ਭਾਰਤ ਵਿੱਚ ਲੱਖਾਂ ਸੂਚਨਾ ਤਕਨੀਕ (ਆਈ.ਟੀ.) ਖੇਤਰ ਦੇ ਕਾਮਿਆਂ ‘ਤੇ ਲਟਕੀ ਛਾਂਟੀਆਂ ਦੀ ਤਲਵਾਰ •ਸੰਪਾਦਕੀ

8

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

2014 ਵਿੱਚ ਮੋਦੀ ਦੀ ਅਗਵਾਈ ਵਾਲ਼ੀ ਭਾਜਪਾ ਸਰਕਾਰ ਕਰੋੜਾਂ ਨਵੇਂ ਰੁਜ਼ਗਾਰ ਪੈਦਾ ਕਰਨ ਦੇ ਵਾਦੇ ਨਾਲ਼ ਸੱਤਾ ਵਿੱਚ ਆਈ ਸੀ। ਦੇਸ਼ ਨੂੰ ਫਿਰਕੂ ਰੰਗ ‘ਚ ਰੰਗਣ, ਸੰਘੀਆਂ ਦੀ ਗੁੰਡਾਗਰਦੀ, ਦਲਿਤਾਂ ‘ਤੇ ਘੱਟਗਿਣਤੀਆਂ ਨੂੰ ਖੂੰਝੇ ਲਾਉਣ, ਸੰਘ ਦੇ ਹਿੰਦੂਵਾਦੀ ਏਜੰਡੇ ਨੂੰ ਲਾਗੂ ਕਰਨ ‘ਚ ਮੋਦੀ ਸਰਕਾਰ ਨੇ ਵੱਡੀਆਂ ਪੁਲਾਘਾਂ ਤਾਂ ਜਰੂਰ ਪੁੱਟੀਆਂ ਹਨ ਪਰ ਨਵਾਂ ਰੁਜ਼ਗਾਰਤ ਪੈਦਾ ਨਹੀਂ ਹੋਇਆ। ਹੁਣੇ ਜਿਹੇ ਹੀ ਮੋਦੀ ਸਰਕਾਰ ਪੂਰੀ ਬੇਸ਼ਰਮੀ ਨਾਲ਼ ਆਪਣੇ ਤਿੰਨ ਸਾਲ ਪੂਰੇ ਹੋਣ ਦਾ ਜਸ਼ਨ ਮਨਾ ਕੇ ਹਟੀ ਹੈ। ਉਹ ਵੀ ਉਸ ਸਮੇਂ ਜਦ, ਭਾਰਤ ਵਿੱਚ ਰੁਜ਼ਗਾਰ ਪੱਖੋਂ ਸਭ ਤੋਂ ਸੁਰੱਖਿਅਤ ਮੰਨੇ ਜਾਂਦੇ ਸੂਚਨਾ ਤਕਨੀਕ ਖੇਤਰ ਵਿੱਚ ਕੰਮ ਕਰ ਰਹੇ ਲੱਖਾਂ ਇੰਨਜਿਨੀਅਰਾਂ ਸਿਰ ਛਾਂਟੀ ਦੀ ਤਲਵਾਰ ਲਟਕ ਰਹੀ ਹੈ।

ਭਾਰਤ ਵਿੱਚ ਨਵੇਂ ਰੁਜ਼ਗਾਰ ਪੈਦਾ ਹੋਣ ਦੀ ਦਰ ਪਿਛਲੇ ਦੋ ਦਹਾਕਿਆਂ ਦੌਰਾਨ ਸਭ ਤੋਂ ਘੱਟ ‘ਤੇ ਪਹੁੰਚ ਚੁੱਕੀ ਹੈ।  ਭਾਰਤ ਵਿੱਚ ਹਰ ਸਾਲ 15 ਲੱਖ ਇੰਜੀਨੀਅਰ ਕਿਰਤ ਮੰਡੀ ਵਿੱਚ ਸ਼ਾਮਲ ਹੁੰਦੇ ਹਨ। ਇਹਨਾਂ ਵਿੱਚੋਂ ਸਿਰਫ 5 ਲੱਖ ਹੀ ਰੁਜ਼ਗਾਰ ਹਾਂਸਲ ਕਰ ਪਾਉਂਦੇ ਹਨ। ਜਿਹਨਾ ਵਿੱਚ ਦੇਸ਼ ਦੀਆਂ ਨਾਮੀ ‘ਤੇ ਵੱਡੀਆਂ ਇੰਜੀਨੀਅਰਿੰਗ ਸੰਸਥਾਵਾਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਖੁੰਭਾ ਵਾਂਗ ਉੱਗੇ ਨਵੇਂ-ਨਵੇਂ ਨਿੱਜੀ ਇੰਜੀਨੀਅਰਿੰਗ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚੋਂ ਡਿਗਰੀਆਂ ਲੈਕੇ ਨਿੱਕਲੇ ਨੌਜਵਾਨਾ ਦੀ ਹੈ।

ਮੌਜੂਦਾ ਹਲਾਤ ਇਹ ਹੈ ਕਿ ਆਈ.ਅਈ.ਟੀ. ਵਰਗੀਆਂ ਸੰਸਥਵਾਂ ਵਿੱਚ ਵੀ ਇਸ ਸਾਲ 66 ਫੀਸਦੀ ਵਿਦਿਆਰਥੀ ਹੀ ‘ਕੈਂਪਸ ਪਲੇਸਮੈਂਟ’ ਦੌਰਾਨ ਰੁਜ਼ਗਾਰ ਹਾਸਲ ਕਰ ਸਕੇ। ਇੰਨਜੀਨੀਅਰਿੰਗ ਕਰਨ ਤੋਂ ਬਾਅਦ ਹਾਲਤ ਇਹ ਹੈ ਕਿ ਵੱਡੀ ਗਿਣਤੀ ‘ਚ ਨੌਜਵਾਨ ਗਲਾਂ ‘ਚ ਡਿਗਰੀਆਂ ਲਟਕਾਈ ਨੌਕਰੀ ਲਈ ਧੱਕ ਖਾ ਰਹੇ ਹਨ। ਜੋ ਰੁਜ਼ਗਾਰ ਹਾਸਲ ਕਰਨ ਵਿੱਚ ਕਾਮਯਾਬ ਵੀ ਹੋ ਜਾਂਦੇ ਹਨ ਉਹ ਵੀ ਛੋਟੀਆਂ-ਛੋਟੀਆਂ ਕੰਪਨੀਆਂ ਵਿੱਚ 10 ਤੋਂ 15 ਹਜ਼ਾਰ ਤੱਕ ਤਨਖਾਹ ‘ਤੇ ਲਗਾਤਾਰ ਕੱਢੇ ਜਾਣ ਦੇ ਡਰ ਹੇਠ ਕੰਮ ਕਰ ਰਹੇ ਹਨ। ਆਈ.ਟੀ. ਖੇਤਰ ਦੀਆਂ ਬਹੁਕੌਮੀ ਕੰਪਨੀਆਂ ਵਿੱਚ ਰੁਜ਼ਗਾਰ ਹਾਸਲ ਕਰਨਾ ਮੱਧਵਰਗ ਦਾ ਸੁਪਨਾ ਰਿਹਾ ਹੈ। ਕਰਜ਼ ਲੈਕੇ ਜਾਂ ਆਪਣੀ ਜ਼ਿੰਦਗੀ ਦੀ ਪੂਰੀ ਕਮਾਈ ਲਾਕੇ ਮੱਧ ਵਰਗ ਦਾ ਇੱਕ ਵੱਡਾ ਹਿੱਸਾ ਆਪਣੇ ਬੱਚਿਆਂ ‘ਤੇ ਨਿਵੇਸ਼ ਕਰਦਾ ਹੈ। ਪਰ ਹੁਣ ਇਹ ਸੁਪਨਾ ਲਗਾਤਾਰ ਤਿੜਕ ਰਿਹਾ ਹੈ।

ਕਾਰਪੋਰੇਟ ਸੱਭਿਆਚਾਰ ਨਾਲ਼ ਲਬਰੇਜ਼ ਇੰਜੀਨੀਅਰਰਿੰਗ ਅਤੇ ਸੂਚਨਾ ਤਕਨੀਕ ਖੇਤਰ ਦਾ ਇਹ ਤਬਕਾ ਜਿਸ ਦੇ ਦਿਮਾਗ ਵਿੱਚ ਕਿੱਤਾ ਮੁਖੀ ਕਾਲਜ਼ਾਂ-ਯੂਨੀਵਰਸਿਟੀਆਂ ਅਤੇ ਕਾਰਪੋਰੇਟ ਟ੍ਰੇਨਿੰਗ ਸੰਸਥਾਵਾਂ ਵਲੋਂ ਇਹ ਵਿਚਾਰ ਕੁੱਟ-ਕੁੱਟ ਕੇ ਭਰਿਆ ਜਾਂਦਾ ਹੈ ਕਿ : ਇਸ ਖੇਤਰ ਵਿੱਚ ਉਹ ਹੀ ਤਰੱਕੀ ਕਰ ਸਕਦਾ ਹੈ ਜੋ ਕਾਬਲ ਹੈ, ਤੁਹਾਨੂੰ ਮੁਕਾਬਲੇ ਲਈ ਤਿਆਰ ਰਹਿਣਾ ਚਾਹੀਦਾ ਹੈ ਨਹੀਂ ਤਾਂ ਕੋਈ ਹੋਰ ਤੁਹਾਨੂੰ ਲਿਤਾੜ ਕੇ ਅੱਗੇ ਲੰਘ ਜਾਵੇਗਾ, ਕੰਪਨੀ ਲਈ ਜੀ ਜਾਨ ਨਾਲ਼ ਕੰਮ ਕਰੋ, ਕੰਪਨੀ ਦੀ ਤਰੱਕੀ ਦਾ ਮਤਲਬ ਹੈ ਤੁਹਾਡੀ ਤਰੱਕੀ। ਜਿਸ ਨੂੰ ਇਹ ਲੱਗਦਾ ਸੀ ਕਿ ਜੇ ਉਸ ਨੇ ਕਿਸੇ ਵੱਡੀ ਕੰਪਨੀ ਵਿੱਚ ਰੁਜ਼ਗਾਰ ਹਾਂਸਲ ਕਰ ਲਿਆ ਹੈ ਤਾਂ ਉਹ ਦੂਸਰਿਆ ਨਾਲੋਂ ਲਾਜ਼ਮੀ ਹੀ ਬੇਹਤਰ ਹੋਵੇਗਾ। ਯੂਨੀਅਨ ਨਾਲ਼ ਜੁੜਨਾ, ਧਰਨੇ ਮੁਜ਼ਾਹਰੇ ਕਰਨਾ ਜਿਸ ਲਈ ਸਿਰਫ ਅਸਫਲ ਅਤੇ ਨਾਕਾਬਿਲ ਲੋਕਾਂ ਦਾ ਕੰਮ ਸੀ। ਮੁਕਾਬਲੇ ਦੀ ਅੰਨੀ ਦੌੜ ਵਿੱਚ ਦੂਸਰਿਆਂ ਨੂੰ ਪਿੱਛੇ ਛੱਡਣ ਦਾ ਵਿਚਾਰ ਜਿਸ ਦੀ ਸੋਚ ਵਿੱਚ ਪੜਾਈ ਦੇ ਸਮੇਂ ਤੋਂ ਹੀ ਗੁੰਦਿਆ ਜਾਂਦਾ ਰਿਹਾ ਹੈ। ਪਰ ਮੌਜੂਦਾ ਝਟਕੇ ਨੇ ਇਸ ਨੂੰ ਅਹਿਸਾਸ ਕਰਵਾ ਦਿੱਤਾ ਹੈ ਕਿ ਉਹ ਵੀ ਸਰਮਾਏਦਾਰਾਂ ਲਈ ਮੁਨਾਫਾ ਕੁੱਟਣ ਦਾ ਸਿਰਫ ਇੱਕ ਸਾਧਨ ਮਾਤਰ ਹੀ ਹੈ। ਹੁਣ ਇਹ ਤਬਕਾ ਵੀ ਸੰਘਰਸ਼ ਕਰਨ ਅਤੇ ਯੂਨੀਅਨ ਵਿੱਚ ਇਕੱਠੇ ਹੋਣ ਦੀ ਲੋੜ ਮਹਿਸੂਸ ਕਰ ਰਿਹਾ ਹੈ।

ਪਿਛਲੇ ਕੁਝ ਮਹੀਨਿਆਂ ‘ਚ ਦੇਸ਼ ਦੀਆਂ ਸੱਤ ਵੱਡੀਆਂ ਸੂਚਨਾ ਤਕਨੀਕ ਖੇਤਰ ਦੀਆਂ ਕੰਪਨੀਆਂ ਨੇ ਹਜ਼ਾਰਾਂ ਇੰਜੀਨੀਅਰਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਹੈ। ਇਹ ਵੀ ਖ਼ਬਰ ਹੈ ਕਿ ਏਸੇ ਸਾਲ ਲੱਗਭਗ 56,000 ਇਸ ਖੇਤਰ ਕਾਮਿਆਂ ਦੀਆਂ ਨੌਕਰੀਆਂ ਖੁੱਸਣ ਦਾ ਖਤਰਾ ਹੈ। ਹੈੱਡ ਹੰਟਰ ਫਰਮ ਦੀ ਰਿਪੋਰਟ ਮੁਤਾਬਕ ਆਉਣ ਵਾਲ਼ੇ ਤਿੰਨ ਸਾਲਾਂ ਲਈ ਹਰ ਸਾਲ ਪੌਣੇ ਦੋ ਲੱਖ ਤੋਂ 2 ਲੱਖ ਇੰਨਜੀਨੀਅਰ ਆਪਣੀਆਂ ਨੌਕਰੀਆਂ ਗਵਾ ਸਕਦੇ ਹਨ। ਮੈਕਿਨਸੀ ਕਾਰਪੋਰੇਸ਼ਨ ਦੀ ਇਹ ਰਿਪੋਰਟ ਹੈ ਕਿ ਆਉਣ ਵਾਲ਼ੇ ਤਿੰਨ ਤੋਂ ਚਾਰ ਸਾਲਾਂ ਤੱਕ ਸੂਚਨਾ ਤਕਨੀਕ ਖੇਤਰ ਦੀ ਲੱਗਭਗ ਅੱਧੀ ਕਿਰਤ ਸ਼ਕਤੀ ਗੈਰ-ਪ੍ਰਸੰਗਕ ਹੋ ਜਾਵੇਗੀ।

ਇਹ ਛਾਂਟੀਆਂ ਸਿਰਫ ਸੂਚਨਾ ਤਕਨੀਕ ਕੰਪਨੀਆਂ ਵਿੱਚ ਹੀ ਨਹੀਂ ਸਗੋਂ ਪਿਛਲੇ ਇੱਕ ਸਾਲ ਦੌਰਾਨ ਦੇਸ਼ ਦੇ ਟੈਲੀ ਕੌਮ ਖੇਤਰ ਵਿੱਚ ਲੱਗਭਗ 10,000 ਲੋਕਾਂ ਦੀ ਛਾਂਟੀ ਕੀਤੀ ਜਾ ਚੁੱਕੀ ਹੈ। ‘ਫਾਈਨੈਂਸ਼ੀਅਲ ਐਕਸਪ੍ਰੈੱਸ’ ਮੁਤਾਬਕ ਇਸ ਖੇਤਰ ਵਿੱਚ ਇਸ ਸਾਲ ਲੱਗਭਗ 30 ਤੋਂ 40 ਹਜ਼ਾਰ ਲੋਕਾਂ ਨੂੰ ਆਪਣੇ ਰੁਜ਼ਗਾਰ ਤੋਂ ਹੱਥ ਧੋਣਾ ਪੈ ਸਕਦਾ ਹੈ। ਐੱਚ.ਡੀ.ਐੱਫ.ਸੀ. ਬੈਂਕ ‘ਚ ਅਕਤੂਬਰ 2016 ਤੋਂ ਮਾਰਚ 2017 ਤੱਕ 16,000 ਮੁਲਾਜ਼ਮ ਆਪਣਾ ਰੁਜ਼ਗਾਰ ਗਵਾ ਚੁੱਕੇ ਹਨ। ਦੇਸ਼ ਦੀ ਸਭ ਤੋਂ ਵੱਡੀ ਇੰਜੀਨੀਅਰਰਿੰਗ ਕੰਪਨੀ ਐੱਲ.ਐਂਡ.ਟੀ. ਦੁਆਰਾ ਪਿਛਲੇ ਮਹੀਨੇ 14,000 ਕਾਮਿਆਂ ਨੂੰ ਕੱਢਿਆ ਗਿਆ ਸੀ।  

ਮੌਜੂਦਾ ਹਲਾਤ ਲਈ ਕੌਣ ਹੈ ਜ਼ਿੰਮੇਵਾਰ?

ਮੰਦੀ ਦੇ ਸ਼ਿਕਾਰ ਸੰਸਾਰ ਅਰਥਚਾਰਾ ਸਾਹਮਣੇ ਹੁਣ ਇਹ ਹੀ ਬਦਲ ਹੈ ਕਿ ਉਹ ਨਵੀਂ ਤਕਨੀਕ ਲਿਆ ਕੇ ਬਜ਼ਾਰ ਵਿੱਚ ਵੱਧ ਤੋਂ ਵੱਧ ਸਰਮਾਇਆ ਨਿਵੇਸ਼ ਕਰੇ ਅਤੇ ਇਸ ਦੇ ਨਾਲ਼ ਹੀ ਕਿਰਤ ‘ਤੇ ਆਪਣਾ ਖਰਚ ਘਟਾਏ ਤਾਂ ਕਿ ਮੁਨਾਫੇ ਦੀ ਦਰ ਨੂੰ ਵਧਾਇਆ ਜਾ ਸਕੇ। ਜਿਸ ਦਾ ਨਤੀਜ਼ਾ ਬੇਰੁਜ਼ਗਾਰੀ ਦੇ ਵਧਣ, ਖਰੀਦ ਸ਼ਕਤੀ ਦੇ ਘੱਟ ਹੋਣ ‘ਚ ਨਿੱਕਲ ਰਿਹਾ ਹੈ ਅਤੇ ਜਿਸ ਨਾਲ਼ ਮੁਨਾਫਾ ਫਿਰ ਘਟ ਰਿਹਾ ਹੈ।

ਮੌਜੂਦਾ ਸਮੇਂ ਸੂਚਨਾ ਤਕਨੀਕ (ਆਈ.ਟੀ.) ਖੇਤਰ ਵੀ ਇਸ ਸਮੱਸਿਆ ਨਾਲ਼ ਜੂਝ ਰਿਹਾ ਹੈ। 15,000 ਕਰੋੜ ਦੀ ਆਈ.ਟੀ. ਸੱਨਅਤ (ਮੋਦੀ ਸਰਕਾਰ ਦਾ ਕਹਿਣਾ ਹੈ ਕਿ ਇਸ ਨੂੰ ਦੁੱਗਣਾ ਕੀਤਾ ਜਾਵੇਗਾ!)  ਦਾ ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਵਿੱਚ 9.3 ਫੀਸਦੀ ਹਿੱਸਾ ਹੈ। ਇਹ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਸ ਖੇਤਰ ਦੇ ਮੁਲਾਜ਼ਮਾਂ ਦਾ ਰੁਜ਼ਗਾਰ ਖੁੱਸਣ ਦਾ ਅਸਰ ਬੈਂਕਿੰਗ ਖੇਤਰ ‘ਤੇ ਵੀ ਪਵੇਗਾ ਜਿਸ ਤੋਂ ਕਰਜ਼ ਲੈਕੇ ਇਹ ਤਬਕਾ ਕਾਰ, ਘਰ ਅਤੇ ਖੁਸ਼ਹਾਲੀ ਦੇ ਹੋਰ ਸਾਧਨ ਮਾਣ ਰਿਹਾ ਸੀ। ਇਹੀ ਉਹ ਤਬਕਾ ਹੈ ਜਿਸ ਦੀ ਅਰਥਿਕ ਤਰੱਕੀ ‘ਤੇ ਰਿਟੇਲ, ਬੈਕਿੰਗ, ਰਿਅਲ ਐਸਟੇਟ, ਆਟੋਮੋਬਾਇਲ ਖੇਤਰ ਕਾਫੀ ਹੱਦ ਤੱਕ ਨਿਰਭਰ ਰਿਹਾ ਹੈ। ਇਹਨਾਂ ਖੇਤਰਾਂ ‘ਤੇ ਵੀ ਇਸ ਦੇ ਬੁਰੇ ਪ੍ਰਭਾਵ ਦੀਆਂ ਸੰਭਾਵਨਾਵਾਂ ਜਤਾਈ ਜਾ ਰਹੀਆਂ ਹਨ।

“ਅਚਾਨਕ” ਆਣ ਖੜੇ ਹੋਏ ਮੌਜੂਦਾ ਖਤਰੇ ਨੂੰ ਲੈਕੇ ਸਰਕਾਰ, ਕਾਰਪੋਰੇਟ ਅਤੇ ਮੌਜੂਦਾ ਢਾਂਚੇ ਦੀ ਸੇਵਾ ‘ਚ ਲੱਗੇ ਬੋਧਿਕ ਤਬਕੇ ਵਲੋਂ ਆਪਣੇ-ਆਪਣੇ ਤਰਕ ਪੇਸ਼ ਕੀਤੇ ਜਾ ਰਹੇ ਹਨ। ਸਭ ਤੋਂ ਮੁੱਖ ਤਰਕ ਜੋ ਪੇਸ਼ ਕੀਤਾ ਜਾ ਰਿਹਾ ਹੈ ਉਹ ਹੈ ਆਟੋਮੇਸ਼ਨ ਦਾ। ਇਹ ਪ੍ਰਚਾਰਿਆ ਜਾ ਰਿਹਾ ਹੈ ਕਿ ਨਵੀਂ ਤਰਨੀਕ ਆਉਣ ਨਾਲ਼ ਜਿੱਥੇ 10 ਲੋਕਾਂ ਦੀ ਜਰੂਰਤ ਸੀ ਓਥੇ ਹੁਣ ਸਿਰਫ 3 ਦੀ ਹੈ। ਕਾਰਪੋਰੇਟ ਮੁਨਾਫਾ ਵਧਾਉਣ ਅਤੇ ਮੁਕਬਲੇ ‘ਚ ਟਿਕੇ ਰਹਿਣ ਲਈ ਇਸ ਨੂੰ ਲਾਜ਼ਮੀ ਮੰਨਦਾ ਹੈ। ਸਰਕਾਰ ਕੋਲ ਵੀ ਇਸ ਦਾ ਕੋਈ ਠੋਸ ਹੱਲ ਨਹੀਂ ਹੈ। ਮੀਡੀਆ ਵਿੱਚ ਚੱਲ ਰਹੀਆਂ ਚਰਚਾਵਾਂ ਵਿੱਚ ਵੀ ਇਹ ਮੰਨਿਆ ਜਾ ਰਿਹਾ ਹੈ ਕਿ ਨਵੀਂ ਤਕਨੀਕੀ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਲੱਖਾਂ ਦੀ ਗਿਣਤੀ ਵਿੱਚ ਆਪਣਾ ਰੁਜ਼ਗਾਰ ਗਵਾ ਰਹੇ ਇੰਨਜੀਨਅਰਾਂ ਲਈ ਕੋਈ ਹੱਲ ਵੀ ਨਹੀਂ ਲੱਭ ਰਿਹਾ। ਅਤੇ ਇਹ ਹੱਲ ਲੱਖਾਂ ਵੀ ਨਹੀਂ ਸਕਦਾ ਕਿਉਂਕਿ ਇਹਨਾਂ ਸਾਰੀਆਂ ਚਰਚਾਵਾਂ ਵਿੱਚੋਂ ਜੋ ਚੀਜ਼ ਗਾਇਬ ਹੈ ਉਹ ਹੈ ਮੁਨਾਫੇ ‘ਤੇ ਟਿਕਿਆ ਇਹ ਮੌਜੂਦਾ ਸਰਮਾਏਦਾਰਾ ਢਾਂਚਾ। ਜਿਸ ‘ਚ ਸਰਮਾਏਦਾਰ ਲਈ ਜਰੂਰੀ ਹੈ ਕਿ ਮੁਕਾਬਲੇ ‘ਚ ਟਿਕੇ ਰਹਿਣ ਲਈ ਆਪਣੀ ਲਾਗਤ ਘੱਟ ਕਰੇ। ਅਜਿਹਾ ਉਹ ਜਾਂ ਤਾਂ ਉਜ਼ਰਤਾਂ ਘਟਾ ਕੇ ਕਰ ਸਕਦਾ ਹੈ ਜਾਂ ਨਵੀਂ ਤਕਨੀਕ ਲਿਆ ਕੇ ਘੱਟ ਤੋਂ ਘੱਟ ਕਾਮਿਆਂ ਤੋਂ ਵੱਧ ਪੈਦਾਵਾਰ ਕਰਵਾ ਕੇ। ਨਹੀਂ ਤੇ ਇਹ ਵੀ ਹੋ ਸਕਦਾ ਹੈ ਕਿ ਨਵੀਂ ਤਕਨੀਕ ਨਾਲ਼ ਕਾਮਿਆਂ ਦੇ ਕੰਮ ਦੇ ਘੰਟੇ ਘਟਾਏ ਜਾ ਸਕਣ ਤੇ ਵੱਧ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਮੁਹਈਆ ਕਰਵਾਇਆ ਜਾ ਸਕੇ। ਤਕਨੀਕ ਜਿਸ ਨੂੰ ਇੱਕ ਦੈਂਤ ਦੀ ਤਰਾਂ ਪੇਸ਼ ਪੇਸ਼ ਕੀਤਾ ਜਾ ਰਿਹਾ ਹੈ, ਉਸ ਨੂੰ ਮਨੁੱਖ ਲਈ ਵਰਦਾਨ ਦੇ ਰੂਪ ਵਿੱਚ, ਉਸ ਦੀ ਜ਼ਿੰਦਗੀ ਸੌਖੀ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ।  ਪਰ ਕਿਉਂਕਿ ਮੁਨਾਫਾ ਇਸ ਢਾਂਚੇ ਦੀ ਮੁੱਖ ਚਾਲਕ ਸ਼ਕਤੀ ਹੈ ਇਸ ਲਈ ਕਿਸੇ ਸਰਮਾਏਦਾਰ ਤੋਂ, ਉਸ ਦੀ ਮੈਨੇਜਿੰਗ ਕਮੇਟੀ ਸਰਕਾਰ ਤੋਂ ਇਹ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਉਹ ਅਜਿਹਾ ਕਰੇਗੀ। ਇਸ ਲਈ ਮੌਜੂਦਾ ਸਮੱਸਿਆ ਦੇ ਹੱਲ ਲਈ ਇਸ ਢਾਂਚੇ ਦੇ ਸੇਵਕਾਂ ਵਲੋਂ ਦੁੜਾਏ ਜਾ ਰਹੇ ਅਕਲ ਦੇ ਘੋੜੇ ਇਸ ਢਾਂਚੇ ਦੇ ਅੰਦਰ ਹੀ ਚੱਕਰ ਲਗਾ-ਲਗਾ ਕੇ ਹਫ ਰਹੇ ਹਨ। ਕਾਰਲ ਮਾਰਕਸ ਦਾ ਇਹ ਕਥਨ ਅੱਜ ਦੀਆਂ ਮੌਜੂਦਾ ਹਾਲਤਾਂ ‘ਤੇ ਵੀ ਪੂਰਾ ਢੁਕਦਾ ਹੈ ਜਿਸ ਦਾ ਜਿਕਰ ਉਹਨਾ ਨੇ ਆਪਣੇ ਲੇਖ ‘ਉਜ਼ਰਤ ਕਿਰਤ ਸਰਮਾਇਆ’ ਵਿੱਚ ਕੀਤਾ ਹੈ ਕਿ:

