ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ •ਸੋਹਣ ਸਿੰਘ ਜੋਸ਼

12

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

21 ਜਨਵਰੀ, 1927 ਨੂੰ ਮੈਂ ਪੰਜਾਬੀ ਮਾਸਕ ‘ਕਿਰਤੀ’ ਦਾ ਚਾਰਜ ਸੰਭਾਲਿਆ।1 ਇਹ ਇੱਕ ਇਨਕਲਾਬੀ ਰਸਾਲਾ ਸੀ, ਜੀਹਨੂੰ ਸਾਨਫਰਾਂਸਿਸਕੋ ਸਾਜ਼ਿਸ਼ ਕੇਸ ਵਿੱਚ ਮਸ਼ਹੂਰ ਹੋਏ ਇੱਕ ਗ਼ਦਰੀ ਇਨਕਲਾਬੀ ਭਾਈ ਸੰਤੋਖ ਸਿੰਘ ਨੇ ਫ਼ਰਵਰੀ 1926 ਵਿਚ ਸ਼ੁਰੂ ਕੀਤਾ ਸੀ। ਇਸ ਰਸਾਲੇ ਦਾ ਟੀਚਾ ਭਾਰਤ ਦੇ ਪੰਜਾਬੀ ਬੋਲਦੇ ਲੋਕਾਂ ਵਿੱਚ ਮੁਕੰਮਲ ਅਜ਼ਾਦੀ ਅਤੇ ਸਮਾਜਵਾਦ ਦੇ ਵਿਚਾਰਾਂ ਦਾ ਪ੍ਰਚਾਰ ਕਰਨਾ ਸੀ। 1915 ਦੇ ਗ਼ਦਰ ਇਨਕਲਾਬ ਦੀ ਅਸਫ਼ਲਤਾ ਤੋਂ ਬਾਅਦ ਗ਼ਦਰ ਪਾਰਟੀ ਦੇ ਆਗੂ ਮਾਰਕਸਵਾਦ-ਲੈਨਿਨਵਾਦ ਵੱਲ ਰੁਖ਼ ਕਰ ਰਹੇ ਸਨ ਅਤੇ ਪੰਜਾਬ ਦੀ ਕਿਸਾਨੀ ਅਤੇ ਗ਼ੈਰ-ਜਥੇਬੰਦ ਮਜ਼ਦੂਰ ਜਮਾਤ ਨੂੰ ਜਥੇਬੰਦ ਕਰਨਾ ਚਾਹੁੰਦੇ ਸਨ, ਤਾਂ ਜੋ ਨਵੀਆਂ ਹਾਲਤਾਂ ਵਿਚ ਕੌਮੀ ਅਜ਼ਾਦੀ ਦੀ ਲੜਾਈ ਨੂੰ ਜਾਰੀ ਰੱਖਿਆ ਜਾ ਸਕੇ।

‘ਕਿਰਤੀ’ ਕੇਵਲ ਪ੍ਰਚਾਰ ਕਰਨ ਵਾਲ਼ਾ ਰਸਾਲਾ ਹੀ ਨਹੀਂ ਸੀ। ਇਹ ਜਨਤਾ ਨੂੰ ਹਰਕਤ ਵਿੱਚ ਲਿਆਉਣ ਅਤੇ ਜਥੇਬੰਦ ਕਰਨ ਦਾ ਕੰਮ ਵੀ ਕਰਦਾ ਸੀ। ਇਸ ਰਸਾਲੇ ਦੁਆਲ਼ੇ ਅਸੀਂ ਨੌਜਵਾਨਾਂ, ਕਿਰਤੀਆਂ ਅਤੇ ਕਿਸਾਨਾਂ ਨੂੰ ਜਥੇਬੰਦ ਕਰ ਰਹੇ ਸੀ।

