ਬਲੋਚਿਸਤਾਨ ਨਾਲ਼ ਹਮਦਰਦੀ ਪਿੱਛੇ ਲੁਕੇ ਅੰਨ੍ਹੀ ਕੌਮਪ੍ਰਸਤੀ ਦੇ ਮਨਸੂਬੇ •ਰੌਸ਼ਨ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਦੋਂ ਤੋਂ ਕਸ਼ਮੀਰ ‘ਚ ਹਿੰਸਾ ਦੀਆਂ ਤਾਜ਼ਾ ਘਟਨਾਵਾਂ ਸ਼ੁਰੂ ਹੋਈਆਂ ਹਨ। ਉਦੋਂ ਤੋਂ ਪਾਕਿਸਾਤਨ ਕਸ਼ਮੀਰ ਮਸਲੇ ਉੱਪਰ ਲਗਾਤਾਰ ਬੋਲਦਾ ਰਿਹਾ ਹੈ। ਇਸਦੇ ਨਾਲ਼ ਹੀ ਭਾਰਤ ਸਰਕਾਰ ਵੀ ‘ਪਾਕਿਸਤਾਨ-ਪਾਕਿਸਤਾਨ’ ਦੀ ਤੋਤਾ ਰਟਣ ਰਾਹੀਂ ਕਸ਼ਮੀਰ ਵਿੱਚ ਆਪਣੇ ਵੱਲੋਂ ਕੀਤੇ ਜੁਲਮਾਂ ‘ਤੇ ਪਰਦਾ ਪਾਉਣ ਦੀ ਪੂਰੀ ਕੋਸ਼ਿਸ਼ ਕਰਦੀ ਰਹੀ ਹੈ। ਅੰਨ੍ਹੇ ਕੌਮਵਾਦ ਦੀ ਇਸ ਸਿਆਸਤ ਵਿੱਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਮੋਦੀ ਨੇ ਪਾਕਿਸਤਾਨ ‘ਤੇ ਜੁਆਬੀ ਹਮਲਾ ਕਰਦੇ ਹੋਏ ਬਲੋਚਿਸਤਾਨ ਦਾ ਮਸਲਾ ਛੇੜਿਆ। 15 ਅਗਸਤ ਨੂੰ ਲਾਲ ਕਿਲ੍ਹੇ ਦੀ ਫਸੀਲ ਤੋਂ ਮੋਦੀ ਨੇ ਵੀ ਬਲੋਚਿਸਤਾਨ ‘ਤੇ ਬਿਆਨ ਦਿੱਤਾ ਹੈ। ਇਸ ਬਿਆਨ ਵਿੱਚ ਬਲੋਚਿਸਤਾਨ, ਮਕਬੂਜਾ ਕਸ਼ਮੀਰ ਤੇ ਗਿਲਗਿਟ ਵਿੱਚ ਲੋਕਾਂ ਦੇ ਚੱਲ ਰਹੇ ਵਿਰੋਧ ਤੇ ਉਹਨਾਂ ਉੱਪਰ ਪਾਕਿਸਤਾਨੀ ਹਕੂਮਤ ਦੇ ਹੋ ਰਹੇ ਜ਼ਬਰ ਦੀ ਗੱਲ ਕੀਤੀ ਤੇ ਇਸਨੂੰ ਕੌਮਾਂਤਰੀ ਮੁੱਦਾ ਬਣਾਉਣ ਦੀ ਗੱਲ ਕਹੀ ਗਈ। ਇਸ ਤੋਂ ਬਾਅਦ ‘ਦੇਸ਼ਭਗਤ’ ਮੀਡੀਆ ਨੂੰ ਵੀ ਜਿਵੇਂ ਗਿੱਦੜਸਿੰਗੀ ਮਿਲ ਗਈ ਤੇ ਖਬਰੀ ਚੈਨਲਾਂ ਨੇ ਇਤਿਹਾਸਕਾਰੀ ਤੇ ਖੋਜਬੀਣ ਕਰਕੇ ਪਾਕਿਸਤਾਨ ਵੱਲੋਂ ਬਲੋਚਿਸਤਾਨ ਵਿੱਚ ਕੀਤੇ ਜਾ ਰਹੇ ਜੁਲਮਾਂ ਦੇ ਵੇਰਵਿਆਂ ਦੇ ਢੇਰ ਲਾ ਦਿੱਤੇ। ‘ਦੇਸ਼ਭਗਤ’ ਲੇਖਕਾਂ ਨੇ ਅਖਬਾਰਾਂ ਦੇ ਪੰਨੇ ਪਾਕਿਸਤਾਨ ਵੱਲੋਂ ਬਲੋਚਿਸਤਾਨ ਉੱਪਰ ਧੋਖੇ ਨਾਲ਼ ਕਬਜ਼ਾ ਕਰਨ ਤੇ ਬਲੋਚਿਸਤਾਨ ਉੱਪਰ ਹੋ ਰਹੇ ਜ਼ਬਰ ਨਾਲ਼ ਭਰ ਦਿੱਤੇ। ਅਨੇਕਾਂ ਮਾਮਲਿਆਂ ‘ਚ ਤੱਥਾਂ ਪੱਖੋਂ ਸਹੀ ਹੋਣ ਦੇ ਬਾਵਜੂਦ ਇਹ ਰਿਪੋਰਟਾਂ ਸੱਚਾਈ ਸਾਹਮਣੇ ਲਿਆਉਣ ਲਈ ਨਹੀਂ ਸਗੋਂ ਸੱਚਾਈ ‘ਤੇ ਪਰਦਾ ਪਾਉਣ ਦਾ ਕੰਮ ਕਰਦੀਆਂ ਰਹੀਆਂ ਹਨ। ਬਲੋਚਿਸਤਾਨ ਦਾ ਰਾਗ ਛੇੜਨ ਪਿੱਛੇ ਅਸਲ ਮਨਸ਼ਾ ਕੀ ਹੈ ਅਸੀਂ ਇੱਥੇ ਉਸਦੀ ਚਰਚਾ ਕਰਾਂਗੇ।

ਪਹਿਲਾਂ ਸੰਖੇਪ ਚਰਚਾ ਬਲੋਚਿਸਤਾਨ ਦੇ ਇਤਿਹਾਸ ‘ਤੇ ਵੀ ਜਰੂਰੀ ਹੈ। ਬਲੋਚਿਸਤਾਨ, ਪਾਕਿਸਤਾਨ ਦੇ ਕੁੱਲ ਇਲਾਕੇ ਦਾ 43 ਫ਼ੀਸਦੀ ਹਿੱਸਾ ਹੈ ਅਤੇ 1,47,000 ਵਰਗ ਮੀਲ ਇਲਾਕੇ ਵਿੱਚ ਫੈਲਿਆ ਹੋਇਆ ਹੈ। ਅਬਾਦੀ ਦੇ ਹਿਸਾਬ ਨਾਲ਼ ਪਾਕਿਸਤਾਨ ਦੀ ਕੁੱਲ ਅਬਾਦੀ ਵਿੱਚੋਂ ਸਿਰਫ਼ 5 ਫ਼ੀਸਦੀ ਲੋਕ ਹੀ ਇੱਥੋਂ ਦੇ ਵਸਨੀਕ ਹਨ। 1947 ‘ਚ ਬਰਤਾਨਵੀ ਗੁਲਾਮੀ ਤੋਂ ਮੁਕਤੀ ਵੇਲੇ ਬਲੋਚਿਸਤਾਨ ਵੱਖਰੀ ਰਿਆਸਤ ਸੀ। ਅਜ਼ਾਦੀ ਤੋਂ ਮਹਿਜ਼ ਦਸ ਦਿਨ ਪਹਿਲਾਂ 4 ਅਗਸਤ, 1947 ਨੂੰ ਮੁਹੰਮਦ ਅਲੀ ਜਿਨਾਹ ਨੇ ਇਹ ਹਾਮੀ ਭਰੀ ਸੀ ਕਿ ”ਕਾਲਾਤ (ਹੁਣ ਬਲੋਚਿਸਤਾਨ) 5 ਅਗਸਤ, 1947 ਨੂੰ ਅਜ਼ਾਦ ਹੋ ਜਾਏਗਾ ਤੇ ਉਸ ਦਾ ਸੰਨ 1838 ਵਾਲਾ ਰੁਤਬਾ ਬਹਾਲ ਕਰ ਦਿੱਤਾ ਜਾਵੇਗਾ ਤੇ ਗੁਆਂਢੀਆਂ ਨਾਲ਼ ਦੋਸਤਾਨਾ ਸਬੰਧ ਬਣਾਏ ਜਾਣਗੇ।” ਪਰ ਮਗਰੋਂ 27 ਮਾਰਚ 1948 ਨੂੰ ਬਲੋਚਿਸਤਾਨ ਉੱਪਰ ਹੱਲ਼ਾ ਬੋਲ ਕੇ ਪੂਰੇ ਖਿੱਤੇ ਨੂੰ ਪਾਕਿਸਤਾਨ ਨੇ ਆਪਣੇ ਕਬਜ਼ੇ ਹੇਠ ਲੈ ਲਿਆ। ਬਲੋਚਿਸਤਾਨ ਦੀ ਅਵਾਮ ਉਦੋਂ ਤੋਂ ਲਗਾਤਾਰ 1948, 1958-59, 1962-63 ਤੇ 1973-74 ਤੋਂ ਆਪਣੇ ਹੱਕਾਂ ਦੀ ਰਾਖੀ ਤੇ ਖ਼ੁਦਮੁਖ਼ਤਿਆਰੀ ਲਈ ਪਾਕਿਸਤਾਨ ਨਾਲ ਜੰਗਾਂ ਲੜਦੀ ਆ ਰਹੀ ਹੈ। ਸਭ ਤੋਂ ਵੱਧ ਖ਼ੂਨੀ ਸੰਘਰਸ਼, ਜਿਹੜਾ ਅੱਜ ਵੀ ਜਾਰੀ ਹੈ, 2003 ਵਿੱਚ ਸ਼ੁਰੂ ਹੋਇਆ ਸੀ। ਪਾਕਿਸਤਾਨੀ ਫ਼ੌਜ ਵੱਲੋਂ ਉੱਥੇ ਕਤਲੇਆਮ, ਜ਼ਬਰ, ਗ੍ਰਿਫਤਾਰੀਆਂ ਤੇ ਲਾਪਤਾ ਕੀਤੇ ਜਾਣ ਦੀਆਂ ਕਾਫੀ ਲੰਮੀਆਂ ਗਾਥਾਵਾਂ ਹਨ।

ਬਲੋਚਿਸਤਾਨ ਦੇ ਇਤਿਹਾਸ ਮੁਤਾਬਕ ਤਾਂ  ਮੋਦੀ ਦੀ ਟਿੱਪਣੀ ਜਾਂ ਮੀਡੀਆ ਦੀ ਬਿਆਨਬਾਜ਼ੀ ਸਹੀ ਹੈ ਪਰ ਇਸਦਾ ਮਨੋਰਥ ਵੱਖਰਾ ਹੈ। ਇਸਦਾ ਮਕਸਦ ਪਾਕਸਿਤਾਨ ਵੱਲੋਂ ਕੀਤੇ ਜ਼ੁਲਮਾਂ ਦੀ ਚਰਚਾ ਛੇੜ ਕੇ ਆਪਣੇ ਵੱਲੋਂ ਕਸ਼ਮੀਰ ‘ਚ ਕੀਤੇ ਜਾ ਰਹੇ ਜੁਲਮਾਂ ਨੂੰ ਢਕਣ ਦੀ ਕੋਸ਼ਿਸ਼ ਕਰਨਾ ਹੈ। ਅਸਲ ਵਿੱਚ ਭਾਰਤ ਤੇ ਪਾਕਿਸਤਾਨ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਬਲੋਚਿਸਤਾਨ ਤੇ ਕਸ਼ਮੀਰ ਦੀ ਕਹਾਣੀ ਕਾਫੀ ਮਿਲਦੀ-ਜੁਲਦੀ ਹੈ। ਪਾਕਸਿਤਾਨ ਜੋ ਕੁੱਝ ਬਲੋਚਿਸਤਾਨ ਵਿੱਚ ਕਰ ਰਿਹਾ ਹੈ ਉਹੀ ਭਾਰਤ ਕਸ਼ਮੀਰ ਵਿੱਚ ਕਰ ਰਿਹਾ ਹੈ। ਭਾਰਤ ਬਲੋਚਿਸਤਾਨ ਉੱਪਰ ਹੋ ਰਹੇ ਜ਼ੁਲਮਾਂ ਖਿਲਾਫ ਬੋਲਦਾ ਹੈ ਪਰ ਆਪਣੇ ਵੱਲੋਂ ਕੀਤੇ ਜਾ ਰਹੇ ਕਸ਼ਮੀਰ ‘ਚ ਜ਼ਬਰ ਨੂੰ ਜਾਇਜ ਦੱਸਦਾ ਹੈ। ਇਸੇ ਤਰਜ ‘ਤੇ ਪਾਕਿਸਤਾਨ ਕਸ਼ਮੀਰ ਵਿੱਚ ਭਾਰਤੀ ਹਕੂਮਤ ਵੱਲੋਂ ਕੀਤੇ ਜਾ ਰਹੇ ਘਾਣ ਖਿਲਾਫ ਬੋਲਦਾ ਹੈ ਪਰ ਖੁਦ ਆਪਣੇ ਵੱਲੋਂ ਬਲੋਚਿਸਤਾਨ ‘ਚ ਕੀਤੇ ਜਾ ਰਹੇ ਕਾਰਿਆਂ ਨੂੰ ਜਾਇਜ ਮੰਨਦਾ ਹੈ। ਭਾਰਤੀ ਮੀਡੀਆ ਲਈ ਬਲੋਚਿਸਤਾਨ ‘ਚ ਅਜ਼ਾਦੀ ਦੇ ਨਾਹਰੇ ਸਹੀ ਹਨ ਪਰ ਕਸ਼ਮੀਰ (ਭਾਰਤ) ‘ਚ ਲੱਗੇ ਨਾਹਰੇ ‘ਦੇਸ਼ਧ੍ਰੋਹ’ ਹਨ ਤੇ ਬਿਲਕੁਲ ਇਹੋ ਗੱਲ ਪਾਕਿਸਾਤਨ ਲਈ ਵੀ ਸੱਚ ਹੈ। ਇਸ ਤਰ੍ਹਾਂ ਮੋਦੀ ਸਰਕਾਰ ਤੇ ‘ਦੇਸ਼ਭਗਤ’ ਮੀਡੀਆ ਵੱਲੋਂ ਬਲੋਚਿਸਤਾਨ ਬਾਰੇ ਬੋਲਣ ਦਾ ਮਤਲਬ ਹੈ ਕਸ਼ਮੀਰ ‘ਚ ਆਪਣੇ ਵੱਲੋਂ ਕੀਤੇ ਜਾ ਰਹੇ ਗੁਨਾਹਾਂ ‘ਤੇ ਪਰਦਾ ਪਾਉਣਾ, ਬਿਲਕੁਲ ਉਸੇ ਤਰ੍ਹਾਂ ਜਿਵੇਂ ਪਾਕਿਸਤਾਨ ਕਸ਼ਮੀਰ ਉੱਪਰ ਹੋ ਰਹੇ ਜ਼ਬਰ ਖਿਲਾਫ ਰੌਲਾ ਪਾ ਕੇ ਆਪਣੇ ਵੱਲੋਂ ਬਲੋਚਿਸਤਾਨ, ਮਕਬੂਜਾ ਕਸ਼ਮੀਰ ਤੇ ਗਿਲਗਿਟ ‘ਚ ਕੀਤੇ ਕੁਕਰਮਾਂ ਨੂੰ ਢਕਣਾ ਚਾਹੁੰਦਾ ਹੈ। ਦੋਵੇਂ ਦੇਸ਼ਾਂ ਦੇ ਹਾਕਮ ਇੱਕ-ਦੂਜੇ ਵੱਲੋਂ ਕੀਤੇ ਜਾ ਰਹੇ ਜ਼ਬਰ ਨੂੰ ਭੰਡਦੇ ਹੋਏ ਆਪਣੇ ਵੱਲੋਂ ਕੀਤੇ ਜਾ ਰਹੇ ਜ਼ਬਰ ਦੀ ਜਵਾਬਦੇਹੀ ਤੋਂ ਬਚਣਾ ਚਾਹੁੰਦੇ ਹਨ।

ਭਾਰਤ ਤੇ ਪਾਕਿਸਤਾਨ ਵਿੱਚ ਇੱਕ ਸਾਂਝ ਇਹ ਹੈ ਕਿ ਦੋਵੇਂ ਦੇਸ਼ ਆਪਣੇ-ਆਪ ਵਿੱਚ ਕੋਈ ਕੌਮ ਨਹੀਂ ਹਨ ਸਗੋਂ ਵੱਖ-ਵੱਖ ਕੌਮੀਅਤਾਂ ਦੇ ਸਮੂਹ ਹਨ। ਦੋਵਾਂ ਦੇਸ਼ਾਂ ਵਿਚਲੇ ਲੋਕਾਂ ਨੂੰ ਆਪਸ ਵਿੱਚ ਬੰਨ੍ਹ ਕੇ ਰੱਖਣ ਵਾਲੀ ਕੋਈ ਸਾਂਝੀ ਇਤਿਹਾਸਕ, ਸੱਭਿਆਚਾਰਕ ਤੇ ਸਮਾਜਿਕ ਤੰਦ ਨਹੀਂ ਹੈ ਜਿਵੇਂ ਕਿ ਕਿਸੇ ਕੌਮੀਅਤ/ਕੌਮ ਦੇ ਮਸਲੇ ਵਿੱਚ ਹੁੰਦਾ ਹੈ। ਇੱਕੋ-ਇੱਕ ਬਾਕੀ ਬਚਦੀ ਸਾਂਝੀ ਤੰਦ ਦੇਸ਼ ਪੱਧਰੀ ਇੱਕ ਸਿਆਸੀ ਢਾਂਚਾ ਹੈ। ਇਹ ਸਿਆਸੀ ਢਾਂਚਾ ਮੁੱਠੀਭਰ ਲੁਟੇਰਿਆਂ ਹੱਥ ਬਹੁਗਿਣਤੀ ਅਬਾਦੀ ਦੀ ਲੁੱਟ, ਜ਼ਬਰ ਦਾ ਹੀ ਸਾਧਨ ਹੈ, ਫਿਰ ਵੀ ਇਹ ਸਿਆਸੀ ਢਾਂਚਾ ਆਪਣੇ ਦੇਸ਼ ਦੇ ਲੋਕਾਂ ਵਿੱਚ ਇੱਕ ਅੰਨ੍ਹਾ ਕੌਮਵਾਦ ਪੈਦਾ ਕਰਕੇ ਇੱਕ ਸਹਿਮਤੀ ਹਾਸਲ ਕਰਨ ਦੀ ਕੋਸ਼ਿਸ਼ ‘ਚ ਰਹਿੰਦਾ ਹੈ। ਪਰ ਇਹ ਕੌਮਵਾਦ ਏਕਤਾ ਵਿੱਚੋਂ ਪੈਦਾ ਨਹੀਂ ਹੁੰਦਾ ਸਗੋਂ ਦੂਜੇ ਦੇਸ਼ ਪ੍ਰਤੀ ਨਫਰਤ ਵਿੱਚੋਂ ਪੈਦਾ ਹੁੰਦਾ ਹੈ। “ਹਿੰਦੁਸਤਾਨ ਜ਼ਿੰਦਾਬਾਦ” ਦਾ ਨਾਹਰਾ ਕਿਸੇ ਏਕਤਾ, ਸਾਂਝ ਵਿੱਚੋਂ ਓਨਾ ਜਜਬਾ ਹਾਸਲ ਨਹੀਂ ਕਰਦਾ ਜਿੰਨਾ “ਪਾਕਿਸਤਾਨ ਮੁਰਦਾਬਾਦ” ਦੇ ਨਾਹਰੇ ਵਿੱਚੋਂ ਹਾਸਲ ਕਰਦਾ ਹੈ। ਇਹੋ ਗੱਲ ਪਾਕਿਸਤਾਨ ਬਾਰੇ ਵੀ ਸੱਚ ਹੈ। ਇਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਹਾਕਮ ਇੱਕ-ਦੂਜੇ ਨਾਲ਼ ਨਫਰਤ ਜਗਾ ਕੇ ਇੱਕ ਮਰੀਅਲ ਕਿਸਮ ਦਾ ਅੰਨ੍ਹਾ ਕੌਮਵਾਦ ਉਸਾਰਨ ਵਿੱਚ ਕਾਮਯਾਬ ਰਹੇ ਹਨ। ਇਸੇ ਕੌਮਵਾਦ ਦੇ ਪਰਦੇ ਹੇਠ ਭਾਰਤ ਕਸ਼ਮੀਰ ਤੇ ਪੂਰਬੀ ਭਾਰਤ ਦੀਆਂ ਕੌਮੀਅਤਾਂ ਨੂੰ ਦਬਾਈ ਰੱਖਣ ਵਿੱਚ ਆਪਣੇ ਲੋਕਾਂ ਦੀ ਸਹਿਮਤੀ ਹਾਸਲ ਕਰਦਾ ਹੈ। ਇਸ ਤਰ੍ਹਾਂ ਭਾਰਤ ਵਿਰੋਧੀ ਨਫਰਤ ਨਾਲ਼ ਪਾਕਿਸਤਾਨ ਦੇ ਹਾਕਮ ਬਲੋਚਿਸਤਾਨ, ਮਕਬੂਜਾ ਕਸ਼ਮੀਰ ਤੇ ਗਿਲਗਿਟ ਵਿੱਚ ਕੀਤੇ ਜਾ ਰਹੇ ਜ਼ਬਰ ਲਈ ਬਾਕੀ ਦੇਸ਼ ਵਿੱਚੋਂ ਸਹਿਮਤੀ ਹਾਸਲ ਕਰਦਾ ਹੈ। ਇਸੇ ਕਾਰਨ ਭਾਰਤ ਕਸ਼ਮੀਰ ਵਿੱਚ ਜੋ ਕੁੱਝ ਵੀ ਹੁੰਦਾ ਹੈ ਉਸਨੂੰ ਪਾਕਿਸਤਾਨੀ ਦਖਲਅੰਦਾਜ਼ੀ ਦੇ ਸਿਰ ਮੜ੍ਹ ਦਿੰਦਾ ਹੈ ਤੇ ਪਾਕਿਸਤਾਨ ਬਲੋਚਿਸਤਾਨ ਦੀਆਂ ਘਟਨਾਵਾਂ ਨੂੰ ਭਾਰਤੀ ਹਮਾਇਤ ਸਿਰ ਮੜ੍ਹ ਦਿੰਦਾ ਹੈ। ਜੇ “ਪਾਕਿਸਤਾਨ ਮੁਰਦਾਬਾਦ” ਦਾ ਨਾਹਰਾ ਨਾ ਹੋਵੇ ਤਾਂ ਹਿੰਦੁਸਤਾਨ ਦੀ ਲੋਕਾਂ ਦੇ ਮਨਾਂ ਵਿਚਲੀ ਖੋਖਲੀ ਏਕਤਾ, ਕੌਮਵਾਦ ਤਿੜਕ ਜਾਵੇਗਾ, ਬਿਲਕੁਲ ਉਸੇ ਤਰ੍ਹਾਂ ਜਿਵੇਂ “ਭਾਰਤ ਮੁਰਦਾਬਾਦ” ਦੇ ਨਾਹਰੇ ਤੋਂ ਬਿਨਾਂ ਪਾਕਿਸਤਾਨ ਦਾ ਕੌਮਵਾਦ ਵੀ ਖਿੱਲਰ ਜਾਵੇਗਾ। ਇਸ ਤਰ੍ਹਾਂ ਭਾਰਤ ਤੇ ਪਾਕਿਸਤਾਨ ਵਿਚਲਾ ਤਣਾਅ ਦੋਵਾਂ ਦੇਸ਼ਾਂ ਦੇ ਹਾਕਮਾਂ ਲਈ ਫਾਇਦੇਮੰਦ ਸਾਬਿਤ ਹੋ ਰਿਹਾ ਹੈ।

ਦੂਸਰਾ ਨੁਕਤਾ ਜਿਸ ਉੱਪਰ ਗੱਲ ਕੀਤੇ ਜਾਣ ਦੀ ਲੋੜ ਹੈ ਉਹ ਹੈ ਜਿਸ ਤਰ੍ਹਾਂ ਇਹ ਦੋਵੇਂ ਦੇਸ਼ ਇੱਕ-ਦੂਜੇ ਦੇ ਅੰਦਰੂਨੀ ਸੰਕਟ ਨੂੰ ਸਾਜਿਸ਼ਾਂ, ਵੱਖਵਾਦੀਆਂ ਦੀ ਮਦਦ ਰਾਹੀਂ ਵਧਾਵਾ ਦਿੰਦੇ ਹਨ। ਪਾਕਿਸਤਾਨ ਕਸ਼ਮੀਰ ਮਸਲੇ ਅੰਦਰ ਕਿਵੇਂ ਕੁੱਝ ਵੱਖਵਾਦੀ ਗਰੁੱਪਾਂ ਨੂੰ ਆਰਥਿਰਕ, ਹਥਿਆਰਾਂ ਤੇ ਸਿਖਲਾਈ ਦੇ ਰੂਪ ਵਿੱਚ ਮਦਦ ਕਰਦਾ ਰਿਹਾ ਹੈ ਉਸਦੀ ਅਕਸਰ ਹੀ ਚਰਚਾ ਚਲਦੀ ਰਹਿੰਦੀ ਹੈ। 1980-1991 ਦੇ ਦਹਿਸ਼ਤਗਰਦੀ ਦੇ ਸਿਖਰ ਵਾਲੇ ਦੌਰ ਵਿੱਚ ਪਾਕਿਸਤਾਨ ਨੇ ਕਸ਼ਮੀਰ ਵਿਚਲੇ ਵੱਖਵਾਦੀਆਂ ਨੂੰ ਹਥਿਆਰਾਂ ਦੀ ਸਿਖਲਾਈ ਦੇਣ ਲਈ ਸਰਹੱਦ ਦੇ ਨਾਲ਼ ਕੈਂਪ ਲਾਏ ਹੋਏ ਸਨ। ਪਰ ਬਿਲਕੁਲ ਇਸੇ ਤਰਜ਼ ‘ਤੇ ਜੋ ਕੰਮ ਭਾਰਤ ਕਰ ਰਿਹਾ ਹੈ ਉਸਦੀ ਚਰਚਾ ਨਾਮਾਤਰ ਹੀ ਹੁੰਦੀ ਹੈ।

ਭਾਰਤ ਪਾਕਿਸਤਾਨ ਵਿਚਲੇ ਅੱਤਵਾਦੀਆਂ ਤੇ ਵਿਦਰੋਹੀ ਕੌਮੀਅਤਾਂ ਦੀ ਮਦਦ ਰਾਹੀਂ ਪਾਕਿਸਾਤਨ ਦੇ ਅੰਦਰੂਨੀ ਸੰਕਟ ਨੂੰ ਹੋਰ ਤਿੱਖਾ ਕਰਕੇ ਉਸਨੂੰ ਕਮਜ਼ੋਰ ਕਰਨ ਦੀ ਨੀਤੀ ਉੱਪਰ ਚੱਲ ਰਿਹਾ ਹੈ। ਇਸ ਨੀਤੀ ਉੱਪਰ 30 ਮਈ 2014 ਨੂੰ ਪ੍ਰਧਾਨ ਮੰਤਰੀ ਮੋਦੀ ਦਾ ਕੌਮੀ ਸੁਰੱਖਿਆ ਸਲਾਹਕਾਰ ਬਣਿਆ ਅਜੀਤ ਦੋਵਾਲ ਖਾਸ ਤੌਰ ‘ਤੇ ਚੱਲ ਰਿਹਾ ਹੈ। ਇਸ ਨੀਤੀ ‘ਤੇ ਉਹ 2004 ਤੋਂ ਚੱਲ ਰਿਹਾ ਹੈ ਜਦੋਂ ਉਹ ਆਈਬੀ ਵਿੱਚ ਸੀ। ਇਸ ਸਬੰਧੀ ਅੰਗਰੇਜ਼ੀ ਰਸਾਲੇ ‘ਫਰੰਟਲਾਈਨ’ (13 ਨਵੰਬਰ, 2015)ਵਿੱਚ ਏ.ਜੀ. ਨੂਰਾਨੀ ਦੇ ਛਪੇ ਇੱਕ ਲੇਖ (ਦ ਦੋਵਾਲ ਡੌਕਟਰਿਨ) ਵਿੱਚੋਂ ਕੁੱਝ ਹਿੱਸੇ ਹੂ-ਬ-ਹੂ ਅਨੁਵਾਦ ਕਰ ਰਹੇ ਹਾਂ।

ਫਰਵਰੀ 2014 ‘ਚ ਦੋਵਾਲ ਨੇ ਕਿਹਾ: “ਪਾਕਿਸਤਾਨ ਉਹ ਗੁਆਂਢੀ ਹੈ ਜੋ ਲਗਾਤਾਰ ਸਾਨੂੰ ਜ਼ਖਮ ਦਿੰਦਾ ਰਿਹਾ ਹੈ। ਜੇ ਸਾਡੀ ਘਰੇਲੂ ਹਾਲਤ ਬਹੁਤ ਕਮਜ਼ੋਰ ਹੋ ਗਈ ਤਾਂ ਅਸੀਂ ਇਸਦਾ ਕਿਵੇਂ ਹੱਲ ਕਰਾਂਗੇ? ਸਾਨੂੰ ਇੱਕ ਹੱਲ ਲੱਭਣਾ ਪਵੇਗਾ ਜੋ ਲੰਮੇ ਸਮੇਂ ਲਈ, ਟਿਕਾਊ ਤੇ ਸੰਭਵ ਹੋਵੇ। ਪਹਿਲਾ ਕਦਮ ਹੈ ਸੱਚਾਈ ਨੂੰ ਕਬੂਲਣਾ। ਦੂਜਾ ਹੈ ਸਮੱਸਿਆ ਨੂੰ ਪ੍ਰੀਭਾਸ਼ਤ ਕਰਨਾ। ਫੇਰ ਅਸੀਂ ਜੁਆਬੀ ਕਾਰਵਾਈ ਕਰੀਏ। ਇਹਦੇ ਲਈ ਸਾਨੂੰ ਸਮਝਣਾ ਪਵੇਗਾ ਕਿ ਦਹਿਸ਼ਤਗਰਦੀ ਕੀ ਹੈ। ਆਮ ਤੌਰ ਤੇ ਜਦੋਂ ਅਸੀਂ ਦਹਿਸ਼ਤਗਰਦੀ ਬਾਰੇ ਗੱਲ ਕਰਦੇ ਹਾਂ ਤਾਂ ਇਹ ਕਿਹਾ ਜਾਂਦਾ ਹੈ ਇਹ ਮੂਰਖਾਨਾ, ਅਣਮਨੁੱਖੀ ਹੈ ਆਦਿ। ਹਾਂ ਇਹ ਹੈ, ਪਰ ਇਹ ਦਾਅ-ਪੇਚ ਦੇ ਮਸਲੇ ਹਨ। ਅਸਲ ਵਿੱਚ ਦਹਿਸ਼ਤਗਰਦੀ ਵਿਚਾਰਧਾਰਕ ਜਾਂ ਸਿਆਸੀ ਉੱਚਤਾ ਹਾਸਲ ਕਰਨ ਦਾ ਇੱਕ ਦਾਅਪੇਚ ਹੈ।”

“ਤਾਂ ਪਾਕਿਸਾਤਾਨ ਨਾਲ਼ ਸਿੱਝਣ ਦਾ ਕੀ ਰਾਹ ਹੈ? ਅਸੀਂ ਆਪਣੇ ਦੁਸ਼ਮਣ ਨਾਲ਼ ਤਿੰਨ ਤਰੀਕਿਆਂ ਨਾਲ਼ ਸਿੱਝਾਂਗੇ। ਪਹਿਲਾ ਹੈ ਰੱਖਿਆਤਮਕ। … ਮਤਲਬ ਕਿਸੇ ਨੂੰ ਅੰਦਰ ਆਉਣ ਤੋਂ ਰੋਕਣਾ। ਦੂਜਾ ਹੈ ਰੱਖਿਆਤਮਕ-ਹਮਲਾ। ਆਪਣੇ ਆਪ ਨੂੰ ਬਚਾਉਣ ਲਈ ਅਸੀਂ ਉਸ ਥਾਂ ਜਾਂਦੇ ਹਾਂ ਜਿੱਥੇ ਹਮਲਾ ਹੋ ਰਿਹਾ ਹੈ। ਅਸੀਂ ਹੁਣ ਰੱਖਿਆਤਮ ਪੁਜੀਸ਼ਨ ‘ਚ ਹਾਂ। ਆਖਰੀ ਹੈ ਹਮਲਾਵਰ ਪੁਜੀਸ਼ਨ। ਜਦੋਂ ਅਸੀਂ ਰੱਖਿਆਤਮਕ-ਹਮਲੇ ਦੀ ਪੁਜੀਸ਼ਨ ਵਿੱਚ ਆ ਗਏ ਤਾਂ ਅਸੀਂ ਪਾਕਿਸਤਾਨ ਦੀਆਂ ਕਮਜ਼ੋਰੀਆਂ ਉੱਪਰ ਕੰਮ ਕਰਾਂਗੇ। ਇਹ ਆਰਥਿਕ ਹੋ ਸਕਦੀਆਂ ਹਨ, ਅੰਦਰੂਨੀ ਹੋ ਸਕਦੀਆਂ ਹਨ, ਸਿਆਸੀ ਹੋ ਸਕਦੀਆਂ ਹਨ। ਇਹ ਕੌਮਾਂਤਰੀ ਤੌਰ ‘ਤੇ ਉਸਨੂੰ ਨਿਖੇੜਨਾ ਹੋ ਸਕਦਾ ਹੈ, ਉਹਨਾਂ ਦੀਆਂ ਨੀਤੀਆਂ ਨੂੰ ਅਫਗਾਨਿਸਤਾਨ ‘ਚ ਮਾਤ ਦੇਣਾ ਹੋ ਸਕਦਾ ਹੈ, ਉਹਨਾਂ ਲਈ ਅੰਦਰੂਨੀ ਸੁਰੱਖਿਆ ਸੰਤੁਲਨ ਬਣਾਈ ਰੱਖਣਾ ਮੁਸ਼ਕਿਲ ਬਣਾਉਣਾ, ਇਹ ਕੁੱਝ ਵੀ ਹੋ ਸਕਦਾ ਹੈ।

“ਮੈਂ ਜ਼ਿਆਦਾ ਵਿਸਥਾਰ ‘ਚ ਨਹੀਂ ਦੱਸਣ ਲੱਗਿਆ ਪਰ ਸਾਨੂੰ ਰੱਖਿਆਤਮਕ ਪੁਜੀਸ਼ਨ ਤੋਂ ਅੱਗੇ ਵਧਣਾ ਪਵੇਗਾ।…“ਪਾਕਿਸਤਾਨ ਦੀਆਂ ਕਮਜ਼ੋਰੀਆਂ ਸਾਡੇ ਨਾਲੋਂ ਕਈ ਗੁਣਾ ਵੱਡੀਆਂ ਹਨ। ਇੱਕ ਵਾਰ ਉਹਨਾਂ ਨੇ ਜਾਣ ਲਿਆ ਕਿ ਭਾਰਤ ਰੱਖਿਆਤਮਕ ਪੁਜੀਸ਼ਨ ਤੋਂ ਰੱਖਿਆਤਮਕ-ਹਮਲੇ ‘ਤੇ ਆ ਗਿਆ ਹੈ ਤਾਂ ਉਹ ਸਮਝ ਲੈਣਗੇ ਅਸੀਂ ਉਹਨਾਂ ਦੇ ਵੱਸ ਦੀ ਗੱਲ ਨਹੀਂ।” ਫੇਰ ਉਹ ਪੰਕਤੀ ਆਉਂਦੀ ਹੈ ਜੋ ਕਾਫੀ ਚਰਚਾ ‘ਚ ਰਹੀ ਹੈ, “ਤੁਸੀਂ ਇੱਕ ਮੁੰਬਈ (‘ਤੇ ਹਮਲਾ) ਕਰ ਸਕਦੇ ਹੋ ਪਰ ਤੁਸੀਂ ਬਲੋਚਿਸਤਾਨ ਹਾਰ ਸਕਦੇ ਹੋ।” ਇਹ ਅੱਖਾਂ ਖੋਲਣ ਵਾਲਾ ਖੁਲਾਸਾ ਹੈ। ਇਹ ਦੋਵਾਲ ਦੇ ਸਿਧਾਂਤ ਦਾ ਪੂਰੀ ਸਪੱਸ਼ਟਤਾ ਨਾਲ ਕੇਂਦਰੀ ਤੱਤ ਹੈ।

ਉਸਨੇ ਵਾਧਾ ਕੀਤਾ, “ਸਾਨੂੰ ਪਾਕਿਸਤਾਨ ਦੀ ਲੋੜ ਨਹੀਂ। ਜੇ ਪਾਕਸਿਤਾਨ ਦਹਿਸ਼ਤਗਰਦੀ ਨੂੰ ਆਪਣੀ ਸੱਤ੍ਹਾ ਦੀ ਨੀਤੀ ਦੇ ਇੱਕ ਸੰਦ ਵਜੋਂ ਨਹੀਂ ਤਿਆਗਦਾ ਤਾਂ ਉਸਨੂੰ ਤਾਲਿਬਾਨ ਨਾਲ਼ ਲੜਨ ਦਿਓ। ਦੂਜਾ ਮਸਲਾ ਦਹਿਸ਼ਤਗਰਦਾਂ ਪ੍ਰਤੀ ਰਵੱਈਏ ਦਾ ਹੈ। ਤੀਜਾ ਮਸਲਾ ਉਹਨਾਂ ਨੂੰ ਹਥਿਆਰ, ਪੈਸਾ, ਮਨੁੱਖੀ ਤਾਕਤ ਦੇਣ ਤੋਂ ਰੋਕਣ ਦਾ ਹੈ। ਹੁਣ ਫੰਡ, ਵਧਕੇ ਵਿਰੋਧੀ ਫੰਡ ਦੇਣ ਨਾਲ਼ ਹੀ ਰੋਕੇ ਜਾ ਸਕਦੇ ਹਨ। ਜੇ ਉਹਨਾਂ ਦਾ 500 ਕਰੋੜ ਦਾ ਬਜ਼ਟ ਹੈ ਤਾਂ ਅਸੀਂ 1800 ਕਰ ਸਕਦੇ ਹਾਂ। ਉਹ ਭਾੜੇ ਦੇ ਸਿਪਾਹੀ ਹਨ। ਕੀ ਤੁਸੀਂ ਸੋਚਦੇ ਹੋ ਕਿ ਉਹ ਮਹਾਨ ਜਰਨੈਲ ਹਨ। ਨਹੀਂ, ਇਸ ਲਈ ਸਾਨੂੰ ਗੁਪਤ ਕਦਮ ਚੁੱਕਣੇ ਚਾਹੀਦੇ ਹਨ। ਅਸੀਂ ਇੱਕ ਵੱਡਾ ਦੇਸ਼ ਹਾਂ ਇਸ ਲਈ ਅਸੀਂ ਉਹਨਾਂ ਨੂੰ ਪੈਸੇ ਦੀ ਤਾਕਤ ਨਾਲ਼ ਜਿੱਤਾਂਗੇ। ਇਸ ਲਈ ਸਾਨੂੰ ਮੁਸਲਿਮ ਜਥੇਬੰਦੀਆਂ ‘ਚ ਕੰਮ ਕਰਨਾ ਚਾਹੀਦਾ ਹੈ, ਉਹਨਾਂ ਦੀ ਵੀ ਇਹੋ ਇੱਛਾ ਹੈ। ਅੰਤ ‘ਚ, ਆਉ ਇੱਕ ਅਹਿਮ ਕਦਮ ਚੁੱਕੀਏ। ਉੱਚ ਤਕਨੀਕ ਵੱਲ ਵਧੀਏ ਤੇ ਜੁਆਬ ਵਿੱਚ ਜਸੂਸੀ ਰਾਹੀਂ ਕੀਤੀਆਂ ਜਾਣ ਵਾਲ਼ੀਆਂ ਕਾਰਵਾਈਆਂ ਦੀ ਤਿਆਰੀ ਕਰੀਏ।”

