ਭਗਤ ਸਿੰਘ ਨਾਲ਼ ਮੇਰੀਆਂ ਮੁਲਾਕਾਤਾਂ – 7 •ਸੋਹਣ ਸਿੰਘ ਜੋਸ਼

bhagat_singh

(ਪੀ.ਡੀ.ਐਫ਼ ਇਥੋਂ ਡਾਊਨਲੋਡ ਕਰੋ)

ਲਡ਼ੀ ਜੋਡ਼ਨ ਲਈ ਕਲਿਕ ਕਰੋ

ਉਸ ਸਮੇਂ ਦੀ ਸਭ ਤੋਂ ਵੱਧ ਮਹੱਤਵਪੂਰਨ ਐਜੀਟੇਸ਼ਨ ਸਾਈਮਨ ਕਮਿਸ਼ਨ ਦਾ ਬਾਈਕਾਟ ਸੀ। ਕਮਿਸ਼ਨ ਦੇ ਸਾਰੇ ਮੈਂਬਰ ਅੰਗਰੇਜ਼ ਸਨ ਅਤੇ ਇਹ ਭਾਰਤ ਉੱਤੇ ਮੜ੍ਹਿਆ ਗਿਆ ਸੀ। ਇਸੇ ਕਾਰਨ ਸਾਰਾ ਭਾਰਤ ਇਸ ਵਿਰੁੱਧ ਉੱਠ ਖਲੋਤਾ। ਕਾਂਗਰਸੀਆਂ, ਕਮਿਊਨਿਸਟਾਂ, ਸ਼ੋਸ਼ਲਿਸਟਾਂ ਅਤੇ ਕੌਮੀ-ਇਨਕਲਾਬੀਆਂ ਸਮੇਤ ਸਭ ਸਰਗਰਮ ਸ਼ਕਤੀਆਂ ਤੇ ਪਾਰਟੀਆਂ ਇਕਮੁੱਠ ਹੋ ਗਈਆਂ। ਕਮਿਸ਼ਨ ਜਿੱਥੇ ਵੀ ਗ਼ਵਾਈਆਂ ਲੈਣ ਗਿਆ, ”ਸਾਈਮਨ, ਵਾਪਸ ਜਾਓ!” ਦੇ ਨਾਅਰੇ ਨਾਲ ਇਹਦਾ ਸਵਾਗਤ ਹੋਇਆ। ਇਹ ਸ਼ਾਨਦਾਰ ਦਿਨ ਸਨ, ਜਿਨ੍ਹਾਂ ਤੋਂ ਪ੍ਰੇਰਨਾਦਾਤੀ ਨਾ-ਮਿਲਵਾਰਤਣ ਲਹਿਰ ਦੀ ਯਾਦ ਸੱਜਰੀ ਹੁੰਦੀ ਸੀ। ਉਹ ਲਹਿਰ ਮਹਾਤਮਾ ਗਾਂਧੀ ਨੇ ਵਾਪਸ ਲੈ ਲਈ ਸੀ ਅਤੇ ਇਸ ਕਾਰਨ ਦੇਸ਼ ਵਿੱਚ ਨਿਰਾਸਤਾ, ਉਦਾਸੀ ਅਤੇ ਮਾਯੂਸੀ ਛਾ ਗਈਆਂ ਸਨ। ਇਹ ਦਾ ਨਤੀਜਾ ਇਹ ਹੋਇਆ ਸੀ ਕਿ ਕਾਂਗਰਸ ਵੱਲੋਂ ਪ੍ਰਚਾਰੇ ਜਾਂਦੇ ਸੰਗਰਾਮ ਦੇ ਪੁਰਅਮਨ ਤਰੀਕਿਆਂ ਵਿੱਚੋਂ ਨੌਜਵਾਨਾਂ ਦਾ ਵਿਸ਼ਵਾਸ ਉੱਠ ਗਿਆ ਸੀ।

