ਭਾਜਪਾ ਦੇ ਸੱਤਾ ‘ਚ ਆਉਣ ਨਾਲ਼ ਘੱਟ ਗਿਣਤੀਆਂ ਤੇ ਦਲਿਤਾਂ ਵਿਰੁਧ ਅਪਰਾਧਾਂ ਦੀ ਰਫਤਾਰ ਹੋਈ ਤੇਜ਼

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਭਾਰਤ ‘ਚ ਧਰਮ, ਜਾਤ, ਖੇਤਰ ਤੇ ਭਾਸ਼ਾ ਆਦਿ ਦੇ ਨਾਂ ‘ਤੇ ਵੱਖ-ਵੱਖ ਹਾਕਮ ਜਮਾਤੀ ਪਾਰਟੀਆਂ ਆਪਣੀਆਂ ਸਿਆਸੀ ਰੋਟੀਆਂ ਸੇਕਦੀਆਂ ਆਈਆਂ ਹਨ। ਭਾਜਪਾ ਵੀ ਮੌਕਾ ਮਿਲਦੇ ਹੀ ਦੇਸ਼ ‘ਚ ਲਗਾਤਾਰ ਫਿਰਕੂ ਮਹੌਲ ਨੂੰ ਚੰਗਾ ਖਾਦ ਪਾਣੀ ਦੇ ਰਹੀ ਹੈ। ਮੋਦੀ ਜੋ ਕਿ 2014 ਦੀ ਚੌਣਾਂ ‘ਚ ਦੇਸ਼ ਦੇ ਚੰਗੇ ਦਿਨ ਲੈ ਕੇ ਆਉਣ ਦੇ ਨਾਹਰਿਆਂ ਦੀ ਗੂੰਜ ਨਾਲ਼ ਦੇਸ਼ ਦੇ ਬਹੁਪੱਖੀ ਵਿਕਾਸ ਦਾ ਐਲਾਨ ਕਰਦਾ ਪੂਰੇ ਦੇਸ਼ ‘ਚ ਛਾਇਆ ਰਿਹਾ ਸੀ ਕੀ ਹੁਣ ਭਾਜਪਾ ਤੋਂ ਚੌਣਾਂ ‘ਚ ਜੇਤੂ ਹੋਣ ਨਾਲ਼ ਦੇਸ਼ ਦੇ ਆਮ ਲੋਕਾਂ ਦੀ ਬਿਹਤਰ ਜ਼ਿੰਦਗੀ ਦੀ ਆਸ ਕੀਤੀ ਜਾ ਸਕਦੀ ਹੈ? ਇਸਦਾ ਜਵਾਬ ਬਿਨਾਂ ਸੰਕੋਚ ਦੇ ਹੀ ਨਾ ‘ਚ ਦਿੱਤਾ ਜਾ ਸਕਦਾ ਹੈ। ਭਾਜਪਾ ਕਿਸ ਮਕਸਦ ਨਾਲ਼ ਸੱਤਾ ‘ਤੇ ਬਿਰਾਜ਼ਮਾਨ ਹੋਈ ਹੈ ਇਹ ਉਹਦੇ ਕਾਰਜਕਾਲ ਖਤਮ ਹੋਣ ਤੋਂ ਪਹਿਲਾਂ ਹੀ ਘੋਸ਼ਿਤ ਕੀਤਾ ਜਾ ਸਕਦਾ ਹੈ। ਮੋਦੀ ਸਰਕਾਰ ਦੇਸ਼ ਦੇ ਸਰਮਾਏਦਾਰਾਂ ਦੇ ਸੰਕਟ ਦੀ ਘੜੀ ‘ਚ ਉਹਦਾ ਹੱਥ ਵਟਾਉਣ ਲਈ ਹੀ ਆਈ ਸੀ ਤੇ ਇਸੇ ਲਈ ਹੀ ਅਪਣੀ ਪੂਰੀ ਵਾਹ ਲਾ ਰਹੀ ਹੈ।

ਭਾਜਪਾ ਨੇ ਅਪਣੇ ਐਲਾਨਨਾਮੇ ‘ਚ ਘੱਟ ਗਿਣਤੀਆਂ (ਮੁਸਲਿਮ ਤੇ ਇਸਾਈ) ਤੇ ਦਲਿਤਾਂ ਲਈ ਆਰਥਿਕ ਤੇ ਸਮਾਜਿਕ ਬਰਾਬਰੀ ਦੇ ਮੌਕੇ, ਰੁਜ਼ਗਾਰ, ਸਮਾਜਿਕ ਏਕਤਾ ਤੇ ਨਿਆਂ ਦੀ ਗਰੰਟੀ, ਅਛੂਤ ਜਿਹੀਆਂ ਪੱਛੜੀਆਂ ਕਦਰਾਂ ਕੀਮਤਾਂ ਦਾ ਖਾਤਮਾ ਕਰਨ, ਸ਼ਾਂਤੀਪੂਰਨ ਤੇ ਸੁਰੱਖਿਆਂ ਦਾ ਮਹੌਲ ਉਪਲੱਭਧ ਕਰਾਉਣ ਦੇ ਏਜੰਡੇ ਮਿੱਥ ਕੇ ਬੇਵਜਾਹ ਹੀ ਕਈ ਕਾਗਜ਼ ਕਾਲੇ ਕੀਤੇ। ਕਿਉਂਕਿ ਪਿਛਲੇ ਦੋ ਸਾਲਾਂ ਦੌਰਾਨ ਮੋਦੀ ਜੀ ਨੂੰ ਅਜੇ ਤੱਕ ਇਹਨਾਂ ਮਸਲਿਆਂ ‘ਤੇ ਗੰਭੀਰਤਾ ਨਾਲ਼ ਸੋਚਣ ਵਿਚਾਰਨ ਦਾ ਸਮਾਂ ਨਹੀਂ ਲੱਗ ਸਕਿਆ ਤੇ ਸਾਨੂੰ ਪੂਰੀ ਆਸ ਹੈ ਕਿ ਆਉਣ ਵਾਲੇ ਦਿਨਾਂ ‘ਚ ਵੀ ਮੋਦੀ ਜੀ ਸਰਮਾਏਦਾਰਾਂ ਦੀ ਸੇਵਾ ‘ਚ ਵਿਅਸਤ ਰਹਿਣਗੇ।

ਅਸੀਂ ਰੋਜ਼ ਦੇਖਦੇ ਹਾਂ ਕਿ ਆਏ ਦਿਨ ਹੀ ਘੱਟਗਿਣਤੀਆਂ ਤੇ ਦਲਿਤਾਂ ਨਾਲ਼ ਵਿਤਕਰੇ ਦੀ ਕੋਈ ਨਾ ਕੋਈ ਘਟਨਾ ਸਾਡੇ ਸਾਹਮਣੇ ਹੁੰਦੀ ਹੈ। 21ਵੀਂ ਸਦੀ ਦੇ ਭਾਰਤ ‘ਚ ਅਜੇ ਵੀ ਦਲਿਤਾਂ ਨੂੰ ਅਣਮਨੁੱਖੀ, ਅਛੂਤ ਜਾਂ ਅਪਵਿੱਤਰ ਆਦਿ ਕਹਿ ਕੇ ਨਕਾਰ ਦਿੱਤਾ ਜਾਂਦਾ ਹੈ ਤੇ ਸਮਾਜ ਦਾ ਹਿੱਸਾ ਨਹੀਂ ਮੰਨਿਆਂ ਜਾਂਦਾ। ਘੱਟਗਿਣਤੀਆਂ ਖਿਲਾਫ ਸਾਰੀ ਆਰਥਿਕ ਮੰਦਹਾਲੀ ਜਾਂ ਧਾਰਿਮਕ ਵਖਰੇਵੇਂ ਦਾ ਬੋਝ ਸੁੱਟ ਕੇ ਜ਼ਹਿਰ ਘੋਲਿਆ ਜਾਂਦਾ ਰਿਹਾ ਹੈ। ਇਹ ਵਿਤਕਰਾ ਏਨਾਂ ਭਿਅੰਕਰ ਹੈ ਕਿ ਜਾਤ ਜਾਂ ਧਰਮ ਦੇ ਨਾਂ ‘ਤੇ ਤੁਹਾਡੇ ਤੋਂ ਜੀਣ ਦਾ ਅਧਿਕਾਰ ਵੀ ਖੋਇਆ ਜਾ ਸਕਦਾ ਹੈ। ਹਾਲ ਦੀ ਹੀ ਇੱਕ ਘਟਨਾ ਹੈ ਜਿਸ ‘ਚ ਉੱਤਰਾਖੰਡ ਦੇ ਇੱਕ ਪਿੰਡ ਪਿਥੌਰਗੜ੍ਹ ‘ਚ ਦਲਿਤ ਨੂੰ ਆਟਾ ਚੱਕੀ ਅਪਵਿੱਤਰ ਕਰਨ ਦੇ ਕਾਰਨ ਇੱਕ ਉੱਚ ਜਾਤ ਦੇ ਅਧਿਆਪਕ ਨੇ ਦਾਤੀ ਨਾਲ਼ ਗਲਾ ਵੱਡ ਦਿੱਤਾ। ਪਿਛਲੇ ਸਮੇਂ ਦੇਖੀਏ ਤਾਂ ਸੰਘ ਦੇ ਗਊ ਭਗਤਾਂ ਨੇ ਵੀ ਕਈ ਮੁਸਲਮਾਨਾਂ ਤੇ ਦਲਿਤਾਂ ਨੂੰ ਬੇਕਸੂਰੇ ਹੀ ਮੌਤ ਦੇ ਘਾਟ ਉੇਤਾਰਿਆ ਹੈ। ਹਾਲ ਹੀ ਗੁਜ਼ਰਾਤ ਦੇ ਊਨਾ ਜ਼ਿਲ੍ਹੇ ‘ਚ ਦਲਿਤਾਂ ਨਾਲ਼ ਹੋਈ ਘਟਨਾ ਨੂੰ ਕੌਣ ਭੁਲਾ ਸਕਦਾ ਹੈ।

ਅੱਗੇ, ਹੋਰ ਤੱਥਾਂ ਵੱਲ ਚਲਦੇ ਹਾਂ ਲੋਕ ਸਭਾ ‘ਚ ਪੇਸ਼ ਕੀਤੀ ਘਰੇਲੂ ਮੰਤਰਾਲੇ ਦੀ ਰਿਪੋਰਟ ਮੁਤਾਬਕ 2016 ਦੇ ਪਹਿਲੇ ਪੰਜ ਮਹੀਨਿਆਂ ‘ਚ ਹੀ 278 ਫਿਰਕੂ ਹਿੰਸਾਂ ਦੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹਨਾਂ ਘਟਨਾਵਾਂ ‘ਚ 903 ਲੋਕ ਜਖਮੀ ਹੋਏ ਤੇ 38 ਲੋਕਾਂ ਦੀ ਮੌਤ ਹੋਈ। ਉੱਤਰ ਪ੍ਰਦੇਸ਼ ਸੂਬਾ ਫਿਰਕੂ ਹਿੰਸਾਂ ਦੀਆਂ 61 ਘਟਨਾਵਾਂ ਨਾਲ਼ ਸੱਭ ਤੋਂ ਅੱਗੇ ਰਿਹਾ ਹੈ। 2014 ‘ਚ ਇਹ ਅੰਕੜਾ 644 ਸੀ ਜੋ 2015 ‘ਚ 17% ਵੱਧ ਕੇ 741 ਹੋ ਗਿਆ ਸੀ। ਦਲਿਤਾਂ ਦੀ ਹਾਲਤ ਦੇਖੀਏ ਤਾਂ ‘ਕੌਮੀ ਅਨੂਸੁਚਿਤ ਅਤੇ ਜਨ-ਜਾਤੀ ਕਮਿਸ਼ਨ’ ਦੀ ਰਿਪੋਰਟ ਮੁਤਾਬਕ ਦਲਿਤਾਂ ਵਿਰੁੱਧ ਅਪਰਾਧ ਗੁਜ਼ਰਾਤ ਸੂਬੇ ‘ਚ 2014 ‘ਚ 27.7 % ਤੋਂ 2015 ‘ਚ 163.3%, ਤੇ ਛੱਤੀਸਗੜ੍ਹ ਸੂਬੇ ‘ਚ 2014 ‘ਚ 32.6% ਤੋਂ 2015 ‘ਚ 91.9% ਉੱਪਰ ਉੱਠੇ ਹਨ। ਗੁਜ਼ਰਾਤ, ਛਤੀਸਗੜ੍ਹ ਤੇ ਰਾਜਸਥਾਨ ਤਿੰਨੋ ਸੂਬੇ ਜਿੱਥੇ ਭਾਜਪਾ ਦੀ ਸਰਕਾਰ ਹੈ ਦਲਿਤ ਵਿਰੁੱਧ ਅਪਰਾਧਾਂ ‘ਚ ਸੱਭ ਤੋਂ ਅੱਗੇ ਹਨ।  

ਇਹ ਤੱਥ ਦਰਸਾਉਂਦੇ ਹਨ ਕਿ ਭਾਜਪਾ ਦੇ ਆਉਣ ਨਾਲ਼ ਫਿਰਕੂ ਅੰਸਰਾਂ ਤੇ ਦਲਿਤ ਵਿਰੁੱਧ ਅਪਰਾਧੀਆਂ ਨੂੰ ਖੁੱਲ੍ਹੇਆਮ ਹਿੰਸਾਂ ਕਰਨ ਦੀ ਖੁੱਲ੍ਹ ਮਿਲੀ ਹੈ ਨਹੀਂ ਤਾਂ ਮੋਦੀ ਸਰਕਾਰੀ ਮਸ਼ੀਨਰੀ ਹੋਣ ਦੇ ਬਾਵਜੂਦ ਇਹਨਾਂ ਘਟਨਾਵਾਂ ਦੇ ਫਿਰਕੂ ਅੰਸਰਾਂ ਨੂੰ ਕੁਚਲਣ ਦੀ ਬਜਾਏ ਵਧਾਵਾ ਕਿਉਂ ਦੇਵੇ। ਵੈਸੇ ਵੀ ਮੋਦੀ ਜੋ ਕਿ 2002 ‘ਚ ਖੁਦ ਫਿਰਕੂ ਹਿੰਸਾਂ ‘ਚ ਮੁਸਲਮਾਨਾਂ ਦੇ ਕਤਲੇਆਮ ‘ਚ ਸ਼ਾਮਲ ਰਿਹਾ ਸੀ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ ਸਕਦੀ ਹੈ? ਇਸ ਲਈ ਅੱਜ ਲੋੜ ਹੈ ਕਿ ਜਿੰਨੇ ਵੀ ਦੱਬੇ ਕੁਚਲੇ ਤਬਕੇ ਚਾਹੇ ਉਹ ਘੱਟਗਿਣਤੀ , ਦਲਿਤ ਜਾਂ ਔਰਤਾਂ ਹੋਣ ਉਹਨਾਂ ਨੂੰ ਸਮੁੱਚੇ ਲੋਕਾਂ ਦੇ ਹਿੱਸੇ ਵਜੋਂ ਅਪਣੀ ਆਰਥਿਕ, ਸਿਆਸੀ ਤੇ ਸਮਾਜਿਕ ਸੁਰੱਖਿਆ ਲਈ, ਭਾਰਤ ਦੇ ਕਿਰਤੀ ਲੋਕਾਂ ਦੀ ਸਰਮਾਏਦਾਰਾ ਖਿਲਾਫ ਜਮਾਤੀ ਲੜਾਈ ਨੂੰ ਮਜਬੂਤ ਬਣਾਉਂਦੇ ਹੋਏ ਅਪਣੇ ਦਾਬੇ ਦਾ ਡਟ ਕੇ ਵਿਰੋਧ ਕਰਨਾ ਪਵੇਗਾ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements