ਭਾਰਤੀ ਰਾਜ ਸੱਤਾ ਵਲੋਂ ਕਸ਼ਮੀਰੀ ਲੋਕਾਂ ‘ਤੇ ਢਾਹੇ ਜਾ ਰਹੇ ਅਣਮਨੁੱਖੀ ਜ਼ਬਰ ਵਿਰੁੱਧ ਅਵਾਜ਼ ਬੁਲੰਦ ਕਰੋ

3

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸ਼੍ਰੀਨਗਰ ਦੇ ਮਹਾਰਾਜਾ ਹਰੀ ਸਿੰਘ ਹਸਪਤਾਲ ਦਾ ਇੱਕ ਵਾਰਡ ਖਾਸ ਤਰ੍ਹਾਂ ਦੇ ਜਖ਼ਮੀਆਂ ਨਾਲ਼ ਭਰਿਆ ਪਿਆ ਹੈ। ਇਹਨਾਂ ਦੀਆਂ ਲੱਤਾਂ, ਬਾਹਾਂ, ਪਿੱਠ ਤੇ ਚਿਹਰੇ ਬਰੀਕ ਸੁਰਖਨੁਮਾ ਜ਼ਖਮਾਂ ਨਾਲ਼ ਭਰੇ ਹੋਏ ਹਨ, ਪਰ ਇਹਨਾਂ ਵਿੱਚੋਂ ਜਿਆਦਾਤਰ ਦੇ ਮੂੰਹ-ਸਿਰ ਪੱਟੀਆਂ ‘ਚ ਲਪੇਟੇ ਹੋਏ ਹਨ ਕਿਉਂਕਿ ਉਹਨਾਂ ਦੀਆਂ ਅੱਖਾਂ ਜ਼ਖਮੀ ਹਨ। ਇਸ ਹਸਪਤਾਲ ‘ਚ ਇਸ ਤਰ੍ਹਾਂ ਦੇ 120 ਤੋਂ ਵੀ ਵੱਧ ਜ਼ਖਮੀ ਪੁੱਜ ਚੁੱਕੇ ਹਨ, ਇਹਨਾਂ ਵਿੱਚੋਂ ਕੁੱਝ ਦੀ ਨਿਗ੍ਹਾ ਜਾ ਚੁੱਕੀ ਹੈ ਤੇ ਕਈ ਨਾਜੁਕ ਹਾਲਤ ‘ਚ ਚਾਨਣ ਜਾਂ ਸਦੀਵੀ ਹਨ੍ਹੇਰੇ ਵਿਚਕਾਰ ਲਟਕ ਰਹੇ ਹਨ। ਪਹਿਲੀ ਨਜ਼ਰੇ ਵੇਖਣ ‘ਤੇ ਕੋਈ ਵੀ ਹੈਰਾਨ ਹੋ ਸਕਦਾ ਹੈ ਕਿ ਇੱਕੋ ਵੇਲੇ ਇੰਨੇ ਲੋਕਾਂ ਦੀਆਂ ਅੱਖਾਂ ‘ਚ ਇਹ ਜ਼ਖਮ ਕਿਸ ਤਰ੍ਹਾਂ ਹੋਏ ਹਨ। ਧਿਆਨ ਨਾਲ਼ ਵੇਖਣ ‘ਤੇ ਪਤਾ ਲਗਦਾ ਹੈ ਕਿ ਇਹਨਾਂ ਜ਼ਖਮੀ ਅੱਖਾਂ ‘ਚ ਛੋਟੇ-ਛੋਟੇ ਧਾਤ ਦੇ ਛੱਰੇ ਖੁਭੇ ਹੋਏ ਹਨ। ਇਹ ਧਾਤ ਦੇ ਛੱਰੇ ਕਸ਼ਮੀਰ ‘ਚ ਸੀਆਰਪੀਐੱਫ ਦੇ ਜਵਾਨਾਂ ਵੱਲੋਂ ਭੀੜ ਨੂੰ ਖਿੰਡਾਉਣ ਲਈ ਵਰਤੀਆਂ ਜਾਂਦੀਆਂ ਛੱਰਿਆਂ ਵਾਲੀਆਂ ਬੰਦੂਕਾਂ ‘ਚੋਂ ਨਿੱਕਲੇ ਹਨ ਤੇ ਅੱਖਾਂ ‘ਚ ਵੜ ਕੇ ਹਨ੍ਹੇਰਾ ਵਿਛਾ ਦਿੰਦੇ ਹਨ।

8 ਜੁਲਾਈ ਨੂੰ ਕਸ਼ਮੀਰ ਵਾਦੀ ਦੀਆਂ ਸੜਕਾਂ ‘ਤੇ ਬੁਰਹਾਨ ਵਾਨੀ ਦੀ ਮੌਤ ਬਹਾਨੇ ਦਹਾਕਿਆਂ ਤੋਂ ਨਪੀੜੇ ਜਾਂਦੇ ਲੋਕਾਂ ਦਾ ਗੁੱਸਾ ਜਦੋਂ ਇੱਕ ਵਾਰ ਫੇਰ ਫੁੱਟਣ ਤੇ ਉਸ ਮਗਰੋਂ ਹਕੂਮਤੀ ਜ਼ਬਰ ਦੇ ਕਹਿਰ ‘ਚ 50 ਦੇ ਕਰੀਬ ਲੋਕਾਂ ਦੇ ਮਾਰੇ ਜਾਣ ਤੇ 3000 ਤੋਂ ਵੱਧ ਦੇ ਜ਼ਖਮੀ ਹੋਣ ਦੀ ਖਬਰ ਤਾਂ ਸਭ ਦੇ ਸਾਹਮਣੇ ਹੈ। ਮਾਰੇ ਗਏ ਲੋਕਾਂ ਵਿੱਚੋਂ ਜਿਆਦਾਤਰ ਛੋਟੀ ਉਮਰ ਦੇ ਆਮ ਨੌਜਵਾਨ ਹਨ ਤੇ 15 ਸਾਲ ਤੋਂ ਘੱਟ ਉਮਰ ਦੇ ਵੀ 10 ਦੇ ਕਰੀਬ ਬੱਚੇ ਸਨ। ਇਸ ਵਾਰ ਫੇਰ ਮੁਜ਼ਾਹਰੇ ‘ਚ ਸ਼ਾਮਲ ਲੋਕਾਂ ਦੀ ਹੀ ਕੁੱਟਮਾਰ ਨਹੀਂ ਹੋਈ ਸਗੋਂ ਸੜਕਾਂ, ਖੇਡ ਦੇ ਮੈਦਾਨਾਂ, ਹਸਪਤਾਲਾਂ ਤੇ ਦੁਕਾਨਾਂ ਤੋਂ ਲੈ ਕੇ ਘਰਾਂ ‘ਚ ਵੜ ਕੇ ਹਿੰਸਾ ਨਾਲ਼ ਦਹਿਸ਼ਤ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜੋ ਇਸ ਦਹਿਸ਼ਤ ਨਾਲ਼ ਕਸ਼ਮੀਰੀ ਲੋਕਾਂ ਦੇ ਗੁੱਸੇ ਤੇ ਬੇਚੈਨੀ ਨੂੰ ਦਬਾਇਆ ਜਾ ਸਕੇ। ਇਹਨਾਂ ਕੁੱਟਮਾਰ ਦੇ ਸ਼ਿਕਾਰਾਂ ਵਿੱਚ ਹੁਣ ਵੀ ਬੱਚੇ, ਔਰਤਾਂ ਤੇ ਬਜੁਰਗ ਵੀ ਸ਼ਾਮਲ ਹਨ। ਇਸ ਵਾਰ ਤਾਂ ਐਂਬੂਲੈਂਸ, ਹਸਪਤਾਲ ਤੇ ਜ਼ਖਮੀ ਲੋਕ ਵੀ ਸਰਕਾਰੀ ਜਬਰ ਦਾ ਨਿਸ਼ਾਨਾ ਬਣੇ। ਪਰ ਇਸ ਵਾਰ ਜਿਵੇਂ ਵੱਡੇ ਪੱਧਰ ‘ਤੇ ਛੱਰਿਆਂ ਨਾਲ਼ ਲੋਕਾਂ ਦੀਆਂ ਅੱਖਾਂ ਨੂੰ ਨਿਸ਼ਾਨਾ ਬਣਾ ਕੇ ਉਹਨਾਂ ਨੂੰ ਨਕਾਰਾ ਕੀਤਾ ਗਿਆ ਹੈ, ਉਹਨਾਂ ਦੀਆਂ ਅੱਖਾਂ ਦੀ ਰੌਸ਼ਨੀ ਖੋਹੀ ਗਈ ਹੈ ਉਹ ਲੋਕਾਂ ਨੂੰ ਕਤਲ ਕਰਨ ਨਾਲ਼ੋਂ ਵੀ ਖੌਫਨਾਕ, ਦਿਲ-ਕੰਬਾਊ ਤੇ ਅਣਮਨੁੱਖੀ ਹੈ। ਜ਼ਖਮੀਆਂ ਵਿੱਚੋਂ ਕਈ ਨੌਜਵਾਨ ਅਜਿਹੇ ਵੀ ਹਨ ਜਿਹਨਾਂ ਸਿਰ ਪੂਰੇ ਪਰਿਵਾਰ ਦੀ ਰੋਜੀ-ਰੋਟੀ ਦੀ ਜ਼ਿੰਮੇਵਾਰੀ ਸੀ, ਅਜਿਹੇ ਨੌਜਵਾਨਾਂ ਦੇ ਨਕਾਰਾ ਹੋਣ ਨਾਲ਼ ਉਹ ਸਮੁੱਚੇ ਪਰਿਵਾਰ ਹੀ ਤਬਾਹਕੁੰਨ ਹਾਲਤ ‘ਚ ਧੱਕ ਦਿੱਤੇ ਗਏ ਹਨ।