‘ਕਿਰਤੀ’ ਦੇ ਪ੍ਰਬੰਧਕਾਂ ਨੇ ਨੌਜਵਾਨਾਂ ਦੀ ਇੱਕ ਜਥੇਬੰਦੀ ਕਾਇਮ ਕਰਨ ਦਾ ਫ਼ੈਸਲਾ ਕੀਤਾ ਅਤੇ ਇਸ ਮੰਤਵ ਲਈ ਭਾਗ ਸਿੰਘ ਕੈਨੇਡੀਅਨ ਤੇ ਸੋਹਣ ਸਿੰਘ ਜੋਸ਼ ਦੇ ਨਾਵਾਂ ਹੇਠ ਮਾਰਚ 1928 ਵਿੱਚ ਇੱਕ ਇਸ਼ਤਿਹਾਰ ਕੱਢਿਆ। ਉਹ 11, 12 ਅਤੇ 13 ਅਪ੍ਰੈਲ 1928 ਨੂੰ ਜਲ੍ਹਿਆਂਵਾਲਾ ਬਾਗ਼ ਵਿੱਚ ਨੌਜਵਾਨਾਂ ਦੀ ਇੱਕ ਕਾਨਫ਼ਰੰਸ ਕਰਨ ਲਈ ਤਿਆਰੀਆਂ ਕਰ ਰਹੇ ਸਨ। ਇਹਨਾਂ ਹੀ ਤਰੀਖ਼ਾਂ ਨੂੰ ਇਸੇ ਥਾਂ ਪੰਜਾਬ ਕਾਂਗਰਸ ਵੀ ਇੱਕ ਰਾਜਨੀਤਕ ਕਾਨਫ਼ਰੰਸ ਕਰ ਰਹੀ ਸੀ। 13 ਅਪ੍ਰੈਲ ਜਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਦਿਨ ਸੀ। ਅਸੀਂ ਪੰਜਾਬ ਵਿੱਚ ਇੱਕ ਨੌਜਵਾਨ ਜਥੇਬੰਦੀ ਕਾਇਮ ਕਰਨ ਲਈ ਨੌਜਵਾਨਾਂ ਨੂੰ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿਤਾ ਸੀ। ਇਸ ਕਾਨਫ਼ਰੰਸ ਦਾ ਉਰਦੂ ਤੇ ਪੰਜਾਬੀ ਦੇ ਅਖ਼ਬਾਰਾਂ ਵਿੱਚ ਅਤੇ ਲਾਹੌਰ ਦੇ ਦੈਨਿਕ ਟਰਿਬਿਊਨ ਵਿੱਚ ਚੰਗੀ ਤਰ੍ਹਾਂ ਪ੍ਰਚਾਰ ਹੋ ਗਿਆ ਸੀ।

ਕਾਨਫ਼ਰੰਸ ਤੋਂ ਕੁਝ ਦਿਨ ਪਹਿਲਾਂ, 6 ਜਾਂ 7 ਅਪਰੈਲ ਨੂੰ, ਇੱਕ ਨੌਜਵਾਨ ਜੋ ਮੇਰੇ ਨਾਲ਼ੋਂ ਛੋਟੀ ਉਮਰ ਦਾ ਸੀ, ਅੰਮ੍ਰਿਤਸਰ ਵਿੱਚ ਰੇਲਵੇ ਲਾਈਨ ਉਤਲੇ ਲੱਕੜ ਦੇ ਪੁਲ਼ ਦੇ ਨੇੜੇ ‘ਕਿਰਤੀ’ ਦੇ ਦਫ਼ਤਰ ਵਿੱਚ ਮੈਨੂੰ ਮਿਲਣ ਲਈ ਆਇਆ। ਉਹ ਇੱਕ ਸੁਨੱਖਾ ਨੌਜਵਾਨ ਸੀ। ਉਹਦਾ ਕੱਦ ਮੇਰੇ ਨਾਲ਼ੋਂ ਇੱਕ-ਦੋ ਇੰਚ ਛੋਟਾ ਸੀ। ਅੰਮ੍ਰਿਤਸਰ ਆਉਣ ਦਾ ਉਹਦਾ ਮੰਤਵ ਇਹ ਸੀ ਕਿ ਸਾਡੇ ਵੱਲੋਂ ਕੀਤੀ ਜਾ ਰਹੀ ਨੌਜਵਾਨ ਕਾਨਫ਼ਰੰਸ ਦੇ ਰਾਜਨੀਤਕ ਲੱਛਣ ਅਤੇ ਪ੍ਰੋਗਰਾਮ ਬਾਰੇ ਜਾਣਕਾਰੀ ਹਾਸਲ ਕੀਤੀ ਜਾਵੇ।

ਉਹਨੇ ਮੈਨੂੰ ਦੱਸਿਆ ਕਿ ਉਹਦਾ ਨਾਂ ਭਗਤ ਸਿੰਘ ਹੈ ਅਤੇ ਉਹ ਲਾਹੌਰ ਵਿੱਚ ਵਿਦਿਆਰਥੀਆਂ ਨੂੰ ਜਥੇਬੰਦ ਕਰ ਰਿਹਾ ਹੈ। ਉਹਨੇ ਕਿਹਾ ਕਿ ਉਹ ਅਤੇ ਉਹਦੇ ਹੋਰ ਮਿੱਤਰ ਸਾਡੀ ਇਸ ਕਾਨਫ਼ਰੰਸ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਦੇ ਹਨ ਅਤੇ ਉਹ ਸਮਝਣਾ ਚਾਹੁੰਦੇ ਹਨ ਕਿ ਇਸ ਕਾਨਫ਼ਰੰਸ ਦਾ ਰਾਜਨੀਤਕ ਪ੍ਰੋਗਰਾਮ ਕੀ ਹੈ। ਮੈਂ ਉਹਨੂੰ ਦੱਸਿਆ ਕਿ ਕਾਨਫ਼ਰੰਸ ਨੂੰ ‘ਕਿਰਤੀ’ ਦੇ ਪ੍ਰਬੰਧਕਾਂ ਨੇ ਜਥੇਬੰਦ ਕੀਤਾ ਹੈ। ਇਹਨਾਂ ਦੀ ਰਾਜਨੀਤਕ ਨੀਤੀ ਇਸ ਮਾਸਕ ਰਸਾਲੇ ਵਿੱਚ ਪੇਸ਼ ਕੀਤੀ ਜਾਂਦੀ ਹੈ। ਮੈਂ ਦੱਸਿਆ ਕਿ ਅਸੀਂ ਵਿਗਿਆਨਕ ਸਮਾਜਵਾਦ ਵਿੱਚ ਯਕੀਨ ਰੱਖਦੇ ਹਾਂ ਅਤੇ ਅਸੀਂ ਚਾਹਾਂਗੇ ਕਿ ਇਹ ਕਾਨਫ਼ਰੰਸ ਮਾਰਕਸਵਾਦੀ ਵਿਚਾਰਧਾਰਾ ਉੱਤੇ ਅਧਾਰਤ ਵਿਗਿਆਨਕ ਪ੍ਰੋਗਰਾਮ ਪ੍ਰਵਾਨ ਕਰੇ।

ਉਹਨੇ ਕਿਹਾ ਕਿ ”ਤੁਹਾਡਾ ਪ੍ਰੋਗਰਾਮ ਇਨਕਲਾਬੀ ਹੈ। ਅਸੀਂ ਜ਼ਰੂਰ ਇਸ ਕਾਨਫ਼ਰੰਸ ਵਿਚ ਹਿੱਸਾ ਲਵਾਂਗੇ।”

ਮੈਂ ਜ਼ੋਰ ਦਿੱਤਾ ”ਜ਼ਰੂਰ ਆਵੋ ਅਤੇ ਹਿੱਸਾ ਲਵੋ।”

”ਪਰ ਇੱਕ ਗੱਲ ਹੋਰ। ਸ਼ਾਇਦ ਤੁਹਾਨੂੰ ਨਹੀਂ ਪਤਾ ਕਿ ਅਸੀਂ ਲਾਹੌਰ ਵਿੱਚ ਇੱਕ ਨੌਜਵਾਨ ਜਥੇਬੰਦੀ ਚਲਾ ਰਹੇ ਸੀ। ਇਹਦਾ ਨਾਂ ਨੌਜਵਾਨ ਭਾਰਤ ਸਭਾ ਸੀ।”

”ਨਹੀਂ, ਮੈਨੂੰ ਪਤਾ ਨਹੀਂ”, ਮੈਂ ਜਵਾਬ ਦਿੱਤਾ। ”ਇੱਥੇ ਕਿਸੇ ਨੂੰ ਵੀ ਇਸ ਬਾਰੇ ਕੋਈ ਪਤਾ ਨਹੀਂ। ਇਹਦਾ ਕੀ ਬਣਿਆ?”

”ਇਹ ਕੁਝ ਕਾਰਨਾਂ ਕਰਕੇ ਬੇਹਰਕਤ ਹੋ ਗਈ।”

”ਕੀ ਕਾਰਨ ਸਨ?”

”ਸਰਕਾਰ ਨੇ ਕਾਲਜਾਂ ਵਿੱਚ ਸਾਡੇ ਦਾਖ਼ਲੇ ਉੱਤੇ ਪਾਬੰਦੀ ਲਾ ਦਿੱਤੀ ਅਤੇ ਸੀਆਈਡੀ ਨੇ ਸਾਡੇ ਜਥੇਬੰਦਕਾਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਵਿਦਿਆਰਥੀਆਂ ਨਾਲ਼ ਗੱਲਬਾਤ ਕਰਨਾ ਲਗਭਗ ਅਸੰਭਵ ਜਿਹਾ ਹੋ ਗਿਆ ਸੀ।”

”ਸਮਝ ਗਿਆ”, ਮੈਂ ਕਿਹਾ। ”ਸਰਕਾਰ ਸਾਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਰਾਜਨੀਤਕ ਕੰਮ ਕਰਨ ਦੀ ਆਗਿਆ ਦੇਣ ਨੂੰ ਤਿਆਰ ਨਹੀਂ ਹੈ।”

ਫੇਰ ਉਹ ਅਸਲੀ ਨੁਕਤੇ ਵੱਲ ਆਇਆ। ਉਹਨੇ ਮੈਨੂੰ ਪੁੱਛਿਆ ਕਿ ਮੈਂ ਨੌਜਵਾਨ ਭਾਰਤ ਸਭਾ ਨਾਂ ਨੂੰ ਕਿਵੇਂ ਸਮਝਦਾ ਹਾਂ?

”ਇਹ ਨਾਂ ਚੰਗਾ ਹੈ”, ਮੈਂ ਜਵਾਬ ਦਿੱਤਾ ਅਤੇ ਕਿਹਾ, ”ਅਸੀਂ ਨਾਂ ਦਾ ਫ਼ੈਸਲਾ ਡੈਲੀਗੇਟਾਂ ਵੱਲੋਂ ਜਮਹੂਰੀ ਢੰਗ ਨਾਲ਼ ਕੀਤੇ ਜਾਣ ਲਈ ਛੱਡਿਆ ਹੋਇਆ ਹੈ।”

ਉਹਨੇ ਪੁੱਛਿਆ, ”ਪਰ ਕੀ ਤੁਸੀਂ ਇਸ ਨਾਂ ਦੀ ਹਮਾਇਤ ਕਰ ਸਕਦੇ ਹੋ?”

ਮੈਂ ਜਵਾਬ ਦਿਤਾ, ”ਮੈਂ ਭਾਗ ਸਿੰਘ ਕੈਨੇਡੀਅਨ ਤੇ ਹੋਰਨਾਂ ਨਾਲ਼ ਇਸ ਮਸਲੇ ਉੱਤੇ ਵਿਚਾਰ ਕਰਾਂਗਾ ਅਤੇ ਮੈਨੂੰ ਉਮੀਦ ਹੈ ਕਿ ਅਸੀਂ ਇਸ ਨਾਂ ਉੱਤੇ, ਵੀਹ ਵਿਸਵੇ, ਸਹਿਮਤ ਹੋ ਹੀ ਜਾਵਾਂਗੇ।”

ਭਗਤ ਸਿੰਘ ਨੇ ਵਾਅਦਾ ਕੀਤਾ ਕਿ ਉਹ ਆਪਣੇ ਲਾਹੌਰ ਵਾਲ਼ੇ ਸਾਥੀਆਂ ਸਮੇਤ ਕਾਨਫ਼ਰੰਸ ਵਿੱਚ ਸ਼ਾਮਲ ਹੋਵੇਗਾ। ਅਸੀਂ ਹੱਥ ਮਿਲ਼ਾਏ ਅਤੇ ਇੱਕ-ਦੂਜੇ ਤੋਂ ਵਿਦਾ ਹੋਏ। ਸਾਡੀ ਪਹਿਲੀ ਮੁਲਾਕਾਤ ਇਸ ਤਰ੍ਹਾਂ ਹੋਈ।  

*****
ਨੋਟ

1. ਦੇਖੋ ਦਸਤਾਵੇਜ਼ ਨੰ : ਪੀ – 750, ਮੇਰਠ ਸਾਜ਼ਿਸ਼ ਕੇਸ, ਪੰਜਾਬੀ ਦਸਤਾਵੇਜ਼ਾਂ। 80 ਰੁਪਏ ਮਹੀਨੇ ਦੇ ਹਿਸਾਬ ਨਾਲ਼ ਜਨਵਰੀ ਮਹੀਨੇ ਲਈ ਮੈਨੂੰ 28 ਰੁਪਏ 6 ਆਨੇ ਦਿੱਤੇ ਗਏ ਸਨ। ਇਸ ਲੇਖ ਵਿੱਚ ਜਿਨ੍ਹਾਂ ਦਸਤਾਵੇਜ਼ਾਂ ਦਾ ਜ਼ਿਕਰ ਹੈ, ਉਹ ਮੇਰਠ ਸਾਜ਼ਿਸ਼ ਕੇਸ ਦੀਆਂ ਦਸਤਾਵੇਜ਼ਾਂ ਵਿੱਚੋਂ ਹਨ। ”ਪੀ” ਦਾ ਮਤਲਬ ਹੈ ਪਰਾਸੀਕਿਊਸ਼ਨ।

“ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 54, 16 ਮਈ 2016 ਵਿੱਚ ਪਰ੍ਕਾਸ਼ਤ

Advertisements