ਭਾਰਤ-ਅਮਰੀਕਾ ਫੌਜੀ ਸਮਝੌਤੇ ਦਾ ਵਿਰੋਧ ਕਰੋ •ਲਖਵਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅਮਰੀਕੀ ਸਾਮਰਾਜੀ ਹਾਕਮ ਸੰਸਾਰ ਦੇ ਲੋਕਾਂ ਖਿਲਾਫ਼ ਇੱਕ ਅਰੁੱਕ ਜੰਗ ਵਿੱਚ ਲੱਗੇ ਹੋਏ ਹਨ। ਇਹ ਜੰਗ ਦੂਜੇ ਦੇਸ਼ਾਂ ਦੇ ਲੋਕਾਂ ਤੇ ਉਹਨਾਂ ਦੇ ਸ੍ਰੋਤ-ਸਾਧਨਾਂ ਦੀ ਭਿਆਨਕ ਲੁੱਟ ਕਰਨ ਦੀ ਜੰਗ ਹੈ। ਇਹ ਜੰਗ ਸੁਪਰ ਮੁਨਾਫੇ ਹਥਿਆਉਣ ਲਈ ਹੈ। ਆਪਣੇ ਦੇਸ਼ ਦੇ ਕਿਰਤੀ ਲੋਕਾਂ ਦੀ ਲੁੱਟ ਨਾਲ਼ ਅਮਰੀਕੀ ਸਰਮਾਏਦਾਰ ਜਮਾਤ ਦਾ ਢਿੱਡ ਨਹੀਂ ਭਰਦਾ। ਮੁਨਾਫਿਆਂ ਦੀ ਭੁੱਖ ਸ਼ਾਂਤ ਕਰਨ ਲਈ ਅਮਰੀਕੀ ਸਾਮਰਾਜੀ ਹਾਕਮ ਹੋਰ ਦੇਸ਼ਾਂ ਦੇ ਲੋਕਾਂ ਤੇ ਸ੍ਰੋਤ-ਸਾਧਨਾਂ ਦੀ ਲੁੱਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਰਹੇ ਹਨ। ਹਥਿਆਰਾਂ ਦੇ ਇਸਤੇਮਾਲ ਤੋਂ ਬਿਨਾਂ ਇਹ ਸੰਭਵ ਨਹੀਂ ਹੈ। ਅਮਰੀਕੀ ਫੌਜ ਸੰਸਾਰ ਭਰ ਵਿੱਚ ਦੂਸਰੇ ਦੇਸ਼ਾਂ ਦੇ ਬੇਗੁਨਾਹ ਲੋਕਾਂ ਦਾ ਖੂਨ ਵਹਾਉਂਦੀ ਆਈ ਹੈ। ਇਸਨੇ ਸੰਸਾਰ ਭਰ ਵਿੱਚ ਵੱਡੀ ਗਿਣਤੀ ਵਿੱਚ ਆਪਣੇ ਫੌਜੀ ਅੱਡੇ ਸਥਾਪਿਤ ਕੀਤੇ ਹਨ। ਭਾਰਤ ਦੀ ਧਰਤੀ ਨੂੰ ਆਪਣੀਆਂ ਸਾਮਰਾਜੀ ਫੌਜੀ ਕਾਰਵਾਈਆਂ ਲਈ ਵਰਤਣਾ, ਇੱਥੇ ਆਪਣੇ ਫੌਜੀ ਅੱਡੇ ਸਥਾਪਿਤ ਕਰਨਾ, ਭਾਰਤ ਦੀ ਫੌਜ ਨੂੰ ਇਸਤੇਮਾਲ ਕਰਨਾ ਅਮਰੀਕੀ ਸਾਮਰਾਜ ਦਾ ਇੱਕ ਪੁਰਾਣਾ ਵੱਡਾ ਸੁਪਨਾ ਰਿਹਾ ਹੈ। ਇਸ ਵਾਸਤੇ ਅਮਰੀਕੀ ਹਾਕਮ ਬਹੁਤ ਕੋਸ਼ਿਸ਼ਾਂ ਕਰਦੇ ਰਹੇ ਹਨ। ਮੋਦੀ ਸਰਕਾਰ ਨੇ ਦੁਨੀਆਂ ਦੇ ਇਸ ਸਭ ਤੋਂ ਵੱਡੇ ਦਹਿਸ਼ਗਰਦ ਦਾ ਇਹ ਸੁਪਨਾ ਵੀ ਹੁਣ ਪੂਰਾ ਕਰ ਦਿੱਤਾ ਹੈ। ਸੰਸਾਰ ਦੇ ਬੇਗੁਨਾਹ ਲੋਕਾਂ ਦੇ ਖੂਨ ਵਿੱਚ ਲਥਪਥ ਅਮਰੀਕੀ ਫੌਜ ਦੇ ਨਾਪਾਕ ਕਦਮ ਭਾਰਤ ਦੀ ਧਰਤੀ ‘ਤੇ ਰੱਖਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ।

ਲੰਘੀ 12 ਅਪ੍ਰੈਲ ਨੂੰ ਨਵੀਂ ਦਿੱਲੀ ਵਿੱਚ ਭਾਰਤ ਅਤੇ ਅਮਰੀਕਾ ਵਿੱਚ ਇਸ ਸਬੰਧੀ ਸਮਝੌਤਾ ਹੋਇਆ ਹੈ। ਇਸ ਸਮਝੌਤੇ ਤਹਿਤ ਅਮਰੀਕੀ ਫੌਜ ਭਾਰਤੀ ਫੌਜ ਦੇ ਅੱਡਿਆਂ ਅਤੇ ਹੋਰ ਸਾਜੋ-ਸਮਾਨ ਦੀ ਵਰਤੋਂ ਕਰ ਸਕੇਗੀ। ਕਾਗਜ਼ੀ ਤੌਰ ‘ਤੇ ਇਹ ਵਰਤੋਂ ਈਂਧਨ, ਪਾਣੀ, ਭੋਜਨ ਆਦਿ ਦੀ ਪੂਰਤੀ, ਜਹਾਜਾਂ ਆਦਿ ਦੀ ਮੁਰੰਮਤ ਜਿਹੇ ਕੰਮਾਂ ਲਈ ਹੋਵੇਗੀ। ਪਰ ਇਹ ਪੱਕੇ ਤੌਰ ‘ਤੇ ਕਿਹਾ ਜਾ ਸਕਦਾ ਹੈ ਕਿ ਇਹ ਵਰਤੋਂ ਇਸ ਤੋਂ ਕਿਤੇ ਵਧੇਰੇ ਹੋਵੇਗੀ। ਭਾਰਤ ਦੀ ਲੋਕ ਦੋਖੀ ਹਕੂਮਤ ਨੇ ਇਸ ਸਮਝੌਤੇ ਰਾਹੀਂ ਅਮਰੀਕੀ ਸਾਮਰਾਜ ਨੂੰ ਭਾਰਤ ਦੀ ਫੌਜ ਦੀ ਵਰਤੋਂ ਆਪਣੇ ਕੁਕਰਮਾਂ ਲਈ ਕਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।

ਕਾਗਜ਼ੀ ਤੌਰ ‘ਤੇ ਭਾਰਤੀ ਫੌਜ ਵੀ ਅਮਰੀਕੀ ਫੌਜ ਦੇ ਅੱਡਿਆਂ ਅਤੇ ਸਾਜੋ-ਸਮਾਨ ਦੀ ਵਰਤੋਂ ਕਰ ਸਕੇਗੀ। ਪਰ ਹਕੀਕਤ ਵਿੱਚ ਭਾਰਤ ਦੀ ਫੌਜ ਅਜਿਹਾ ਘੱਟ ਹੀ ਕਰ ਸਕੇਗੀ। ਪਰ ਸਾਡੇ ਵੱਲੋਂ ਇਸ ਸਮਝੌਤੇ ਦੇ ਵਿਰੋਧ ਦਾ ਅਧਾਰ ਇਹ ਨਹੀਂ ਹੈ। ਭਾਰਤੀ ਹਕੂਮਤ ਵੀ ਇੱਕ ਲੁਟੇਰੀ ਲੋਕ ਦੋਖੀ ਹਕੂਮਤ ਹੈ। ਭਾਰਤੀ ਫੌਜ ਇਸ ਹਕੂਮਤ ਦਾ ਹੀ ਅੰਗ ਹੈ। ਭਾਰਤੀ ਹਕੂਮਤ ਦੀਆਂ ਵੀ ਆਪਣੀਆਂ ਵਿਸਥਾਰਵਾਦੀ ਖਾਹਿਸ਼ਾਂ ਹਨ। ਹੋਰ ਦੇਸ਼ਾਂ ਵਿੱਚ ਨਾਜਾਇਜ਼ ਦਖਲਅੰਦਾਜੀ ਇਸ ਵੱਲੋਂ ਵੀ ਲਗਾਤਾਰ ਹੁੰਦੀ ਆਈ ਹੈ। ਇਸ ਲਈ ਹੋਰ ਦੇਸ਼ਾਂ ਦੀਆਂ ਫੌਜਾਂ ਦੀ ਵਰਤੋਂ ਦੀ ਇਸਨੂੰ ਖੁੱਲ ਮਿਲਣਾ ਵੀ ਖਤਰਨਾਕ ਹੈ, ਲੋਕ ਵਿਰੋਧੀ ਹੈ। ਭਾਰਤੀ ਫੌਜ ਨੂੰ ਇਸ ਤਰ੍ਹਾਂ ਦੀ ਖੁੱਲ੍ਹ ਮਿਲਣ ਦਾ ਵੀ ਅਸੀਂ ਵਿਰੋਧ ਕਰਦੇ ਹਾਂ।

ਭਾਰਤੀ ਫੌਜ ਦੀ ਇੱਕ ਹੱਦ ਤੱਕ ਵਰਤੋਂ ਕਰਨ ਦੀ ਅਮਰੀਕੀ ਫੌਜ ਨੂੰ ਮਿਲ਼ੀ ਖੁੱਲ੍ਹ ਦੇ ਭਾਰਤ ਅਤੇ ਹੋਰ ਦੇਸ਼ਾਂ ਦੇ ਮੁਲਕਾਂ (ਖਾਸਕਰ ਏਸ਼ੀਆ ਦੇ ਮੁਲਕਾਂ) ਦੇ ਲੋਕਾਂ ਨੂੰ ਭਿਆਨਕ ਨਤੀਜੇ ਭੁਗਤਣੇ ਪੈਣਗੇ। ਨਾਗਾਸਾਕੀ-ਹੀਰੋਸ਼ਿਮਾ ਦੇ ਲੱਖਾਂ ਲੋਕਾਂ ਦਾ ਕਾਤਲ ਅਮਰੀਕੀ ਸਾਮਰਾਜ ਇਸ ਸਮੇਂ ਥਾਂ-ਥਾਂ ‘ਤੇ ਬੇਗੁਨਾਹ ਲੋਕਾਂ ਦਾ ਖੂਨ ਵਹਾ ਰਿਹਾ ਹੈ। ਅੱਜ ਜਿਸ ਇਸਲਾਮਿਕ ਦਹਿਸ਼ਤਗਰਦੀ ਦੇ ਖਿਲਾਫ਼ ਲੜਾਈ ਲੜਨ ਦੇ ਬਹਾਨੇ ਹੇਠ ਹੋਰ ਮੁਲਕਾਂ ‘ਤੇ ਹਮਲੇ ਕਰ ਰਿਹਾ ਹੈ ਜਦਕਿ ਉਸਨੂੰ ਪੈਦਾ ਕਰਨ ਵਾਲ਼ਾ ਇਹ ਖੁਦ ਹੈ। ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਦਹਿਸ਼ਤਗਰਦ ਤਾਕਤਾਂ ਦੀ ਪੈਦਾਇਸ਼, ਵਧਣ-ਫੁੱਲਣ ਲਈ ਲੁਕਵੀਂ ਮਦਦ ਕਰਨਾ ਇਸਦੀ ਪੁਰਾਣੀ ਨੀਤੀ ਰਹੀ ਹੈ। ਇਹਨਾਂ ਦਹਿਸ਼ਤਗਰਦ ਤਾਕਤਾਂ ਦੇ ਖਾਤਮੇ ਦੇ ਬਹਾਨੇ ਹੇਠ ਦੂਜੇ ਦੇਸ਼ਾਂ ‘ਤੇ ਹਮਲੇ ਕੀਤੇ ਜਾਂਦੇ ਹਨ। ਮੌਜੂਦਾ ਸਮੇਂ ਵਿੱਚ ਵੀ ਇਹੋ ਹੋ ਰਿਹਾ ਹੈ। ਬੇਹੱਦ ਖਤਰਨਾਕ ਇਸਲਾਮਿਕ ਕੱਟੜਪੰਥੀ ਜੱਥੇਬੰਦੀ ਆਈ.ਐਸ.ਆਈ.ਐਸ. ਨਾਲ਼ ਇਸਦੇ ਸਬੰਧ ਕਿਸੇ ਤੋਂ ਹੁਣ ਲੁਕੇ ਨਹੀਂ ਹਨ। ਸੰਸਾਰ ‘ਚੋਂ ਦਹਿਸ਼ਤਗਰਦੀ ਦੇ ਖਾਤਮੇ ਅਤੇ ਜਮਹੂਰੀਅਤ ਦੀ ਬਹਾਲੀ ਦੇ ਬਹਾਨਿਆਂ ਹੇਠ ਅਮਰੀਕੀ ਹਕੂਮਤ ਅਸਲ ਵਿੱਚ ਦੂਜੇ ਦੇਸ਼ਾਂ ਦੇ ਲੋਕਾਂ ਅਤੇ ਸ੍ਰੋਤ-ਸਾਧਨਾਂ ਦੀ ਲੁੱਟ ਕਰਨ ਦੀ ਜੰਗ ਲੜਦੀ ਆਈ ਹੈ। ਪਿਛਲੇ ਸਾਲਾਂ ਵਿੱਚ ਇਰਾਕ, ਅਫਗਾਨਿਸਤਾਨ, ਸੀਰੀਆ, ਲੀਬੀਆ, ਫਿਲਿਸਤੀਨ, ਆਦਿ ਦੇਸ਼ਾਂ ਵਿੱਚ ਅਮਰੀਕੀ ਸਾਮਰਾਜ ਅਤੇ ਇਸਦੀਆਂ ਪਿੱਠੂ ਫੌਜਾਂ ਨੇ ਬੇਗੁਨਾਹ ਲੋਕਾਂ ਦੇ ਲਹੂ ਦੀਆਂ ਨਦੀਆਂ ਵਹਾਈਆਂ ਹਨ। ਹਕੀਕਤ ਵਿੱਚ ਅਮਰੀਕੀ ਸਾਮਰਾਜੀ ਹਕੂਮਤ ਹੀ ਦੁਨੀਆਂ ਦੀ ਸਭ ਤੋਂ ਵੱਡੀ ਦਹਿਸ਼ਤਗਰਦ ਤਾਕਤ ਹੈ।

ਲੋਕ ਦੋਖੀ ਮੋਦੀ ਹਕੂਮਤ ਦਾ ਅਮਰੀਕੀ ਸਾਮਰਾਜ ਨਾਲ਼ ਇਹ ਸਮਝੌਤਾ ਏਸ਼ੀਆ ਮਹਾਂਦੀਪ ਵਿੱਚ ਅਮਰੀਕਾ ਨੂੰ ਆਪਣੇ ਕੁਕਰਮ ਤੇਜ਼ ਕਰਨ ਵਿੱਚ ਮਦਦ ਕਰੇਗਾ। ਏਸ਼ੀਆ ਦੇ ਲੋਕਾਂ ਦੀ ਸੁਰੱਖਿਆ ਨੂੰ ਇਸ ਸਮਝੌਤੇ ਨੇ ਗੰਭੀਰ ਖਤਰੇ ਖੜੇ ਕਰ ਦਿੱਤੇ ਹਨ। ਨਾਲ਼ੇ, ਇਸ ਗਲਤ ਫਹਿਮੀ ਵਿੱਚ ਵੀ ਨਹੀਂ ਰਹਿਣਾ ਚਾਹੀਦਾ ਕਿ ਇਸ ਨਾਲ਼ ਭਾਰਤੀ ਲੋਕਾਂ ਨੂੰ ਕੋਈ ਖਤਰਾ ਨਹੀਂ ਹੈ। ਅਮਰੀਕਾ ਅਤੇ ਹੋਰ ਦੇਸ਼ਾਂ ਵਿੱਚ ਲੋਕਾਂ ਦੇ ਹੱਕੀ ਘੋਲਾਂ ਨੂੰ ਅਮਰੀਕੀ ਫੌਜ ਬਰਬਰ ਢੰਗ ਨਾਲ਼ ਕੁਚਲਦੀ ਰਹੀ ਹੈ। ਆਪਣੇ ਲੁਟੇਰੇ ਆਰਥਿਕ-ਸਿਆਸੀ ਹਿੱਤਾਂ ਕਾਰਨ ਅਮਰੀਕੀ ਹਕੂਮਤ ਨਹੀਂ ਚਾਹੁੰਦੀ ਕਿ ਭਾਰਤ ਵਿੱਚ ਲੋਕਾਂ ਦੀ ਹੱਕੀ ਲਹਿਰ ਅੱਗੇ ਵਧੇ। ਭਾਰਤੀ ਅਰਥਚਾਰੇ ਨਾਲ਼ ਅਮਰੀਕੀ ਸਰਮਾਏਦਾਰਾਂ ਦੇ ਵਡੇਰੇ ਆਰਥਿਕ ਹਿੱਤ ਜੁੜੇ ਹੋਏ ਹਨ। ਭਾਰਤ ਵਿੱਚ ਕੋਈ ਵੀ ਹੱਕੀ ਲੋਕ ਲਹਿਰ ਅਮਰੀਕੀ ਸਰਮਾਏਦਾਰੀ ਦੇ ਆਰਥਿਕ ਹਿੱਤਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਭਾਰਤ ਜਿਹੇ ਵੱਡੇ ਦੇਸ਼ ਵਿੱਚ ਸਰਮਾਏਦਾਰੀ ਵਿਰੋਧੀ ਲੋਕ ਲਹਿਰ ਉੱਠਣਾ ਅਮਰੀਕੀ ਸਾਮਰਾਜ ਦੇ ਕਿਸੇ ਵੀ ਪ੍ਰਕਾਰ ਹਿੱਤ ਵਿੱਚ ਨਹੀਂ ਹੈ। ਭਾਰਤ ਵਿੱਚ ਲੋਕ ਲਹਿਰ ਨੂੰ ਨੁਕਸਾਨ ਪਹੁੰਚਾਉਣ ਲਈ ਅਮਰੀਕੀ ਸਾਮਰਾਜ ਆਪਣੀਆਂ ਖੁਫੀਆ ਏਜੰਸੀਆਂ, ਤਕਨੀਕ, ਗੈਰ-ਸਰਕਾਰੀ ਸੰਸਥਾਵਾਂ (ਐਨ.ਜੀ.ਓਜ.), ਆਦਿ ਰਾਹੀਂ ਭਾਰਤੀ ਹਕੂਮਤ ਦੀ ਸਿੱਧੀ-ਅਸਿੱਧੀ ਮਦਦ ਕਰਦਾ ਰਿਹਾ ਹੈ। ਭਾਰਤ ਵਿੱਚ ਲੋਕ ਲਹਿਰ ਨੂੰ ਕੁਚਲਣ ਲਈ ਅਮਰੀਕੀ ਸਾਮਰਾਜ ਲੋੜ ਪੈਣ ‘ਤੇ ਫੌਜ ਦੀ ਸਿੱਧੀ ਵਰਤੋਂ ਵੀ ਆਉਣ ਵਾਲ਼ੇ ਸਮੇਂ ਵਿੱਚ ਕਰੇਗਾ। ਅਮਰੀਕੀ ਸਾਮਰਾਜ ਭਾਰਤ ਦੀ ਧਰਤੀ ਨੂੰ ਏਸ਼ੀਆ ਦੇ ਹੋਰ ਮੁਲਕਾਂ ਦੀਆਂ ਲੋਕ ਲਹਿਰਾਂ ਨੂੰ ਕੁਚਲਣ ਲਈ ਵੀ ਵਰਤੇਗਾ। ਇਸ ਲਈ ਭਾਰਤ ਅਤੇ ਅਮਰੀਕਾ ਦਾ ਇਹ ਫੌਜੀ ਸਮਝੌਤਾ ਭਾਰਤ ਅਤੇ ਹੋਰ ਦੇਸ਼ਾਂ ਦੀਆਂ ਹੱਕੀ ਲੋਕ ਲਹਿਰਾਂ ਲਈ ਬਹੁਤ ਖਤਰਨਾਕ ਹੈ।

ਸਰਮਾਏਦਾਰਾ-ਸਾਮਰਾਜੀ ਹਾਕਮਾਂ ਦੀਆਂ ਹਕੂਮਤਾਂ ਦਾ ਆਪਸੀ ਖਹਿਭੇੜ ਹਮੇਸ਼ਾਂ ਤੋਂ ਜਾਰੀ ਰਿਹਾ ਹੈ। ਏਸ਼ੀਆ ਵਿੱਚ ਰੂਸੀ ਸਾਮਰਾਜ ਅਤੇ ਚੀਨੀ ਸਰਮਾਏਦਾਰਾ ਹਕੂਮਤ ਨਾਲ਼ ਅਮਰੀਕੀ ਸਾਮਰਾਜ ਦੇ ਤਿੱਖੇ ਵਿਰੋਧ ਹਨ। ਆਪਣੇ ਇਹਨਾਂ ਵਿਰੋਧੀਆਂ ਖਿਲਾਫ਼ ਲੜਾਈ ਵਿੱਚ ਅਮਰੀਕੀ ਸਾਮਰਾਜੀ ਹਕੂਮਤ ਨੂੰ ਇਸ ਸਮਝੌਤੇ ਰਾਹੀਂ ਵੱਡੀ ਤਾਕਤ ਹਾਸਲ ਹੋਣ ਜਾ ਰਹੀ ਹੈ। ਭਾਰਤ ਅਤੇ ਚੀਨ ਦੇ ਲੋਕ ਧ੍ਰੋਹੀ ਹਾਕਮ ਵੀ ਆਪਸ ਵਿੱਚ ਖਹਿਬੜਦੇ ਰਹੇ ਹਨ। ਭਾਰਤ ਦੇ ਮੁਕਾਬਲੇ ਚੀਨ ਦੀ ਫੌਜੀ ਤਾਕਤ ਬਹੁਤ ਜਿਆਦਾ ਹੈ। ਚੀਨ ਤੋਂ ਮਿਲ਼ ਰਹੀ ਚੁਣੌਤੀ ਦਾ ਮੁਕਾਬਲਾ ਕਰਨ ਲਈ ਭਾਰਤੀ ਹਾਕਮ ਵੀ ਆਪਣੀ ਫੌਜੀ ਤਾਕਤ ਵਧਾਉਣ ਲਈ ਜ਼ੋਰ ਲਾਉਂਦੇ ਰਹੇ ਹਨ। ਇਸ ਸਮਝੌਤੇ ਰਾਹੀਂ ਚੀਨ ‘ਤੇ ਇੱਕ ਹੱਦ ਤੱਕ ਦਬਾਅ ਬਣਾਉਣ ਵਿੱਚ ਭਾਰਤੀ ਹਕੂਮਤ ਕਾਮਯਾਬ ਹੋਵੇਗੀ। ਅਸੀਂ ਮੰਨਦੇ ਹਾਂ ਕਿ ਇਹ ਸਾਰੀਆਂ ਹੀ ਹਕੂਮਤਾਂ ਲੋਕ ਧ੍ਰੋਹੀ ਹਨ ਤੇ ਇਹਨਾਂ ‘ਚੋਂ ਕਿਸੇ ਦਾ ਵੀ ਪੱਖ ਨਹੀਂ ਲਿਆ ਜਾਣਾ ਚਾਹੀਦਾ। ਇਹਨਾਂ ਸਾਰਿਆਂ ਦਾ ਹੀ ਵਿਰੋਧ ਕੀਤਾ ਜਾਣਾ ਚਾਹੀਦਾ ਹੈ। ਵੱਖ-ਵੱਖ ਦੇਸ਼ਾਂ ਦੀਆਂ ਸਰਮਾਏਦਾਰਾ ਹਕੂਮਤਾਂ ਦੇ ਆਪਸੀ ਵਿਰੋਧਾਂ ਦਾ ਖਾਮਿਆਜਾ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਬੇਹਿਸਾਬ ਫੌਜੀ ਖਰਚਿਆਂ ਦਾ ਬੋਝ ਲੋਕਾਂ ‘ਤੇ ਹੀ ਪੈਂਦਾ ਹੈ। ਤਬਾਹਕੁੰਨ ਜੰਗਾਂ ਵਿੱਚ ਆਮ ਲੋਕ ਹੀ ਮਾਰੇ ਜਾਂਦੇ ਹਨ। ਜੰਗਾਂ ਦਾ ਸਾਰਾ ਬੋਝ ਆਮ ਕਿਰਤੀ ਲੋਕਾਂ ਉੱਤੇ ਹੀ ਲੱਦਿਆ ਜਾਂਦਾ ਹੈ। ਭਾਰਤ-ਅਮਰੀਕਾ ਦੇ ਇਸ ਫੌਜੀ ਸਮਝੌਤੇ ਤੋਂ ਬਾਅਦ ਏਸ਼ੀਆਈ ਖਿੱਤੇ ਵਿੱਚ ਭਾਰਤ ਅਤੇ ਅਮਰੀਕਾ ਦੇ ਹੋਰਨਾਂ ਮੁਲਕਾਂ ਨਾਲ਼ ਵਿਰੋਧ ਹੋਰ ਤਿੱਖੇ ਹੋਣਗੇ ਅਤੇ ਇਸਦਾ ਨੁਕਸਾਨ ਆਮ ਲੋਕਾਂ ਨੂੰ ਹੀ ਹੋਣਾ ਹੈ।

ਭਾਰਤੀ ਹਕੂਮਤ ਵੱਲੋਂ ਅਮਰੀਕਾ ਨਾਲ਼ ਇਹ ਫੌਜੀ ਸਮਝੌਤਾ ਕਰਨ ਪਿੱਛੇ ਚੀਨ ਤੋਂ ਮਿਲ਼ ਰਹੀ ਚੁਣੌਤੀ ਨੂੰ ਕਾਰਨ ਦੱਸਿਆ ਜਾ ਰਿਹਾ ਹੈ। ਭਾਰਤੀ ਸਰਮਾਏਦਾਰ ਮੀਡੀਆ ਨੇ ਇਸ ਗੱਲ ਨੂੰ ਖੂਬ ਪ੍ਰਚਾਰਿਆ ਹੈ। ਕਿਹਾ ਜਾ ਰਿਹਾ ਹੈ ਅਮਰੀਕਾ ਅਤੇ ਭਾਰਤ ਦੋਵੇਂ ਮਿਲ਼ ਕੇ ਚੀਨ ਨਾਲ਼ ਲੜਨਗੇ। ਇਸ ਤਰ੍ਹਾਂ ਅੰਨ੍ਹੀ-ਕੌਮਪ੍ਰਸਤੀ ਦੀਆਂ ਭਾਵਨਾਵਾਂ ਫੈਲਾ ਕੇ ਇਸ ਸਮਝੌਤੇ ਨੂੰ ਜਾਇਜ਼ ਠਹਿਰਾਉਣ ਦੀ ਘਟੀਆ ਕੋਸ਼ਿਸ਼ ਹੋਈ ਹੈ। ਇਹ ਠੀਕ ਹੈ ਕਿ ਇਸ ਸਮਝੌਤੇ ਰਾਹੀਂ ਚੀਨ ‘ਤੇ ਇੱਕ ਹੱਦ ਤੱਕ ਦਬਾਅ ਬਣਾਉਣ ਵਿੱਚ ਭਾਰਤੀ ਹਕੂਮਤ ਕਾਮਯਾਬ ਹੋਵੇਗੀ, ਪਰ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ਼ ਫੌਜੀ ਸਮਝੌਤਾ ਕੀਤੇ ਜਾਣ ਦਾ ਇਹ ਮੂਲ ਕਾਰਨ ਨਹੀਂ ਹੈ।

ਭਾਰਤੀ ਹਕੂਮਤ ਦੀ ਇਹ ਸ਼ੁਰੂ ਤੋਂ ਹੀ ਨੀਤੀ ਰਹੀ ਹੈ ਕਿ ਸਾਮਰਾਜ ਦੇ ਵੱਖ-ਵੱਖ ਧੜਿਆਂ ਵਿੱਚੋਂ ਕਿਸੇ ਇੱਕ ਦਾ ਅੰਗ ਨਾ ਬਣੇ। ਇਹ ਨੀਤੀ ਹੁਣ ਵੀ ਕਾਇਮ ਹੈ। ਪਰ ਇਸਦਾ ਝੁਕਾਅ ਸਾਮਰਾਜੀ ਧੜਿਆਂ ਵੱਲ ਘਟਦਾ-ਵਧਦਾ ਰਿਹਾ ਹੈ। ਸੋਵੀਅਤ ਸਾਮਰਾਜਵਾਦ (1956-1991) ਦੇ ਦੌਰ ਵਿੱਚ ਭਾਰਤੀ ਹਕੂਮਤ ਦਾ ਝੁਕਾਅ ਕੁੱਲ ਮਿਲ਼ਾ ਕੇ ਅਮਰੀਕੀ ਸਾਮਰਾਜੀ ਧੜੇ ਦੀ ਬਜਾਇ ਸੋਵੀਅਤ ਸਾਮਰਾਜ ਵੱਲ ਵੱਧ ਰਿਹਾ ਹੈ। ਸੰਨ 1991 ਵਿੱਚ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਹੌਲ਼ੀ-ਹੌਲ਼ੀ ਇਸਦਾ ਝੁਕਾਅ ਅਮਰੀਕੀ ਸਾਮਰਾਜ ਵੱਲ ਵਧਦਾ ਗਿਆ ਹੈ। ਉੱਨਤ ਤਕਨੀਕ, ਮਸ਼ੀਨਰੀ, ਕਰਜਿਆਂ, ਵਿਦੇਸ਼ੀ ਸਰਮਾਇਆ ਨਿਵੇਸ਼, ਐਸ਼ੋ-ਇਸ਼ਰਤ ਤੇ ਹੋਰ ਸਮਾਨਾਂ ਦੇ ਦਰਾਮਦ ਆਦਿ ਦੀ ਅਣਸਰਦੀ ਲੋੜ ਪੂਰੀ ਕਰਨ ਲਈ ਇਸਨੂੰ ਅਮਰੀਕੀ ਸਾਮਰਾਜੀ ਧੜੇ ਅੱਗੇ ਵੱਧ ਸੌਦੇਬਾਜੀਆਂ ਕਰਨੀਆਂ ਪੈਂਦੀਆਂ ਰਹੀਆਂ ਹਨ। ਮੌਜੂਦਾ ਸਮੇਂ ਵਿੱਚ ਜਦੋਂ ਭਾਰਤ ਦੇ ਅਰਥਚਾਰੇ ‘ਤੇ ਗੰਭੀਰ ਆਰਥਿਕ ਸੰਕਟ ਦੇ ਬੱਦਲ ਛਾਏ ਹੋਏ ਹਨ ਤਾਂ ਭਾਰਤੀ ਹਕੂਮਤ ਨੂੰ ਸਰਮਾਏਦਾਰ ਜਮਾਤ ਦੀਆਂ ਇਹਨਾਂ ਲੋੜਾਂ ਦੀ ਪੂਰਤੀ ਲਈ ਸੌਦੇਬਾਜ਼ੀ ਵਿੱਚ ਅਮਰੀਕੀ ਸਾਮਰਾਜ ਨੂੰ ਵੱਧ ਰਿਆਇਤਾਂ ਦੇਣੀਆਂ ਪੈ ਰਹੀਆਂ ਹਨ। ਅਮਰੀਕੀ-ਭਾਰਤੀ ਫੌਜੀ ਸਮਝੌਤੇ ਪਿਛਲਾ ਮੂਲ ਕਾਰਨ ਵੀ ਇਹੋ ਹੈ।

ਇਹਨਾਂ ਸਭ ਕਾਰਨਾਂ ਕਰਕੇ ਭਾਰਤ-ਅਮਰੀਕਾ ਫੌਜੀ ਸਮਝੌਤੇ ਦਾ ਭਾਰਤ ਅਤੇ ਦੁਨੀਆਂ ਦੇ ਲੋਕਾਂ ਨੂੰ ਸਖਤ ਵਿਰੋਧ ਕਰਨਾ ਚਾਹੀਦਾ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 53, 1 ਮਈ 2016 ਵਿੱਚ ਪਰ੍ਕਾਸ਼ਤ

Advertisements