ਬਿਨਾਂ ਡਾਕਘਰ ਵਾਲੇ ਦੇਸ਼ ਦੇ ਬੱਚਿਆਂ ਦਾ ਬਚਪਨੇ ਰਹਿਤ ਬਚਪਨ •ਗੁਰਪ੍ਰੀਤ

2

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਬਿਨਾਂ ਡਾਕਘਰ ਵਾਲੇ ਦੇਸ਼ ਦਾ ਨਾਮ ਕਸ਼ਮੀਰ ਨੂੰ ਦਿੱਤਾ ਗਿਆ ਹੈ। ਇਹ ਨਾਮ ਕਸ਼ਮੀਰ ਦੇ ਇੱਕ ਕਵੀ ਆਗਾ ਸ਼ਾਹਿਦ ਅਲੀ ਨੇ ਦਿੱਤਾ ਹੈ ਜਿਸਦਾ ‘ਦ ਕੰਟਰੀ ਵਿਦਾਊਟ ਏ ਪੋਸਟ ਆਫਿਸ’ (ਇੱਕ ਦੇਸ਼ ਬਿਨਾਂ ਡਾਕਘਰ ਤੋਂ) ਨਾਮ ਦਾ ਅੰਗਰੇਜੀ ਕਾਵਿ ਸੰਗ੍ਰਿਹ ਕਾਫੀ ਪ੍ਰਸਿੱਧ ਹੋਇਆ ਹੈ। ਇਹ ਕਾਵਿ ਸੰਗ੍ਰਿਹ 70 ਸਾਲਾਂ ਤੋਂ ਜਬਰ ਦੇ ਸ਼ਿਕਾਰ ਕਸ਼ਮੀਰੀ ਲੋਕਾਂ ਦੇ ਜੀਵਨ ਦੀ ਬਾਤ ਪਾਉਂਦਾ ਹੈ। ਕਸ਼ਮੀਰ ਨੂੰ ਇਹ ਨਾਮ ਦੇਣ ਦਾ ਕਾਰਨ 1990 ਦੀਆਂ ਹਿੰਸਕ ਘਟਨਾਵਾਂ ਹਨ ਜਿਹਨਾਂ ਦੌਰਾਨ 7 ਮਹੀਨੇ ਕਸ਼ਮੀਰ ‘ਚ ਕੋਈ ਚਿੱਠੀ ਨਹੀਂ ਪੁਹੰਚਾਈ ਗਈ ਸੀ ਤੇ ਲੋਕ ਆਪਣੇ ਮਿੱਤਰਾਂ, ਸਨੇਹੀਆਂ ਦੀ ਖੈਰ-ਖਵਾਹ ਵੀ ਨਹੀਂ ਜਾਣ ਸਕਦੇ ਸਨ। ਇਹ ਨਾਮ ਹਾਲੇ ਵੀ ਕਸ਼ਮੀਰ ਉੱਪਰ ਪੂਰਾ ਢੁੱਕਦਾ ਹੈ ਕਿਉਂਕਿ ਅੱਜ ਵੀ ਡਾਕਘਰ ਵਾਂਗ ਕਸ਼ਮੀਰ ਦੇ ਲੋਕਾਂ ਦੀਆਂ ਅਨੇਕਾਂ ਬੁਨਿਆਦੀ ਲੋੜਾਂ ਤੇ ਹੱਕ ਜਾਂ ਤਾਂ ਗਾਇਬ ਹਨ ਜਾਂ ਕੁਚਲ ਕੇ ਰੱਖੇ ਹੋਏ ਹਨ। ਹਿੰਸਾ ਤੇ ਕਰਫਿਊ ਦੇ ਦਿਨਾਂ ‘ਚ ਤਾਂ ਇਹ ਹਾਲਤ ਹੋਰ ਵੀ ਖੌਫਨਾਕ ਹੋ ਜਾਂਦੀ ਹੈ ਜਦੋਂ ਆਵਾਜਾਈ, ਬਜ਼ਾਰ, ਸੰਚਾਰ, ਅਖਬਾਰ, ਇੰਟਰਨੈੱਟ ਆਦਿ ਸਭ ਕੁੱਝ ਬੰਦ ਕਰ ਦਿੱਤਾ ਜਾਂਦਾ ਹੈ। ਕਸ਼ਮੀਰ ‘ਚ 8 ਜੁਲਾਈ ਨੂੰ ਬੁਰਹਾਨ ਵਾਨੀ ਦੇ ਮਾਰੇ ਜਾਣ ਤੋਂ ਬਾਅਦ ਖੜੇ ਹੋਏ ਤੂਫਾਨ ਦੇ ਨਾਲ ਅਮਰੀਕੀ ਲੋਕਾਂ ਉੱਪਰ 70 ਸਾਲ ਤੋਂ ਹੁੰਦੇ ਆ ਰਹੇ ਜ਼ਬਰ ਫੇਰ ਤੋਂ ਚਰਚਾ ਦਾ ਵਿਸ਼ਾ ਬਣ ਗਏ ਹਨ ਜਿਹਨਾਂ ਬਾਰੇ ਅਸੀਂ ਪਿਛਲੇ ਅੰਕਾਂ ‘ਚ ਲਿਖ ਚੁੱਕੇ ਹਾਂ। ਪਰ ਇਹਨਾਂ 70 ਸਾਲਾਂ ਦੌਰਾਨ, ਖਾਸ ਕਰਕੇ ਪਿਛਲੇ 30 ਸਾਲਾਂ ਦੌਰਾਨ, ਕਸ਼ਮੀਰ ਦੇ ਬੱਚਿਆਂ ਨੂੰ ਜੋ ਕੁੱਝ ਝੱਲਣਾ ਪਿਆ ਹੈ ਉਸ ਬਾਰੇ ਕਾਫੀ ਘੱਟ ਲਿਖਿਆ ਗਿਆ ਹੈ। ਆਉ ਤੁਹਾਨੂੰ ਕਸ਼ਮੀਰ ਦੀਆਂ ਗਲੀਆਂ ‘ਚ ਇਹਨਾਂ ਬੱਚਿਆਂ ਦਾ ਬਚਪਨ ਵਿਖਾਉਣ ਲੈ ਚਲਦੇ ਹਾਂ।

***

2010 ‘ਚ ਤਿੰਨ ਨੌਜਵਾਨਾਂ ਦਾ ਝੂਠਾ ਮੁਕਾਬਲਾ ਬਣਾਉਣ ਤੋਂ ਬਾਅਦ ਕਸ਼ਮੀਰੀ ਲੋਕਾਂ ਦਾ ਗੁੱਸਾ ਸੜਕਾਂ ‘ਤੇ ਫੁੱਟਿਆ ਹੋਇਆ ਹੈ ਤੇ ਤਣਾਅ ਵਾਲਾ ਮਹੌਲ ਹੈ। ਇਸੇ ਦੌਰਾਨ 8 ਸਾਲਾ ਸਮੀਰ ਦੁਕਾਨ ਤੋਂ ਟੌਫੀਆਂ ਖਰੀਦਣ ਲਈ ਨਿੱਕਲਿਆ ਤਾਂ ਸੀਆਰਪੀਐਫ ਦੇ ਜਵਾਨਾਂ ਨੇ ਉਸਨੂੰ ਕੁੱਟ ਕੇ ਮਾਰ ਦਿੱਤਾ। ਉਸ ਵੇਲੇ 3 ਮਹੀਨਿਆਂ ਤੱਕ ਲਹੂ, ਗੋਲੀਆਂ ਤੇ ਜਖਮਾਂ ਦਾ ਦੌਰ ਚਲਦਾ ਰਿਹਾ ਤੇ 112 ਲੋਕਾਂ ਦੀ ਮੌਤ ਹੋਈ ਜਿਸ ਵਿੱਚ ਬੱਚੇ ਤੇ ਨੌਜਵਾਨ ਕਾਫੀ ਗਿਣਤੀ ਵਿੱਚ ਸਨ। ਇਹਨਾਂ ਮਾਰੇ ਗਏ ਬੱਚਿਆਂ ਤੇ ਨੌਜਵਾਨਾਂ ‘ਚ ਹਕੂਮਤੀ ਜ਼ਬਰ ਵਿਰੁੱਧ ਗੋਲੀਆਂ ਸਾਹਮਣੇ ਪੱਥਰਾਂ ਨਾਲ ਡਟੇ ਹੋਏ ਨੌਜਵਾਨ ਵੀ ਸਨ ਤੇ ਘਰਾਂ, ਗਲੀਆਂ ਚ ਖੇਡ ਰਹੇ ਬੱਚੇ ਵੀ।

12 ਸਾਲਾ ਵਾਮਿਦ ਦੀ ਅੱਥਰੂ ਗੈਸ ਦਾ ਗੋਲਾ ਸਿਰ ‘ਚ ਵੱਜਣ ਨਾਲ ਮੌਤ ਹੋ ਗਈ ਸੀ। ਉਸਦੀ ਮੌਤ ਦਾ ਸਹਿਮ ਇੰਨਾਂ ਹੈ ਕਿ ਹੁਣ ਉਸਦਾ 16 ਸਾਲਾ ਭਰਾ ਦਾਨਿਸ਼ ਘਰੋਂ ਬਾਹਰ ਨਿਕਲਣੋਂ ਡਰਦਾ ਹੈ। ਉਹ ਸਵੇਰੇ 5-6 ਵਜੇ ਘਰੋਂ ਨਿਕਲਦਾ ਹੈ ਜਦੋਂ ਬਹੁਤੀ ਫੌਜ਼ ਹਾਲੇ ਬੰਕਰਾਂ, ਕੈਂਪਾਂ ਚ ਹੀ ਹੁੰਦੀ ਹੈ। ਫੌਜ਼ ਮੁਤਾਬਕ ਉਹ ਪੱਥਰ ਮਾਰ ਰਿਹਾ ਸੀ ਤੇ ਬਚਾਅ ਲਈ ਉਸ ਉੱਪਰ ਹਮਲਾ ਕੀਤਾ ਗਿਆ ਜਦਕਿ ਮੌਕੇ ਦੇ ਚਾਰ ਗਵਾਹਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ ਤੇ ਉਸਨੂੰ ਮਹਿਜ 10 ਮੀਟਰ ਦੀ ਦੂਰੀ ਤੋਂ ਗੋਲੀ ਮਾਰੀ ਗਈ ਸੀ।

ਸਾਹਿਲ ਅਹਿਮਦ ਵਾਰ ਦੁਕਾਨ ਤੋਂ ਕਾਪੀ ਖਰੀਦਣ ਗਿਆ ਸੀ ਤੇ ਸਾਹਮਣੇ ਫੌਜ਼ੀ ਦਿਖੇ ਤੇ ਫਿਰ ਗੋਲੀ ਚੱਲਣ ਦੀ ਅਵਾਜ ਆਈ ਤੇ ਉਸਨੇ ਅੱਖਾਂ ਬੰਦ ਕਰ ਲਈਆਂ, ਅੱਖਾਂ ਖੁੱਲੀਆਂ ਤਾਂ ਉਹ ਹਸਪਤਾਲ ‘ਚ ਸੀ। ਗੰਭੀਰ ਜਖ਼ਮ ਹੋਣ ਕਾਰਨ ਉਸਦੀ ਸਰਜਰੀ ਹੋਈ ਤੇ ਉਦੋਂ ਤੋਂ ਉਹ ਆਪਣੇ ਹਾਣੀਆਂ ਨਾਲ ਖੇਡਣੋ ਅਮਸਰੱਥ ਹੈ।

9ਵੀਂ ਜਮਾਤ ‘ਚ ਪੜ੍ਹਦੇ ਆਮਿਰ ਦਾ ਕਹਿਣਾ ਹੈ ਕਿ ਉਸਨੇ ਕਦੇ ਕਿਸੇ ਮੁਜਹਾਰੇ ‘ਚ ਹਿੱਸਾ ਨਹੀਂ ਲਿਆ ਤੇ ਸਕੂਲੋਂ ਮੁੜਦੇ ਸਮੇਂ ਉਸਦੀ ਲੱਤ ਚ ਗੋਲੀ ਵੱਜਣ ਨਾਲ ਉਹ ਨਾਕਾਰਾ ਹੋ ਗਈ।
ਇਹ ਹੈ ਕਸ਼ਮੀਰ ਜਿੱਥੇ ਬੱਚਿਆਂ ਨੂੰ ਖੁਸ਼ੀਆਂ, ਖੇੜੇ, ਸਿਹਤ, ਸਿੱਖਿਆ, ਖੇਡਾਂ ਦੀਆਂ ਸਹੂਲਤਾਂ ਦੇਣ ਦੀ ਥਾਂ ਮੌਤ ਤੇ ਡੂੰਘੇ ਜਖ਼ਮ ਵੰਡੇ ਜਾ ਰਹੇ ਹਨ।

***

ਕਸ਼ਮੀਰ ‘ਚ ਜ਼ਾਬਰ ਕਨੂੰਨਾਂ ਦੀ ਗੱਲ ਚਲਦੀ ਹੈ ਤਾਂ ਅਫਸਪਾ ਦਾ ਜ਼ਿਕਰ ਹੁੰਦਾ ਹੈ। ਪਰ ਅਜਿਹਾ ਇੱਕ ਹੋਰ ਜ਼ਾਬਰ ਕਨੂੰਨ ਪਬਲਿਕ ਸਕਿਊਰਿਟੀ ਐਕਟ (ਪੀਐੱਸਏ) ਹੈ ਜਿਸ ਤਹਿਤ ਕਿਸੇ ਵਿਅਕਤੀ ਨੂੰ ਬਿਨਾਂ ਮੁਕੱਦਮਾ ਚਲਾਏ ਸਿਰਫ ਸ਼ੱਕ ਦੇ ਅਧਾਰ ‘ਤੇ ਦੋ ਸਾਲ ਤੱਕ ਹਿਰਾਸਤ ‘ਚ ਰੱਖਿਆ ਜਾ ਸਕਦਾ ਹੈ। ਇਸ ਤਹਿਤ ਗ੍ਰਿਫਤਾਰ ਕੀਤੇ ਹਜਾਰਾਂ ਵਿਅਕਤੀਆਂ ‘ਚ 12-18 ਸਾਲ ਦੇ ਬੱਚੇ ਵੀ ਸ਼ਾਮਲ ਹਨ। 1989 ਤੋਂ 2013 ਤੱਕ ਬੱਚਿਆਂ ਖਿਲਾਫ 707 ਐਫਆਈਆਰ ਦਰਜ ਕੀਤੀਆਂ ਗਈਆਂ। ਜਿਆਦਾਤਰ ਬੱਚੇ ਪੱਥਰ ਵਰ੍ਹਾਉਣ ਦੇ ਦੋਸ਼ ‘ਚ ਗ੍ਰਿਫਤਾਰ ਕੀਤੇ ਜਾਂਦੇ ਹਨ।

ਪੂਰੇ ਸੰਸਾਰ ‘ਚ ਬੱਚਿਆਂ ਤੇ ਗਭਰੇਟਾਂ ਨੂੰ ਜੇਲ ‘ਚ ਰੱਖਣਾ ਗੈਰ-ਕਨੂੰਨੀ ਹੈ ਤੇ ਉਹਨਾਂ ਲਈ ਵੱਖਰੀਆਂ ਅਦਾਲਤਾਂ ਤੇ ਸੁਧਾਰ ਘਰ ਹਨ, ਪਰ ਕਸ਼ਮੀਰ ‘ਚ ਕਨੂੰਨ ਸਿਰਫ ਕਾਗਜੀ ਸ਼ਿੰਗਾਰ ਹੈ। ਕਸ਼ਮੀਰ ‘ਚ ਬੱਚਿਆਂ, ਨਾਬਾਲਗਾਂ ਲਈ ਕੋਈ ਵੱਖਰੀਆਂ ਅਦਲਾਤਾਂ ਤੇ ਸੁਧਾਰ ਘਰ ਨਹੀਂ ਹਨ ਉਹਨਾਂ ਨੂੰ ਬਾਲਗਾਂ ਨਾਲ ਹੀ ਰੱਖਿਆ ਜਾਂਦਾ ਹੈ, ਜਿਹਨਾਂ ‘ਚ ਬੇਦੋਸ਼ੇ ਲੋਕਾਂ ਦੇ ਨਾਲ ਅਪਰਾਧੀ ਤੇ ਕੱਟੜਪੰਥੀ ਵੀ ਸ਼ਾਮਲ ਹਨ। ਇਹਨਾਂ ਬੱਚਿਆਂ ਨੂੰ ਤਸੀਹੇ ਵੀ ਦਿੱਤੇ ਜਾਂਦੇ ਹਨ, ਸਰੀਰਕ ਸੋਸ਼ਣ ਕੀਤਾ ਜਾਂਦਾ ਹੈ। ਕਈ ਬੱਚੇ 12-13 ਸਾਲ ਦੀ ਪਹਿਲੀ ਗ੍ਰਿਫਤਾਰੀ ਤੋਂ ਲੈ ਕੇ 18 ਸਾਲ ਦੇ ਹੋਣ ਤੱਕ 2-3 ਵਾਰ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ। ਕਨੂੰਨ ਦੇ ਨਾਮ ‘ਤੇ ਅਜਿਹਾ ਗੈਰ-ਕਨੂੰਨੀ ਸਲੂਕ ਹੋਣ ਕਾਰਨ ਬਾਹਰ ਨਿਕਲਣ ਮਗਰੋਂ ਉਹ ਪਹਿਲਾਂ ਵਰਗਾ ਅਣਭੋਲ ਬੱਚਾ ਨਹੀਂ ਰਹਿ ਜਾਂਦਾ। ਉਹ ਆਪਣੇ ਅਪਰਾਧਕ ਰਿਕਾਰਡ ਕਰਕੇ ਸਕੂਲ ਨਹੀਂ ਜਾ ਸਕਦਾ, ਉਸਨੂੰ ਰੁਜ਼ਗਾਰ ਮਿਲਣਾ ਔਖਾ ਹੈ। ਇੱਕ ਸਹਿਮ, ਬੇਚੈਨੀ, ਨਫ਼ਰਤ ਹਮੇਸ਼ਾਂ ਉਸਦੇ ਅੰਦਰ ਘੁਲ਼ਦੀ ਰਹਿੰਦੀ ਹੈ।

***

5 ਅਗਸਤ 2015 , 14 ਸਾਲਾ ਸ਼ਕੀਲ ਮੁਹੰਮਦ ਰਸ਼ੀਦ ਤੇ ਉਸਦੇ ਭਰਾ ਆਦਿਲ ਮੁਹੰਮਦ ਰਸ਼ੀਦ ਨੂੰ ਆਪਣੇ ਇੱਕ ਦੋਸਤ ਨਾਲ ਅਣਚੱਲਿਆ ਬੰਬ ਲੱਭਿਆ ਜੀਹਨੂੰ ਖਿਡੌਣਾ ਸਮਝ ਖੇਡਣ ਲੱਗੇ, ਜਿਸਦੇ ਫਟਣ ਕਾਰਨ ਦੋਵੇ ਸਕੇ ਭਰਾ ਮਾਰੇ ਗਏ ਤੇ ਤੀਜਾ ਦੋਸਤ ਜਖਮੀ ਹੋ ਗਿਆ। ਇਸੇ ਤਰ੍ਹਾਂ ਦੇ ਇੱਕ ਹੋਰ ਘਟਨਾ ‘ਚ 9 ਸਾਲਾ ਅਸ਼ਫਾਕ ਮਾਰਿਆ ਗਿਆ ਤੇ 6 ਸਾਲਾ ਸ਼ਬੀਰ ਦੀ ਇੱਕ ਲੱਤ ਉੱਡ ਗਈ। ਫੌਜ਼ ਦੇ ਕੈਂਪ ਕਈ ਪਿੰਡਾਂ ਦੇ ਨੇੜੇ ਹਨ ਜਿੱਥੋਂ ਕੂੜੇ ਦੇ ਨਾਲ ਕਈ ਵਾਰ ਅਣਚੱਲੇ ਬੰਬ ਵੀ ਆ ਜਾਂਦੇ ਹਨ। 79 ਫੀਸਦੀ ਸਕੂਲ ਫੌਜ਼ੀ ਬੰਕਰਾਂ ਦੇ 1 ਕਿਲੋਮੀਟਰ ਘੇਰੇ ‘ਚ ਹਨ ਤੇ ਕਈਆਂ ਦੀ ਤਾਂ ਕੰਧ ਸਾਂਝੀ ਹੈ।