ਪੂਰੇ ਦੇਸ਼ ‘ਚ ਆਮ ਤੌਰ ‘ਤੇ ਭੀੜ ਨੂੰ ਖਿੰਡਾਉਣ ਲਈ ਚਿਤਾਵਨੀ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਤੇ ਫੇਰ ਰਬੜ ਦੀਆਂ ਗੋਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇੱਥੋਂ ਤੱਕ ਕਿ ਹਰਿਆਣਾ ਦੇ ਜਿਸ ਜਾਟ ਅੰਦੋਲਨ ‘ਚ ਮੂਰਥਲ ਕਾਂਡ ਜਿਹਾ ਹੌਲਨਾਕ ਬਲਾਤਕਾਰ ਕਾਂਡ ਕੀਤਾ ਗਿਆ ਉੱਥੇ ਵੀ ਬੇਕਾਬੂ ਭੀੜ ਨੂੰ ਖਿੰਡਾਉਣ ਲਈ ਉਸ ਤਰਾਂ ਦੇ ਹੱਥਕੰਡੇ ਨਹੀਂ ਵਰਤੇ ਗਏ ਜਿਹੋ ਜਿਹੇ ਕਸ਼ਮੀਰ ‘ਚ ਵਰਤੇ ਗਏ ਹਨ। ਕਸ਼ਮੀਰ ਵਿੱਚ ਭੀੜ ਨੂੰ ਖਿੰਡਾਉਣ ਲਈ 2010 ਤੋਂ ਛੱਰਿਆਂ ਵਾਲੀ ਬੰਦੂਕ ਦੀ ਵਰਤੋਂ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਇਸ ਬੰਦੂਕ ਨੂੰ “ਗੈਰ-ਘਾਤਕ” ਹਥਿਆਰ ਦਾ ਦਰਜਾ ਦਿੱਤਾ ਗਿਆ ਹੈ। ਇਹ ਬੰਦੂਕ ਇੱਕ ਫਾਇਰ ਵਿੱਚ 500ਦੀ ਗਿਣਤੀ ‘ਚ ਧਾਤ ਦੇ ਛੱਰੇ ਹਵਾ ‘ਚ ਖਿਲਾਰ ਦਿੰਦੀ ਹੈ ਤੇ ਸਾਹਮਣੇ ਵਾਲੇ ਦਾ ਸਰੀਰ ਇਹਨਾਂ ਨਾਲ਼ ਵਿੰਨਿਆਂ ਜਾਂਦਾ ਹੈ। ਇੱਕ ਪੁਲਿਸ ਅਧਿਕਾਰੀ ਮੁਤਾਬਕ ਇਹਨਾਂ ਬੰਦੂਕਾਂ ਨੂੰ 5 ਤੋਂ 12 ਤੱਕ ਦਾ ਦਰਜਾ ਦਿੱਤਾ ਗਿਆ ਹੈ ਜਿਹਨਾਂ ਵਿੱਚੋਂ 5 ਸਭ ਤੋਂ ਵੱਧ ਖਤਰਨਾਕ ਹਨ ਤੇ 12 ਸਭ ਤੋਂ ਘੱਟ। ਭੀੜ ਨੂੰ ਕਾਬੂ ਕਰਨ ਲਈ 9 ਨੰਬਰ ਜਾਂ ਵੱਧ ਦੀ ਸਿਫਾਰਸ਼ ਕੀਤੀ ਜਾਂਦੀ ਹੈ ਪਰ ਕਸ਼ਮੀਰ ‘ਚ 6 ਜਾਂ 7 ਨੰਬਰ ਦੀਆਂ ਬੰਦੂਕਾਂ ਵਰਤੀਆਂ ਜਾ ਰਹੀਆਂ ਹਨ। ਇਸ ਬੰਦੂਕ ਨੂੰ ਲੱਕ ਤੋਂ ਹੇਠਾਂ ਹਮਲਾ ਕਰਨ ਲਈ ਵਰਤਿਆ ਜਾਂਦਾ ਹੈ ਪਰ ਕਸ਼ਮੀਰ ‘ਚ ਜਿਆਦਾਤਰ ਲੋਕਾਂ ਦੇ ਚਿਹਰੇ ਨੂੰ ਨਿਸ਼ਾਨਾ ਬਣਾਇਆ ਗਿਆ ਹੈ।

