ਭਾਰਤ ਵਿੱਚ ਫਾਸੀਵਾਦੀ ਉਭਾਰ ਇਨਕਲਾਬੀ ਤਾਕਤਾਂ ਲਈ ਗੰਭੀਰ ਚੁਣੌਤੀ -ਸੰਪਾਦਕੀ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਦੇਸ਼ ਵਿੱਚ ਫਿਰਕੂ ਫਾਸੀਵਾਦ ਦੀ ਜ਼ੋਰਦਾਰ ਵਾ ਵਗ ਰਹੀ ਹੈ। ਉਂਝ ਤਾਂ ਭਾਰਤ ‘ਚ ਪਿਛਲੇ ਤਿੰਨ ਦਹਾਕਿਆਂ ਤੋਂ ਇਹਨਾਂ ਫਾਸੀਵਾਦੀ ਤਾਕਤਾਂ ਦੀ ਜ਼ਬਰਦਸਤ ਮੌਜੂਦਗੀ ਰਹੀ ਹੈ, ਪਰ 2014 ਦੀਆਂ ਲੋਕ ਸਭਾ ਚੋਣਾਂ ‘ਚ ਭਾਰਤੀ ਜਨਤਾ ਪਾਰਟੀ ਦੀ ਜਿੱਤ ਤੋਂ ਬਾਅਦ ਇਹਨਾਂ ਦੀ ਹੋਰ ਵੀ ਚੜ੍ਹ ਮੱਚ ਗਈ ਹੈ। ਲੋਕ ਸਭਾ ਚੋਣਾਂ ਜਿੱਤਣ ਤੋਂ ਬਾਅਦ ਅਖੌਤੀ ਮੋਦੀ ਲਹਿਰ ‘ਤੇ ਸਵਾਰ ਹੋ ਕੇ ਭਾਜਪਾ ਹਰਿਆਣਾ, ਮਹਾਂਰਾਸ਼ਟਰ ਆਦਿ ਰਾਜਾਂ ‘ਚ ਸਰਕਾਰ ਬਣਾਉਣ ‘ਚ ਵੀ ਕਾਮਯਾਬ ਰਹੀ ਹੈ। ਹੁਣੇ-ਹੁਣੇ ਝਾਰਖੰਡ ਅਤੇ ਜੰਮੂ ਕਸ਼ਮੀਰ ‘ਚ ਹੋਈਆਂ ਚੋਣਾਂ ‘ਚ ਵੀ ਹਵਾ ਭਾਜਪਾ ਦੇ ਹੱਕ ‘ਚ ਹੀ ਵਗੀ ਹੈ। ਝਾਰਖੰਡ ‘ਚ ਇਸਨੂੰ ਬਹੁਮਤ ਮਿਲ਼ਿਆ ਹੈ ਜਦਕਿ ਜੰਮੂ ਕਸ਼ਮੀਰ ‘ਚ ਇਹ ਦੂਸਰੀ ਸਭ ਤੋਂ ਵੱਡੀ ਅਤੇ ਜੰਮੂ ਖੇਤਰ ਦੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਵੋਟ ਫੀਸਦੀ ਪੱਖੋਂ ਦੇਖਿਆ ਜਾਵੇ ਤਾਂ ਭਾਜਪਾ ਜੰਮੂ ਕਸ਼ਮੀਰ ‘ਚ ਸਭ ਤੋਂ ਵੱਧ ਵੋਟਾਂ ਹਾਸਲ ਕਰਨ ‘ਚ ਕਾਮਯਾਬ ਰਹੀ ਹੈ।