2011 ਦੀ ਜਨਗਣਨਾ ਮੁਤਾਬਕ ਅਪਾਹਿਜਾਂ ਦੀ ਗਿਣਤੀ 3,61,153 ਹੈ ਜੋ 2001 ਦੀ ਜਨਗਣਨਾ ਨਾਲੋਂ ਵੱਧ ਹੈ। ਇੱਥੇ ਕੁੱਲ ਅਬਾਦੀ ‘ਚ ਅਪਾਹਿਜਾਂ ਦੀ ਗਿਣਤੀ ਬਾਕੀ ਭਾਰਤ ਨਾਲੋਂ ਕਾਫੀ ਜਿਆਦਾ ਹੈ। ਇਹਨਾਂ ਅਪਾਹਿਜਾਂ ਵਿੱਚੋਂ ਲੱਤਾਂ, ਬਾਹਾਂ ਤੋਂ ਨਕਾਰਾ ਹੋਏ ਲੋਕ, ਅੰਨ੍ਹੇ, ਗੂੰਗੇ ਆਦਿ ਸ਼ਾਮਲ ਹਨ। ਇਹਨਾਂ ਵਿੱਚੋਂ ਬੱਚਿਆਂ ਦੀ ਕਾਫੀ ਗਿਣਤੀ ਹੈ ਜੋ ਹਿੰਸਕ ਘਟਨਾਵਾਂ ਵਿੱਚ ਹੀ ਜਖ਼ਮੀ ਹੋਏ ਹਨ। ਕਈ ਅਣਚੱਲੇ ਬੰਬਾਂ ਨੂੰ ਖਿਡੌਣਿਆਂ ਭੁਲੇਖੇ ਖੇਡਦੇ ਜਖ਼ਮੀ ਹੋਏ ਹਨ, ਕਈਆਂ ਦੇ ਪੈਰਾਂ ਹੇਠ ਬਾਰੂਦੀ ਸੁਰੰਗਾਂ ਆ ਗਈਆਂ, ਕੋਈ ਕੁੱਟਮਾਰ ਦਾ ਸ਼ਿਕਾਰ ਹੋਇਆ ਹੈ, ਕਿਸੇ ਦੇ ਗੋਲੀ ਵੱਜੀ ਹੈ ਕਈਆਂ ਦਾ ਜਿਸਮ ਛੱਰ੍ਹਿਆਂ ਨਾਲ ਵਿੰਨ ਦਿੱਤਾ ਗਿਆ ਹੈ। ਕਸ਼ਮੀਰ ਵਿੱਚ ਇਸ ਵਾਰ ਛੱਰ੍ਹਿਆਂ ਨਾਲ ਜੋ ਕਹਿਰ ਵਰ੍ਹਾਇਆ ਗਿਆ ਹੈ ਉਹ ਖੌਫਨਾਕ ਹੈ ਜਿਸਨੇ ਸੈਂਕੜੇ ਨੌਜਵਾਨਾਂ, ਬੱਚਿਆਂ ਦੀਆਂ ਅੱਖਾਂ ਦੀ ਰੌਸ਼ਨੀ ਖੋਹ ਲਈ ਤੇ ਕਈਆਂ ਦੀ ਜਾਨ ਹੀ ਲੈ ਲਈ। ਗੈਰ-ਘਾਤਕ ਆਖੇ ਜਾਂਦੇ ਇਹ ਛੱਰ੍ਹੇ ਸ਼ਿਕਾਰ ਲਈ ਵਰਤੇ ਜਾਂਦੇ ਹਨ ਪਰ ਕਸ਼ਮੀਰ ‘ਚ 40 ਦਿਨਾਂ ‘ਚ 15 ਲੱਖ ਦੇ ਕਰੀਬ ਛੱਰ੍ਹੇ ਆਮ ਲੋਕਾਂ ਉੱਪਰ ਵਰ੍ਹਾਏ ਗਏ ਹਨ।

***

ਕਸ਼ਮੀਰ ਵਿੱਚ ਬਲਾਤਕਾਰ ਸਿਰਫ ਔਰਤਾਂ ਵਿਰੁੱਧ ਜੁਰਮ ਤੱਕ ਸੀਮਤ ਨਹੀਂ ਹੈ ਸਗੋਂ ਇਹ ਇਸ ਨਾਲੋਂ ਕਿਤੇ ਅੱਗੇ ਵਧਕੇ ਜ਼ਬਰ ਦੇ ਇੱਕ ਹਥਿਆਰ ਤੇ ਲੋਕਾਂ ‘ਚ ਦਹਿਸ਼ਤ ਪੈਦਾ ਕਰਨ ਦੇ ਇੱਕ ਢੰਗ ਵਜੋਂ ਵਰਤਿਆ ਜਾਂਦਾ ਹੈ। ਜਿੱਥੇ 17 ਆਮ ਨਾਗਰਿਕਾਂ ਪਿੱਛੇ 1 ਹਥਿਆਰਬੰਦ ਫੌਜ਼ੀ ਤਾਇਨਾਤ ਹੋਵੇ ਅਤੇ ਜਿੱਥੇ ਜ਼ਬਰ ਕਰਨ ਵਾਲਿਆਂ ਨੂੰ ਹੀ ਕਨੂੰਨ ਦੇ ਰਖਵਾਲੇ ਹੋਣ ਦਾ ਦਰਜਾ ਹਾਸਲ ਹੋਵੇ ਉੱਥੇ ਬਲਾਤਕਾਰ ਨੂੰ ਹਥਿਆਰ ਵਜੋਂ ਵਰਤਣ ‘ਚ ਨਾ ਤਾਂ ਕੋਈ ਡਰ ਹੈ ਤੇ ਨਾ ਹੀ ਕੋਈ ਰੋਕ। ਕਸ਼ਮੀਰ ਵਿੱਚ ਹੁਣ ਤੱਕ ਹੋਏ ਹਜਾਰਾਂ ਦੀ ਗਿਣਤੀ ‘ਚ ਬਲਤਾਕਾਰ ਦੇ ਸ਼ਿਕਾਰਾਂ ਵਿੱਚ ਛੋਟੀਆਂ ਬੱਚੀਆਂ ਤੇ ਨਾਬਾਲਿਗ ਕੁੜੀਆਂ ਵੀ ਵੱਡੀ ਗਿਣਤੀ ਵਿੱਚ ਸ਼ਾਮਲ ਹਨ। 1991 ਦੇ ਕੁਨਾਨ-ਪੋਸ਼ਪੋਰਾ ਦੇ ਖੌਫਨਾਕ ਸਮੂਹਿਕ ਬਲਾਤਕਾਰ ਕਾਂਡ ਵਿੱਚ ਵੀ ਔਰਤਾਂ ਦੇ ਨਾਲ 12-13 ਸਾਲ ਦੀਆਂ ਬੱਚੀਆਂ ਤੋਂ ਲੈ ਕੇ ਨਾਬਾਗਿਕ ਕੁੜੀਆਂ ਨੂੰ ਵੀ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ। ਇੰਨੀ ਵੱਡੀ ਗਿਣਤੀ ‘ਚ ਹੋਏ ਇਸ ਸਮੂਹਿਕ ਬਲਾਤਕਾਰ ਦੇ ਮਸਲੇ ਨੂੰ ਪਲਾਂ ਵਿੱਚ ਹੀ “ਨਿਰ-ਅਧਾਰ” ਆਖ ਕੇ ਉਲੱਦ ਦਿੱਤਾ ਗਿਆ। ਅੱਜ 25 ਸਾਲ ਬਾਅਦ ਵੀ ਇਹ ਮਾਮਲਾ ਅਦਾਲਤ ਵਿੱਚ ਲਟਕ ਰਿਹਾ ਹੈ। ਪੀੜਤ ਔਰਤਾਂ ਦੇ ਬਿਆਨਾਂ, ਗਵਾਹੀਆਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਪੱਤਰਕਾਰਾਂ ਦੀ ਰਿਪੋਰਟਾਂ ਦੇ ਬਾਵਜੂਦ ਵੀ ਇਸ ਮਾਮਲੇ ਉੱਪਰ ਕੋਈ ਸੁਣਵਾਈ ਨਹੀਂ ਹੋ ਰਹੀ। ਸਗੋਂ ਇਸ ਮਾਮਲੇ ਉੱਪਰ ਪੀੜਤਾਂ ਦੇ ਬਿਆਨਾਂ ਵਾਲੀ ‘ਵੈਲੀ ਆਫ ਟੀਅਰਜ’ (ਹੰਝੂਆਂ ਦੀ ਵਾਦੀ) ਨਾਮ ਦੀ ਬਣੀ ਦਸਤਾਵੇਜੀ ਉੱਪਰ ਪਾਬੰਦੀ ਲਾ ਦਿੱਤੀ ਗਈ। ਜਦੋਂ ਇੰਨੇ ਵੱਡੇ ਮਾਮਲੇ ਨੂੰ ਰਫਾ-ਦਫਾ ਕੀਤਾ ਜਾ ਸਕਦਾ ਹੈ ਤਾਂ ਨਿੱਤ-ਦਿਨ ਹੁੰਦੇ ਬਲਤਾਕਰਾਂ ਦੀ ਉੱਥੇ ਕੀ ਸੁਣਵਾਈ ਹੋਵੇਗੀ?

