ਭਾਰਤੀ ਡਾਈਂਗ ਹਾਦਸਾ ਅਤੇ ਇਨਸਾਫ਼ ਲਈ ਮਜ਼ਦੂਰਾਂ ਦਾ ਇੱਕਮੁੱਠ ਘੋਲ਼

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲੁਧਿਆਣਾ ਦੇ ਮਿਹਰਬਾਨ (ਰਾਹੋਂ ਰੋਡ) ਵਿਖੇ ਭਾਰਤੀ ਡਾਈਂਗ ਨਾਂ ਦੇ ਕਾਰਖ਼ਾਨੇ ਵਿੱਚ 22 ਅਗਸਤ ਨੂੰ ਮਸ਼ੀਨ ਵਿੱਚ ਧਮਾਕਾ ਹੋਣ ਨਾਲ਼ ਨਿਰੰਜ਼ਨ (22) ਅਤੇ ਸੁਰੇਸ਼ (40) ਨਾਂ ਦੇ ਮਜ਼ਦੂਰ ਬੁਰੀ ਤਰ੍ਹਾਂ ਜਖ਼ਮੀ ਹੋ ਗਏ। ਕਈ ਦਿਨਾਂ ਤੱਕ ਜ਼ਿੰਦਗੀ-ਮੌਤ ਦੀ ਲੜਾਈ ਲੜਦੇ ਹੋਏ ਉਹਨਾਂ ਦੀ ਮੌਤ ਹੋ ਗਈ। 25 ਨੂੰ ਸੁਰੇਸ਼ ਅਤੇ 27 ਨੂੰ ਨਿਰੰਜ਼ਨ ਦੀ ਮੌਤ ਹੋ ਗਈ। ਇਸਨੂੰ ਕੇਵਲ ਹਾਦਸਾ ਕਹਿ ਦੇਣਾ ਠੀਕ ਨਹੀਂ ਹੋਵੇਗਾ। ਇਹ ਮੁਨਾਫ਼ਾਖੋਰ ਢਾਂਚੇ ਹੱਥੋ ਹੋਏ ਬਰਬਰ ਕਤਲ ਹਨ।

ਲੁਧਿਆਣੇ ਦੇ ਹੋਰਾਂ ਕਾਰਖ਼ਾਨਿਆਂ ਵਾਂਗ  ਡਾਈਂਗ ਵਿੱਚ ਵੀ ਹਾਦਸਿਆਂ ਤੋਂ ਸੁਰੱਖਿਆ ਦੇ ਜਰੂਰੀ ਪ੍ਰਬੰਧ ਨਹੀਂ ਹਨ। ਮਸ਼ੀਨਾਂ ਦੀ ਜ਼ਰੂਰਤ ਅਨੁਸਾਰ ਮੁਰੰਮਤ ਨਹੀਂ ਕਰਵਾਈ ਜਾਂਦੀ। ਜ਼ਿਆਦਾ ਤਾਪਮਾਨ ਕਰਕੇ ਡਾਈਂਗ ਮਸ਼ੀਨ ਦੇ ਫ਼ਟਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਸੀ। ਪਰ ਕਾਰਖ਼ਾਨੇ ਮਾਲਕ ਨੂੰ ਤਾਂ ਸਿਰਫ਼ ਆਪਣਾ ਮੁਨਾਫ਼ਾ ਹੀ ਦਿਖਦਾ ਹੈ। ਕੋਈ ਵੀ ਕਿਰਤ ਕਨੂੰਨ ਇਸ ਕਾਰਖ਼ਾਨੇ ਵਿੱਚ ਲਾਗੂ ਨਹੀਂ ਕੀਤਾ ਜਾਂਦਾ। ਕਿਰਤੀਆਂ ਦੀ ਸੁਰੱਖਿਆ ਦੀ ਮਾਲਕ ਨੂੰ ਕੋਈ ਫ਼ਿਕਰ ਨਹੀਂ ਸੀ। ਮੁਨਾਫ਼ਾਖ਼ੋਰੀ ਨਾਲ਼ ਅੰਨ੍ਹੇ ਹੋਏ ਮਾਲਕ ਦੀ ਅਪਰਾਧਿਕ ਲਾਪਰਵਾਹੀ ਕਰਕੇ ਹੀ ਮਸ਼ੀਨ ‘ਚ ਧਮਾਕੇ ਦੀ ਘਟਨਾ ਹੋਈ।

ਮਸ਼ੀਨ ‘ਚ ਧਮਾਕੇ ਤੋਂ ਬਾਅਦ ਵੀ ਜੇਕਰ ਦੋਹਾਂ ਮਜ਼ਦੂਰਾਂ ਦੇ ਇਲਾਜ਼ ‘ਤੇ ਕਾਰਖ਼ਾਨਾ ਮਾਲਕ ਕੋਈ ਦਿਲਚਪਸੀ ਦਿਖਾਉਂਦਾ ਤਾਂ ਸ਼ਾਇਦ ਉਹਨਾਂ ਦੀ ਜਾਨ ਬਚ ਜਾਂਦੀ। ਪਤਾ ਲੱਗਿਆ ਹੈ ਕਿ ਸ਼ੁਰੂ ਵਿੱਚ ਕੁੱਝ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਮਾਲਕ ਨੇ ਹਸਪਤਾਲ ਨੂੰ ਪੈਸੇ ਦੇਣੇ ਬੰਦ ਕਰ ਦਿੱਤੇ। ਇਸੇ ਕਾਰਣ ਸੀ.ਐਮ.ਸੀ. ਹਸਪਤਾਲ ਵਾਲ਼ਿਆਂ ਨੇ ਵੀ ਇਲਾਜ ਕਰਨਾ ਬੰਦ ਕਰ ਦਿੱਤਾ ਅਤੇ ਉਨਾਂ ਦੀ ਮੌਤ ਹੋ ਗਈ।

ਮਜ਼ਦੂਰਾਂ ਦੀ ਮੌਤ ਤੋਂ ਬਾਅਦ ਵੀ ਮਾਲਕ ਨੇ ਅਣਮਨੁੱਖੀ ਰਵੱਈਆ ਨਹੀਂ ਛੱਡਿਆ। ਮਾਲਕ ਨੇ ਪੀੜਤ ਪਰਿਵਾਰ ਨੂੰ ਮੁਆਵਜ਼ਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਨਿਰੰਜਨ ਦੇ ਰਿਸ਼ਤੇਦਾਰਾਂ ਨੂੰ ਮਾਲਕ ਨੇ ਆਪਣੇ ਘਰ ਬੁਲਾਕੇ ਬੇਇੱਜ਼ਤੀ ਕੀਤੀ। ਮੁਆਵਜ਼ੇ ਦੇ ਨਾਂ ‘ਤੇ ਉਹ ਦੋਹਾਂ ਦੇ ਪਰਿਵਾਰਾਂ ਨੂੰ 25-25 ਹਜ਼ਾਰ ਦੇਣ ਨੂੰ ਹੀ ਤਿਆਰ ਹੋਇਆ। ਪੀੜਤ ਪਰਿਵਾਰਾਂ ਨੇ ਮਾਲਕ ਨੂੰ ਕਿਹਾ ਕਿ ਉਹਨਾਂ ਨੂੰ ਭੀਖ ਨਹੀਂ ਸਗੋਂ ਹੱਕ ਚਾਹੀਦਾ। ਮਾਲਕ ਨੇ ਜਾਇਜ਼ ਮੁਆਵਜ਼ਾ ਦੇਣ ਤੋਂ ਸਾਫ਼ ਮਨ੍ਹਾਂ ਕਰ ਦਿੱਤਾ। ਸੁਰੇਸ਼ ਦਾ ਪਰਿਵਾਰ ਕਿੱਥੇ ਗਿਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਨਿਰੰਜਨ ਦਾ ਪਰਿਵਾਰ ਯੂ.ਪੀ. ਤੋਂ ਕਾਫ਼ੀ ਦਿਨਾਂ ਬਾਅਦ 30 ਅਗਸਤ ਨੂੰ ਲੁਧਿਆਣੇ ਪਹੁੰਚਿਆ। ਜਾਣ-ਪਹਿਚਾਣ ਵਾਲੇ ਹੋਰਾਂ ਮਜ਼ਦੂਰਾਂ ਨੇ ਪੁਲੀਸ ਕੋਲ਼ ਜਾ ਕੇ ਇਨਸਾਫ਼ ਲੈਣ ਲਈ ਸੋਚਿਆ।

ਇਹਨਾਂ ਵਿੱਚੋਂ ਕਿਸੇ ਮਜ਼ਦੂਰ ਸਾਥੀ ਨੇ ‘ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ’ ਨਾਲ਼ ਸੰਪਰਕ ਕੀਤਾ। ਯੂਨੀਅਨ ਦੀ ਅਗਵਾਈ ਵਿੱਚ ਸੈਂਕੜੇ ਮਜ਼ਦੂਰਾਂ ਨੇ ਦੋ ਦਿਨ ਤੱਕ ਪੁਲੀਸ ਚੌਂਕੀ ਅਤੇ ਭਾਰਤੀ ਡਾਈਂਗ ਦੇ ਗੇਟ ਉੱਤੇ ਧਰਨਾ-ਮੁਜ਼ਾਹਰਾ ਕੀਤਾ। ਇਹ ਫੈਸਲਾ ਕੀਤਾ ਗਿਆ ਕਿ ਕੋਈ ਵੀ ਆਗੂ ਇਕੱਲਾ ਪੁਲੀਸ ਜਾਂ ਮਾਲਕ ਨਾਲ਼ ਗੱਲਬਾਤ ਕਰਕੇ ਫੈਸਲਾ ਨਹੀਂ ਲਵੇਗਾ। ਗੱਲਬਾਤ ਦੌਰਾਨ ਯੂਨੀਅਨ ਦੇ ਆਗੂ, ਪੀੜਤ ਪਰਿਵਾਰ ‘ਤੇ ਲੋਕਾਂ ਵੱਲ਼ੋਂ ਚੁਣੇ ਕੁੱਝ ਹੋਰ ਵਿਅਕਤੀ ਸ਼ਾਮਲ ਹੋਣਗੇ। ਆਖ਼ਰੀ ਫੈਸਲਾ ਪੀੜਤ ਪਰਿਵਾਰ ਦਾ ਹੋਵੇਗਾ।

ਇਸ ਘੋਲ਼ ਵਿੱਚ ਸ਼ਾਮਲ ਬਹੁਤੇ ਲੋਕਾਂ ਦੇ ਪਹਿਲਾਂ ਕਿਸੇ ਵੀ ਯੂਨੀਅਨ ਬਾਰੇ ਵਿਚਾਰ ਹਾਂ-ਪੱਖੀ ਨਹੀਂ ਸਨ। ਪਰ ਇਸ ਘੋਲ਼ ਦੌਰਾਨ ‘ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ’ ਦੇ ਜਮਹੂਰੀ ਢੰਗ-ਤਰੀਕੇ ਤੋਂ ਉਹ ਕਾਫ਼ੀ ਪ੍ਰਭਾਵਿਤ ਹੋਏ। ਮਜ਼ਦੂਰਾਂ ਨੇ ਘੋਲ਼ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲ਼ੇ ਦਲਾਲਾਂ ਦੀ ਪਛਾਣ ਕੀਤੀ ਅਤੇ ਉਹਨਾਂ ਦੀਆਂ ਚਾਲਾਂ ਨੂੰ ਨਾਕਾਮ ਕੀਤਾ। ਪੁਲੀਸ ਹਮੇਸ਼ਾ ਵਾਂਗ ਮਾਲਕਾਂ ਦਾ ਹੀ ਸਾਥ ਦੇ ਰਹੀ ਸੀ। ਏਕੇ ਰਾਹੀਂ ਪੁਲੀਸ ‘ਤੇ ਦਬਦਬਾ ਬਣਾਇਆ ਗਿਆ। ਪੁਲੀਸ ਨੇ ਮਜ਼ਦੂਰਾਂ ਨੂੰ ਡਰਾਉਣ ਲਈ ”ਫੋਰਸ” ਇਸਤੇਮਾਲ ਕਰਨ ਦੀਆਂ ਧਮਕੀਆਂ ਦਿੱਤੀਆਂ। ਪਰ ਮਜ਼ਦੂਰ ਵਾਰ-ਵਾਰ ਦਿੱਤੀਆਂ ਜਾਣ ਵਾਲ਼ੀਆਂ ਧਮਕੀਆਂ ਦੇ ਬਾਵਜੂਦ ਵੀ ਪੁਲੀਸ ਚੌਂਕੀ ‘ਤੇ ਧਰਨਾ-ਮੁਜ਼ਾਹਰੇ ‘ਤੇ ਡਟੇ ਰਹੇ ਅਤੇ ਮਾਲਕ ਨੂੰ ਥਾਣੇ ਲਿਆਉਣ ਲਈ ਮਜ਼ਬੂਰ ਕੀਤਾ। ਮ੍ਰਿਤਕ ਨਿਰੰਜਨ ਦੀ ਭੈਣ ਅਤੇ ਚਾਚਾ ਹੀ ਇੱਥੇ ਪਹੁੰਚੇ ਸਨ ਜਿਨ੍ਹਾਂ ਨੇ ਇੱਕ ਲੱਖ ਰੁਪਏ ਮੁਆਵਜ਼ੇ (ਸੰਸਕਾਰ ਆਦਿ ਦਾ ਵੱਖਰਾ) ‘ਤੇ ਸਮਝੌਤਾ ਕਰਨ ਦਾ ਫ਼ੈਸਲਾ ਲਿਆ। ਮਜ਼ਦੂਰਾਂ ਨੂੰ ਇਸ ਗੱਲ ਦਾ ਡੂੰਘਾ ਅਹਿਸਾਸ ਸੀ ਕਿ ਭਾਰਤੀ ਡਾਈਂਗ ਦੇ ਮਾਲਕ, ਜੋ ਕਿ ਇਲਾਕੇ ਵਿੱਚ ਕਾਫ਼ੀ ਅੜੀਅਲ਼ ਮਜ਼ਦੂਰ ਵਿਰੋਧੀ ਮਾਲਕ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ, ਨੂੰ ਝੁਕਾਉਣਾ ਇੱਕ ਵੱਡੀ ਜਿੱਤ ਹੈ।

ਇਸ ਘੋਲ਼ ਦੌਰਾਨ ਮਜ਼ਦੂਰਾਂ ਦੀਆਂ ਬੁਰੀਆਂ ਹਾਲਤਾਂ, ਇਨ੍ਹਾਂ ਹਾਲਤਾਂ ਦੇ ਅਸਲੀ ਕਾਰਨ, ਏਕਾ ਬਣਾਉਣ ਦੀ ਲੋੜ ਆਦਿ ਉੱਤੇ ਕਾਫ਼ੀ ਗੱਲਬਾਤ ਹੋਈ ਜਿਸਦਾ ਉਹਨਾਂ ਦੀ ਚੇਤਨਾ ‘ਤੇ ਕਾਫ਼ੀ ਚੰਗਾ ਅਸਰ ਹੋਇਆ। ਮਜ਼ਦੂਰਾਂ ਨੇ ਇਸ ਘੋਲ਼ ਦੌਰਾਨ ਇਹ ਚੰਗੀ ਤਰ੍ਹਾਂ ਵੇਖਿਆ ਅਤੇ ਸਮਝਿਆ ਕਿ ਯੂਨੀਅਨ ਦਾ ਅਰਥ ਉਹ ਨਹੀਂ ਹੈ ਜਿਹੜਾ ਵੋਟ-ਵਟੋਰੂ ਪਾਰਟੀਆਂ ਦੇ ਨਾਲ਼ ਜੁੜੀਆਂ ਦਲਾਲ ਯੂਨੀਅਨਾਂ ਅਤੇ ਦਲਾਲ ਆਗੂਆਂ ਨੇ ਬਣਾ ਦਿੱਤਾ ਹੈ। ਉਹਨਾਂ ਨੇ ਇਸ ਗੱਲ ਨੂੰ ਜਾਣਿਆ ਕਿ ਮਜ਼ਦੂਰਾਂ ਦੀ ਇੱਕ ਸੱਚੀ ਯੂਨੀਅਨ ਦਾ ਅਰਥ ਕੀ ਹੁੰਦਾ ਹੈ, ਯੂਨੀਅਨ ਬਣਾਉਣ ਦੀ ਕਿੰਨੀ ਵੱਡੀ ਲੋੜ ਹੈ ਅਤੇ ਇਸਦੀ ਉਸਾਰੀ ਸੰਭਵ ਹੈ।

– ਪੱਤਰ ਪ੍ਰੇਰਕ

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 44, ਅਕਤੂਬਰ 2015 ਵਿਚ ਪਰ੍ਕਾਸ਼ਤ

Advertisements