ਸਾਈਮਨ ਕਮਿਸ਼ਨ 30 ਅਕਤੂਬਰ 1928 ਨੂੰ ਲਾਹੌਰ ਆਇਆ। ਕਾਂਗਰਸ, ਨੌਜਵਾਨ ਭਾਰਤ ਸਭਾ ਅਤੇ ਸਟੂਡੈਂਟਸ ਯੂਨੀਅਨ ਨੇ ਲਾਹੌਰ ਵਿੱਚ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿੱਚ ਕਮਿਸ਼ਨ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ ਗਿਆ। ਨੌਜਵਾਨ ਭਾਰਤ ਸਭਾ ਅਤੇ ਹਿੰਦੁਸਤਾਨੀ ਸੇਵਾ ਦਲ ਦੀਆਂ ਜ਼ਿਲ੍ਹਾ ਸ਼ਾਖਾਂ ਦੀਆਂ ਮੀਟਿੰਗਾਂ ਨੂੰ ਆਗੂਆਂ ਨੇ ਸੰਬੋਧਤ ਕੀਤਾ ਅਤੇ ਰੋਸ-ਮੁਜ਼ਾਹਰੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ।

29 ਅਕਤੂਬਰ ਨੂੰ, ਭਾਵ ਇੱਕ ਦਿਨ ਪਹਿਲਾਂ ਲਾਹੌਰ ਦੇ ਸੀਨੀਅਰ ਸੁਪਰਿੰਟੈਂਡੈਂਟ ਆਫ਼ ਪੁਲਿਸ ਸਕਾਟ ਨੇ ਹੁਕਮ ਜਾਰੀ ਕੀਤਾ, ਜਿਸ ਵਿੱਚ ”ਲੋਕਾਂ ਨੂੰ ਕਿਹਾ ਗਿਆ ਸੀ ਕਿ ਉਹ ਜਲੂਸ ਨੂੰ ਨਾ ਹੀ ਜਥੇਬੰਦ ਕਰਨ ਅਤੇ ਨਾ ਹੀ ਉਸ ਵਿੱਚ ਸ਼ਾਮਲ ਹੋਣ, ਜੀਹਦੀ ਆਗਿਆ ਸੀਨੀਅਰ ਸੁਪਰਿੰਟੈਂਡੈਂਟ ਪੁਲਿਸ ਨੇ ਨਹੀਂ ਦਿੱਤੀ ਹੋਈ। 1  ਇਸੇ ਸ਼ਾਮ ਨੂੰ ਇੱਕ ਜਨਤਕ ਇਕੱਤਰਤਾ ਕੀਤੀ ਗਈ, ਜਿਸ ਵਿੱਚ ਇਸ ਹੁਕਮ ਦੀ ਨਿਖੇਧੀ ਕੀਤੀ ਗਈ ਅਤੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਉਹ ਇਹਦੀ ਉਲੰਘਣਾ ਕਰਨ।

30 ਅਕਤੂਬਰ ਨੂੰ ਹਜ਼ਾਰਾਂ ਲੋਕ ਜਲੂਸ ਵਿਚ ਸ਼ਾਮਲ ਹੋਏ। ਇਹਦੀ ਅਗਵਾਈ ਲਾਲਾ ਲਾਜਪਤ ਰਾਇ, ਮਦਨ ਮੋਹਨ ਮਾਲਵੀਆ ਅਤੇ ਕੁਝ ਗ਼ੈਰ-ਕਾਂਗਰਸੀ ਆਗੂਆਂ ਨੇ ਕੀਤੀ। ਉਹਨਾਂ ਦੇ ਹੱਥ ਵਿੱਚ ਕਾਲੇ ਝੰਡੇ ਸਨ ਅਤੇ ਮਾਟੋ ਸਨ, ਜਿਨ੍ਹਾਂ ਉੱਤੇ ਲਿਖਿਆ ਹੋਇਆ ਸੀ : ”ਸਾਈਮਨ, ਵਾਪਸ ਜਾਓ! ਅਸੀਂ ਪੂਰਨ ਆਜ਼ਾਦੀ ਚਾਹੁੰਦੇ ਹਾਂ! ਬਦੇਸੀ ਸਰਕਾਰ ਕੋਹੜ ਹੈ; ਜਿੰਨਾਂ ਚਿਰ ਇਹ ਸਰਕਾਰ ਕਾਇਮ ਹੈ, ਕਾਲ ਪੈਂਦੇ ਰਹਿਣਗੇ!” ਆਦਿ, ਆਦਿ। ਜਲੂਸ ਪੁਰਅਮਨ ਸੀ ਅਤੇ ਪੂਰੇ ਬੰਧੇਜ ਵਿੱਚ ਸੀ।

ਪਰ ਜਦੋਂ ਇਹ ਜਲੂਸ ਖੜੀਆਂ ਕੀਤੀਆਂ ਹੋਈਆਂ ਰੁਕਾਵਟਾਂ ਕੋਲ਼ ਪੁੱਜਿਆ, ਤਾਂ ਪੁਲਿਸ ਨੇ ਲਾਲਾ ਲਾਜਪਤ ਰਾਇ ਅਤੇ ਹੋਰਨਾਂ ਆਗੂਆਂ ਉੱਤੇ ਜਾਣਬੁੱਝ ਕੇ ਅਤੇ ਕਿਸੇ ਤਰ੍ਹਾਂ ਦੀ ਭੜਕਾਹਟ ਦੇ ਬਗ਼ੈਰ ਹੀ ਹਮਲਾ ਕਰ ਦਿੱਤਾ। ਲਾਲਾ ਜੀ ਸਭ ਤੋਂ ਮੂਹਰਲੀਆਂ ਕਤਾਰਾਂ ਵਿੱਚ ਸਨ ਅਤੇ ਉਹਨਾਂ ਨੂੰ ਸਭ ਤੋਂ ਵੱਧ ਜ਼ੋਰ ਨਾਲ ਡਾਂਗਾਂ ਵੱਜੀਆਂ। 17 ਨਵੰਬਰ ਨੂੰ ਲਾਲਾ ਜੀ ਪੂਰੇ ਹੋ ਗਏ। ਦੋ ਡਾਕਟਰਾਂ ਨੇ ਪ੍ਰੈੱਸ ਦੇ ਨਾਂ ਇਕ ਬਿਆਨ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਸੀ ਕਿ ”30 ਅਕਤੂਬਰ ਨੂੰ ਲੱਗੀਆਂ ਸੱਟਾਂ ਨੇ ਨਿਰਸੰੰਦੇਹ ਲਾਲਾ ਜੀ ਦੀ ਮੌਤ ਨੇੜੇ ਲਿਆਂਦੀ।’ ਸਾਰੇ ਦੇਸ ਨੂੰ ਧੱਕਾ ਲੱਗਿਆ। 29 ਨਵੰਬਰ ਦਾ ਦਿਨ ਸਾਰੇ ਦੇਸ ਵਿਚ ਲਾਜਪਤ ਰਾਇ ਦਿਨ ਵਜੋਂ ਮਨਾਇਆ ਗਿਆ।

ਪੁਲਿਸ ਅਫ਼ਸਰਾਂ ਵਿਚੋਂ ਇੱਕ ਸਾਂਡਰਸ ਵੀ ਮੌਕੇ ਉੱਤੇ ਸੀ ਅਤੇ ਉਹਨੇ ਲਾਠੀਚਾਰਜ ਵਿਚ ਹਿੱਸਾ ਲਿਆ ਸੀ। ਇਹ ਗੱਲ ਹਰ ਇੱਕ ਦੀ ਜ਼ਬਾਨ ਉੱਤੇ ਸੀ ਕਿ ਪੁਲਿਸ ਨੇ ਲਾਲਾ ਲਾਜਪਤ ਰਾਇ ਨੂੰ ਮਾਰ ਦਿਤਾ ਹੈ। ਪਰ ਸਭ ਤੋਂ ਵੱਧ ਨਫ਼ਰਤ ਦਾ ਪਾਤਰ ਪੁਲੀਸ ਅਫ਼ਸਰ, ਪੁਲਿਸ ਦਾ ਸੀਨੀਅਰ ਸੁਪਰਿੰਟੈਂਡੈਂਟ ਸਕਾਟ ਸੀ। ਉਹ ਲਾਹੌਰ ਕਿਲ੍ਹੇ ਅੰਦਰ ਰਾਜਨੀਤਕ ਤੌਰ ਉਤੇ ਸ਼ੱਕੀ ਲੋਕਾਂ ਨੂੰ ਬੁਰੀ ਤਰ੍ਹਾਂ ਮਾਰਿਆ ਕਰਦਾ ਸੀ, ਉਹਨਾਂ ਨੂੰ ਨਵੇਂ-ਨਵੇਂ ਤਰੀਕਿਆਂ ਨਾਲ਼ ਤਸੀਹੇ ਦਿੰਦਾ ਹੁੰਦਾ ਸੀ ਅਤੇ ਤਸੀਹੇ ਦੇ ਕੇ ਨੌਜਵਾਨਾਂ ਦੀਆਂ ਗੁਪਤ ਸਰਗਰਮੀਆਂ ਬਾਰੇ ਜਾਣਕਾਰੀ ਇਕੱਠੀ ਕਰਿਆ ਕਰਦਾ ਸੀ। ਲਾਲਾ ਲਾਜਪਤ ਰਾਇ ਦੀ ਮੌਤ ਨੇ ਸਕਾਟ ਵਿਰੁੱਧ ਇਹ ਨਫ਼ਰਤ ਹੋਰ ਵਧਾ ਦਿੱਤੀ। ਭਗਤ ਸਿੰਘ ਦੇ ਗਰੁੱਪ ਨੇ ਉਸ ਬਾਰੇ ਕੁਝ ਕਰਨ ਲਈ ਵਿਉਂਤਾਂ ਤਿਆਰ ਕਰਨੀਆਂ ਆਰੰਭ ਦਿੱਤੀਆਂ।

