ਭਾਰਤ ਦੀਆਂ ਗੁਲਾਮ ਵਿਆਹੁਤਾਵਾਂ ਸਰਮਾਏਦਾਰਾ ਪ੍ਰਬੰਧ ਵਿੱਚ ਘਰੇਲੂ ਦੇਹ ਵਪਾਰ ਦਾ ਇੱਕ ਆਧੁਨਿਕ ਰੂਪ •ਡਾ.ਅਮਨ ਹੁੰਦਲ

6

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮਨੁੱਖੀ ਸਮਾਜ ਵਿੱਚ ਨਿੱਜੀ ਜਾਇਦਾਦ ਦੀ ਹੋਂਦ ਕਾਇਮ ਹੋਣ ਦੇ ਨਾਲ਼ ਹੀ ਔਰਤ ਦੀ ਗੁਲਾਮੀ ਦਾ ਲੰਮਾਂ ਯੁੱਗ ਸ਼ੁਰੂ ਹੋ ਜਾਂਦਾ ਹੈ। ਅਲੱਗ ਅਲੱਗ ਇਤਿਹਾਸਕ ਦੌਰਾਂ ਵਿੱਚ ਤਬਦੀਲੀ ਆਉਣ ਨਾਲ਼ ਬੱਸ ਔਰਤ ਦੀ ਗੁਲਾਮੀ ਦੇ ਰੂਪਾਂ ਵਿਚ ਤਬਦੀਲੀ ਆਉਂਦੀ ਰਹੀ ਹੈ। ‘ਗੁਲਾਮ ਵਿਆਹੁਤਾ’ ਮੌਜੂਦਾ ਸਰਮਾਏਦਾਰਾ ਪ੍ਰਬੰਧ ਵਿੱਚ ਔਰਤ ਦੀ ਗੁਲਾਮੀ ਦੇ ਰੂਪਾਂ ਵਿੱਚੋਂ ਹੀ ਘਰੇਲੂ ਦੇਹ ਵਪਾਰ ਦਾ ਇੱਕ ਆਧੁਨਿਕ ਰੂਪ ਹੈ ਜਿਸਦਾ ਰੁਝਾਨ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਧਿਆ ਹੈ। ਪੰਜਾਬ ਵਿੱਚ ਇਹਨਾਂ ‘ਗੁਲਾਮ ਵਿਆਹੁਤਾਵਾਂ’ ਨੂੰ ‘ਕੁਦੇਸਣਾਂ’ ਕਿਹਾ ਜਾਂਦਾ ਹੈ।

ਭਾਰਤੀ ਸੂਬਿਆਂ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ, ਰਾਜਸਥਾਨ ਵਿੱਚ ਸਰਗਰਮ ਤਸਕਰ-ਗਰੋਹਾਂ ਦੀ ਮਿਲ਼ੀਭੁਗਤ ਨਾਲ਼ ਵਿਆਹ ਦੇ ਨਾਂ ‘ਤੇ ਔਰਤਾਂ ਦੀ ਤਸਕਰੀ ਦਾ ਇਹ ਰੁਝਾਨ ਤੇਜ਼ੀ ਨਾਲ਼ ਵਧ ਰਿਹਾ ਹੈ। ਇਹਨਾਂ ਸੂਬਿਆਂ ਵਿੱਚ ਲਗਾਤਾਰ  ਵਧ ਰਹੇ ਲਿੰਗ ਅਨੁਪਾਤ ਕਾਰਨ ਮੁੰਡਿਆਂ ਨੂੰ ਵਿਆਹੁਣ ਦੀ ਸਮੱਸਿਆ ਪੈਦਾ ਹੋਣ ਲੱਗੀ ਹੈ। ਜਾਤ-ਪਾਤ ਦੇ ਤੁਅੱਸਬ ਇਸ ਸਮੱਸਿਆ ਨੂੰ ਹੋਰ ਵਿਕਰਾਲ ਬਣਾ ਦਿੰਦੇ ਹਨ। ਸਮਾਜ ਵਿਚਲੀ ਔਰਤ ਵਿਰੋਧੀ ਮਾਨਸਿਕਤਾ ਤੇ ਕੁੜੀਆਂ ਨੂੰ ਪਰਿਵਾਰ ‘ਤੇ ਬੋਝ ਸਮਝਣ ਕਾਰਨ ਪਹਿਲਾਂ ਤਾਂ ਇੱਥੇ ਕੁੜੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਲਿੰਗ ਅਨੁਪਾਤ ਦੇ ਗੜਬੜਾਉਣ ‘ਤੇ ਵਿਆਹ ਲਈ ਮੁੱਲ ਲੜਕੀਆਂ ਲੱਭਣ ਲੱਗਦੇ ਹਨ। ਹਰਿਆਣੇ ਦੇ ਮੇਵਾਤ ਜ਼ਿਲੇ ਵਿੱਚ ਇਹ ਸਭ ਤੋਂ ਜ਼ਿਆਦਾ ਹੈ (ਇਥੇ ਇਹ ਅਨੁਪਾਤ 1,000 ਪਿਛੇ 879 ਹੈ, ਜਦਕਿ ਦੇਸ਼ ਪੱਧਰ ‘ਤੇ ਇਹ ਅਨੁਪਾਤ 1,000 ਲੜਕਿਆਂ ਪਿਛੇ 927 ਲੜਕੀਆਂ ਦਾ ਹੈ) ‘ਕੁਈਨ੍ਰਸ ਯੂਨਿਵਰਸਿਟੀ’ ਦੁਆਰਾ ਹਰਿਆਣਾ ਤੇ ਰਾਜਸਥਾਨ ਦੇ 1300 ਪਿੰਡਾਂ ਵਿੱਚ ਕੀਤੇ ਇੱਕ ਸਰਵੇਖਣ ਮੁਤਾਬਕ ਪਿਛਲੇ ਤਿੰਨ ਸਾਲਾਂ ਵਿੱਚ ਇਸ ਵਰਤਾਰੇ ਵਿੱਚ 30% ਦਾ ਵਾਧਾ ਹੋਇਆ ਹੈ। ਬਿਹਾਰ, ਅਸਮ, ਝਾਰਖੰਡ, ਛੱਤੀਸਗੜ, ਪੱਛਮੀ-ਬੰਗਾਲ ਜਿਹੇ ਸੂਬਿਆਂ ਤੋਂ 12-14 ਸਾਲ ਦੀਆਂ ਗਰੀਬ ਲੜਕੀਆਂ ਨੂੰ ਤਸਕਰ-ਗਰੋਹਾਂ ਰਾਹੀਂ ਨੌਕਰੀ ਦਾ ਝਾਂਸਾ ਦੇ ਕੇ ਜਾਂ ਵਿਆਹ ਕਰਾਉਣ ਦੇ ਨਾਂ ‘ਤੇ ਖਰੀਦਿਆ ਜਾਂਦਾ ਹੈ ਅਤੇ ਗੁਲਾਮ ਵਿਆਹੁਤਾਵਾਂ ਬਣਾ ਦਿੱਤਾ ਜਾਂਦਾ ਹੈ। ਸਾਡੇ ਨਿਆਂ ਪ੍ਰਬੰਧ ਦਾ ਖੋਖਲਾਪਨ ਵੀ ਇੱਥੇ ਸਪੱਸ਼ਟ ਦਿਖਾਈ ਦੇ ਜਾਂਦਾ ਹੈ ਜਦ ਮੈਰਿਜ ਬਿਉਰੋ ਦੇ ਨਾਂ ਹੇਠ ਸ਼ਰੇਆਮ ਇਸ ਤਰਾਂ ਦੀ ਤਸਕਰੀ ਕੀਤੀ ਜਾਂਦੀ ਹੈ। ਦਲਿਤ ਅਤੇ ਆਦਿਵਾਸੀ ਔਰਤਾਂ ਇਸ ਦਾ ਸਭ ਤੋਂ ਵੱਧ ਸ਼ਿਕਾਰ ਹੁੰਦੀਆਂ ਹਨ। ਘਰਾਂ ਵਿੱਚ ਅਤੇ ਆਲ਼ੇ ਦੁਆਲ਼ੇ ਦੇ ਸਮਾਜ ਵਿੱਚ ਉਹਨਾਂ ਨੂੰ ਕੁਦੇਸਣਾਂ ਹੀ ਸਮਝਿਆ ਜਾਂਦਾ ਹੈ ਤੇ ਬਹੁਤ ਬੁਰਾ ਵਿਹਾਰ ਕੀਤਾ ਜਾਂਦਾ ਹੈ। ਅਜਿਹੀਆਂ ਗੁਲਾਮ ਵਿਆਹੁਤਾਂਵਾਂ ਇਕ ਜਹਾਲਤ ਭਰੀ ਜ਼ਿੰਦਗੀ ਬਿਤਾਉਂਦੀਆਂ ਹਨ ਜਿਸ ਵਿੱਚ ਰੋਜ਼ ਰੋਜ਼ ਉਹਨਾਂ ਦਾ ਸ਼ਰੀਰਕ ਤੇ ਮਾਨਸਕ ਸ਼ੋਸ਼ਣ ਕੀਤਾ ਜਾਂਦਾ ਹੈ। 

ਇਸ ਸਾਰੀ ਪ੍ਰਕਿਰਿਆ ਵਿੱਚ ਦੋਸ਼ੀ ਕੌਣ ਹੈ? ਕੀ ਆਪਣੀਆਂ ਲਕੜੀਆਂ ਨੂੰ ਵੇਚਣ ਲਈ ਮਜ਼ਬੂਰ ਗਰੀਬ ਦਲਿਤ ਆਦਿਵਾਸੀ ਪਰਿਵਾਰ ਧੋਖੇ ਨਾਲ਼ ਉਹਨਾਂ ਨੂੰ ਖਰੀਦਣ ਵਾਲ਼ੇ ਤਸਕਰ ਗਰੋਹ ਜਾਂ ਸਾਰੀ ਉਮਰ ਉਹਨਾਂ ਦਾ ਸ਼ਰੀਰਕ ਮਾਨਸਕ ਸ਼ੋਸ਼ਣ ਕਰਨ ਵਾਲ਼ੇ ਉਹਨਾਂ ਦੇ ਪਤੀ ਅਤੇ ਪਰਿਵਾਰ ਵਾਲੇ? ਟੁਕੜਿਆਂ ਵਿੱਚ ਵੇਖਿਆਂ ਸਾਨੂੰ ਇਹਨਾਂ ਸਾਰਿਆਂ ਵਿੱਚ ਹੀ ਕੁਝ ਵੱਧ ਜਾਂ ਘੱਟ ਦੋਸ਼ ਨਜ਼ਰ ਆ ਜਾਵੇਗਾ ਪਰ ਸਮੁੱਚ ਵਿੱਚ ਵੇਖਦਿਆਂ ਹੀ ਅਸੀਂ ਜਾਣ ਜਾਵਾਂਗੇ ਕਿ ਇਸ ਪਿੱਛੇ ਅਸਲ ਦੋਸ਼ੀ ਸਾਡਾ ਮੌਜੂਦਾ ਸਮਾਜਕ-ਆਰਥਕ ਪ੍ਰਬੰਧ ਹੈ ਜਿਸ ਨੇ ਔਰਤ ਨੂੰ ਇੱਕ ਵਸਤੁ ਬਣਾ ਦਿੱਤਾ ਹੈ। ਦੋਸ਼ੀ ਸਾਡੀਆਂ ਪੱਛੜੀਆਂ ਸੱਭਿਆਚਾਰਕ ਕਦਰਾਂ ਕੀਮਤਾਂ ਹਨ ਜਿਹਨਾਂ ਕਾਰਨ ਔਰਤ ਦਾ ਆਪਣਾ ਮਨੁੱਖੀ ਗੌਰਵ ਤੱਕ ਉਸ ਤੋਂ ਖੁੱਸ ਗਿਆ ਹੈ। ਇਸ ਸਭ ਵਿਚ ਔਰਤ ਨੂੰ ਮੰਡੀ ਦੀ ਇੱਕ ਵਸਤੂ ਵਜੋਂ ਪੇਸ਼ ਕਰਨ ਵਿੱਚ ਸਾਡਾ ਅੱਜ ਦਾ ਇਲੈਕਟ੍ਰੋਨਿਕ ਤੇ ਪ੍ਰਿੰਟ ਮੀਡੀਆ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। 

ਇਸ ਸਮੱਸਿਆ ਦਾ ਹੱਲ ਕਿਵੇਂ ਸੰਭਵ ਹੈ? ਪ੍ਰਸਿਧ ਇਨਕਲਾਬੀ ਚਿੰਤਕ ਅਤੇ ਕਵਿੱਤਰੀ ਕਾਤਿਯਾਯਨੀ ਦੇ ਸ਼ਬਦਾਂ ਵਿਚ ‘ਕਿਸੇ ਵੀ ਸਵਾਲ ਸਬੰਧੀ ਜਦ ਕਈ ਤਰਾਂ ਦੇ ਭਰਮ ਫੈਲ ਜਾਂਦੇ ਹਨ, ਅਤੇ ਨਾਲ਼ ਹੀ ਜਦ ਸਮੱਸਿਆ ਇੱਕ ਗੁੰਝਲ਼ਦਾਰ ਚੁਣੌਤੀ ਬਣ ਕੇ ਸਾਡੇ ਸਾਹਮਣੇ ਆ ਖੜੀ ਹੁੰਦੀ ਹੈ ਤਾਂ ਚੀਜ਼ਾਂ ਨੂੰ ਸਹੀ ਢੰਗ ਨਾਲ਼ ਸਮਝਣ ਲਈ ਸਾਨੂੰ ਇਤਿਹਾਸ ਦੀ ਮਦਦ ਲੈਣੀ ਪੈਂਦੀ ਹੈ।’ ਨਾਲ਼ ਹੀ ਸਾਨੂੰ ਉਹਨਾਂ ਸਾਰੇ ਯਤਨਾਂ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ ਜੋ ਅਤੀਤ ਵਿਚ ਇਸ ਤਰਾਂ ਦੀਆਂ ਸਮੱਸਿਆਵਾਂ ਨਾਲ਼ ਜੂਝਦਿਆਂ ਹੋਇਆਂ ਸਾਡੀਆਂ ਪਹਿਲੀਆਂ ਪੀੜੀਆਂ ਨੇ ਕੀਤੇ ਹੁੰਦੇ ਹਨ। ਅੱਜ ਸਾਨੂੰ ਇਸ ਸਮੱਸਿਆ ਨੂੰ ਵੀ ਤੇ ਔਰਤਾਂ ਦੀਆਂ ਸਾਰੀਆਂ ਸਮੱਸਿਆਵਾਂ ਨੂੰ ਵੀ ਇਸੇ ਨਜ਼ਰੀਏ ਤੋਂ ਹੀ ਵੇਖਣ-ਸਮਝਣ ਦੀ ਲੋੜ ਹੈ। ਮਰਦ-ਪ੍ਰਧਾਨ ਮਾਨਸਿਕਤਾ ਅਤੇ ਔਰਤ ਦੀ ਗੁਲਾਮੀ ਪਿੱਛੇ ਕਿਹੜੇ ਇਤਿਹਾਸਕ ਕਾਰਕ ਹਨ ਇਹਨਾਂ ਨੂੰ ਜਾਣੇ ਬਿਨਾਂ ਅਸੀਂ ਇਹਨਾਂ ਖਿਲਾਫ਼ ਨਹੀਂ ਲੜ ਸਕਦੇ। ਨਾਲ਼ ਹੀ ਸਾਨੂੰ ਅਤੀਤ ਦੇ ਨਾਰੀ ਮੁਕਤੀ ਘੋਲਾਂ ਦਾ ਅਧਿਐਨ ਕਰਨਾ ਪਵੇਗਾ, 1776-83 ਦੇ ਅਮਰੀਕੀ ਇਨਕਲਾਬ (ਜਦ ਔਰਤਾਂ ਨੇ ਪਹਿਲੀ ਵਾਰ ਵੋਟ ਪਾਉਣ ਤੇ ਜਾਇਦਾਦ ਦੇ ਅਧਿਕਾਰ ਤੇ ਸਮਾਜਕ ਬਰਾਬਰੀ ਦੀ ਮੰਗ ਉਠਾਈ), ਫਰਾਂਸੀਸੀ ਇਨਕਲਾਬ ਦੇ ਦੌਰਾਨ ਯੂਰੋਪ ਵਿੱਚ ਉਠੇ ਜਥੇਬੰਦ ਨਾਰੀ ਅੰਦੋਲਨ (ਜਿਸ ਵਿਚ ਔਰਤਾਂ ਨੇਂ ਸਾਰੀਆਂ ਜਨਤਕ ਤੇ ਸਿਆਸੀ ਕਾਰਵਾਈਆਂ ਵਿੱਚ ਹਿੱਸਾ ਲਿਆ, ਓਸੇ ਸਮੇਂ ਦੌਰਾਨ ਹੀ ਇਨਕਲਾਬੀ ਕਲੱਬਾਂ ਦੇ ਰੂਪ ਵਿੱਚ ਔਰਤਾਂ ਦੀਆਂ ਪਹਿਲੀਆਂ ਜਥੇਬੰਦੀਆਂ ਹੋਂਦ ਵਿੱਚ ਆਈਆਂ ਜਿਨਾਂ ਨੇ ਜਾਗੀਰਦਾਰੀ ਵਿਰੁੱਧ ਸੰਘਰਸ਼ਾਂ ਵਿਚ ਖੁੱਲ ਕੇ ਹਿੱਸਾ ਲੈਂਦੇ ਹੋਏ ਇਹ ਮੰਗ ਉਠਾਈ ਕਿ ਅਜ਼ਾਦੀ, ਬਰਾਬਰੀ ਅਤੇ ਭਾਈਚਾਰੇ ਦੇ ਸਿਧਾਂਤਾ ਨੂੰ ਬਿਨਾਂ ਕਿਸੇ ਲਿੰਗ-ਭੇਦ ਦੇ ਲਾਗੂ ਕੀਤਾ ਜਾਏ। 1908 ਵਿੱਚ ਅਮਰੀਕੀ ਔਰਤਾਂ ਦੇ ਘੋਲ (ਕੰਮ ਦੇ ਘੰਟੇ ਘਟਾਉਣ ਅਤੇ ਬਰਾਬਰ ਤਨਖਾਵਾਂ ਲਈ) ਜਿਸ ਘਟਨਾ ਦੀ ਯਾਦ ਵਿੱਚ ਹੀ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਵਜੋਂ ਮਨਾਇਆ ਜਾਣ ਲੱਗਾ ਅਤੇ ਭਾਰਤ ਦੇ ਅਜ਼ਾਦੀ ਘੋਲ ਵਿੱਚ ਵੀ ਔਰਤਾਂ ਦੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਸੀ। ਸੋ ਨਾਰੀ-ਮੁਕਤੀ ਘੋਲਾਂ ਦੀ ਵੀ ਇਕ ਅਮੀਰ ਵਿਰਾਸਤ ਸਾਡੇ ਕੋਲ਼ ਮੌਜੂਦ ਹੈ। ਅਤੀਤ ਵਿੱਚ ਜੋ ਵੀ ਹੱਕ ਔਰਤਾਂ ਨੂੰ ਮਿਲ਼ੇ ਹਨ ਸੰਘਰਸ਼ਾਂ ਰਾਹੀਂ ਹੀ ਮਿਲ਼ੇ ਹਨ ਅਤੇ ਭਵਿੱਖ ਵਿੱਚ ਵੀ ਇੰਝ ਹੀ ਲੈਣੇ ਪੈਣਗੇ। ਸਾਹਿਤ-ਸੱਭਿਆਚਾਰ ਦੇ ਖੇਤਰ ਵਿੱਚ ਵੀ ਔਰਤ ਦੇ ਮਨੁੱਖੀ ਗੌਰਵ ਨੂੰ ਬਹਾਲ ਕਰਨ ਦੀ ਲੜਾਈ ਲੜਨੀ ਹੋਵੇਗੀ। ਅਜਿਹਾ ਨਹੀਂ ਕਿ ਪਹਿਲਾਂ ਇਸ ਮਸਲੇ ਨੂੰ ਸਾਹਿਤਕਾਰਾਂ ਨੇ ਨਹੀਂ ਛੋਹਿਆ। ਪੰਜਾਬੀ ਸਾਹਿਤ ਵਿੱਚ ਹੀ ਅਸੀਂ ਗੁਲਾਮ ਵਿਆਹੁਤਾਵਾਂ ਦੀ ਜ਼ਿੰਦਗੀ ਤੇ ਕਈ ਕਿਤਾਬਾਂ ਵੇਖ ਸਕਦੇ ਹਾਂ, ਜਿਵੇਂ ਕਿ ਪ੍ਰੀਤਮ ਸਿੰਘ ਪੰਛੀ ਦੀ ‘ਕੁਦੇਸਣ’, ਪਰਗਟ ਸਤੌਜ ਦੀ ‘ਤੀਵੀਆਂ’, ਦਲੀਪ ਕੌਰ ਟਿਵਾਣਾ ਦੀ ‘ਏਹੋ ਹਮਾਰਾ ਜੀਵਣਾ’ ਆਦਿ। ਇਸੇ ਪਰੰਪਰਾ ਨੂੰ ਅੱਗੇ ਵਿਕਸਤ ਕਰਦੇ ਹੋਏ ਸਾਨੂੰ ਅੱਜ ਦੀਆਂ ਸਮੱਸਿਆਵਾਂ ਨੂੰ ਨਜਿੱਠਣ ਦੀ ਲੋੜ ਹੈ। ਸਾਨੂੰ ਉਹਨਾਂ ਸਾਰੀਆਂ ਪੱਛੜੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਖਿਲਾਫ਼  ਲੜਨਾ ਪਵੇਗਾ ਜੋ ਔਰਤ ਮੁਕਤੀ ਦੇ ਰਾਹ ਵਿਚ ਰੋੜਾ ਹਨ। ਅੱਜ ਔਰਤਾਂ ਦੀ ਅਜ਼ਾਦੀ ਦਾ ਮਸਲਾ, ਉਸਦੇ ਮਨੁੱਖੀ ਗੌਰਵ ਨੂੰ ਬਹਾਲ ਕਰਨ ਦਾ ਮਸਲਾ, ਸਾਰੇ ਦੱਬੇ-ਕੁਚਲੇ ਲੋਕਾਂ ਦੀ ਅਜ਼ਾਦੀ ਦੇ ਮਸਲੇ ਨਾਲ਼ ਜੁੜ ਗਿਆ ਹੈ। ਨਾਰੀ ਮੁਕਤੀ ਦਾ ਹੱਲ ਲੁੱਟ ਖਸੁੱਟ ‘ਤੇ ਟਿਕੇ ਸਮਾਜ ਤੋਂ ਮੁਕਤੀ ਦੀ ਲੰਮੀ ਪ੍ਰਕਿਰਿਆ ਅਰਥਾਤ ਸਮਾਜਵਾਦੀ ਸਮਾਜ ਦੀ ਉਸਾਰੀ ਨਾਲ਼ ਹੀ ਸੰਭਵ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਸਾਲ 6, ਅੰਕ 3, 16 ਤੋਂ 31 ਮਾਰਚ, 2017 ਵਿੱਚ ਪ੍ਰਕਾਸ਼ਤ

 

Advertisements