ਘਰਾਂ ‘ਚ ਵੜ ਕੇ ਤੇ ਬਾਹਰੋਂ ਚੱਕ ਕੇ ਕਸ਼ਮੀਰ ‘ਚ ਬੱਚੀਆਂ ਸਮੇਤ ਬਲਤਾਕਰਾਂ ਦਾ ਇੱਕ ਲੰਮਾ ਸਿਲਸਿਲਾ ਹੈ। 2009 ਦੀ ਬਲਤਾਕਾਰ ਕਾਂਡ ਦੀ ਪੀੜਤ ਨਿਲੋਫਰ ਵੀ ਇੱਕ ਨਾਬਾਲਿਗ ਕੁੜੀ ਹੀ ਸੀ। ਅਪ੍ਰੈਲ 2016 ‘ਚ ਛੇੜਛਾੜ ਦਾ ਸ਼ਿਕਾਰ ਹੋਈ ਸਕੂਲੀ ਵਿਦਿਆਰਥਣ ਵੀ ਨਾਬਾਲਿਗ ਹੀ ਸੀ ਤੇ ਹੋਰ ਅਜਿਹੇ ਹਜਾਰਾਂ ਕਿੱਸੇ ਅਣ-ਬਿਆਨੇ ਪਏ ਹਨ। ਅਜਿਹੀਆਂ ਵੀ ਕਈ ਘਟਨਾਵਾਂ ਹਨ ਜਿਹਨਾਂ ਵਿੱਚ ਨਾਬਾਲਿਗ ਕੁੜੀਆਂ, ਵਿਦਿਆਰਥਣਾਂ ਨੂੰ ਦਹਿਸ਼ਤਗਰਦਾਂ ਦੀ ਮਦਦ ਕਰਨ ਦੇ ਦੋਸ਼ ‘ਚ ਗ੍ਰਿਫਤਾਰ ਕਰ ਲਿਆ ਗਿਆ ਤੇ ਤਸੀਹੇ ਦਿੱਤੇ ਗਏ, ਉਹਨਾਂ ਨਾਲ ਬਲਤਾਕਾਰ ਕੀਤਾ ਗਿਆ।

ਛੋਟੀ ਉਮਰ ਵਿੱਚ ਹੀ ਛੇੜਛਾੜ, ਬਲਤਾਕਾਰ ਦਾ ਸ਼ਿਕਾਰ ਹੋਣ ਜਾਂ ਅੱਖਾਂ ਸਾਹਮਣੇ ਪਰਿਵਾਰ ਦੀ ਕਿਸੇ ਔਰਤ ਨਾਲ ਬਲਤਾਕਾਰ ਹੁੰਦਾ ਦੇਖਣ ਤੋਂ ਬਾਅਦ ਇਹਨਾਂ ਕੁੜੀਆਂ ਦਾ ਬਚਪਨ ਤੇ ਬਾਕੀ ਉਮਰ ਕਿਵੇਂ ਬੀਤਦੀ ਹੋਵੇਗੀ, ਇਸਦਾ ਸ਼ਾਇਦ ਅੰਦਾਜਾ ਵੀ ਨਹੀਂ ਲਾਇਆ ਜਾ ਸਕਦਾ। ਉਹਨਾਂ ਦਾ ਬਚਪਨ ਖਤਮ ਹੋ ਜਾਂਦਾ ਹੈ ਤੇ ਜਿੰਦਗੀ ਤਬਾਹ ਹੋ ਜਾਂਦੀ ਹੈ, ਉਹਨਾਂ ਦੀ ਸਖਸ਼ੀਅਤ ਦਾ ਅਗਲੇਰਾ ਵਿਕਾਸ ਵਿਗੜ ਜਾਂਦਾ ਹੈ। ਪੁਲਿਸ/ਫੌਜ਼ ਨੂੰ ਦੇਖ ਕੇ ਅਜਿਹੀਆਂ ਅਨੇਕਾਂ ਕੁੜੀਆਂ ਦੀ ਧੜਕਣ ਤੇਜ ਹੋ ਜਾਂਦੀ ਹੈ, ਉਹਨਾਂ ਨੂੰ ਤ੍ਰੇਲੀਆਂ ਆਉਣ ਲੱਗਦੀਆਂ ਹਨ। ਉਹਨਾਂ ਦੀ ਜਿੰਦਗੀ ਲਗਤਾਰ ਸਹਿਮ, ਘੁਟਣ ਤੇ ਕਈ ਤਰ੍ਹਾਂ ਦੇ ਮਾਨਸਿਕ ਵਿਗਾੜਾਂ ਵਿੱਚ ਗੁਜਰਦੀ ਹੈ।

***

ਇੱਕ ਤਸਵੀਰ ਵਿੱਚ 7 ਤੋਂ 10 ਸਾਲ ਦੇ ਚਾਰ ਕਸ਼ਮੀਰੀ ਬੱਚੇ ਖੇਡ ਰਹੇ ਹਨ। ਤਿੰਨ ਨੇ ਹੱਥ ਖੜੇ ਕੀਤੇ ਹੋਏ ਹਨ ਤੇ ਚੌਥਾ ਉਹਨਾਂ ਦੀ ਤਲਾਸ਼ੀ ਲੈ ਰਿਹਾ ਹੈ। ਇੱਕ ਹੋਰ ਤਸਵੀਰ ਵਿੱਚ ਬੱਚੇ ਖੇਡ-ਖੇਡ ਵਿੱਚ ਹੀ ਇੱਕ ਹੋਰ ਬੱਚੇ ਨੂੰ ਅਰਥੀ ‘ਤੇ ਲਿਟਾ ਕੇ ਲਿਜਾ ਰਹੇ ਹਨ। ਬੱਚਿਆਂ ਦੀਆਂ ਖੇਡਾਂ ਵਡੇਰਿਆਂ ਦੀ ਅਸਲ ਜਿੰਦਗੀ ਦੀ ਨਕਲ ਹੁੰਦੀਆਂ ਹਨ। ਇਹ ਤਸਵੀਰਾਂ ਦਰਸਾਉਂਦੀਆਂ ਹੈ ਰੋਜਾਨਾ ਦੀ ਜਿੱਲਤ, ਦਹਿਸ਼ਤ ਤੇ ਜ਼ਬਰ ਲੋਕਾਂ ਦੀ ਜਿੰਦਗੀ ‘ਚ ਇੰਨਾ ਰਚਿਆ ਪਿਆ ਹੈ ਕਿ ਬਚਪਨ ਤੋਂ ਹੀ ਇਹ ਦੇਖਣ ਕਾਰਨ ਬੱਚਿਆਂ ਨੂੰ ਇਹ ਸਭ ਗੱਲਾਂ ਆਮ ਲਗਦੀਆਂ ਹਨ।

“ਮੈਂ ਗੋਲੀਆਂ ਦੀ ਅਵਾਜ ਸੁਣ ਕੇ ਦੱਸ ਸਕਦਾ ਹਾਂ ਕਿ ਇਹ ਏਕੇ-47 ‘ਚੋਂ ਚੱਲ ਰਹੀਆਂ ਹਨ ਜਾਂ ਐੱਸਐੱਲਆਰ ‘ਚੋਂ। ਮੈਂ ਇਹ ਵੀ ਦੱਸ ਸਕਦਾ ਹਾਂ ਕਿ ਗੋਲੀ ਹਵਾ ਵਿੱਚ ਚਲਾਈ ਗਈ ਹੈ ਜਾਂ ਕਿਸੇ ਵਿਅਕਤੀ ਉੱਪਰ। ਮੈਂ ਅੱਥਰੂ ਗੋਲੇ ਅਤੇ ਪੈਲਟ ਗੰਨ ਦੀ ਅਵਾਜ ਵੀ ਪਛਾਣ ਸਕਦਾ ਹਾਂ।” ਇਹ ਸ਼ਬਦ 13 ਸਾਲਾ ਤਸਨੀਮ ਦੇ ਹਨ ਜੋ ਕਦੇ ਮੁਜਾਹਰਿਆਂ ਵਿੱਚ ਸ਼ਾਮਲ ਨਹੀਂ ਹੋਇਆ। ਤਸਨੀਮ ਹੀ ਨਹੀਂ ਕਸ਼ਮੀਰ ਦੇ ਲੱਖਾਂ ਬੱਚੇ ਹਥਿਆਰਾਂ ਦੀ ਅਵਾਜ ਨੂੰ ਉਸੇ ਤਰ੍ਹਾਂ ਪਛਾਣਦੇ ਹਨ ਜਿਵੇਂ ਆਮ ਬੱਚੇ ਆਪਣੇ ਮਾਂ-ਬਾਪ ਦੀ ਅਵਾਜ ਨੂੰ ਪਛਾਣਦੇ ਹਨ। ਆਖਰ ਆਪਣੇ ਜਨਮ ਤੋਂ ਹੀ ਉਹ ਹਥਿਆਰਾਂ ਦਾ ਇਹ ਸੰਗੀਤ ਸੁਣਦੇ ਹੀ ਵੱਡੇ ਹੋਏ ਹਨ। ਕਰਫਿਊ, ਹਿੰਸਾ ਦੇ ਮਹੌਲ ‘ਚ ਪਲੇ ਇਹ ਬੱਚੇ ਭਾਵੇਂ ਸਕੂਲੀ ਕਿਤਾਬਾਂ ਦੇ ਤੋਤੇ ਵਾਂਗ ਰਟੇ-ਰਟਾਏ ਜੁਆਬ ਨਾ ਦੇ ਸਕਣ ਪਰ ਅਵਾਜਾਂ ਨੂੰ ਪਛਾਨਣ ‘ਚ ਉਹ ਕਦੇ ਗਲਤ ਨਹੀਂ ਹੁੰਦੇ।

17 ਸਾਲਾ ਮੁਆਰਜੀ ਦਾ ਕਹਿਣਾ ਹੈ, “ਅਸੀਂ ਬਚਪਨ ਤੋਂ ਆਪਣੇ ਆਲੇ-ਦੁਆਲੇ ਫੌਜ਼ੀਆਂ ਨੂੰ ਵੇਖਦੇ ਆਏ ਹਾਂ। ਜਦੋਂ ਤੁਸੀਂ ਕੋਈ ਚੀਜ ਬਚਪਨ ਤੋਂ ਵੇਖਦੇ ਹੋ ਤਾਂ ਇਹ ਆਮ ਲਗਦੀ ਹੈ, ਪਰ ਜਦੋਂ ਤੁਸੀਂ ਵੱਡੇ ਹੋ ਜਾਂਦੇ ਹੋ ਤਾਂ ਪਤਾ ਲਗਦਾ ਹੈ ਕਿ ਇਹ ਬਾਕੀ ਸੰਸਾਰ ਨਾਲੋਂ ਬਿਲਕੁਲ ਵੱਖਰਾ ਹੈ। ਜਦੋਂ ਮੈਂ ਵੱਡਾ ਹੋਇਆ ਤਾਂ ਮੈਨੂੰ ਸਮਝ ਆਇਆ ਕਿ ਹਰ ਗਲੀ, ਮੋੜ ‘ਤੇ ਫੌਜ਼ੀ ਦਾ ਖੜਾ ਹੋਣਾ ਕੋਈ ਆਮ ਗੱਲ ਨਹੀਂ ਹੈ।”

ਕਸ਼ਮੀਰ ‘ਚ 5 ਸਾਲ ਦਾ ਬੱਚਾ ਸਕੂਲ ‘ਚ ਦਾਖਲ ਹੁੰਦਾ ਹੈ, ਸਕੂਲ ਆਉਂਦੇ-ਜਾਂਦੇ ਉਹ ਸੜਕਾਂ ‘ਤੇ ਹੁੰਦੀ ਕੁੱਟਮਾਰ, ਬਦਸਲੂਕੀ ਤੇ ਅਪਮਾਨ ਵੇਖਦਾ ਹੈ। ਇਹ ਬੱਚੇ ਘਰਾਂ ‘ਚ ਧੱਕੇਸ਼ਾਹੀ ਨਾਲ ਹੁੰਦੀਆਂ ਤਲਾਸ਼ੀਆਂ, ਵਰ੍ਹਦੀਆਂ ਗਾਲਾਂ, ਕੁੱਟਮਾਰ, ਔਰਤਾਂ ਨਾਲ ਛੇੜਛਾੜ ਤੇ ਬਲਾਤਕਾਰ ਆਦਿ ਵੇਖਦੇ ਹਨ ਤੇ ਉਹਨਾਂ ਲਈ ਇਹ ਜਿੰਦਗੀ ਦਾ ਆਮ ਤੇ ਅਟੁੱਟ ਅੰਗ ਬਣ ਜਾਂਦਾ ਹੈ। ਫਿਰ ਵੱਡੇ ਹੋਣ ‘ਤੇ ਪਤਾ ਲੱਗਦਾ ਹੈ ਕਿ ਇਹ ਹਰਗਿਜ਼ ਵੀ ਆਮ ਜਿੰਦਗੀ ਨਹੀਂ।

ਤੁਸੀਂ ਖੋਖਲੀ ਦੇਸ਼ਭਗਤੀ ਦੀਆਂ ਐਨਕਾਂ ਲਾ ਕੇ ਵੇਖਣ ਵਾਲੇ, ਕਸ਼ਮੀਰ ਨੂੰ ‘ਹਰ ਕੀਮਤ’ ‘ਤੇ ਭਾਰਤ ਦਾ ਅਟੁੱਟ ਅੰਗ ਮੰਨਣ ਵਾਲੇ “ਦੇਸ਼ਭਗਤ”, ਕੀ ਆਪਣੇ ਬੱਚਿਆਂ ਦੇ ਬਚਪਨ ਨੂੰ ਹਥਿਆਰਾਂ ਦੇ ਸੰਗੀਤ, ਸੰਗੀਨਾਂ ਦੀ ਛਾਂ ਤੇ ਘਰਾਂ ‘ਚ ਵੜ ਕੇ ਕੀਤੀ ਜਾਂਦੀ ਬਦਸਲੂਕੀ ਹੇਠ ਪਲ਼ ਰਹੇ ਇਹਨਾਂ ਕਸ਼ਮੀਰੀ ਬੱਚਿਆਂ ਦੇ ਬਚਪਨ ਨਾਲ ਬਦਲਣ ਦੀ ਹਿੰਮਤ ਰੱਖਦੇ ਹੋ?

***

ਕਸ਼ਮੀਰ ਭਾਰਤ ਦਾ ਸ਼ਾਇਦ ਇੱਕੋ-ਇੱਕ ਸੂਬਾ ਹੈ ਜਿੱਥੇ ਯਤੀਮ ਤੇ ਅਰਧ-ਯਤੀਮ ਬੱਚੇ ਵੱਡੀ ਗਿਣਤੀ ‘ਚ ਹਨ। ਅਰਧ-ਯਤੀਮ ਉਹ ਬੱਚੇ ਹਨ ਜਿਹਨਾਂ ਦੇ ਮਾਂ-ਬਾਪ (ਜਾਂ ਬਾਪ) ਲਾਪਤਾ ਹਨ ਤੇ ਉਹਨਾਂ ਦੇ ਜਿਉਂਦੇ ਜਾਂ ਮਰੇ ਹੋਣ ਦੀ ਕੋਈ ਪੱਕੀ ਖ਼ਬਰ ਨਹੀਂ ਹੈ। ਇੱਕ ਰਿਪੋਰਟ ਮੁਤਾਬਕ ਕਸ਼ਮੀਰ ‘ਚ ਪਿਛਲੇ 25 ਸਾਲਾਂ ‘ਚ 6 ਲੱਖ ਬੱਚੇ ਯਤੀਮ ਹੋਏ ਹਨ। ਪਿਛਲੇ 25 ਸਾਲਾਂ ‘ਚ ਹਜਾਰਾਂ ਬਾਪ ਪੁਲਿਸ/ਫੌਜ਼ ਵੱਲੋਂ ਗ੍ਰਿਫਤਾਰ ਕਰ ਲਏ ਜਾਣ ਤੋਂ ਬਾਅਦ ‘ਲਾਪਤਾ’ ਹਨ। ਇਹਨਾਂ ਯਤੀਮ ਬੱਚਿਆਂ ‘ਚੋਂ 55.3 ਫੀਸਦੀ ਬੱਚੇ ਡਿਪਰੈਸ਼ਨ ‘ਚ ਜਿਉਂਦੇ ਹਨ, 54.25 ਨੂੰ ਢੰਗ ਨਾਲ ਨੀਂਦ ਨਹੀਂ ਆਉਂਦੀ, 48.33 ਫੀਸਦੀ ਗਰੀਬੀ ‘ਚ ਰਹਿ ਰਹੇ ਹਨ ਤੇ 22 ਫੀਸਦੀ ਨੂੰ ਯਤੀਮ ਹੋਣ ਨਾਲ ਮਾਨਸਿਕ ਸਦਮਾ ਲੱਗਿਆ ਹੈ ।

ਕਸ਼ਮੀਰ ਦੇ ਇਸ ਮਹੌਲ ਕਾਰਨ ਇੱਥੇ ਬਾਲ-ਮਜਦੂਰੀ ਵੀ ਕਾਫੀ ਹੈ। ਪਿਤਾ ਦੀ ਮੌਤ ਹੋਣ ਮਗਰੋਂ 80 ਫੀਸਦੀ ਨੂੰ ਦਸਵੀਂ ਤੋਂ ਬਾਅਦ ਗਰੀਬੀ, ਪਰਿਵਾਰ ਮਜਬੂਰੀਆਂ ਤੇ ਸਹੂਲਤਾਂ ਦੀ ਘਾਟ ਕਾਰਨ ਆਪਣੀ ਪੜ੍ਹਾਈ ਛੱਡਣੀ ਪੈਂਦੀ ਹੈ ਤੇ ਛੋਟੀ ਉਮਰ ਤੋਂ ਹੀ ਘਰ ਦੇ ਗੁਜਾਰੇ ਲਈ ਕੰਮ ਕਰਨਾ ਪੈਂਦਾ ਹੈ। ਇੰਗਲੈਂਡ ਦੀ ਇੱਕ ਸੰਸਥਾ ਦੇ 2002 ਦੇ ਅਧਿਐਨ ਮੁਤਾਬਕ ਕਸ਼ਮੀਰ ਦੇ ਸਭ ਤੋਂ ਛੋਟੇ ਜਿਲ੍ਹੇ ਬਦਗਾਮ ‘ਚ 19,000 ਬਾਲ ਮਜਦੂਰ ਸਨ। ਇੱਥੋਂ ਪੂਰੇ ਕਸ਼ਮੀਰ ਦੀ ਹਾਲਤ ਦਾ ਅੰਦਾਜਾ ਲਾਇਆ ਜਾ ਸਕਦਾ ਹੈ।

ਸੰਯੁਕਤ ਰਾਸ਼ਟਰ ਦੀ ਬੱਚਿਆਂ ਦੇ ਹੱਕਾਂ ਉੱਪਰ ਹੋਈ ਕਨਵੈਨਸ਼ਨ ਮੁਤਬਾਕ ਸਰਕਾਰ ਦਾ ਫਰਜ਼ ਹੈ ਕਿ ਨਕਾਰੇ, ਸੋਸ਼ਣ, ਤਸ਼ੱਸ਼ਦ ਜਾਂ ਹਥਿਆਰਬੰਦ ਝਗੜੇ ਦੇ ਸ਼ਿਕਾਰ ਬੱਚਿਆਂ ਨੂੰ ਸਰੀਰਕ, ਮਾਨਸਿਕ ਤੇ ਸਮਾਜਿਕ ਮਹੌਲ ਦੇਵੇ ਅਤੇ ਅਜਿਹਾ ਮਹੌਲ ਸਿਰਜਿਆ ਜਾਵੇ ਜੋ ਬੱਚਿਆਂ ਦੀ ਸਿਹਤ ਅਤੇ ਆਤਮ-ਸਨਮਾਨ ਨੂੰ ਯਕੀਨੀ ਬਣਾਵੇ। ਸੰਯੁਕਤ ਰਾਸ਼ਟਰ ਨੂੰ ਮਾਨਤਾ ਦੇਣ ਵਾਲੇ ਭਾਰਤ ਲਈ ਕਸ਼ਮੀਰ ਦੇ ਮਾਮਲੇ ‘ਚ ਸੰਯੁਕਤ ਰਾਸ਼ਟਰ ਦੇ ਇਸ ਮਤੇ ਦਾ ਕੋਈ ਅਰਥ ਨਹੀਂ ਹੈ। ਸਰਕਾਰ ਇਹਨਾਂ ਯਤੀਮ ਬੱਚਿਆਂ ਦੀ ਜਿੰਮੇਵਾਰੀ ਤੋਂ ਟਾਲਾ ਵੱਟੀ ਰੱਖਦੀ ਹੈ।

***

ਸ਼੍ਰੀਨਗਰ ‘ਚ ਅਨਸਰ-ਉਲ-ਮਸਕੀਨ ਨਾਮ ਦੇ ਯਤੀਮਖਾਨੇ ‘ਚ 17 ਗੁਣਾ 15 ਫੁੱਟ ਦੇ ਹਾਲ ‘ਚ 12 ਸਾਲ ਤੱਕ ਦੀਆਂ 12 ਕੁੜੀਆਂ ਰਹਿ ਰਹੀਆਂ ਹਨ। ਉਹਨਾਂ ਦੀ ਜਿੰਦਗੀ ਦਾ ਬਹੁਤਾ ਹਿੱਸਾ ਇਸ ਹਾਲ ਅੰਦਰ ਸੌਣ, ਪੜ੍ਹਨ ਤੇ ਨਿਗਰਾਨ ਔਰਤਾਂ ਦੀ ਨਿਗਰਾਨੀ ‘ਚ ਖੇਡਦਿਆਂ ਬੀਤ ਜਾਂਦਾ ਹੈ। ਕਸ਼ਮੀਰ ‘ਚ ਇਸ ਵੇਲੇ 2.14 ਲੱਖ ਯਤੀਮ ਬੱਚੇ ਹਨ ਪਰ ਉਹਨਾਂ ਵਿੱਚੋਂ ਸਿਰਫ 20,000 ਦੇ ਵਸੇਵੇਂ ਦਾ ਹੀ ਕੋਈ ਪ੍ਰਬੰਧ ਹੋਇਆ ਹੈ ਉਹ ਵੀ ਨਿੱਜੀ ਯਤੀਮਖਾਨਿਆਂ ਵੱਲੋਂ। ਕਈ ਥਾਂ ਯਤੀਮਖਾਨੇ ਦੇ ਨਾਮ ਤੇ 16*18 ਫੁੱਟ ਦੇ ਹਾਲ ਹਨ ਜਿਸ ‘ਚ 12 ਤੋਂ 15 ਬੱਚੇ ਰਹਿ ਰਹੇ ਹਨ।

ਸਰਕਾਰ ਇਹਨਾਂ ਯਤੀਮ ਬੱਚਿਆਂ ਪ੍ਰਤੀ ਕਿਸੇ ਵੀ ਜਿੰਮੇਵਾਰੀ ਲਈ ਤਿਆਰ ਨਹੀਂ ਹੈ। ਇਸ ਸਰਕਾਰੀ ਬੇਰੁਖੀ ਕਾਰਨ ਹੁਣ ਹਾਲ ਇਹ ਹੈ ਕਿ ਯਤੀਮ ਬੱਚਿਆਂ ਦੀ ਸਾਂਭ-ਸੰਭਾਲ ਇੱਥੇ ਇੱਕ ਮੁਨਾਫੇ ਵਾਲਾ ਧੰਦਾ ਬਣ ਗਿਆ ਹੈ। ਬਹੁਤੇ ਯਤੀਮਖਾਨੇ ਬਿਨਾਂ ਕਿਸੇ ਸਰਕਾਰੀ ਪ੍ਰਵਾਨਗੀ ਦੇ ਚੱਲ ਰਹੇ ਹਨ, ਜਿਹਨਾਂ ਨੂੰ ਸਰਕਾਰ ਵੱਲੋਂ ਲਾਇਸੈਂਸ ਮਿਲਦਾ ਵੀ ਹੈ ਉਹ ਵੀ ਰਸਮਪੂਰਤੀ ਹੀ ਹੈ, ਉਹਨਾਂ ਦੀ ਸਰਕਾਰ ਵੱਲੋਂ ਕੋਈ ਨਿਗਰਾਨੀ ਨਹੀਂ ਰੱਖੀ ਜਾਂਦੀ। ਜੰਮੂ-ਕਸ਼ਮੀਰ ਸਮਾਜ ਭਲਾਈ ਵਿਭਾਗ ਕੋਲ ਸਿਰਫ 27 ਯਤੀਮਖਾਨੇ ਰਜਿਸਟਰ ਹਨ ਤੇ ਇਸ ਵਿਭਾਗ ਵੱਲੋਂ ਵੀ ਸਿਰਫ 17 ਯਤੀਮਖਾਨੇ ਚਲਾਏ ਜਾ ਰਹੇ ਹਨ। ਅਨੇਕਾਂ ਐਨਜੀਓ ਤੇ ਚੈਰਟੀ ਸੰਸਥਾਵਾਂ ਯਤੀਮਖਾਨੇ ਦੇ ਨਾਮ ‘ਤੇ ਕਰੋੜਾਂ ਦੇ ਫੰਡ ਇਕੱਠੇ ਕਰਦੀਆਂ ਹਨ ਤੇ ਉਹਨਾਂ ਦਾ ਇੱਕ ਛੋਟਾ ਜਿਹਾ ਹਿੱਸਾ ਹੀ ਇਹਨਾਂ ਯਤੀਮ ਬੱਚਿਆਂ ਉੱਪਰ ਖ਼ਰਚਦੀਆਂ ਹਨ। ਇਸ ਕਾਰਨ ਯਤੀਮਖਾਨਿਆਂ ਦਾ ਕਸ਼ਮੀਰ ‘ਚ 120 ਕਰੋੜ ਦਾ ਕਾਰੋਬਾਰ ਹੈ। ਇਹ ਤਾਂ ਸਪੱਸ਼ਟ ਹੀ ਹੈ ਕਿ ਇੰਨਾ ਵੱਡਾ ਕਾਰੋਬਾਰ ਸਰਕਾਰੀ ਅਧਿਕਾਰੀਆਂ ਦੀ ਮਿਲੀ-ਭੁਗਤ ਤੋਂ ਬਿਨਾਂ ਨਹੀਂ ਚੱਲ ਰਿਹਾ। ਕੀ ਤੁਸੀਂ ਕਦੇ ਕਲਪਨਾ ਵੀ ਕੀਤੀ ਹੋਣੀ ਹੈ ਕਿ ਕਸ਼ਮੀਰ ਦੇ ਬੱਚਿਆਂ ਦੇ ਦੁਖਾਂਤ ਨੂੰ ਇਸ ਤਰ੍ਹਾਂ ਲਾਭਦਾਇਕ ਧੰਦੇ ਵਿੱਚ ਬਦਲ ਦਿੱਤਾ ਗਿਆ ਹੋਵੇਗਾ?

ਇਹਨਾਂ ਯਤੀਮਖਾਨਿਆਂ ‘ਚ ਬੱਚਿਆਂ ਨੂੰ ਸਿੱਖਿਆ, ਸਿਹਤ, ਸਨੇਹ ਮਿਲਣਾ ਤਾਂ ਦੂਰ ਦੀ ਗੱਲ ਹੈ ਸਗੋਂ ਉਲਟਾ ਇਹਨਾਂ ਦਾ ਮਹੌਲ ਬੱਚਿਆਂ ਲਈ ਕਿਸੇ ਵੀ ਤਰ੍ਹਾਂ ਸੁਖਾਵਾਂ ਨਹੀਂ ਹੈ। ਰਿਪੋਰਟਾਂ ਦੱਸਦੀਆਂ ਹਨ ਕਿ ਜਿਹੜੇ ਯਤੀਮ ਬੱਚਿਆਂ ਨੂੰ ਯਤੀਮਘਰਾਂ, ਜਾਂ ਸਪੈਸ਼ਲ ਹੋਮ ‘ਚ ਰੱਖਿਆ ਜਾਂਦਾ ਹੈ ਉਹਨਾਂ ‘ਚ ਮਾਨਸਿਕ ਵਿਗਾੜ ਵਧੇਰੇ ਹੁੰਦੇ ਹਨ। ਜਦੋਂ ਬੱਚੇ ਘਰ ਮੁੜਦੇ ਹਨ ਤਾਂ ਉਹ ਆਮ ਬੱਚੇ ਨਹੀਂ ਰਹਿੰਦੇ।

***

ਯਤੀਮਖਾਨੇ ਹੀ ਨਹੀਂ ਸਗੋਂ ਸਮੁੱਚੇ ਕਸ਼ਮੀਰ ਦਾ ਮਹੌਲ ਹੀ ਬੱਚਿਆਂ ਲਈ ਕਿਸੇ ਵੀ ਤਰ੍ਹਾਂ ਸੁਖਾਵਾਂ ਨਹੀਂ ਹੈ। ਇਸ ਕਰਕੇ ਇੱਥੇ ਬੱਚਿਆਂ ਦਾ ਸੁਖਾਵਾਂ ਮਾਨਸਿਕ ਵਿਕਾਸ ਨਹੀਂ ਹੋ ਰਿਹਾ ਸਗੋਂ ਉਹ ਕਈ ਤਰ੍ਹਾਂ ਦੇ ਮਾਨਸਿਕ ਤਣਾਅ, ਵਿਗਾੜ ਤੇ ਰੋਗਾਂ ਦੇ ਸ਼ਿਕਾਰ ਹਨ। ਕਸ਼ਮੀਰ ‘ਚ ਹੁੰਦੀਆਂ ਹਿੰਸਕ ਘਟਨਾਵਾਂ ‘ਚ ਬੱਚੇ ਸਭ ਤੋਂ ਘੱਟ ਸ਼ਾਮਲ ਹੁੰਦੇ ਹਨ ਪਰ ਭੁਗਤਦੇ ਸਭ ਤੋਂ ਵੱਧ ਹਨ। ਉਹ ਸਿਰਫ ਜਖ਼ਮਾਂ, ਅਪੰਗਤਾ, ਗ੍ਰਿਫਤਾਰੀਆਂ, ਤਸੀਹਿਆਂ ਤੇ ਮੌਤ ਦੇ ਰੂਪ ‘ਚ ਹੀ ਨਹੀਂ ਭੁਗਤਦੇ ਸਗੋਂ ਆਪਣੇ ਮਾਂ-ਬਾਪ, ਭੈਣ-ਭਰਾਵਾਂ, ਦੋਸਤਾਂ ਦੀ ਮੌਤ ਦੇ ਸਦਮੇ, ਫੌਜ਼ੀ ਜ਼ਬਰ ਦੇ ਸਹਿਮ, ਆਮ ਬਚਪਨ ਲਈ ਬਿਲਕੁਲ ਓਪਰੀਆਂ ਫਿਕਰਮੰਦੀਆਂ ‘ਚ ਪਲ਼ਦੇ ਹਨ।

