ਭਾਰਤ ਵਿੱਚ ਪੱਤਰਕਾਰਾਂ ‘ਤੇ ਵਧ ਰਹੇ ਹਮਲੇ •ਤਜਿੰਦਰ

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਰਮਾਏਦਾਰਾ ਮੀਡੀਆ ਜਿਸ ਨੂੰ ਸਰਮਾਏਦਾਰਾ “ਜਮਹੂਰੀਅਤ” ਦੇ “ਚੌਥੇ ਥੰਮ” ਵਜੋਂ ਪਰਚਿਆ ਜਾਂਦਾ ਹੈ। ਪਰ ਜਿਸ ਦਾ ਅਸਲ ਮਕਸਦ ਮੁਨਾਫਾ ਕਮਾਉਣਾਂ ਅਤੇ ਲੋਕਾਂ ਦੇ ਦਿਮਾਗਾਂ ‘ਚ ਹਾਕਮ ਜਮਾਤ ਦੀ ਵਿਚਾਰਧਾਰਾ ਦਾ ਗਲਬਾ ਸਥਾਪਤ ਕਰਨਾ ਹੈ। ਜੋ ਦੇਸ਼ ਦੇ ਵੱਖ-ਵੱਖ ਕਾਰਪੋਰੇਟ ਘਰਾਣਿਆਂ ਤੇ ਵੋਟ ਵਟੋਰੂ ਪਾਰਟੀਆਂ ਦੀ ਨੁਮਾਇੰਦਗੀ ਕਰਦਾ ਹੈ। ਜਿਸ ਦਾ ਲੋਕ ਮੁੱਦਿਆ ਨਾਲ਼ “ਸਰੋਕਾਰ” ਸਿਰਫ ਏਨਾ ਹੀ ਹੈ ਕਿ ਮੌਜੂਦਾ ਢਾਂਚੇ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਨੰਗਾ ਹੋਣ ਤੋਂ ਬਚਾਇਆ ਜਾ ਸਕੇ। ਜਿਸ ਵਿੱਚ ਸੱਚ ਨੂੰ ਹਾਕਮ ਜਮਾਤ ਦੇ ਕਿਸੇ ਇੱਕ ਧੜੇ ਦੇ ਹੱਕ ਵਿੱਚ ਭਗੁਤਾਇਆ ਜਾਂਦਾ ਹੈ। ਬੇਸ਼ੱਕ ਇਸ ਵਿੱਚ ਕੁਝ ਪੱਤਕਾਰ ਜਾਂ ਮੀਡੀਆ ਨਾਲ਼ ਸਬੰਧਿਤ ਲੋਕਾਂ ਵਿੱਚੋਂ ਨਿੱਜੀ ਤੌਰ ਤੇ ਅਜਿਹੇ ਲੋਕ ਹਨ (ਜਿਹਨਾਂ ਦੀ ਗਿਣਤੀ ਲਗਭਗ ਨਾ ਦੇ ਬਰਾਬਰ ਹੈ) ਜੋ ਲੋਕ ਹਿੱਤ ਵਿੱਚ ਸੋਚਦੇ ਹਨ। ਪਰ ਉਹਨਾਂ ਦੇ ਵਿਰੋਧ ਦੀ ਸੁਰ ਵੀ ਇਹ ਢਾਂਚਾ ਇੱਕ ਹੱਦ ਤੱਕ ਹੀ ਬਰਦਾਸ਼ਤਾ ਕਰਦਾ ਹੈ। ਜਦੋਂ ਵੀ ਇਹ ਸੁਰ ਇਸ ਦੇ ਕੰਨਾ ਲਈ ਤਕਲੀਫ ਦਾਈ ਬਣਿਅ ਹੈ ਅਜਿਹੇ ਲੋਕ ਪੱਖੀ ਪੱਤਰਕਾਰਾਂ ਦੀ ਅਵਾਜ਼ ਦਬਾਈ ਵੀ ਜਾਂਦੀ ਰਹੀ ਹੈ।

ਖੇਤਰੀ ਅਤੇ ਕੇਂਦਰ ‘ਚ ਸਮੇਂ-ਸਮੇਂ ‘ਤੇ ਸੱਤਾ ‘ਚ ਰਹੀਆਂ ਵੱਖ-ਵੱਖ ਪਾਰਟੀਆਂ ਦੁਆਰਾ ਪੱਤਰਕਾਰਾਂ ਦੇ ਕਤਲ ਅਤੇ ਉਹਨਾਂ ‘ਤੇ ਹਮਲਿਆਂ ਦਾ ਭਾਰਤ ਵਿੱਚ ਇੱਕ ਲੰਬਾ ਇਤਿਹਾਸ ਹੈ। ਪਰ ਜਦੋਂ ਦੀ ਮੋਦੀ ਦੀ ਅਗਵਾਈ ਵਾਲ਼ੀ ਫਾਸੀਵਾਦੀ ਪਾਰਟੀ ਭਾਜਪਾ ਸੱਤਾ ‘ਚ ਆਈ ਹੈ ਓਦੋਂ ਤੋਂ ਇਹ ਘਟਨਾਵਾਂ ਹੋਰ ਵੀ ਤੇਜ਼ੀ ਨਾਲ਼ ਵਧੀਆਂ ਹਨ। ਮੋਦੀ ਦੀ ਅਗਵਾਈ ਵਿੱਚ ਆਰ.ਐੱਸ.ਐੱਸ. ਦੇ ਸਿਆਸੀ ਵਿੰਗ ਭਾਜਪਾ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਵਿਰੋਧ ਦੀ ਹਰ ਅਵਾਜ਼ ਨੂੰ ਪੁਲਿਸ, ਸਿਆਸਤ ਅਤੇ ਸੰਘੀ ਗੁੰਡਿਆਂ ਦੇ ਗਠਜੋੜ ਦੁਆਰਾ ਦਬਾਉਣ ਦਾ ਵਰਤਾਰਾ ਤੇਜ਼ੀ ਨਾਲ਼ ਵਧਿਆ ਹੈ। ਪੱਤਰਕਾਰਾਂ ਉੱਤੇ ਹੋ ਰਹੇ ਹਮਲਿਆਂ ਵਿੱਚ ਤੇਜ਼ੀ ਵੀ ਇਸ ਵਰਤਾਰੇ ਦਾ ਹੀ ਹਿੱਸਾ ਹੈ। ਨਾ ਸਿਰਫ ਸਿੱਧੇ ਹਮਲੇ ਸਗੋਂ ਸੋਸ਼ਲ ਮੀਡੀਆ ਅਤੇ ਫੋਨ ਰਾਹੀਂ ਬੀ.ਜੇ.ਪੀ. ਭਗਤਾਂ ਅਤੇ ਸੰਘੀ ਗੁੰਡਿਆਂ ਰਾਹੀਂ ਮੋਦੀ ਅਤੇ ਸੰਘ ਵਿਰੁੱਧ ਬੋਲਣ ਵਾਲ਼ੇ ਪੱਤਰਕਾਰਾਂ ਨੂੰ ਕਤਲ ਅਤੇ ਬਲਾਤਕਾਰ ਦੀਆਂ ਧਮਕੀਆਂ ਅਤੇ ਵੱਖ-ਵੱਖ ਤਰੀਕਿਆਂ ਨਾਲ਼ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਨ ਦਾ ਇੱਕ ਪੂਰਾ ਜਥੇਬੰਦ ਵਰਤਾਰਾ ਬੀ.ਜੇ.ਪੀ. ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅੱਜ ਸਾਡੇ ਸਾਹਮਣੇ ਹੈ।    

ਪਿਛਲੇ ਸਾਲ ਜੇ.ਐੱਨ.ਯੂ. ਮਾਮਲੇ ‘ਤੇ ਰਿਪੋਰਟਿੰਗ ਦੇ ਸਬੰਧ ‘ਚ ਐੱਨ.ਡੀ.ਟੀ.ਵੀ ਦੀ ਪੱਤਰਕਾਰ ਵਰਖਾ ਦੱਤ ਨੂੰ ਫੋਨ ‘ਤੇ ਬਲਾਤਾਰ ਅਤੇ ਕਤਲ ਕਰਨ ਦੀਆਂ ਲਗਾਤਾਰ ਧਮਕੀਆਂ ਦਿੱਤੀਆਂ ਗਈਆਂ। ਇਸੇ ਮਾਮਲੇ ‘ਚ ਬੀ.ਜੇ.ਪੀ ਪੱਖੀ ਵਕੀਲਾ ਨੇ ਅਦਾਲਤ ਦੇ ਬਾਹਰ ਹੀ ਪੱਤਰਕਾਰਾਂ ਨਾਲ਼ ਕੁਟਮਾਰ ਕੀਤੀ ਜਦ ਉਹ ਜੇ.ਐੱਨ.ਯੂ. ਦੇ ਵਿਦਿਆਰਥੀ ਆਗੂਅ ਦੀ “ਦੇਸ਼ਧ੍ਰੋਹ” ਦੇ ਮਾਮਲੇ ‘ਚ ਸੁਣਵਾਈ ਸਮੇਂ ਉਹਨਾ ਨਾਲ਼ ਸਵਾਲ-ਜਵਾਬ ਕਰ ਰਹੇ ਸਨ।

ਇਸੇ ਸਾਲ ਕੇਰਲਾ ਦੀ ਇੱਕ ਨਿਊਜ਼ ਐਕਰ ਸਿੱਧੂ ਸੂਰਿਆਕੁਮਾਰ ਨੂੰ ਵਿਦਿਆਰਥੀ ਸੰਘਰਸ਼ ‘ਤੇ ਮੰਤਰੀ ਦੁਆਰਾ ਕੀਤੀ ਟਿੱਪਣੀ ਬਾਰੇ ਬਹਿਸ ਦੇ ਸਬੰਧ ਵਿੱਚ ਹਜ਼ਾਰਾਂ ਫੋਨ ਕਾਲ ਰਾਹੀਂ ਧਮਕੀਆਂ ਮਿਲ਼ੀਆਂ।  ਇਸ ਤੋਂ ਇਲਾਵਾ ਇਸ ਪੱਤਰਕਾਰ ਦਾ ਨੰਬਰ ਸੋਸ਼ਲ ਮੀਡੀਆ ‘ਤੇ ਘੁਮਾਇਆ ਗਿਆ ਜਿੱਥੇ ਬੈਠੀ ਬੀ.ਜੇ.ਪੀ. ਭਗਤਾਂ ਅਤੇ ਸੰਘੀ ਬ੍ਰਿਗੇਡ ਨੇ ਇਸ ਪੱਤਰਕਾਰ ਨੂੰ ਮੌਤ ਅਤੇ ਬਲਾਤਕਾਰ ਦੀਆਂ ਧਮਕੀਆਂ  ਦੇਣ ਦੀ ਮੁਹਿੰਮ ਵਿੱਢ ਦਿੱਤੀ। ਏਨਾ ਹੀ ਨਹੀਂ ਸਗੋਂ ਪੁਲਿਸ ਨੇ ਇਸ ਪੱਤਰਕਾਰ ‘ਤੇ ਵੇਸਵਾਗਮਨੀ ਦਾ ਇਲਜ਼ਾਮ ਵੀ ਲਗਾ ਦਿੱਤਾ।

ਛੱਤਿਸਗੜ ਵਿੱਚ ਕੰਮ ਕਰ ਰਹੇ ਪੱਤਰਕਾਰਾਂ ਨੂੰ ਵੀ ਲਗਾਤਾਰ ਧਮਕਾਉਣ, ਜੇਲਾਂ ‘ਚ ਡੱਕਣ ਦੀਆਂ ਘਟਨਾਵਾਂ ਵੀ ਪਿਛਲੇ ਸਾਲ ਸਾਹਮਣੇ ਆਈਆਂ। 2014 ਵਿੱਚ ਪੱਤਰਕਾਰਾਂ ‘ਤੇ 113 ਹਮਲੇ ਹੋਏ ਜਿਹਨਾ ਵਿੱਚ ਸੱਭ ਤੋਂ ਵਧ 63 ਹਮਲੇ ਸਿਰਫ ਉੱਤਰ ਪ੍ਰਦੇਸ਼ ਵਿੱਚ ਹੋਏ ਹਨ।

ਉਪਰੋਕਤ ਕੁਝ ਪ੍ਰਤਿਨਿੱਧ ਘਟਨਾਵਾਂ 2014 ਤੋਂ ਬਆਦ ਦੀਆਂ ਅਤੇ ਉਹਨਾਂ ਪੱਤਰਕਾਰਾਂ ਨਾਲ਼ ਸਬੰਧਤ ਹਨ ਜੋ ਵੱਡੇ ਸ਼ਹਿਰਾਂ ਵਿੱਚ ਨਾਮਵਾਰ ਟੀ.ਵੀ. ਚੈਨਲਾਂ ਨਾਲ਼ ਸਬੰਧਤ ਹਨ। ਪੇਂਡੂ ਅਤੇ ਛੋਟੇ ਸ਼ਹਿਰੀ ਇਲਾਕਿਆਂ ਵਿੱਚ ਪੱਤਰਕਾਰਾਂ ਦੇ ਕਤਲ ਦਾ ਸਿਲਸਿਲਾ ਲੰਬੇਂ ਸਮੇਂ ਤੋਂ ਹੀ ਚਲਦਾ ਆ ਰਿਹਾ ਹੈ।

ਸੀ.ਪੀ.ਜੇ. (ਕਮੇਟੀ ਟੂ ਪ੍ਰੋਟੈਕਟ ਜਰਨਲਿਸਟ) ਦੇ ਅਧਿਐਨ ਮੁਤਾਬਿਕ ਭਾਰਤ ਵਿੱਚ 1992 ਤੋਂ 2016 ਤੱਕ 67 ਪੱਤਰਕਾਰਾਂ ਨੂੰ ਕਤਲ ਕੀਤਾ ਗਿਆ ਜਿਹਨਾ ਵਿੱਚੋਂ 27 ਅਜਿਹੇ ਹਨ ਜਿਹਨਾਂ ਦੇ ਕਤਲ ਪਿੱਛੇ ਸਿੱਧਾ ਕਾਰਨ ਉਹਨਾਂ ਦੁਆਰਾ ਕੀਤਾ ਜਾ ਰਿਹਾ ਕੰਮ ਸੀ। ਇਸ ਤੋਂ ਇਲਾਵਾ 40 ਅਜਿਹੇ ਪੱਤਰਕਾਰ ਹਨ ਜਿਹਨਾਂ ਦੀ ਮੌਤ ਨੂੰ ਸਿੱਧੇ ਰੂਪ ‘ਚ ਉਹਨਾ ਦੇ ਕੰਮ ਨਾਲ਼ ਨਹੀਂ ਜੋੜਿਆ ਜਾ ਸਕਦਾ। ਪਰ ਇਹ ਸਾਰੇ ਹੀ ਪੱਤਰਕਾਰ ਕਿਸੇ ਨਾ ਕਿਸੇ ਰੂਪ ‘ਚ ਮੌਤ ਤੋਂ ਪਹਿਲਾਂ ਮਾਫੀਆ, ਕਾਰਪੋਰਟ ਦੀ ਲੁੱਟ, ਸਰਕਾਰੀ ਨੀਤੀਆਂ ਆਦਿ ‘ਤੇ ਰਿਪੋਰਟਿੰਗ ਕਰਦੇ ਸਨ ਜਿਹਨਾਂ ਵਿੱਚ 56 ਫੀਸਦੀ ਪੱਤਰਕਾਰ ਘਪਲੇਬਾਜ਼ੀ ਨਾਲ਼ ਸਬੰਧਤ ਕੰਮ ਕਰ ਰਹੇ ਸਨ। ਜਿੱਥੋਂ ਤੱਕ ਇਹਨਾ ਦੇ ਕਾਤਲਾਂ ਦਾ ਸਵਾਲ ਹੈ ਉਹ ਹਾਲੇ ਤੱਕ ਵੀ ਅਜ਼ਾਦ ਘੁੰਮ ਰਹੇ ਹਨ।

ਇਸ ਰਿਪੋਰਟ ਵਿੱਚ ਇੱਕ ਹੋਰ ਧਿਆਨਦੇਣਯੋਗ ਤੱਥ ਇਹ ਹੈ ਕਿ ਕਤਲ ਕੀਤੇ ਗਏ ਪੱਤਰਕਾਰਾਂ ਵਿੱਚ ਬਹੁਗਿਣਤੀ ਪੱਤਰਕਾਰ ਪੇਂਡੂ ਅਤੇ ਛੋਟੇ ਸ਼ਹਿਰਾਂ ਨਾਲ਼ ਸਬੰਧਤ ਹਨ। ਵੱਡੇ ਸ਼ਹਿਰਾਂ ਵਿੱਚ ਕੰਮ ਕਰਨ ਵਾਲ਼ੇ ਪੱਤਰਕਾਰ ਜ਼ਿਆਦਾ ਸੁਰੱਖਿਅਤ ਹਨ। ਇਸ ਤੋਂ ਇਲਾਵਾ ਪੱਤਰਕਾਰ ਦੀ ਸਮਾਜਿਕ ਹੈਸੀਅਤ, ਸਿਆਸੀ ਸਬੰਧ, ਉਹ ਕਿਸ ਭਾਸ਼ਾ ਵਿੱਚ ਕੰਮ ਕਰ ਰਿਹਾ ਹੈ, ਕਾਰਪੋਰੇਟ ਮੀਡੀਆ ਖਾਸ ਤੌਰ ‘ਤੇ ਅੰਗਰੇਜ਼ੀ ਮੀਡੀਆ ਲਈ ਕੰਮ ਕਰਨ ਵਾਲ਼ੇ ਪੱਤਰਕਾਰਾਂ ਦੇ ਮੁਕਾਬਲੇ ਸਥਾਨਕ ਪ੍ਰਿੰਟ ਮੀਡੀਆ ਅਤੇ ਸਥਾਨਕ ਭਾਸ਼ਾ ਵਿੱਚ ਕੰਮ ਕਰਨ ਵਾਲ਼ੇ ਪੱਤਰਕਾਰ ਘੱਟ ਸੁਰੱਖਿਅਤ ਹਨ।

ਇਸ ਰਿਪੋਰਟ ਵਿਚਲੇ 27 ਪੱਤਰਕਾਰ ਜਿਹਨਾਂ ਦੇ ਕਤਲ ਦਾ ਸਬੰਧ ਸਿੱਧੇ ਰੂਪ ਵਿੱਚ ਉਹਨਾਂ ਦੁਆਰਾ ਕੀਤੇ ਜਾ ਰਹੇ ਕੰਮ ਨਾਲ਼ ਸੀ ਵਿੱਚੋਂ ਮੁਸ਼ਕਲ ਨਾਲ਼ ਹੀ ਕੋਈ ਅੰਗਰੇਜ਼ੀ ਅਤੇ ਵੱਡੇ ਸ਼ਹਿਰ ਨਾਲ਼ ਸਬੰਧਤ ਹੈ। ਸਥਾਨਕ ਅਤੇ ਛੋਟੇ ਸ਼ਹਿਰਾਂ ਦੇ ਪੱਤਰਕਾਰ ਜੋ ਜ਼ਮੀਨੀ ਪੱਧਰ ‘ਤੇ ਕੰਮ ਕਰਦੇ ਅਤੇ ਜਾਣਕਾਰੀਆਂ ਇਕੱਠੀਆਂ ਕਰਦੇ ਹਨ ਜਿਹਨਾ ਦੀ ਵਰਤੋਂ ਅੱਗੇ ਵੱਡੇ ਸ਼ਹਿਰਾਂ ਵਿੱਚ ਬੈਠੇ ਮੋਟੀਆ ਤਨਖਾਹਾਂ ਲੈ ਰਹੇ ਪੱਤਰਕਾਰਾਂ ਦੁਆਰਾ ਕੀਤੀ ਜਾਂਦੀ ਹੈ।

ਸੰਕਟ ‘ਚ ਫਸੀ ਭਾਰਤ ਦੀ ਸਰਮਾਏਦਾਰ ਜਮਾਤ ਨੇ ਸੰਘ ਦੇ ਸਿਆਸੀ ਵਿੰਗ ਭਾਜਪਾ ਨੂੰ ਮੌਜੂਦਾ ਸੰਕਟ ‘ਚੋਂ ਆਪਣੀ ਬੇੜੀ ਪਾਰ ਲਗਾਉਣ ਲਈ ਚੁਣਿਆਂ ਹੈ। ਇਸ ਲਈ ਜਰੂਰੀ ਹੈ ਕਿ ਦੇਸ਼ ਦੇ ਕਿਰਤੀ ਲੋਕਾਂ ਦੀ ਲੁੱਟ ਨੂੰ ਤੇਜ਼ ਕੀਤਾ ਜਾਵੇ। ਸਰਕਾਰ ਦੀ ਕੰਮ ਸਿਰਫ ਏਨਾਂ ਹੈ ਕਿ ਉਹ ਇਸ ਲੁੱਟ ਦੇ ਵਿਰੋਧ ‘ਚ ਉੱਠੀਆਂ ਅਵਾਜ਼ਾਂ ਜ਼ਬਰ ਨਾਲ਼ ਦਬਾਉਂਦੀ ਰਹੇ ਅਤੇ ਲੋਕਾਂ ਦੇ ਬੁਨਿਆਦੀ ਮਸਲਿਆਂ ਲਈ ਉੱਠੀਆਂ ਅਵਾਜ਼ਾਂ ਨੂੰ ਅੰਨੇ-ਕੌਮਵਾਦ ਅਤੇ ਫਿਰਕੂ ਰੌਲੇ ਵਿੱਚ ਦਫਨ ਕਰ ਦਿੱਤਾ ਜਾਵੇ। ਇਹੀ ਕੰਮ ਅੱਜ ਸੰਘ ਆਪਣੇ ਸਮਾਜ ਵਿੱਚ ਫਿਰਕੂ ਜ਼ਹਿਰ ਘੋਲਕੇ ਅਤੇ ਭਾਜਪਾ ਸਰਕਾਰ ਸੱਤਾ ਦੇ ਵੱਖ-ਵੱਖ ਸੰਦਾਂ ਰਾਹੀਂ ਕਰ ਰਹੀ ਹੈ। ਅੱਜ ਲੁੱਟ ਅਤੇ ਜ਼ਬਰ ‘ਤੇ ਟਿਕੇ ਮੌਜੂਦਾ ਢਾਂਚੇ ਦੇ ਨੰਗੇਜ਼ ਨੂੰ ਢੱਕਦੇ “ਜਮਹੂਰੀਅਤ” ਦੇ ਕੱਪੜੇ ਲੀਰੋ-ਲੀਰ ਹੋ ਰਹੇ ਹਨ। ਏਸੇ ਲਈ ਅੱਜ ਇਹ ਢਾਂਚਾ ਆਪਣੇ ਹੀ ਨੁਮਾਇੰਦਿਆਂ ਦੁਆਰਾ ਕੀਤੀ ਜਾ ਰਹੀ ਅਲੋਚਨਾ ਵੀ ਸੁਣਨ ਲਈ ਤਿਆਰ ਨਹੀਂ। ਦੁਨੀਆਂ ਦੀ ਸਭ ਤੋਂ ਵੱਡੀ “ਜਮਹੂਰੀਅਤ” ਅਤੇ ਇਸ ਦੇ ਅਖੌਤੀ ਚੌਥੇ ਥੰਮ ‘ਚ ਦਰਾਰਾਂ ਅੱਜ ਸਾਫ-ਸਾਫ ਨਜ਼ਰ ਆ ਰਹੀਆਂ ਹਨ।   

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ” – ਅੰਕ 7, 16 ਤੋਂ 31 ਮਈ, 2017 ਵਿੱਚ ਪ੍ਰਕਾਸ਼ਤ