ਇਹਨਾਂ ਵਿੱਚੋਂ ਕਈ ਲੋਕਾਂ ‘ਤੇ ਉਦੋਂ ਹਮਲਾ ਹੋਇਆ ਹੈ ਜਦੋਂ ਕੋਈ ਮੁਜ਼ਾਹਰਾ ਨਹੀਂ ਚੱਲ ਰਿਹਾ ਸੀ ਤੇ ਉਹ ਆਪਣੇ ਕੰਮਾਂ ਲਈ ਘਰੋਂ ਨਿੱਕਲੇ ਸਨ ਜਾਂ ਸਗੋਂ ਕਈਆਂ ਉੱਪਰ ਤਾਂ ਘਰ ਅੰਦਰ ਹੀ ਹਮਲਾ ਹੋਇਆ ਹੈ। ਗੰਦਰਬਾਲ ਜ਼ਿਲ੍ਹੇ ਦੀ 9 ਸਾਲਾ ਤਮੰਨਾ ਅਸ਼ਰਫ ਆਪਣੇ ਕਮਰੇ ਦੀ ਖਿੜਕੀ ‘ਚੋਂ ਬਾਹਰ ਮੁਜ਼ਾਹਰਾ ਦੇਖ ਰਹੀ ਸੀ ਜਦੋਂ ਉਸਦੀ ਖੱਬੀ ਅੱਖ ‘ਚ ਛੱਰੇ ਵੱਜੇ। ਉਸਦੀ ਮਾਂ ਮੁਤਾਬਕ ਜਦੋਂ ਅਸੀਂ ਉਸਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਸਾਨੂੰ ਰੋਕਿਆ ਤੇ ਕੁੱਟਮਾਰ ਕੀਤੀ।

ਸੋਸ਼ਲ ਮੀਡੀਆ ‘ਤੇ ਘੁੰਮ ਰਿਹਾ 14 ਸਾਲਾ ਇਨਸ਼ਾ ਦਾ ਚਿਹਰਾ ਦੇਖਣਾ ਬੜਾ ਹੀ ਦਰਦਨਾਕ ਹੈ। ਇਹ ਚਿਹਰਾ 100 ਤੋਂ ਵੀ ਵੱਧ ਛਰਿਆਂ ਨਾਲ ਵਿੰਨਿਆ ਪਿਆ ਹੈ ਤੇ ਬੁਰੀ ਤਰ੍ਹਾਂ ਸੁੱਜ ਕੇ ਭੱਦਾ ਹੋ ਗਿਆ ਹੈ। ਡਾਕਟਰਾਂ ਮੁਤਾਬਕ ਉਸਦੀ ਸੱਜੀ ਅੱਖ ਉੱਖੜ ਕੇ ਬਾਹਰ ਆ ਗਈ ਸੀ ਤੇ ਖੱਬੀ ਅੱਖ ਵੀ ਬੁਰੀ ਤਰ੍ਹਾਂ ਜ਼ਖਮੀ ਹੋਈ ਹੈ। ਇਸ ਤਰ੍ਹਾਂ ਉਹ ਆਪਣੀਆਂ ਅੱਖਾਂ ਦੀ ਰੌਸ਼ਨੀ ਗਵਾ ਚੁੱਕੀ ਹੈ। ਉਹ ਆਪਣੇ ਘਰ ਦੀ ਪਹਿਲੀ ਮੰਜ਼ਲ ‘ਤੇ ਸੀ ਜਦੋਂ ਬਾਹਰੋਂ ਉਸ ਉੱਪਰ ਹਮਲਾ ਹੋਇਆ।

ਬੁਦਗਮ ਜ਼ਿਲ੍ਹੇ ਦੇ 18 ਸਾਲਾ ਜ਼ਖਮੀ ਵਿਦਿਆਰਥੀ ਦਾ ਕਹਿਣਾ ਹੈ, “ਮੈਂ ਆਪਣੀ ਮਾਂ ਲਈ ਦਵਾਈ ਲੈਣ ਗਿਆ ਸੀ ਕਿ ਅਚਾਨਕ ਫੌਜੀਆਂ ਦੀ ਇੱਕ ਟੁਕੜੀ ਆਈ ਤੇ ਮੇਰੇ ‘ਤੇ ਹਮਲਾ ਕਰ ਦਿੱਤਾ, ਉਸ ਵੇਲੇ ਕੋਈ ਮੁਜ਼ਾਹਰਾ ਵੀ ਨਹੀਂ ਹੋ ਰਿਹਾ ਸੀ।”

5 ਸਾਲਾ ਜੋਹਰਾ ਆਪਣੀ ਆਂਟੀ ਨਾਲ਼ ਘਰ ਦੇ ਬਾਹਰ ਖੜੀ ਸੀ, ਜੋ ਆਪਣੀ ਬਿਮਾਰ ਬੱਚੀ ਨੂੰ ਦਵਾਈ ਦਿਵਾਉਣ ਚੱਲੀ ਸੀ। ਉਸ ਵੇਲੇ ਸੀਆਰਪੀਐੱਫ ਦੇ ਚੱਲਦੇ ਵਾਹਨ ਵੱਲੋਂ ਕੀਤੀ ਫਾਇਰਿੰਗ ਨਾਲ਼ 5 ਸਾਲਾ ਜੋਹਰਾ ਦੇ ਅੱਖ ‘ਚ ਛੱਰਾ ਵੱਜਿਆ। ਇਸ ਤਰ੍ਹਾਂ ਅਨੰਤਨਗਰ ਜ਼ਿਲ੍ਹੇ ਦੇ ਹਸਪਤਾਲ ‘ਚ 15 ਸਾਲ ਤੋਂ ਘੱਟ ਉਮਰ ਦੇ 10 ਤੋਂ ਵੱਧ ਮੁੰਡੇ ਦਾਖਲ ਹੋਏ ਜਿਹਨਾਂ ਦੀਆਂ ਅੱਖਾਂ ‘ਚ ਛੱਰੇ ਵੱਜੇ ਸਨ ।
2010 ‘ਚ ਜਦੋਂ ਪਹਿਲੀ ਵਾਰ ਇਹਨਾਂ ਛੱਰਿਆਂ ਦੀ ਵਰਤੋਂ ਕੀਤੀ ਗਈ ਸੀ ਤਾਂ ਇਸਦੇ ਜ਼ਖਮਾਂ ਨਾਲ਼ 6 ਜਣਿਆਂ ਦੀ ਮੌਤ ਹੋ ਗਈ ਸੀ ਤੇ 98 ਦੀਆਂ ਅੱਖਾਂ ਜ਼ਖਮੀ ਹੋਈਆਂ ਸਨ, ਇਹਨਾਂ 98 ਵਿੱਚੋਂ 5 ਪੂਰੀ ਤਰ੍ਹਾਂ ਅੰਨ੍ਹੇ ਹੋ ਗਏ ਸਨ। ਉਸ ਵੇਲੇ ਇਸਦੇ ਸ਼ਿਕਾਰਾਂ ਵਿੱਚ ਇੱਕ 22 ਸਾਲਾਂ ਦਾ ਆਮਿਰ ਕਬੀਰ ਵੀ ਸੀ ਜਿਸਦੀਆਂ ਅੱਖਾਂ ‘ਚ ਛੱਰੇ ਵੱਜਣ ਨਾਲ਼ ਉਸਦੀਆਂ ਅੱਖਾਂ ਦੀ ਜੋਤ ਚਲੀ ਗਈ। ਸੜਕ ਕੰਢੇ ਰੇੜੀ ਲਾਉਣ ਵਾਲੇ ਪਿਤਾ ਨੇ ਉੱਕਰ-ਟੁੱਕਰ ਕਰਕੇ ਰੁਪਏ ਜੋੜੇ, ਮਾਂ ਨੇ ਆਪਣੇ ਗਹਿਣੇ ਵੇਚੇ, ਗੁਆਂਢੀਆਂ-ਰਿਸ਼ਤੇਦਾਰਾਂ ਤੋਂ ਉਧਾਰ ਲਿਆ ਪਰ ਸਭ ਮਿਲ਼ਾਕੇ ਵੀ ਇੰਨਾ ਇਕੱਠਾ ਨਾ ਹੋ ਸਕਿਆ ਕਿ ਪੁੱਤਰ ਦੀਆਂ ਅੱਖਾਂ ਮੁੜ ਦੁਨੀਆਂ ਨੂੰ ਦੇਖ ਸਕਣ। ਇਸ ਵਾਰ ਵੀ ਸ੍ਰੀ ਮਹਾਰਾਜਾ ਹਰੀ ਸਿੰਘ ਹਸਪਤਾਲ ‘ਚ ਮੁਸ਼ਤਾਕ ਬੱਟ ਨਾਮੀ ਨੌਜਵਾਨ ਦੀ ਛੱਰਿਆਂ ਦੇ ਜ਼ਖਮਾਂ ਨਾਲ਼ ਮੌਤ ਹੋ ਗਈ। ਹੋਰ ਕਈ ਅਜਿਹੇ ਹਨ ਜਿਹਨਾਂ ਦੀ ਖਬਰ ਸੁਰਖੀਆਂ ‘ਚ ਨਹੀਂ ਆ ਸਕੀ ਤੇ ਅਨੇਕਾ ਹਾਲੇ ਵੀ ਮੌਤ ਤੇ ਜ਼ਿੰਦਗੀ ਦੀ ਲੜਾਈ ਲੜ ਰਹੇ ਹਨ।

ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇੱਕ ਪੁਲਿਸ ਅਫਸਰ ਨੇ ਦੱਸਿਆ, “ਪਹਿਲਾਂ ਦੇ ਸਾਲਾਂ ਚ ਅਸੀਂ ਪਾਣੀ ਦੀਆਂ ਵਾਛੜਾਂ, ਅੱਥਰੂ ਗੈਸ ਤੇ ਭੀੜ ਨੂੰ ਕਾਬੂ ਕਰਨ ਦੇ ਹੋਰ ਤਰੀਕੇ ਵਰਤਦੇ ਸਾਂ, ਪਰ ਸਮੇਂ ਨਾਲ਼ ਉਹ ਬੇਅਸਰ ਹੁੰਦੇ ਗਏ… ਛੱਰਿਆਂ ਦੀ ਵਰਤੋਂ ਕਾਫੀ ਅਸਰਦਾਰ ਹੈ ਤੇ ਨਾਲ਼ ਹੀ ਇਸ ਨਾਲ਼ ਅਸੀਂ ਮੁਜ਼ਾਹਰਾਕਾਰੀਆਂ ਦਾ ਸੌਖ ਨਾਲ਼ ਪਤਾ ਲਾ ਲੈਂਦੇ ਹਾਂ ਜਦੋਂ ਉਹ ਹਸਪਤਾਲ ਇਲਾਜ ਲਈ ਪੁੱਜਦੇ ਹਨ।” ਇਸ ਤਰ੍ਹਾਂ ਛੱਰਿਆਂ ਨਾਲ਼ ਜ਼ਖਮੀ ਕਰਨਾ ਲੋਕਾਂ ਦੀ ਨਿਸ਼ਾਨਦੇਹੀ ਨਾਲ਼ ਵੀ ਜੁੜਿਆ ਹੈ ਤਾਂ ਜੋ ਭਵਿੱਖ ‘ਚ ਵੀ ਉਹਨਾਂ ਖਿਲਾਫ ਕਿਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕੇ।

ਜ਼ਖਮੀਆਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਮੁਤਾਬਕ ਪਹਿਲਾਂ ਗੋਲ ਛੱਰੇ ਵੇਖਣ ਨੂੰ ਮਿਲਦੇ ਸਨ ਪਰ ਹੁਣ ਕਈ ਜ਼ਖਮੀਆਂ ਦੇ ਸਰੀਰ ਵਿੱਚੋਂ ਖੁਰਦਰੇ ਤੇ ਨੁਕੀਲੇ ਛੱਰੇ ਵੀ ਵੇਖਣ ਨੂੰ ਮਿਲ ਰਹੇ ਹਨ ਜੋ ਵੱਧ ਨੁਕਸਾਨ ਕਰਦੇ ਹਨ। ਸਰੀਰ ਦੇ ਬਾਕੀ ਹਿੱਸਿਆਂ ‘ਚੋਂ ਤਾਂ ਛੱਰੇ ਕੱਢ ਦਿੱਤੇ ਜਾਂਦੇ ਹਨ ਪਰ ਅੱਖਾਂ ‘ਚੋਂ ਉਹਨਾਂ ਨੂੰ ਕੱਢਣਾ ਸੰਭਵ ਨਹੀਂ ਹੁੰਦਾ। ਡਾਕਟਰਾਂ ਮੁਤਾਬਕ ਅਜਿਹਾ ਸ਼ਾਇਦ ਹੀ ਕੋਈ ਮਰੀਜ਼ ਹੋਵੇ ਜਿਸਦੀਆਂ ਅੱਖਾਂ ਹੂ-ਬ-ਹੂ ਪਹਿਲਾਂ ਵਾਂਗ ਬਿਨਾਂ ਕਿਸੇ ਕਮਜ਼ੋਰੀ-ਪ੍ਰੇਸ਼ਾਨੀ ਤੋਂ ਕੰਮ ਕਰਨ। ਬਹੁਤੇ ਲੋਕ ਭਾਵੇਂ ਅੰਨ੍ਹੇ ਨਹੀਂ ਵੀ ਹੁੰਦੇ ਪਰ ਉਹਨਾਂ ਦੀਆਂ ਅੱਖਾਂ ਸਿਹਤਮੰਦ ਵੀ ਨਹੀਂ ਰਹਿੰਦੀਆਂ। 2010 ਤੋਂ ਬਾਅਦ ਹਸਪਤਾਲ ‘ਚ ਹਰ ਹਫਤੇ ਇਹਨਾਂ ਛੱਰਿਆਂ ਨਾਲ਼ ਜ਼ਖਮੀ ਪੁੱਜਦੇ ਰਹੇ ਹਨ। ਜਿਹੜੇ ਹਥਿਆਰਾਂ ਨੂੰ ਸਰਕਾਰ “ਗੈਰ-ਘਾਤਕ” ਐਲਾਨਦੀ ਹੈ ਡਾਕਟਰ ਇਹਨਾਂ ਉੱਪਰ ਪਾਬੰਦੀ ਲਾਉਣ ਦੀ ਜ਼ੋਰਦਾਰ ਅਪੀਲ ਕਰਦੇ ਹਨ, ਉਹਨਾਂ ਮੁਤਾਬਕ ਇਹਨਾਂ ਹਥਿਆਰਾਂ ਨੂੰ ਵਰਤਣਾ ਸੱਭਿਅਕ ਸਮਾਜ ਦੀ ਨਿਸ਼ਾਨੀ ਨਹੀਂ ਹੈ। ਹਾਲੀਆ ਘਟਨਾਵਾਂ ‘ਚ 200 ਤੋਂ ਵੱਧ ਲੋਕ ਛੱਰਿਆਂ ਨਾਲ਼ ਜ਼ਖਮੀ ਅੱਖਾਂ ਲੈ ਕੇ ਹਸਪਤਾਲ ਪੁੱਜ ਚੁੱਕੇ ਹਨ।

ਕੌਮਾਂਤਰੀ ਪੱਧਰ ‘ਤੇ ਛੱਰਿਆਂ ਨਾਲ਼ ਉੱਕਰੇ ਜੁਲਮਾਂ ਦੀ ਚਰਚਾ ਹੋਣ ਮਗਰੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਲੋਕਸਭਾ ‘ਚ ਛੱਰਿਆਂ ਦੀ ਵਰਤੋਂ ਬਾਰੇ “ਮੁੜ-ਵਿਚਾਰਨ” ਦਾ ਐਲਾਨ ਕੀਤਾ ਤੇ ਕਿਹਾ ਕਿ ਦੋ ਮਹੀਨਿਆਂ ਅੰਦਰ ਕਮੇਟੀ ਆਪਣੀ ਰਿਪੋਰਟ ਪੇਸ਼ ਕਰੇਗੀ ਤੇ ਇਹਨਾਂ ਦਾ ਕੋਈ ਬਦਲ ਲੱਭ ਲਿਆ ਜਾਵੇਗਾ। ਪਰ ਅਜਿਹੇ ਬਦਲ ਲੱਭਣ ਦੇ ਵਾਅਦੇ ਪਿਛਲੇ 5 ਸਾਲਾਂ ਤੋਂ ਹੋ ਰਹੇ ਹਨ। 2010 ‘ਚ ਵੀ ਪੁਲਿਸ ਚੀਫ ਕੁਲਦੀਪ ਖੋਡਾ ਦਾ ਵੀ ਕਹਿਣਾ ਸੀ ਕਿ ਜਲਦੀ ਹੀ ਗੈਰ-ਘਾਤਕ ਬਦਲ ਲੱਭ ਲਿਆ ਜਾਵੇਗਾ। ਚੋਣਾਂ ਤੋਂ ਪਹਿਲਾਂ ਮੁਫਤੀ ਮਹਿਬੂਬਾ ਵੀ ਪਿਛਲੀ ਉਮਰ ਅਬਦੁੱਲਾ ਦੀ ਸਰਕਾਰ ਨੂੰ ਨੌਜਵਾਨਾਂ ਦੀਆਂ ਅੱਖਾਂ ਨੂੰ ਛੱਰਿਆਂ ਨਾਲ਼ ਜ਼ਖਮੀ ਕਰਨ ਖਿਲਾਫ ਬੋਲਦੀ ਰਹੀ ਹੈ ਪਰ ਹੁਣ ਆਪਣੀ ਸਰਕਾਰ ਬਣਨ ‘ਤੇ ਬਿਲਕੁਲ ਚੁੱਪ ਹੈ। ਇਸ ਸਭ ਸਰਕਾਰੀ ਬਿਆਨਬਾਜੀ ‘ਚ ਇਹ ਗੱਲ ਸਾਫ ਝਲਕਦੀ ਹੈ ਕਿ ਉਹ ਭੀੜ ‘ਤੇ ਹਮਲਾ ਕਰਨ ਲਈ ਕੋਈ ਨਵਾਂ ਤਰੀਕਾ ਲੱਭਣ ਦੇ ਇੱਛੁਕ ਤਾਂ ਹਨ ਪਰ ਇਸ ਗੱਲ ਦੇ ਨਹੀਂ ਕਿ ਅਜਿਹਾ ਕਰਨ ਦੀ ਲੋੜ ਹੀ ਨਾ ਪਵੇ। ਉਹ ਕਸ਼ਮੀਰੀ ਲੋਕਾਂ ਉੱਪਰ ਜ਼ਬਰ ਖਤਮ ਨਹੀਂ ਕਰਨਾ ਚਾਹੁੰਦੇ, ਬਸ ਇਸਦੇ ਤਰੀਕੇ ਬਦਲਨਾ ਚਾਹੁੰਦੇ ਹਨ।

ਭਾਰਤ ਦੀ ਹੁਕਮਰਾਨ ਜਮਾਤ ਲਈ ਕਸ਼ਮੀਰ ਇੱਕ ਆਰਥਿਕ ਤੇ ਸਿਆਸੀ ਲਾਹੇ ਦਾ ਇਲਾਕਾ ਹੈ, ਇਸਨੂੰ ਆਪਣੇ ਇਹਨਾਂ ਹਿੱਤਾਂ ਨਾਲ਼ ਹੀ ਸਰੋਕਾਰ ਹੈ ਨਾ ਕਿ ਆਮ ਲੋਕਾਂ ਨਾਲ਼। ਇਸੇ ਲਈ 1.3 ਕਰੋੜ ਅਬਾਦੀ ਵਾਲੇ ਕਸ਼ਮੀਰ ‘ਚ 7 ਲੱਖ ਫੌਜ ਚੜ੍ਹਾ ਰੱਖੀ ਹੈ, ਮਤਲਬ ਹਰ 20 ਤੋਂ ਵੀ ਘੱਟ ਵਿਅਕਤੀਆਂ ਲਈ 1 ਫੌਜੀ ਹੈ। ਇਹ ਫੌਜੀ ਵੀ ਭਾਰਤ ਦੇ ਹੋਰਨਾਂ ਹਿੱਸਿਆਂ ‘ਚੋਂ ਭਰਤੀ ਕੀਤੇ ਆਮ ਕਿਰਤੀ ਲੋਕਾਂ ਦਾ ਹੀ ਲਹੂ ਹਨ ਜਿਹਨਾਂ ਨੂੰ ਹੁਕਮ ਮੰਨਣ ਵਾਲੀਆਂ ਕਠਪੁਤਲੀਆਂ ਬਣਾਕੇ ਕਸ਼ਮੀਰ ਦੇ ਕਿਰਤੀ ਲੋਕਾਂ ਉੱਪਰ ਜ਼ਬਰ ਕਰਨ ਲਈ ਭੇਜਿਆ ਜਾਂਦਾ ਹੈ। ਇਹੋ ਜਿਹੀ ਹਕੂਮਤ ਜੋ ਆਪਣੇ ਹਿੱਤਾਂ ਲਈ ਬੇਕਸੂਰ ਬੱਚਿਆਂ ਦੀਆਂ ਅੱਖਾਂ ਵੀ ਜ਼ਖਮੀ ਕਰਨ ‘ਤੇ ਉੱਤਰ ਆਉਂਦੀ ਹੈ ਉਸਤੋਂ ਸਮੁੱਚੇ ਸਮਾਜ ਦੀ ਬਿਹਤਰੀ ਦੀ ਬਿਲਕੁਲ ਵੀ ਕੋਈ ਉਮੀਦ ਨਹੀਂ ਰੱਖੀ ਜਾ ਸਕਦੀ ਤੇ ਨਾ ਹੀ ਇਸ ਤਰ੍ਹਾਂ ਦੇ ਖੌਫਨਾਕ ਜ਼ਬਰ ‘ਤੇ ਖੜੀ ਕੋਈ ਹਕੂਮਤ ਬਹੁਤੀ ਦੇਰ ਟਿਕੀ ਰਹਿ ਸਕਦੀ ਹੈ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 58, 1 ਅਗਸਤ 2016 ਵਿੱਚ ਪ੍ਰਕਾਸ਼ਤ

Advertisements