ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 9 •ਸੋਹਣ ਸਿੰਘ ਜੋਸ਼

bhagat-singh

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਮੈਂ ਮੰਗਲਵਾਰ, 19 ਦਸੰਬਰ ਨੂੰ ਕਲਕੱਤੇ1 ਲਈ ਚੱਲ ਪਿਆ। ਮੈਂ ਕੁੱਲ-ਹਿੰਦ ਵਰਕਰਜ਼ ਐਂਡ ਪੈਜ਼ੈਂਡਸ ਕਾਨਫ਼ਰੰਸ ਦੀ ਪ੍ਰਧਾਨਗੀ ਕਰਨੀ ਸੀ, ਜਿਹੜੀ ਉੱਥੇ ਹੋ ਰਹੀ ਸੀ। ਭਾਗ ਸਿੰਘ, ਫ਼ੀਰੋਜ਼ ਦੀਨ ਮਨਸੂਰ (ਜੋ ਮਾਸਕੋ ਤੋਂ ਪਰਤਿਆ ਸੀ) ਅਤੇ ਤਿੰਨ ਜਣੇ ਹੋਰ ਮੇਰੇ ਨਾਲ਼ ਗਏ ਸਨ। ਜਿਵੇਂ ਕਿ ਆਸ ਹੀ ਸੀ, 19 ਦਸੰਬਰ ਨੂੰ ਲਾਹੌਰ ਵਿਚ ਨੌਜਵਾਨ ਭਾਰਤ ਸਭਾ ਅਤੇ ਸਟੂਡੈਂਟਸ ਯੂਨੀਅਨ ਨਾਲ਼ ਸਬੰਧਤ ਨੌਜਵਾਨਾਂ ਦੀਆਂ ਵੱਡੇ ਪੱਧਰੇ ਉੱਤੇ ਗ੍ਰਿਫ਼ਤਾਰੀਆਂ ਹੋਈਆਂ। ਭਾਰਤ ਸਰਕਾਰ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਉਹ ਸਾਂਡਰਸ ਦੇ ਕਾਤਲਾਂ ਬਾਰੇ ਕੀ ਕਰ ਰਹੀ ਸੀ। ਪੰਜਾਬ ਸਰਕਾਰ ਨੇ ਜਵਾਬ ਦਿੱਤਾ ਕਿ ਉਹ ”ਵੱਧ ਤੋਂ ਵੱਧ ਜ਼ੋਰ ਨਾਲ਼” ਤਫ਼ਤੀਸ਼ ਕਰ ਰਹੀ ਸੀ। 16 ਆਦਮੀਆਂ ਨੂੰ ”ਕਤਲ, ਕਤਲ ਲਈ ਹੱਲਾਸ਼ੇਰੀ ਅਤੇ ਮੁਜਰਮਾਨਾ ਸਾਜ਼ਿਸ਼ ਦੇ ਵਾਜਬ ਸ਼ੱਕ” ਦੇ ਆਧਾਰ ਉੱਤੇ ਗ੍ਰਿਰਫ਼ਤਾਰ ਕੀਤਾ ਗਿਆ। ਤਿੰਨਾਂ ਹੋਰਨਾਂ ਦੀ ਗ੍ਰਿਰਫ਼ਤਾਰੀ ਦੇ ਹੁਕਮ ਜਾਰੀ ਕੀਤੇ ਗਏ ਸਨ— ਮਹਿਤਾ ਅਨੰਦ ਕਿਸ਼ੋਰ; ਪ੍ਰਧਾਨ ਨੌਜਵਾਨ ਭਾਰਤ ਸਭਾ, ਅੰਮ੍ਰਿਤਸਰ, ਸੋਹਨ ਸਿੰਘ ਜੋਸ਼ (ਨੰਬਰ18); ਅਤੇ ਰਾਮ ਚੰਦਰ।

ਗ੍ਰਿਫ਼ਤਾਰ ਕੀਤੇ ਗਏ ਬਹੁਤੇ ਮਹੱਤਵਪੂਰਨ ਲੋਕ ਇਹ ਸਨ: ਧਨਵੰੰਤਰੀ, ਵੀਰਿੰਦਰ, ਅਹਿਮਦ ਦੀਨ, ਕਿਦਾਰਨਾਥ ਸਹਿਗਲ , ਮੀਰ ਮੁਹੰਮਦ ਅਫ਼ਜ਼ਲ, ਸੰਤ ਰਾਮ ਪਾਂਧਾ, ਮੀਰ ਅਬੱਦੁਲ ਮਜ਼ੀਦ (ਲਾਹੌਰ), ਹਰੀ ਰਾਮ ਸੇਠੀ (ਰਾਵਲਪਿੰਡੀ), ਕੇਸ਼ਬ ਬੰਧੂ (ਕਸ਼ਮੀਰ) ਅਤੇ ਰਾਜ ਕਿਸ਼ੋਰ ਸਿੰਘ (ਯੂ ਪੀ), ਆਦਿ। 2

ਮੈਂ ਕਿਉਂਕਿ ਪੰਜਾਬ ਦੀ ਸਰਹੱਦ ਪਾਰ ਕਰ ਚੁੱਕਿਆ ਸੀ, ਪੰਜਾਬ ਸਰਕਾਰ ਨੇ ਭਾਰਤ ਸਰਕਾਰ ਨੂੰ ਤਾਰ ਦਿੱਤੀ ਕਿ ਮੈਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਭਾਰਤ ਸਰਕਾਰ ਨੇ ਤਾਰ ਰਾਹੀਂ ਬੰਗਾਲ ਸਰਕਾਰ ਨੂੰ ਗ੍ਰਿਫ਼ਤਾਰੀ ਦਾ ਸੁਨੇਹਾ ਭੇਜਿਆ। ਬੰਗਾਲ ਸਰਕਾਰ ਦਾ ਇਸ ਸਬੰਧੀ ਜਵਾਬ ਮਿਲਣ ਮਗਰੋਂ ਭਾਰਤ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਹਦਾ ਜਵਾਬ ਇਉਂ ਦਿੱਤਾ: ”ਕਿਉਂਕਿ ਸੋਹਨ ਸਿੰਘ ਜੋਸ਼ ਨੇ…. ਵਰਕਰਜ਼ ਐਂਡ ਪੈਜ਼ੈਂਟਸ ਕਾਨਫ਼ਰੰਸ ਦੀ ਪ੍ਰਧਾਨਗੀ ਕਰਨੀ ਹੈ, ਇਸ ਲਈ ਉਹਦੀ ਗ੍ਰਿਰਫ਼ਤਾਰੀ ਬੰਗਾਲ ਸਰਕਾਰ ਦੇ ਕਹਿਣ ਉੱਤੇ ਕਾਨਫ਼ਰੰਸ ਦੇ ਖ਼ਾਤਮੇ ਤੱਕ ਮੁਲਤਵੀ ਕੀਤੀ ਗਈ ਹੈ। 3

20 ਦਸੰਬਰ ਨੂੰ ਸਵੇਰੇ ਅੱਠ ਵਜੇ ਅਸੀਂ ਕਲਕੱਤੇ ਪਹੁੰਚ ਗਏ। ਅਸੀਂ ਬੇੜੀ ਵਿਚ ਦਰਿਆ ਪਾਰ ਕੀਤਾ ਅਤੇ 121, ਲੋਅਰ  ਸਰਕੁਲਰ ਰੋਡ ਪੁੱਜੇ ਅਤੇ ਉੱਥੇ ਠਹਿਰੇ। 4 ਕੁੱਲ-ਹਿੰਦ ਵਰਕਰਜ਼ ਐਂਡ ਪੈਜੈਂਟਸ ਕਾਨਫ਼ਰੰਸ 21 ਦਸੰਬਰ ਨੂੰ ਦੁਪਹਿਰ ਦੇ 2 ਵਜੇ ਤੋਂ ਕੁਝ ਚਿਰ ਪਿੱਛੋਂ ਐਲਬਰਟ ਹਾਲ ਵਿਚ ਆਰੰਭ ਹੋਈ। ਮੈਂ ਕਾਨਫ਼ਰੰਸ ਦੇ ਨਾਂ ਆਪਣਾ ਲਿਖਤੀ ਐਡਰੈਸ ਪੜ੍ਹਿਆ 20 ਅਤੇ ਫੇਰ ਅਸੀਂ 6.30 ਵਜੇ ਸ਼ਾਮ ਸਮਾਪਤੀ ਕੀਤੀ। 22 ਤਾਰੀਖ ਕੋਈ ਇਜਲਾਸ ਨਹੀਂ ਸੀ। 23 ਦਸੰਬਰ, ਐਤਵਾਰ ਨੂੰ ਕਾਨਫ਼ਰੰਸ ਫੇਰ ਜੁੜੀ ਅਤੇ ਇਹਨੇ ਆਪਣੀ ਕਾਰਵਾਈ ਜਾਰੀ ਰੱਖੀ। 24 ਦਸੰਬਰ ਨੂੰ ਜਦੋਂ ਮੈਂ ਕਾਨਫ਼ਰੰਸ ਦੀ ਪ੍ਰਧਾਨਗੀ ਕਰ ਰਿਹਾ ਸੀ, ਮੈਨੂੰ ਸੁਨੇਹਾ ਮਿਲਿਆ ਕਿ ਇੱਕ ਆਦਮੀ ਚਾਹੁੰਦਾ ਸੀ ਕਿ ਮੈਂ ਕਾਨਫ਼ਰੰਸ ਦੇ ਹਾਲ ਤੋਂ ਬਾਹਰ ਜਾਵਾਂ ਅਤੇ ਉਹਨੂੰ ਮਿਲਾਂ। ਮੈਂ ਕਿਹਾ ਕਿ ਕਾਨਫ਼ਰੰਸ ਦੀ ਪ੍ਰਧਾਨਗੀ ਕਰਦਿਆਂ ਹੋਇਆਂ ਮੈਂ ਕਿਵੇਂ ਵਿੱਚੋਂ ਹੀ ਉੱਠ ਕੇ ਜਾ ਸਕਦਾ ਹਾਂ। ਪਰ ਸੁਨੇਹਾ ਲਿਆਉਣ ਵਾਲਾ ਬੜੀ ਹੀ ਜ਼ਿੱਦ ਕਰ ਰਿਹਾ ਸੀ ਕਿ ਮੈਂ ਉਹਦੇ ਨਾਲ਼ ਜਾ ਕੇ ਉਸ ਆਦਮੀ ਨੂੰ ਮਿਲਾਂ। ਮੈਂ ਇਕ ਹੋਰ ਸਾਥੀ ਨੂੰ ਪ੍ਰਧਾਨਗੀ ਸੰਭਾਲਣ ਲਈ ਬੇਨਤੀ ਕੀਤੀ ਅਤੇ ਉਸ ਆਦਮੀ ਨਾਲ਼ ਹਾਲ ਤੋਂ ਬਾਹਰ ਚਲਿਆ ਗਿਆ।

ਤਕਰੀਬਨ ਇੱਕ ਫ਼ਰਲਾਂਗ ਪੈਦਲ ਚੱਲਣ ਤੋਂ ਬਾਅਦ ਮੇਰਾ ਗਾਈਡ ਇੱਕ ਨਾਈ ਦੀ ਦੁਕਾਨ ਵਿੱਚ ਵੜ ਗਿਆ ਅਤੇ ਮੈਂ ਵੀ ਉਸ ਦੇ ਪਿੱਛੇ ਪਿੱਛੇ ਚੱਲਿਆ ਗਿਆ। ਮੈਂ ਵੇਖ ਕੇ ਹੈਰਾਨ ਹੀ ਰਹਿ ਗਿਆ ਕਿ ਭਗਤ ਸਿੰਘ ਇੱਕ ਕੁਰਸੀ ਉੱਤੇਬੈਠਾ ਮੇਰੀ ਉਡੀਕ ਕਰ ਰਿਹਾ ਸੀ। ਮੈਂ ਹੱਕਾ-ਬੱਕਾ ਰਹਿ ਗਿਆ। ਜ਼ਰਾ ਸੋਚੋ, ਜੋਸ਼ ਆਪਣੀ ਲੰਮੀ ਦਾੜੀ ਨਾਲ਼ ਅਤੇ ਹੋਰ ਸਾਰੇ ਸਿੱਖ ਪਹਿਰਾਵੇ ਨਾਲ਼ ਕਲਕੱਤੇ ਵਿੱਚ ਇੱਕ ਨਾਈ ਦੀ ਦੁਕਾਨ ਵਿੱਚ ਵੜ ਰਿਹਾ ਸੀ ਅਤੇ ਸੀ ਆਈ ਡੀ ਉਹਦਾ ਪਿੱਛਾ ਕਰਦੀ ਹੀ ਰਹਿੰਦੀ ਸੀ ਤੇ ਥਾਂ ਥਾਂ ਭਗਤ ਸਿੰਘ ਦੀ ਭਾਲ ਵੀ ਕਰ ਰਹੀ ਸੀ। ਇਹ ਸਭ ਕੁਝ ਕੇਵਲ ਸ਼ੱਕੀ ਹਾਲਤ ਹੀ ਪੈਦਾ ਨਹੀਂ ਸੀ ਕਰਦਾ, ਸਗੋਂ ਦੁਸ਼ਮਣ ਨੂੰ ਸੱਦਾ ਦੇ ਰਿਹਾ ਸੀ ਕਿ ਆਓ, ਸਾਨੂੰ ਫੜ ਲਵੋ। ਮੈਂ ਭਗਤ ਸਿੰਘ ਉੱਤੇ ਇਹ ਮੂਰਖਾਂ ਵਾਲੀ ਗੱਲ ਕਰਨ ਬਾਰੇ ਖਿਝਿਆ। ਉਹ ਹੱਸਿਆ ਅਤੇ ਉਹ ਸਦਾ ਵਾਂਗ ਬੜੀ ਬੇਫ਼ਿਕਰੀ ਨਾਲ ਜਵਾਬ ਦਿੱਤਾ, ”ਫ਼ਿਕਰ ਨਾ ਕਰ, ਕੁੱਝ ਨਹੀਂ ਹੋਣ ਲੱਗਿਆ। ਅਸੀਂ ਸਾਰੇ ਪ੍ਰਬੰਧ ਕਰ ਛੱਡੇ ਹਨ।” ਉਹਨੇ ਕੀ ਪ੍ਰਬੰਧ ਕੀਤੇ ਹੋਏ ਸਨ, ਮੈਨੂੰ ਇਸ ਗੱਲ ਦਾ ਅੱਜ ਤੱਕ ਵੀ ਪਤਾ ਨਹੀਂ। (ਚਲਦਾ)  

ਨੋਟ :
1. ਮੇਰੀ ਰੋਜ਼ਾਨਾ ਡਾਇਰੀ ਵਿਚੋਂ, ਦਸਤਾਵੇਜ਼ ਪੀ – 910- ”18 ਦਸੰਬਰ, ਮੰਗਲਵਾਰ, ਪੋਹ 4, … ਕਲਕੱਤਾ ਮੇਲ ਫੜੀ”, ਆਦਿ।
2. ਫ਼ਾਈਲ ਨੰਬਰ : 4/7- 1930, ਹੋਮ, ਪੁਲੀਟੀਕਲ, ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ। 28 ਹੋਮ, 1908, ਮਾਸਕ ਰਿਪੋਰਟਾਂ, ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ।
3. ਉਪਰੋਕਤ।
4. ਦਸਤਾਵੇਜ਼ : ਪੀ – 910

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 62, 16 ਅਕਤੂਬਰ 2016 ਵਿੱਚ ਪ੍ਰਕਾਸ਼ਤ

Advertisements