ਭਾਰਤੀ ਸਮਾਜ ‘ਚ ਮੌਜੂਦ ਜਾਤ ਪਾਤੀ ਦਾਬਾ-21ਵੀਂ ਸਦੀ ਦੇ ਮੱਥੇ ‘ਤੇ ਕਲੰਕ •ਛਿੰਦਰਪਾਲ

4

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਾਡਾ ਭਾਰਤੀ ਸਮਾਜ ਅੱਜ ਕਈ ਤਰਾਂ ਦੀਆਂ ਮੱਧਯੁਗੀ ਮਨੁੱਖਦੋਖੀ ਕਦਰਾਂ ਕੀਮਤਾਂ ਦਾ ਸੰਤਾਪ ਹੰਢਾ ਰਿਹਾ ਹੈ। ਸਾਡੇ ਸਮਾਜ ਦੇ ਪਿੰਡੇ ‘ਤੇ ਜਾਤੀ ਪਾਤੀ ਦਾਬਾ, ਔਰਤ ਵਿਰੋਧੀ ਮਾਨਸਿਕਤਾ, ਗੈਰ ਜਮਹੂਰੀਅਤ ਵਰਗੀਆਂ ਬਿਮਾਰੀਆਂ ਕੋਹੜ ਬਣਕੇ ਚਿੰਬੜੀਆਂ ਹੋਈਆਂ ਹਨ। ਅੱਜ ਭਾਵੇਂ ਅਸੀਂ 21ਵੀਂ ਸਦੀ ਦੇ ਸਰਮਾਏਦਾਰਾ ਸਮਾਜ ਵਿੱਚ ਰਹਿ ਰਹੇ ਹਾਂ, ਪਰ ਅੱਜ ਨਾ ਸਿਰਫ ਸਾਡਾ ਸਮੁੱਚਾ ਸਮਾਜ ਗਰੀਬੀ, ਬੇਰੁਜਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ ਵਰਗੀਆਂ ਸਰਮਾਏਦਾਰਾ ਅਲਾਮਤਾਂ ਤੋਂ ਪੀੜਿਤ ਹੈ, ਸਗੋਂ ਨਾਲ਼ ਹੀ ਸਮਾਜ ਅੰਦਰ ਮੌਜੂਦ ਜਗੀਰੂ ਕਦਰਾਂ-ਕੀਮਤਾਂ ਵੀ ਅੱਜ ਭਾਰੂ ਹਨ, ਜੋ ਲਗਾਤਾਰ ਮਨੁੱਖਤਾ ਦਾ ਚਿਹਰਾ ਸ਼ਰਮਸ਼ਾਰ ਕਰਦੀਆਂ ਰਹਿੰਦੀਆਂ ਹਨ। ਇਹਨਾਂ ਅਲਾਮਤਾਂ ਚੋਂ ਇੱਕ ਅੱਜ ਅਸੀਂ ਭਾਰਤੀ ਸਮਾਜ ਵਿੱਚ ਮੌਜੂਦ ਜਾਤ ਪਾਤੀ ਦਾਬੇ ‘ਤੇ ਗੱਲ ਕਰਾਂਗੇ। ਜਾਤ ਪਾਤੀ ਦਾਬਾ ਭਾਰਤੀ ਸਮਾਜ ਦੀ ਇੱਕ ਵਿਲੱਖਣ ਖਾਸੀਅਤ ਹੈ, ਜੋ ਸੰਸਾਰ ਵਿੱਚ ਕਿਸੇ ਹੋਰ ਥਾਂ ਤੇ ਇਸ ਰੂਪ ਵਿੱਚ ਨਹੀਂ ਪਾਈ ਜਾਂਦੀ। ਜਾਤ ਪਾਤੀ ਦਾਬੇ ਦਾ ਬੋਝ ਸਹਿੰਦੇ ਦਲਿਤ, ਛੋਟੀਆਂ ਜਾਤਾਂ ਨਾਲ ਸਬੰਧਿਤ ਲੋਕਾਈ ਨਾਲ਼ ਅੱਜ ਵੀ ਜਾਨਵਰਾਂ ਵਰਗਾ ਸਲੂਕ ਹੁੰਦਾ ਵੇਖਿਆ ਜਾ ਸਕਦਾ ਹੈ। ਦੇਸ਼ ਦੇ ਕੋਨੇ ਕੋਨੇ ‘ਚੋਂ ਨਿੱਤਦਿਨ ਜਾਤ-ਪਾਤ ਕਰਕੇ ਹੋਣ ਵਾਲ਼ੇ ਕਤਲਾਂ, ਹਮਲਿਆਂ, ਕੁੱਟਮਾਰ, ਜਬਰ-ਜਿਨਾਹ ਤੇ ਅੰਤਰਜਾਤੀ ਵਿਆਹਾਂ ਕਰਕੇ ਹੋਣ ਵਾਲੀਆਂ ਘਟਨਾਵਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। 21ਵੀਂ ਸਦੀ ਵਿੱਚ ਪਹੁੰਚਣ ਦੇ ਬਾਵਜੂਦ ਵੀ ਜਾਤੀ-ਦਰਜਾਬੰਦੀ ਵਿੱਚ ਹੇਠਲੇ ਟੰਬੇ ‘ਤੇ ਖੜੀ ਇਹ ਅਬਾਦੀ ਹਾਸ਼ੀਏ ‘ਤੇ ਧੱਕੀ ਖੜੀ ਹੈ। ਨਿੱਤਦਿਨ ਅਪਮਾਨ ਤੇ ਜਿੱਲਤ ਦੀ ਜ਼ਿੰਦਗੀ ਜਿਉਂਦੇ ਦੇਸ਼ ਦੇ ਇਸ ਤਬਕੇ ਦੀ ਹਾਲਤ ਗੁਰਬਤ ਭਰੀ ਹੈ।

ਕੌਮੀ ਅਪਰਾਧ ਅੰਕੜਾ ਸੰਸਥਾ (NCRB) ਦੇ ਅੰਕੜਿਆਂ ਮੁਤਾਬਕ ਹਰ ਰੋਜ ਭਾਰਤ ਵਿੱਚ ਦਲਿਤਾਂ ਵਿਰੁੱਧ ਕੁੱਲ 128 ਵਾਰਾਦਾਤਾਂ ਹੁੰਦੀਆਂ ਹਨ, ਜਿਸ ਵਿੱਚ ਕਤਲ, ਕੁੱਟਮਾਰ, ਬੇਵਜਾ ਹੀ ਤਰ੍ਹਾਂ-ਤਰ੍ਹਾਂ ਦੇ ਢੰਗਾਂ ਨਾਲ਼ ਬੇਇੱਜਤ ਕਰਨ, ਮਾਰਨ ਦੀ ਕੋਸਿਸ਼ ਕਰਨ ਤੋਂ ਲੈਕੇ ਦਲਿਤ ਔਰਤਾਂ ਨਾਲ਼ ਬਲਾਤਕਾਰ ਦੀਆਂ ਹੁੰਦੀਆਂ ਘਟਨਾਵਾਂ ਸ਼ਾਮਲ ਹਨ। ਇਹਨਾਂ ਹੀ ਅੰਕੜਿਆਂ ਮੁਤਾਬਕ ਹਰ ਮਹੀਨੇ ਦਲਿਤ ਔਰਤਾਂ ਵਿਰੁੱਧ ਛੇੜਛਾੜ ਤੇ ਬਲਾਤਕਾਰ ਦੀਆਂ 194 