ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 10 •ਸੋਹਣ ਸਿੰਘ ਜੋਸ਼

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਫੇਰ ਕਾਨਫ਼ਰੰਸ ਵਿੱਚ ਦਿਲਚਸਪੀ ਲੈਂਦਿਆਂ ਉਹਨੇ ਉਹਦੀ ਕਾਰਵਾਈ ਬਾਰੇ ਪੁੱਛਿਆ। ਉਹਨੇ ਪੁੱਛਿਆ ਕਿ ਕਿਹੜੇ ਉੱਘੇ ਆਗੂ ਇਸ ਵਿੱਚ ਹਿੱਸਾ ਲੈ ਰਹੇ ਹਨ ਅਤੇ ਕਿਨ੍ਹਾਂ ਕਿਨ੍ਹਾਂ ਸੂਬਿਆਂ ਦੇ ਪ੍ਰਤੀਨਿਧ ਆਏ ਹੋਏ ਸਨ, ਆਦਿ। ਇਹ ਸਾਰੀ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਉਹਨੇ ਕਿਹਾ : ”ਤੁਸੀਂ ਮਜ਼ਦੂਰਾਂ ਤੇ ਕਿਸਾਨਾਂ ਨੂੰ ਜਥੇਬੰਦ ਕਰੋ ਅਤੇ ਅਸੀਂ ਬਰਤਾਨਵੀ ਹਾਕਮਾਂ ਦੀ ਜਥੇਬੰਦੀ ਨੂੰ ਤੋੜਾਂਗੇ। ਆਓ, ਇਸ ਤਰ੍ਹਾਂ ਦੀ ਕੰਮ-ਵੰਡ ਕਰ ਲਈਏ।” 1

ਕਲਕੱਤੇ ਵਿੱਚ ਉਹ ਹੋਰ ਭਰੋਸੇਯੋਗ ਲੋਕਾਂ ਨੂੰ ਵੀ ਮਿਲ਼ਿਆ। ਇਸ ਗੱਲ ਦਾ ਮੈਨੂੰ ਬਹੁਤ ਬਾਅਦ ਵਿੱਚ ਪਤਾ ਲੱਗਿਆ। ਬ੍ਰਿੰਦਾਵਨ ਵਿੱਚ ਉਹ 1929 ਦੇ ਸ਼ੁਰੂ ਵਿੱਚ ਨਿਰਲਾਂਬਾ ਸਵਾਮੀ* (ਜੀਹਦਾ ਨਾਂ ਪਹਿਲਾਂ ਜਤਿੰਦਰਨਾਥ ਬੈਨਰਜੀ ਸੀ) ਨੂੰ ਮਿਲ਼ਿਆ।

ਤਕਰੀਬਨ 20 ਮਿੰਟਾਂ ਬਾਅਦ ਮੈਂ ਬਾਹਰ ਆ ਗਿਆ ਅਤੇ ਕਾਨਫ਼ਰੰਸ ਹਾਲ ਵਿੱਚ ਚਲਿਆ ਗਿਆ। ਉਸ ਸਮੇਂ ਭਗਤ ਸਿੰਘ ਨਾਈ ਦੀ ਦੁਕਾਨ ਵਿੱਚ ਹੀ ਰਿਹਾ। ਲੋਕ ਹਜਾਮਤ ਲਈ ਆ ਜਾ ਰਹੇ ਸਨ। ਇਹ ਥਾਂ ਅਜਿਹੀ ਰਾਜਨੀਤਕ ਗੱਲਬਾਤ ਲਈ ਠੀਕ ਨਹੀਂ ਸੀ।

ਇਹ ਭਗਤ ਸਿੰਘ ਨਾਲ਼ ਮੇਰੀ ਆਖ਼ਰੀ ਮੁਲਾਕਾਤ ਸੀ। ਇਹਤੋਂ ਬਾਅਦ ਅਸੀਂ ਕਦੀ ਇੱਕ-ਦੂਜੇ ਨੂੰ ਨਾ ਮਿਲ਼ ਸਕੇ। ਮੈਨੂੰ ਕਾਨਫ਼ਰੰਸ ਤੋਂ ਇੱਕਦਮ ਬਾਅਦ ਗ੍ਰਿਫ਼ਤਾਰ ਨਾ ਕੀਤਾ ਗਿਆ। ਇਸ ਸਮੇਂ ਸਰਕਾਰ ਨੇ ਆਪਣਾ ਇਰਾਦਾ ਬਦਲ ਲਿਆ ਸੀ ਅਤੇ ਸਾਨੂੰ ਇੱਕ ਵੱਡੇ ਜਾਲ਼ ਵਿੱਚ ਫਸਾਉਣ ਦਾ ਫ਼ੈਸਲਾ ਕਰ ਲਿਆ ਸੀ।