ਦੇਸ਼ ‘ਚ ਵਗ ਰਹੀ ਫਿਰਕੂ ਫਾਸੀਵਾਦ ਦੀ ਹਨ੍ਹੇਰੀ ਦੀ ਕਮਾਨ ਰਾਸ਼ਟਰੀ ਸਵੈ-ਸੇਵਕ ਸੰਘ ਦੇ ਹੱਥ ਹੈ। ਇਸਦੇ ਸਿਆਸੀ ਵਿੰਗ ਭਾਜਪਾ ਦਾ ਪ੍ਰਧਾਨ ਮੰਤਰੀ ਲਗਾਤਾਰ “ਵਿਕਾਸ” ਦੇ ਨਾਹਰੇ ਉਛਾਲ਼ ਕੇ ਮੱਧ-ਵਰਗ ਅਤੇ ਹੋਰ ਲੋਕਾਂ ਨੂੰ ਭਰਮਾਉਂਦਾ ਰਹਿੰਦਾ ਹੈ। ਅੱਜ ਮੋਦੀ ਜਦੋਂ ਵਿਕਾਸ ਦਾ ਨਾਹਰਾ ਦਿੰਦਾ ਹੈ ਤਾਂ ਉਸਦਾ ਮਤਲਬ ਸਰਮਾਏਦਾਰਾ ਵਿਕਾਸ ਜਾਂ ਸਰਮਾਏਦਾਰ ਜਮਾਤ ਦੇ ਮੁਨਾਫ਼ਿਆਂ ‘ਚ ਵਾਧਾ ਹੁੰਦਾ ਹੈ। ਇਸ ਨੂੰ ਉਹ ਸਾਰੇ ਦੇਸ਼ (ਸਮੇਤ ਕਿਰਤੀ ਲੋਕਾਂ ਦੇ) ਦਾ ਵਿਕਾਸ ਬਣਾ ਕੇ ਪੇਸ਼ ਕਰਦਾ ਹੈ। ‘ਲਲਕਾਰ’ ਦੇ ਪਿਛਲੇ ਅੰਕ ਦੀ ਸੰਪਾਦਕੀ ‘ਚ ਅਸੀਂ ਲਿਖਿਆ ਸੀ ਕਿ ਮੋਦੀ ਸੰਸਾਰ ਸਰਮਾਏਦਾਰਾ ਆਰਥਿਕ ਸੰਕਟ ਦੇ ਭੰਵਰ ‘ਚ ਫਸੀ ਭਾਰਤੀ ਸਰਮਾਏਦਾਰੀ ਦਾ ਸੰਕਟ ਮੋਚਨ ਬਣਨਾ ਲੋਚਦਾ ਹੈ, ਪਰ ਵਰਤਮਾਨ ਸਮੇਂ ਸੰਸਾਰ ਸਰਮਾਏਦਾਰੀ ਦੇ ਸਿਰ ‘ਤੇ ਜਿਹੜਾ ਜਾਨਲੇਵਾ ਆਰਥਿਕ ਸੰਕਟ ਛਾਇਆ ਹੋਇਆ ਹੈ, ਉਸ ‘ਚ ਮੋਦੀ ਤੋਂ ਸੰਕਟ ਮੋਚਨ ਬਣਿਆ ਨਹੀਂ ਜਾਣਾ ਤੇ ਇਹੋ ਹੋਇਆ। ਪਿਛਲੇ ਦਿਨੀਂ ਭਾਰਤ ਦੇ ਵੱਡੇ ਸਰਮਾਏਦਾਰਾਂ ਦੀ ਜਥੇਬੰਦੀ ਭਾਰਤੀ ਸੱਨਅਤ ਸੰਘ (ਸੀ.ਆਈ.ਆਈ.) ਦੀ ਇੱਕ ਕਾਨਫਰੰਸ ਹੋਈ ਜਿਸ ਵਿੱਚ ਇਕੱਠੇ ਹੋਏ ਮੋਦੀ ਮਾਲਕਾਂ (ਸਰਮਾਏਦਾਰਾਂ) ਨੇ ਮੋਦੀ ਸਰਕਾਰ ਨਾਲ਼ ਨਰਾਜ਼ਗੀ ਪ੍ਰਗਟ ਕੀਤੀ ਕਿ ਉਹ ਖੜੋਤ ਮਾਰੇ ਭਾਰਤੀ ਅਰਥਚਾਰੇ ਨੂੰ ਗਤੀ ਦੇਣ ਲਈ ਕੁੱਝ ਨਹੀਂ ਕਰ ਰਹੀ। ਅਸੀਂ ਪਿਛਲੇ ਅੰਕ ਦੀ ਸੰਪਾਦਕੀ ‘ਚ ਹੀ ਕਿਹਾ ਸੀ ਕਿ ਮੋਦੀ ਨੇ ਇਹਦੇ ਲਈ ਕੁੱਝ ਕਰ ਨਹੀਂ ਸਕਣਾ। ਹਾਂ, ਉਹ ਸਰਮਾਏਦਾਰਾ ਆਰਥਿਕ ਸੰਕਟ ਦੀ ਮਾਰ ਝੱਲ ਰਹੇ ਕਿਰਤੀ ਲੋਕਾਂ ਦੇ ਭਾਵੀ ਰੋਹ-ਫੁਟਾਰਿਆਂ ਨੂੰ ਕੁਚਲਣ ਦੀ ਤਿਆਰੀ ਕਰ ਸਕਦਾ ਹੈ ਅਤੇ ਕਰ ਰਿਹਾ ਹੈ। ਇਹ ਉਹ ਲੋਕਾਂ ‘ਤੇ ਜ਼ਬਰ ਦੇ ਕਟਕ ਚਾੜ੍ਹ ਕੇ ਵੀ ਕਰੇਗਾ ਅਤੇ ਸੰਘ ਪਰਿਵਾਰ ਰਾਹੀਂ ਲੋਕਾਂ ਨੂੰ ਭਰਾ-ਮਾਰ ਜੰਗ ‘ਚ ਝੋਕ ਕੇ ਵੀ। ਸੰਘ ਆਪਣੀਆਂ ਸਾਰੀਆਂ ਜਥੇਬੰਦੀਆਂ ਸਮੇਤ ਆਪਣੇ ਅਸਲ ਕੰਮ, ਦੇਸ਼ ਦੇ ਫਿਰਕੂ ਧਰੁਵੀਕਰਨ ‘ਚ ਦਿਨ-ਰਾਤ ਰੁੱਝਿਆ ਹੋਇਆ ਹੈ। ਸੰਘ ਵੱਲੋਂ ਪੂਰੇ ਦੇਸ਼ ‘ਚ ਥਾਂ-ਥਾਂ ਧਾਰਮਿਕ ਘੱਟ-ਗਿਣਤੀਆਂ (ਖਾਸ ਕਰ ਮੁਸਲਮਾਨਾਂ) ਵਿਰੁੱਧ ਦੰਗੇ ਭੜਕਾਏ ਜਾ ਰਹੇ ਹਨ। ਮੁਸਲਮਾਨਾਂ ਅਤੇ ਇਸਾਈਆਂ ਨੂੰ ਜ਼ਬਰਦਸਤੀ ਹਿੰਦੂ ਬਣਾਇਆ ਜਾ ਰਿਹਾ ਹੈ। ਸੰਘ ਇਸ ਨੂੰ “ਘਰ ਵਾਪਸੀ” ਕਹਿੰਦਾ ਹੈ।

ਹੁਣ “ਘਰ ਵਾਪਸੀ” ਦੀ ਇਹ ਸੰਘੀ ਮੁਹਿੰਮ ਪੰਜਾਬ ਤੱਕ ਵੀ ਪਹੁੰਚ ਗਈ। ਪੰਜਾਬ ‘ਚ ਇਸਦਾ ਮੁੱਖ ਨਿਸ਼ਾਨਾ ਇਸਾਈ ਅਤੇ ਮੁਸਲਮਾਨ ਹਨ। ਸੰਘ ਨੇ ਅੰਮ੍ਰਿਤਸਰ ‘ਚ ਧਰਮ ਬਦਲੀ ਦਾ ਪ੍ਰੋਗਰਾਮ ਰੱਖਿਆ ਹੈ ਤਾਂ ਕਿ ਇਸਾਈਆਂ ਨੂੰ ਸਿੱਖ ਬਣਾਇਆ ਜਾ ਸਕੇ। ਸੰਘ ਸਿੱਖ ਧਰਮ ਨੂੰ ਹਿੰਦੂ ਧਰਮ ਦੀ ਹੀ ਇੱਕ ਸ਼ਾਖਾ ਮੰਨਦਾ ਹੈ। ਇਸ ਲਈ ਪੰਜਾਬ ‘ਚ ਉਹ ਸਿੱਖ ਧਰਮ ‘ਚ ਹੋਰ ਧਰਮਾਂ ਦੇ ਲੋਕਾਂ (ਇਸਾਈਆਂ ਅਤੇ ਮੁਸਲਮਾਨਾਂ) ਦੀ ਵਾਪਸੀ ਦਾ ਪੱਤਾ ਖੇਡ ਰਿਹਾ ਹੈ। ਇਸ ਨਾਲ਼ ਸੰਘ ਨੂੰ ਲਗਦਾ ਹੈ ਕਿ ਪੰਜਾਬ ‘ਚ ਬਹੁਗਿਣਤੀ ਸਿੱਖਾਂ ਨੂੰ ਆਪਣੇ ਪੈਂਤੜੇ ‘ਤੇ ਜਿੱਤ ਲਵੇਗਾ।

ਪੰਜਾਬ ਵਿੱਚ ਹਿੰਦੂ ਫਿਰਕਾਪ੍ਰਸਤ ਤਾਕਤਾਂ ਕਦੇ ਵੀ ਬਹੁਤੀਆਂ ਤਾਕਤਵਾਰ ਨਹੀਂ ਰਹੀਆਂ। ਪਰ ਪਿਛਲੇ ਕੁੱਝ ਮਹੀਨਿਆਂ ਤੋਂ ਸੰਘ ਨੇ ਪੰਜਾਬ ‘ਚ ਤੇਜੀ ਨਾਲ਼ ਪੈਰ ਪਸਾਰੇ ਹਨ।
ਦੂਜੇ ਪਾਸੇ ਸੰਘ ਦੇ ਵਿਰੋਧ ‘ਚ ਸਿੱਖ ਮੂਲਵਾਦੀ ਤਾਕਤਾਂ ਵੀ ਸਰਗਰਮ ਹੋ ਰਹੀਆਂ ਹਨ। ਆਉਣ ਵਾਲ਼ੇ ਦਿਨਾਂ ‘ਚ ਪੰਜਾਬ ‘ਚ ਫਿਰਕੂ ਤਣਾਅ ਵਧਣ ਦੇ ਕਾਫੀ ਅਸਾਰ ਹਨ। ਮੂਲਵਾਦੀ, ਫਿਰਕੂ, ਫਾਸੀਵਾਦੀ ਤਾਕਤਾਂ ਪੰਜਾਬ ਦੇ ਕਿਰਤੀ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਲਈ ਦਿਨ-ਰਾਤ ਇੱਕ ਕਰ ਰਹੀਆਂ ਹਨ।

ਇਹ ਹਾਲਤ ਪੂਰੇ ਦੇਸ਼ ਅਤੇ ਪੰਜਾਬ ਦੇ ਕਿਰਤੀ ਲੋਕਾਂ ਦੇ ਹੱਕਾਂ, ਸੰਘਰਸ਼ਾਂ, ਮੁਕਤੀ ਦੀ ਜੱਦੋ-ਜਹਿਦ ਲਈ ਇੱਕ ਗੰਭੀਰ ਚੁਣੌਤੀ ਹੈ। ਇਹ ਹਾਲਤ ਮੰਗ ਕਰਦੀ ਹੈ ਕਿ ਮਜ਼ਦੂਰ ਜਮਾਤ ਅਤੇ ਵਿਸ਼ਾਲ ਕਿਰਤੀ ਲੋਕਾਈ ਦੀ ਮੁਕਤੀ ਨੂੰ ਸਮਰਪਿਤ ਇਨਕਲਾਬੀ ਤਾਕਤਾਂ ਕਿਰਤੀ ਲੋਕਾਂ ਨੂੰ ਜਥੇਬੰਦ ਕਰਨ ਅਤੇ ਹੱਕੀ ਸੰਘਰਸ਼ਾਂ ਦੇ ਰਾਹ ਤੋਰਨ ਦੀਆਂ ਆਪਣੀਆਂ ਕੋਸ਼ਿਸ਼ਾਂ ਨੂੰ ਤੇਜ ਕਰਨ। ਤਿੱਖੇ ਜਮਾਤੀ ਘੋਲ਼ ਹੀ ਕਿਰਤੀ ਲੋਕਾਂ ਦੀ ਧਰਮਾਂ, ਜਾਤਾਂ, ਭਾਸ਼ਾਵਾਂ, ਇਲਾਕਿਆਂ ਦੇ ਫਰਕ ਤੋਂ ਉੱਪਰ ਉੱਠ ਕੇ ਜਮਾਤੀ ਸਾਂਝ ਦੀ ਮਜ਼ਬੂਤੀ ਦੀ ਜਾਮਨੀ ਕਰ ਸਕਦੇ ਹਨ।

ਪਰ ਇਸਦੇ ਨਾਲ਼, ਜਿਸ ਕਦਰ ਹਨ੍ਹੇਰੀਆਂ ਤਾਕਾਤਾਂ ਵਧ-ਫੁੱਲ ਰਹੀਆਂ ਹਨ, ਇਹਨਾਂ ਦਾ ਟਾਕਰਾ ਕਰਨ ਲਈ ਸਾਰੀਆਂ ਧਰਮ ਨਿਰਪੱਖ, ਅਗਾਂਹਵਧੂ ਤਾਕਤਾਂ ਨੂੰ ਇੱਕ ਮੰਚ ‘ਤੇ ਆਉਣਾ ਚਾਹੀਦਾ ਹੈ, ਫਾਸੀਵਾਦ ਵਿਰੋਧੀ ਸਾਂਝਾ ਮੋਰਚਾ ਅੱਜ ਸਮੇਂ ਦੀ ਲੋੜ ਹੈ।

“ਲਲਕਾਰ – ਤਬਦੀਲੀ ਪਸੰਦ ਨੌਜਵਾਨਾਂ ਵਿਦਿਆਰਥੀਆਂ ਦੀ ਮੈਗਜ਼ੀਨ”, ਅੰਕ 35, ਜਨਵਰੀ 2015 ਵਿਚ ਪਰ੍ਕਾਸ਼ਤ

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google photo

You are commenting using your Google account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s