ਵਾਰਦਾਤਾਂ ਹੁੰਦੀਆਂ ਹਨ, ਜਿਸ ਵਿੱਚ ਹਰੇਕ ਚਾਰ ਘੰਟਿਆਂ ਬਾਅਦ ਇੱਕ ਦਲਿਤ ਔਰਤ ਨਾਲ਼ ਬਲਾਤਕਾਰ ਦੀ ਘਟਨਾ ਸ਼ਾਮਲ ਹੈ। ਉੱਤਰ ਪ੍ਰਦੇਸ਼ ਵਿੱਚ ਦਲਿਤ ਵਿਰੋਧੀ ਕਾਰੇ ਸਭ ਤੋਂ ਜਿਆਦਾ ਹੁੰਦੇ ਹਨ। ਸਾਲ 2014 ਵਿੱਚ ਉੱਤਰ ਪ੍ਰਦੇਸ਼ ਵਿੱਚ ਦਲਿਤ ਜਬਰ ਦੀਆਂ 8,075 ਘਟਨਾਵਾਂ ਵਾਪਰੀਆਂ। ਸਾਰੇ ਭਾਰਤ ਵਿੱਚ ਵਾਪਰੇ 47,064 ਦਲਿਤ ਵਿਰੋਧੀ ਅਪਰਾਧਾਂ ਵਿੱਚੋਂ 60 ਫੀਸਦੀ ਘਟਨਾਵਾਂ ਸਿਰਫ ਚਾਰ ਸੂਬਿਆਂ ਰਾਜਸਥਾਨ, ਬਿਹਾਰ, ਮੱਧ ਪ੍ਰਦੇਸ਼ ਤੇ ਯੂਪੀ ਵਿੱਚ ਵਾਪਰੀਆਂ ਹਨ। ਭਾਰਤ ਵਿੱਚ ਦਲਿਤ ਵਿਰੋਧੀ ਅਪਰਾਧ ਦੀ ਦਰ 23.4 ਹੈ। ਇਹ ਦਰ ਪ੍ਰਤੀ ਲੱਖ ਐਸਸੀ-ਐਸਟੀ ਅਬਾਦੀ ਪਿੱਛੇ ਹੋਣ ਵਾਲ਼ੇ ਅਪਰਾਧਾਂ ਤੋਂ ਤੈਅ ਕੀਤੀ ਜਾਂਦੀ ਹੈ। ਗੋਆ ਵਿੱਚ ਦਲਿਤ ਤਬਕੇ ਦੇ ਵਿਰੁੱਧ ਅਪਰਾਧਾਂ ਦੀ ਦਰ ਸਭ ਤੋਂ ਜਿਆਦਾ 66.8 ਹੈ, ਇਸਤੋਂ ਮਗਰੋਂ ਰਾਜਸਥਾਨ ਵਿੱਚ ਇਹੀ ਦਰ 65.7 ਤੇ ਇਸਤੋਂ ਮਗਰੋਂ ਆਂਧਰਾ ਪ੍ਰਦੇਸ਼, ਬਿਹਾਰ, ਮੱਧਪ੍ਰਦੇਸ਼, ਛੱਤੀਸਗੜ, ਓਡੀਸ਼ਾ ਤੇ ਤੇਲੰਗਾਨਾ ਵਿੱਚ ਕ੍ਰਮਵਾਰ 48.7, 47.6, 36.6, 32.6, 31.5 ਅਤੇ 31.2 ਹੈ।

ਦਲਿਤਾਂ ਵਿਰੁੱਧ ਅਪਰਾਧਾਂ ਦੀ ਗਿਣਤੀ ਵਿੱਚ ਵੀ ਪਿਛਲੇ ਸਾਲਾਂ ਦੌਰਾਨ ਕਾਫੀ ਵਾਧਾ ਹੋਇਆ ਹੈ ਤੇ ਸਾਲ 2014 ਵਿੱਚ ਇਹ ਵਾਧਾ ਕਾਫੀ ਤੇਜ ਹੈ। ਕੌਮੀ ਅਪਰਾਧ ਅੰਕੜਾ ਬਿਉਰੋ ਦੇ ਅੰਕੜਿਆਂ ਮੁਤਾਬਕ ਸਾਲ 2011 ਵਿੱਚ ਦਲਿਤਾਂ ਵਿਰੁੱਧ ਅਪਰਾਧਾਂ ਦੇ ਕੁੱਲ 33,719 ਕੇਸ ਦਰਜ ਹਨ, ਜਿਹਨਾਂ ਵਿੱਚੋਂ 1,157 ਕੇਸ ਬਲਾਤਕਾਰ ਤੇ 673 ਕਤਲ ਦੇ ਹਨ। ਸਾਲ 2012 ਵਿੱਚ ਇਹਨਾਂ ਅਪਰਾਧਾਂ ਦੀ ਗਿਣਤੀ 33,655 ਹੋ ਗਈ, 2013 ਵਿੱਚ ਇਹ ਗਿਣਤੀ ਵਧਕੇ 39,408 ਹੋ ਗਈ ਤੇ ਸਾਲ 2014 ਵਿੱਚ ਇਹਨਾਂ ਸੰਗੀਨ ਅਪਰਾਧਾਂ ਦੀ ਗਿਣਤੀ ਵਧਕੇ 47,064 ਹੋ ਗਈ, ਜਿਸ ਵਿੱਚ 2,252 ਬਲਾਤਕਾਰ ਦੇ ਕੇਸ ਤੇ 744 ਕਤਲ ਦੇ ਕੇਸ ਦਰਜ ਹਨ। ਯਾਨਿ ਕਿ 2013 ਦੇ ਮੁਕਾਬਲੇ ਦਲਿਤ ਵਿਰੋਧੀ ਅਪਰਾਧਾ ਦੀ ਗਿਣਤੀ ਵਿੱਚ 19 ਫੀਸਦੀ ਤੋਂ ਜਿਆਦਾ ਦਾ ਵਾਧਾ ਹੋਇਆ। ਕੁੱਲ ਹੋਏ ਅਪਰਾਧਾਂ ਵਿੱਚੋਂ ਉੱਤਰ ਪ੍ਰਦੇਸ਼ ਵਿੱਚ 8,075, ਰਾਜਸਥਾਨ ਵਿੱਚ 8,028, ਬਿਹਾਰ ਵਿੱਚ 7,893 ਤੇ ਮੱਧ ਪ੍ਰਦੇਸ਼ ਵਿੱਚ 4,191 ਵਾਰਦਾਤਾਂ ਹੋਈਆਂ।

ਭਾਵੇਂ ਭਾਰਤੀ ਸੰਵਿਧਾਨ ਦਲਿਤ ਤਬਕੇ ਨਾਲ਼ ਹੋਣ ਵਾਲ਼ੀਆਂ ਵਧੀਕੀਆਂ ਨੂੰ ਕਨੂੰਨ ਜਰੀਏ ਰੋਕਣ ਦੇ ਦਾਅਵੇ ਕਰਦਾ ਹੈ, ਪਰ ਇਸਦੇ ਬਵਜੂਦ ਵੀ ਲਗਾਤਾਰ ਐਸੀਆਂ ਵਾਰਦਾਤਾਂ ਪੁਲੀਸ-ਕਨੂੰਨ ਨਾਲ਼ ਮਿਲ਼ਕੇ ਜਾਂ ਆਵਦੀ ਪੈਸੇ-ਰੁਤਬੇ ਜਾਂ ਜਾਤ ਦੀ ਚੌਧਰ ਦੇ ਸਿਰ ‘ਤੇ ਹਿੱਕ ਠੋਕ ਕੇ ਅੰਜਾਮ ਦਿੱਤੀਆਂ ਜਾਂਦੀਆਂ ਰਹੀਆਂ ਹਨ। ਇਸ ਮਸਲੇ ‘ਚ ਕਨੂੰਨ ਦੀ ਨਾਕਸ ਪ੍ਰਣਾਲੀ ਦਾ ਪਤਾ ਇਸੇ ਗੱਲ ਤੋਂ ਲੱਗਦਾ ਹੈ ਕਿ 2014 ਤੱਕ ਦਲਿਤ ਹਿੰਸਾ ਦੇ 1,27,341 ਪੁਰਾਣੇ ਮਾਮਲੇ ਅਦਾਲਤਾਂ ਚ ਲਟਕੇ ਪਏ ਹਨ ਜਿਸ ਤਹਿਤ ਕੁੱਲ 3,43,122 ਵਿਅਕਤੀਆਂ ‘ਤੇ ਦਲਿਤ ਜ਼ਬਰ ਕਰਨ ਦੇ ਦੋਸ਼ ਦਰਜ਼ ਹਨ, ਪਰ ਇਹਨਾਂ ਵਿੱਚੋਂ ਸਿਰਫ 69,374 ਵਿਅਕਤੀਆਂ ਨੂੰ ਅਗਲੀ ਕਾਰਵਾਈ ਵਾਸਤੇ ਭੇਜਿਆ ਗਿਆ ਹੈ। ਯਾਨਿ ਬਾਕੀ ਸਾਰੇ ਬਿਨਾਂ ਕਿਸੇ ਪਾਬੰਦੀ ਦੇ ਅਜਾਦ ਘੁੰਮ ਰਹੇ ਹਨ। ਬਾਕੀ ਇਹ ਗਿਣਤੀ ਤਾਂ ਸਿਰਫ ਉਹਨਾਂ ਮਾਮਲਿਆਂ ਦੀ ਹੈ, ਜੋ ਪੁਲੀਸੀਆ ਰਿਕਾਰਡ ਵਿੱਚ ਦਰਜ ਹੋ ਜਾਂਦੇ ਹਨ। ਇਸਤੋਂ ਬਿਨਾਂ ਦਲਿਤ ਹਿੰਸਾ ਦੀਆਂ ਅਣਗਿਣਤ ਘਟਨਾਵਾਂ ਐਸੀਆਂ ਹੁੰਦੀਆਂ ਹਨ, ਜੋ ਨਾ ਤਾਂ ਕਿਸੇ ਅਖ਼ਬਾਰ ਤੇ ਨਾ ਹੀ ਕਿਸੇ ਰਿਕਾਰਡ ਦਾ ਹਿੱਸਾ ਬਣਦੀਆਂ ਹਨ।

ਜੇਕਰ ਪਿਛਲੇ 40-50 ਸਾਲਾਂ ਵਿੱਚ ਹੋਈਆਂ ਦਲਿਤ-ਵਿਰੋਧੀ ਜਬਰ ਦੀਆਂ ਵਾਰਦਾਤਾਂ ਨੂੰ ਵੇਖਿਆਂ ਜਾਵੇ ਤਾਂ ਜਿਆਦਾਤਰ ਘਟਨਾਵਾਂ ਵਿੱਚ ਜਬਰ ਦਾ ਸ਼ਿਕਾਰ ਦਲਿਤ ਕਿਰਤੀ ਤਬਕਾ ਹੀ ਹੋਇਆ ਹੈ। ਅੱਜ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਜਾਤੀਗਤ ਦਾਬੇ ਦਾ ਅੱਜ ਦੇ ਵੇਲ਼ਿਆਂ ‘ਚ ਇੱਕ ਜਮਾਤੀ ਖਾਸਾ ਹੈ। 90 ਫੀਸਦੀ ਦਲਿਤ ਅਬਾਦੀ ਅੱਜ ਭਿਅੰਕਰ ਗਰੀਬੀ ਤੇ ਗੁਰਬਤ ਦੀ ਜਿੰਦਗੀ ਜਿਉਂ ਰਹੀ ਹੈ ਤੇ ਸਰਮਾਏਦਾਰਾ ਲੁੱਟ ਦੀ ਬੁਰੀ ਤਰਾਂ ਸ਼ਿਕਾਰ ਹੋ ਰਹੀ ਹੈ। ਪਿੰਡਾਂ ਦੇ ਧਨੀ ਕਿਸਾਨਾਂ ਦੇ ਖੇਤਾਂ ‘ਚ ਦਲਿਤਾਂ ਦੀ ਭਿਅੰਕਰ ਲੁੱਟ ਹੁੰਦੀ ਹੈ ਅਤੇ ਸ਼ਹਿਰਾਂ ਵਿੱਚ ਗਰੀਬ ਦਲਿਤ ਅਬਾਦੀ ਨੂੰ ਫੈਕਟਰੀਆਂ ਦੇ ਮਾਲਕ ਤੇ ਠੇਕੇਦਾਰ ਲੁੱਟਦੇ ਹਨ। ਸਿੱਧੇ ਸ਼ਬਦਾਂ ‘ਚ ਕਿਹਾ ਜਾਵੇ ਤਾਂ ਅੱਜ ਕਿਰਤੀ ਦਲਿਤ ਅਬਾਦੀ ਸਰਮਾਏਦਾਰਾ ਢਾਂਚੇ ਤੇ ਬ੍ਰਾਹਮਣਵਾਦ ਦੇ ਆਪਸੀ ਗਠਜੋੜ ਥੱਲੇ ਪਿਸ ਰਹੀ ਹੈ। ਬ੍ਰਾਹਮਣਵਾਦੀ ਵਿਚਾਰਧਾਰਾ ਅੱਜ ਕਿਸੇ ਇੱਕ ਜਾਤ ਦੀ ਨਹੀਂ ਸਗੋਂ ਸਮੁੱਚੀ ਹਾਕਮ ਜਮਾਤ ਦੀ ਵਿਚਾਰਧਾਰਾ ਹੈ, ਜੋ ਹਾਕਮ ਜਮਾਤਾਂ ਨੂੰ ਲੁੱਟ ਤੇ ਦਾਬੇ ਦਾ ਇੱਕ ਸੰਦ ਮੁਹੱਈਆ ਕਰਵਾਉਂਦੀ ਹੈ। ਪਹਿਲਾਂ ਜਾਤ-ਪਾਤ ਦਾ ਜਗੀਰਦਾਰੀ ਨਾਲ਼ ਗੱਠਜੋੜ ਸੀ ਤੇ ਅੱਜ ਇਹਦਾ ਸਰਮਾਏਦਾਰੀ ਨਾਲ਼ ਗੱਠਜੋੜ ਹੈ। ਇਹੀ ਕਾਰਨ ਹੈ ਕਿ ਅੱਜ ਜੋ ਦਲਿਤ ਵਿਰੋਧੀ ਕਾਰਵਾਈਆਂ ਨੂੰ ਨੇਪਰੇ ਲਾਉਂਦੇ ਹਨ, ਉਹ ਜਿਆਦਾਤਰ ਉੱਭਰਦੀ ਹੋਈ ਧਨੀ ਕਿਸਾਨੀ ਜਾਂ ਮਾਲਕੀ ਵਾਲ਼ੀਆਂ ਮੱਧਵਰਗੀ ਜਾਤਾਂ ‘ਚੋਂ ਹੁੰਦੇ ਹਨ। ਕਿਸਾਨ-ਕੁਲਕ ਤੇ ਹੋਰ ਮੱਧ ਜਾਤਾਂ ਇਹਨਾਂ ਬਰਬਰ ਕਾਰਿਆਂ ਨੂੰ ਅੰਜਾਮ ਦੇ ਰਹੀਆਂ ਹਨ। ਇਸ ਲਈ ਇਹ ਸਮਝਣਾ ਬਹੁਤ ਜਰੂਰੀ ਹੈ ਕਿ ਬ੍ਰਾਹਮਣਵਾਦੀ ਵਿਚਾਰਧਾਰਾ ਕਿਸੇ ਜਾਤ ਦੀ ਨਹੀਂ, ਹਾਕਮਾਂ ਦੀ ਵਿਚਾਰਧਾਰਾ ਹੈ। ਹਕੂਮਤ ਜਿਸਦੇ ਹੱਥ ‘ਚ ਹੋਵੇਗੀ ਉਹ ਜਾਤ ਪਾਤ ਦਾ ਇਸਤੇਮਾਲ ਗਰੀਬ ਕਿਰਤੀ ਅਬਾਦੀ ਨੂੰ ਦਬਾਉਣ ਤੇ ਵੰਡਣ ‘ਚ ਕਰੇਗਾ। ਇਸ ਕਰਕੇ ਬ੍ਰਾਹਮਣਵਾਦੀ ਵਿਚਾਰਧਾਰਾ ਵਿਰੁੱਧ ਸੱਚੀ ਤੇ ਖਰੀ ਲੜਾਈ ਅਜੋਕੇ ਸਰਮਾਏਦਾਰਾ ਲੋਟੂ ਢਾਂਚੇ ਖਿਲਾਫ ਲੜਾਈ ਦਾ ਮੁੱਢ ਬੰਨੇ ਬਿਨਾਂ ਕਦੇ ਨਹੀਂ ਜਿੱਤੀ ਜਾ ਸਕਦੀ। ਜੋ ਕੋਈ ਵੀ ਬ੍ਰਾਹਮਣਵਾਦ ਦਾ ਵਿਰੋਧ ਕਰਦਾ ਹੈ, ਉਸਨੂੰ ਲਾਜਮੀ ਹੀ ਸਰਮਾਏਦਾਰਾ ਢਾਂਚੇ ਨੂੰ ਵੀ ਕਟਹਿਰੇ ‘ਚ ਖੜਾ ਕਰਨਾ ਪਵੇਗਾ, ਨਹੀਂ ਤਾਂ ਜਾਤ-ਪਾਤ ਵਿਰੁੱਧ ਵਿੱਢੀ ਹਰੇਕ ਲੜਾਈ ਨਪੁੰਸਕ ਹੋ ਨਿੱਬੜੇਗੀ। ਇਸੇ ਕਰਕੇ ਜਾਤ ਪਾਤੀ ਦਾਬੇ ਦਾ ਅੰਤਮ ਹੱਲ ਇਸ ਲੋਟੂ-ਮੁਨਾਫੇਖੋਰ ਸਰਮਾਏਦਾਰਾ ਢਾਂਚੇ ਦੇ ਖਾਤਮੇ ਨਾਲ ਹੀ ਸੰਭਵ ਹੈ, ਨਾ ਕਿ ਪਛਾਣ ਦੀ ਸਿਆਸਤ ਇਸਦਾ ਹੱਲ ਹੈ। ਪਛਾਣ ਦੀ ਸਿਆਸਤ ਜਾਤਪਾਤੀ ਵਿਰੋਧੀ ਲਹਿਰ ਨੂੰ ਹਨੇਰੇ ਖੂਹ ਵਿੱਚ ਸੁੱਟਣ ਤੋਂ ਬਿਨਾਂ ਹੋਰ ਕੁਝ ਨਹੀਂ ਕਰ ਸਕਦੀ।

ਅੱਜ ਸਾਨੂੰ ਦਲਿਤ ਮੁਕਤੀ ਦੇ ਸਹੀ ਰਾਹ ਰਣਨੀਤੀ ਬਨਾਉਣ ਲੱਗਿਆਂ, ਇਤਿਹਾਸ ਦੇ ਸਬਕਾਂ ਤੇ ਸਮਾਜ ਦੇ ਮੌਜੂਦਾ ਹਾਲਾਤਾਂ ਨੂੰ ਲਾਜ਼ਮੀ ਜਾਨਣਾ-ਸਮਝਣਾ ਹੋਵੇਗਾ। ਸਾਨੂੰ ਜਾਨਣਾ ਪਵੇਗਾ ਕਿ ਅਤੀਤ ਵਿੱਚ ਪਛਾਣ ਦੀ ਸਿਆਸਤ, ਜਾਂ ਜਾਤ ਅਧਾਰਿਤ ਜਥੇਬੰਦੀਆਂ ਜਾਂ ਜਾਤ ਨੂੰ ਜਮਾਤ ਤੋਂ ਮਹੱਤਵਪੂਰਨ ਦੱਸਣ ਵਾਲ਼ੀਆਂ ਜਥੇਬੰਦੀਆਂ ਨੇ ਕੀ ਹਾਸਲ ਕੀਤਾ? ਅਸਲ ਵਿੱਚ ਦਲਿਤ ਮੁਕਤੀ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਹੀ ਪਛਾਣ ਦੀ ਸਿਆਸਤ ਹੈ। ਜਦੋਂ ਤੱਕ  ਜਾਤ ਅਧਾਰਿਤ ਸਿਆਸਤ ਦੀ ਟੱਕਰ ‘ਚ ਇੱਕ ਸਹੀ ਜਮਾਤੀ ਪੈਤੜੇ ‘ਤੇ ਲਹਿਰ ਨਹੀਂ ਉੱਸਰਦੀ, ਓਨਾ ਚਿਰ ਜਾਤ ਪਾਤ ਦਾ ਖਾਤਮਾ ਸੰਭਵ ਨਹੀਂ। ਭਾਵੇਂ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਿਰਤੀ ਅਬਾਦੀ ਵਿੱਚ ਵੀ ਜਾਤ ਪਾਤੀ ਤੁਅੱਸਬ ਮੌਜੂਦ ਹਨ, ਪਰ ਉਹਨਾਂ ਨੂੰ ਆਰਥਕ-ਸਿਆਸੀ ਘੋਲਾਂ ‘ਚ ਇੱਕਜੁੱਟਤਾ ਜਰੀਏ ਤੇ ਸੱਭਿਆਚਾਰਕ ਇਨਕਲਾਬੀ ਪ੍ਰਚਾਰ ਜਰੀਏ ਤੋੜਿਆ ਜਾ ਸਕਦਾ ਹੈ। ਅੱਜ ਐਸੀਆਂ ਦਲਿਤ ਵਿਰੋਧੀ ਕਰੂਰ ਘਟਨਾਵਾਂ ਨੂੰ ਨੱਥ ਪਾਉਣ ਲਈ ਜਿੱਥੇ ਇੱਕ ਪਾਸੇ ਪਛਾਣ ਦੀ ਸਿਆਸਤ ਨੂੰ ਨੰਗਾ ਕਰਨ ਦੀ ਲੋੜ ਹੈ, ਉੱਥੇ ਦੂਜੇ ਪਾਸੇ ਦਲਿਤ ਅਬਾਦੀ ਅੰਦਰ ਪਹਿਲਾਂ ਇੱਕ ਕਿਰਤੀ ਹੋਣ ਦੀ ਭਾਵਨਾ ਜਗਾਉਣਾ ਤੇ ਮਜਦੂਰ ਜਮਾਤ ਦੇ ਪੈਂਤੜੇ ਤੋਂ ਉਹਨਾਂ ਦੀਆਂ ਹੱਕੀ ਮੰਗਾਂ ਤਹਿਤ ਲਾਮਬੰਦ ਕਰਨਾ ਤੇ ਨਾਲ਼ ਨਾਲ਼ ਇਸ ਤਰਾਂ ਦੀਆਂ ਹੋਣ ਵਾਲ਼ੀਆਂ ਦਲਿਤ ਵਿਰੋਧੀ ਘਟਨਾਵਾਂ ਵਿਰੁੱਧ ਘੋਲ਼ ਕਰਨ ਦੀ ਲੋੜ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements