ਭਾਰਤ ਵਿੱਚ ਵਧ ਰਹੀ ਬੇਰੁਜ਼ਗਾਰੀ •ਸਿਕੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਅੱਜਕੱਲ ਗਊ ਹੱਤਿਆ, ਬੇਅਦਬੀ ਦੀਆਂ ਘਟਨਾਵਾਂ ਅਤੇ ਹੁਣ ਭਾਰਤ-ਪਾਕਿਸਤਾਨ ਜੰਗ ਦੀਆਂ ਚਰਚਾਵਾਂ ਬੜੇ ਜ਼ੋਰ ਉੱਤੇ ਹਨ । ਹਾਕਮ ਜਮਾਤ ਵੱਲੋਂ ਪੈਦਾ ਕੀਤੇ ਗਏ ਇਸ ਜਨੂੰਨ ਹੇਠ ਬਹੁਤੀ ਵਾਰ ਲੋਕਾਂ ਦੇ ਅਸਲ ਮੁੱਦੇ ਦਬ ਕੇ ਰਹਿ ਜਾਂਦੇ ਹਨ। ਫ਼ਰਜ਼ੀ ਮੁੱਦੇ ਉਭਾਰ ਕੇ ਮਹਿੰਗੀ ਹੋ ਰਹੀ ਸਿੱਖਿਆ, ਬੇਰੁਜ਼ਗਾਰੀ ਆਦਿ ਜਿਹੇ ਮੁੱਦਿਆਂ ਤੋਂ ਧਿਆਨ ਹਟਾਇਆ ਜਾਂਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਭਾਰਤ ਵਿੱਚ ਬੇਰੁਜ਼ਗਾਰਾਂ ਦਾ ਇੱਕ ਸਮੁੰਦਰ ਹੈ। ਸਮੇਂ-ਸਮੇਂ ਉੱਤੇ ਜਾਰੀ ਹੁੰਦੇ ਅੰਕੜੇ ਵੀ ਇਸ ਤੱਥ ਨੂੰ ਹੋਰ ਪੁਖ਼ਤਾ ਕਰ ਦਿੰਦੇ ਹਨ। ਪਿਛਲੇ ਦਿਨੀਂ ਲੇਬਰ ਬਿਊਰੋ ਵੱਲੋਂ ਜਾਰੀ ਕੀਤੀ ਗਈ ਨਵੀਂ ਰੁਜ਼ਗਾਰ-ਬੇਰੁਜ਼ਗਾਰੀ ਸਰਵੇਖਣ ਰਿਪੋਰਟ ਮੁਤਾਬਕ ਬੇਰੁਜ਼ਗਾਰੀ ਪਿਛਲੇ 5 ਸਾਲਾਂ ਤੋਂ ਸਿਖ਼ਰ ਉੱਤੇ ਹੈ। ਬੇਰੁਜ਼ਗਾਰੀ ਦੀ ਦਰ 2011 ਵਿੱਚ 3.8 ਫੀਸਦੀ, 2013 ਵਿੱਚ 4.9 ਫੀਸਦੀ ਅਤੇ 2015-16 ਵਿੱਚ ਵਧ ਕੇ 7.3 ਫੀਸਦੀ ‘ਤੇ ਪਹੁੰਚ ਗਈ ਹੈ। ਰੁਜ਼ਗਾਰ ਹਾਸਲ ਵਿਅਕਤੀਆਂ ਵਿੱਚੋਂ ਵੀ ਤੀਜਾ ਹਿੱਸਾ (1/3) ਨੂੰ ਪੂਰਾ ਸਾਲ ਕੰਮ ਨਹੀਂ ਮਿਲਦਾ ਜਦਕਿ ਕੁੱਲ ਪਰਿਵਾਰਾਂ ਵਿੱਚੋਂ 68 ਫੀਸਦੀ ਪਰਿਵਾਰਾਂ ਦੀ ਆਮਦਨ 10,000 ਰੁਪਏ ਮਹੀਨਾ ਤੋਂ ਵੀ ਘੱਟ ਹੈ। ਪੇਂਡੂ ਖੇਤਰਾਂ ਵਿੱਚ ਹਾਲਤ ਹੋਰ ਵੀ ਖ਼ਰਾਬ ਹੈ। ਇੱਥੇ 42 ਫੀਸਦੀ ਵਿਅਕਤੀਆਂ ਨੂੰ ਸਾਲ ਦੇ ਪੂਰੇ 12 ਮਹੀਨੇ ਕੰਮ ਨਹੀਂ ਮਿਲਦਾ। ਪੇਂਡੂ ਖੇਤਰ ਵਿੱਚ 77 ਫੀਸਦੀ ਪਰਿਵਾਰ 10,000 ਮਾਸਿਕ ਤੋਂ ਹੇਠਾਂ ਕਮਾਉਣ ਵਾਲੇ  ਹਨ।

ਇਹ ਹਨ ਉਹ ਅਸਲ ਕਰੂਪ ਸੱਚਾਈਆਂ ਜਿਹਨਾਂ ਨੂੰ ਲੁਕਾਉਣ ਲਈ ਹੀ ਇਹ ਮੋਦੀ ਲਾਣਾ ਇਹੋ ਜਿਹੇ ਫ਼ਰਜ਼ੀ ਮੁੱਦੇ ਉਭਾਰ ਰਿਹਾ ਹੈ। ਇੱਕ ਪਾਸੇ ਤਾਂ ਵਿਕਾਸ ਦੇ 7-8 ਫ਼ੀਸਦੀ ਦੀ ਰਫ਼ਤਾਰ ਨੂੰ ਛੂਹਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਬੇਰੁਜ਼ਗਾਰਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜ਼ਾਹਰਾ ਤੌਰ ‘ਤੇ ਇਸ ਵਿਕਾਸ ਦਾ ਫਾਇਦਾ ਸਿਰਫ਼ ਉੱਪਰਲੀ ਪੌੜੀ ਉੱਤੇ ਬੈਠੇ ਧਨਾਢ ਵਰਗ ਨੂੰ ਹੀ ਹੋਇਆ ਹੈ ਜਿਹਨਾਂ ਦੀ ਅਮੀਰੀ ਦਿਨੋ-ਦਿਨ ਵਧਦੀ ਜਾ ਰਹੀ ਹੈ ਅਤੇ ਉਹਨਾਂ ਲਈ ਹੀ ਇਹ ਸਾਰੇ ਸ਼ਾਪਿੰਗ ਮਾਲ ਆਦਿ ਬਣਾਏ ਜਾ ਰਹੇ ਹਨ। ਆਮ ਘਰਾਂ ਦੇ ਨੌਜਵਾਨ ਤਾਂ ਅਜੇ ਵੀ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਲਈ ਸਖ਼ਤ ਤਰੱਦਦ ਕਰ ਰਹੇ ਹਨ। ਇਸ ਲਈ ਅੱਜ ਸਾਨੂੰ ਸਮਝਣਾ ਹੋਵੇਗਾ ਕਿ ਭਾਰਤ-ਪਾਕਿਸਤਾਨ ਜਿਹੇ ਫ਼ਰਜ਼ੀ ਮੁੱਦਿਆਂ ਨੂੰ ਉਭਾਰਨ ਪਿੱਛੇ ਭਾਰਤ ਅਤੇ ਪਾਕਿਸਤਾਨ ਦੇ ਹਾਕਮਾਂ ਦੀਆਂ ਕੀ ਚਾਲਾਂ ਹਨ। ਅੱਜ ਸਾਡੇ ਅਸਲ ਮਸਲੇ ਆਪਣੇ ਘਰ ਵਿੱਚ ਹੀ ਹਨ ਅਤੇ ਲੋੜ ਹੈ ਕਿ ਅਸੀਂ ਬਿਹਤਰ ਸਿੱਖਿਆ ਅਤੇ ਰੁਜ਼ਗਾਰ ਮੁਹੱਈਆ ਕਰਾਉਣ ਲਈ ਆਪਣੀਆਂ ਸਰਕਾਰਾਂ ਤੋਂ ਜ਼ੋਰਦਾਰ ਮੰਗ ਕਰੀਏ ਅਤੇ ਵਿਦਿਆਰਥੀ-ਨੌਜਵਾਨ ਲਹਿਰ ਨੂੰ ਇਹਨਾਂ ਲੀਹਾਂ ਉੱਤੇ ਲਾਮਬੰਦ ਕਰੀਏ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements