ਼ਤਮ ਹੋ ਸਕਦੀ ਹੈ। ਭਾਵੇਂ ਐਮਾਜ਼ੌਨ ਦੀ ਜ਼ਮੀਨ ਨੂੰ ਖਣਨ ਲਈ ਅਜੇ ਬਹੁਤੇ ਵੱਡੇ ਪੱਧਰ ’ਤੇ ਨਹੀਂ ਵਰਤਿਆ ਜਾ ਰਿਹਾ ਪਰ ਕਿਹਾ ਜਾਂਦਾ ਹੈ ਕਿ ਐਥੇ ਭਾਰੀ ਮਾਤਰਾ ਵਿੱਚ ਤਾਂਬੇ, ਸੋਨੇ, ਗਿਲਟ, ਬਾਕਸਾਈਟ ਆਦਿ ਦੇ ਭੰਡਾਰ ਹੋ ਸਕਦੇ ਹਨ।

ਬਰਾਜ਼ੀਲ ਦੇ ਇਹਨਾਂ ਜੰਗਲਾਂ ਵਿੱਚ ਮਈ ਤੋਂ ਸਤੰਬਰ ਤੱਕ ਦੇ ਮਹੀਨੇ ਸੁੱਕੇ ਮਹੀਨੇ ਮੰਨੇ ਜਾਂਦੇ ਹਨ। ਇਹਨਾਂ ਮਹੀਨਿਆਂ ਵਿੱਚ ਆਮ ਤੌਰ ’ਤੇ ਐਥੇ ਛੋਟੀਆਂ-ਮੋਟੀਆਂ ਜੰਗਲੀ ਅੱਗਾਂ ਲੱਗਦੀਆਂ ਰਹਿੰਦੀਆਂ ਹਨ। ਇਹਨਾਂ ਨਿਯਮਿਤ ਅੱਗਾਂ ਵਿੱਚ ਪਿਛਲੇ ਕੁਝ ਸਮੇਂ ਵਿੱਚ ਵਾਧਾ ਹੋਇਆ ਹੈ ਜਿਸ ਦਾ ਇੱਕ ਕਾਰਨ ਆਲਮੀ ਤਪਸ਼ ਵੀ ਹੈ। ਪਰ ਮੌਜੂਦਾ ਸਮੇਂ ਜਿਸ ਸੰਕਟ ਵਿੱਚੋਂ ਇਹ ਜੰਗਲ ਲੰਘ ਰਹੇ ਹਨ ਉਹਨਾਂ ਲਈ ਸਿੱਧੇ ਤੌਰ ’ਤੇ ਬੋਲਸੋਨਾਰੋ ਸਰਕਾਰ ਦੀਆਂ ਨੀਤੀਆਂ ਤੇ ਇਹ ਸਰਮਾਏਦਾਰਾ ਢਾਂਚਾ ਜ਼ੁੰਮੇਵਾਰ ਹੈ। ਇਸ ਸਾਲ ਦੇ ਸ਼ੁਰੂ ਵਿੱਚ ਬੋਲਸੋਨਾਰੋ ਸਰਕਾਰ ਦੇ ਆਉਣ ਮਗਰੋਂ ਵੱਡੀਆਂ ਕੰਪਨੀਆਂ ਨੂੰ ਐਮਾਜ਼ੌਨ ਦੇ ਜੰਗਲਾਂ ਵਿੱਚ ਘੁਸਪੈਠ ਕਰਨ ਦੇ ਖੁੱਲ੍ਹੇ ਹੱਕ ਦੇ ਦਿੱਤੇ ਗਏ ਤੇ ਇਹਨਾਂ ਦੇ ਰਾਹ ਵਿੱਚ ਰੁਕਾਵਟ ਬਣਦੇ ਸਭ ਕਾਇਦੇ-ਕਨੂੰਨ ਬਦਲ ਦਿੱਤੇ ਗਏ। ਬਰਾਜ਼ੀਲ ਦੀ ਕੌਮੀ ਪੁਲਾੜ ਖੋਜ ਸੰਸਥਾ ਮੁਤਾਬਕ ਪਿਛਲੇ ਇੱਕ ਸਾਲ ਵਿੱਚ ਜੰਗਲਾਂ ਦੀ ਵਾਢਾ ਦਰ ਵਿੱਚ 40% ਦਾ ਇਜ਼ਾਫਾ ਹੋਇਆ ਹੈ ਤੇ ਇਹ ਇਜ਼ਾਫਾ ਖ਼ਾਸ ਤੌਰ ’ਤੇ ਮਈ 2019 ਤੋਂ ਮਗਰੋਂ ਹੋਇਆ ਹੈ। ਇਹਨਾਂ ਅੰਕੜਿਆਂ ਨੂੰ ਨਸ਼ਰ ਕਰਨ ਬਦਲੇ ਇਸ ਸੰਸਥਾ ਦੇ ਮੁਖੀ ਰਿਕਾਰਡੋ ਗਾਲਵਾਓ ਨੂੰ ਬੋਲਸੋਨਾਰੋ ਨੇ ਇਹ ਕਹਿਕੇ ਅਹੁਦੇ ਤੋਂ ਹਟਾ ਦਿੱਤਾ ਕਿ ਇਹ ਅੰਕੜੇ ਝੂਠੇ ਨੇ ਤੇ ਸਰਕਾਰ ਜਲਦ ਹੀ ਆਪਣੇ ਅੰਕੜੇ ਪੇਸ਼ ਕਰੇਗੀ। ਪਰ ਅਜੇ ਤੱਕ ਬਰਾਜ਼ੀਲ ਦੀ ਸਰਕਾਰ ਆਪਣੇ “ਸੱਚੇ” ਅੰਕੜੇ ਪੇਸ਼ ਨਹੀਂ ਕਰ ਸਕੀ। ਬੋਲਸੋਨਾਰੋ ਸਰਕਾਰ ਬਣਨ ਤੋਂ ਮਗਰੋਂ ਐਮਾਜ਼ੌਨ ਵਿੱਚ ਔਸਤ ਹਰ ਮਿੰਟ ਵਿੱਚ ਇੱਕ ਫੁੱਟਬਾਲ ਦੇ ਮੈਦਾਨ ਜਿੱਡਾ ਰਕਬਾ ਵੱਡੇ ਭੂਮੀਪਤੀਆਂ, ਕੰਪਨੀਆਂ, ਠੇਕੇਦਾਰਾਂ ਵੱਲੋਂ ਖ਼ਾਲੀ ਕੀਤਾ ਜਾ ਰਿਹਾ ਹੈ। ਵੱਡੇ ਭੂਮੀਪਤੀ ਬੋਲਸੋਨਾਰੋ ਦੀਆਂ ਇਹਨਾਂ ਨੀਤੀਆਂ ਤੋਂ ਐਨੇ ਖੁਸ਼ ਸਨ ਕਿ ਉਹਨਾਂ ਨੇ ਬੀਤੀ 10 ਅਤੇ 11 ਅਗਸਤ ਨੂੰ “ਅੱਗ ਦਾ ਦਿਹਾੜਾ” ਮਨਾਉਂਦਿਆਂ ਐਮਾਜ਼ੌਨ ਦੇ ਜੰਗਲਾਂ ਵਿੱਚ ਕਈ ਥਾਵਾਂ ਮਿੱਥਕੇ ਅੱਗਾਂ ਲਾ ਕੇ ਜਸ਼ਨ ਮਨਾਇਆ। 2013 ਤੋਂ ਆਰਥਿਕ ਮੰਦੀ ਦਾ ਅਸਰ ਬਰਾਜ਼ੀਲ ’ਤੇ ਵੀ ਪੈਣਾ ਸ਼ੁਰੂ ਹੋ ਗਿਆ ਸੀ। ਵੱਡੇ ਭੂਮੀਪਤੀਆਂ ਨੇ ਆਪਣੇ ਡਿੱਗਦੇ ਮੁਨਾਫ਼ਿਆਂ ਨੂੰ ਠੱਲ੍ਹ ਪਾਉਣ ਲਈ ਆਪਣੀਆਂ ਪੈਦਾਵਾਰੀ ਅਤੇ ਕਿਰਤ ਲਾਗਤਾਂ ਵਿੱਚ ਵੱਡੀ ਕਟੌਤੀ ਕਰਨ ਦੀ ਕੋਸ਼ਿਸ਼ ਵਿੱਚ ਵੱਡੇ ਪੱਧਰ ’ਤੇ ਮਾਰੂ ਤਰੀਕੇ ਅਪਣਾਏ ਜਿਹਨਾਂ ਵਿੱਚ ਐਮਾਜ਼ੌਨ ਦੇ ਜੰਗਲਾਂ ਵਿਚਲੇ ਨਵੇਂ ਇਲਾਕਿਆਂ ਨੂੰ ਖ਼ਾਲੀ ਕਰਾਉਣਾ ਸੀ। ਇਸ ਨਾਲ਼ ਵੀ ਇਹਨਾਂ ਜੰਗਲਾਂ ਦਾ ਨੁਕਸਾਨ ਹੋਇਆ। ਕਿਉਂਕਿ ਇਹਨਾਂ ਜੰਗਲਾਂ ਵਿੱਚ ਚੋਖੀ ਵਸੋਂ ਆਦਿਵਾਸੀ ਕਬੀਲਿਆਂ ਦੀ ਵੀ ਵਸਦੀ ਹੈ ਇਸ ਲਈ ਇਹਨਾਂ ਨੂੰ ਵੀ ਉਹਨਾਂ ਦੇ ਥਾਂ-ਮੁਕਾਮ ਤੋਂ ਖਦੇੜਿਆ ਜਾ ਰਿਹਾ ਹੈ। ਇਹ ਪ੍ਰਕਿਰਿਆ ਤਾਂ ਬੋਲਸੋਨਾਰੋ ਤੋਂ ਵੀ ਪਹਿਲਾਂ ਸ਼ੁਰੂ ਹੋ ਗਈ ਸੀ ਜਦੋਂ ਲੂਲਾ ਅਤੇ ਡਿਲਮਾ ਦੀ ਸਰਕਾਰ ਨੇ ਇਹਨਾਂ ਜੰਗਲਾਂ ਨੂੰ ਸਰਮਾਏਦਾਰਾਂ ਹਵਾਲੇ ਕਰਨਾ ਸ਼ੁਰੂ ਕੀਤਾ। ਜ਼ਿਕਰਯੋਗ ਹੈ ਕਿ ਕਈ ਸੋਧਵਾਦੀ ਧਿਰਾਂ (ਭਾਕਪਾ, ਮਾਕਪਾ ਮਾਰਕਾ) ਲੂਲਾ ਅਤੇ ਡਿਲਮਾ ਦੀ ਸਰਕਾਰ ਨੂੰ ਸਮਾਜਵਾਦੀ ਐਲਾਨਦੀਆਂ ਰਹੀਆਂ ਹਨ। ਪਰ ਇਸੇ “ਸਮਾਜਵਾਦੀ” ਡਿਲਮਾ ਦੀ ਸਰਕਾਰ ਨੇ ਭਾਰੀ ਵਿਰੋਧ ਅਤੇ ਚਿਤਾਉਣੀਆਂ ਦੇ ਬਾਵਜੂਦ ਬੇਲੋ ਮੌਂਟੇ ਪਣ ਡੈਮ ਦੀ ਉਸਾਰੀ ਕਰਵਾਈ ਸੀ ਜਿਸ ਕਰਕੇ ਵੱਡੀ ਗਿਣਤੀ ਵਿੱਚ ਆਦਿਵਾਸੀ ਕਬੀਲਿਆਂ ਨੂੰ ਉਜਾੜਿਆ ਗਿਆ। ਆਪਣੀ ਜ਼ਮੀਨ ਤੋਂ ਉੱਜੜੇ ਇਹ ਆਦਿਵਾਸੀ ਕੋਈ ਹੋਰ ਚਾਰਾ ਨਾ ਹੋਣ ਕਰਕੇ ਸ਼ਹਿਰਾਂ ਵਿੱਚ ਭੀਖ ਮੰਗਣ, ਵੇਸਵਾਗਮਨੀ ਆਦਿ ਜਿਹੇ ਧੰਦਿਆਂ ਵਿੱਚ ਪਏ। ਉਪਰੋਕਤ ਦੋਹਾਂ ਅਤੇ ਹੁਣ ਬੋਲਸੋਨਾਰੋ ਦੀ ਸਰਕਾਰ ਦੇ ਸਮੇਂ ਜੰਗਲਾਂ ਨੂੰ ਲੁੱਟਣ ਆਏ ਠੇਕੇਦਾਰਾਂ, ਸਰਕਾਰੀ ਅਹਿਲਕਾਰਾਂ, ਭੂਮੀਪਤੀਆਂ ਅਤੇ ਆਪਣੀ ਜ਼ਮੀਨ ਬਚਾਅ ਰਹੇ ਆਦਿਵਾਸੀਆਂ ਦਰਮਿਆਨ ਟਕਰਾਅ ਵਿੱਚ ਦਰਜਨਾਂ ਮੌਤਾਂ ਹੋ ਚੁੱਕੀਆਂ ਹਨ। ਬਰਾਜ਼ੀਲ ਦੇ ਸਰਕਾਰੀ ਅੰਕੜਿਆਂ ਮੁਤਾਬਕ ਮੁਲਕ ਦੇ ਕੁੱਲ ਜ਼ਮੀਨੀ ਝਗੜਿਆਂ ਵਿੱਚੋਂ 56% ਇਕੱਲੇ ਐਮਾਜ਼ੌਨ ਵਿੱਚ ਹੀ ਦਰਜ ਹੋਏ ਹਨ। ਸਾਲ 2018 ਵਿੱਚ ਹੀ ਇਹਨਾਂ ਮਾਮਲਿਆਂ ਵਿੱਚ 24 ਕਤਲ ਹੋ ਚੁੱਕੇ ਹਨ।

ਇਸ ਮਸਲੇ ਨੂੰ ਲੈ ਕੇ ਯੂਰਪ ਦੇ ਮੁਲਕਾਂ ਦੀ ਜੋ ਪ੍ਰਤੀਕਿਰਿਆ ਆਈ ਹੈ ਉਹ ਇਸ ਮਸਲੇ ਨੂੰ ਹੱਲ ਕਰਨ ਦੀ ਮਨਸ਼ਾ ਨਾਲ਼ ਘੱਟ ਸਗੋਂ ਆਪਣੇ ਹਿੱਤ ਸਾਧਣ ਦੀ ਮਨਸ਼ਾ ਨਾਲ਼ ਵਧੇਰੇ ਕੀਤੀ ਜਾ ਰਹੀ ਹੈ। ਸੰਸਾਰ ਦੇ ਸੱਤ ਤਾਕਤਵਰ ਅਰਥਚਾਰਿਆਂ ਦੀ ਜਥੇਬੰਦੀ ਜੀ-7 ਵੱਲੋਂ ਬਰਾਜ਼ੀਲ ਨੂੰ ਇਹਨਾਂ ਅੱਗਾਂ ਨਾਲ਼ ਨਜਿੱਠਣ ਲਈ 2 ਕਰੋੜ ਡਾਲਰ ਦੀ ਨਿਗੂਣੀ ਰਾਸ਼ੀ ਜਾਰੀ ਕਰਨ ਦਾ ਐਲਾਨ ਕੀਤਾ ਗਿਆ ਪਰ ਬੋਲਸੋਨਾਰੋ ਨੇ ਇਸ ਨੂੰ ਨਿੱਜੀ ਹੱਤਕ ਦਾ ਮੁੱਦਾ ਬਣਾਉਂਦਿਆਂ ਇਹ ਮੰਗ ਕੀਤੀ ਕਿ ਪਹਿਲੋਂ ਫ਼ਰਾਂਸ ਦੇ ਸਦਰ ਮੈਕਰੌਨ ਵੱਲੋਂ ਉਸ ਨੂੰ ਨਿੱਜੀ ਤੌਰ ’ਤੇ ਕੀਤੀਆਂ ਟਿੱਪਣੀਆਂ ਵਾਪਸ ਲਈਆਂ ਜਾਣ, ਤਦੇ ਹੀ ਉਹ ਇਹ ਰਕਮ ਸਵੀਕਾਰੇਗਾ। ਅਸਲ ਵਿੱਚ ਵੱਖ-ਵੱਖ ਯੂਰਪੀ ਮੁਲਕਾਂ ਦੀ ਪ੍ਰਤੀਕਿਰਿਆ ਇਸ ਮਸਲੇ ’ਤੇ ਵੱਖ-ਵੱਖ ਰਹੀ ਹੈ। ਜਿੱਥੇ ਫ਼ਰਾਂਸ ਨੇ ਇਸ ਮਸਲੇ ’ਤੇ ਬਰਾਜ਼ੀਲ ਦੀ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ ਓਥੇ ਹੀ ਜਰਮਨੀ ਨੇ ਤਹੱਮਲ ਤੋਂ ਹੀ ਕੰਮ ਲਿਆ ਹੈ। ਦੋਹਾਂ ਦੀ ਵੱਖੋ-ਵੱਖਰੀ ਪ੍ਰਤੀਕਿਆ ਦਾ ਕਾਰਨ ਆਰਥਿਕ ਤੇ ਸਿਆਸੀ ਹੈ। ਜੂਨ 2019 ਨੂੰ ਜਪਾਨ ਦੇ ਸ਼ਹਿਰ ਓਸਾਕਾ ਵਿੱਚ ਯੂਰਪੀ ਯੂਨੀਅਨ ਅਤੇ ਦੱਖਣੀ ਅਮਰੀਕੀ ਮੁਲਕਾਂ ਦੀ ਜਥੇਬੰਦੀ ਮਰਕੋਸੁਰ ਦਰਮਿਆਨ ਵੀਹ ਸਾਲਾਂ ਦੀ ਗੱਲਬਾਤ ਮਗਰੋਂ ਆਪਸੀ ਸਮਝੌਤਾ ਨੇਪਰੇ ਚੜ੍ਹਿਆ ਹੈ। ਦੋਹਾਂ ਦਰਮਿਆਨ ਇਹ ਵਪਾਰ ਸਮਝੌਤਾ ਬੇਹੱਦ ਅਹਿਮ ਹੈ। ਇਸ ਤਹਿਤ ਦੱਖਣੀ ਅਮਰੀਕੀ ਮੁਲਕ ਯੂਰਪ ਵੱਲ ਖੇਤੀ ਅਤੇ ਡੇਅਰੀ ਅਧਾਰਿਤ ਉਪਜਾਂ ਵਧੇਰੇ ਸੌਖੀਆਂ ਸ਼ਰਤਾਂ ਤੇ ਘੱਟ ਦਰਾਂ ’ਤੇ ਬਰਾਮਦ ਕਰ ਸਕਣਗੇ ਜਦਕਿ ਯੂਰਪੀ ਮੁਲਕ ਦੱਖਣੀ ਅਮਰੀਕਾ ਵੱਲ ਨੂੰ ਮਸ਼ੀਨਰੀ, ਦਵਾਈਆਂ ਅਤੇ ਆਟੋ ਉਪਜਾਂ ਬਰਾਮਦ ਕਰ ਸਕਣਗੇ। ਹੁਣ ਯੂਰਪੀ ਯੂਨੀਅਨ ਦਾ ਸਭ ਤੋਂ ਵੱਡਾ ਅਰਥਚਾਰਾ ਜਰਮਨੀ ਹੈ ਜਿਸ ਦੀ ਆਟੋ ਸੱਨਅਤ ਬਹੁਤ ਵੱਡੀ ਹੈ ਜਦਕਿ ਦੱਖਣੀ ਅਮਰੀਕੀ ਧੜੇ ਵਿੱਚ ਬਰਾਜ਼ੀਲ ਸਭ ਤੋਂ ਵੱਡਾ ਅਰਥਚਾਰਾ ਹੈ। ਜਾਣੀ ਕਿ ਦੋਹੇਂ ਮੁਲਕ ਇਸ ਸਮਝੌਤੇ ਰਾਹੀਂ ਆਪੋ-ਆਪਣੇ ਫਾਇਦੇ ਵੇਖ ਰਹੇ ਹਨ। ਜਦਕਿ ਫ਼ਰਾਂਸ ਅਤੇ ਆਇਰਲੈਂਡ ਜਿਹੇ ਮੁਲਕਾਂ ਨੂੰ ਫ਼ਿਕਰ ਹੈ ਕਿ ਦੱਖਣੀ ਅਮਰੀਕਾ ਦੇ ਮੁਲਕਾਂ ਤੋਂ ਆਉਣ ਵਾਲ਼ੀਆਂ ਸਸਤੀਆਂ ਖੇਤੀ ਵਸਤਾਂ ਉਹਨਾਂ ਦੇ ਮੁਲਕ ਦੇ ਕਿਸਾਨਾਂ ਨੂੰ ਉਜਾੜ ਦੇਣਗੀਆਂ। ਇਸੇ ਲਈ ਫ਼ਰਾਂਸ ਨੇ ਐਮਾਜ਼ੌਨ ਦੇ ਜੰਗਲਾਂ ਦੀ ਇਸ ਅੱਗ ਨੂੰ ਥੋੜ੍ਹਾ ਸਿਆਸੀ ਲਾਹਾ ਲੈਣ ਲਈ ਵੀ ਵਰਤਿਆ ਹੈ। ਯੂਰਪੀ ਯੂਨੀਅਨ ਅਤੇ ਦੱਖਣੀ ਅਮਰੀਕੀ ਮੁਲਕਾਂ ਦਰਮਿਆਨ ਸਿਰੇ ਚੜ੍ਹਿਆ ਇਹ ਸਮਝੌਤਾ ਵੀ ਐਮਾਜ਼ੌਨ ਦੇ ਜੰਗਲਾਂ ਲਈ ਖ਼ਤਰਨਾਕ ਹੈ ਕਿਉਂਕਿ ਪਹਿਲੋਂ ਹੀ ਵਪਾਰਕ ਖੇਤੀ ਕਰ ਰਹੇ ਬਰਾਜ਼ੀਲ ਅਤੇ ਐਮਾਜ਼ੌਨ ਖਿੱਤੇ ਵਿੱਚ ਵਸਦੇ ਹੋਰਾਂ ਮੁਲਕਾਂ ਦੇ ਵੱਡੇ ਭੂਮੀਪਤੀ ਹੁਣ ਵੱਡੇ ਪੱਧਰ ’ਤੇ ਇਹਨਾਂ ਜੰਗਲਾਂ ਨੂੰ ਸਾਫ਼ ਕਰਨਗੇ ਤਾਂ ਜੋ ਐਥੇ ਸੋਇਆਬੀਨ ਅਤੇ ਮੱਕੀ ਦੀ ਖੇਤੀ ਕਰਕੇ ਯੂਰਪੀ ਮੁਲਕਾਂ ਨੂੰ ਬਰਾਮਦ ਕਰ ਸਕਣ ਅਤੇ ਇਸ ਨਵੇਂ ਸਮਝੌਤੇ ਦਾ ਲਾਹਾ ਲੈ ਸਕਣ। ਪਹਿਲੋਂ ਹੀ ਇਹਨਾਂ ਦੋ ਫ਼ਸਲਾਂ ਦੀ ਖੇਤੀ ਨੇ ਐਮਾਜ਼ੌਨ ਦੇ ਜੰਗਲਾਂ ਨੂੰ ਨੁਕਸਾਨ ਪਹੁੰਚਾਇਆ ਹੈ ਕਿਉਂਕਿ ਇਹ ਜੰਗਲ ਭਾਵੇਂ ਹੋਰ ਕੁਦਰਤੀ ਦਾਤਾਂ ਨਾਲ਼ ਤਾਂ ਲੈਸ ਹਨ ਪਰ ਇਹਨਾਂ ਜੰਗਲਾਂ ਦੀ ਜ਼ਮੀਨ ਖੇਤੀ ਲਈ ਲਾਹੇਵੰਦ ਨਹੀਂ। ਇਸ ਦਾ ਉਪਜਾਊਪਣ ਇੱਕ-ਦੋ ਸਾਲ ਚੰਗਾ ਝਾੜ ਦੇਣ ਮਗਰੋਂ ਘਟ ਜਾਂਦਾ ਹੈ ਇਸੇ ਲਈ ਵੱਡੇ ਭੂਮੀਪਤੀ ਇਹ ਜ਼ਮੀਨ ਛੱਡਕੇ ਧੜਾਧੜ ਨਵੇਂ ਟੋਟੇ ਵੱਲ ਵਧ ਜਾਂਦੇ ਹਨ। ਸੋ ਕਿਹਾ ਜਾਵੇ ਤਾਂ ਯੂਰਪੀ ਮੁਲਕ ਵੀ ਬਰਾਜ਼ੀਲ ਦੇ ਜੰਗਲਾਂ ਵਿਚਲੀ ਇਸ ਅੱਗ ਲਈ ਜ਼ੁੰਮੇਵਾਰ ਹਨ ਤੇ ਜਿਹੜੇ-ਜਿਹੜੇ ਮੁਲਕ ਇਹਨਾਂ ਜੰਗਲਾਂ ਦੇ “ਬਚਾਅ” ਲਈ ਮਾੜੀ-ਮੋਟੀ ਇਮਦਾਦ ਦੇ ਵੀ ਰਹੇ ਨੇ ਉਹ ਅਜਿਹੇ ਆਪਣੇ ਨਿੱਜੀ ਹਿੱਤਾਂ ਨੂੰ ਧਿਆਨ ਵਿੱਚ ਰੱਖਕੇ ਕਰ ਰਹੇ ਹਨ। ਜਿਵੇਂ ਕਿ ਇਹਨਾਂ ਜੰਗਲਾਂ ਦੀ ਦੇਖਭਾਲ ਲਈ ਬਣੀ ਸੰਸਥਾ ‘ਐਮਾਜ਼ੌਨ ਕੋਸ਼’ ਵਿੱਚ ਨਾਰਵੇ ਇੱਕ ਵੱਡਾ ਹਿੱਸੇਦਾਰ ਹੈ। ਅਜਿਹਾ ਇਸ ਲਈ ਹੈ ਕਿਉਂਕਿ ਬਰਾਜ਼ੀਲ ਦੀ ਵੱਡੀ ਖਣਨ ਕੰਪਨੀ ਵਿੱਚ ਨਾਰਵੇ ਮੁੱਖ ਹਿੱਸੇਦਾਰ ਹੈ!

ਕਹਿਣ ਦਾ ਭਾਵ ਹੈ ਕਿ ਵਾਤਾਵਰਨ ਵਰਗੇ ਮਨੁੱਖਤਾ ਲਈ ਅਤਿ-ਜਰੂਰੀ ਮਸਲੇ ’ਤੇ ਵੀ ਇਹ ਸਰਮਾਏਦਾਰਾ ਸਰਕਾਰਾਂ ਹੱਦ ਦਰਜੇ ਦੀ ਘਟੀਆ ਸਿਆਸਤ ਕਰ ਰਹੀਆਂ ਹਨ। ਮਨੁੱਖੀ ਵਸੋਂ ਭਾਵੇਂ ਜੀਵੇ ਤੇ ਭਾਵੇਂ ਮਰੇ, ਇਹਨਾਂ ਲਈ ਇਹ ਕੋਈ ਸਰੋਕਾਰ ਨਹੀਂ, ਇਹਨਾਂ ਨੂੰ ਬੱਸ ਆਪਣੇ ਮੁਨਾਫ਼ਿਆਂ ਤੱਕ ਮਤਲਬ ਹੈ। ਅਸਲ ਵਿੱਚ ਜਦੋਂ ਤੱਕ ਵਾਤਾਵਰਨ ਨੂੰ ਬਚਾਉਣ ਦੀ ਲੜਾਈ ਨੂੰ ਸਰਕਾਰਾਂ ਦੀਆਂ ਵੱਡੀਆਂ ਨੀਤੀਆਂ ਨਾਲ਼ ਜੋੜਕੇ ਇਸ ਦਾ ਵਿਰੋਧ ਨਹੀਂ ਕੀਤਾ ਜਾਵੇਗਾ ਉਦੋਂ ਤੱਕ ਲੋਕ ਇਹਨਾਂ ਹਾਕਮਾਂ ਦੀਆਂ ਕੋਝੀਆਂ ਖੇਡਾਂ ਦਾ ਸ਼ਿਕਾਰ ਹੁੰਦੇ ਰਹਿਣਗੇ। ਅੱਜ ਉਸੇ ਤਰਾਂ ਦੀ ਲਹਿਰ ਦੀ ਲੋੜ ਹੈ ਜਿਹੋ ਜਿਹੀ ਇਸੇ ਸਾਲ ਫ਼ਿਲੀਪੀਨ ਦੇ ਲੋਕਾਂ ਨੇ ਛੇੜੀ ਸੀ ਜਦੋਂ ਉਹਨਾਂ ਨੇ ਕਨੇਡਾ ਵੱਲੋਂ ਫ਼ਿਲੀਪੀਨ ਦੀ ਸਰਕਾਰ ਨਾਲ਼ ਰਲ਼ਕੇ ਜ਼ਹਿਰੀਲੇ ਕੂੜੇ-ਕਰਕਟ ਦੇ ਢੇਰ ਓਥੇ ਸੁੱਟ ਦਿੱਤੇ ਸਨ। ਲੋਕਾਂ ਦਾ ਵਿਰੋਧ ਐਨਾ ਹੋਇਆ ਕਿ ਫਿਲੀਪੀਨ ਦੀ ਸਰਕਾਰ ਨੂੰ 1500 ਟਨ ਇਹ ਕੂੜਾ ਵਾਪਸ ਕਨੇਡਾ ਭੇਜਣਾ ਪਿਆ ਸੀ। ਇਹ ਲਹਿਰ ਬਾਅਦ ਵਿੱਚ ਸਮੁੱਚੇ ਦੱਖਣੀ-ਪੂਰਬੀ ਏਸ਼ੀਆ ਤੱਕ ਫ਼ੈਲੀ ਸੀ। ਅੱਜ ਅਜਿਹੀ ਹੀ ਲੋਕ ਚੇਤਨਾ ਦੀ ਲੋੜ ਹੈ। ਅੱਜ ਵਾਤਾਵਰਨ ਨੂੰ ਨੁਕਸਾਨ ਪਹੁੰਚਾ ਰਹੀਆਂ ਸਰਮਾਏਦਾਰਾਂ ਤਾਕਤਾਂ ਤੇ ਇਹਨਾਂ ਦਾ ਸਾਥ ਦੇ ਰਹੀਆਂ ਸਰਕਾਰਾਂ ਦੇ ਗੱਠਜੋੜ ਨੂੰ ਪਛਾਨਣ ਦੀ ਲੋੜ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 8, ਅੰਕ 15, 16 ਸਤੰਬਰ 2019 ਵਿੱਚ ਪਰ੍ਕਾਸ਼ਿਤ