ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 2 •ਸੋਹਣ ਸਿੰਘ ਜੋਸ਼

12

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਸਰਕਾਰ ਦੀ ਖ਼ੁਫੀਆ ਰਿਪੋਰਟ ਤੋਂ ਪਤਾ ਲੱਗਦਾ ਹੈ ਕਿ ਲਾਹੌਰ ਨੌਜਵਾਨ ਭਾਰਤ ਸਭਾ, ਜੀਹਦੀ ਬੁਨਿਆਦ ਭਗਤ ਸਿੰਘ ਨੇ ਰੱਖੀ ਸੀ, ਦੀਆਂ ਸਰਗਰਮੀਆਂ ਮੁੱਖ ਤੌਰ ‘ਤੇ ਲਾਹੌਰ ਦੇ ਕਾਲਜਾਂ ਦੇ ਵਿਦਿਆਰਥੀਆਂ ਤੱਕ ਸੀਮਤ ਸਨ। ਇਹ ਅਰਧ-ਗੁਪਤ ਜਥੇਬੰਦੀ ਸੀ। ਇਨਕਲਾਬੀ ਮੰਤਵਾਂ ਲਈ ਵਿਦਿਆਰਥੀਆਂ ਵਿੱਚੋਂ ਭਰਤੀ ਕਰਨ ਲਈ ਇਹਦਾ ਖੁੱਲ੍ਹਾ ਅਤੇ ਗੁਪਤ ਪ੍ਰੋਗਰਾਮ ਸੀ। ਬਰਤਾਨਵੀ ਖ਼ੁਫੀਆ ਵਿਭਾਗ ਦੇ ਸੂਹੀਆਂ ਨੂੰ ਇਹਦੀਆਂ ਅਸਲ ਸਰਗਰਮੀਆਂ ਦਾ ਪਤਾ ਲੱਗ ਗਿਆ ਸੀ । ”ਲਾਹੌਰ ਦੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਸਤਿਕਾਰਯੋਗ ਫ਼ਾਈਨੈਂਸ ਮੈਂਬਰ, ਜਿਹੜਾ ਯੂਨੀਵਰਸਿਟੀ ਦਾ ਵਾਈਸ-ਚਾਂਸਲਰ ਸੀ, ਵੱਲੋਂ ਬੁਲਾਇਆ ਗਿਆ ਸੀ” ਅਤੇ ਉਹਨੇ ਉਹਨਾਂ ਨੂੰ ਸਭਾ ਦੇ ”ਅਸਲ ਇਰਾਦਿਆਂ” ਬਾਰੇ ਦੱਸਿਆ ਸੀ। ਸਭਾ ਹੁਣ ਉਹਨਾਂ ਦੇ ਕਾਲਜਾਂ ਅਤੇ ਹੋਸਟਲਾਂ ਦੇ ਹਾਲਾਂ ਦੀ ਵਰਤੋਂ ਨਹੀਂ ਕਰ ਸਕਦੀ ਸੀ। ਅੰਗਰੇਜ਼ ਵਾਈਸ-ਚਾਂਸਲਰ ਨੇ ਹੁਕਮ ਦਿੱਤਾ ਕਿ ਕਾਲਜਾਂ ਦੇ ਸਟਾਫ਼ ਦਾ ਕੋਈ ਵੀ ਮੈਂਬਰ ਸਮਾਜਕ ਵਿਸ਼ਿਆਂ ਜਾਂ ਨਾਗਰਿਕ-ਵਿਗਿਆਨ ਆਦਿ, ਜਿਹੇ ਮਸਲਿਆਂ ਉੱਤੇ ਸਭਾ ਲਈ ਲੈਕਚਰ ਨਹੀਂ ਦੇ ਸਕਦਾ। ਇਸ ਹੁਕਮ ਨੇ ਸਭਾ ਦੀਆਂ ਸਰਗਰਮੀਆਂ ਨੂੰ ਮਾਰੂ ਸੱਟ ਲਾਈ।

ਲਾਹੌਰ ਨੌਜਵਾਨ ਸਭਾ ਨੇ ਮਾਰਚ 1926 ਤੋਂ ਲੈ ਕੇ ਅਪ੍ਰੈਲ 1927 ਤੱਕ ਵਿਦਿਆਰਥੀਆਂ ਨੂੰ ਰਾਜਨੀਤਕ ਸੂਝ ਦੇਣ ਲਈ ਉਨ੍ਹਾਂ ਵਿੱਚ ਕਾਫ਼ੀ ਚੰਗਾ ਕੰਮ ਕੀਤਾ। ਪਰ ਲਾਹੌਰ ਤੋਂ ਬਾਹਰ ਕਿਸੇ ਨੂੰ ਵੀ ਇਹਦੀ ਹੋਂਦ ਦਾ ਕੋਈ ਪਤਾ ਨਹੀਂ ਸੀ ਤੇ ਫੇਰ ”ਸਭਾ ਦੀਆਂ ਸਰਗਰਮੀਆਂ ਖ਼ਤਮ ਹੋ ਗਈਆਂ … ਇਸ ਸਮੇਂ ਵਿੱਚ ਸਭਾ ਕੋਈ ਪ੍ਰਾਪਤੀ ਨਾ ਕਰ ਸਕੀ।” ਬਰਤਾਨਵੀ ਸਰਕਾਰ ਦੇ ਵਿਚਾਰ ਅਨੁਸਾਰ ਸਭਾ ਦਾ ਖੁੱਲ੍ਹਾ ਪ੍ਰੋਗਰਾਮ ”ਕਮਿਊਨਿਜ਼ਮ ਅਤੇ ਹਿੰਸਾ ਦੇ ਅਤਿਵਾਦੀ ਰਾਜਨੀਤਕ ਸਿਧਾਂਤਾਂ ਦੇ ਗੁਪਤ ਪ੍ਰਚਾਰ ਲਈ ਸਿਰਫ਼ ਇੱਕ ਤਰ੍ਹਾਂ ਦਾ ਪਰਦਾ”1 ਹੀ ਸੀ।

ਅਸੀਂ ਨੌਜਵਾਨ ਕਾਨਫ਼ਰੰਸ ਦੀ ਪ੍ਰਧਾਨਗੀ ਲਈ ਕਿਦਾਰਨਾਥ ਸਹਿਗਲ ਨੂੰ ਚੁਣਿਆ, ਕਿਉਂਕਿ ਉਹਦਾ ਮੇਲ਼ਜੋਲ਼ ਗ਼ਦਰ ਪਾਰਟੀ ਦੇ ਆਗੂਆਂ ਨਾਲ਼ ਸੀ ਅਤੇ ਉਹ ਪਹਿਲੇ ਲਾਹੌਰ ਸਾਜ਼ਿਸ਼ ਕੇਸ (1915) ਵਿੱਚ ਗ਼ਦਰੀ ਦੇਸ਼ਭਗਤਾਂ ਦੇ ਨਾਲ਼ ਹੀ ਇੱਕ ਮੁਲਜ਼ਮ ਠਹਿਰਾਇਆ ਗਿਆ ਸੀ। ਕਿਰਤੀ ਇੱਕ ਨਵੇਂ ਢੰਗ ਨਾਲ ਗ਼ਦਰ ਲਹਿਰ ਦੀ ਲੀਹ ਨੂੰ ਅੱਗੇ ਤੋਰਦਾ ਸੀ। ਇਸ ਰਸਾਲੇ ਦੀ ਸੇਧ ਮਾਰਕਸਵਾਦ ਵੱਲ ਸੀ। ਅਸੀਂ ਉਸ ਸਮੇਂ ਤੱਕ ਇਹ ਨਹੀਂ ਸੀ ਜਾਣਦੇ ਕਿ ਕਿਦਾਰਨਾਥ ਸਹਿਗਲ ਲਾਹੌਰ ਦੀ ਨੌਜਵਾਨ ਭਾਰਤ ਸਭਾ ਦਾ -ਜਿਹੜੀ ਹੁਣ ਬੇਹਰਕਤ ਹੋ ਚੁਕੀ ਸੀ – ਵੀ ਮੈਂਬਰ ਰਹਿ ਚੁੱਕਿਆ ਸੀ।

ਕਾਨਫ਼ਰੰਸ ਮਿੱਥੀਆਂ ਤਾਰੀਕਾਂ ਉੱਤੇ ਹੋਈ। ਭਗਤ ਸਿੰਘ ਅਤੇ ਉਹਦੇ ਲਾਹੌਰ ਦੇ ਹੋਰ ਸਾਥੀਆਂ ਨੇ ਇਸ ਵਿੱਚ ਹਿੱਸਾ ਲਿਆ। ਪ੍ਰਧਾਨ, ਕਿਦਾਰਨਾਥ ਸਹਿਗਲ ਨੇ ਪੰਜਾਬੀ ਨੌਜਵਾਨਾਂ ਦੀਆਂ ਸੇਵਾਵਾਂ ਤੇ ਕੁਰਬਾਨੀਆਂ ਦੀ ਸ਼ਲਾਘਾ ਕੀਤੀ ਤੇ ਇਸ ਗੱਲ ਉੱਤੇ ਹੈਰਾਨੀ ਤੇ ਅਫ਼ਸੋਸ ਪ੍ਰਗਟ ਕੀਤਾ ਕਿ ਪੰਜਾਬ ਨੂੰ ਅਜੇ ਵੀ ਭਾਰਤ ਦਾ ”ਅਲਸਟਰ” ਕਿਹਾ ਜਾ ਰਿਹਾ ਸੀ। ਉਹਨੇ ਫ਼ਿਰਕੂ ਫ਼ਸਾਦਾਂ ਦੀ ਨਿਖੇਧੀ ਕੀਤੀ – ਬਰਤਾਨਵੀ ਚੁਆਤੀਬਾਜ਼ਾਂ ਦੀ ਭੜਕਾਹਟ ਵਿੱਚ ਆ ਕੇ ਭਾਰਤੀ ਹੀ ਭਾਰਤੀਆਂ ਨੂੰ ਕਤਲ ਕਰ ਰਹੇ ਸਨ। ਉਹਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਬਰਤਾਨਵੀ ਹਾਕਮਾਂ ਤੇ ਉਹਨਾਂ ਦੇ ਹੱਥਠੋਕਿਆਂ ਦੀਆਂ ਫ਼ਿਰਕੂ ਚਾਲਾਂ ਨੂੰ ਅਸਫਲ ਕਰਨ ਲਈ ਅਤੇ ਮਾਤਭੂਮੀ ਨੂੰ ਅਜ਼ਾਦ ਕਰਾਉਣ ਵਾਸਤੇ ਲੋਕਾਂ ਨੂੰ ਜਥੇਬੰਦ ਕਰਨ ਲਈ ਮੈਦਾਨ ਵਿੱਚ ਉੱਤਰਨ।

ਕਾਨਫ਼ਰੰਸ ਦੇ ਡੈਲੀਗੇਟਾਂ ਵਿੱਚ ਆਮ ਰਾਇ ਇਹ ਸੀ ਕਿ ਨੌਜਵਾਨ ਮੁਕੰਮਲ ਅਜ਼ਾਦੀ ਅਤੇ ਸਮਾਜਵਾਦ ਦਾ ਪੈਂਤੜਾ ਲੈਣ। ਉਸ ਉੱਤੇ ਵਧੇਰੇ ਬਹਿਸ ਨਾ ਹੋਈ। ਮੁੱਖ ਚਰਚਾ ਇਸ ਮਸਲੇ ਉੱਤੇ ਹੋਈ ਕਿ ਧਾਰਮਕ-ਫ਼ਿਰਕੂ ਜਥੇਬੰਦੀਆਂ ਨਾਲ਼ ਸਬੰਧ ਰੱਖਣ ਵਾਲ਼ੇ ਨੌਜਵਾਨਾਂ ਨੂੰ ਇਸ ਜਥੇਬੰਦੀ ਦੇ ਮੈਂਬਰ ਬਣਨ ਦੀ ਆਗਿਆ ਦਿੱਤੀ ਜਾਵੇ ਜਾਂ ਨਾ। ਇਸ ਮਸਲੇ ਉੱਤੇ ਦੋ ਵਿਰੋਧੀ ਰਾਵਾਂ ਸਨ।

ਧਾਰਮਕ-ਫ਼ਿਰਕੂ ਜਥੇਬੰਦੀਆਂ ਨਾਲ਼ ਸਬੰਧ ਰੱਖਣ ਵਾਲ਼ੇ ਨੌਜਵਾਨਾਂ ਨੂੰ ਇਸ ਨੌਜਵਾਨ ਜਥੇਬੰਦੀ ਦੇ ਮੈਂਬਰ ਬਣਨ ਦੀ ਆਗਿਆ ਦੇਣ ਦੀ ਹਮਾਇਤ ਕਰਦੇ ਰੁਝਾਨ ਦੀ ਪ੍ਰਤੀਨਿਧਤਾ ਦੋ ਨੌਜਵਾਨ ਆਗੂ ਕਰ ਰਹੇ ਸਨ। ਇੱਕ ਸੀ ਸ. ਗੋਪਾਲ ਸਿੰਘ ਕੌਮੀ, ਜਿਹੜਾ ਚਾਹੁੰਦਾ ਸੀ ਕਿ ਅਕਾਲੀ ਨੌਜਵਾਨ ਇਸ ਨਵੀਂ ਜਥੇਬੰਦੀ ਵਿੱਚ ਸ਼ਾਮਲ ਹੋਣ ਅਤੇ ਦੂਜਾ ਸੀ ਮੁਨਸ਼ੀ ਅਹਿਮਦ ਦੀਨ ਜਿਹੜਾ ਅਹਿਰਾਰੀ ਨੌਜਵਾਨਾਂ ਨੂੰ ਇਸ ਵਿੱਚ ਸ਼ਾਮਲ ਕਰਨਾ ਚਾਹੁੰਦਾ ਸੀ। ਇਸ ਰੁਝਾਨ ਦੀ ਵਿਰੋਧਤਾ ਕਰਦੇ ਦੂਜੇ ਰੁਝਾਨ ਦੀ ਪ੍ਰਤੀਨਿਧਤਾ ਕਿਰਤੀ ਦਾ ਪ੍ਰਬੰਧਕ ਗਰੁੱਪ ਅਤੇ ਸਰਦਾਰ ਭਗਤ ਸਿੰਘ ਦਾ ਗਰੁੱਪ ਕਰਦੇ ਸਨ।

ਉਸ ਸਮੇਂ ਨੌਜਵਾਨ ਧਾਰਮਕ-ਫ਼ਿਰਕੂ ਆਗੂਆਂ ਤੋਂ ਬੜੀ ਹੀ ਖਾਰ ਖਾਂਦੇ ਸਨ, ਜਿਹੜੇ ਸਾਡੀ ਅਜ਼ਾਦੀ ਦੇ ਵੈਰੀ ਅੰਗਰੇਜ਼ਾਂ ਦੇ ਹੱਥਾਂ ਵਿੱਚ ਖੇਡ ਰਹੇ ਸਨ, ਫ਼ਿਰਕੂ-ਫਸਾਦ ਕਰਵਾਉਂਦੇ ਸਨ ਅਤੇ ਅਜ਼ਾਦੀ ਦੀ ਲਹਿਰ ਦੇ ਵਿਕਾਸ ਦੇ ਰਾਹ ਵਿਚ ਰੁਕਾਵਟਾਂ ਖੜੀਆਂ ਕਰਦੇ ਸਨ। ਉਹਨਾਂ ਵਿੱਚੋਂ ਕੁਝ ਤਾਂ ਏਨੇ ਗ਼ੁੱਸੇ ਵਿੱਚ ਸਨ ਕਿ ਉਹਨਾਂ ਨੇ ਸਿੱਧੜਾਂ ਵਾਂਗ ਧਰਮ ਦਾ ਹੀ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।

ਲੰਮੀ ਚਰਚਾ ਤੋਂ ਬਾਅਦ ਕਿਰਤੀ ਗਰੁੱਪ ਅਤੇ ਭਗਤ ਸਿੰਘ ਦਾ ਗਰੁੱਪ ਗੋਪਾਲ ਸਿੰਘ ਕੌਮੀ ਅਤੇ ਮੁਨਸ਼ੀ ਅਹਿਮਦ ਦੀਨ ਦੇ ਮਤਿਆਂ ਨੂੰ ਹਰਾਉਣ ਲਈ ਇਕਮੁੱਠ ਹੋ ਗਏ। ਨੌਜਵਾਨਾਂ ਦੀ ਬਹੁਗਿਣਤੀ ਧਾਰਮਕ-ਫ਼ਿਰਕੂ ਜਥੇਬੰਦੀਆਂ ਨਾਲ਼ ਜੁੜੇ ਹੋਏ ਨੌਜਵਾਨਾਂ ਨੂੰ ਨਾਲ਼ ਲੈਣ ਦੇ ਵਿਰੁੱਧ ਸੀ। ਇਹ ਗੱਲ ਸਪੱਸ਼ਟ ਕਰ ਦਿੱਤੀ ਗਈ ਸੀ ਕਿ ਇਹਦਾ ਭਾਵ ਇਹ ਨਹੀਂ ਸੀ ਕਿ ਨਵੀਂ ਜਥੇਬੰਦੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਨੌਜਵਾਨਾਂ ਨੂੰ ਆਪਣਾ ਧਰਮ ਤਿਆਗਣਾ ਪਵੇਗਾ। ਇਹਦਾ ਭਾਵ ਕੇਵਲ ਏਨਾ ਹੀ ਸੀ ਕਿ ਧਰਮ ਹਰ ਕਿਸੇ ਦਾ ਨਿੱਜੀ ਮਾਮਲਾ ਸੀ ਅਤੇ ਫ਼ਿਰਕਾਪ੍ਰਸਤੀ ਸਾਡੀ ਦੁਸ਼ਮਣ ਸੀ, ਜੀਹਦਾ ਟਾਕਰਾ ਕੀਤੇ ਜਾਣਾ ਜ਼ਰੂਰੀ ਸੀ। ਇਸ ਵਿਆਖਿਆ ਨਾਲ਼ ਇਹ ਮਸਲਾ ਬੜੇ ਚੰਗੇ ਢੰਗ ਨਾਲ਼ ਸੁਲ਼ਝ ਗਿਆ।

***

ਨੋਟ

1.  ਫ਼ਾਈਲ ਨੰਬਰ 130 ਅਤੇ ਕੇ ਡਬਲਿਊ 1930 ਹੋਮ, ਪੁਲੀਟੀਕਲ, ਨੌਜਵਾਨ ਭਾਰਤ ਸਭਾ ਨਾਲ਼ ਸਬੰਧ ਰੱਖਦੀ ਹੈ। ਇਹ ਭਾਰਤ ਦੇ ਨੈਸ਼ਨਲ ਆਰਕਾਈਵਜ਼ ਵਿੱਚ ਹੈ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 55, 1 ਜੂਨ 2016 ਵਿੱਚ ਪਰ੍ਕਾਸ਼ਤ

Advertisements