ਅਨੇਕਾਂ ਬੱਚੇ ਨੀਰਸਤਾ, ਗੁੱਸੇ, ਡਰ ਤੇ ਉਦਾਸੀ ‘ਚ ਜਿਉਂਦੇ ਹਨ। ਕੁੱਝ ਬੱਚੇ ਉੱਚੀ ਅਵਾਜ ਨਹੀਂ ਬਰਦਾਸ਼ਤ ਕਰ ਸਕਦੇ ਤੇ ਕਈਆਂ ਦੇ ਮਨਾਂ ‘ਚ ਇੰਨਾ ਡਰ ਬੈਠ ਜਾਂਦਾ ਹੈ ਕਿ ਫੌਜ਼ੀਆਂ ਨੂੰ ਦੇਖਦਿਆਂ ਹੀ ਉਹਨਾਂ ਦੇ ਦੀ ਧੜਕਣ ਤੇਜ ਹੋ ਜਾਂਦੀ ਹੈ। ਕਸ਼ਮੀਰ ਦੇ ਇੱਕੋ-ਇੱਕ ਮਨੋਰੋਗ ਦੇ ਹਸਪਤਾਲ ‘ਚ 1989 ਤੱਕ 1200 ਮਰੀਜ ਸਨ ਤੇ 2011 ਚ ਇਹਨਾਂ ਦੀ ਗਿਣਤੀ 1 ਲੱਖ ਦੇ ਕਰੀਬ ਪੁੱਜ ਚੁੱਕੀ ਹੈ। ਮਨਰੋਗਾਂ ਨੂੰ ਪੂਰੇ ਭਾਰਤੀ ਸਮਾਜ ‘ਚ ਹਾਲੇ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ, ਨਹੀਂ ਤਾਂ ਕਸ਼ਮੀਰ ‘ਚ ਵੀ ਇਹ ਅੰਕੜੇ ਹੋਰ ਵੱਡੇ ਹੋ ਸਕਦੇ ਹਨ। ਪੋਸਟ ਟ੍ਰਾਮੈਟਿਕ ਸਟ੍ਰੈੱਸ ਡਿਸਆਰਡਰ ਸਭ ਤੋਂ ਵੱਧ ਹੋਣ ਵਾਲਾ ਮਾਨਸਿਕ ਰੋਗ ਹੈ। ਮਾਨਸਿਕ ਰੋਗੀਆਂ ‘ਚ 40-62 ਫੀਸਦੀ ਇਸੇ ਦੇ ਸ਼ਿਕਾਰ ਹਨ। ਇਸਤੋਂ ਬਿਨਾਂ ਹੋਰ ਕਈ ਤਰ੍ਹਾਂ ਦੇ ਮਾਨਸਿਕ ਪ੍ਰਭਾਵ ਵੀ ਬੱਚਿਆਂ ‘ਚ ਹਨ।

***

1989-90 ਤੋਂ ਪਹਿਲਾਂ ਖੁਦਕੁਸ਼ੀ ਦੀ ਘਟਨਾ ਟਾਂਵੀ-ਟੱਲੀ ਹੀ ਹੁੰਦੀ ਸੀ। ਪਰ ਉਸ ਵੇਲੇ ਤੋਂ ਜ਼ਬਰ ਦਾ ਸਿਲਸਿਲਾ ਤੇਜ ਹੋਣ ਮਗਰੋਂ ਕਸ਼ਮੀਰ ‘ਚ ਖੁਦਕੁਸ਼ੀਆਂ ਦਾ ਵਰਤਾਰਾ ਵੀ ਵਧਿਆ ਹੈ। ਖੁਦਕੁਸ਼ੀ ਕਰਨ ਵਾਲੇ ਜਿਆਦਾਤਰ 17 ਤੋਂ 26 ਸਾਲ ਦੇ ਨੌਜਵਾਨ ਹਨ ਜਿਹਨਾਂ ਚੋਂ 62 ਫੀਸਦੀ ਔਰਤਾਂ ਤੇ ਕੁੜੀਆਂ ਹਨ। ਇਸਦਾ ਇੱਕ ਵੱਡਾ ਕਾਰਨ ਲਗਾਤਾਰ ਹਿੰਸਾ ਤੇ ਜ਼ਬਰ ਦੇ ਮਹੌਲ ‘ਚ ਪਲਣ ਕਰਕੇ ਹੋਣ ਵਾਲਾ ਮਾਨਸਿਕ ਤਣਾਅ ਹੈ।

1989-90 ਤੋਂ ਬਾਅਦ ਦੇ ਦੌਰ ‘ਚ ਜੰਮੇ-ਪਲੇ ਬੱਚਿਆਂ ਦੀ ਵੀ ਵੱਖਰੀ ਹੀ ਦਾਸਤਾਨ ਹੈ। ਇਹ ਬੱਚੇ ਹੁਣ ਨੌਜਵਾਨ ਬਣ ਚੁੱਕੇ ਹਨ। ਬਚਪਨ ਦੇ ਇਹਨਾਂ ਖੌਫਨਾਕ ਸਾਲਾਂ ਤੋਂ ਉਹ ਤੰਗ ਆ ਚੁੱਕੇ ਹਨ ਤੇ ਕਿਸੇ ਬਦਲ ਦੀ ਤਲਾਸ਼ ‘ਚ ਹਨ। ਸਰਦੇ-ਪੁੱਜਦੇ ਘਰਾਂ ਦੇ ਨੌਜਵਾਨ ਪੜ੍ਹਾਈ ਤੇ ਰੁਜ਼ਗਾਰ ਲਈ ਭਾਰਤ ਦੇ ਹੋਰਨਾਂ ਸੂਬਿਆਂ ‘ਚ ਆ ਜਾਂਦੇ ਹਨ ਪਰ ਇੱਥੇ ਆ ਕੇ ਵੀ ਕਸ਼ਮੀਰੀ ਹੋਣ ਦੀ ਜਿੱਲਤ ਉਹਨਾਂ ਦਾ ਖਹਿੜਾ ਨਹੀਂ ਛੱਡਦੀ। ਦੇਸ਼ ਦੇ ਹਾਕਮਾਂ ਨੇ ‘ਕਸ਼ਮੀਰੀ = ਅੱਤਵਾਦੀ’ ਦੀ ਝੂਠੀ ਸਮੀਕਰਨ ਨੂੰ ਇੰਨੇ ਜੋਰ-ਸ਼ੋਰ ਨਾਲ ਪ੍ਰਚਾਰਿਆ ਹੈ ਕਿ ਦੇਸ਼ ਦੀਆਂ ਕਹਿੰਦੀਆਂ-ਕਹਾਉਂਦੀਆਂ ਉੱਚ-ਵਿੱਦਿਅਕ ਸੰਸਥਾਵਾਂ ਵਿੱਚ ਵੀ ਕਸ਼ਮੀਰੀ ਨੌਜਵਾਨਾਂ ਨਾਲ ਵਿਤਕਰਾ, ਬਦਸਲੂਕੀ ਤੇ ਕੁੱਟਮਾਰ ਹੋਣਾ ਆਮ ਗੱਲ ਹੈ। ਕੁੱਝ ਨੌਜਵਾਨਾਂ ਨੇ ਗੀਤ, ਸੰਗੀਤ, ਪੇਂਟਿੰਗ ਆਦਿ ਜਿਹੀਆਂ ਕਲਾਵਾਂ ਨੂੰ ਆਪਣੇ ਤੇ ਕਸ਼ਮੀਰੀ ਅਵਾਮ ਦੇ ਦਰਦਾਂ ਤੇ ਸੰਘਰਸ਼ਾਂ ਨੂੰ ਬਿਆਨਣ ਦਾ ਜਰੀਆ ਬਣਾਇਆ ਹੈ। ਕੁੱਝ ਨੌਜਵਾਨ ਕਲਮ ਨਾਲ ਇਸ ਜ਼ਬਰ ਖਿਲਾਫ ਲੜਨ ਦੀ ਕੋਸ਼ਿਸ਼ ਕਰ ਰਹੇ ਹਨ। ਕਈ ਅਜਿਹੇ ਵੀ ਹਨ ਜੋ ਮਨੁੱਖੀ ਅਧਿਕਾਰ ਸੰਸਥਾਵਾਂ ਤੇ ਕਨੂੰਨ, ਸੰਵਿਧਾਨ ਜਰੀਏ ਇਨਸਾਫ ਦੀ ਲੜਾਈ ਲੜਨ ਦੀ ਕੋਸ਼ਿਸ਼ ਕਰਦੇ ਹਨ। ਪਰ ਉਹ ਇਹ ਵੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਅਜਿਹੀਆਂ ਕੋਸ਼ਿਸ਼ਾਂ ਗਿਰਝਾਂ ਦੇ ਆਲ੍ਹਣੇ ‘ਚੋਂ ਮਾਸ ਲੱਭਣ ਜਿਹੀਆਂ ਹੀ ਹਨ। 1989 ਤੋਂ ਲੈ ਕੇ ਹੁਣ ਤੱਕ ਭਾਰਤੀ ਫੌਜ਼ ਖਿਲਾਫ ਇੱਕ ਵੀ ਕਤਲ, ਤਸ਼ੱਦਦ ਜਾਂ ਬਲਾਤਕਾਰ ਦੇ ਮੁਕੱਦਮੇ ਨੂੰ ਅੱਗੇ ਤੁਰਨ ਨਹੀਂ ਦਿੱਤਾ ਗਿਆ। “ਇਨਸਾਫ” ਦਾ ਜੋ ਇੱਕੋ-ਇੱਕ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਹ 2010 ਦੇ ਬਦਨਾਮ ਫਰਜੀ ਮੁਕਾਬਲੇ ਵਿੱਚ 3 ਨੌਜਵਾਨਾਂ ਨੂੰ ਕਤਲ ਕਰਨ ਬਦਲੇ 6 ਸਧਾਰਨ ਸਿਪਾਹੀਆਂ ਨੂੰ ਸਜਾ ਦਿੱਤੀ ਗਈ ਹੈ।

