ਬੋਰਡ ਦੀਆਂ ਪ੍ਰੀਖਿਆਵਾਂ ਵਿੱਚੋਂ ਫੇਲ ਹੋਣ ਕਾਰਨ ਕਈ ਵਿਦਿਆਰਥੀਆਂ ਵੱਲੋਂ ਖੁਦਕੁਸ਼ੀ : ਸਮੁੱਚੇ ਵਿੱਦਿਅਕ-ਸਮਾਜਿਕ ਢਾਂਚੇ ਉੱਪਰ ਕੁੱਝ ਜਰੂਰੀ ਸਵਾਲ ਖੜੇ ਕਰਨ ਦਾ ਵੇਲ਼ਾ ਹੈ •ਗੁਰਪ੍ਰੀਤ

7

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਪੰਜਾਬ ਬੋਰਡ ਦੇ ਦਸਵੀਂ ਤੇ ਬਾਰਵੀਂ ਦੇ ਨਤੀਜਿਆਂ ਦਾ ਹੁਣੇ ਐਲਾਨ ਹੋਇਆ ਹੈ ਜਿਹਨਾਂ ਵਿੱਚ ਪਾਸ ਫੀਸਦੀ ਪਹਿਲਾਂ ਨਾਲੋਂ ਕਾਫੀ ਮਾੜੀ ਰਹੀ। ਪਹਿਲਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਦੇ ਨਤੀਜੇ ਵਿੱਚ ਕੁੱਲ ਪਾਸ ਫੀਸਦ 62.36 ਰਹੀ ਜੋ ਕਿ ਪਿਛਲੇ ਸਾਲ 76 .77 ਸੀ। ਦਸਵੀਂ ਦੇ ਨਤੀਜੇ ਦੀ ਪਾਸ ਫੀਸਦੀ 57.5 ਫੀਸਦੀ ਰਹੀ ਜੋ ਕਿ ਪਿਛਲੇ ਸਾਲ 72.25 ਫੀਸਦੀ ਸੀ। ਇਹਨਾਂ ਮਾੜੇ ਨਤੀਜਿਆਂ ਨਾਲ਼ੋਂ ਦੁਖਦਾਈ ਖ਼ਬਰ ਇਹ ਰਹੀ ਕਿ ਆਪਣੇ ਨਤੀਜਿਆਂ ਤੋਂ ਨਿਰਾਸ਼ ਹੋ ਕੇ ਕਈ ਵਿਦਿਆਰਥੀਆਂ ਨੇ ਖੁਦਕੁਸ਼ੀ ਕਰ ਲਈ। ਹੁਣ ਤੱਕ ਦਸਵੀਂ ਜਮਾਤ ਦੇ 5 ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ ਤੇ ਹੋਰ ਕਈਆਂ ਨੇ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਿਹਨਾਂ ਨੂੰ ਬਚਾ ਲਿਆ ਗਿਆ ਹੈ, ਤੇ ਇਹਨਾਂ ਵਿੱਚੋਂ ਕਈਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਬਾਰਵੀਂ ਦੇ ਨਤੀਜੇ ਮਗਰੋਂ ਵੀ 3 ਵਿਦਿਆਰਥੀਆਂ ਦੀ ਖੁਦਕੁਸ਼ੀ ਦੀ ਖ਼ਬਰ ਸਾਹਮਣੇ ਆਈ ਹੈ। ਇਹਨਾਂ ਵਿੱਚ ਮੁੰਡੇ ਵੀ ਹਨ ਤੇ ਕੁੜੀਆਂ ਵੀ। ਇਹਨਾਂ ਵਿਦਿਆਰਥੀਆਂ ਨੇ ਫਾਹਾ ਲੈ ਕੇ, ਰੇਲ ਥੱਲੇ ਆਕੇ ਜਾਂ ਕੋਈ ਜ਼ਹਿਰੀਲੀ ਚੀਜ਼ ਨਿਗਲ਼ ਕੇ ਖੁਦਕੁਸ਼ੀ ਕਰ ਲਈ। ਇਹ ਵਰਤਾਰਾ ਪੰਜਾਬ ‘ਚ ਹੀ ਨਹੀਂ ਸਗੋਂ ਭਾਰਤ ਦੇ ਹੋਰਨਾਂ ਸੂਬਿਆਂ ਵਿੱਚ ਵੀ ਵੇਖਣ ਨੂੰ ਮਿਲ਼ਿਆ ਹੈ। ਮੱਧ ਪ੍ਰਦੇਸ਼ ਵਿੱਚ ਵੀ ਦਸਵੀਂ ਤੇ ਬਾਰਵੀਂ ਦੇ ਨਤੀਜੇ ਮਗਰੋਂ 12 ਵਿਦਿਆਰਥੀ ਖੁਦਕੁਸ਼ੀ ਕਰ ਚੁੱਕੇ ਹਨ। ਅੱਜ ਭਾਰਤ ਵਿੱਚ ਹਰ ਘੰਟੇ ਇੱਕ ਵਿਦਿਆਰਥੀ ਖੁਦਕੁਸ਼ੀ ਕਰ ਜਾਂਦਾ ਹੈ ਤੇ ਇਹਨਾਂ ਵਿੱਚ ਸਕੂਲੀ ਵਿਦਿਆਰਥੀ ਵੀ ਕਾਫੀ ਗਿਣਤੀ ਵਿੱਚ ਹਨ। ਇਹਨਾਂ ਵਿਦਿਆਰਥੀਆਂ ਦਾ ਆਪਣੇ ਜੀਵਨ ਦੇ ਅਹਿਮ ਮੋੜ ‘ਤੇ ਜ਼ਿੰਦਗੀ ਨੂੰ ਇੰਝ ਅਲਵਿਦਾ ਆਖ ਜਾਣਾ ਸਾਡੇ ਸਮਾਜ ਲਈ ਇੱਕ ਪ੍ਰੇਸ਼ਾਨ ਕਰਨ ਵਾਲ਼ਾ ਸਵਾਲ ਖੜਾ ਕਰਦਾ ਹੈ ਕਿ ਇਸ ਵਿੱਦਿਅਕ ਪ੍ਰਬੰਧ ਵਿੱਚੋਂ ਸਾਡੇ ਬੱਚੇ ਜੀਵਨ ਦੀ ਜਾਂਚ ਸਿੱਖਣ ਦੀ ਥਾਂ ਮੌਤ ਨੂੰ ਗਲ਼ੇ ਲਾਉਣਾ ਕਿਉਂ ਸਿੱਖ ਰਹੇ ਹਨ? ਕੀ ਇਹ ਵਿੱਦਿਅਕ ਢਾਂਚੇ ਦਾ ਨੁਕਸ ਹੈ ਜਾਂ ਸਮੱਸਿਆ ਕਿਧਰੇ ਹੋਰ ਹੈ?

ਇਹਨਾਂ ਸਵਾਲਾਂ ਉੱਪਰ ਚਰਚਾ ਚੱਲ ਰਹੀ ਹੈ ਤਾਂ ਕਈ ਤਰਾਂ ਦੇ ਜਵਾਬ ਦੇਖਣ ਨੂੰ ਮਿਲ਼ ਰਹੇ ਹਨ। ਕੁੱਝ ਵਿਦਵਾਨ ਇਸਦਾ ਦੋਸ਼ ਮਾਪਿਆਂ ਨੂੰ ਦਿੰਦੇ ਹਨ ਜੋ ਬੱਚਿਆਂ ਉੱਪਰ ਪੜਾਈ, ਕੈਰੀਅਰ ਅਤੇ ਆਪਣੀਆਂ ਅਧੂਰੀਆਂ ਇੱਛਾਵਾਂ ਦਾ ਬੋਝ ਲੱਦਦੇ ਰਹਿੰਦੇ ਹਨ ਤੇ ਬਾਲ ਮਨ ਨੂੰ ਸਮਝਣੋਂ, ਉਸਦੀਆਂ ਲੋੜਾਂ, ਰੁਚੀਆਂ ਜਾਨਣੋ ਨਾਂਹ ਕਰ ਦਿੰਦੇ ਹਨ। ਕੁੱਝ ਹੋਰ ਇਹਦੇ ਲਈ ਅਧਿਆਪਕਾਂ ਦੇ ਉਸ ਹਿੱਸੇ ਨੂੰ ਦੋਸ਼ੀ ਮੰਨਦੇ ਹਨ ਜੋ ਮੋਟੀਆਂ ਤਨਖਾਹਾਂ ਛਕਦੇ ਹਨ ਪਰ ਬੱਚਿਆਂ ਨੂੰ ਪੜਾਉਣ, ਉਹਨਾਂ ਨੂੰ ਚੰਗੇ ਇਨਸਾਨ ਬਣਾਉਣ ਦੀ ਜ਼ਿੰਮੇਵਾਰੀ ਤੋਂ ਮੂੰਹ ਮੋੜ ਲੈਂਦੇ ਹਨ। ਕੁੱਝ ਹੋਰ ਇਹਦਾ ਦੋਸ਼ ਬੱਚਿਆਂ ਨੂੰ ਹੀ ਦਿੰਦੇ ਹਨ ਕਿ ਅੱਜ-ਕੱਲ ਦੇ ਬੱਚੇ ਬਹੁਤ ਜ਼ਿੱਦੀ ਤੇ ਗੁੱਸੇਖੋਰ ਹਨ, ਆਪਣੀ ਕੋਈ ਇੱਛਾ ਪੂਰੀ ਹੁੰਦੀ ਨਾ ਵੇਖ ਕੇ ਉਹ ਜਲਦੀ ਆਪਣੇ ਹੋਸ਼ ਗਵਾ ਬਹਿੰਦੇ ਹਨ। ਜਾਂ ਇਹਨਾਂ ਬੱਚਿਆਂ ਦਾ ਪਾਲਣ-ਪੋਸ਼ਣ ਹੀ ਇਸ ਢੰਗ ਨਾਲ਼ ਹੋਇਆ ਹੈ ਕਿ ਜ਼ਿੰਦਗੀ ਵਿੱਚ ਵੱਡੀਆਂ ਸਮੱਸਿਆਵਾਂ, ਅਸਫਲਤਾਵਾਂ ਦਾ ਸਾਹਮਣਾ ਕਰਨਾ ਇਹਨਾਂ ਦੇ ਵੱਸੋਂ ਬਾਹਰ ਹੋ ਜਾਂਦਾ ਹੈ। ਵਿਦਵਾਨਾਂ ਦਾ ਇੱਕ ਹੋਰ ਹਿੱਸਾ ਇਹਦਾ ਕਾਰਨ ਸਿੱਖਿਆ ਸਬੰਧੀ ਕੁੱਝ ਖਾਸ ਨੀਤੀਆਂ ਵਿੱਚੋਂ ਲੱਭਦਾ ਹੈ ਜਿਵੇਂ ਕਿ ਅੱਠਵੀਂ ਤੱਕ ਫੇਲ• ਨਾ ਕਰਨ ਦੀ ਨੀਤੀ, ਅਧਿਆਪਕਾਂ ਉੱਪਰ ਪੜਾਉਣ ਤੋਂ ਬਿਨਾਂ ਹੋਰ ਕੰਮਾਂ ਦੇ ਬੋਝ ਲੱਦਣ ਦੀ ਨੀਤੀ ਤੇ ਸਰਕਾਰੀ ਸਕੂਲਾਂ ਪ੍ਰਤੀ ਸਰਕਾਰ ਦੀ ਬੇਰੁਖੀ ਦੀ ਨੀਤੀ ਆਦਿ। ਇਹਨਾਂ ਵਿਆਖਿਆਵਾਂ ਵਿੱਚ ਅੰਸ਼ਕ ਸੱਚਾਈਆਂ ਹਨ ਪਰ ਇਹ ਪੂਰਾ ਸੱਚ ਨਹੀਂ ਹਨ। ਇਹ ਸਮੱਸਿਆਂ ਦੇ ਅਸਲ ਕਾਰਨ ਨਹੀਂ ਹਨ ਸਗੋਂ ਅਸਲੀ ਕਾਰਨਾਂ ਤੋਂ ਪੈਦਾ ਹੋਏ ਸਿੱਟੇ ਹਨ। ਜੇ ਅਸੀਂ ਸਿਰਫ ਇਹਨਾਂ ਚਰਚਾਵਾਂ ਤੱਕ ਸੀਮਤ ਰਹਾਂਗੇ ਤਾਂ ਕਦੇ ਇੱਕ ਤੇ ਕਦੇ ਦੂਜੀ ਚੀਜ ‘ਤੇ ਦੋਸ਼ ਲਾਉਂਦੇ ਰਹਾਂਗੇ, ਪਰ ਨਾ ਤਾਂ ਕਦੇ ਸਮੱਸਿਆਂ ਨੂੰ ਸਮੁੱਚ ਵਿੱਚ ਸਮਝ ਸਕਾਂਗੇ ਤੇ ਨਾ ਹੀ ਇਸਦੇ ਹੱਲ ਲਈ ਕੋਈ ਢੁਕਵੇਂ ਉਪਰਾਲੇ ਕਰ ਸਕਾਂਗੇ।

ਇਸ ਵਿੱਚ ਕੋਈ ਦੋ-ਰਾਇ ਨਹੀਂ ਹੈ ਕਿ ਮੌਜੂਦਾ ਵਿੱਦਿਅਕ ਢਾਂਚਾ ਬੱਚਿਆਂ ਦਾ ਸਰਵਪੱਖੀ ਵਿਕਾਸ ਕਰਨ ਵਿੱਚ ਬੁਰੀ ਤਰਾਂ ਅਸਫਲ ਹੈ ਸਗੋਂ ਉਸਦੀ ਥਾਂ ਇਹ ਨੰਬਰਾਂ ਦੀ ਦੌੜ ਦਾ ਅਜਿਹਾ ਪ੍ਰਬੰਧ ਬਣਕੇ ਰਹਿ ਗਿਆ ਹੈ ਜਿਸ ਵਿੱਚ ਹਫੇ ਹੋਏ ਬੱਚੇ ਜ਼ਿੰਦਗੀ ਦੀ ਦੌੜ ਹਾਰ ਜਾਂਦੇ ਹਨ। ਕਿਸੇ ਜਗਾ ਨੰਬਰਾਂ ਦਾ ਕੋਈ ਟੀਚਾ ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਕੁਚਲਦਾ ਰਹਿੰਦਾ ਹੈ ਤੇ ਕਿਤੇ ਪਾਸ ਹੋ ਸਕਣਾ ਹੀ ਵੱਡੀ ਸਮੱਸਿਆ ਬਣ ਜਾਂਦਾ ਹੈ। ਨੰਬਰ ‘ਤੇ ਆਉਣ ਦੀ ਇਸ ਦੌੜ ਵਿੱਚ ਬੱਚਿਆਂ ਦਾ ਬਚਪਨ, ਉਹਨਾਂ ਦੇ ਚਾਅ, ਸ਼ੌਕ, ਸੁਪਨੇ ਸਭ ਕੁਚਲ਼ ਦਿੱਤੇ ਜਾਂਦੇ ਹਨ। ਮਸਲਾ ਸਿਰਫ ਨੰਬਰਾਂ ਦਾ ਵੀ ਨਹੀਂ ਹੈ। ਜਿਹੜੀ ਪੜਾਈ ਪੜਾ ਕੇ ਨੰਬਰ ਹਾਸਲ ਕਰਨੇ ਹਨ ਉਹ ਵੀ ਰੋਜ਼ਾਨਾ ਜ਼ਿੰਦਗੀ ਦੀਆਂ ਲੋੜਾਂ ਤੇ ਅਮਲ ਤੋਂ ਬੁਰੀ ਤਰਾਂ ਕੱਟੀ ਹੁੰਦੀ ਹੈ ਇਸ ਕਰਕੇ ਇਹ ਸਿੱਖਣ ਦੀ ਥਾਂ ਇੱਕ-ਘੋਟਾ ਲਾਊ ਪ੍ਰਕਿਰਿਆ ਵਿੱਚ ਬਦਲ ਜਾਂਦੀ ਹੈ। ਬਚਪਨ ਤੋਂ ਹੀ ਹਰ ਇਨਸਾਨ ਵਿੱਚ ਆਪਣੇ ਆਲੇ-ਦੁਆਲੇ ਨੂੰ ਜਾਨਣ ਦੀ, ਅਣਜਾਣ ਚੀਜਾਂ ‘ਤੇ ਸਵਾਲ ਕਰਨ ਦੀ ਇੱਕ ਜਗਿਆਸਾ ਪੈਦਾ ਹੁੰਦੀ ਹੈ। ਗਿਆਨ ਦੀ ਇਸੇ ਭੁੱਖ ਸਦਕਾ ਮਨੁੱਖ ਜੰਗਲਾਂ ਵਿੱਚ ਕੁਦਰਤ ਦੀ ਗੁਲਾਮੀ ‘ਚੋਂ ਅਜ਼ਾਦ ਹੋ ਕੇ ਆਪਣੀ ਕੁਦਰਤ ਸਿਰਜਣ ਦੇ ਸਮਰੱਥ ਹੋ ਸਕਿਆ ਹੈ। ਪਰ ਮੌਜੂਦਾ ਵਿੱਦਿਅਕ ਢਾਂਚਾ ਇਸ ਭੁੱਖ ਨੂੰ ਹੀ ਖਤਮ ਕਰ ਦਿੰਦਾ ਹੈ, ਉਹਨਾਂ ਦੀ ਨਵਾਂ ਜਾਨਣ ਦੀ ਉਤਸੁਕਤਾ ਨੂੰ ਮਾਰ ਦਿੰਦਾ ਹੈ ਤੇ ਵਿਦਿਆਰਥੀਆਂ ਨੂੰ ਗਿਆਨ ਨਾਲ਼, ਪੜਨ ਨਾਲ਼ ਨਫਰਤ ਕਰਨ ਲਾ ਦਿੰਦਾ ਹੈ।

ਅਸਲ ਵਿੱਚ ਮੌਜੂਦਾ ਵਿੱਦਿਅਕ ਪ੍ਰਬੰਧ ਸਮੁੱਚੇ ਸਮਾਜਿਕ ਢਾਂਚੇ ਦਾ ਹਿੱਸਾ ਹੈ। ਸਾਡਾ ਮੌਜੂਦਾ ਸਮਾਜਿਕ ਢਾਂਚਾ ਇੱਕ ਮੁਨਾਫੇਖੋਰ ਢਾਂਚਾ ਹੈ ਜਿੱਥੇ ਹਰ ਚੀਜ ਮੰਡੀ ਤੇ ਮੁਨਾਫੇ ਲਈ ਪੈਦਾ ਹੁੰਦੀ ਹੈ। ਇਸ ਵਿੱਦਿਅਕ ਪ੍ਰਬੰਧ ਦਾ ਉਦੇਸ਼ ਮੌਜੂਦਾ ਮੁਨਾਫੇਖੋਰ ਢਾਂਚੇ ਲਈ ਮਸ਼ੀਨਾਂ ਦੇ ਪੁਰਜੇ ਤਿਆਰ ਕਰਨਾ ਹੈ ਜੋ ਸਿਰਫ ਇਸ ਮੁਨਾਫੇ ਵਾਲ਼ੀ ਮਸ਼ੀਨਰੀ ਦੇ ਅੰਦਰ-ਅੰਦਰ ਸੋਚਣ, ਮਹਿਸੂਸ ਕਰਨ ਦੀ ਸਮਰੱਥਾ ਰੱਖਦੇ ਹੋਣ ਤੇ ਉਸਤੋਂ ਬਾਹਰ ਕੁੱਝ ਵੀ ਨਾ ਸੋਚਣ, ਮਹਿਸੂਸ ਕਰਨ। ਮੌਜੂਦਾ ਮੁਨਾਫੇਖੋਰ ਢਾਂਚਾ ਆਪਣੇ ਨਾਲ਼ ਬੇਰੁਜ਼ਗਾਰੀ ਦੀ ਵੱਡੀ ਸਮੱਸਿਆ ਵੀ ਪੈਦਾ ਕਰਦਾ ਹੈ। ਇਸ ਕਰਕੇ ਇਸਦੇ ਕੰਮ ਲਈ ਮਸ਼ੀਨਾਂ ਦੀ ਘੱਟ ਲੋੜ ਹੈ ਤੇ ਪੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧ ਹੈ। ਇਸ ਕਾਰਨ ਵਿੱਦਿਆ ਦਾ ਇੱਕੋ-ਇੱਕ ਉਦੇਸ਼ ਇਹ ਰੁਜ਼ਗਾਰ ਦੇ ਸੀਮਤ ਮੌਕਿਆਂ ਵਿੱਚ ਥਾਂ ਬਣਾਉਣਾ ਬਣ ਜਾਂਦਾ ਹੈ ਤੇ ਇਹ ਮੌਕੇ ਹਾਸਲ ਕਰਨ ਲਈ ਇੱਕ ਦੂਜਿਆਂ ਨੂੰ ਲਿਤਾੜਦੇ ਹੋਏ ਆਪਣੇ ਸਭ ਚਾਵਾਂ, ਇੱਛਾਵਾਂ, ਕਲਪਨਾਵਾਂ, ਸੰਵੇਦਨਾਵਾਂ ਨੂੰ ਮਾਰਦੇ ਹੋਏ ਖੁਦ ਨੂੰ ਮਸ਼ੀਨ ਬਣਾਉਣਾ ਹੈ। ਦੂਜਾ, ਇਹ ਵਿੱਦਿਅਕ ਢਾਂਚਾ ਬੱਚਿਆਂ ਨੂੰ ਮਸ਼ੀਨਾਂ ਦੇ ਪੁਰਜੇ ਬਣਾਉਣ ਦੇ ਨਾਲ਼-ਨਾਲ਼ ਸੁਆਰਥ, ਲਾਲਚ, ਮੁਨਾਫੇਖੋਰੀ, ਦੂਜਿਆਂ ਨੂੰ ਲਿਤਾੜ ਕੇ ਅੱਗੇ ਲੰਘਣ ਆਦਿ ਜਿਹੇ ਮਨੁੱਖ ਵਿਰੋਧੀ ਵਿਚਾਰ ਭਰਨ ਦਾ ਕੰਮ ਵੀ ਕਰਦਾ ਹੈ ਜਿਸ ਨਾਲ਼ ਇਹ ਢਾਂਚਾ ਲੋਕਾਂ ਦੀ ਸਹਿਮਤੀ ਹਾਸਲ ਕਰਦਾ ਹੋਇਆ ਚਲਦਾ ਰਹਿੰਦਾ ਹੈ। ਤੀਜਾ, ਇਸ ਮੁਨਾਫੇਖੋਰ ਢਾਂਚੇ ਵਿੱਚ ਸਿੱਖਿਆ ਵੀ ਇੱਕ ਵਪਾਰ ਬਣ ਗਈ ਹੈ। ਇੱਥੇ ਸਕੂਲ ਭਵਿੱਚ ਸਾਂਭਣ ਵਾਲ਼ੀ ਮਨੁੱਖਤਾ ਦੀ ਅਗਲੀ ਪੀੜੀ ਤਿਆਰ ਕਰਨ ਦੀ ਪ੍ਰਯੋਗਸ਼ਾਲਾ ਨਹੀਂ ਸਗੋਂ ਪੈਸੇ ਕੁੱਟਣ ਦਾ ਸਾਧਨ ਹਨ।

ਇਹਨਾਂ ਹਾਲਤਾਂ ਅਧੀਨ ਹੀ ਅਸੀਂ ਮਾਪੇ, ਅਧਿਆਪਕਾਂ, ਬੱਚਿਆਂ ਤੇ ਸਰਕਾਰੀ ਨੀਤੀਆਂ ਨੂੰ ਸਮਝ ਸਕਦੇ ਹਾਂ। ਰੁਜ਼ਗਾਰ ਦੇ ਸੁੰਗੜ ਰਹੇ ਮੌਕਿਆਂ ਨੂੰ ਦੇਖਦੇ ਹੋਏ ਮਾਪਿਆਂ ਵਿੱਚ ਆਪਣੇ ਬੱਚਿਆਂ ਦੇ ਭਵਿੱਖ ਸਬੰਧੀ ਅਨਿਸ਼ਚਿਤਤਾ ਬਣੀ ਰਹਿੰਦੀ ਹੈ। ਉਹਨਾਂ ਨੂੰ ਜਾਪਦਾ ਹੈ ਕਿ ਇਸ ਮੁਨਾਫੇਖੋਰ ਢਾਂਚੇ ਦੀ ਮਸ਼ੀਨਰੀ ਦਾ ਪੁਰਜਾ ਬਣਨ ਤੋਂ ਬਿਨਾਂ ਬੱਚਿਆਂ ਦਾ ਕੋਈ ਭਵਿੱਖ ਨਹੀਂ ਹੋ ਸਕਦਾ। ਇਸੇ ਕਾਰਨ ਜਾਣੇ-ਅਣਜਾਣੇ ਉਹ ਬੱਚਿਆਂ ਨੂੰ ਇਸ ਹਨੇਰੇ ਖੂਹ ਵਿੱਚ ਧੱਕਦੇ ਰਹਿੰਦੇ ਹਨ। ਅਧਿਆਪਕ ਵੀ ਖੁਦ ਇਸ ਵਿੱਦਿਅਕ-ਸਮਾਜਿਕ ਢਾਂਚੇ ਵਿੱਚ ਤਿਆਰ ਹੋਏ ਹੁੰਦੇ ਹਨ ਇਸ ਲਈ ਇਸ ਸਮਾਜਿਕ ਢਾਂਚੇ ਦੀ ਹਕੀਕਤ ਨੂੰ ਸੁਚੇਤ ਢੰਗ ਨਾਲ਼ ਸਮਝੇ ਬਿਨਾਂ ਉਹਨਾਂ ਲਈ ਵੀ ਇਸਦੀਆਂ ਹੱਦਾਂ ਨੂੰ ਉਲੰਘ ਸਕਣਾ ਔਖਾ ਹੁੰਦਾ ਹੈ। ਸਗੋਂ ਬਹੁਤੇ ਅਧਿਆਪਕ ਬੱਚਿਆਂ ਜਾਂ ਭਵਿੱਖ ਦੇ ਬਿਹਤਰ ਨਾਗਰਿਕ ਤਿਆਰ ਕਰਨ ਦੇ ਕਿੱਤੇ ਵਿੱਚ ਦਿਲਚਸਪੀ ਕਾਰਨ ਨਹੀਂ ਸਗੋਂ ਗਾਂਧੀ ਦੀ ਫੋਟੋ ਵਾਲ਼ੇ ਨੋਟਾਂ ਲਈ ਹੀ ਅਧਿਆਪਕ ਬਣਦੇ ਹਨ। ਅਜਿਹੇ ਅਧਿਆਪਕਾਂ ਦੇ ਹੱਥ ਵਿੱਚ ਬੱਚੇ ਕਿਹੋ-ਜਿਹੇ ਖਤਰੇ ਵਿੱਚ ਹੁੰਦੇ ਹਨ ਇਸਦਾ ਅੰਦਾਜ਼ਾ ਲਾਉਣਾ ਔਖਾ ਨਹੀਂ ਹੈ। ਬੱਚੇ ਵੀ ਸੁਆਰਥ, ਬੇਗਾਨਗੀ, ਮੁਨਾਫੇਖੋਰੀ ਵਾਲ਼ੇ ਅਜਿਹੇ ਮਹੌਲ ਵਿੱਚ ਪਲਦੇ ਹਨ ਜਿੱਥੇ ਨਾ ਤਾਂ ਉਹਨਾਂ ਨੂੰ ਕੁਦਰਤ ਤੇ ਮਨੁੱਖਾਂ ਨਾਲ਼ ਕੋਈ ਸਨੇਹ ਰੱਖਣਾ ਸਿਖਾਇਆ ਜਾਂਦਾ ਹੈ ਤੇ ਨਾ ਹੀ ਕਿਸੇ ਜ਼ਿੰਮੇਵਾਰੀ ਤੇ ਜ਼ਿੰਦਗੀ ਦੀਆਂ ਗੁੰਝਲ਼ਾਂ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਉੱਤੋਂ ਉਹਨਾਂ ਦੇ ਹੱਥ ਮਨੋਰੰਜਨ ਦੇ ਨਾਮ ‘ਤੇ ਬਿਨਾਂ ਕਿਸੇ ਸਹੀ ਸੇਧ ਤੋਂ ਮੋਬਾਇਲ, ਵੀਡੀਓ ਗੇਮਾਂ, ਇੰਟਰਨੈੱਟ, ਟੀਵੀ ਫੜਾ ਦਿੰਦੇ ਹਨ ਜੋ ਉਹਨਾਂ ਦਾ ਹੋਰ ਵੀ ਨਾਸ ਮਾਰ ਦਿੰਦੇ ਹਨ।

ਸਰਕਾਰਾਂ ਦੀਆਂ ਸਿੱਖਿਆ ਸਬੰਧੀ ਨੀਤੀਆਂ ਨੂੰ ਵੀ ਸਮਝਣਾ ਔਖਾ ਨਹੀਂ ਹੈ। ਮੌਜੂਦਾ ਢਾਂਚੇ ਵਿੱਚ ਸਰਕਾਰਾਂ ਤਾਂ ਖੁਦ ਮੁਨਾਫੇਖੋਰ ਢਾਂਚੇ ਦੀ ਰਾਖੀ, ਉਸਦੇ ਸੰਚਾਲਨ ਦਾ ਇੱਕ ਸਾਧਨ ਹਨ। ਇਸ ਲਈ ਇਹ ਨੀਤੀਆਂ ਇਸ ਮੁਨਾਫੇਖੋਰ ਢਾਂਚੇ ਦੀਆਂ ਲੋੜਾਂ ਮੁਤਾਬਕ ਹੀ ਬਣਾਉਂਦੀਆਂ ਹਨ ਨਾ ਕਿ ਨਾਗਰਿਕਾਂ ਦੀ ਬਿਹਤਰੀ ਲਈ। ਇਸੇ ਕਰਕੇ ਇੱਕ ਪਾਸੇ ਅੱਜ ਸਿੱਖਿਆ ਦੇ ਨਿੱਜੀਕਰਨ, ਵਾਪਰੀਕਰਨ ਉੱਪਰ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ, ਥਾਂ-ਥਾਂ ਪੜਾਈ ਦੇ ਨਾਮ ‘ਤੇ ਦੁਕਾਨਾਂ ਖੁੱਲਣ ਦਿੱਤੀਆਂ ਜਾ ਰਹੀਆਂ ਹਨ ਤੇ ਦੂਜੇ ਪਾਸੇ ਸਰਕਾਰੀ ਵਿੱਦਿਅਕ ਢਾਂਚੇ ਨੂੰ ਨਾਕਸ ਕਰਕੇ ਉਸਨੂੰ ਇਸ ਮੁਨਾਫੇਖੋਰ ਪ੍ਰਬੰਧ ਦਾ ਹੀ ਇੱਕ ਸਹਾਇਕ ਪੁਰਜਾ ਬਣਾਇਆ ਜਾ ਰਿਹਾ ਹੈ। ਇਸ ਕਰਕੇ ਸਮੱਸਿਆ ਸਰਕਾਰ ਦੀ ਸਿੱਖਿਆ ਸਬੰਧੀ ਕੁੱਝ ਨੀਤੀਆਂ ਵਿੱਚ ਨਹੀਂ ਹੈ ਸਗੋਂ ਸਿੱਖਿਆ ਸਬੰਧੀ ਸਰਕਾਰ ਦੀ ਨੀਅਤ ਵਿੱਚ ਜਾਂ ਸਗੋਂ ਖੁਦ ਸਰਕਾਰ ਵਿੱਚ ਹੀ ਹੈ।

ਇਸ ਚਰਚਾ ਤੋਂ ਇਹ ਸਿੱਟਾ ਤਾਂ ਸਹਿਜੇ ਹੀ ਨਿੱਕਲ਼ਦਾ ਹੈ ਕਿ ਅੱਜ ਸਮੁੱਚੇ ਵਿੱਦਿਅਕ ਪ੍ਰਬੰਧ ਨੂੰ ਹੀ ਸਵਾਲਾਂ ਦੇ ਘੇਰੇ ਵਿੱਚ ਲਿਆਉਣ ਦੀ ਲੋੜ ਹੈ। ਕਿਉਂਕਿ ਇਹ ਵਿੱਦਿਅਕ ਪ੍ਰਬੰਧ ਇੱਕ ਖਾਸ ਸਮਾਜਿਕ ਪ੍ਰਬੰਧ ਦਾ ਹੀ ਇੱਕ ਅਟੁੱਟ ਅੰਗ ਹੈ ਇਸ ਲਈ ਮੌਜੂਦਾ ਮੁਨਾਫੇਖੋਰ ਸਮਾਜਿਕ ਨਿਜ਼ਾਮ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆਉਣ ਤੇ ਇਸਦਾ ਬਦਲ ਸਿਰਜਣ ਦੀ ਲੋੜ ਹੈ। ਇਸਦਾ ਲਾਜਮੀ ਬਦਲ ਇੱਕ ਸਮਾਜਵਾਦੀ ਪ੍ਰਬੰਧ ਹੀ ਹੋ ਸਕਦਾ ਹੈ ਜਿਸ ਵਿੱਚ ਹਰ ਚੀਜ ਮੁਨਾਫੇ ਲਈ ਨਹੀਂ ਸਗੋਂ ਸਮਾਜ ਦੀਆਂ ਲੋੜਾਂ ਲਈ ਅਤੇ ਸਮਾਜ ਦੇ ਸਮੂਹਿਕ ਯਤਨਾਂ ਰਾਹੀਂ ਹੀ ਪੈਦਾ ਹੁੰਦੀ ਹੈ। ਅਜਿਹੇ ਸਮਾਜਵਾਦੀ ਪ੍ਰਬੰਧ ਦਾ ਵਿੱਦਿਅਕ ਢਾਂਚਾ ਹੀ ਸੱਚੇ ਅਰਥਾਂ ਵਿੱਚ ਬੱਚਿਆਂ ਦਾ ਇੱਕ ਸਰਵਪੱਖੀ ਵਿਕਾਸ ਕਰ ਸਕਦਾ ਹੈ ਤੇ ਇਸ ਗੱਲ ਨੂੰ ਇਤਿਹਾਸ ਨੇ ਸਹੀ ਵੀ ਸਿੱਧ ਕੀਤਾ ਹੈ। ਸਮਾਜਵਾਦੀ ਪ੍ਰਬੰਧ ਸਿਰਜਣ ਦੀ ਲੜਾਈ ਦੇ ਨਾਲ਼-ਨਾਲ਼ ਅੱਜ ਵੀ ਬੱਚਿਆਂ ਨੂੰ ਮੌਜੂਦਾ ਪ੍ਰਬੰਧ ਦੇ ਮਾਰੂ ਹੱਲੇ ਤੋਂ ਬਚਾਉਣ ਲਈ ਕਈ ਉਪਰਾਲੇ ਕਰਨੇ ਪੈਣਗੇ। ਇਹਨਾਂ ਉਪਰਾਲਿਆਂ ਵਿੱਚ ਬੱਚਿਆਂ ਨੂੰ ਪਾਲਣ-ਪੋਸ਼ਣ ਵਿੱਚ ਇੱਕ ਸਿਹਤਮੰਦ ਬਦਲ ਦੇਣ ਲਈ ਮਾਪਿਆਂ ਨੂੰ ਸੁਚੇਤ ਕਰਨਾ ਪਵੇਗਾ। ਸੰਵੇਦਨਸ਼ੀਲ ਤੇ ਗੈਰਤਮੰਦ ਅਧਿਆਪਕਾਂ ਨੂੰ ਇਸ ਢਾਂਚੇ ਦੀ ਹਕੀਕਤ ਨੂੰ ਸਮਝਦਿਆਂ ਬੱਚਿਆਂ ਨੂੰ ਮੌਜੂਦਾ ਪ੍ਰਬੰਧ ਦੀ ਹਕੀਕਤਾਂ ਸਮਝਾਉਂਦੇ ਹੋਏ ਉਹਨਾਂ ਨੂੰ ਬਿਹਤਰ ਇਨਸਾਨ ਬਣਾਉਣ ਲਈ ਯਤਨਸ਼ੀਲ ਹੋਣ। ਇਸਦੇ ਨਾਲ਼ ਹੀ ਅਗਾਂਹਵਧੂ, ਇਨਕਲਾਬੀ ਤਾਕਤਾਂ ਵੱਲੋਂ ਬੱਚਿਆਂ ਵਿੱਚ ਵੀ ਕੈਂਪਾਂ, ਵਰਕਸ਼ਾਪਾਂ, ਲਾਇਬ੍ਰੇਰੀਆਂ, ਬਾਲ ਮੇਲਿਆਂ ਆਦਿ ਜਰੀਏ ਉਹਨਾਂ ਨੂੰ ਸਾਹਿਤ, ਕੁਦਰਤ ਤੇ ਮਨੁੱਖੀ ਸਰੋਕਾਰਾਂ ਨਾਲ਼ ਜੋੜਨ ਤੇ ਉਹਨਾਂ ਵਿੱਚ ਬਦਲਵੀਂ ਜੀਵਨ-ਜਾਂਚ ਲਈ ਉਪਰਾਲੇ ਕਰਨੇ ਪੈਣਗੇ। ਇੰਝ ਇਹਨਾਂ ਉਪਰਾਲਿਆਂ ਨੂੰ ਇੱਕ ਸਮਾਜਵਾਦੀ ਪ੍ਰਬੰਧ ਸਿਰਜਣ ਦੀ ਲੜਾਈ ਦਾ ਹਿੱਸਾ ਬਣਾਉਂਦੇ ਹੋਏ ਹੀ ਬੱਚਿਆਂ ਨੂੰ ਹਨੇਰੇ ਵਿੱਚੋਂ ਕੱਢਿਆ ਜਾ ਸਕਦਾ, ਨਹੀਂ ਤਾਂ ਇਹ ਮੁਨਾਫੇਖੋਰ ਪ੍ਰਬੰਧ ਇੰਝ ਹੀ ਮਾਸੂਮ ਬੱਚਿਆਂ ਦੀ ਬਲੀ ਲੈਂਦਾ ਰਹੇਗਾ।

”ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 8, 1 ਤੋਂ 15 ਜੂਨ 2017 ਵਿੱਚ ਪ੍ਰਕਾਸ਼ਿਤ

Advertisements