ਬਾਲੀਵੁਡ ਫਿਲਮਾਂ ‘ਚ ਵੱਧਦਾ ਅੰਨਾ-ਕੌਮਵਾਦ ਅਤੇ ਸੰਘ ਪੱਖੀ ਰੁਝਾਨ •ਕੁਲਦੀਪ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ਵਿੱਚ ਅੰਨਾ-ਕੌਮਵਾਦ ਦੀ ਸੁਰ ਦਿਨੋ-ਦਿਨ ਉੱਚੀ ਹੁੰਦੀ ਜਾ ਰਹੀ ਹੈ ਅਤੇ ਇਸ ਸੁਰ ਨੂੰ ਅਲਾਪਣ ਵਾਲ਼ਾ ਸੰਘੀ ਲਾਣਾ ਵੀ ਦਿਨੋ-ਦਿਨ ਆਪਣਾ ਅਧਾਰ ਮਜ਼ਬੂਤ ਕਰਦਾ ਜਾ ਰਿਹਾ ਹੈ, ਜਿਸ ਗੱਲ ਦਾ ਅੰਦਾਜ਼ਾ ਸੰਘ ਦੀਆਂ ਤੇਜ਼ੀ ਨਾਲ਼ ਫੈਲ ਰਹੀਆਂ ਸ਼ਾਖ਼ਾਵਾਂ ਤੋਂ ਲਾਇਆ ਜਾ ਸਕਦਾ ਹੈ। ਵਿਅੰਜਨਾ ਭਾਰਤੀ (ਵਿਗਿਆਨ ਤੇ ਖੋਜ ਖੇਤਰ ‘ਚ ਸਰਗਰਮ ਰਾਸ਼ਟਰੀ ਸੋਇਮ ਸੇਵਕ ਸੰਘ ਦਾ ਵਿੰਗ ਜਿਸਦੀਆਂ 11 ਉੱਪ-ਸ਼ਾਖਾਵਾਂ ਹਨ ਜੋ ਦੇਸ਼ ਦੇ 24 ਸੂਬਿਆਂ ‘ਚ ਸਰਗਰਮ ਹੈ), ਵਿੱਦਿਆ ਭਾਰਤੀ (ਸਿੱਖਿਆ ਖੇਤਰ ਦਾ ਵਿੰਗ; ਸ਼ਿਸ਼ੂ ਮੰਦਿਰ, ਸ਼ਿਸ਼ੂ ਵਾਟਿਕਾ, ਵਿੱਦਿਆ ਮੰਦਿਰ, ਸਰਸਵਤੀ ਵਿਦਿਆਲਯਾ ਆਦਿ ਸ਼ਾਖ਼ਾਵਾਂ), ਸੇਵਾ ਭਾਰਤੀ, ਵਣਵਾਸੀ ਕਲਿਆਣ ਆਸ਼ਰਮ (ਸਮਾਜਿਕ ਸੇਵਾ ਵਿੰਗ), ਦੁਰਗਾ ਵਾਹਿਣੀ, ਹਿੰਦੂ ਯੁਵਾ ਵਾਹਿਣੀ, ਬਜਰੰਗ ਦਲ, ਗਊ ਰਕਸ਼ਾ ਦਲ, ਹਿੰਦੂ ਤਖ਼ਤ, ਸ਼੍ਰੀਰਾਮ ਸੇਨਾ, ਵਿਸ਼ਵ ਹਿੰਦੂ ਪ੍ਰੀਸ਼ਦ, ਯੁਵਾ ਭਾਰਤੀ ਆਦਿ ਵਰਗੀਆਂ ਜਥੇਬੰਦੀਆਂ ਅਤੇ ਸਹਿ-ਜਥੇਬੰਦੀਆਂ ਰਾਹੀਂ ਸੰਘ ਨੇ ਦੇਸ਼ ਦੇ ਕੋਨੇ-ਕੋਨੇ ਅਤੇ ਸਮਾਜ ਦੇ ਹਰ ਵਰਗ ਤੱਕ ਆਪਣੀ ਰਸਾਈ ਬਣਾ ਲਈ ਹੈ। ਪਰ ਹੁਣ ਫਿਲਮ ਖੇਤਰ ‘ਚ ਵੀ ਸੰਘ ਦਾ ਏਜੰਡਾ ਫੈਲ ਰਿਹਾ ਹੈ। ਮੁਕੇਸ਼ ਖੰਨਾ, ਪਹਿਲਾਜ ਨਹਿਲਾਨੀ, ਅਨੁਪਮ ਖੇਰ, ਅਮਿਤਾਬ ਬਚਨ ਆਦਿ ਵਰਗੇ ਕਲਾਕਾਰ ਤਾਂ ਹੈ ਹੀ ਸੰਘ ਦੇ ਬੰਦੇ ਪਰ ਉਸਦੀ ਵਿਚਾਰਧਾਰਾ ਦਾ ਫੈਲਾਅ ਫਿਲਮ ਖੇਤਰ ‘ਚ ਪਿਛਲੇ ਸਮੇਂ ਤੋਂ ਬਹੁਤ ਵਧਿਆ ਹੈ। ਕੇਂਦਰੀ ਫਿਲਮ ਸਰਟੀਫਕੇਸ਼ਨ ਬੋਰਡ ਦਾ ਮੁਖੀ ਪਹਿਲਾਜ ਨਹਿਲਾਨੀ, ਫਿਲਮ ਤੇ ਟੈਲੀਵਿਜ਼ਨ ਇੰਸਟੀਟਿਊਟ ਆਫ ਇੰਡੀਆ ਦਾ ਮੁਖੀ ਗਜੇਂਦਰ ਚੌਹਾਨ ਅਤੇ ਬਾਲ ਫਿਲਮ ਸੋਸਾਇਟੀ ਦਾ ਮੁਖੀ ਮੁਕੇਸ਼ ਖੰਨਾ ਨੂੰ ਲਾਇਆ ਗਿਆ ਹੈ ਅਤੇ ਇਹ ਤਿੰਨੇ ਹੀ ਸੰਘ ਦੇ ਬੰਦੇ ਹਨ। 2014 ਤੋਂ ਬਾਅਦ ਬੀਜੇਪੀ ਦੀ ਸਰਕਾਰ ਆਉਣ ਨਾਲ਼ ਕਲਾ ਦੇ ਖੇਤਰ ‘ਚ ਸੰਘੀ ਰੁਝਾਨ ਵਧਣਾ ਸ਼ੁਰੂ ਹੋਇਆ ਹੈ।

ਵੈਸੇ ਤਾਂ ਭਾਰਤੀ ਸਿਨੇਮੇ ‘ਚ ਅੰਨੀ-ਦੇਸ਼ਭਗਤੀ ਦਾ ਜਨੂੰਨ ਕੋਈ ਨਵੀਂ ਗੱਲ ਨਹੀਂ ਹੈ। ਪਰ ਪਿਛਲੇ ਦੋ-ਤਿੰਨ ਸਾਲਾਂ ਵਿੱਚ ਇਸ ਵਿੱਚ ਜੋ ਵਾਧਾ ਹੋਇਆ ਹੈ ਉਹ ਜਰੂਰ ਚਿੰਤਾਜਨਕ ਗੱਲ ਹੈ। ਇਸਦੀ ਤਸਵੀਰ 2014 ਤੋਂ ਲੈ ਕੇ ਹੁਣ ਤੱਕ ਬਣੀਆਂ ਫਿਲਮਾਂ ‘ਤੇ ਨਜ਼ਰ ਮਾਰੇ ਤੋਂ ਸਾਫ਼ ਹੋ ਜਾਵੇਗੀ। ਇਸ ਦੌਰ ‘ਚ ਬਹੁਤ ਸਾਰੀਆਂ ਫਿਲਮਾਂ ਅਜਿਹੀਆਂ ਬਣੀਆਂ ਹਨ ਜਿਹਨਾਂ ਵਿੱਚ ਅੰਨਾ-ਕੌਮਵਾਦ ਯਾਨੀ ਦੇਸ਼ ਦਾ ਅੰਨਾ ਗੁਣਗਾਨ, ਮੁਸਲਿਮ ਵਸੋਂ ਵਿਰੋਧੀ ਪਾਗਲਪਣ ਦੀ ਹੱਦ ਦਾ ਜਨੂੰਨ, ਪਾਕਿਸਤਾਨ ਵਿਰੋਧੀ ਅਤੇ ਸੰਘ ਪੱਖੀ ਰੁਝਾਨ ਸਿੱਧੇ ਜਾਂ ਅਸਿੱਧੇ ਢੰਗ ਨਾਲ਼ ਪੇਸ਼ ਹੋਇਆ ਦੇਖਿਆ ਜਾ ਸਕਦਾ ਹੈ। ਇਸ ਦੌਰ ਦੌਰਾਨ ਬਣੀਆਂ ਫਿਲਮਾਂ ਦੀ ਵੰਡ ਦੋ ਤਰਾਂ ਨਾਲ਼ ਕੀਤੀ ਜਾ ਸਕਦੀ ਹੈ: ਪਹਿਲੀ ਕਿਸਮ ਦੀਆਂ ਉਹ ਫਿਲਮਾਂ ਜਿਹਨਾਂ ਵਿੱਚ ਸਪੱਸ਼ਟ ਅੰਨਾ-ਕੌਮਵਾਦ ਤੇ ਸੰਘੀ ਰੁਝਾਨ ਪੇਸ਼ ਹੋਇਆ ਹੈ ਅਤੇ ਦੂਜਾ ਜਿਹਨਾਂ ਫਿਲਮਾਂ ਵਿੱਚ ਕਿਸੇ ਡਾਇਲੌਗ, ਦ੍ਰਿਸ਼, ਨਾਅਰੇ, ਵਰਤਾਲਾਪ, ਬਿੰਬ, ਪ੍ਰਤੀਕ, ਰੂਪਕ ਆਦਿ ਰਾਹੀਂ ਅੰਨਾ-ਕੌਮਵਾਦ, ਮੁਸਲਿਮ ਵਿਰੋਧ ਆਦਿ ਦੇਖਿਆ ਜਾ ਸਕਦਾ ਹੈ। ਪਹਿਲੀ ਕਿਸਮ ਦੀਆਂ ਫਿਲਮਾਂ ਜੋ 2014 ਤੋਂ ਬਾਅਦ ਬਣੀਆਂ ਉਹਨਾਂ ਵਿੱਚ ‘ਗ਼ਾਜ਼ੀ ਅਟੈਕ’, ‘ਸਰਬਜੀਤ’, ‘ਬੇਬੀ’, ‘ਜੈ ਜਵਾਨ ਜੈ ਕਿਸਾਨ’, ‘ਫੈਨਟਮ’, ‘ਬਜਰੰਗੀ ਭਾਈ ਜਾਨ’ ਆਦਿ ਦੇ ਨਾਂ ਪ੍ਰਮੁੱਖ ਹਨ। ਦੂਜੀ ਕਿਸਮ ਦੀਆਂ ਫਿਲਮਾਂ ‘ਚ ‘ਦੰਗਲ’, ‘ਸੁਲਤਾਨ’, ‘ਜੌਲੀ ਐਲ ਐਲ ਬੀ-2’, ‘ਡਿਸ਼ੂਮ’, ‘ਐਮ ਐਸ ਧੋਨੀ’, ‘ਸਚਿਨ: ਬਿਲੀਅਨ ਡਰੀਮਜ਼’, ‘ਮੈਰੀ ਕੋਮ’, ‘ਏਅਰ ਲਿਫਟ’ ਆਦਿ ਫਿਲਮਾਂ ਮੁੱਖ ਹਨ।

ਇਹਨਾਂ ਫਿਲਮਾਂ ਵਿੱਚ ਅੰਨਾ-ਕੌਮਵਾਦੀ ਮਿੱਸ ਦੀਆਂ ਕੁਝ ਉਦਾਹਰਨਾਂ ਦੇਖਦੇ ਹਾਂ। ‘ਸਰਬਜੀਤ’ (2016) ਫਿਲਮ ਵਿੱਚ ਵੈਸੇ ਤਾਂ ਦ੍ਰਿਸ਼ਾਂ, ਵਾਰਤਾਲਾਪਾਂ ‘ਚੋਂ ਅੰਨਾ ਕੌਮਵਾਦੀ ਜਨੂਨ ਦੇਖਿਆ ਜਾ ਸਕਦਾ ਹੈ। ਪਰ ਇੱਕ ਵਾਰਤਾਲਾਪ ‘ਚ ਇੱਕ ਕਿਰਦਾਰ ਪਾਕਿਸਤਾਨ ਵਾਲਿਆਂ ਨੂੰ ਕਹਿੰਦਾ ਹੈ, “ਤੁਮ ਲੋਗੋਂ ਕੋ ਪੀਠ ਪੇ ਵਾਰ ਕਰਨਾ ਆਤਾ ਹੈ, ਪਰ ਹਮਨੇ ਸੀਖਾ ਹੀ ਨਹੀਂ”, ਤਾਂ ਇਹ ਡਾਇਲੌਗ ਫਿਲਮ ਦੇ ਪਾਕਿਸਤਾਨ ਵਿਰੋਧੀ ਜਨੂੰਨ ਨੂੰ ਸਿਰੇ ਲਾ ਦਿੰਦਾ ਹੈ। ‘ਬੇਬੀ’ (2015) ਫਿਲਮ ਦਾ ਸਾਰਤੱਤ ਘੋਰ ਮੁਸਲਿਮ ਵਿਰੋਧੀ ਹੈ ਜੋ ਦੇਸ਼-ਰੱਖਿਆ ਦੇ ਨਾਂ ‘ਤੇ ਮੁਸਲਮਾਨਾਂ ਨੂੰ ਦਹਿਸ਼ਤਗਰਦ ਮੰਨਦੀ ਹੋਈ ਜਨੂੰਨ ਦੀ ਹੱਦ ਤੱਕ ਉਹਨਾਂ ਨੂੰ ਖ਼ਤਮ ਕਰਨ ਦਾ ਸੰਦੇਸ਼ ਦਿੰਦੀ ਹੈ। ‘ਜੈ ਜਵਾਨ ਜੈ ਕਿਸਾਨ'(2015) ਭਾਵੇਂ ਗਾਂਧੀਵਾਦੀ ਅਹਿੰਸਾਵਾਦ ਨੂੰ ਵਾਜਬ ਠਹਿਰਾਉਂਦੀ ਹੋਈ ਉਸ ਰਾਹੀਂ ਅਜ਼ਾਦੀ ਆਉਣ ਦੀ ਗੱਲ ਕਰਦੀ ਹੈ ਪਰ ਪਾਕਿਸਤਾਨ ਦਾ ਨਾਂ ਆਉਂਦੇ ਹੀ ਉਸਦੀ ਅਹਿੰਸਾ ਦਾ ਸਾਰਾ ਮੁਲੱਮਾ ਲਹਿ ਜਾਂਦਾ ਹੈ ਜਿਸਦੀ ਇੱਕ ਮਿਸਾਲ ਇਹ ਡਾਇਲੌਗ ਹੈ: “ਪਾਕਿਸਤਾਨ ਦੇ ਇਰਾਦੇ ਨੇਕ ਨਹੀਂ ਹਨ, ਪਰ ਅਸੀਂ ਉਹਨਾਂ ਨੂੰ ਘਰ ‘ਚ ਘੁਸਕੇ ਮਾਰਾਂਗੇ।” 2015 ‘ਚ ਆਈ ਸਲਮਾਨ ਖਾਨ ਦੀ ਫਿਲਮ ‘ਬਜਰੰਗੀ ਬਾਈ ਜਾਨ’ ਵਿੱਚ ਇੱਕ “ਸੱਚੇ-ਸੁੱਚੇ”, “ਸੰਵੇਦਨਸ਼ੀਲ” ਤੇ ਆਦਰਸ਼ ਹਿੰਦੂ ਦੇ ਬਿੰਬ ਰਾਹੀਂ ਦੱਸਿਆ ਗਿਆ ਹੈ ਕਿ ਹਿੰਦੂ ਬਹੁਤ ਚੰਗੇ, ਸੰਵੇਦਨਸ਼ੀਲ਼, ਮਦਦ ਕਰਨ ਵਾਲ਼ੇ ਹੁੰਦੇ ਹਨ ਭਾਵੇਂ ਕਿਸੇ ਬੇਸਹਾਰੇ ਦੀ ਮਦਦ ਲਈ ਉਹਨਾਂ ਨੂੰ ਕਿੰਨਾ ਵੀ ਦੁੱਖ ਉਠਾਉਣਾ ਪਏ, ਉਹ ਦੂਜਿਆਂ ਦੀ ਮਦਦ ਕਰਦੇ ਹਨ। ਭਾਵੇਂ ਮੁਸਲਮਾਨ ਹੀ ਕਿਉਂ ਨਾ ਹੋਣ ਉਹਨਾਂ ਦੀ ਵੀ ਮਦਦ ਕਰਦੇ ਹਨ। ਇਸ ਫਿਲਮ ਰਾਹੀਂ ਸੰਘੀ ਕੱਟੜਪੰਥੀਆਂ ਨੇ ਮੁਸਲਮਾਨ ਵਿਰੋਧੀ ਜਨੂੰਨ ਭੜਕਾ ਕੇ ਜੋ ਹਜ਼ਾਰਾਂ ਮੁਸਲਮਾਨਾਂ ਨੂੰ ਮਾਰਿਆ ਹੈ ਅਤੇ ਇਸ ਦੇਸ਼ ਦੀ ਮੁਸਲਿਮ ਅਬਾਦੀ ਨੂੰ ਖ਼ੌਫ਼ ਦੇ ਸਾਏ ਹੇਠ ਰਹਿਣ ਲਈ ਮਜ਼ਬੂਰ ਕੀਤਾ ਹੈ, ਉਹਤੇ ਠੰਢਾ ਪੋਚਾ ਮਾਰਣ ਦਾ ਕੰਮ ਕੀਤਾ ਹੈ। ਫਿਲਮ ‘ਚ ਸੰਘ ਦੀ ਸ਼ਾਖ਼ ਦਾ ਦ੍ਰਿਸ਼ ਦਿਖਾਇਆ ਹੈ। ‘ਫੈਨਟਮ’ (2015) ਤਾਂ ਬਿਲਕੁਲ ਸਪੱਸ਼ਟ ਹੀ ਪਾਕਿ ਤੇ ਮੁਸਲਿਮ ਵਿਰੋਧੀ ਫਿਲਮ ਹੈ ਜੋ ਸੰਘੀਆਂ ਦੀ ਇਸ ਸੁਰ ‘ਚ ਸੁਰ ਮਿਲਾਉਂਦੀ ਹੈ ਕਿ ਪਾਕਿਸਤਾਨ ਵਾਲਿਆਂ ਨੂੰ ਉਹਨਾਂ ਦੇ ਘਰ ‘ਚ ਘੁਸਕੇ ਮਾਰਨਾ ਚਾਹੀਦਾ ਹੈ।

ਇਸ ਤੋਂ ਬਿਨਾਂ ਬਹੁਤ ਸਾਰੀਆਂ ਫਿਲਮਾਂ ‘ਚ ਕਿਸੇ ਇਸ਼ਾਰੇ, ਤਨਜ਼, ਬਿੰਬ, ਤਸਵੀਰ, ਪ੍ਰਤੀਕ, ਰੂਪਕ, ਵਾਰਤਾਲਾਪ ਆਦਿ ਰਾਹੀਂ ਸੰਘੀ ਕੌਮਵਾਦ ਲੋਕਾਂ ਦੇ ਗਲਾਂ ਹੇਠ ਉਤਾਰਨ ਦਾ ਯਤਨ ਹੋਇਆ ਹੈ। ਜਿਵੇਂ ‘ਦੰਗਲ’ (2016) ਫਿਲਮ ਵਿੱਚ ਕੁਸ਼ਤੀ ਵਰਗੀ ਭਾਰਤੀ ਖੇਡ ਨਾਲ਼ ਜੁੜੀਆਂ ਲੋਕ-ਭਾਵਨਾਵਾਂ ਨੂੰ ਵਰਤ ਕੇ ਗੀਤਾ ਫੋਗਾਟ ਦੀ ਕਹਾਣੀ ਰਾਹੀਂ ਭਾਰਤੀ ਸਰਮਾਏਦਾਰ ਜਮਾਤ ਦੀ ਉੱਤਮਤਾ ਦੀ ਕਹਾਣੀ ਬਿਆਨ ਕੀਤੀ ਹੈ। ਪਰ ਅਖ਼ੀਰ ‘ਚ ‘ਭਾਰਤ ਮਾਤਾ ਦੀ ਜੈ’ ਦਾ ਨਾਅਰਾ ਲਵਾ ਕੇ ਸੰਘੀ ਵਿਚਾਰਧਾਰਾ ਲੋਕਾਂ ਨੂੰ ਹਜ਼ਮ ਕਰਾਉਂਦੀ ਹੈ। ਸੰਗ ਨੂੰ ਆਮੀਰ ਖਾਨ ਪਿਛਲੇ ਕਾਫ਼ੀ ਸਮੇਂ ਤੋਂ ਰੜਕ ਰਿਹਾ ਸੀ, ਪਰ ਇਸ ਫਿਲਮ ਨਾਲ਼ ਆਮੀਰ ਖਾਨ ਦੇ ਸੰਘ ਨਾਲ਼ ਸਬੰਧ ਸੁਖਾਵੇਂ ਹੋ ਗਏ। ਐਵੇਂ ਨਹੀਂ ਰਸਸ ਦੇ ਰਸਾਲੇ ‘ਪੰਚਜਨਯਾ’ ਤੇ ‘ਆਰਗੇਨਾਇਜ਼ਰ’ ‘ਚ ਦੰਗਲ ਦੀ ਤਰੀਫ਼ ਹੋਈ ਅਤੇ ਪਿੱਛੇ ਜਿਹੇ ਮੋਹਨ ਭਾਗਵਤ ਨੇ ਅਮੀਰ ਖਾਨ ਨੂੰ ਦੰਗਲ ਫਿਲਮ ਲਈ ਸਨਮਾਨਿਤ ਵੀ ਕੀਤਾ। ‘ਸੁਲਤਾਨ’ (2016) ਫਿਲਮ ਵੀ ਕੁਸ਼ਤੀ ਦੀ ਖੇਡ ਨੂੰ ਅਧਾਰ ਬਣਾ ਕੇ ਬਣੀ ਹੈ ਪਰ ਇਸ ‘ਚ ਵੀ ਇੱਕ ਛੋਟਾ ਜਿਹਾ ਦ੍ਰਿਸ਼ ਆਉਂਦਾ ਹੈ ਜਿਸ ‘ਚ ਸੁਲਤਾਨ ਹਾਰਨ ਤੋਂ ਬਾਅਦ ਦੁਬਾਰਾ ਰਿੰਗ ‘ਚ ਜਾਂਦਾ ਹੋਇਆ ਕਾਹਲੀ ਨਾਲ਼ ‘ਭਾਰਤ ਮਾਤਾ ਦੀ ਜੈ’ ਕਹਿ ਜਾਂਦਾ ਹੈ, ਤਾਂ ਇਸ ਵਾਰ ਉਹ ਜਿੱਤ ਜਾਂਦਾ ਹੈ। ‘ਜੌਲੀ ਐਲ ਐਲ ਬੀ-2’ (2017) ਵਰਗੀ ਫਿਲਮ ਭਾਵੇਂ ਕਿ ਹਲਕੀ ਕਮੇਡੀ ਵਾਲ਼ੀ ਫਿਲਮ ਹੈ ਪਰ ਉਸ ‘ਚ ਵੀ ਕੁਝ ਦ੍ਰਿਸ਼ਾਂ ਤੇ ਡਾਇਲੌਗਾਂ ਰਾਹੀਂ ਸੰਘੀ ਵਿਚਾਰਧਾਰਾ ਦੀਆਂ ਬੁੱਕਾਂ ਦਰਸ਼ਕ ਨੂੰ ਪਿਆਉਣ ਦਾ ਯਤਨ ਹੋਇਆ ਹੈ। ਫਿਲਮ ‘ਚ ਇੱਕ ਮੁਸਲਮਾਨ ਨੌਜਵਾਨ ਜਦ ਝੂਠੇ ਪੁਲਿਸ ਮੁਕਾਬਲੇ ‘ਚ ਮਾਰਿਆ ਜਾਂਦਾ ਹੈ ਤਾਂ ਉਸ ਦੌਰਾਨ ਇੱਕ ਸਿਪਾਹੀ ਨੂੰ ਜਖ਼ਮੀ ਕਰਨਾ ਪੈਂਦਾ ਹੈ, ਪਰ ਉਹ ਮਰ ਜਾਂਦਾ ਹੈ ਤਾਂ ਪੁਲਿਸ ਅਫ਼ਸਰ ਥਾਣੇਦਾਰ ਨੂੰ ਡਾਂਟਦਾ ਹੋਇਆ ਕਹਿੰਦਾ ਹੈ ਕਿ ਮੁਸਲਿਮ ਮੁੰਡਾ ਮਾਰਿਆ ਗਿਆ ਇਹਦੀ ਤਾਂ ਕੋਈ ਗੱਲ ਨਹੀਂ ਪਰ ਸਿਪਾਹੀ ਨੀ ਮਾਰਨਾ ਚਾਹੀਦਾ ਸੀ। ਫਿਰ ਬੁਰਕੇ ਵਾਲ਼ੀਆਂ ਔਰਤਾਂ ਅਤੇ ਸਾੜੀਆਂ ਵਾਲ਼ੀਆਂ ਔਰਤਾਂ ਦੇ ਕ੍ਰਿਕਟ ਮੈਚ ਵਿੱਚ ਬੁਰਕੇ ਵਾਲ਼ੀ ਜਦ ਸ਼ੌਟ ਮਾਰਦੀ ਹੈ ਤਾਂ ਸਾੜੀ ਵਾਲ਼ੀ ਬੌਂਡਰੀ ਲਾਇਨ ‘ਤੇ ਕੈਚ ਕਰ ਲੈਂਦੀ ਹੈ, ਧੋਤੀ ਵਾਲ਼ੇ ਜਸ਼ਨ ਮਨਾਉਂਦੇ ਆਉਂਦੇ ਹਨ ਅਤੇ ਮੁਸਲਮਾਨਾਂ ਨੂੰ ਉਦਾਸ ਦਿਖਾਇਆ ਗਿਆ ਹੈ। ਇਸੇ ਤਰਾਂ ਡਿਸ਼ੂਮ ਵਰਗੀ ਹਲਕੀ ਜਿਹੀ ਫਿਲਮ ਵਿੱਚ ਵੀ ਸ਼ੇਖਰ ਧਵਨ ਦਾ ਡਾਇਲੌਗ, “ਸੁਣਤਾ ਸਭ ਕੀ ਹੂੰ ਪਰ ਮਾਨਤਾ ਮੋਦੀ ਜੀ ਕੀ।” ਇਸ ਤੋਂ ਬਿਨਾਂ ਹਾਕੀ, ਕ੍ਰਿਕਟ, ਬਾਕਸਿੰਗ ਆਦਿ ਖੇਡਾਂ ਨਾਲ਼ ਜੁੜੀਆਂ ਲੋਕਾਂ ਦੀਆਂ ਭਾਵਨਾਵਾਂ ਨੂੰ ਅੰਨਾ-ਕੌਮਵਾਦੀ ਏਜੰਡੇ ਲਈ ਵਰਤਣ ਦਾ ਕੰਮ ‘ਐਮ ਐਸ ਧੋਨੀ’, ‘ਸਚਿਨ: ਏ ਬਿਲੀਅਨ ਡਰੀਮਜ਼’, ‘ਮੈਰੀ ਕੋਮ’ ਆਦਿ ਵਰਗੀਆਂ ਫਿਲਮਾਂ ਰਾਹੀਂ ਕੀਤਾ ਗਿਆ ਹੈ। ‘ਨਾਮ ਸ਼ਬਾਨਾ’ ਫਿਲਮ ਵੀ ਆਪਣੇ ਢੰਗ ਨਾਲ਼ ਅੰਨਾ ਕੌਮੀ ਗੁਣਗਾਨ ਦਾ ਅਸਿੱਧਾ ਇਸ਼ਾਰਾ ਕਰਦੀ ਹੈ।

ਭਾਵੇਂ ਕਿ ਬਹੁਤ ਪਹਿਲਾਂ ਤੋਂ ਸੈਂਕੜੇ ਫਿਲਮਾਂ ਰਾਹੀਂ ਭਾਰਤੀ ਹਾਕਮ ਜਮਾਤ ਅੰਨਾ-ਕੌਮਵਾਦੀ ਗੁਣਗਾਣ, ਪਾਕਿਸਤਾਨ ਤੇ ਮੁਸਲਿਮ ਵਿਰੋਧੀ ਪ੍ਰੇਪੇਗੰਡਾ ਕਰਦੀ ਆ ਰਹੀ ਹੈ ਪਰ ਪਿਛਲੇ ਕੁਝ ਸਮੇਂ ਵਿੱਚ ਇਹ ਬਹੁਤ ਵਧਿਆ ਹੈ ਜਿਸਦਾ ਇਜ਼ਹਾਰ ਦੋ ਤਿੰਨ ਸਾਲਾਂ ‘ਚ ਰਿਲੀਜ਼ ਹੋਈਆਂ ਫਿਲਮਾਂ ‘ਚ ਦੇਖਿਆ ਜਾ ਸਕਦਾ ਹੈ। ਹਰ ਤੀਜੀ ਫਿਲਮ ਵਿੱਚ ਸੰਘੀ ਵਿਚਾਰਧਾਰਾ ਲੋਕਾਂ ਨੂੰ ਸਚੇਤਨ ਢੰਗ ਨਾਲ਼ ਹਜ਼ਮ ਕਰਵਾਈ ਜਾ ਰਹੀ ਹੈ। ਸਵਾਲ ਬਣਦਾ ਹੈ ਕਿ ਇਹ ਕਿਉਂ ਹੋ ਰਿਹਾ ਹੈ?

ਅੱਜ ਸਰਮਾਏਦਾਰਾ ਸੰਕਟ ਦੇ ਸਮੇਂ ਵਿੱਚ ਜਿੱਥੇ ਲੋਕ ਗ਼ਰੀਬੀ, ਭੁੱਖਮਰੀ, ਕੰਗਾਲੀ, ਬੇਰੁਜ਼ਗਾਰੀ ਨਾਲ਼ ਜਾਂ ਇਲਾਜ ਖੁਣੋਂ ਮਰ ਰਹੇ ਹਨ ਅਤੇ ਭਾਰਤੀ ਹਾਕਮ ਜਮਾਤ ਇਸਦਾ ਹੱਲ ਕਰਨ ਦੀ ਬਜਾਏ ‘ਊਠ ਦੇ ਮੂੰਹ ‘ਚ ਜ਼ੀਰੇ ਸਮਾਨ’ ਲੋਕਾਂ ਨੂੰ ਮਿਲ਼ ਰਹੀਆਂ ਸਹੂਲਤਾਂ ਵੀ ਉਹਨਾਂ ਤੋਂ ਖੋਹ ਰਹੀ ਹੈ। ਅਜਿਹੇ ਸਮੇਂ ਇੱਕ ਮਿੱਥਿਆ ਦੁਸ਼ਮਣ ਖੜਾ ਕਰਕੇ ਅੰਨਾ-ਕੌਮਵਾਦੀ ਤੀਰ ਨਾਲ਼ ਨਕਲੀ ਰਾਵਨ ਮਾਰਨ ਦੀ ਸਿਆਸਤ ਖੇਡੀ ਜਾ ਰਹੀ ਹੈ। ਪਰ ਇਹ ਅੰਨਾ-ਕੌਮਵਾਦੀ ਤੀਰ ਅੱਗੇ ਤਿੰਨ ਸ਼ਿਕਾਰ ਕਰਦਾ ਹੈ। ਪਹਿਲਾ ਮੁਸਲਮਾਨਾਂ ਦਾ ਦਹਿਸ਼ਤਗਰਦ ਦਾ ਬਿੰਬ ਉਘੇੜਦਾ ਹੋਇਆ ਉਹਨਾਂ ‘ਤੇ ਪਹਿਲਾਂ ਤੋਂ ਹੋ ਰਹੇ ਸੰਘੀ ਜਾਂ ਫ਼ੌਜ਼ੀ ਜ਼ਬਰ ਨੂੰ ਵਾਜਬ ਠਹਿਰਾਉਂਦਾ ਹੈ (ਭਾਵੇਂ ਕਿ ਇਹ ਗੱਲ ਹੀ ਗ਼ਲਤ ਹੈ ਕਿ ਸਾਰੇ ਮੁਸਲਮਾਨ ਦਹਿਸ਼ਤਗਰਦ ਹਨ ਸਗੋਂ ਬਹੁ-ਗਿਣਤੀ ਮੁਸਲਮਾਨ ਵਸੋਂ ਤਾਂ ਦਹਿਸ਼ਤਗਰਦੀ ਦੇ ਸਾਏ ਹੇਠ ਜਿਉਂ ਰਹੀ ਹੈ। ਤੇ ਜਦ ਇਹ ਸੋਚਦੇ ਹਾਂ ਕਿ ਜਿਹੜੇ ਮੁਸਲਮਾਨ ਦਹਿਸ਼ਤਗਰਦ ਹਨ ਉਹ ਪੈਦਾ ਕਿਵੇਂ ਹੋਏ ਤਾਂ ਇਹ ਮੁੱਖ ਤੌਰ ‘ਤੇ ਭਾਰਤੀ ਰਾਜਸੱਤਾ ਦੇ ਜ਼ਬਰ ਦੀ ਪੈਦਾਵਾਰ ਹਨ ਜਿਸਦਾ ਇੱਕ ਲੰਬਾ ਇਤਿਹਾਸ ਹੈ। ਦੂਜਾ ‘ਦੇਸ਼ ਦੀ ਮਹਾਨਤਾ’, ‘ਭਾਰਤ ਮਾਤਾ ਦੀ ਜੈ’, ‘ਮੇਰਾ ਭਾਰਤ ਮਹਾਨ’ ਵਰਗੇ ਫੋਕੇ ਤੇ ਹਵਾਈ ਨਾਅਰਿਆਂ ਦੇ ਚੀਕ-ਚੰਗਿਆੜੇ ‘ਚ ਲੋਕਾਂ ਦੀਆਂ ਹੱਕੀ ਅਵਾਜ਼ਾਂ ਨੂੰ ਦਬਾਉਣ ਦਾ ਕੰਮ ਕਰਦਾ ਹੈ। ਤੀਜਾ ਦਹਿਸ਼ਤਗਰਦੀ-ਦਹਿਸ਼ਤਗਰਦੀ ਦਾ ਰੌਲਾ ਪਾ ਕੇ ਲੋਕਾਂ ਦੇ ਹਰ ਹੱਕੀ ਸ਼ੰਘਰਸ਼ ਨੂੰ ਖ਼ੂਨ ਦੀਆਂ ਨਦੀਆਂ ‘ਚ ਡੋਬਣ ਦੀ ਵਿਚਾਰਧਾਰਾ ਨੂੰ ਮਜ਼ਬੂਤੀ ਬਕਸ਼ਦਾ ਹੈ। ਅੱਜ ਜਮੀਨੀ ਪੱਧਰ ‘ਤੇ ਵੀ ਤਾਂ ‘ਦੇਸ਼ ਨੂੰ ਖ਼ਤਰਾ’, ‘ਅੱਤਵਾਦ’, ‘ਦਹਿਸ਼ਤਵਾਦ’, ‘ਨਕਸਲਵਾਦ’ ਆਦਿ ਦੇ ਨਾਂ ‘ਤੇ ਮੁਸਲਮਾਨਾਂ ਤੇ ਆਮ ਲੋਕਾਂ ਨੂੰ ਮਾਰਨ ਦੀ ਗੰਦੀ ਖੇਡ ਖੇਡੀ ਜਾ ਰਹੀ ਹੈ ਜਿਸਦੇ ਟਾਕਰੇ ਵਿੱਚੋਂ ਇਹਨਾਂ ਲੋਕਾਂ ਦਾ ਇੱਕ ਹਿੱਸਾ ਦਹਿਸ਼ਤਗਰਦੀ ਦਾ ਰਾਹ ਅਪਣਾਉਂਦਾ ਹੈ। ਹਰ ਮੁਲਕ ਆਪਣੀਆਂ ਵਿਸਥਾਰਵਾਦੀ ਨੀਤੀਆਂ ਦੇ ਚਲਦੇ, ਦੂਜੇ ਦੇਸ਼ ‘ਚ ਪੈਂਦੇ ਰੌਲੇ-ਰੱਪੇ ਦਾ ਫਾਇਦਾ ਉਠਾਉਂਦਾ ਹੈ ਤਾਂ ਜਦ ਭਾਰਤ ‘ਚ ਕੁਝ ਦਹਿਸ਼ਤੀ ਗਰੁੱਪ ਪੈਦਾ ਹੁੰਦੇ ਹਨ ਤਾਂ ਪਾਕਿਸਤਾਨ ਉਹਨਾਂ ਦੀ ਮਦਦ ਕਰਦਾ ਹੈ ਅਤੇ ਜਦ ਪਾਕਿਸਤਾਨ ‘ਚ ਕੋਈ ਰੱਫੜ ਪੈਂਦਾ ਹੈ ਤਾਂ ਭਾਰਤ ਵੀ ਪਿੱਛੇ ਨਹੀਂ ਹੱਟਦਾ। ਦੂਜਾ ਸੰਘ ਆਪਣੀਆਂ ਫਿਰਕੂ ਕਵਾਇਦਾਂ ਨਾਲ਼ ਇਸਨੂੰ ਬਲ ਬਕਸ਼ਦਾ ਹੈ। ਮੁਸਲਮਾਨਾਂ ਦੇ ਪਹਿਰਾਵੇ, ਰਸਮਾਂ-ਰਿਵਾਜਾਂ, ਖਾਣੇ ਆਦਿ ਵਰਗੇ ਨਿੱਜੀ ਮਾਮਲਿਆਂ ‘ਚ ਘੁਸਪੈਠ ਕੀਤੀ ਜਾ ਰਹੀ ਹੈ। ਫਿਲਮਾਂ ਵਿੱਚ ਵਧ ਰਿਹਾ ਇਹ ਰੁਝਾਨ ਜ਼ਮੀਨੀ ਪੱਧਰ ‘ਤੇ ਫਾਸੀਵਾਦੀ ਤਾਕਤਾਂ ਦੀ ਮਜ਼ਬੂਤੀ ਅਤੇ ਵਧਦੇ ਫਿਰਕੂ ਤਣਾਅ ਨੂੰ ਦਿਖਾਉਂਦਾ ਹੈ। ਕਲਾ ਕਿਉਂਕਿ ਯਥਾਰਥ ਦੀ ਕਲਾਤਮਕ ਮੁੜ-ਪੇਸ਼ਕਾਰੀ ਹੀ ਹੁੰਦੀ ਹੈ। ਕਿਸੇ ਸਮਾਜ ਵਿੱਚ ਸਮਾਜਿਕ-ਆਰਥਿਕ-ਸਿਆਸੀ ਪੱਧਰ ‘ਤੇ ਕੀ ਚੱਲ ਰਿਹਾ ਹੈ ਉਸ ਸਮੇਂ ਦੀ ਕਲਾ ਵਿੱਚ ਇਸਦਾ ਇਜ਼ਹਾਰ ਹੁੰਦਾ ਹੀ ਹੈ। ਸਮਾਜਿਕ ਚੇਤਨਾ ਦਾ ਰੂਪ ਹੋਣ ਕਰਕੇ ਕਲਾ ਆਪਣੇ ਸਮੇਂ ਦੇ ਸਮਾਜਿਕ ਮਸਲਿਆਂ ਤੋਂ ਅਣਭਿੱਜ ਕਿਵੇਂ ਰਹਿ ਸਕਦੀ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ

 

Advertisements