ਡੀ. ਪੈਟਰੀ ਅਤੇ ਆਰ.ਏ. ਹਾਰਟਨ ਭਾਰਤ ਸਰਕਾਰ ਵੱਲੋਂ ਟਰੇਡ ਯੂਨੀਅਨਿਸਟਾਂ, ਕਿਸਾਨ ਲੀਡਰਾਂ ਅਤੇ ਕਮਿਊਨਿਸਟਾਂ ਵਿਰੁੱਧ ਇੱਕ ਕਮਿਊਨਿਸਟ ਸਾਜ਼ਿਸ਼ ਕੇਸ ਬਣਾ ਰਹੇ ਸਨ। ”ਹਾਰਟਨ ਅਤੇ ਮੈਂ ਇਹਨੂੰ ਛੇਤੀ ਹੀ ਅਦਾਲਤ ਵਿੱਚ ਲਿਆਵਾਂਗੇ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਸਜ਼ਾਵਾਂ ਹੋਣਗੀਆਂ” (ਡੀ. ਪੈਟਰੀ, 15 ਜਨਵਰੀ 1929)। ”ਇਹ ਮੇਰੀ ਸੋਚੀ ਸਮਝੀ ਰਾਏ ਹੈ ਕਿ ’29 ਆਦਮੀਆਂ ਵਿਰੁੱਧ’ ਸਾਜ਼ਿਸ਼ ਦਾ ਇੱਕ ਮਜ਼ਬੂਤ ਕੇਸ ਸਿੱਧ ਕਰਨ ਲਈ ਕਾਫ਼ੀ ਸਬੂਤ ਮੌਜੂਦ ਹਨ। (ਨਾਵਾਂ ਦੀ ਸੂਚੀ ਦਿੱਤੀ ਜਾ ਰਹੀ ਹੈ, ਪਰ ਇਹ ਅੰਤਿਮ ਨਹੀਂ ਹੈ)” (ਆਰ.ਏ. ਹਾਰਟਨ, 15 ਜਨਵਰੀ 1929)। ਸੈਕਰੈਟਰੀ ਆਫ਼ ਸਟੇਟ ਨੇ ਕੁਝ ਝਿਜਕ ਤੋਂ ਬਾਅਦ, ਕਿਉਂਕਿ ਦੋ ਅੰਗਰੇਜ਼ ਵੀ ਇਸ ਕੇਸ ਵਿੱਚ ਸ਼ਾਮਲ ਸਨ, ਸਾਜ਼ਿਸ਼ ਕੇਸ ਚਲਾਉਣ ਦੀ ਆਗਿਆ ਦੇ ਦਿੱਤੀ2। ਇੱਕ ਤੀਜੇ ਅੰਗਰੇਜ਼ ਨੂੰ ਬਾਅਦ ਵਿੱਚ ਸ਼ਾਮਲ ਕੀਤਾ ਗਿਆ। ਸਰਕਾਰ ਦਾ ਮੰਤਵ ਇਹ ਸੀ ਕਿ ਭਾਰਤ ਵਿਚ ਕਮਿਊਨਿਸਟ ਲਹਿਰ ਨੂੰ ਦਬਾ ਦਿਤਾ ਜਾਵੇ।

20 ਮਾਰਚ 1929 ਨੂੰ ਮੈਨੂੰ 32 ਹੋਰ ਕਮਿਊਨਿਸਟ, ਟਰੇਡ ਯੂਨੀਅਨ ਅਤੇ ਵਰਕਰਜ਼ ਐਂਡ ਪੀਜ਼ੈਂਟਸ ਪਾਰਟੀ ਦੇ ਆਗੂਆਂ ਸਮੇਤ ਮੇਰਠ ਕਮਿਊਨਿਸਟ ਸਾਜ਼ਿਸ਼ ਕੇਸ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਆਗੂ ਪੰਜਾਬ, ਯੂ ਪੀ ਅਤੇ ਬੰਗਾਲ ਤੇ ਬੰਬਈ ਪਰੈਜ਼ੀਡੈਂਸੀਆਂ ਦੇ ਸਨ। ਪੁਲੀਸ ਨੇ ਮੇਰੇ ਸਾਰੇ ਕਾਗ਼ਜ਼, ਚਿੱਠੀ-ਪੱਤਰ, ਪੈਂਫ਼ਲਿਟ ਅਤੇ ਕਿਤਾਬਾਂ ਮੇਰੇ ਪਿੰਡੋਂ ਅਤੇ ਅੰਮ੍ਰਿਤਸਰ ਵਾਲ਼ੇ ਦਫ਼ਤਰ ਅਤੇ ਘਰ ਵਿੱਚੋਂ ਆਪਣੇ ਕਬਜ਼ੇ ਵਿੱਚ ਲੈ ਲਈਆਂ ਅਤੇ ਇਹ ਸਭ ਕੁਝ ਮੇਰਠ ਪਹੁੰਚਾ ਗਿਆ।

ਮੈਨੂੰ ਪਤਾ ਸੀ ਕਿ ਸਾਡੀਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਭਗਤ ਸਿੰਘ ਅਤੇ ਉਹਦਾ ਗਰੁੱਪ ਕੋਈ ਦਲੇਰੀ ਵਾਲ ਕਦਮ ਚੁੱਕਣਗੇ। ਸਾਡੀਆਂ ਗ੍ਰਿਫ਼ਤਾਰੀਆਂ ਤੋਂ ਪਹਿਲਾਂ ਦੇਸ਼ ਵਿੱਚ ਇੱਕ ਕਿਸਮ ਦੀ ਚੁੱਪ-ਚਾਂ ਅਤੇ ਬੇਹਰਕਤੀ ਵਾਲ਼ਾ ਮਾਹੌਲ ਸੀ, ਜਿਸ ਕਾਰਨ ਸਾਰੇ ਦੇਸ਼ ਦਾ ਧਿਆਨ ਮੇਰਠ ਵੱਲ ਖਿੱਚਿਆ ਗਿਆ। ਸਾਜ਼ਿਸ਼ ਵਿੱਚ ਦੋਸ਼ੀਆਂ ਵਜੋਂ ਤਿੰਨ ਅੰਗਰੇਜ਼ਾਂ ਨੂੰ ਫ਼ਸਾਏ ਜਾਣ ਨੇ ਇਸ ਮੁਕੱਦਮੇ ਨੂੰ ਹੋਰ ਵੀ ਮਸ਼ਹੂਰ ਕਰ ਦਿੱਤਾ। ਦਿੱਲੀ ਦੇ ਸਾਰੇ ਦੈਨਿਕ ਅਖ਼ਬਾਰਾਂ ਨੇ ਆਪਣੇ ਪ੍ਰਤੀਨਿਧ ਮੇਰਠ ਭੇਜੇ। ਮੇਰਠ ਹੁਣ ਖ਼ਬਰਾਂ ਦਾ ਇੱਕ ਵੱਡਾ ਕੇਂਦਰ ਬਣ ਗਿਆ ਸੀ। ਇਹ ਗੱਲ ਵੀ ਕਹਿਣੀ ਚਾਹੀਦੀ ਹੈ ਕਿ ਪ੍ਰੈੱਸ ਨੇ ਇਸ ਕੇਸ ਬਾਰੇ ਖ਼ਬਰਾਂ ਛਾਪਦਿਆਂ ਆਪਣਾ ਸਾਮਰਾਜਵਾਦ-ਵਿਰੋਧੀ ਰੋਲ ਬੜੀ ਚੰਗੀ ਤਰ੍ਹਾਂ ਨਿਭਾਇਆ।
(ਚਲਦਾ)

ਨੋਟ :

1. ਕਾਨਫ਼ਰੰਸ ਵਿੱਚ ਹਿੱਸਾ ਲੈਣ ਵਾਲ਼ੇ ਸਭਨਾਂ ਸਾਥੀਆਂ ਨੇ ਮੇਰਾ ਹਾਲ ਵਿੱਚੋਂ ਜਾਣਾ ਦੇਖਿਆ ਸੀ। ਮੈਂ ਭਾਗ ਸਿੰਘ ਕਨੇਡੀਅਨ ਤੋਂ ਬਿਨਾਂ, ਜਿਹੜੇ ਬਦਕਿਸਮਤੀ ਨਾਲ਼ ਚਲਾਣਾ ਕਰ ਗਏ ਹਨ, ਭਗਤ ਸਿੰਘ ਨਾਲ਼ ਆਪਣੀ ਇਸ ਮੁਲਾਕਾਤ ਬਾਰੇ ਉੱਥੇ ਕਿਸੇ ਨੂੰ ਨਹੀਂ ਸੀ ਦੱਸਿਆ।

2. ਫ਼ਾਈਲ ਨੰਬਰ : 18/XV9/7- 1928, ਅਤੇ ਕੇ ਡਬਲਿਊ, ਹੋਮ, ਪੁਲੀਟੀਕਲ, ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ।

*ਨਿਰਲੰਬਾ ਸੁਆਮੀ ਦੀ ਕਿਤਾਬ ”ਕਾਮਨ ਸੈਂਸ” ਦਾ ਜਿਕਰ ਭਗਤ ਸਿੰਘ ਨੇ ਆਪਣੀ ਰਚਨਾ ”ਮੈਂ ਨਾਸਤਿਕ ਕਿਉਂ ਹਾਂ” ਵਿੱਚ ਵੀ ਕੀਤਾ ਹੈ। – ਸੰਪਾਦਕ

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 63, 16 ਨਵੰਬਰ 2016 ਵਿੱਚ ਪ੍ਰਕਾਸ਼ਤ

Advertisements