ਭਾਜਪਾ ਦਾ ਫਿਰਕੂ ਏਜੰਡਾ ਅਤੇ ਪੂਨੇ ਫਿਲਮ ਐਂਡ ਟੈਲੀਵਿਜਨ ਇੰਸੀਚਿਊਟ ਆਫ ਇੰਡੀਆ ਦੇ ਵਿਦਿਆਰਥੀਆਂ ਦਾ ਸੰਘਰਸ਼ •ਰੋਸ਼ਨ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਜਦੋਂ ਦੀ ਭਾਜਪਾ ਸੱਤ੍ਹਾ ਵਿੱਚ ਆਈ ਹੈ ਇਸਨੇ ਆਪਣੇ ਭਗਵੇਂਕਰਨ ਦੇ ਏਜੰਡੇ ਨੂੰ ਪੂਰਾ ਕਰਨ ਲਈ ਹਰ ਹੀਲਾ ਵਰਤਣਾ ਸ਼ੁਰੂ ਕੀਤਾ ਹੋਇਆ ਹੈ। ਸਿਲੇਬਸਾਂ ਨੂੰ ਸੋਧਣਾ, ਭਾਰਤੀ ਇਤਿਹਾਸ ਖੋਜ ਪ੍ਰੀਸ਼ਦ ਉੱਤੇ ਸੁਦਰਸ਼ਨ ਰਾਓ ਸਮੇਤ ਹੋਰ ਭਾਜਪਾ ਤੇ ਰਾਸ਼ਟਰੀ ਸਵੈਸੇਵਕ ਸੰਘ ਨਾਲ ਜੁੜੇ ਵਿਦਵਾਨਾਂ ਨੂੰ ਬਿਠਾਉਣਾ, ਭਾਰਤੀ ਵਿਗਿਆਨ ਪ੍ਰੀਸ਼ਦ ਦੀ ਕਾਂਗਰਸ ਵਿੱਚ ਪੂਰਾਤਨ ਭਾਰਤ ਵਿੱਚ ਹਵਾਈ ਜਹਾਜ ਉਡਾਉਣੇ, ਹਰਿਆਣਾ, ਗੁਜਰਾਤ ਸਮੇਤ ਹੋਰਨਾਂ ਸੂਬਿਆਂ ਵਿੱਚ ਫਿਰਕੂ ਏਜੰਡਾ ਲਾਗੂ ਕਰਨ ਵਾਲੇ ਨੁਮਾਇੰਦੇ ਸਿੱਖਿਆ ਤੇ ਇਤਹਾਸ ਦੀਆਂ ਸੰਸਥਾਵਾਂ ਵਿੱਚ ਬਿਠਾਉਣੇ ਅਤੇ ਫਿਲਮਾਂ ਦੇ ਸੈਂਸਰ ਬੋਰਡ ਉੱਤੇ ਸੰਘੀਆਂ ਵੱਲੋਂ ਕਬਜਾ ਕਰਨ ਦੇ ਅਨੇਕਾਂ ਮਸਲੇ ਇਸਦੇ ਜਿਉਂਦੇ-ਜਾਗਦੇ ਸਬੂਤ ਹਨ। ਇਹਨਾਂ ਕੋਸ਼ਿਸ਼ਾਂ ਦੀ ਅਗਲੀ ਲੜੀ ਵਿੱਚ ਪੂਨੇ ਦੇ ਫਿਲਮ ਐਂਡ ਟੈਲੀਵਿਜਨ ਇੰਸੀਚਿਊਟ ਦਾ ਚੇਅਰਮੈਨ ਗਜੇਂਦਰ ਚੌਹਾਨ ਨੂੰ ਥਾਪਿਆ ਗਿਆ ਹੈ। ਗਜੇਂਦਰ ਚੌਹਾਨ ਦੀ ਇਸ ਨਿਯੁਕਤੀ ਦਾ ਉੱਥੋਂ ਦੇ ਵਿਦਿਆਰਥੀ ਵਿਰੋਧ ਕਰ ਰਹੇ ਹਨ ਤੇ ਉਸਨੂੰ ਹਟਾਏ ਜਾਣ ਦੀ ਮੰਗ ਨੂੰ ਲੈ ਕੇ 12 ਜੂਨ ਤੋਂ ਵੱਖੋ-ਵੱਖਰੇ ਰੂਪਾਂ ਵਿੱਚ ਸੰਘਰਸ਼ ਕਰ ਰਹੇ ਹਨ।

ਗਜੇਂਦਰ ਚੌਹਾਨ ਰਾਸ਼ਟਰੀ ਸਵੈਸੇਵਕ ਸੰਘ ਦੀ ਫਿਰਕੂ ਵਿਚਾਰਧਾਰਾ ਦਾ ਹਮਾਇਤੀ ਹੈ ਤੇ ਉਹ ਭਾਜਪਾ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵੀ ਕਰਦਾ ਰਿਹਾ ਹੈ। ਇਹ ਵੀ ਜਿਕਰਯੋਗ ਹੈ ਕਿ ਗਜੇਂਦਰ ਚੌਹਾਨ ਕੋਲ ਇਸ ਅਹੁਦੇ ਨੂੰ ਚਲਾਉਣ ਦੀ ਨਾ ਕੋਈ ਅਕਾਦਮਿਕ ਯੋਗਤਾ ਹੈ, ਨਾ ਕੋਈ ਅਜਿਹਾ ਤਜਰਬਾ। ਉਸਦੀ ਕਲਾ ਜਾਂ ਕਲਾ ਸਿਧਾਂਤ ਦੇ ਖੇਤਰ ਵਿੱਚ ਕੋਈ ਵਰਨਣਯੋਗ ਪ੍ਰਾਪਤੀ ਵੀ ਨਹੀਂ ਹੈ। ਜਿਸ ਗਜੇਂਦਰ ਚੌਹਾਨ ਬਾਰੇ ਕਿਹਾ ਜਾ ਰਿਹਾ ਹੈ ਕਿ ਉਸ ਕੋਲ 34 ਸਾਲ ਫਿਲਮਾਂ ਤੇ ਸੀਰੀਅਲਾਂ ਵਿੱਚ ਕੰਮ ਕਰਨ ਦਾ ਤਜਰਬਾ  ਹੈ ਉਹ ਦੂਰਦਰਸ਼ਨ ‘ਤੇ ਕਿਸੇ ਸਮੇਂ ਚਲਦੇ ਰਹੇ ਸੀਰੀਅਲ ‘ਮਹਾਂਭਾਰਤ’ ਵਿੱਚ ਯੁਧਿਸ਼ਟਰ ਦਾ ਕਿਰਦਾਰ ਨਿਭਾਉਂਦਾ ਰਿਹਾ ਹੈ। ਇਸ ਤੋਂ ਬਿਨਾਂ ਉਸਦਾ ਤਜਰਬਾ ਕੁੱਝ ਫਿਲਮਾਂ ਵਿੱਚ ਬਹੁਤ ਹੀ ਨਿੱਕੀਆਂ ਤੇ ਚਾਲੂ ਕਿਸਮ ਦੀ ਭੂਮਿਕਾ ਨਿਭਾਉਣ ਦਾ ਹੈ। ਹਾਂ, ਕੁੱਝ ਅਸ਼ਲੀਲ ਕਿਸਮ ਦੀਆਂ ਫਿਲਮਾਂ ਵਿੱਚ ਜਰੂਰ ਉਸਦਾ ਕੋਈ ਤਜਰਬੇ ਯੋਗ ਰੋਲ ਰਿਹਾ ਹੈ। ਇਸ ਤੋਂ ਬਿਨਾਂ ਉਹ ਕਈ ਤਰ੍ਹਾਂ ਦੇ ਅੰਧਵਿਸ਼ਵਾਸ ਫੈਲਾਉਣ ਵਾਲੀਆਂ ਚੀਜਾਂ ਦੀ ਟੈਲੀਮਾਰਕਿਟਿੰਗ ਕਰਦਾ ਰਿਹਾ ਹੈ। ਅਸਲ ਵਿੱਚ ਮੋਦੀ ਸਰਕਾਰ ਨੂੰ ਇਸ ਸੰਸਥਾ ਨੂੰ ਚਲਾਉਣ ਲਈ ਤਜਰਬੇਕਾਰ ਤੇ ਯੋਗ ਵਿਅਕਤੀ ਦੀ ਲੋੜ ਹੈ, ਪਰ ਇਹ ਤਜਰਬੇਕਾਰ ਤੇ ਯੋਗਤਾ ਫਿਲਮ ਤੇ ਥੀਏਟਰ ਦੇ ਪੈਮਾਨਿਆਂ ਮੁਤਾਬਕ ਨਹੀਂ ਸਗੋਂ ਸੰਘ ਦੇ ਕੱਟੜ ਹਿੰਦੂਵਾਦ ਦੇ ਪੈਮਾਨਿਆਂ ਮੁਤਾਬਕ ਹੈ ਜਿਨ੍ਹਾਂ ਉੱਤੇ ਉਹ ਖਰਾ ਉੱਤਰਦਾ ਹੈ। ਜਿਸ ਅੱਠ ਮੈਂਬਰੀ ਕਮੇਟੀ ਨੇ ਗਜੇਂਦਰ ਚੌਹਾਨ ਦੀ ਚੇਅਰਮੈਨ ਵਜੋਂ ਨਿਯੁਕਤੀ ਕੀਤੀ ਹੈ ਉਹਨਾਂ ਵਿੱਚੋਂ ਵੀ ਬਹੁਤਿਆਂ ਦਾ ਸਿੱਧਾ ਸਬੰਧ ਭਾਜਪਾ ਤੇ ਸੰਘ ਨਾਲ ਹੈ। ਇਹਨਾਂ ਵਿੱਚੋਂ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵਿੱਚ ਕੰਮ ਕਰ ਚੁੱਕਿਆ ਨਰਿੰਦਰ ਪਾਠਕ ਅਤੇ ਮੋਦੀ ਬਾਰੇ ਦਸਤਾਵੇਜੀ ਫਿਲਮ ਬਣਾਉਣ ਵਾਲਾ ਤੇ ਸੰਘ ਦਾ ਚਹੇਤਾ ਅਨਾਸਾ ਘਸੀਆਸ ਵੀ ਸ਼ਾਮਲ ਹੈ।

ਗਜੇਂਦਰ ਚੌਹਾਨ ਦੀ ਇਸ ਨਿਯੁਕਤੀ ਦਾ ਵਿਰੋਧ ਕਰਕੇ ਵਿਦਿਆਰਥੀਆਂ ਨੇ ਇੱਕ ਸੁਆਗਤਯੋਗ ਕਦਮ ਚੁੱਕਿਆ ਹੈ। ਵਿਦਿਆਰਥੀਆਂ ਨੇ ਸਾਫ ਕਿਹਾ ਹੈ ਕਿ ਉਹ ਗਜੇਂਦਰ ਚੌਹਾਨ ਦਾ ਵਿਰੋਧ ਵਿਅਕਤੀ ਵਜੋਂ ਨਹੀਂ ਕਰ ਰਹੇ ਸਗੋਂ ਉਹ ਉਸ ਪੂਰੀ ਵਿਚਾਰਧਾਰਾ ਤੇ ਫਿਰਕੂ ਏਜੰਡੇ ਦਾ ਵਿਰੋਧ ਕਰ ਰਹੇ ਹਨ ਜਿਨ੍ਹਾਂ ਤਹਿਤ ਗਜੇਂਦਰ ਚੌਹਾਨ ਨੂੰ ਥਾਪਿਆ ਜਾ ਰਿਹਾ ਹੈ। ਵਿਦਿਆਰਥੀ ੇਇਸ ਨਿਯੁਕਤੀ ਖਿਲਾਫ ਪ੍ਰਚਾਰ ਮੁਹਿੰਮ, ਹੜਤਾਲ, ਧਰਨੇ, ਬੰਦ, ਘਿਰਾਓ ਆਦਿ ਦੇ ਰੂਪ ਵਿੱਚ ਸੰਘਰਸ਼ ਚਲਾ ਰਹੇ ਹਨ। ਦੇਸ਼ ਵਿੱਚ  ਬਾਕੀ ਥਾਵਾਂ ‘ਤੇ ਵੀ ਵਿਦਿਆਰਥੀਆਂ ਨੇ ਉਹਨਾਂ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਹੈ। ਵਿਦਿਆਰਥੀਆਂ ਤੋਂ ਬਿਨਾਂ, ਅਧਿਆਪਕਾਂ, ਬੁੱਧੀਜੀਵੀਆਂ ਤੇ ਕਲਾਕਾਰਾਂ ਦੇ ਇੱਕ ਹਿੱਸੇ ਨੇ ਵੀ ਉਹਨਾਂ ਦੇ ਇਸ ਹੱਕੀ ਸੰਘਰਸ਼ ਦੀ ਹਮਾਇਤ ਕੀਤੀ ਹੈ। ਵਿਦਿਆਰਥੀਆਂ ਨੂੰ ਮਿਲਦੀ ਇਸ ਹਮਾਇਤ ਮਗਰੋਂ ਕਾਂਗਰਸ ਤੇ ਕੇਜਰੀਵਾਲ ਵਰਗਿਆਂ ਨੂੰ ਵੀ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਇਹਨਾਂ ਵਿਦਿਆਰਥੀਆਂ ਦੇ ਹੱਕ ਵਿੱਚ ਬਿਆਨ ਦਾਗਣ ਲਈ ਮਜਬੂਰ ਹੋਣਾ ਪਿਆ ਹੈ।

ਬੀਤੀ 17 ਅਗਸਤ (ਸੋਮਵਾਰ) ਨੂੰ ਵਿਦਿਆਰਥੀ ਆਪਣੀਆਂ ਮੰਗਾਂ ਲਈ ਇਸ ਸੰਸਥਾ ਦੇ ਡਾਇਰੈਕਟਰ ਪ੍ਰਸ਼ਾਤ ਪਥਰੇਬ ਨਾਲ ਗੱਲਬਾਤ ਕਰਨ ਲਈ ਗਏ। ਡਾਇਰੈਕਟਰ ਨੇ ਕੋਈ ਵੀ ਗੱਲ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਤੇ ਵਿਦਿਆਰਥੀਆਂ ਨਾਲ ਬਦਸਲੂਕੀ ਕੀਤੀ। ਉਸਨੇ ਵਿਦਿਆਰਥੀਆਂ ਨੂੰ ਕੈਰੀਅਰ ਖਰਾਬ ਕਰਨ ਤੇ ਉਹਨਾਂ ਨੂੰ ਬਾਹਰ ਕੱਢਣ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਮਗਰੋਂ ਵਿਦਿਆਰਥੀਆਂ ਨੇ ਸ਼ਾਂਤਮਈ ਤਰੀਕੇ ਨਾਲ ਉਸਦਾ ਘਿਰਾਓ ਕਰੀ ਰੱਖਿਆ। ਅਗਲੇ ਦਿਨ ਡਾਇਰੈਕਟਰ ਦੀ ਸ਼ਿਕਾਇਤ ਉੱਤੇ ਰਾਤ ਕਰੀਬ 1 ਵਜੇ ਸ਼ਾਂਤਮਈ ਧਰਨੇ ‘ਤੇ ਬੈਠੇ ਵਿਦਿਆਰਥੀਆਂ ਉੱਤੇ ਪੁਲਿਸ ਨੇ ਹਮਲਾ ਕਰਕੇ ਉਹਨਾਂ ਵਿੱਚੋਂ 5 ਨੂੰ ਗ੍ਰਿਫਤਾਰ ਕਰ ਲਿਆ ਤੇ 15 ਤੋਂ ਵੀ ਵੱਧ ਉੱਤੇ ਝੂਠੇ ਮੁਕੱਦਮੇ ਦਰਜ ਕਰ ਲਏ। ਵਿਦਿਆਰਥੀਆਂ ਉੱਤੇ ਦੰਗੇ ਭੜਕਾਉਣ, ਗੈਰ-ਕਨੂੰਨੀ ਮੁਜਾਹਰਾ ਕਰਨ ਜਿਹੇ ਬੇਬੁਨਿਆਦੀ ਦੋਸ਼ ਮੜ੍ਹੇ ਗਏ। ਇਸ ਕਾਰਵਾਈ ਸਬੰਧੀ ਉਸਦਾ ਕਹਿਣਾ ਸੀ ਕਿ ਵਿਦਿਆਰਥੀ ਉਸਨੂੰ ਤੰਗ ਕਰ ਰਹੇ ਸਨ ਤੇ ਉਹ ਅਸੁਰੱਖਿਅਤ ਮਹਿਸੂਸ ਕਰ ਰਿਹਾ ਸੀ। ਪਰ ਇਸ ਗੱਲਬਾਤ ਦੇ ਜਾਰੀ ਹੋਈ ਵੀਡੀਓ ਤੋਂ ਉਸਦੇ ਝੂਠ ਸਾਫ ਫੜੇ ਜਾਂਦੇ ਹਨ। ਉਂਝ ਵੀ 72 ਦਿਨਾਂ ਤੋਂ ਆਪਣੀ ਪੜ੍ਹਾਈ ਦਾ ਨੁਕਸਾਨ ਕਰਕੇ ਜਾਇਜ ਮੰਗਾਂ ਲਈ ਧਰਨੇ-ਮੁਜਾਹਰੇ ‘ਤੇ ਉੱਤਰਨ ਲਈ ਵਿਦਿਆਰਥੀਆਂ ਨੂੰ ਮਜਬੂਰ ਕਰਨਾ ਉਸਨੂੰ ਵਿਦਿਆਰਥੀਆਂ ਨੂੰ ਤੰਗ-ਪ੍ਰੇਸ਼ਾਨ ਕਰਨਾ ਨਹੀਂ ਲਗਦਾ ਤੇ ਨਾ ਹੀ ਇਸ ਸੰਸਥਾ ਨੂੰ ਫਿਰਕੂ ਵਿਚਾਰਧਾਰਾ ਵਾਲਿਆਂ ਦਾ ਅੱਡਾ ਬਣਾਉਣਾ ਉਸਨੂੰ ਅਸੁਰੱਖਿਅਤ ਲਗਦਾ ਹੈ। ਦੂਜੇ ਪਾਸੇ ਇਸ ਸੰਸਥਾ ਦੇ ਡੀਨ ਸਮੇਤ ਅਨੇਕਾਂ ਅਧਿਆਪਕਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਤੇ ਕਿਹਾ ਕਿ ਕੈਂਪਸ ਦੇ ਸੁਖਾਵੇਂ ਮਹੌਲ ਨੂੰ ਫੌਜੀ ਛਾਉਣੀ ਵਿੱਚ ਤਬਦੀਲ ਕਰਨਾ ਗਲਤ ਹੈ।

ਇਸ ਮਗਰੋਂ ਅਦਾਲਤ ਨੇ ਵੀ ਮੰਨਿਆ ਕਿ ਵਿਦਿਆਰਥੀਆਂ ਦੀ ਇਹ ਗ੍ਰਿਫਤਾਰੀ ਗਲਤ ਸੀ ਤੇ ਉਹਨਾਂ ਦਾ ਮੁਜਾਹਰਾ ਕੋਈ ਗੈਰ-ਕਨੂੰਨੀ ਨਹੀਂ ਸੀ। ਫਿਰ ਵੀ ਅਦਾਲਤ ਨੇ ਉਹਨਾਂ ਉੱਤੇ ਮੁਕੱਦਮੇ ਦਾਇਰ ਕਰਦੇ ਹੋਏ ਉਹਨਾਂ ਨੂੰ ਬਰੀ ਕਰਨ ਦੀ ਥਾਂ ਜਮਾਨਤ ‘ਤੇ ਰਿਹਾਅ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਇਸ ਪੂਰੇ ਮੁੱਦੇ ‘ਤੇ ਬੇਸ਼ਰਮੀ ਭਰੀ ਚੁੱਪ ਧਾਰ ਰੱਖੀ ਹੈ ਤੇ ਉਹ ਮੰਚ ਤੋਂ ਆਪਣੇ ਲੱਛੇਦਾਰ ਤੇ ਖੋਖਲੇ ਭਾਸ਼ਣ ਉਧੇੜਨ ਵਿੱਚ ਮਗਨ ਹੈ। ਇਸ ਪੂਰੇ ਮਾਮਲੇ ਦੀ ਜਾਂਚ ਲਈ ਕੇਂਦਰ ਸਰਕਾਰ ਦੇ ਸੂਚਨਾ ਅਤੇ ਪ੍ਰਸਾਰਨ ਮਹਿਕਮੇ ਦੀ ਇੱਕ ਟੀਮ ਨਿਯੁਕਤ ਕੀਤੀ ਗਈ ਹੈ ਜੋ ਪੂਰੇ ਮਸਲੇ ਨੂੰ ਹੱਲ ਕਰੇਗੀ। ਪਰ ਹੁਣ ਤੱਕ ਦੀ ਕਾਰਗੁਜਾਰੀ ਤੇ ਬਿਆਨਾਂ ਤੋਂ ਸਾਫ ਹੈ ਕਿ ਇਹ ਟੀਮ ਵੀ ਗਜੇਂਦਰ ਚੌਹਾਨ ਦੀ ਨਿਯੁਕਤੀ ਅਤੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਤੋੜਨ ਦੇ ਹੱਕ ਵਿੱਚ ਹੀ ਹੈ।

ਇਸ ਪੂਰੇ ਮਾਮਲੇ ਤੋਂ ਸਾਫ ਹੈ ਕਿ ਮੋਦੀ ਸਰਕਾਰ ਆਪਣੇ ਫਿਰਕੂ ਫਾਸੀਵਾਦੀ ਏਜੰਡੇ ਨੂੰ ਹਰ ਹੀਲੇ ਪੂਰਾ ਕਰਨ ਲਈ ਬਜਿੱਦ ਹੈ। ਇਸਦੀ ਪੂਰਤੀ ਲਈ ਹਰ ਤਰ੍ਹਾਂ ਦੇ ਝੂਠਾਂ, ਪੁਲਿਸ ਜ਼ਬਰ ਤੇ ਕਨੂੰਨੀ, ਅਦਾਲਤੀ ਕਾਰਵਾਈਆਂ ਦਾ ਸਹਾਰਾ ਲਿਆ ਜਾਵੇਗਾ। ਮੌਜੂਦਾ ਸਰਮਾਏਦਾਰਾ ਢਾਂਚੇ ਦੀ ਜਮਹੂਰੀਅਤ ਦਾ ਬੁਰਕਾ ਲੀਰੋ-ਲੀਰ ਹੋ ਰਿਹਾ ਹੈ ਤੇ ਇਸਦੀ ਥਾਂ ਇੱਕ ਨੰਗੀ-ਚਿੱਟੀ ਤਾਨਾਸ਼ਾਹੀ ਲੈ ਰਹੀ ਹੈ। ਉਕਤ ਸੰਸਥਾ ਦੀ ਘਟਨਾ ਹੀ ਕੋਈ ਕੱਲੀਕਾਰੀ ਘਟਨਾ ਨਹੀਂ ਹੈ ਸਗੋਂ ਵਿਦਿਆਰਥੀਆਂ ਸਮੇਤ ਹਰ ਤਰ੍ਹਾਂ ਦੇ ਕਿਰਤੀ, ਮਜਦੂਰ ਤਬਕੇ ਤੇ ਆਮ ਅਬਾਦੀ ਉੱਤੇ ਇਸ ਤਰ੍ਹਾਂ ਦਾ ਕਹਿਰ ਜਾਰੀ ਹੈ। ਆਪਣੇ ਆਲੇ ਦੁਆਲੇ ਵਾਪਰਦੀਆਂ ਗਲਤ ਘਟਨਾਵਾਂ ਖਿਲਾਫ ਵਿਦਿਆਰਥੀਆਂ ਦੇ ਬੋਲਣ ਨੂੰ ਵੀ ਇੱਕ ਜੁਰਮ ਬਣਾ ਦਿੱਤਾ ਗਿਆ ਹੈ। ਸੱਚ ਉੱਤੇ ਸੰਗੀਨਾਂ ਦਾ ਪਹਿਰਾ ਲਾ ਦਿੱਤਾ ਗਿਆ ਹੈ। ਰੀਂਗਦੇ ਕੀੜਿਆਂ ਵਾਂਗ ਗੁਲਾਮੀ ਦੀ ਹਾਲਤ ਨੂੰ ਜਿਉਂਦੇ ਰਹਿਣ ਦੀ ਸ਼ਰਤ ਬਣਾਇਆ ਜਾ ਰਿਹਾ ਹੈ। ਇਸ ਪਸਤਦਿਲੀ ਦੇ ਮਹੌਲ ‘ਚ ਇੱਕ ਥਾਂ ਹੁੰਦੇ ਵਿਦਿਆਰਥੀਆਂ ਦੇ ਜਬਰ ਨੂੰ ਬਾਕੀ ਸੰਸਥਾਵਾਂ ਦੇ ਬਹੁਤੇ ਵਿਦਿਆਰਥੀ ਆਪਣੀ ਵਾਰੀ ਦੀ ਉਡੀਕ ਵਿੱਚ ਚੁੱਪ-ਚਾਪ ਦੇਖਦੇ ਰਹਿੰਦੇ ਹਨ। ਇਸ ਮਹੌਲ ਨੂੰ ਦੇਖਦੇ ਹੋਏ ਸ਼ਾਇਰ ਫੈਜ ਅਹਿਮਦ ਫੈਜ ਦੀਆਂ ਇਹ ਸਤਰਾਂ ਯਾਦ ਆਉਂਦੀਆਂ ਹਨ:

ਨਿਸਾਰ ਮੈਂ ਤੇਰੀ ਗਲੀਓਂ ਪੇ ਐ ਵਤਨ, ਕਿ ਜਹਾਂ
ਚਲੀ ਹੈ ਰਸਮ ਕੋਈ ਨਾ ਸਰ ਉਠਾ ਕੇ ਚਲੇ

ਪਰ ਮਨੁੱਖਤਾ ਦੇ ਇਤਿਹਾਸ ਦਾ ਇਹ ਸਬਕ ਹੈ ਕਿ ਜਿੱਥੇ ਜੁਲਮ ਰਿਹਾ ਹੈ ਉੱਥੇ ਹਮੇਸ਼ਾ ਟਾਕਰਾ ਵੀ ਰਿਹਾ ਹੈ। ਹਰ ਤਰ੍ਹਾਂ ਦੇ ਜਬਰ, ਬੇਇਨਸਾਫੀ ਤੇ ਲੁੱਟ ਖਿਲਾਫ ਲੋਕ ਸਮੇਂ-ਸਮੇਂ ਸਿਰ ਉਠਾÀੁਂਦੇ ਰਹੇ ਹਨ ਤੇ ਉਸਦਾ ਮੂੰਹ ਤੋੜਵਾਂ ਜੁਆਬ ਦਿੰਦੇ ਰਹੇ ਹਨ। ਪੂਨੇ ਫਿਲਮ ਐਂਡ ਟੈਲੀਵਿਜਨ ਇੰਸੀਚਿਊਟ ਆਫ ਇੰਡੀਆ ਦੇ ਵਿਦਿਆਰਥੀਆਂ ਨੇ ਇਸੇ ਪਿਰਤ ਨੂੰ ਅੱਗੇ ਤੋਰਿਆ ਹੈ। ਪਰ ਏਨਾ ਹੀ ਕਾਫੀ ਨਹੀਂ ਹੈ। ਜਿੰਨੀ ਤੇਜੀ ਨਾਲ ਆਰਥਿਕਤਾ ਵਿੱਚ ਨਿੱਜੀਕਰਨ, ਉਦਾਰੀਕਰਨ ਰਾਹੀਂ, ਸਿਆਸਤ ਵਿੱਚ ਤਾਨਾਸ਼ਾਹੀ ਤੇ ਜਬਰ ਰਾਹੀਂ ਤੇ ਸਮਾਜਕ ਮਹੌਲ ਵਿੱਚ ਫਿਰਕੂ ਹਮਲੇ ਰਾਹੀਂ ਲੋਕਾਂ ਨੂੰ ਲੁੱਟਿਆ, ਨਪੀੜਿਆ ਜਾ ਰਿਹਾ ਹੈ ਉਹਨਾਂ ਦਾ ਟਾਕਰਾ ਵਧੇਰੇ ਵਿਆਪਕ, ਮਜਬੂਤ ਤੇ ਯੋਜਨਾਬੱਧ ਢੰਗ ਨਾਲ ਹੋਣਾ ਚਾਹੀਦਾ ਹੈ। ਇਸ ਉਦੇਸ਼ ਲਈ ਮਜਬੂਤ ਇਨਕਲਾਬੀ ਲਹਿਰ ਸਮੇਂ ਦੀ ਅਣਸਰਦੀ ਲੋੜ ਹੈ। ਇਸ ਚੁਣੌਤੀ ਨੂੰ ਕਬੂਲ ਕੇ ਇਸ ਸੰਗਰਾਮ ਵਿੱਚ ਸ਼ਾਮਲ ਹੋਣ ਤੇ ਕੁਰਬਾਨੀਆਂ ਦੇਣ ਵਾਲੀਆਂ ਦੀ ਵੀ ਘਾਟ ਨਹੀਂ ਹੈ। ਇਸ ਮਨੁੱਖਦੋਖੀ ਢਾਂਚੇ ਨੂੰ ਨਫਰਤ ਕਰਨ ਵਾਲੇ ਤੇ ਮੌਜੂਦਾ ਤਾਨਾਸ਼ਾਹੀ ਅੱਗੇ ਬਹਾਦਰੀ ਨਾਲ ਡਟਣ ਵਾਲਿਆਂ ਦੀ ਵੀ ਘਾਟ ਨਹੀਂ ਹੈ। ਅੱਜ ਦੀ ਮੁਕਾਬਲਤਨ ਚੁੱਪੀ ਕੱਲ ਦੇ ਤੂਫਾਨਾਂ ਦੇ ਆਉਣ ਦਾ ਸੰਕੇਤ ਵੀ ਦੇ ਰਹੀ ਹੈ। ਸਮਾਜ ਦੇ ਹਿੰਮਤੀ, ਇਨਸਾਫਪਸੰਦ ਤੇ ਸੰਵੇਦਨਸ਼ੀਲ ਵਿਦਿਆਰਥੀ, ਨੌਜਵਾਨ ਲਾਜਮੀ ਹੀ ਇਹਨਾਂ ਤੂਫਾਨਾਂ ਦੇ ਹਮਸਫਰ ਬਣਨ ਲਈ ਅੱਗੇ ਆਉਣਗੇ। ਇੱਕ ਵਾਰ ਫੇਰ ਫੈਜ ਦੇ ਸ਼ਬਦਾਂ ਨੂੰ ਦੁਹਰਾਉਂਦੇ ਹੋਏ:

ਯੂੰ ਹੀ ਹਮੇਸ਼ਾ ਉਲਝਤੀ ਰਹੀ ਹੈ ਜੁਲਮ ਸੇ ਖਲਕ
ਨਾ ਉਨਕੀ ਰਸਮ ਨਈ ਹੈ ਨਾ ਅਪਨੀ ਰੀਤ ਨਈ ਹੈ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 43, ਸਤੰਬਰ 2015 ਵਿਚ ਪਰ੍ਕਾਸ਼ਤ