ਢੁਕਵੇਂ ਮੋੜਵੇਂ ਹਮਲੇ ਰਾਹੀਂ ਹੀ ਭਾਰਤ ਮੁੰਬਈ ਜੇਹੇ ਕਿਸੇ ਹੋਰ ਹਮਲੇ ਦਾ ਜਵਾਬ ਨਹੀਂ ਦੇ ਸਕਦਾ ਹੈ। ਪਰ ਦੋਵਾਲ ਦੇ ਪਾਕਿਸਤਾਨ ਕੋਲੋਂ ਬਲੋਚਿਸਤਾਨ ਹਾਰ ਜਾਣ ਦੀ ਗੱਲ ਕਰਨ ਦਾ ਜੰਗ ਤੋਂ ਬਿਨਾਂ ਹੋਰ ਕੀ ਮਤਲਬ ਹੈ? ਦੋ ਤਾਜ਼ਾ ਘਟਨਾਵਾਂ ਦੀ ਚਰਚਾ ਇੱਥੇ ਕਰਨੀ ਬਣਦੀ ਹੈ। ‘ਦ ਇੰਡੀਅਨ ਐਕਪ੍ਰੈੱਸ’ (23 ਸਤੰਬਰ, 2015) ਨੇ ਦੱਸਿਆ ਕਿ ਭਾਰਤੀ ਫ਼ੌਜ ਨੇ ‘ਤਕਨੀਕੀ ਸੇਵਾ ਡਵੀਜ਼ਨ’ (ਟੀਐਸਡੀ- ਭਾਰਤੀ ਫ਼ੌਜ ਦਾ ਖ਼ੁਫ਼ੀਆ ਵਿੰਗ) ਸਬੰਧੀ ਕੁੱਝ ਦਸਤਾਵੇਜ਼ ਫੌਜ ਮੁਖੀ ਵੀ ਕੇ ਸਿੰਘ ਦਾ ਕਾਰਜ਼ਕਾਲ ਮੁੱਕਣ ਤੋਂ ਪਹਿਲਾਂ ਤਬਾਹ ਕਰ ਦਿੱਤੇ ਸਨ। ਸੁਸ਼ਾਂਤ ਸਿੰਘ ਲਿਖਦਾ ਹੈ, “ਰਿਪੋਰਟਾਂ ਮੁਤਾਬਕ ਜਾਂਚ (ਜੋ ਉਸਦੀ ਰਿਟਾਇਰਮੈਂਟ  ਤੋਂ ਬਾਅਦ ਸ਼ੁਰੂ ਹੋਈ ਸੀ) ਤੋਂ ਪਤਾ ਲੱਗਿਆ ਹੈ ਕਿ ਟੀਐੱਸਡੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਪਰਾਏ ਦੇਸ਼ ਵਿੱਚ ਘੱਟੋ-ਘੱਟ ਅੱਠ ਖੁਫੀਆ ਅਪਰੇਸ਼ਨ ਚਲਾਏ ਹਨ। ਟੀਐੱਸਡੀ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਅਕਤੂਬਰ ਤੇ ਨਵੰਬਰ 2011 ‘ਚ ਇਸਨੇ ਗੁਆਂਢੀ ਮੁਲਕ ਦੇ ਸੂਬੇ ਵਿੱਚ ਵੱਖਵਾਦੀ ਮੁਖੀ ਨੂੰ ਭਰਤੀ ਕਰਨ ਲਈ ਸੀਕ੍ਰੇਟ ਸਰਵਿਸ ਫੰਡਾਂ ਵਿੱਚੋਂ ਪੈਸੇ ਦਿੱਤੇ ਹਨ। ਇਸ ਅੰਦਾਜ਼ੇ ਦਾ ਮਜ਼ਬੂਤ ਅਧਾਰ ਹੈ ਕਿ “ਵਿਦੇਸ਼ੀ ਮੁਲਕ” ਪਾਕਿਸਤਾਨ  ਅਤੇ “ਸੂਬਾ” ਬਲੋਚਿਸਤਾਨ ਸੀ।

ਇਹ ਗੱਲ ਅਕਤੂਬਰ, 2015 ‘ਚ ਜ਼ਾਹਰ ਹੋਈ ਜਦ ਬੀਐਲਓ (ਬਲੋਚਿਸਤਾਨ ਲਿਬਰੇਸ਼ਨ ਆਰਗੇਨਾਇਜ਼ੇਸ਼ਨ) ਦੇ ਨੁਮਾਇੰਦੇ ਨੇ ਦਿੱਲੀ ਪ੍ਰੈੱਸ ਕਾਨਫ੍ਰੰਸ ‘ਚ ਸ਼ਿਰਕਤ ਕੀਤੀ ਅਤੇ ਜਲਾਵਤਨ ਕੀਤੇ ਆਗੂ ਦਾ ਬਿਆਨ ਪੜ੍ਹ ਕੇ ਸੁਣਾਇਆ। ਉਸਦੀ ਪ੍ਰੈੱਸ ਕਾਨਫਰੰਸ ਦੀ ਰਿਪੋਰਟ ਦਿਲਚਸਪ ਹੈ ਜੋ (‘ਦ ਹਿੰਦੂ’ ਅਖਬਾਰ ਦੇ) ਦੋ ਪੱਤਰਕਾਰਾਂ, ਕਲੋਲ ਭੱਟਾਚਾਰਜੀ ਤੇ ਸੁਹਸੈਨੀ ਹੈਦਰ, ਰਾਹੀਂ ਮਿਲੀ ਹੈ। ਉਹ ਲਿਖਦੇ ਹਨ:

“ਪਾਕਿਸਤਾਨ ਦੇ ਕਬਜੇ ਵਿਚਲੇ ਕਸ਼ਮੀਰ ਵਿੱਚ ਕਥਿਤ ਮਨੁੱਖੀ ਹੱਕਾਂ ਦੀ ਉਲੰਘਣਾ ਦੀ ਗੱਲ ਕਰਨ ਪਿੱਛੋਂ, ਭਾਰਤ ਬਲੋਚਿਸਤਾਨ ਦੇ ਮਾਮਲੇ ‘ਚ ਸਖ਼ਤ ਪੁਜੀਸ਼ਨ ਲੈਣ ਦੀ ਤਿਆਰੀ ਕਰ ਰਿਹਾ ਹੈ, ਇਹ ਦੱਖਣੀ ਬਲਾਕ ਦੀ ਪਾਕਿਸਤਾਨ ਬਾਰੇ ਅਤੀਤ ਦੀ ਨੀਤੀ ਤੋਂ ਉੱਭਰਵੇਂ ਰੂਪ ‘ਚ ਦੂਰ ਹਟਣਾ ਸੀ।

“ਇਸ ਨਵੀਂ ਨੀਤੀ ਦੀ ਗੱਲ 4 ਅਕਤੂਬਰ, 2015 ਨੂੰ ਉਦੋਂ ਜਨਤਕ ਹੋਈ ਜਦੋਂ ਬੀਐਲਓ (ਬਲੋਚਿਸਤਾਨ ਲਿਬਰੇਸ਼ਨ ਆਰਗੇਨਾਇਜ਼ੇਸ਼ਨ) ਦੇ ਨੁਮਾਇੰਦੇ ਬਾਲਾਚ ਪਰਦਿਲਾਈ ਨੇ ਇੱਕ ਇਕੱਠ ਨੂੰ ਸੰਬੋਧਿਤ ਕੀਤਾ ਅਤੇ ਬੀਐੱਲਓ ਦੇ ਜਲਾਵਤਨ ਕੀਤੇ ਆਗੂ ਨਵਾਬਜਾਦਾ ਹਾਇਬਿਆਰ ਮਰੀ ਦਾ ਬਿਆਨ ਪੜ੍ਹਿਆ।

“ਪਾਕਿਸਾਤਨ ਵਿਰੁੱਧ ਬਲੋਚਿਸਤਾਨ ਦੀ ਅਜ਼ਾਦੀ ਲਈ ਲੜਨ ਵਾਲੀ ਬੀਐੱਲਓ ਨੇ ‘ਦ ਹਿੰਦੂ’ ਨੂੰ ਦਿੱਲੀ ਵਿਚਲੇ ਆਪਣੇ ਨੁਮਾਇੰਦੇ ਬਾਰੇ ਦੱਸਿਆ। ਇਹ ਪਰਦਿਲਾਈ ਸੀ ਜੋ 2009 ਤੋਂ ਦਿੱਲੀ ‘ਚ ਰਹਿ ਰਿਹਾ ਸੀ ਤੇ ਜਿਸ ਨਾਲ਼ ਨਵਾਬਜ਼ਾਦਾ ਮਰੀ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕਰਕੇ ਉਸਦਾ ਬਿਆਨ ਜਾਰੀ ਕਰਨ ਲਈ ਸੰਪਰਕ ਕੀਤਾ ਸੀ।

“ਭਾਵੇਂ ਨਵੀਂ ਨੀਤੀ ਬਾਰੇ ਕੁੱਝ ਵੀ ਨਹੀਂ ਦੱਸਿਆ ਗਿਆ, ਪਰ ਅਧਿਕਾਰੀਆਂ ਨੇ ‘ਦ ਹਿੰਦੂ’ ਨੂੰ ਦੱਸਿਆ ਕਿ ਜਦੋਂ ਭਾਰਤ ਜੰਮੂ ਕਸ਼ਮੀਰ ਦੇ ਮਸਲੇ ਨੂੰ ਲੈ ਕੇ ਪਾਕਿਸਤਾਨ ਵੱਲੋਂ ਦੋਸ਼ ਲਾਏ ਜਾਣ ਦਾ ਸਾਹਮਣਾ ਕਰੇਗਾ ਤਾਂ ਪਾਕਿਸਤਾਨ ਦੇ ਕਬਜੇ ਵਿਚਲਾ ਕਸ਼ਮੀਰ ਤੇ ਬਲੋਚਿਸਤਾਨ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇਗੀ। …

“ਪਾਰਦਿਲਾਈ ਨੇ ‘ਦ ਹਿੰਦੂ’ ਨੂੰ ਦੱਸਿਆ ਕਿ ਉਹ ਦਿੱਲੀ ਵਿੱਚ ਸੁਰੱਖਿਅਤ ਮਹਿਸੂਸ ਕਰ ਰਿਹਾ ਹੈ ਅਤੇ ਉਸਨੂੰ ਆਰ.ਐੱਸ.ਐਨ ਸਿੰਘ ਦੀ ਅਗਵਾਈ ਵਾਲੇ ਭਾਜਪਾ ਦੇ ਇੱਕ ਹਿੱਸੇ ਅਤੇ ਭਗਤ ਸਿੰਘ ਕ੍ਰਾਂਤੀ ਸੈਨਾ ਦੇ ਤਜਿੰਦਰ ਸਿੰਘ ਦੀ ਮਦਦ ਮਿਲ ਰਹੀ ਹੈ।” (‘ਦ ਹਿੰਦੂ’, 8 ਅਕਤੂਬਰ, 2015)

ਇੱਥੋਂ ਸਾਫ ਹੁੰਦਾ ਹੈ ਕਿ ਭਾਰਤ ਕਾਫੀ ਸਮੇਂ ਤੋਂ ਹੀ ਬਲੋਚਿਸਤਾਨ ਉੱਪਰ ਸਾਜਿਸ਼ੀ ਢੰਗ ਨਾਲ਼ ਕੰਮ ਕਰ ਰਿਹਾ ਹੈ ਜਿਸ ਵਿੱਚ ਪਾਕਿਸਤਾਨ ਉੱਪਰ ਹਮਲੇ ਦੀ ਨੀਤੀ ਵਜੋਂ ਬੀਐੱਲਓ ਦੇ ਬਾਗੀਆਂ ਦੀ ਮਦਦ ਕਰਨਾ ਹੈ। ਇਸੇ ਦਾ ਨਤੀਜ਼ਾ ਮੋਦੀ ਦਾ 15 ਅਗਸਤ ਨੂੰ ਦਿੱਤਾ ਭਾਸ਼ਣ ਹੈ। ਅਜੀਤ ਦੋਵਾਲ ਦੀ ਬਣਾਈ ਜਿਸ ਨੀਤੀ ‘ਤੇ ਚੱਲ ਕੇ ਭਾਰਤ ਪਾਕਿਸਤਾਨ ਵਿਚਲੇ ਵੱਖਵਾਦੀ ਗਰੁੱਪਾਂ, ਦਹਿਸ਼ਤਗਰਦਾਂ ਨੂੰ ਵਰਤ ਕੇ ਪਾਕਿਸਤਾਨ ਨੂੰ ਕਮਜ਼ੋਰ ਕਰਨਾ ਚਾਹੁੰਦਾ ਹੈ ਉਹ ਨੀਤੀ ਅਮਰੀਕਾ ਤੋਂ ਉਧਾਰੀ ਲਈ ਗਈ ਹੈ। ਇਸੇ ਨੀਤੀ ਉੱਪਰ ਚੱਲਦਿਆਂ ਅਮਰੀਕਾ ਨੇ ਮੱਧ ਪੂਰਬ, ਲੀਬੀਆ, ਇਰਾਕ, ਮਿਸਰ ਆਦਿ ‘ਚ ਰਾਜ ਪਲਟੇ ਕਰਵਾਏ ਹਨ, ਅਫਗਾਨਿਸਤਾਨ ‘ਚ ਮੁਜ਼ਾਹਿਦੀਨਾਂ ਨੂੰ ਸੀਆਈਏ ਦੁਆਰਾ ਟ੍ਰੇਨਿੰਗ ਦੇ ਕੇ ਆਮ ਲੋਕਾਂ ਦਾ ਲਹੂ ਵਹਾਉਣ ਲਾਇਆ ਗਿਆ ਹੈ ਅਤੇ ਹੁਣ ਇਸ ਨੀਤੀ ਰਾਹੀਂ ਹੀ ਸੀਰੀਆ ਜੰਗ ‘ਚ ਅਮਰੀਕਾ ਦੁਆਰਾ ਅਸਦ ਵਿਰੋਧੀ ਸੀਰੀਆਈ ਵਿਦਰੋਹੀਆਂ ਨੂੰ ਹਥਿਆਰ, ਪੈਸਾ, ਟ੍ਰੇਨਿੰਗ ਦੇ ਕੇ ਮਦਦ ਕੀਤੀ ਜਾ ਰਹੀ ਹੈ। ਇਸ ਨੀਤੀ ‘ਤੇ ਚੱਲ ਕੇ ਭਾਰਤ ਵੀ ਪਾਕਿਸਤਾਨ ਵਿਰੁੱਧ ਇੱਕ ਜੰਗ ਥੋਪ ਰਿਹਾ ਹੈ ਜਿਸਦਾ ਨਤੀਜ਼ਾ ਅਨੇਕਾਂ ਬੇਦੋਸ਼ੇ ਆਮ ਲੋਕਾਂ ਦਾ ਲਹੂ ਵਹਿਣ ‘ਚ ਨਿੱਕਲਣਾ ਹੈ। ਅਸਲ ‘ਚ ਭਾਰਤ ਤੇ ਪਾਕਿਸਤਾਨ ਦੋਵੇਂ ਇਸ ਨੀਤੀ ‘ਤੇ ਚੱਲ ਰਹੇ ਹਨ ਜਿਸ ਨਾਲ਼ ਕਸ਼ਮੀਰ, ਬਲੋਚਿਸਤਾਨ, ਗਿਲਗਿਟ ਜਿਹੇ ਅਸ਼ਾਂਤ ਇਲਾਕਿਆਂ ਤੋਂ ਬਿਨ੍ਹਾਂ ਬਾਕੀ ਹਿੱਸੇ ਦੇ ਲੋਕ ਵੀ ਪ੍ਰਭਾਵਿਤ ਹੋ ਰਹੇ ਹਨ।

ਭਾਰਤ ਵਿੱਚ ਕਸ਼ਮੀਰੀ ਲੋਕਾਂ ਦੀ ਆਪਾ ਨਿਰਣੇ ਦਾ ਵਾਅਦਾ ਪੂਰਾ ਕੀਤੇ ਜਾਣ ਦੀ ਮੰਗ ਤੇ ਬਲੋਚਿਸਤਾਨੀ ਲੋਕਾਂ ਦੀ ਅਜ਼ਾਦੀ ਦੀ ਮੰਗ ਹੱਕੀ ਮੰਗਾਂ ਹਨ ਜਿਹਨਾਂ ਦੀ ਹਮਾਇਤ ਕੀਤੀ ਜਾਣੀ ਚਾਹੀਦੀ ਹੈ। ਪਰ ਇਸ ਹਮਾਇਤ ਦਾ ਤਰੀਕਾ ਉਹ ਨਹੀਂ ਹੈ ਜਿਸ ਤਰ੍ਹਾਂ ਭਾਰਤ ਬਲੋਚਿਸਤਾਨ ਦੇ ਖਾੜਕੂਆਂ ਜਾਂ ਪਾਕਿਸਤਾਨ ਕਸ਼ਮੀਰ ਵਿਚਲੇ ਵੱਖਵਾਦੀਆਂ ਦੀ ਕਰ ਰਿਹਾ ਹੈ। ਇਹ ਮਦਦ ਇਹਨਾਂ ਇਲਾਕਿਆਂ ਦੇ ਮਸਲੇ ਨੂੰ ਹੱਲ ਕਰਨ ਦੀ ਥਾਂ ਹੋਰ ਉਲਝਾ ਰਹੀ ਹੈ ਜਿਸਦੇ ਨਤੀਜ਼ੇ ਵੱਜੋਂ ਹਜਾਰਾਂ ਆਮ ਲੋਕਾਂ ਦੀ ਜਾਨ ਜਾ ਰਹੀ ਹੈ ਤੇ ਕਰੋੜਾਂ ਦੀ ਜ਼ਿੰਦਗੀ ਬਰਬਾਦ ਹੋ ਰਹੀ ਹੈ। ਜੇ ਦੋਵਾਂ ਦੇਸ਼ਾਂ ਦਾ ਮਕਸਦ ਸੱਚਮੁੱਚ ਹੀ ਲੋਕਾਂ ਦੀ ਮਦਦ ਕਰਨਾ ਹੁੰਦਾ ਤਾਂ ਦੋਵੇਂ ਦੇਸ਼ ਆਪਣੇ ਕਬਜ਼ੇ ਹੇਠਲੇ ਇਲਾਕਿਆਂ ਦੇ ਲੋਕਾਂ ਦੀ ਮਦਦ ਕਰਨ ਅਤੇ ਉਹਨਾਂ ਦੇ ਹੱਕਾਂ ਦੀ ਬਹਾਲੀ ਤੇ ਸ਼ਾਂਤੀ ਲਈ ਯੋਗ ਕਦਮ ਚੁੱਕਦੇ।

ਪੂਰੇ ਮਸਲੇ ਤੋਂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਭਾਰਤ ਤੇ ਪਾਕਿਸਤਾਨ ਦੋਵੇਂ ਦੇਸ਼ ਅੰਨ੍ਹੇ ਕੌਮਵਾਦ ਤੇ ਦੂਜੇ ਵਿਰੁੱਧ ਨਫਰਤ ਨੂੰ ਭੜਕਾ ਕੇ ਦੋ ਕੰਮਾਂ ਲਈ ਵਰਤ ਰਹੇ ਹਨ। ਪਹਿਲਾ, ਦੋਵਾਂ ਵੱਲੋਂ ਆਪਣੇ ਦੇਸ਼ ਅੰਦਰ ਅਜ਼ਾਦੀ ਲਈ ਲੜ ਰਹੀਆਂ ਕੌਮੀਅਤਾਂ ਉੱਪਰ ਕੀਤੇ ਜਾ ਰਹੇ ਜ਼ਬਰ ਉੱਪਰ ਪਰਦਾ ਪਾਉਣ ਲਈ। ਦੂਜਾ, ਇੱਕ-ਦੂਜੇ ਅੰਦਰ ਹਾਲਾਤ ਤਣਾਅਪੂਰਨ ਬਣਾਉਣ ਤੇ ਖੂਨੀ ਲੜਾਈਆਂ ਤੇ ਜੰਗ ਭੜਕਾਉਣ ਲਈ। ਇਸ ਸਭ ਦਾ ਭਾਰਤ ਤੇ ਪਾਕਿਸਤਾਨ ਦੋਵਾਂ ਦੇਸ਼ਾਂ ਦੇ ਆਮ ਕਿਰਤੀ ਲੋਕਾਂ ਨੂੰ ਹੀ ਨੁਕਸਾਨ ਹੋ ਰਿਹਾ ਹੈ ਤੇ ਦੋਵਾਂ ਦੇਸ਼ਾਂ ਦੀਆਂ ਹਾਕਮ ਜਮਾਤਾਂ ਨੂੰ ਫਾਇਦਾ ਹੋ ਰਿਹਾ ਹੈ। ਇਸ ਨਾਨ ਦੋਵੇਂ ਦੇਸ਼ਾਂ ਦੇ ਹਾਕਮ ਆਪਣੇ ਜ਼ੁਰਮਾਂ ਨੂੰ ਦੂਜੇ ਦੇਸ਼ ਸਿਰ ਮੜ੍ਹ ਕੇ ਨਾ ਸਿਰਫ ਆਪਣੇ ਆਪ ਨੂੰ ਬੇਕਸੂਰ ਸਾਬਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਸਗੋਂ ਦੋਵਾਂ ਦੇਸ਼ਾਂ ਦੇ ਕਿਰਤੀ ਲੋਕਾਂ ਦਰਮਿਆਨ ਨਫਰਤ ਦੀਆਂ ਕੰਧਾਂ ਵੀ ਉਸਾਰ ਰਹੇ ਹਨ। ਇਸ ਮਾਮਲੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਹਾਕਮ ਇੱਕ ਹਨ। ਇਸਦੇ ਟਾਕਰੇ ਲਈ ਭਾਰਤ ਤੇ ਪਾਕਿਸਤਾਨ ਦੇ ਲੋਕਾਂ ਦਰਮਿਆਨ ਅੰਨ੍ਹੇ, ਖੋਖਲੇ ਕੌਮਵਾਦ ਦਾ ਭਾਂਡਾ ਭੰਨਣਾ ਬੇਹੱਦ ਜਰੂਰੀ ਹੈ ਤੇ ਉਹਨਾਂ ਨੂੰ ਕੌਮੀ ਏਕਤਾ ਦੀ ਥਾਂ ਜਮਾਤੀ ਏਕਤਾ ਦੇ ਅਧਾਰ ‘ਤੇ ਇੱਕਜੁੱਟ ਕੀਤੇ ਜਾਣ ਦੀ ਲੋੜ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements