ਭਾਰਤ ਵਿੱਚ ਨਾਸਤਿਕਤਾ ਦਾ ਸਵਾਲ ਅਤੇ ਸਾਡੀ ਵਿਰਾਸਤ •ਡਾ.ਸੁਖਦੇਵ ਹੁੰਦਲ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

2017 ਦਾ ਸਾਲ ਚੜ੍ਹਦਿਆਂ ਹੀ, ਪੰਜਾਬੀ ਭਵਨ ਲੁਧਿਆਣਾ ਵਿਖੇ, ਜਨਚੇਤਨਾ ਪੁਸਤਕ ਵਿੱਕਰੀ ਕੇਂਦਰ ‘ਤੇ ਇੱਕ ਹਿੰਦੂਤਵਵਾਦੀ ਜਥੇਬੰਦੀ ਦੇ ਹਮਲੇ ਨੇ, ਧਰਮ ਤੇ ਨਾਸਤਿਕਤਾ ਦੇ ਵਿਸ਼ੇ ‘ਤੇ ਲਿਖੀਆਂ ਕਿਤਾਬ ‘ਮੈਂ ਨਾਸਤਿਕ ਕਿਉਂ ਹਾਂ?’ ਅਤੇ ਰਾਧਾ ਮੋਹਨ ਗੋਕੁਲ ਦੀਆਂ ਕਿਤਾਬਾਂ ‘ਧਰਮ ਕਾ ਢਕੋਂਸਲਾ’, ‘ਈਸ਼ਵਰ ਕਾ ਬਹਿਸ਼ਕਾਰ’ ਅਤੇ ‘ਇਸਤ੍ਰੀਉਂ ਕੀ ਸਵਾਧੀਨਤਾ’ ਨੂੰ ਦੇਸ਼ ਧ੍ਰੋਹ ਅਤੇ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੀਆਂ ਕਿਤਾਬਾਂ ਦਾ ਫ਼ਤਵਾ ਦਿੱਤਾ ਹੈ। ਦੇਸ਼ ਦੀ ਜਵਾਨੀ ਦੇ ਪ੍ਰੇਰਨਾ ਸ੍ਰੋਤ ਸ਼ਹੀਦ ਭਗਤ ਸਿੰਘ ਅਤੇ ਇਨਕਲਾਬੀਆਂ ਦੇ ਪੂਰਾਂ ਦੇ ਪੂਰ ਤਿਆਰ ਕਰਨ ਵਾਲ਼ੇ, ਅਜ਼ਾਦੀ ਘੁਲਾਟੀਏ ਅਤੇ ਮਹਾਨ ਅਧਿਆਪਕ ‘ਰਾਧਾ ਮੋਹਨ ਗੋਕੁਲ’ ਬਾਰੇ ਏਨੀਂ ਘਟੀਆ ਤੇ ਕਮੀਨੀ ਟਿੱਪਣੀ ਕਰਨ ਵਾਲੇ, ਆਪੇ ਸਜੇ ਜੱਜਾਂ ਬਾਰੇ ਤਾਂ ਲੋਕ ਹੀ ਫ਼ੈਸਲਾ ਕਰਨਗੇ।  

ਪਰ ਜੋ ਸਵਾਲ ਉਠਾਇਆ ਗਿਆ ਹੈ ਉਸ ਬਾਰੇ ਗੰਭੀਰ ਗੱਲਬਾਤ ਕਰਨੀ ਜਰੂਰੀ ਹੈ। ਫਾਂਸੀ ਤੋਂ ਕੁਝ ਦਿਨ ਪਹਿਲਾਂ, ਸ਼ਹੀਦ ਭਗਤ ਸਿੰਘ ਨੇ ‘ਮੈਂ ਨਾਸਤਿਕ ਕਿਉਂ ਹਾਂ?’ ਲਿਖੀ। ਕੀ ਸਾਡੇ ਦੇਸ਼ ਦੀ ਨੌਜਵਾਨ ਪੀੜ੍ਹੀ ਅਤੇ ਸ਼ਹੀਦ ਭਗਤ ਸਿੰਘ ਦੇ ਸੁਪਨਿਆ ਦਾ ਸਮਾਜ ਸਿਰਜਣ ਦੀ ਜੱਦੋਜਹਿਦ ਵਿੱਚ ਲੱਗੀਆਂ ਸਾਡੇ ਦੇਸ਼ ਦੇ ਇਨਕਲਾਬੀਆਂ ਦੀਆਂ ਸਫਾਂ ਨੇ ਆਪਣੇ ਮਹਾਨ ਨਾਇਕ ਵਲੋਂ ਉਠਾਏ ਗਏ, ਇਸ ਗੰਭੀਰ ਦਾਰਸ਼ਨਿਕ ਮੁੱਦੇ ਪ੍ਰਤੀ, ਗੰਭੀਰਤਾ ਵਿਖਾਈ ਹੈ? ਮਾਰਕਸ, ਏਂਗਲਜ਼ ਅਤੇ ਲੈਨਿਨ ਨੇ, ਯੂਰਪ ਵਿੱਚ ਪ੍ਰਬੋਧਨ ਕਾਲ ਦੇ ਦੌਰਨ ਨਾਸਤਿਕਤਾ ਦੇ ਪ੍ਰਚਾਰ ਦੇ ਮਹੱਤਵ ਨੂੰ ਸਮਝਣ ਤੇ ਜ਼ੋਰ ਦਿੱਤਾ ਸੀ। ਸਾਡੇ ਦੇਸ਼ ਵਿੱਚ ਇਸ ਵੇਲੇ, ਪ੍ਰਗਟਾਵੇ ਦੀ ਅਜ਼ਾਦੀ ਅਤੇ ਹਰ ਤਰ੍ਹਾਂ ਦੇ ਜਮਹੂਰੀ ਸੰਘਰਸ਼ਾਂ ‘ਤੇ ਹਮਲੇ ਹੋ ਰਹੇ ਹਨ। ਅੰਨ੍ਹੇ ਕੌਮਵਾਦ ਫਿਰਕਾਪ੍ਰਸਤੀ ਅਤੇ ਧਾਰਮਿਕ ਉਨਮਾਦ ਦਾ ਮਹੌਲ ਸਿਰਜ ਕੇ , ਮਜ਼ਦੂਰ ਜਮਾਤ ਅਤੇ ਕਿਰਤੀ ਲੋਕਾਂ ਦੇ ਵਿਰੋਧ ਅਤੇ ਹਰ ਤਰ੍ਹਾਂ ਦੀ ਪਹਿਲ ਕਦਮੀ ਨੂੰ ਕੁਚਲਿਆ ਜਾ ਰਿਹਾ ਹੈ। ਆਮ ਧਾਰਨਾ ਪ੍ਰਚਾਰੀ ਜਾਂਦੀ ਹੈ ਕਿ ਸਾਡਾ ਦੇਸ਼ ਅਧਿਆਤਮਵਾਦੀ ਦਰਸ਼ਨਾਂ ਦਾ ਦੇਸ਼ ਹੈ, ਨਾਸਤਿਕਤਾ ਦੀ ਗੱਲ ਕਰਨ ਵਾਲਿਆਂ ਨੂੰ ਹਾਕਮ ਜਮਾਤਾਂ ਇੱਕ ਖ਼ਤਰੇ ਦੇ ਤੌਰ ‘ਤੇ ਵੇਖਦੀਆਂ ਹਨ। ਲੋਕ ਮਨਾ ਵਿੱਚ ਉਹਨਾਂ ਪ੍ਰਤੀ ਨਫਰਤ ਪੈਦਾ ਕਰਨ ਲਈ, ਧਾਰਮਿਕ ਜਥੇਬੰਦੀਆਂ ਅਤੇ ਆਪਣੇ ਪ੍ਰਚਾਰ ਸਾਧਨਾ ਰਾਹੀਂ  ਲਗਾਤਾਰ ਪ੍ਰਚਾਰ ਕੀਤਾ ਜਾਂਦਾ ਹੈ। ਤੁਸੀਂ ਆਪਣੇ ਆਲ਼ੇ-ਦੁਆਲ਼ੇ ਕਿਰਤੀ ਲੋਕਾਂ ਦੇ ਦੁੱਖਾਂ ਸੁੱਖਾਂ ਅਤੇ ਹੱਕਾਂ ਲਈ ਲੜਨ ਵਾਲੇ ਲਿਸਟ ਬਣਾਓ। ਤੁਸੀਂ ਵੇਖੋਗੇ ਕਿ ਉਹਨਾਂ ਉਹਨਾਂ ਵਿੱਚ ਬਹੁਗਿਣਤੀ ਇਨਕਲਾਬੀ ਨੌਜਵਾਨ ਅਤੇ ਬੁੱਧੀਜੀਵੀ, ਵਿਚਾਰਧਾਰਕ ਤੌਰ ਤੇ ਨਾਸਤਕ ਹੋਣਗੇ। ਇਸ ਦਾ ਇਹ ਮਤਲਬ ਨਹੀਂ ਕਿ ਸਾਰੇ ਹੀ ਇਲਕਲਾਬੀ ਅਤੇ ਲੋਕ ਹਿੱਤਾਂ ਲਈ ਗੱਲ ਕਰਨ ਵਾਲੇ ਲੋਕ ਨਾਸਤਕ ਹੋ ਗਏ ਹਨ। ਕਿਰਤੀ ਲੋਕਾਂ ਵਿੱਚ ਵੀ ਅਜਿਹੇ ਲੋਕਾਂ ਦੀ ਕਮੀ ਨਹੀਂ ਜਿਹੜੇ ਆਪਣੀਆਂ ਸਮਾਜਕ ਇਤਿਹਾਸਕ ਹਾਲਤਾਂ ਵਿੱਚ, ਸਮਾਜ ਵਿੱਚ ਪ੍ਰਚੱਲਤ ਭਾਰੂ ਸੱਭਿਆਚਾਰ ਦੇ ਪ੍ਰਭਾਵ ਤੋਂ ਮੁਕਤ ਨਹੀਂ ਹਨ। ਕਈ ਤਰ੍ਹਾਂ ਦੀਆਂ ਧਾਰਮਿਕ ਅਤੇ ਵਿਚਾਰਵਾਦੀ ਧਾਰਨਾਵਾਂ ਰੱਖਦੇ ਹੋਏ ਵੀ, ਮਜ਼ਦੂਰ ਜਮਾਤ ਇਸ ਸਮਾਜ ਨੂੰ ਚਲਾਉਣ ਵਾਲ਼ੀ, ਮੁੱਖ ਚਾਲਕ ਸ਼ਕਤੀ ਹੈ। ਸਰਮਾਏਦਾਰੀ ਪ੍ਰਬੰਧ ਨੂੰ ਚਲਾਉਣ ਵਾਲੀ ਮੁੱਖ ਚਾਲਕ ਸ਼ਕਤੀ ਮਜ਼ਦੂਰ ਜਮਾਤ ਪੈਦਾਵਾਰ ਸਬੰਧਾਂ ਵਿੱਚ ਆਪਣੇ ਸਥਾਨ ਕਰਕੇ ਇਹ ਭੂਮਿਕਾ ਨਿਭਾਉਂਦੀ ਹੈ। ਜਿੱਥੋਂ ਤੱਕ ਵਿਚਾਰਧਾਰਾ ਦਾ ਸਵਾਲ ਹੈ, ਮਜ਼ਦੂਰ ਜਮਾਤ ਨੂੰ ਆਪਣੀ ਮੁਕਤੀ ਲਈ, ਹਰ ਤਰ੍ਹਾਂ ਦੇ ਬੁਰਜੂਆ ਵਿਚਾਰਧਾਰਕ ਗਲਬੇ ਤੋਂ ਮੁਕਤ, ਆਪਣੇ ਹਰਾਵਲ ਦਸਤੇ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਨਾਸਤਿਕਤਾ ਦਾ ਸਵਾਲ, ਸਰਮਾਏਦਾਰੀ ਅਤੇ ਮਜ਼ਦੂਰ ਜਮਾਤ ਦੇ ਵਿਚਾਰਧਾਰਕ ਸੰਘਰਸ਼ ਵਿੱਚ, ਇੱਕ ਅਹਿਮ ਥਾਂ ਰੱਖਦਾ ਹੈ। ਭਾਵੇਂ ਇਹ ਇੱਕ ਮਾਤਰ ਸਵਾਲ ਨਹੀਂ ਹੈ। ਇਸ ਪ੍ਰਬੰਧ ਵਿੱਚ ਇਸ ਸਵਾਲ ਨੂੰ ਸਮਝਣ ਨੂੰ ਦੀ ਕੋਸ਼ਿਸ਼ ਕਰਾਂਗੇ।

ਕੀ ਧਰਮ ਦੀ ਹਮੇਸ਼ਾ ਹੋਂਦ ਰਹੀ ਹੈ? ਸਮਾਜ ਦਾ ਵਿਕਾਸ ਸਾਮਵਾਦੀ ਕਬਾਇਲੀ ਸਮਾਜ ਤੋਂ ਜਮਾਤੀ ਸਮਾਜ ਵਿੱਚ ਤਬਦੀਲੀ ਦੇ ਦੌਰ ਵਿੱਚੋਂ ਲੰਘਿਆ ਹੈ। ਲੱਖਾਂ ਸਾਲਾਂ ਦੀ ਸੱਭਿਅਤਾ ਦੇ ਯੁੱਗ ਤੋਂ ਪਹਿਲਾਂ ਦੇ ਯੁੱਗ ਵਿੱਚ ਧਰਮ ਦੀ ਹੋਂਦ ਨਹੀਂ ਸੀ। ਮਨੁੱਖ ਆਪਣੇ ਮੁੱਢਲੇ ਦੌਰ ਤੋਂ ਵਿਕਾਸ ਕਰਦਾ ਹੋਇਆ, ਟੌਟਮ ਅਤੇ ਜਾਦੂ ਵਰਗੇ ਵਿਸ਼ਵਾਸਾਂ ਦੇ ਦੌਰ ਵਿੱਚੋਂ ਗੁਜ਼ਰਦਾ ਹੋਇਆ ਧਰਮ ਦੇ ਪੜ੍ਹਾਅ ਤੇ ਪਹੁੰਚਿਆ। ਧਰਮ, ਮਨੁੱਖ ਦੇ ਸੁਭਾਅ ਦਾ ਸਹਿਜ ਰੂਪ ਵਿੱਚ ਅੰਗ ਨਹੀਂ ਸਗੋਂ ਇਤਿਹਾਸਕ ਵਿਕਾਸ ਦੇ ਇੱਕ ਪੜ੍ਹਾਅ ਤੋਂ ਪੈਦਾ ਹੁੰਦਾ ਹੈ। ਪੁਰਾਤਨ ਦੌਰ ਵਿੱਚ, ਮਨੁੱਖ, ਕੁਦਰਤ ਦੀਆਂ ਸ਼ਕਤੀਆਂ ਨਾਲ਼ ਸੰਘਰਸ਼ ਕਰਦਾ ਹੋਇਆ, ਪੈਦਾਵਾਰੀ ਸ਼ਕਤੀਆਂ ਦਾ ਵਿਕਾਸ ਕਰਦਾ ਹੈ। ਆਪਣੀ ਇਸ ਸਮੂਹਕ ਸਰਗਰਮੀ ਨਾਲ਼, ਜਦੋਂ ਉਹ ਵਾਫਰ ਪੈਦਾਵਾਰ ਕਰਨ ਦੇ ਯੋਗ ਹੋ ਗਿਆ ਤਾਂ ਸਮਾਜ ਜਮਾਤਾਂ ਵਿੱਚ ਵੰਡਿਆਂ ਗਿਆ। ਇੱਕ ਪਾਸੇ ਕੰਮ ਕਰਨ ਵਾਲ਼ੇ ਅਤੇ ਦੂਜੇ ਪਾਸੇ ਕਰਵਾਉਣ ਵਾਲ਼ਿਆਂ ਵਿੱਚ ਵੰਡਿਆਂ ਗਿਆ। ਏਂਗਲਜ਼ ਅਨੁਸਾਰ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੀ ਸੱਭਿਅਤਾ ਦਾ ਇਤਿਹਾਸ, ਜਮਾਤੀ ਟੱਕਰਾਂ ਦਾ ਇਤਿਹਾਸ ਹੈ। ਕਿਰਤ ਦੀ ਇਸ ਵੰਡ ਤੋਂ ਬਾਅਦ, ਕੰਮ ਕਰਵਾਉਣ ਵਾਲ਼ੇ ਇੱਕ ਹਿੱਸੇ ਵਲ਼ੋਂ, ਦੂਜੇ ਹਿੱਸੇ ਨੂੰ ਦਬਾਉਣ ਲਈ ਰਾਜ ਦੀ ਉਤਪਤੀ ਹੋਈ। ਰਾਜ ਦਾਬੇ ਦੇ ਹਥਿਆਰ ਦੇ ਰੂਪ ਵਿੱਚ ਪੈਦਾ ਹੋਇਆ। ਪਰ ਸਾਰੀ ਕੰਮ ਕਰਨ ਵਾਲ਼ੀ ਅਬਾਦੀ ਨੂੰ, ਬਲ ਨਾਲ਼ ਹੀ ਦਬਾਉਣਾ ਬੇਹੱਦ ਮੁਸ਼ਕਲ ਹੁੰਦਾ ਹੈ। ਦੂਜੇ ਪਾਸੇ ਅਬਾਦੀ ਦਾ ਇੱਕ ਹਿੱਸਾ ਵੇਹਲਾ ਹੋ ਕੇ, ਚਿੰਤਨ ਦੇ ਕੰਮ ਵਿੱਚ ਪੈ ਗਿਆ। ਇਸੇ ਚਿੰਤਨ ਵਿੱਚੋਂ, ਹਾਕਮ ਜਮਾਤਾਂ ਦੀ ਸਹਾਇਤਾ ਲਈ, ਧਰਮ ਦੀ ਉਤਪਤੀ ਹੋ ਗਈ, ਜਿਸ ਦਾ ਮੁੱਖ ਕੰਮ ਲੋਕਾਂ ਨੂੰ ਬਦਲੇ ਹੋਏ ਹਾਲਤਾਂ ਨੂੰ ਪ੍ਰਵਾਨ ਕਰਨ ਲਈ, ਭਾਣਾ ਮੰਨਣ ਦੀ ਸਿੱਖਿਆ ਦੇਣਾ ਸੀ। ਰਾਹੁਲ ਸਾਂਕ੍ਰਤਾਇਨ ਅਨੁਸਾਰ ਸਿਰਫ਼ ਵਿਸ਼ਵਾਸ ਨਾਲ਼ ਹੀ ਸਾਡੇ ਲੋਕਾਂ ਨੂੰ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ, ਇਸ ਲਈ ਉੱਨਤ ਦਿਮਾਗਾਂ ਨੂੰ ਸਿਧਾਉਣ ਲਈ, ਹਾਕਮ ਜਮਾਤਾਂ ਦੀ ਸੇਵਾ ਲਈ, ਤਰਕ ਦਾ ਹਥਿਆਰ ਲੈ ਕੇ, ਦਰਸ਼ਨ ਆ ਹਾਜ਼ਰ ਹੋਇਆ।

ਤੇਜ਼ ਸਮਾਜਕ ਤਬਦੀਲੀਆਂ ਦਾ ਦੌਰ, ਬੇਹੱਦ ਸਰਗਰਮ ਬੌਧਿਕ ਬਹਿਸਾਂ ਅਤੇ ਵਿਚਾਰਧਾਰਕ ਟੱਕਰਾਂ ਦਾ ਦੌਰ ਵੀ ਹੁੰਦਾ ਹੈ। ਪੁਰਾਤਨ ਭਾਰਤੀ ਦਰਸ਼ਨ ਅਤੇ ਯੂਨਾਨੀ ਦਰਸ਼ਨ ਇਸ ਦੀਆਂ ਮਿਸਾਲਾਂ ਹਨ। ਚੀਜ਼ਾਂ ਵਿਰੋਧ ਤੋਂ ਬਿਨ੍ਹਾਂ ਅੱਗੇ ਨਹੀਂ ਵਧਦੀਆਂ। ਵਿਰੋਧ ਵਿਕਾਸ, ਹਰੇਕ ਗਤੀਸ਼ੀਲ ਵਰਤਾਰੇ ਦਾ ਨਿਯਮ ਹੈ। ਹਾਕਮ ਜਮਾਤਾਂ ਦੀ ਸੇਵਾ ਲਈ ਪੈਦਾ ਹੋਏ ਧਰਮ ਅਤੇ ਦਰਸ਼ਨ ਦਾ ਵਿਰੋਧੀ ਪੱਖ, ਉਸ ਦੇ ਨਾਲ਼ ਹੀ ਪੈਦਾ ਹੋ ਜਾਂਦਾ ਹੈ। ਦਰਸ਼ਨ ਦੇ ਸਬੰਧ ਵਿੱਚ ਇਹ ਵੰਡ, ਵਿਚਾਰਧਾਵਾਦੀ ਅਤੇ ਪਦਾਰਥਵਾਦੀ ਦਰਸ਼ਨ ਦੀ ਟੱਕਰ ਦੇ ਰੂਪ ਵਿੱਚ ਸਾਹਮਣੇ ਆਈ। ਮਨੁੱਖੀ ਵਿਕਾਸ ਦੇ ਇਸ ਬੇਹੱਦ ਜਟਿਲ ਵਰਤਾਰੇ ਦੇ ਹੋਰ ਵੀ ਕਈ ਪੱਖ ਹਨ। ਪਰ ਏਥੇ ਅਸੀਂ ਇਸ ਦੇ ਕੇਂਦਰੀ ਨੁਕਤੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ।

ਸਰਮਾਏਦਾਰੀ ਦੇ ਦੌਰ ਤੋਂ ਪਹਿਲਾਂ ਦੇ ਸਾਰੇ ਜਮਾਤੀ ਢਾਂਚਿਆਂ ਵਿੱਚ ਅਤੇ ਖਾਸ ਕਰਕੇ ਜਗੀਰਦਾਰੀ ਦੇ ਲੰਬੇ ਦੌਰ ਵਿੱਚ, ਹਾਕਮ ਜਮਾਤਾਂ ਦੇ ਵਿਚਾਰਧਾਰਕ ਗਲਬੇ ਨੂੰ ਕਾਇਮ ਰੱਖਣ ਲਈ, ਧਰਮ ਦੀ ਮੁੱਖ ਭੂਮਿਕਾ ਰਹੀ ਹੈ। ਏਥੋਂ ਤੱਕ ਕਿ ਇਤਿਹਾਸ ਵਿੱਚ ਐਸੀਆਂ ਵੀ ਮਿਸਾਲਾਂ ਮਿਲ ਜਾਂਦੀਆਂ ਹਨ ਜਦੋਂ ਹਾਕਮਾਂ ਦੇ ਵਿਰੋਧ ਵਿੱਚ ਉੱਠਣ ਵਾਲ਼ੇ, ਲੋਕਾਂ ਦੇ ਸੰਘਰਸ਼ ਵੀ, ਧਾਰਮਿਕ ਪ੍ਰਬੰਧ ਵਿੱਚ ਉੱਠੇ। ਜਦੋਂ ਹਾਕਮਾਂ ਦਾ ਜ਼ਬਰ, ਵਿਰੋਧ ਦੇ ਹਰੇਕ ਰੂਪ ਨੂੰ ਤਬਾਹ ਕਰਨ ਤੇ ਉੱਤਰ ਆਉਂਦਾ ਤਾਂ ਲੋਕਾਂ ਦਾ ਵਿਰੋਧ, ਹਾਕਮ ਜਮਾਤਾਂ ਦੇ ਬਣਾਏ ਹੋਏ ਢਾਚਿਆਂ ਦੇ ਅੰਦਰੋਂ ਹੀ, ਆਪਣਾ ਰਸਤਾ ਤਲਾਸ਼ ਲੈਂਦਾ ਹੈ। ਇਸ ਲਈ ਇਤਿਹਾਸ ਵਿੱਚ ਕਈ ਧਾਰਮਿਕ ਲਹਿਰਾਂ ਦਾ ਲੋਕ-ਪੱਖੀ ਚਿਹਰਾ ਨਜ਼ਰ ਆਉਂਦਾ ਹੈ ਤਾਂ ਇਸ ਦਾ ਵੀ ਆਪਣਾ ਇਤਿਹਾਸਕ ਮਹੱਤਵ ਹੈ। ਬੇਸ਼ਕ ਅੱਗੇ ਜਾ ਕੇ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਜਾਂ ਧਰਮ ਆਪਣੇ ਉਲਟ ਵਿੱਚ ਬਦਲ ਜਾਂਦੇ ਹਨ। ਮੁੱਖ ਤੌਰ ‘ਤੇ ਧਰਮ ਹਾਕਮ ਜਮਾਤਾਂ ਦੇ ਹੱਕ ਵਿੱਚ ਹੀ ਭੁਗਤਦਾ ਹੈ। ਅਤੇ ਇਹ ਇੱਕ ਇਤਿਹਾਸਕ ਵਰਤਾਰਾ ਹੈ।

ਆਸਤਿਕਤਾ ਅਤੇ ਨਾਸਤਿਕਤਾ ਦਾ ਸਵਾਲ ਧਰਮ ਨਾਲ਼ ਸਬੰਧਤ ਹੈ। ਹਾਕਮ ਜਮਾਤਾਂ ਵਲ਼ੋਂ, ਲੋਕਾਂ ਵਲ਼ੋਂ ਹੋਣ ਵਾਲ਼ੇ ਹਰ ਤਰ੍ਹਾਂ ਦੇ ਵਿਰੋਧ ਤੋਂ ਨਾਸਤਿਕਤਾ ਦਾ ਠੱਪਾ ਲਾ ਕੇ, ਆਮ ਲੋਕਾਂ ਨੂੰ ਗੁਮਰਾਹ ਕਰਨ ਦਾ ਇਤਿਹਾਸ ਰਿਹਾ ਹੈ। ਮੁੱਢਲੀ ਈਸਾਈਅਤ ਦੇ ਦੌਰ ਵਿੱਚ ਉਹਨਾਂ ਨੂੰ ਨਾਸਤਿਕ ਗਰਦਾਨਿਆਂ ਗਿਆ। ਸਿੱਖ ਪੰਥ ਦੇ ਮੋਢੀ ਗੁਰੂ ਨਾਨਕ ਨੂੰ, ‘ਕੋਈ ਕਹੇ ਭੂਤਨਾ, ਕੋਈ ਬੇਤਾਲਾ… ‘ ਵਰਗੇ ਲਜਾਂ ਦਾ ਸਾਹਮਣਾ ਕਰਨਾ ਪਿਆ।

ਸਵਾਲ ਪੈਦਾ ਹੁੰਦਾ ਹੈ ਕਿ ਇਤਿਹਾਸਕ ਤੌਰ ‘ਤੇ ਹਾਕਮ ਜਮਾਤਾਂ ਦੀ ਸੇਵਾ ਲਈ ਪੈਦਾ ਹੋਏ ਧਰਮ ਦੀਆਂ, ਆਮ ਕਿਰਤੀ ਲੋਕਾਂ ਵਿੱਚ ਏਨੀਆਂ ਮਜ਼ਬੂਤ ਜੜ੍ਹਾ ਦਾ ਕੀ ਕਾਰਨ ਹੈ? ਜਮਾਤੀ ਪ੍ਰਬੰਧ ਆਮ ਲੋਕਾਂ ਲਈ ਅਥਾਹ ਮੁਸੀਬਤਾਂ ਲੈ ਕੇ ਆਉਂਦਾ ਹੈ। ਅਸੁਰੱਖਿਆ ਤੇ ਡਰ ਦੀ ਭਾਵਨਾ, ਹਰ ਤਰ੍ਹਾਂ ਦੇ ਭਰਮ ਪੂਰਣ ਵਿਚਾਰਾਂ ਲਈ, ਜ਼ਰਖੇਜ਼ ਅਧਾਰ ਮੁਹੱਈਆ ਕਰਾਉਂਦੀ ਹੈ। ਧਰਮ ਲੋਕਾਂ ਲਈ, ਇੱਕ ਭਰਮਪੂਰਣ ਸਹਾਰੇ ਦੇ ਰੂਪ ਵਿੱਚ ਮੱਲ੍ਹਮ ਦਾ ਕੰਮ ਕਰਦਾ ਹੈ। ਇਸ ਵਰਤਾਰੇ ਨੂੰ ਸਮਝਣ ਲਈ ਕਾਰਲ ਮਾਰਕਸ ਦੀਆਂ ਧਰਮ ਸਬੰਧੀ ਲਿਖਤਾਂ ਪੜ੍ਹਨੀਆਂ ਚਾਹੀਦੀਆਂ ਹਨ। ਇਸ ਲਈ ਕਿਰਤੀ ਲੋਕਾਂ ਦੀ ਮੁੱਖ ਲੜਾਈ ਧਰਮ ਵਿਰੁੱਧ ਨਹੀਂ ਸਗੋਂ ਗੈਰ-ਮਨੁੱਖੀ ਹਾਲਤਾਂ ਵਿਰੁੱਧ ਹੈ ਜਿਸਨੇ ਇਸ ਨੂੰ ਪੈਦਾ ਕੀਤਾ ਹੈ। ਲੋਕਾਂ ਦੀ ਸੱਚੀ ਮੁਕਤੀ, ਉਹਨਾਂ ਹਾਲਤਾਂ ਨੂੰ ਬਦਲਣ ਨਾਲ਼ ਹੀ ਹੋ ਸਕਦੀ ਹੈ। ਮਜ਼ਦੂਰ ਜਮਾਤ ਦੇ ਮੁਕਤੀ ਸੰਗਰਾਮ ਤੋਂ ਨਿਖੇੜ ਕੇ, ਨਿਰੋਲ ਬੌਧਿਕ ਸਰਗਰਮੀ ਦੇ ਖੇਤਰ ਵਿੱਚ ਇਸ ਵਿਸ਼ੇ ਤੋਂ ਕੀਤੀ ਜਾਣ ਵਾਲੀ ਕੋਈ ਵੀ ਬਹਿਸ ਸਾਰਥਕ ਨਤੀਜਾ ਨਹੀਂ ਕੱਢ ਸਕਦੀ।

ਭਾਰਤੀ ਇਤਿਹਾਸ ਵਿੱਚ ਆਸਤਿਕ ਤੇ ਨਾਸਤਿਕ ਦੀ ਪਰਿਭਾਸ਼ਾ :  

ਕੇ.ਦਾਮੋਦਰਨ ਦੇ ਅਨੁਸਾਰ ਭਾਰਤ ਦੀਆਂ ਮੁੱਖ ਦਾਰਸ਼ਨਿਕ ਪ੍ਰਣਾਲੀਆਂ ਨੂੰ ਆਮ ਤੌਰ ‘ਤੇ ਦੋ ਵਰਗਾਂ ਵਿੱਚ ਵੰਡਿਆਂ ਜਾ ਸਕਦਾ ਹੈ। ਆਸਤਿਕ ਦਰਸ਼ਨ ਅਤੇ ਨਾਸਤਿਕ ਦਰਸ਼ਨ। ਪਤੰਜਲੀ ਦੇ ਅਨੁਸਾਰ ਆਸਤਿਕ ਦਾ ਅਰਥ ਹੈ ਉਹ ਜੋ “ਅਸਤੀ” ਨੂੰ ਮੰਨਦਾ ਹੈ ਅਤੇ ਨਾਸਤਿਕ ਉਹ ਜੋ “ਨਾਸਤੀ” ਨੂੰ ਮੰਨਦਾ ਹੈ। ਆਸਤਿਕ ਉਹ ਮੰਨਿਆ ਜਾਂਦਾ ਹੈ ਜੋ ਇਹ ਵਿਸ਼ਵਾਸ ਕਰਦਾ ਹੈ ਕਿ ਪਰਲੋਕ ਹੈ। ਨਾਸਤਿਕ ਪਰਲੋਕ ਵਿੱਚ ਵਿਸ਼ਵਾਸ ਨਹੀਂ ਰੱਖਦਾ ਸੀ। ਪਰ ਅੱਗੇ ਚੱਲ ਕੇ ਇਹਨਾਂ ਸ਼ਬਦਾਂ ਨਾਲ਼ ਨਵੇਂ ਅਰਥ ਜੁੜ ਗਏ। ਨਵੇਂ ਵਰਗੀਕਰਨ ਵਿੱਚ ਵੇਦਾਂ ਦੀ ਸੱਤਾ ਨੂੰ ਮੰਨਣਾ ਜਾਂ ਨਾ ਮੰਨਣਾ ਮੁੱਖ ਹੋ ਗਿਆ। ਇਸ ਅਨੁਸਾਰ ਸਾਂਖ, ਯੋਗ, ਨਿਆਏ, ਵੇਦਾਂਤ, ਮੀਮਾਂਸਾ, ਅਤੇ ਵੈਸ਼ੇਸ਼ਕ ਪ੍ਰਣਾਲੀਆਂ ਵੇਦਾਂ ਦੀ ਸੱਤਾ ਨੂੰ ਪ੍ਰਵਾਨ ਕਰਨ ਕਰਕੇ ਆਰਥਿਕ ਦਰਸ਼ਨ ਦੇ ਖੇਮੇ ਵਿੱਚ ਆ ਗਈਆਂ ਅਤੇ ਲੋਕਾਇਤ, ਬੁੱਧ ਦਰਸ਼ਨ ਨਾਲ਼ ਸਬੰਧਤ ਮਾਧਿੱਅਮਕਾ, ਸੌਤਾਂਤਰਿਤਕਾ, ਵੈਭਾਸ਼ਿਕਾ ਅਤੇ ਜੈਕ ਪ੍ਰਣਾਲੀਆਂ ਨਾਸਤਿਕ ਦਰਸ਼ਨ ਹੋ ਗਈਆਂ। ਦਰਸ਼ਨ ਦਾ ਇੱਕ ਹੋਰ ਮੁੱਖ ਸਵਾਲ ਸੀ ਕਿ ਇਸ ਸੰਸਾਰ ਦੀ ਰਚਨਾ ਕਿਸ ਨੇ ਕੀਤੀ। ਕੀ ਪ੍ਰਮਾਤਮਾ ਜਾਂ ਰੱਬ ਵਰਗੀ, ਸੰਸਾਰ ਤੋਂ ਬਾਹਰ ਕਿਸੇ ਗੈਬੀ ਸ਼ਕਤੀ ਨੇ ਸੰਸਾਰ ਦੀ ਰਚਨਾ ਕੀਤੀ। ਇਸ ਵੰਡ ਅਨੁਸਾਰ, ਲੋਕਾਇਤ, ਸਾਂਖ, ਨਿਆਏ, ਵੈਸ਼ੇਸ਼ਕ, ਬੁੱਧ ਤੇ ਜੈਕ ਮੱਤ, ਸੰਸਾਰ ਤੋਂ ਬਾਹਰ ਕਿਸੇ ਬ੍ਰਹਮ ਜਾਂ ਰੱਬ ਦੀ ਹੋਂਦ ਨੂੰ ਰੱਦ ਕਰਦੇ ਸਨ, ਅਤੇ ਅਨੀਸ਼ਵਰਵਾਦੀ ਦਰਸ਼ਨ ਦੇ ਖੇਮੇ ਵਿੱਚ ਆਉਂਦੇ ਸਨ। ਜੇ ਰੱਬ ਦੀ ਹੋਂਦ ਤੋਂ ਇਨਕਾਰ ਕਰਨਾ ਨਾਸਤਿਕਤਾ ਹੈ ਤਾਂ ਇਹ ਨਾਸਤਿਕ ਮੱਤ ਸਨ। ਇੱਕ ਹੋਰ ਮਹੱਤਵਪੂਰਨ ਵਰਗੀਕਰਨ ਹੈ, ਵਿਚਾਰਵਾਦ ਅਤੇ ਪਦਾਰਥਵਾਦ ਦੇ ਨਜ਼ਰੀਏ ਤੋਂ। ਇਸ ਨਜ਼ਰੀਏ ਤੋਂ ਭਾਰਤੀ ਦਰਸ਼ਨਾਂ ਦੀ ਵੱਡੀ ਗਿਣਤੀ ਪਦਾਰਥਵਾਦੀ ਦ੍ਰਿਸ਼ਟੀਕੋਣ ਰੱਖਦੀ ਹੈ। ਅੱਗੇ ਚੱਲ ਕੇ, ਜਗੀਰਦਾਰੀ ਦੌਰ ਦੇ ਬੇਹੱਦ ਜ਼ਾਬਰ ਮਹੌਲ ਵਿੱਚ ਕਈ ਪਦਾਰਥਵਾਦੀ ਦਰਸ਼ਨਾਂ ਦੇ ਪੈਰੋਕਾਰ ਸਮਝੌਤਾਵਾਦੀ ਰੁੱਖ ਅਖਤਿਆਰ ਕਰਦੇ ਹਨ ਪਰ ਫਿਰ ਵੀ ਉਹਨਾਂ ਦੀਆਂ ਲਿਖਤਾਂ ਵਿੱਚ, ਪਦਾਰਥਵਾਦੀ ਦ੍ਰਿਸ਼ਟੀਕੋਣ ਅਨੁਸਾਰ ਚੀਜ਼ਾਂ ਨੂੰ ਸਮਝਣ ਦੇ ਸਿਧਾਂਤ, ਪੂਰੀ ਤਰ੍ਹਾਂ ਅਲੋਪ ਨਹੀਂ ਹੁੰਦੇ। ਵਿਗਿਆਨ ਦੇ ਖੇਤਰ ਵਿੱਚ, ਖਾਸ ਕਰਕੇ ਖਗੋਲ ਵਿਗਿਆਨ ਅਤੇ ਮੈਡੀਕਲ ਵਿਗਿਆਨ ਵਿੱਚ, ਪਦਾਰਥਵਾਦੀ ਦਰਸ਼ਨ ਦੀ ਬਹੁਤ ਵੱਡੀ ਭੂਮਿਕਾ ਰਹੀ ਹੈ। ਜਿਸ ਦਾ ਪ੍ਰਸਿੱਧ ਅਰਬੀ ਵਿਗਿਆਨੀ ਤੇ ਵਿਦਵਾਨ ਅਲ ਬੈਰੂਕੀ ਨੇ ਵੀ ਹਵਾਲਾ ਦਿੱਤਾ ਹੈ। ਮੁੱਖ ਗੱਲ ਇਹ ਹੈ ਕਿ ਭਾਰਤੀ ਦਰਸ਼ਨ ਦੀ ਪ੍ਰੰਪਰਾ ਵਿੱਚ ਪਦਾਰਥਵਾਦੀ ਨਜ਼ਰੀਆ, ਵਿਚਾਰਵਾਦ ਦੀ ਟੱਕਰ ਵਿੱਚ ਬੇਹੱਦ ਮਜ਼ਬੂਤੀ ਨਾਲ਼ ਖੜਾ ਨਜ਼ਰ ਆਉਂਦਾ ਹੈ। ਜੇ ਪਦਾਰਥਵਾਦੀ ਦਰਸ਼ਨ, ਨਾਸਤਿਕ ਦਰਸ਼ਨ ਹੈ ਤਾਂ ਭਾਰਤ ਵਿੱਚ ਨਾਸਤਿਕਤਾ ਦੀ ਬੇਹੱਦ ਅਮੀਰ ਵਿਰਾਸਤ ਮੌਜੂਦ ਹੈ। ਸਭ ਤੋਂ ਮਜ਼ਬੂਤੀ ਨਾਲ਼, ਵਿਚਾਰਵਾਦ ਨਾਲ਼ ਟੱਕਰ ਲੈਣ ਵਾਲੇ ਦਰਸ਼ਨ, ਲੋਕਾਇਤ ਦੇ ਸਾਰੇ ਗ੍ਰੰਥ, ਹਾਕਮ ਜਮਾਤਾਂ ਵੱਲੋਂ ਤਬਾਹ ਕਰ ਦਿੱਤੇ ਗਏ ਪਰ ਫਿਰ ਵੀ ਵਿਚਾਰਵਾਦੀ ਦਰਸ਼ਨ ਨਾਲ਼ ਸਬੰਧਤ ਸ਼ਾਇਦ ਕੋਈ ਵੱਡਾ ਗ੍ਰੰਥ ਹੋਵੇਗਾ ਜਿਸ ਵਿੱਚ ਲੋਕਾਇਤ ਦਰਸ਼ਨ ਦੇ ਵਿਰੁੱਧ ਕੁਝ ਦਾ ਕੁਝ ਲਿਖਿਆ ਨਾ ਹੋਵੇ। ਇਹ ਪਦਾਰਥਵਾਦੀ ਧਾਰਾ ਦੇ ਸਭ ਤੋਂ ਦ੍ਰਿੜ ਦਰਸ਼ਨ, ਲੋਕਾਇਤ ਦੀ ਮਜ਼ਬੂਤ ਹੋਂਦ ਦਾ ਸਬੂਤ ਹੈ।

ਨਿਚੋੜ ਇਹ ਹੈ ਕਿ ਭਾਰਤ ਵਿਚਾਰਵਾਦੀ ਦਰਸ਼ਨ ਨੂੰ ਮੰਨਣ ਵਾਲ਼ਾ, ਅਧਿਆਤਮਵਾਦੀ ਦੇਸ਼ ਹੈ, ਇਹ ਧਾਰਨਾ ਹਕੀਕਤਾਂ ਨਾਲ਼ ਮੇਲ ਨਹੀਂ ਖਾਂਦੀ। ਇੱਥੇ ਪਦਾਰਥਵਾਦੀ ਦਰਸ਼ਨ ਦੀ ਸ਼ਾਨਦਾਰ ਵਿਰਾਸਤ ਵੀ ਮੌਜੂਦ ਰਹੀ ਹੈ। ਰੱਬ ਨੂੰ ਨਾ ਮੰਨਣ ਵਾਲੇ ਅਨੀਸ਼ਵਰਵਾਦੀ ਦਰਸ਼ਨ ਵੀ ਰਹੇ ਹਨ ਅਤੇ ਵੇਦਾਂ ਦੀ ਸੱਤਾ ਨੂੰ ਵੰਗਾਰਨ ਵਾਲੇ ਮੱਤ ਵੀ ਬੜੇ ਮਜ਼ਬੂਤ ਸਨ।

ਸਾਡਾ ਵਰਤਮਾਨ ਸਮਾਂ, ਸਰਮਾਏਦਾਰੀ ਢਾਂਚੇ ਦੇ ਆਖਰੀ ਪੜਾਅ ਵਿੱਚ ਹੈ। ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਨ ਵਾਲ਼ੇ ਜਮਾਤ ਰਹਿਤ ਸਮਾਜ ਦੀ ਸਥਾਪਨਾ ਲਈ, ਬਾਹਰਮੁਖੀ ਅਧਾਰ ਤਿਆਰ ਹੋ ਚੁੱਕਾ ਹੈ। 21ਵੀਂ ਸਦੀ ਦੇ ਨਵੇਂ ਸਮਾਜਵਾਦੀ ਇਨਕਲਾਬਾਂ ਦੀ ਤਿਆਰੀ ਲਈ ਲੋਕਾਂ ਵਿੱਚ ਅਤੇ ਖਾਸ ਕਰਕੇ ਮਜ਼ਦੂਰ ਜਮਾਤ ਵਿੱਚ ਘਰ ਕਰੀ ਬੈਠੇ ਬੁਰਜੂਆ ਵਿਚਾਰਧਾਰਕ ਗਲਬੇ ਵਿਰੁੱਧ ਘੋਲ ਦਾ ਮਹੱਤਵ ਬਹੁਤ ਵਧ ਗਿਆ ਹੈ। ਦੂਜੇ ਪਾਸੇ ਸੰਸਾਰ ਵਿੱਚ ਅਤੇ ਭਾਰਤ ਵਿੱਚ ਵੀ ਫਾਸ਼ੀਵਾਦੀ ਰੁਝਾਨ ਜੋਰ ਫੜ ਰਹੇ ਹਨ। ਅੰਨ੍ਹਾ-ਕੌਮਵਾਦੀ ਉਨਮਾਦ, ਫਿਰਕਾਪ੍ਰਸਤੀ, ਜਾਤ-ਪਾਤ ਅਤੇ ਹਰ ਤਰ੍ਹਾਂ ਦੇ ਪਿਛਾਖੜੀ ਵਿਚਾਰਾਂ ਨਾਲ਼ ਲੈੱਸ, ਇਹ ਮਜ਼ਦੂਰ ਜਮਾਤ ਵਿਰੁੱਧ, ਜਮਹੂਰੀ ਘੋਲਾਂ ਅਤੇ ਹਰ ਤਰ੍ਹਾਂ ਦੇ ਅਜ਼ਾਦ ਚਿੰਤਨ ਅਤੇ ਵਿਚਾਰਾਂ ਵਿਰੁੱਧ ਹਮਲਾ ਹੈ। ਸਾਨੂੰ ਆਪਣੀ ਸ਼ਾਨਦਾਰ ਵਿਰਾਸਤ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ। ਬੀਤੇ ਦੇ ਸਾਡੇ ਇਤਿਹਾਸ ਵਿੱਚ, ਹਾਕਮ ਜਮਾਤਾਂ ਦੇ ਕਾਰਨਾਮੇ, ਵਰਣ-ਜਾਤ ਵਿਵਸਥਾ, ਮਨੂੰ ਸਿਮ੍ਰਤੀ ਵਰਗੇ ਵਿਧਾਨ, ਅੰਧ- ਵਿਸ਼ਵਾਸ ਅਤੇ ਹੋਰ ਬਹੁਤ ਕੁਝ ਦਕੀਆਨੂਸੀ ਕਿਸਮ ਦੇ ਵਿਚਾਰ, ਜਿਹਨਾਂ ਨੇ ਕਿਰਤੀ ਲੋਕਾਂ ਦੇ ਪੈਰੀਂ ਬੇੜੀਆਂ ਦਾ ਕੰਮ ਕੀਤਾ, ਸਾਡੀ ਵਿਰਾਸਤ ਨਹੀਂ ਹੈ। ਮਨੁੱਖ ਜਾਤੀ ਦੇ ਇਤਿਹਾਸ ਵਿੱਚ, ਮੁਕਤੀ ਅਤੇ ਅਜ਼ਾਦੀ ਲਈ ਲੜੇ ਗਏ ਘੋਲ, ਚਾਹੇ ਉਹ ਗੁਲਾਮਾਂ ਦੇ ਵਿਦਰੋਹ ਹੋਣ ਜਾਂ ਜਗੀਰਦਾਰੀ ਦੌਰ ਵਿੱਚ ਕਿਸਾਨਾਂ ਦੇ ਸੰਘਰਸ਼ ਹੋਣ, ਸਾਡੀ ਵਿਰਾਸਤ ਹਨ। ਵਿਚਾਰਧਾਰਾ ਦੇ ਖੇਤਰ ਵਿੱਚ, ਵਿਰੋਧ-ਵਿਕਾਸੀ ਪਦਾਰਥਵਾਦੀ ਦਰਸ਼ਨ, ਮਜ਼ਦੂਰ ਜਮਾਤ ਦੀ ਮੁਕਤੀ ਦਾ ਰਾਹ ਦਰਸਾਵਾ ਸਿਧਾਂਤ ਹੈ ਅਤੇ ਪਦਾਰਥਵਾਦੀ ਦਾਰਸ਼ਨਿਕ ਪ੍ਰਣਾਲੀਆਂ ਦਾ ਇਤਿਹਾਸ ਸਾਡੀ ਵਿਰਾਸਤ ਹੈ।

-10 ਜਨਵਰੀ 2017

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 24, ਸਾਲ 5, 1 ਤੋਂ 15 ਫਰਵਰੀ 2017 ਵਿੱਚ ਪ੍ਰਕਾਸ਼ਤ

 

Advertisements