ਨੌਜਵਾਨਾਂ ਦਾ ਵੱਡਾ ਹਿੱਸਾ ਉਹ ਹੈ ਜੋ ਇਸ ਜਲਾਲਤ ਭਰੀ ਜਿੰਦਗੀ ਦਾ ਅੰਤ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਜੋ ਕੁੱਝ ਉਹਨਾਂ ਨੇ ਬਚਪਨ ਵਿੱਚ ਝੱਲਿਆ ਹੈ ਉਹ ਆਉਣ ਵਾਲੀ ਪੀੜੀ ਦੇ ਬੱਚਿਆਂ ਨੂੰ ਨਾ ਝੱਲਣਾ ਪਵੇ। ਬੱਚਿਆਂ ਲਈ ਇਹੋ ਜਿਹੀਆਂ ਹਾਲਤਾਂ ਬਰਕਰਾਰ ਰਹਿਣ ਦੇਣ ਨਾਲੋਂ ਕਿਸੇ ਵੀ ਕੀਮਤ ‘ਤੇ ਇਹਨਾਂ ਨੂੰ ਬਦਲਣ ਲਈ ਤਿਆਰ ਹਨ। ਲੱਖਾਂ ਨੌਜਵਾਨ ਉਹ ਹਨ ਜਿਹੜੇ ਪਿਛਲੇ ਕੁੱਝ ਸਾਲਾਂ ਤੋਂ ਚੱਲ ਰਹੇ ਜਨਤਕ ਮੁਜਾਹਰਿਆਂ ਤੇ ਪਥਰਾਅ ਦੇ ਰੂਪ ‘ਚ ਆਪਣਾ ਵਿਰੋਧ ਦਰਜ ਕਰਵਾ ਰਹੇ ਹਨ ਤੇ ਦਹਾਕਿਆਂ ਤੋਂ ਚੱਲੀ ਆ ਰਹੀ ਸੰਘਰਸ਼ ਦੀ ਲਾਟ ਨੂੰ ਜਿਉਂਦਾ ਰੱਖ ਰਹੇ ਹਨ। ਇਹਨਾਂ ਵਿੱਚੋਂ ਕੁੱਝ ਨੌਜਵਾਨ ਅਜਿਹੇ ਹਨ ਜਿਹਨਾਂ ਨੇ ਇੱਕ ਲੰਮੇ ਦੌਰ ਤੱਕ ਸ਼ਾਂਤਮਈ ਸੰਘਰਸ਼ਾਂ ਨੂੰ ਬੁਰੀ ਤਰ੍ਹਾਂ ਜ਼ਬਰ ਨਾਲ ਕੁਚਲੇ ਜਾਂਦੇ ਦੇਖਿਆ ਹੈ। ਉਹਨਾਂ 2008, 2009 ਤੇ 2010 ਦੇ ਲੋਕਾਂ ਦੇ ਵਿਦਰੋਹ ਨੂੰ ਲਾਸ਼ਾਂ ਦੇ ਢੇਰ ਨਾਲ ਦਬਾਏ ਜਾਂਦੇ ਦੇਖਿਆ ਹੈ। ਇਸ ਲਈ ਉਹ ਸੰਘਰਸ਼ ਦੇ ਇਹਨਾਂ ਰੂਪਾਂ ਦਾ ਵੀ ਬਦਲ ਚਾਹੁੰਦੇ ਹਨ ਤੇ ਹਥਿਆਰ ਚੱਕਣ ਲਈ ਵੀ ਤਿਆਰ ਹਨ। ਉਹਨਾਂ ਦੇ ਬਚਪਨ ਦੇ ਰਾਹਾਂ ‘ਚ ਬੀਜੇ ਕੰਡਿਆਂ ਦੇ ਜਖ਼ਮ ਅੱਜ ਇਹਨਾਂ ਰੂਪਾਂ ‘ਚ ਰਿਸ ਰਹੇ ਹਨ।

***

ਇਹ ਹੈ ਕਸ਼ਮੀਰ ਦਾ ਬਚਪਨ ਜੋ ਕਿਸੇ ਵੀ ਤਰ੍ਹਾਂ ਆਮ ਬਚਪਨ ਵਰਗਾ ਨਹੀਂ ਹੈ। ਭਾਰਤ ਤੇ ਪਾਕਿਸਤਾਨ ਦੇ ਹਾਕਮਾਂ ਦੇ ਵਿਸਥਾਰਵਾਦੀ ਮਨਸੂਬਿਆਂ ਲਈ ਕਸ਼ਮੀਰ ਦੇ ਬੱਚਿਆਂ ਨੂੰ ਇਹ ਕੀਮਤ ਚੁਕਾਉਣੀ ਪੈ ਰਹੀ ਹੈ ਤੇ ਨੇੜ ਭਵਿੱਖ ‘ਚ ਇਹ ਹਾਲਤ ਸੁਧਰਦੀ ਨਹੀਂ ਦਿਸ ਰਹੀ। ਕਸ਼ਮੀਰ ਦੇ ਲੋਕਾਂ ਨੂੰ ਸ਼ਾਂਤੀ ਦਾ ਸੁਨੇਹਾ ਦੇਣ ਵਾਲਿਆਂ ਤੇ ਉੱਥੇ 7 ਲੱਖ ਦੀ ਫੌਜ ਦੀ ਮੌਜੂਦਗੀ ਨੂੰ ਜਾਇਜ ਮੰਨਣ ਵਾਲੇ ‘ਦੇਸ਼ਭਗਤਾਂ’ ਨੂੰ ਆਪਣੇ-ਆਪ ਨੂੰ ਇਹ ਸੁਆਲ ਕਰਨਾ ਚਾਹੀਦਾ ਹੈ ਕਿ ਜੇ ਕਸ਼ਮੀਰ ਨੂੰ ਜ਼ਬਰੀ ਭਾਰਤ ਦਾ ਹਿੱਸਾ ਬਣਾਏ ਦੀ ਕੀਮਤ ਬੱਚਿਆਂ ਨੂੰ ਇਸ ਰੂਪ ਵਿੱਚ ਹੀ ਚੁਕਾਉਣੀ ਪਵੇਗੀ ਤਾਂ ਕੀ ਉਹ ਆਪਣੇ ਲਈ ਜਾਂ ਆਪਣੇ ਬੱਚਿਆਂ ਲਈ ਅਜਿਹਾ ਜੀਵਨ ਖੁਸ਼ੀ ਨਾਲ ਚੁਣ ਲੈਣਗੇ? ਕੀ ਕਸ਼ਮੀਰ ਦੇ ਬਚਪਨ ਨੂੰ ਇਸ ਤਰ੍ਹਾਂ ਮਧੋਲਿਆ ਜਾਣਾ ਉਹਨਾਂ ਨੂੰ ਇਸ ਗੱਲ ਲਈ ਮਜਬੂਰ ਨਹੀਂ ਕਰਦਾ ਕਿ ਉਹ ਇਸ ਜਿੰਦਗੀ ਤੋਂ ਅੱਕ ਕੇ ਆਧੁਨਿਕ ਬੰਦੂਕਾਂ ਅੱਗੇ ਪੱਥਰ ਚੁੱਕ ਕੇ ਖੜੇ ਹੋ ਜਾਣ?

ਕਸ਼ਮੀਰ ਦੀ ਧਰਤੀ ਤੇ ਕਸ਼ਮੀਰ ਦੇ ਬਚਪਨ ਦਾ ਦਰਦ ਫਲਸਤੀਨ ਦੇ ਦਰਦ ਨਾਲ ਸਾਂਝਾ ਹੈ ਜੋ ਇਜਰਾਇਲ ਦੇ ਜਬਰ ਹੇਠ ਜਿਉਂ ਰਿਹਾ ਹੈ। ਉੱਥੋਂ ਦੇ ਕਵੀ ਸਮੀਹ ਅਲ ਕਾਸਿਮ ਦੀ ਫਲਸਤੀਨ ਦੇ ਸ਼ਹਿਰ ਰਫਾ ਦੇ ਬੱਚਿਆਂ ਬਾਰੇ ਲਿਖੀ ਇਹ ਕਵਿਤਾ ਵੀ ਕਾਫੀ ਹੱਦ ਤੱਕ ਕਸ਼ਮੀਰ ਦੇ ਬਚਪਨ ਨਾਲ ਵੀ ਨੇੜਤਾ ਰੱਖਦੀ ਹੈ ਜੋ ਰਫਾ ਦੀ ਥਾਂ ਕਸ਼ਮੀਰ ਲਿਖ ਕੇ ਵੀ ਪੜ੍ਹੀ ਜਾ ਸਕਦੀ ਹੈ:

ਅੱਜ ਦੀ ਰਾਤ
ਰਫਾ ਦੇ ਬੱਚੇ
ਇਹ ਐਲਾਨ ਕਰਦੇ ਨੇ:
“ਅਸੀਂ ਨਹੀਂ ਸਨ ਬੁਣੀਆਂ ਚਾਦਰਾਂ
ਸਿਰ ਦੇ ਵਾਲਾਂ ਤੋਂ,
ਅਸੀਂ ਨਹੀਂ ਸੀ ਥੁੱਕਿਆ
ਮਾਰੀ ਗਈ ਔਰਤ ਦੇ ਚਿਹਰੇ ‘ਤੇ,
ਉਹਨਾਂ ਦੇ ਮੂੰਹੋਂ ਨਹੀਂ ਸੀ ਉਖਾੜੇ
ਦੰਦ ਸੋਨੇ ਦੇ,
ਤਾਂ ਫੇਰ ਤੁਸੀਂ ਸਾਡੀਆਂ ਟਾਫੀਆਂ ਖੋਹ ਕੇ
ਬੰਬਾਂ ਦੇ ਖੋਲ ਕਿਉਂ ਦਿੰਦੇ ਹੋ?
ਕਿਉਂ ਤੁਸੀਂ ਬੱਚਿਆਂ ਨੂੰ
ਯਤੀਮ ਬਣਾਉਂਦੇ ਹੋ?
ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ
ਸਾਡੇ ਦੁੱਖਾਂ ਨੇ ਸਾਨੂੰ ਵੱਡੇ ਬਣਾ ਦਿੱਤਾ
ਤੇ ਹੁਣ, ਅਸੀਂ ਲੜਾਂਗੇ!”

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements