ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 3 •ਸੋਹਣ ਸਿੰਘ ਜੋਸ਼

bhagat_singh

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ) 

(ਲੜੀ ਜੋੜਨ ਲਈ ਦੇਖੋ ਲਲਕਾਰ ਅੰਕ 1 ਜੂਨ, 2016)

ਕਾਨਫ਼ਰੰਸ ਨੇ ਫ਼ੈਸਲਾ ਕੀਤਾ ਕਿ ਨੌਜਵਾਨਾਂ ਦੀ ਨਵੀਂ ਜਥੇਬੰਦੀ ਗ਼ੈਰ-ਫਿਰਕੂ, ਜਮਹੂਰੀ ਅਤੇ ਸੈਕੂਲਰ ਹੋਵੇਗੀ। ਫ਼ਿਰਕੂ ਰੁਚੀਆਂ ਜਾਂ ਰੁਝਾਨਾਂ ਵਾਲ਼ਾ ਕੋਈ ਵੀ ਵਿਅਕਤੀ ਇਹਦਾ ਮੈਂਬਰ ਨਹੀਂ ਬਣਨ ਦਿੱਤਾ ਜਾਵੇਗਾ। ਇਹ ਨੌਜਵਾਨ ਜਥੇਬੰਦੀ ਸਾਡੀ ਲਹਿਰ ਦੇ ਚਲਦੇ ਵਹਿਣ ਨੂੰ ਨੁਕਸਾਨ ਪੁਚਾਉਣ ਵਾਲ਼ੇ, ਮੱਠਿਆਂ ਕਰਨ ਵਾਲ਼ੇ ਜਾਂ ਰੋਕਣ ਵਾਲ਼ੇ ਹਰ ਤਰ੍ਹਾਂ ਦੇ ਵਿਗਾੜਾਂ ਜਾਂ ਕੁਰਾਹਿਆਂ ਦਾ ਡਟ ਕੇ ਟਾਕਰਾ ਕਰੇਗੀ। ਸਾਡੇ ਦੇਸ ਦੇ ਰਾਜਨੀਤਕ ਪਿੜ ਵਿੱਚ ਨੌਜਵਾਨ ਲਹਿਰ ਇੱਕ ਤਕੜੀ ਸ਼ਕਤੀ ਬਣ ਕੇ ਅੱਗੇ ਆਵੇਗੀ।

ਸੋਹਨ ਸਿੰਘ ਜੋਸ਼ ਨੇ ਸੁਝਾਅ ਦਿੱਤਾ ਕਿ ਇਸ ਜਥੇਬੰਦੀ ਦਾ ਨਾਂ ਨੌਜਵਾਨ ਭਾਰਤ ਸਭਾ, ਪੰਜਾਬ ਹੋਵੇ ਅਤੇ ਇਹਦਾ ”ਹੈਡਕੁਆਟਰ ਅੰਮ੍ਰਿਤਸਰ ਵਿੱਚ ਹੋਵੇ।”1 ਇਹ ਸੁਝਾਅ ਸਰਬਸੰਮਤੀ ਨਾਲ਼ ਪ੍ਰਵਾਨ ਕਰ ਲਿਆ ਗਿਆ, ਕਿਉਂਕਿ ਇਸ ਵਾਸਤੇ ਮੈਦਾਨ ਪਹਿਲਾਂ ਹੀ ਤਿਆਰ ਕਰ ਲਿਆ ਗਿਆ ਸੀ। ਕਾਨਫ਼ਰੰਸ ਨੇ ਸਾਈਮਨ ਕਮਿਸ਼ਨ, ਕੌਮੀ ਝੰਡਾ, ਬਰਤਾਨਵੀ ਮਾਲ ਦਾ ਬਾਈਕਾਟ, ਛੂਤਛਾਤ ਅਤੇ ਧਰਮ, ਆਦਿ ਬਾਰੇ ਆਪਣਾ ਰਵੱਈਆ ਪ੍ਰਗਟ ਕਰਦੇ ਹੋਏ 9 ਮਤੇ ਪਾਸ ਕੀਤੇ।

ਨੌਜਵਾਨਾਂ ਦੀ ਜਥੇਬੰਦੀ ਬਾਰੇ ਮਤੇ ਵਿੱਚ ਕਿਹਾ ਗਿਆ ਸੀ ਕਿ ”ਕਾਨਫ਼ਰੰਸ ਫ਼ੈਸਲਾ ਕਰਦੀ ਹੈ ਕਿ ਸੂਬੇ ਦੇ ਨੌਜਵਾਨਾਂ ਨੂੰ ਜਥੇਬੰਦ ਕਰਨ ਲਈ ਲਈ ਇੱਕ ਕੇਂਦਰੀ ਜਥੇਬੰਦੀ ਕਾਇਮ ਕੀਤੀ ਜਾਵੇ, ਜੀਹਦਾ ਨਾਂ ਨੌਜਵਾਨ ਭਾਰਤ ਸਭਾ ਹੋਵੇ। ਇਹ ਸੂਬੇ ਦੇ ਜ਼ਿਲਿਆਂ ਅਤੇ ਪਿੰਡਾਂ ਵਿੱਚ ਸਭਾ ਦੀਆਂ ਸ਼ਾਖ਼ਾਂ ਜਥੇਬੰੰਦ ਕਰੇਗੀ। ਇਸ ਕੰਮ ਨੂੰ ਸਿਰੇ ਚਾੜ੍ਹਨ ਲਈ 10 ਮੈਂਬਰਾਂ ਦੀ ਇੱਕ ਆਰਜ਼ੀ ਕਮੇਟੀ ਕਾਇਮ ਕੀਤੀ ਜਾਂਦੀ ਹੈ। ਇਹ ਕਮੇਟੀ ਸੰਵਿਧਾਨ ਤਿਆਰ ਕਰੇਗੀ ਅਤੇ ਪ੍ਰਚਾਰ ਕਰੇਗੀ, ਤਾਂ ਜੋ ਸ਼ਾਖ਼ਾਂ ਕਾਇਮ ਕੀਤੀਆਂ ਜਾਣ ਅਤੇ ਸਭਾ ਦੀ ਕੇਂਦਰੀ ਕਮੇਟੀ ਕਾਇਮ ਕੀਤੀ ਜਾਵੇ।
”ਕਮੇਟੀ ਦੇ ਮੈਂਬਰ ਇਹ ਹੋਣਗੇ : ਸੋਹਨ ਸਿੰਘ ਜੋਸ਼, ਪ੍ਰਧਾਨ; ਲਾਲਾ ਰਾਮਚੰਦਰ, ਅਬਦੁੱਲ ਮਜ਼ੀਦ, ਮੁੰਹਮਦ ਤੁਫ਼ੈਲ, ਅਹਿਸਾਨ ਇਲਾਹੀ, ਸ਼ੇਖ਼ ਹਿਸਾਮ-ਉ-ਦੀਨ, ਛਬੀਲਦਾਸ, ਹਰੀ ਸਿੰਘ ਚਕਵਾਹਾ, ਗੋਪਾਲ ਸਿੰਘ ਕੌਮੀ ਅਤੇ ਕਪਲਦੇਵ ਸ਼ਰਮਾ।” 2

ਕਮੇਟੀ ਵੱਲੋਂ ਪ੍ਰਵਾਨ ਕੀਤੇ ਗਏ ਸਭਾ ਦੇ ਮੰਤਵ ਅਤੇ ਟੀਚੇ ਇਉਂ ਸਨ— ਭਾਰਤ ਦੀਆਂ ਅਤਿਵਾਦੀ ਪਾਰਟੀਆਂ ਨਾਲ਼ ਮਿਲਵਰਤਨ ਕਰਕੇ ਭਾਰਤ ਦੀ ਮੁਕੰਮਲ ਅਜ਼ਾਦੀ ਪ੍ਰਾਪਤ ਕਰਨਾ; ਮਜ਼ਦੂਰਾਂ ਅਤੇ ਕਿਸਾਨਾਂ ਦੀ ਸਰਕਾਰ ਕਾਇਮ ਕਰਨਾ; ਨੌਜਵਾਨਾਂ ਦੇ ਮਨਾਂ ਵਿੱਚ ਆਪਾਂ ਵਾਰਨ ਦੀ ਅਤੇ ਦੇਸ਼ਭਗਤੀ ਦੀ ਭਾਵਨਾ ਪੈਦਾ ਕਰਨਾ; ਅਤੇ ਧਾਰਮਕ ਮਾਮਲਿਆਂ ਵਿੱਚ ਸਹਿਣਸ਼ੀਲਤਾ ਦੀ ਭਾਵਨਾ ਦਾ ਪ੍ਰਚਾਰ ਕਰਨਾ।

ਨੌਜਵਾਨ ਭਾਰਤ ਸਭਾ ਦੀ ”ਸੁਰਜੀਤੀ” ਦਾ ਸਾਰੰਸ਼ ਇਹ ਹੈ। ਸਰਕਾਰ ਦੀ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ”ਸਭਾ ਦੀ ਸੁਰਜੀਤੀ” ਦੀ ਬੁਨਿਆਦ ਅਪ੍ਰੈਲ 1928 ਦੀ ਕਾਨਫ਼ਰੰਸ ਵਿੱਚ ਟਿਕੀ ਸੀ ਅਤੇ ”ਹੁਣ ਸਭਾ ਦੀ ਨੀਤੀ ਨਿਸ਼ਚਿਤ ਰੂਪ ਵਿੱਚ ਵਡੇਰੇ ਅਕਾਰ ਦੀ ਹੋ ਗਈ ਸੀ ਅਤੇ ਇਸ ਵਿੱਚ ਅੰਮ੍ਰਿਤਸਰ ਦੇ ਕਿਰਤੀ ਗਰੁੱਪ ਨਾਲ਼ ਮਿਲ਼ ਕੇ ਕੰਮ ਕਰਨਾ ਸ਼ਾਮਲ ਸੀ। ਇਉਂ ਇਸ ਵਿੱਚ ਇਨਕਲਾਬ ਰਾਹੀਂ ਜਾਂ ਹੋਰ ਤਰੀਕਿਆਂ ਨਾਲ਼ ਸੱਤਾ ਹਾਸਲ ਕਰਨ ਦਾ ਪ੍ਰੋਗਰਾਮ ਸ਼ਾਮਲ ਹੋ ਗਿਆ ਸੀ।3

ਧਾਰਮਕ-ਫ਼ਿਰਕੂ ਰੁਝਾਨ ਉੱਤੇ ਸਾਡੀ ਜਿੱਤ ਨੇ ਭਗਤ ਸਿੰਘ ਗਰੁੱਪ ਅਤੇ ਕਿਰਤੀ ਗਰੁੱਪ ਨੂੰ ਇੱਕ ਦੂਜੇ ਦੇ ਹੋਰ ਨੇੜੇ ਲਿਆਂਦਾ। ਇਹ ਇੱਕ ਖੁੱਲ੍ਹੀ ਤੇ ਸਪੱਸ਼ਟ ਜਥੇਬੰਦੀ ਸੀ ਅਤੇ ਇਹਦਾ ਮੁੱਖ ਕੰਮ ਮਜ਼ਦੂਰਾਂ ਤੇ ਕਿਸਾਨਾਂ ਵਿੱਚ ਕੰਮ ਕਰਨਾ, ਉਹਨਾਂ ਨੂੰ ਉਹਨਾਂ ਦੀਆਂ ਆਰਥਕ ਮੰਗਾਂ ਦੁਆਲ਼ੇ ਜਥੇਬੰਦ ਕਰਨਾ ਅਤੇ ਉਹਨਾਂ ਨੂੰ ਹੋਰਨਾਂ ਲੜਾਕੂ ਸ਼ਕਤੀਆਂ ਨਾਲ਼ ਰਲ਼ ਕੇ ਅਜ਼ਾਦੀ ਲਈ ਲੜਨ ਦੀ ਰਾਜਨੀਤਿਕ ਲੋੜ ਬਾਰੇ ਅਹਿਸਾਸ ਕਰਵਾਉਣਾ ਸੀ।

ਸਰਕਾਰ ਨੇ ਨੋਟ ਕੀਤਾ ਹੈ ਕਿ ਨੌਜਵਾਨ ਭਾਰਤ ਸਭਾ ਨੇ ਅੰਮ੍ਰਿਤਸਰ ਵਿੱਚ ਕਈ ਯੂਨੀਅਨਾਂ, ਜਿਵੇਂ ਕਿ ਮਕੈਨੀਕਲ ਇੰਜੀਨੀਅਰਜ਼ ਯੂਨੀਅਨ, ਰੇਲਵੇ ਕੁਲੀ ਯੂਨੀਅਨ ਅਤੇ ਪ੍ਰੈੱਸ ਵਰਕਰਜ਼ ਯੂਨੀਅਨ ਉੱਤੇ ਕਬਜ਼ਾ ਕਰਨ ਦੇ ਯਤਨ ਕੀਤੇ।

***
ਨੋਟ
1.  ਫ਼ਾਈਲ ਨੰਬਰ 130 ਅਤੇ ਕੇ ਡਬਲਿਊ 1930 ਹੋਮ, ਪੁਲੀਟੀਕਲ, ਨੌਜਵਾਨ ਭਾਰਤ ਸਭਾ ਨਾਲ਼ ਸਬੰਧ ਰੱਖਦੀ ਹੈ। ਇਹ ਭਾਰਤ ਦੇ ਨੈਸ਼ਨਲ ਆਰਕਾਈਵਜ਼ ਵਿੱਚ ਹੈ।
2. ਉਰਦੂ ਕਿਰਤੀ, ਮਈ 1928, ਪੰਨਾ 16 ਉੱਤੇ ਕਾਨਫ਼ਰੰਸ ਵੱਲੋਂ ਪਾਸ ਕੀਤੇ ਮਤੇ ਦਿੱਤੇ ਹੋਏ ਹਨ।
3. ਫ਼ਾਈਲ ਨੰਬਰ 130 ਅਤੇ ਕੇ ਡਬਲਿਊ 1930 ਹੋਮ, ਪੁਲੀਟੀਕਲ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 56, 16 ਜੂਨ 2016 ਵਿੱਚ ਪ੍ਰਕਾਸ਼ਤ

Advertisements