“… ਇਸ ਜੰਗ ਦੀ ਵਿਲੱਖਣਤਾਈ ਇਹ ਹੈ ਕਿ ਇਸ ਦੀਆਂ ਲੜਾਈਆਂ ਕਿਰਤ ਦੀ ਫੌਜ ਨੂੰ ਭਰਤੀ ਕਰਨ ਨਾਲੋਂ ਵਧੇਰੇ ਕੱਢਣ ਨਾਲ਼ ਜਿੱਤੀਆਂ ਜਾਂਦੀਆਂ ਹਨ। ਜਰਨਲ, ਸਰਮਾਏਦਾਰ, ਇੱਕ ਦੂਜੇ ਨਾਲ਼ ਇਸ ਗੱਲ ਵਿੱਚ ਮੁਕਾਬਲਾ ਕਰਦੇ ਹਨ ਕਿ ਕਿਹੜਾ ਸੱਨਅਤ ਦੇ ਸਭ ਤੋਂ ਵੱਧ ਸਿਪਾਹੀਆਂ ਨੂੰ ਕੱਢ ਸਕਦਾ ਹੈ।”

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 6, ਅੰਕ 9, 16 ਤੋਂ 30 ਜੂਨ 2017 ਵਿੱਚ ਪ੍ਰਕਾਸ਼ਿਤ

Advertisements