ਭਾਰਤ – ਕੁਪੋਸ਼ਣ ਤੋਂ ਪੀੜਤ ਲੋਕਾਂ ਦਾ ਘਰ •ਬਲਜੀਤ

5

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

ਭਾਰਤ ਸੰਸਾਰ ਮੰਡੀ ਵਿੱਚ ਸਭ ਤੋਂ ਵੱਧ ਅਨਾਜ਼ ਤੇ ਦੁੱਧ ਨਿਰਯਾਤ ਕਰਨ ਵਾਲ਼ੇ ਦੇਸ਼ਾਂ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਪਰ ਕੁਪੋਸ਼ਣ ਤੋਂ ਪੀੜਤ ਲੋਕਾਂ ਦੀ ਸਭ ਤੋਂ ਵੱਧ ਅਬਾਦੀ ਭਾਰਤ ਵਿੱਚ ਹੀ ਰਹਿੰਦੀ ਹੈ। ਸੰਯੁਕਤ ਰਾਸ਼ਟਰ ਦੀ ਸਲਾਨਾ ਰਿਪੋਰਟ ਮੁਤਾਬਿਕ ਭਾਰਤ ਵਿੱਚ ਲੱਗਭਗ ਵੀਹ ਕਰੋੜ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਇੱਕ ਹੋਰ ਸੰਸਥਾ ‘ਇੰਟਰਨੈਸ਼ਨ ਹੈਲਥ ਗਾਰਡਨਰ’ ਨੇ ਸੰਨ 2008 ਵਿੱਚ 17 ਦੇਸ਼ਾਂ ਦਾ ਇੱਕ ਸਰਵੇਖਣ ਕੀਤਾ ਜਿਹਨਾਂ ਲਈ ਘੱਟ, ਵੱਧ ਤੇ ਚਿੰਤਾਜਨਕ ਤਿੰਨ ਦਰਜ਼ੇਬੰਦੀਆਂ ਰੱਖੀਆਂ। ਇਸ ਅਨੁਸਾਰ ਪੰਜਾਬ ਵਿੱਚ 13.6 ਫੀਸਦੀ ਅਤੇ ਮੱਧ ਪ੍ਰਦੇਸ਼ ਵਿੱਚ 30.9 ਫੀਸਦੀ ਲੋਕ ਭੁੱਖਮਰੀ ਦਾ ਸ਼ਿਕਾਰ ਹਨ। ਪੰਜਾਬ ਸੂਬਾ 34ਵੇਂ ਸਥਾਨ ‘ਤੇ ਹੈ। ਭਾਰਤ ਲਈ ਚਿੰਤਾਜਨਕ ਦਰਜ਼ਾ ਦਿੱਤਾ ਗਿਆ ਹੈ। ਸਿਰਫ਼ ਪੰਜਾਬ ਅੰਦਰ 60 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਪਾਏ ਗਏ।

ਕੌਮੀ ਖੁਰਾਕ ਨਿਗਰਾਨੀ ਵਿਭਾਗ ਅਨੁਸਾਰ ਭਾਰਤ ਵਿੱਚ ਲੱਗਭਗ 83 ਕਰੋੜ ਲੋਕ, ਅਬਾਦੀ ਦਾ 70 ਫੀਸਦੀ, ਘੱਟ ਪੋਸ਼ਟਿਕ ਖੁਰਾਕ ਲੈਣ ਲਈ ਮਜ਼ਬੂਰ ਹਨ। ਸਰਵੇਖਣ ਵਿੱਚ ਇਹ ਵੀ ਪਾਇਆ ਗਿਆ ਕਿ ਭਾਰਤ ਦੇ ਪੇਂਡੂ ਇਲਾਕੇ ਵਿੱਚ 1975 ਤੋਂ 1979 ਦੇ ਮੁਕਾਬਲੇ ਭੋਜ਼ਨ ਵਿੱਚ 550 ਕੈਲਰੀ ਪ੍ਰਤੀ ਵਿਅਕਤੀ ਖਪਤ ਘਟੀ ਹੈ। ਪੇਂਡੂ ਭਾਰਤੀ 13 ਗ੍ਰਾਮ ਪ੍ਰੋਟੀਨ, 5 ਮਿਲੀਗ੍ਰਾਮ ਆਇਰਨ, 250 ਮਿਲੀਗ੍ਰਾਮ ਕੈਲਸ਼ੀਅਮ ਅਤੇ 500 ਮਿਲੀਗ੍ਰਾਮ ਵਿਟਾਮਿਨ ਪ੍ਰਤੀ ਵਿਅਕਤੀ ਖਪਤ ਕਰਦੇ ਹਨ। ਜੋ ਕਿ ਬਹੁਤ ਹੀ ਘੱਟ ਹੈ। ਨਤੀਜੇ ਵਜੋਂ 35 ਫੀਸਦੀ ਪੇਂਡੂ ਆਦਮੀ ਤੇ ਔਰਤਾਂ ਕੁਪੋਸ਼ਿਤ ਹਨ।

ਪੋਸ਼ਟਿਕ ਭੋਜ਼ਨ ਹਰ ਵਿਅਕਤੀ ਦੀ ਬੁਨਿਆਦੀ ਲੋੜ ਤੇ ਹੱਕ ਹੈ। ਸ਼ਰੀਰ ਨੂੰ ਜਿਉਂਦੇ ਤੇ ਤੰਦਰੁਸਤ ਰੱਖਣ ਲਈ ਵਿਅਕਤੀ ਨੂੰ ਰੋਜ਼ਾਨਾ ਸਾਰੇ ਪੋਸ਼ਟਿਕ ਤੱਤਾਂ ਨਾਲ਼ ਭਰਪੂਰ ਭੋਜਨ ਦੀ ਲੋੜ ਪੈਂਦੀ ਹੈ। ਗਰਭ ਦੌਰਾਨ ਤੇ ਜਨਮ ਤੋਂ ਬਾਅਦ ਕੁੱਝ ਸਾਲਾਂ ਦੌਰਾਨ ਜਦੋਂ ਬੱਚੇ ਦਾ ਸ਼ਰੀਰਕ ਤੇ ਮਾਨਸਿਕ ਵਿਕਾਸ ਤੇਜ਼ੀ ਨਾਲ਼ ਹੋ ਰਿਹਾ ਹੁੰਦਾ ਹੈ ਇਸ ਸਮੇਂ ਗਰਭਵਤੀ ਔਰਤਾਂ ਤੇ ਦੁੱਧ ਪਿਲਾਉਣ ਵਾਲ਼ੀਆਂ ਮਾਵਾਂ ਲਈ ਭੋਜ਼ਨ ਦਾ ਖਾਸ ਖਿਆਲ ਰੱਖਣ ਦੀ ਲੋੜ ਹੁੰਦੀ ਹੈ। ਕਿਉਂਕਿ ਉਸ ਉੱਤੇ ਆਪਣੀ ਸਿਹਤ ਦੇ ਨਾਲ਼-ਨਾਲ਼ ਇੱਕ ਨਵੇਂ ਮਨੁੱਖ ਨੂੰ ਪਾਲਣ-ਪੋਸ਼ਣ ਦੀ ਜ਼ਿੰਮੇਵਾਰੀ ਹੁੰਦੀ ਹੈ। ਪਰ ਉਹਨਾਂ ਨੂੰ ਪੋਸ਼ਟਿਕ ਭੋਜਨ ਦੀ ਪੂਰਤੀ ਨਹੀਂ ਹੋ ਪਾਉਂਦੀ।

ਇੱਕ ਗੈਰ-ਸਰਕਾਰੀ ਸੰਸਥਾ ਨੇ ਰਾਜਸਥਾਨ ਦੇ ਚਾਰ ਪਿੰਡਾਂ ਦਾ ਸਰਵੇਖਣ ਕੀਤਾ ਜਿਸ ਵਿੱਚ ਪਾਇਆ ਗਿਆ ਕਿ ਕੁੱਲ 500 ਵਿੱਚੋਂ ਅੱਧੀਆਂ ਔਰਤਾਂ (ਗਰਭਵਤੀ ਤੇ ਦੁੱਧ ਪਿਲਾਉਣ ਵਾਲ਼ੀਆਂ ਮਾਵਾਂ) ਨੇ ਪਿਛਲੇ ਦਿਨ ਤੋਂ ਭੋਜਨ ਵਿੱਚ ਦਾਲ਼ ਨਹੀਂ ਖਾਧੀ ਸੀ। ਇੱਕ ਤਿਹਾਈ ਔਰਤਾਂ ਨੇ ਕੋਈ ਹਰੀ ਸਬਜੀ ਨਹੀਂ ਖਾਧੀ ਸੀ ਅਤੇ ਉਹਨਾਂ ਵਿੱਚੋਂ ਲਗਭਗ ਕਿਸੇ ਨੇ ਵੀ ਦੁੱਧ, ਅੰਡਾ, ਫਲ ਤੇ ਮੀਟ ਨਹੀਂ ਖਾਧਾ ਸੀ। ਸਿੱਟੇ ਵਜੋਂ ਉਹਨਾਂ ਵਿੱਚੋਂ ਅੱਧੀਆਂ ਔਰਤਾਂ ਕੁਪੋਸ਼ਣ ਦਾ ਸ਼ਿਕਾਰ ਸਨ। ਇਸ ਕਰਕੇ ਸੁਭਾਵਿਕ ਹੀ ਹੈ ਕਿ ਉਹਨਾਂ ਦੇ ਬੱਚੇ ਤੰਦਰੁਸਤ ਨਹੀਂ ਹੋ ਸਕਦੇ। ਇਸੇ ਕਾਰਨ ਵੀਹ ਤੋਂ ਤੀਹ ਫੀਸਦੀ ਨਵਜਨਮੇ ਬੱਚਿਆਂ ਦਾ ਭਾਰ ਢਾਈ ਕਿੱਲੋ ਤੋਂ ਵੀ ਘੱਟ ਹੁੰਦਾ ਹੈ। ਕਰੀਬ ਵੀਹ ਲੱਖ ਬੱਚੇ ਪੰਜ ਸਾਲ ਦੀ ਉਮਰ ਤੱਕ ਵੀ ਨਹੀਂ ਜਿਉਂ ਪਾਉਂਦੇ। ਸਿਰਫ਼ ਮਹਾਂਰਾਸ਼ਟਰ ਵਿੱਚ ਪੰਜ ਸਾਲ ਤੋਂ ਘੱਟ ਦੇ 45 ਹਜ਼ਾਰ ਬੱਚੇ ਸਲਾਨਾ ਕੁਪੋਸ਼ਣ ਕਰਕੇ ਮਰ ਜਾਂਦੇ ਹਨ।

ਵਿਗਿਆਨ ਅਨੁਸਾਰ ਤਿੰਨ ਸਾਲ ਤੋਂ ਘੱਟ ਉਮਰ ਦੇ ਬੱਚੇ ਨੂੰ 300 ਮਿਲੀਗ੍ਰਾਮ ਦੁੱਧ ਦੀ ਲੋੜ ਹੁੰਦੀ ਹੈ। ਜਦ ਕਿ ਉਹ ਸਿਰਫ਼ 80 ਮਿਲੀਗ੍ਰਾਮ ਦੁੱਧ ਪੀਂਦੇ ਹਨ। ਨਵਜਨਮੇ ਬੱਚੇ ਨੂੰ ਪਹਿਲੇ ਛੇ ਮਹੀਨ ਸਿਰਫ਼ ਮਾਂ ਦੇ ਦੁੱਧ ਦੀ ਲੋੜ ਹੁੰਦੀ ਹੈ। ਪਰ ਜ਼ਿਆਦਾਤਰ ਔਰਤਾਂ ਖੁਦ ਕੁਪੋਸ਼ਿਤ ਤੇ ਕਮਜ਼ੋਰ ਹੋਣ ਕਾਰਨ ਦੋ ਜਾਂ ਤਿੰਨ ਮਹੀਨੇ ਵੀ ਪਿਆ ਨਹੀਂ ਪਾਉਂਦੀਆਂ। ਨਤੀਜ਼ੇ ਵਜੋਂ ਬੱਚੇ ਦਾ ਦਿਮਾਗੀ ਤੇ ਸ਼ਰੀਰਕ ਵਿਕਾਸ ਸਹੀ ਢੰਗ ਨਾਲ਼ ਨਹੀਂ ਹੋ ਪਾਉਂਦਾ। ਛੇ ਮਹੀਨੇ ਤੋਂ ਪੰਜ ਸਾਲ ਦੀ ਉਮਰ ਦੇ 70 ਫੀਸਦੀ ਬੱਚੇ ਖੂਨ ਦੀ ਕਮੀ (ਅਨੀਮੀਆ) ਦਾ ਸ਼ਿਕਾਰ ਹਨ। ਅਜਿਹੇ ਬੱਚਿਆਂ ਦੀ ਸੋਚਣ-ਸਮਝਣ ਦੀ ਸਮਰੱਥਾ ਵੀ ਘੱਟ ਹੋ ਜਾਂਦੀ ਹੈ ਜਿਸ ਕਾਰਨ ਉਹ ਪੜ੍ਹਾਈ ਵੀ ਸਹੀ ਤਰੀਕੇ ਨਾਲ਼ ਨਹੀਂ ਕਰ ਪਾਉਂਦੇ।

ਸੰਯੁਕਤ ਰਾਸ਼ਟਰ ਦੀ ਇੱਕ ਰਿਪੋਰਟ ਵਿੱਚ ਇਹ ਕੌੜੀ ਸੱਚਾਈ ਸਾਹਮਣੇ ਆਈ ਹੈ ਕਿ ਪਿਛੜੇ ਸਰਮਾਏਦਾਰਾ ਦੇਸ਼ਾਂ ਵਿੱਚ ਪੰਜ ਸਾਲ ਤੋਂ ਘੱਟ ਉਮਰ ਦੇ ਲੱਗਭਗ ਵੀਹ ਕਰੋੜ ਬੱਚਿਆਂ ਦਾ ਕੱਦ ਉਹਨਾਂ ਦੀ ਉਮਰ ਮੁਤਾਬਿਕ ਘੱਟ ਹੈ ਜਿਹਨਾਂ ਵਿੱਚੋਂ ਛੇ ਕਰੋੜ ਤੋਂ ਵੱਧ (31 ਫੀਸਦੀ) ਭਾਰਤ ਵਿੱਚ ਹਨ। ਇਸੇ ਤਰ੍ਹਾਂ ਸੱਤ ਕਰੋੜ ਤੋਂ ਵਧੇਰੇ ਬੱਚਿਆਂ ਦਾ ਭਾਰ ਉਹਨਾਂ ਦੀ ਉਮਰ ਮੁਤਾਬਿਕ ਘੱਟ ਹੈ ਜਿਹਨਾਂ ਵਿੱਚ ਢਾਈ ਕਰੋੜ (42 ਫੀਸਦੀ) ਭਾਰਤੀ ਬੱਚੇ ਹਨ। ਸੰਯੁਕਤ ਰਾਸ਼ਟਰ ਦੇ 2005-06 ਦੇ ਇੱਕ ਸਰਵੇਖਣ ਮੁਤਾਬਿਕ 43 ਫੀਸਦੀ ਭਾਰਤੀ ਬੱਚਿਆਂ ਦਾ ਕੱਦ ਤੇ 42 ਫੀਸਦੀ ਦਾ ਭਾਰ ਉਹਨਾਂ ਦੀ ਉਮਰ ਮੁਤਾਬਿਕ ਘੱਟ ਸੀ। ਝਾਰਖੰਡ ਤੇ ਮੱਧਪ੍ਰਦੇਸ਼ ਜਿਹੇ ਸੂਬਿਆਂ ਵਿੱਚ ਤਾਂ ਹੋਰ ਵੀ ਬੁਰੀ ਹਾਲਤ ਹੈ। ਇਹਨਾਂ ਦੋਹਾਂ ਸੂਬਿਆਂ ਵਿੱਚ ਲਗਭਗ 60 ਫੀਸਦੀ ਬੱਚਿਆਂ ਦਾ ਭਾਰ ਉਹਨਾਂ ਦੀ ਉਮਰ ਮੁਤਾਬਿਕ ਘੱਟ ਹੈ। ਜਾਤਾਂ ਮੁਤਾਬਿਕ ਵੇਖਿਆ ਜਾਵੇ ਤਾਂ ”ਹੇਠਲੀਆਂ” ਜਾਤਾਂ ਦੇ ਬੱਚੇ ਕੁਪੋਸ਼ਣ ਤੋਂ ਵੱਧ ਪੀੜਤ ਹਨ। ਅਨੁਸੂਚਿਤ ਜਾਤਾਂ ਦੇ 55 ਫੀਸਦੀ ਬੱਚਿਆਂ ਦਾ ਭਾਰ ਉਮਰ ਮੁਤਾਬਿਕ ਘੱਟ। ਪਿਛੜੀਆਂ ਜਾਤਾਂ ਵਿੱਚ 45 ਫੀਸਦੀ ਤੇ ਹੋਰ ਜਾਤਾਂ ਵਿੱਚ 34 ਫੀਸਦੀ ਬੱਚੇ ਘੱਟ ਵਜ਼ਨ ਵਾਲ਼ੇ ਹਨ।

ਇਸੇ ਤਰ੍ਹਾਂ ਔਰਤਾਂ ਦਾ ਬੀ.ਐਮ.ਆਈ. (ਬੋਡੀ ਮਾਸ ਇੰਡੈਕਸ) 18.5 ਤੋਂ ਵੱਧ ਹੋਣਾ ਚਾਹੀਦਾ ਹੈ। ਜਦਕਿ 36 ਫੀਸਦੀ ਔਰਤਾਂ ਦਾ ਬੀ.ਐਮ.ਆਈ. ਇਸਤੋਂ ਕਿਤੇ ਘੱਟ ਹੈ। ਇਸਦਾ ਮਤਲਬ ਹੈ ਕਿ ਉਹਨਾਂ ਦਾ ਭਾਰ ਉਹਨਾਂ ਦੇ ਕੱਦ ਮੁਤਾਬਿਕ ਘੱਟ ਹੈ। ਵੀਹ ਫੀਸਦੀ ਮਰਦਾਂ ਦਾ ਬੀ.ਐਮ.ਆਈ. ਵੀ ਲੋੜੋਂ ਘੱਟ ਹੈ। 55 ਫੀਸਦੀ ਔਰਤਾਂ ਅਨੀਮੀਆ (ਖੂਨ ਦੀ ਕਮੀ) ਦਾ ਸ਼ਿਕਾਰ ਹਨ।

ਕੁਪੋਸ਼ਣ ਕਾਰਨ ਸਰੀਰ ਦੀ ਬਿਮਾਰੀਆਂ ਨਾਲ਼ ਲੜਨ ਦੀ ਸਮਰੱਥਾ ਘੱਟ ਜਾਂਦੀ ਹੈ ਇਸ ਕਾਰਨ ਲੋਕ ਆਮ ਬੁਖਾਰ, ਡੇਂਗੂ, ਮਲੇਰੀਆ, ਵਾਇਰਲ ਬੁਖਾਰ, ਵਰਗੀਆਂ ਬਿਮਾਰੀਆਂ ਦਾ ਮੁਕਾਬਲਾ ਵੀ ਨਹੀਂ ਕਰ ਪਾਉਂਦੇ ਤੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ। ਕੁਪੋਸ਼ਣ ਕਾਰਨ ਮੌਤ ਦਰ ਵਿੱਚ 9 ਫੀਸਦੀ ਵਾਧਾ ਹੋਇਆ ਹੈ।

ਸਾਡੇ ਦੇਸ਼ ਦੇ ਹਾਕਮਾਂ ਨੇ ਇਹ ਪ੍ਰਚਾਰ ਕੀਤਾ ਸੀ ਕਿ ਜੇਕਰ ਸਮਾਜ ਦੇ ਉੱਪਰਲੇ ਹਿੱਸਿਆਂ ਵਿੱਚ ਅਮੀਰੀ ਵਧੇਗੀ, ਦੇਸ਼ ਦੀ ਕੁੱਲ ਘਰੇਲੂ ਪੈਦਾਵਾਰ ਵਿੱਚ ਵਾਧਾ ਹੋਵੇਗਾ ਤਾਂ ਅਮੀਰੀ ਰਿਸ-ਰਿਸ ਕੇ ਹੇਠਾਂ ਵੀ ਆਵੇਗੀ, ਕਿ ਆਮ ਲੋਕ ਵੀ ਖੁਸ਼ਹਾਲ ਹੋ ਜਾਣਗੇ। ਕੁਪੋਸ਼ਣ ਨਾਲ਼ ਸਬੰਧਤ ਉਪਰੋਕਤ ਤੱਥ ਹਾਕਮਾਂ ਦੇ ਦਾਅਵਿਆਂ ਦੀ ਫੂਕ ਕੱਢ ਰਹੇ ਹਨ। ਅਜਿਹੇ ਵਿੱਚ ਸਰਕਾਰਾਂ ਲੋਕਾਂ ਨੂੰ ਅਨਾਜ਼ ਤੇ ਦਾਲਾਂ ਵਰਗੀਆਂ ਸਕੀਮਾਂ ਦੇ ਢੰਕਵੰਜ਼ ਰਚ ਕੇ ਲੋਕਾਂ ਨੂੰ ਮੂਰਖ ਬਣਾਉਣ ਵਿੱਚ ਲੱਗੀਆਂ ਹੋਈਆਂ ਹਨ। ਪਰ ਇਹ ਸਕੀਮਾਂ ਕੁੱਲ ਅਬਾਦੀ ਦੇ ਬਹੁਤ ਛੋਟੇ ਹਿੱਸੇ ਤੱਕ ਸੀਮਿਤ ਹਨ। ਉੱਥੇ ਵੀ ਸਹੀ ਢੰਗ ਨਾਲ਼ ਕੰਮ ਨਹੀਂ ਕਰ ਰਹੀਆਂ। ਅਜਿਹੇ ਵਿੱਚ ਇਹ ਸਕੀਮਾਂ ਲੋਕਾਂ ਨੂੰ ਲੁਭਾਉਣ, ਘੱਟ ਕੰਮ ਤੇ ਵੱਧ ਪ੍ਰਚਾਰ ਦਾ ਸਾਧਨ ਬਣ ਕੇ ਰਹਿ ਜਾਂਦੀਆਂ ਹਨ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 61, 16 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements