ਭਾਰਤ ਦੀਆਂ ਔਰਤਾਂ!! •ਬਿੰਨੀ

1

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਤੁਸੀਂ ਭਾਰਤ ’ਚ ਔਰਤਾਂ ਦੀ ਜ਼ਿੰਦਗੀ ਬਾਰੇ ਜਾਣਦੇ ਹੋ, ਅਸੀਂ ਇੱਥੇ ਕਿਵੇਂ ਰਹਿੰਦੇ ਹਾਂ? ਨਹੀਂ ਜਨਾਬ! ਰਹਿੰਦੇ ਨਹੀਂ ਕੱਟਦੇ ਹਾਂ ਬਸ ਅਝਾਂਈ ਜੀਵੀ ਹੀ ਜਾ ਰਹੇਂ ਹਾਂ। ਅਪਣੀ ਸੁਰੱਖਿਆ ਤੇ ਸਮਾਜ ਦੀ ਅਖੌਤੀ ਇੱਜ਼ਤ ਲਈ ਆਪਣੀ ਸਾਰੀ ਜ਼ਿੰਦਗੀ ਨੂੰ ਗੁਲਾਮ ਬਣਾ ਲੈਂਦੇ ਹਾਂ ਤੇ ਹਰ ਰੋਜ਼ ਚੜਦੇ ਸੂਰਜ ਤੋਂ ਲੈ ਕੇ ਡੁੱਬਦੇ ਸੂਰਜ ਤੱਕ ਹੌਲ਼ੀ-ਹੌਲ਼ੀ ਮਰਦੇ ਹਾਂ। ਇਥੇ ਔਰਤ ਹੋਣਾ ਅਪਰਾਧ ਹੈ ਜੇ ਤੁਸੀਂ ਹੋ ਤਾਂ ਤੁਹਾਡੇ ਨਾਲ਼ ਕੋਈ ਅਪਰਾਧ, ਛੇੜਖਾਨੀ, ਬਲਾਤਕਾਰ ਹੋ ਸਕਦਾ ਹੈ ਜਾਂ ਤੁਸੀਂ ਕਤਲ ਕੀਤੇ ਜਾ ਸਕਦੇ ਹੋ। ਤੁਸੀਂ ਜਨਮ ਲਿਆ ਹੈ ਜਾਂ ਮਰਨ ਕਿਨਾਰੇ ਹੋ, ਉਮਰ ਦਾ ਕੋਈ ਲਿਹਾਜ ਨਹੀਂ। ਜਿਉਂਦੇ ਹੋਵੇ ਜਾਂ ਲਾਸ਼ ਹੋਵੋ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਬੱਸ ਇੱਕ ਮਾਸ ਦਾ ਲੋਥਾ ਚਾਹੀਦਾ ਹੈ। ਜੇ ਤੁਹਾਡੇ ਜੰਮਣ ’ਤੇ ਇਹ ਤੈਅ ਹੋ ਗਿਆ ਕਿ ਤੁਸੀਂ ਕੁੜੀ ਹੋ ਤੁਹਾਡੇ ’ਤੇ ‘ਅਸੁਰੱਖਿਆ’ ਦਾ ਟੈਗ ਲਗਾ ਦਿੱਤਾ ਜਾਵੇਗਾ। ਤੁਸੀਂ ਚਾਰ ਦਿਵਾਰੀ ’ਚ ਰਹੋ, ਆਪਣੇ ਤਨ ਨੂੰ ਕਈ ਮੀਟਰ ਲੰਮੇ ਕੱਪੜੇ ਨਾਲ਼ ਲਪੇਟ ਕੇ ਰੱਖੋ। ਤੁਸੀਂ ਬੱਸ ਸ਼ਾਂਤ ਰਹੋ, ਚੁੱਪ ਰਹੋ ਤੇ ਸੁਣੋ। ਤੁਹਾਡੀ ਨਾ ਦਾ ਸਮਾਜ ਲਈ ਕੋਈ ਮਤਲਬ ਨਹੀਂ। ਤੁਹਾਡੀ ਹਰ ਨਾ ਦਾ ਮਤਲਬ ਹੈ ਕਿ ਤੁਸੀਂ ਸਮਾਜ ਦੇ ਅਖੌਤੀ ਨਿਯਮਾਂ ਦੀ ਉਲੰਘਣਾ ਕਰ ਰਹੇਂ ਹੋ। ਤੁਹਾਡੀ ਅਜ਼ਾਦੀ ਬਾਰੇ ਕਿਸੇ ਉੱਚੇ ਆਹੁਦੇ ’ਤੇ ਬੈਠੇ ਤੋਂ ਪੁੱਛੋਂ ਜਾਂ ਪਿੰਡ ਦੇ ਕਿਸੇ ਕੁੜੀ ਦੇ ਅਨਪੜ੍ਹ ਬਾਪ ਨੂੰ ਕੋਈ ਬਹੁਤਾ ਫਰਕ ਨਹੀਂ ਬਸ ਸ਼ਬਦਾਂ ਦਾ ਹੇਰ ਫੇਰ, ਜਵਾਬ ਇੱਕ ਹੀ ਹੋਵੇਗਾ। ਉਹ ਚਾਹੁੰਦੇ ਨੇ ਕਿ ਤੁਹਾਡੀ ਹੋਂਦ ਰਹੇ ਪਰ ਤੁਸੀਂ ਅਦਿ੍ਰਸ਼ ਹੋ ਕੇ ਜੀਵੋ।

ਇੱਥੇ ਹਰ ਰੋਜ਼ ਅਖ਼ਬਾਰ ਦਾ ਮੂਹਰਲਾ ਪੰਨਾ ਬਲਾਤਕਾਰ ਦੀਆਂ ਘਟਨਾਵਾਂ ਨਾਲ਼ ਦਸਤਕ ਦਿੰਦਾ ਹੈ। ਇਹ ਵਾਧਾ ਮਹਿਜ ਅੰਕੜੇ ਨਹੀਂ ਭਾਰਤ ’ਚ ਔਰਤਾਂ ਦੀ ਹੁੰਦੀ ਦੁਰਦਸ਼ਾ ਦੇ ਗਵਾਹ ਨੇ। ਔਰਤਾਂ ਲਈ ਭਾਰਤ ਦੁਨੀਆਂ ’ਚ ਦੂਜਾ ਸੱਭ ਤੋਂ ਖਤਰਨਾਕ ਦੇਸ਼ ਹੈ। ਕੌਮੀ ਅਪਰਾਧ ਸੰਸਥਾ ਦੀ ਰਿਪੋਰਟ ਮੁਤਾਬਕ ਭਾਰਤ ’ਚ ਹਰ ਇੱਕ ਘੰਟਾ ਬੀਤਣ ਨਾਲ਼ 18 ਸਾਲ ਤੋਂ ਘੱਟ ਉਮਰ ਦੀਆਂ 2 ਬੱਚੀਆਂ ਨਾਲ਼ ਬਲਾਤਕਾਰ ਦੀ ਘਟਨਾ ਵਾਪਰਦੀ ਤੇ ਹਰ 13 ਮਿੰਟ ਬਾਅਦ ਇੱਕ ਔਰਤ ਨਾਲ਼ ਬਲਾਤਕਾਰ ਦੀ ਘਟਨਾ ਵਾਪਰਦੀ ਹੈ। ਅਗਵਾ ਹੋਣ ਵਾਲ਼ੀਆਂ ਘਟਨਾਵਾਂ ’ਚ ਵੀ 44% 18 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਹੁੰਦੀਆਂ ਹਨ। ਜਿਹਨਾਂ ਨੂੰ ਸਰੀਰਕ ਧੰਦੇ, ਜਾਂ ਜ਼ਬਰੀ ਮਜ਼ਦੂਰੀ ’ਤੇ ਲਾਇਆ ਜਾਂਦਾ ਹੈ। ਇਸ ’ਤੇ ਸਾਰੇ ਲੀਡਰ ਅੱਡ-ਅੱਡ ਬੋਲੀ ਬੋਲਦੇ ਨੇ। ਕੁੱਝ ਗੁਲਾਮੀ ਦੇ ਪੱਖ ’ਚ ਸ਼ਰੇ੍ਹਆਮ ਭੁਗਦਤੇ ਨੇ ਤੇ ਕੁੱਝ ਇੱਕ ਨਵੇਂ ਕਨੂੰਨ ਨਾਲ਼ ਲੋਕਾਂ ਨੂੰ ਚੁੱਪ ਕਰਾਂਉਂਦੇ ਨੇ। ਇਹਨਾਂ ਦਾ ਸੱਭ ਤੋਂ ਵੱਡਾ ਅੰਗ “ਸੰਵਿਧਾਨ” ਬਰਾਬਰੀ, ਨਿਆਂ ਤੇ ਇੱਥੋਂ ਤੱਕ ਕਿ ਮੌਤ ਦੀ ਸਜ਼ਾ ਵੀ ਕਬੂਲਦਾ ਹੈ ਪਰ ਇਹ ਕਾਗਜ਼ੀ ਕਨੂੰਨੀ ਦਤਾਵੇਜਾਂ ਤੋਂ ਵੱਧ ਕੁੱਝ ਵੀ ਨਹੀਂ। ਇਹਨਾਂ ’ਚੋਂ ਸਿਰਫ 28% ਮਾਮਲਿਆਂ ’ਚ ਸਜਾ ਹੋਈ ਹੈ। ਬਾਕੀ ਅਦਾਲਤ ਦੇ ਬੂਹੇ ਨਾਲ਼ ਹਰ ਰੋਜ਼ ਟੱਕਰ ਖਾ ਕੇ ਮੁੜਦੇ ਨੇ। ਇੱਥੇ ਹਰ ਬੀਤਦੇ ਦਿਨ, ਘੰਟੇ, ਮਿੰਟਾਂ ਤੇ ਸਕਿੰਟਾਂ ਨਾਲ਼ ਕੁੜੀਆਂ ਇਸ ਭੈੜੇ ਸਮਾਜ ਦੀ ਹਵਸ ਦਾ ਸ਼ਿਕਾਰ ਹੁੰਦੀਆਂ ਨੇ। ਕੁੜੀ ਦੇ ਜਨਮ ਤੋਂ ਲੈ ਕੇ ਉਸ ਦੀ ਮੌਤ ਤੱਕ ਸਮਾਜ ਉਸ ਨੂੰ ਨਿਚੋੜਨਾ ਚਾਹੁੰਦਾ ਹੈ। ਹੁਣ ਸਵਾਲ ਇਹ ਹੈ ਕਿ ਸਾਡੀ ਖੁਦ ਦੀ ਅਜ਼ਾਦੀ ਦਾ ਸੁਪਨਾ ਕੀ ਹੈ? – ਅਸੀਂ ਅਜ਼ਾਦੀ ਚਾਹੁੰਦੇ ਹਾਂ ਹਰ ਮਾਮਲੇ ’ਚ ਬਿਨ੍ਹਾਂ ਕਿਸੇ ਦੀ ਇੱਜ਼ਤ ਦਾ ਭਾਰ ਢੋਏ ਤੁਸੀਂ ਸਾਨੂੰ ਹੋਰ ਕੈਦ ਕਰ ਕੇ ਨਹੀਂ ਰੱਖ ਸਕਦੇ, ਇਸ ਲਈ ਅਸੀਂ ਤੁਹਾਡੀ ਹੱਦ ਤੱਕ ਦੀ ਨਫਰਤ ਦਾ ਭਾਰ ਢੋਣ ਨੂੰ ਵੀ ਤਿਆਰ ਹਾਂ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਲਈ ਸਾਡਾ ਸਿਰ ਸਿਰਫ ਹਾਂ ’ਚ ਹਿੱਲੇ , ਅਸੀਂ ਸਿਰਫ ਤੁਹਾਡੀ ਕੁੜੀ, ਭੈਣ, ਪਤਨੀ, ਮਾਂ ਜਾਂ ਇੱਕ ਸਰੀਰ ਬਣਕੇ ਹੀ ਰਹੀਏ ਤਾਂ ਜਨਾਬ, ਤੁਹਾਡਾ ਧੰਨਵਾਦ! ਸਾਨੂੰ ਮਨਜ਼ੂਰ ਨਹੀਂ। ਅਜਿਹੀ ਵਿਅਰਥ, ਨੀਰਸ ਤੇ ਉਧਾਰੀ ਜ਼ਿੰਦਗੀ ਹੁਣ ਅਸਹਿ ਹੋ ਗਈ ਹੈ। ਸਾਨੂੰ ਤੁਹਾਡੇ ਵੱਲੋਂ ਦਿੱਤੀ ਗੁਲਾਮੀ ਕਬੂਲ ਨਹੀਂ, ਅਸੀਂ ਕਿਸੇੇ ਹੋਰ ਉੱਚੇ ਆਦਰਸ਼ ਦੀ ਭਾਲ ਕਰਾਂਗੇ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ” – ਸਾਲ 7, ਅੰਕ 17, 16 ਤੋਂ 31 ਅਕਤੂਬਰ 2018 ਵਿੱਚ ਪ੍ਰਕਾਸ਼ਿਤ