ਨੌਜਵਾਨ ਭਾਰਤ ਸਭਾ ਨੇ ਇੱਕ ਮਤਾ ਪਾਸ ਕਰਕੇ 16 ਦਸੰਬਰ 1928 ਨੂੰ ਕਾਕੋਰੀ ਕੇਸ ਦੇ ਸ਼ਹੀਦਾਂ ਦਾ ਦਿਨ ਮਨਾਉਣ ਦਾ ਫੈਸਲਾ ਕੀਤਾ ਅਤੇ ਆਪਣੀਆਂ ਸ਼ਾਖ਼ਾਂ ਨੂੰ ਹਦਾਇਤ ਕੀਤੀ ਕਿ ਉਹ ਮੀਟਿੰਗਾਂ ਕਰਨ ਤੇ ਇਸ ਗੱਲ ਦੀ ਵਿਆਖਿਆ ਕਰਨ ਕਿ ਕਾਕੋਰੀ ਵਾਲਿਆਂ ਨੂੰ ਫ਼ਾਂਸੀ ਕਿਉਂ ਦਿੱਤੀ ਗਈ ਸੀ। ਅਸੀਂ ਇਸ ਬਾਰੇ ਇੱਕ ਪੋਸਟਰ ਵੀ ਕਢਿਆ। ਮਿੱਥੇ ਦਿਨ ਨੂੰ ਹੋਈ ਜਲ੍ਹਿਆਂਵਾਲੇ ਬਾਗ਼ ਦੀ ਮੀਟਿੰਗ ਵਿੱਚ ਮੈਂ ਮੁੱਖ ਬੁਲਾਰਾ ਸੀ। ਪੰਜਾਬੀ ਵਿੱਚ ਕੀਤੀ ਮੇਰੀ ਤਕਰੀਰ ਸੀ ਆਈ ਡੀ ਨੇ ਸਾਂਭ ਕੇ ਰੱਖੀ ਹੋਈ ਹੈ। ਫ਼ਾਰਸੀ ਲਿੱਪੀ ਵਿੱਚ ਇਹ ਪੂਰੇ ਆਕਾਰ ਦੇ ਚਾਰ ਸਫ਼ਿਆਂ ਦੀ ਹੈ। ਮੈਂ ਕਿਹਾ ਸੀ —
”….ਕਾਕੋਰੀ ਵਾਲਿਆਂ ਨੇ ਭਾਰਤ ਨੂੰ ਆਜ਼ਾਦ ਕਰਵਾਉਣ ਦੇ ਕਾਜ਼ ਲਈ ਧਨ ਜਮ੍ਹਾਂ ਕਰਨ ਵਾਸਤੇ ਡਾਕਾ ਮਾਰਿਆ। ਇਹਨਾਂ ਵਿੱਚੋਂ ਚਾਰ ਨੂੰ ਫ਼ਾਂਸੀ ਲੱਗੀ ਹੈ, ਕਿਉਂਕਿ ਉਹ ਐਕਸ਼ਨ ਦੇ ਆਗੂ ਸਨ। ਕੁਝ ਨੂੰ ਉਮਰ-ਕੈਦ ਦੀ ਸਜ਼ਾ ਹੋਈ ਹੈ। ਜਦੋਂ ਅਸੀਂ ਇਸ ਮੀਟਿੰਗ ਦੇ ਪ੍ਰਚਾਰ ਲਈ ਇਸ਼ਤਿਹਾਰ ਕੱਢਿਆ, ਤਾਂ ਕੁਝ ਦੋਸਤਾਂ ਨੇ ਕਿਹਾ- ‘ਤੁਸੀਂ ਵੀ ਉਸੇ ਰਾਹ ਵੱਲ ਜਾ ਰਹੇ ਹੋ।’ ਪਰ ਮੈਂ ਤੁਹਾਨੂੰ ਸਾਫ਼ ਕਹਿ ਦੇਣਾ ਚਾਹੁੰਦੇ ਹਾਂ ਕਿ ਸਾਡੀ ਨੌਜਵਾਨ ਭਾਰਤ ਸਭਾ ਦਹਿਸ਼ਤਪਸੰਦੀ ਵਿੱਚ ਯਕੀਨ ਨਹੀਂ ਰੱਖਦੀ। ਅਸੀਂ ਜਾਣਦੇ ਹਾਂ ਕਿ ਵਿਅਕਤੀਗਤ ਦਹਿਸ਼ਤਪਸੰਦੀ ਦੁਨੀਆਂ ਵਿੱਚ ਕਿਸੇ ਥਾਂ ਵੀ ਕਾਮਯਾਬ ਨਹੀਂ ਹੋਈ। ਦਹਿਸ਼ਤੀ ਤਰੀਕਿਆਂ ਦੀ ਵਰਤੋਂ ਨਾਲ ਕੁਝ ਲੋਕਾਂ ਨੂੰ ਮਾਰਨਾ ਸੰਭਵ ਹੈ, ਪਰ ਇਹਨਾਂ ਦੀ ਥਾਂ ਨਵੇਂ ਜ਼ਾਬਰ ਆ ਜਾਣਗੇ। ਇਸ ਤਰੀਕੇ ਨਾਲ ਅਸੀਂ ਪ੍ਰਬੰਧ ਨੂੰ ਨਹੀਂ ਬਦਲ ਸਕਦੇ ਅਤੇ ਨਾ ਹੀ ਅਸੀਂ ਬੇਇਨਸਾਫ਼ੀ ਅਤੇ ਜ਼ਬਰ ਨੂੰ ਖ਼ਤਮ ਕਰ ਸਕਦੇ ਹਾਂ। ਸਾਡਾ ਨਿਸ਼ਾਨਾ ਹੈ ਕਿ ਆਦਮੀ ਕਤਲ ਨਾ ਕੀਤੇ ਜਾਣ, ਸਗੋਂ ਪ੍ਰਬੰਧ ਨੂੰ ਹੀ ਜੜੋਂ ਪੁੱਟਿਆ ਜਾਵੇ। ਇਸੇ ਲਈ ਅਸੀਂ ਜਨਤਕ ਸਿਵਲ-ਨਾਫਰਮਾਨੀ ਲਈ ਜਾਂ ਜਨਤਕ ਪੈਮਾਨੇ ਉਤੇ ਟੈਕਸ ਦੀ ਅਦਾਇਗੀ ਤੋਂ ਇਨਕਾਰ ਕਰਨ ਦੀ ਮੁਹਿੰਮ ਲਈ ਤਿਆਰੀ ਕਰਨੀ ਚਾਹੁੰਦੇ ਹਾਂ। ਇਹੋ ਕਾਰਨ ਹੈ ਕਿ ਅਸੀਂ ਜਥੇਬੰਦੀ ਉਤੇ ਜ਼ੋਰ ਦਿੰਦੇ ਹਾਂ।”

ਇਸ ਉਪੰਰਤ ਮੈਂ ਇਸ ਗੱਲ ਉਤੇ ਜ਼ੋਰ ਦਿੱਤਾ ਕਿ ”ਜਿੰਨਾ ਚਿਰ ਜਨਤਾ ਸਾਡੇ ਨਾਲ ਨਹੀਂ ਹੋ ਜਾਂਦੀ, ਜਮਾਤੀ ਚੇਤਨਾ ਪੈਦਾ ਨਹੀਂ ਕੀਤੀ ਜਾਂਦੀ, ਅਸੀਂ ਆਜ਼ਾਦੀ ਹਾਸਲ ਨਹੀਂ ਕਰ ਸਕਦੇ… ਬੰਬਈ ਵਿੱਚ ਇੱਕ ਲੱਖ ਪੰਜਾਹ ਹਜ਼ਾਰ ਮਿੱਲ ਮਜ਼ਦੂਰਾਂ ਨੇ ਹੜਤਾਲ ਕੀਤੀ ਹੈ ਅਤੇ ਇਉਂ ਮਿੱਲ-ਮਾਲਕਾਂ ਨੂੰ ਮਜਬੂਰ ਕੀਤਾ ਹੈ ਕਿ ਉਹ ਮਜ਼ਦੂਰਾਂ ਦੀਆਂ ਮੰਗਾਂ ਪਰਵਾਨ ਕਰਨ। ਜਥੇਬੰਦੀ ਤੋਂ ਸਾਡਾ ਭਾਵ ਇਹ ਹੈ।” 2

ਸਰਕਾਰ ਦੀ ਰਿਪੋਰਟ ਕਹਿੰਦੀ ਹੈ ਕਿ ਸੋਹਨ ਸਿੰਘ ਜੋਸ਼ ਨੇ ਕਾਕੋਰੀ ਦਿਨ ਉੱਤੇ ਇਤਰਾਜ਼ਜੋਗ ਤਕਰੀਰ ਕੀਤੀ, ਜਿਸ ਵਿਚ ਉਹਨੇ ”ਕਾਕੋਰੀ ਦੇ ‘ਸ਼ਹੀਦਾਂ’ ਦੇ ਆਦਰਸ਼ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਦੇ ਤਰੀਕਿਆਂ ਵੱਲ ਧਿਆਨ ਖਿੱਚਿਆ, ਪਰ ਇਹਦੇ ਨਾਲ ਹੀ ਬੜੀ ਹੁਸ਼ਿਆਰੀ ਨਾਲ ਰਾਜਨੀਤਕ ਆਜ਼ਾਦੀ ਦੀ ਪ੍ਰਾਪਤੀ ਦੇ ਇਕ ਸਾਧਨ ਵਜੋਂ ਦਹਿਸ਼ਤਪਸੰਦੀ ਨਾਲੋਂ ਆਪਣੇ-ਆਪ ਨੂੰ ਅਤੇ ਆਪਣੀ ਪਾਰਟੀ ਨੂੰ ਨਿਖੇੜਿਆ। 3

ਨੌਜਵਾਨ ਭਾਰਤ ਸਭਾ ਵਿੱਚ ਭਗਤ ਸਿੰਘ ਅਤੇ ਉਹਦੇ ਸਾਥੀਆਂ ਦੇ ਦਹਿਸ਼ਤਪਸੰਦੀ ਦੇ ਰੁਝਾਨ ਨਾਲੋਂ ਮੈਂ ਇਹ ਨਿਖੇੜ ਕੀਤਾ। ਸਰਕਾਰੀ ਰਿਪੋਰਟ ਵਿੱਚ ਦਰਜ ਉਹਨਾਂ ਸ਼ਬਦਾਂ ਦਾ ਅਰਥ ਇਹ ਹੈ, ਜਿਨ੍ਹਾਂ ਦਾ ਜ਼ਿਕਰ ਪਹਿਲਾਂ ਕੀਤਾ ਜਾ ਚੁੱਕਿਆ ਹੈ, ਕਿ ”ਸਭਾ ਦੀ ਸੁਰਜੀਤੀ” ਦੀ ਬੁਨਿਆਦ ਅਪ੍ਰੈਲ 1928 ਦੀ ਕਾਨਫ਼ਰੰਸ ਵਿਚ ਟਿਕੀ ਸੀ ਅਤੇ ”ਹੁਣ ਸਭਾ ਦੀ ਨੀਤੀ ਨਿਸ਼ਚਿਤ ਰੂਪ ਵਿਚ ਵਡੇਰੇ ਆਕਾਰ ਦੀ ਹੋ ਗਈ ਅਤੇ ਇਸ ਵਿੱਚ ਅੰਮ੍ਰਿਤਸਰ ਦੇ ਕਿਰਤੀ ਗਰੁੱਪ ਨਾਲ ਮਿਲ ਕੇ ਕੰਮ ਕਰਨਾ ਸ਼ਾਮਲ ਸੀ।”

ਲਾਹੌਰ ਵਿੱਚ ਅਤੇ ਹੋਰਨੀਂ ਥਾਈਂ ਵੀ ਇਕਾਈਆਂ ਨੇ ਕਾਕੋਰੀ ਦੇ ਸ਼ਹੀਦਾਂ ਦਾ ਦਿਨ ਮਨਾਇਆ ਸੀ, ਪਰ ਉਥੇ ਤਕਰੀਰਾਂ ਕਰਨ ਵਾਲਿਆਂ ਨੇ ਦਹਿਸ਼ਤਪਸੰਦੀ ਦੇ ਰੁਝਾਨ ਨਾਲੋਂ ਨਿਖੇੜ ਨਹੀਂ ਸੀ ਕੀਤਾ। ਪਰ ਸਰਕਾਰੀ ਅਫ਼ਸਰਾਂ ਲਈ ਇਸ ਨਿਖੇੜ ਦੇ ਕੋਈ ਅਰਥ ਨਹੀਂ ਸਨ, ਕਿਉਂਕਿ ਉਹਨਾਂ ਦੇ ਖ਼ਿਆਲਾਂ ਅਨੁਸਾਰ ਦਹਿਸ਼ਤਪਸੰਦੀ ਸ਼ੈਤਾਨੀ ਗੱਲ ਸੀ ਅਤੇ ਕਮਿਊਨਿਜ਼ਮ ਡੂੰਘਾ ਖੂਹ ਸੀ।
(ਚਲਦਾ)

***
ਨੋਟ :
1. ਫ਼ਾਈਲ ਨੰਬਰ : 28 ਹੋਮ, 1908, ਮਾਸਕ ਰਿਪੋਰਟਾਂ, ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ।
2. ਮੇਰਠ ਕਮਿਊਨਿਸਟ ਸਾਜ਼ਿਸ਼ ਕੇਸ, ਉਰਦੂ ਦਸਤਾਵੇਜ਼ ਪੀ – 1905
3. ਫ਼ਾਈਲ ਨੰਬਰ : 1-28 ਹੋਮ, 1908, ਮਾਸਕ ਰਿਪੋਰਟਾਂ, ਨੈਸ਼ਨਲ ਆਰਕਾਈਵਜ਼ ਆਫ਼ ਇੰਡੀਆ।

ਤਬਦੀਲੀ ਪਸੰਦ ਨੌਜਵਾਨਾਂ ਦੀ ਲਲਕਾਰ”, ਅੰਕ 60, 1 ਸਤੰਬਰ 2016 ਵਿੱਚ ਪ੍ਰਕਾਸ਼ਤ

Advertisements